You are here:ਮੁਖ ਪੰਨਾ»ਡਾ਼ ਗੁਰਬਖਸ਼ ਸਿੰਘ ਭੰਡਾਲ
ਡਾ਼ ਗੁਰਬਖਸ਼ ਸਿੰਘ ਭੰਡਾਲ

ਡਾ਼ ਗੁਰਬਖਸ਼ ਸਿੰਘ ਭੰਡਾਲ

ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ‎,‎ ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ‎,‎ ਕਿਸ ਕਲਾਸ ਵਿਚ ਪੜ੍ਹਦੇ‎,‎ ਕਿਹੜੇ ਉਹਨਾਂ ਦੇ ਦੋਸਤ‎,‎ ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ‎,‎ ਕੀ ਖਾਂਦੇ‎,‎ ਕੀ ਪੀਂਦੇ‎,‎ ਕਿਸ ਤਰਾਂ ਦੇ ਮਾਨਸਿਕ ਉਤਰਾਅ ਚੜਾਅ `ਚੋਂ ਗੁਜਰਦੇ‎,‎ ਮਾਪਿਆਂ ਨੂੰ ਕੋਈ ਸਰੋਕਾਰ ਨਹੀਂ। ਉਹਨਾਂ ਲਈ ਪੈਸਾ ਹੀ ਸਭ ਕੁਝ।

ਇਹਨਾਂ ਬੱਚਿਆਂ ਵਿਚੋਂ ਜਦ ਕੋਈ ਕੰਪਿਊਟਰ `ਤੇ ਗੰਨ‎,‎ ਅਪਰਾਧ‎,‎ ਨਸ਼ੇ‎,‎ ਅਤੇ ਕਾਰਾਂ ਦੀ ਦੁਨੀਆਂ ਵਿਚ ਵਿਚਰਦਾ‎,‎ ਗੰਨ ਹੱਥ `ਚ ਲੈ ਕੇ ਘਰੋਂ ਨਿਕਲਦਾ ਏ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਏ। ਜਦ ਉਹ ਬੱਚਾ ਕਈ ਘਰਾਂ `ਚ ਸੋਗ ਦੀ ਸਫ ਵਿਛਾਂਦਾ ਏ ਤਾਂ ਸਾਡਾ ਘਰ ਵੀ ਉਸ ਅੱਗ ਦੀ ਲਪੇਟ ਵਿਚ ਆ ਜਾਂਦਾ ਏ। ਅਸੀਂ ਉਸ ਰਾਖ ਨੂੰ ਫਰੋਲਦੇ‎,‎ ਆਪਣੇ ਦੀਦਿਆਂ ਦੇ ਨਾਵੇਂ ਪਛਤਾਵਾ ਤੇ ਰੋਣਾ ਕਰਦੇ‎,‎ ਆਖਰੀ ਸਾਹ ਉਡੀਕਦੇ ਹਾਂ।
ਜਰਾ ਸੋਚਿੳ! ਅਸੀਂ ਕਿਸ ਲਈ ਕਮਾਈ ਕਰਦੇ ਹਾਂ? ਅਸੀਂ ਬੱਚਿਆਂ ਦੀ ਮਾਸੂਮੀਅਤ ਦੀ ਕੀਮਤ `ਤੇ ਇਸ ਅੰਨ੍ਹੀ ਦੌੜ `ਚ ਕਿਉਂ ਸ਼ਾਮਲ ਹਾਂ?
ਸਾਡੀ ਸੱਭ ਤੋਂ ਵੱਡੀ ਅਮੀਰੀ ਸਾਡੇ ਬੱਚੇ ਹਨ। ਜੇ ਅਸੀਂ ਉਹਨਾਂ ਦੀਆਂ ਭਾਵੁਕ ਤੇ ਮਾਨਸਿਕ ਲੋੜਾਂ ਦਾ ਖਿਆਲ ਰੱਖਦਿਆਂ‎,‎ ਉਹਨਾਂ ਨਾਲ ਸਮਾਂ ਬਿਤਾਵਾਂਗੇ‎,‎ ਉਹਨਾਂ ਦੇ ਮਿੱਤਰਾਂ ਤੇ ਆਲੇ ਦੁਆਲੇ ਦੀ ਸਮੁੱਚੀ ਜਾਣਕਾਰੀ ਹੋਵੇਗੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਗਲਤ/ਠੀਕ ਸਮਝਾ ਕੇ‎,‎ ਉਸਦੇ ਜੀਵਨ ਮਾਰਗ ਨੂੰ ਰੁੱਸ਼ਨਾ ਸਕਦੇ ਹਾਂ। ਉਸਦੇ ਮਾਨਸਿਕ ਉਲਾਰ ਨੂੰ ਸਹੀ ਦਿਸ਼ਾ ਦੇ ਕੇ‎,‎ ਨਵੀਆਂ ਪ੍ਰਾਪਤੀਆਂ ਤੇ ਨਰੋਈਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਾ ਸਕਦੇ ਹਾਂ।
ਬੱਚੇ ਸਾਡਾ ਭਵਿੱਖ ਨੇ। ਜੇ ਅਸੀਂ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹਾਂ ਤਾਂ ਕੁਝ ਕੁ ਸਮਾਂ ਤਾਂ ਬੱਚਿਆਂ ਲਈ ਕੱਢਣਾ ਹੀ ਪਵੇਗਾ।
ਕੰਮ ਤੇ ਘਰ `ਚ ਸੂਖਮ ਸੰਤੁਲਨ‎,‎ ਨਿੱਜੀ ਜਿੰਦਗੀ ਤੇ ਸੁੱਖ ਸਹੂਲਤਾਂ ਦਾ ਸੁਖਾਵਾਂ ਤਾਲ ਮੇਲ ਅਤੇ ਪ੍ਰੀਵਾਰਕ ਤੇ ਸਮਜਿਕ ਰਿਸ਼ਤਿਆਂ ਦਾ ਪੀਡਾ ਸੰਬੰਧ‎,‎ ਸਾਡੀ ਸੁਖਾਵੀਂ ਜਿੰਦਗੀ ਦੇ ਸੁੱਚੇ ਸਰੋਕਾਰ ਨੇ‎,‎ ਜਿਹੜੇ ਗੁੰਮ ਹੁੰਦੇ ਜਾ ਰਹੇ ਹਨ। ਲੋੜ ਹੈ ਇਹਨਾਂ ਸਰੋਕਾਰਾਂ ਨੂੰ ਚਿਰੰਜੀਵ ਕਰਨ ਦੀ।
ਬੱਚੇ ਤੁਹਾਨੂੰ ਘਰ ਵਿਚ ਉਡੀਕਦੇ ਹਨ। ਘਰਾਂ ਨੂੰ ਪਰਤ ਆਵੋ। ਉਹਨਾਂ ਨੂੰ ਤੁਹਾਡੀ ਨਿੱਘੀ ਗੋਦ ਦੀ ਲੋੜ ਹੈ। ਤੁਹਾਡੀਆਂ ਬਾਤਾਂ ਤੇ ਹੁੰਗਾਰੇ ਦੀ ਤਮੰਨਾ ਹੈ। ਉਹਨਾਂ ਦੀਆਂ ਸ਼ਰਾਰਤਾਂ ਨੂੰ ਤੁਹਾਡੀ ਘੂਰੀ ਤੇ ਝਿੜਕ ਦੀ ਉਡੀਕ ਹੈ। ਤੁਹਾਡੇ ਪਿਆਰ ਤੇ ਲਾਡ ਦੇ ਪਰਾਂ `ਤੇ ਉਹਨਾਂ ਨੇ ਉਚੇਰੀ ਪ੍ਰਵਾਜ ਭਰਨੀ ਹੈ।
ਦੇਖਿਓ! ਕਿਤੇ ਬੱਚਿਆਂ ਲਈ ਆਪਣੇ ਹੀ ਮਾਂ/ਬਾਪ‎,‎ ਕਦੇ ਕਦੇ ਆਉਣ ਵਾਲੇ ਅੰਕਲ/ਆਂਟੀ ਨਾ ਬਣ ਜਾਣ।

2

ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ‎,‎ ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ?

ਲੜੀਵਾਰ - 2

ਕਤਲਾਂ ਤੋਂ ਉਠੇ ਕਈ ਸਵਾਲ‎,‎ ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ ਨੇ। ਕੀ ਦਾਜ ਦੇ ਲਾਲਚੀਆਂ ਦੀ ਭੁੱਖ ਨਾ ਪੂਰੀ ਹੋਣ `ਤੇ ਮਜਬੂਰ ਬਾਪ ਨੂੰ ਆਪਣੀ ਲਾਡਲੀ ਦੀ ਅਰਥੀ ਮੋਢੇ `ਤੇ ਢੋਣੀ ਪੈਂਦੀ ਏ? ਕੀ ਇਹ ਕੈਨੇਡਾ ਆਉਣ ਦੇ ਲਾਲਚ ਵੱਸ ਅਣਜੋੜ ਰਿਸ਼ਤਿਆਂ ਦੀ ਵਜ੍ਹਾ ਤਾਂ ਨਹੀਂ ਜਦ ਇੱਕ ਸ਼ਰਾਬੀ ਪਤੀ ਅਹਿਸਾਸਾਂ ਨਾਲ ਭਰੀ ਐਮ਼ ਏ਼ ਪਾਸ ਲੜਕੀ ਦੇ ਸੁਪਨਿਆਂ ਦੀ ਤੌਹੀਨ ਕਰਦਾ ਹੈ ਤੇ ਉਸਦੇ ਉਚੇਰੇ ਮਾਨਸਿਕ ਪੱਧਰ ਤੋਂ ਚਿੜ੍ਹ ਕੇ ਉਸਦਾ ਫਸਤਾ ਹੀ ਵੱਢ ਦਿੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪਤਨੀ ਨੂੰ ਪਤੀ ਦੇ ਗੈਰ ਔਰਤਾਂ ਨਾਲ ਸੰਬੰਧਾਂ ਦੀ ਸੂਹ ਦੀ ਕੀਮਤ ਆਪਣੀ ਜਾਨ ਦੇ ਕੇ ਤਾਰਨੀ ਪੈਂਦੀ ਹੋਵੇ। ਕਾਰਨ ਤਾਂ ਮਰਦ ਦੀ ਹੈਂਕੜ ਵੀ ਹੋ ਸਕਦਾ ਹੈ ਜੋ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਹੈ ਤੇ ਉਸਦੀਆਂ ਕੁਤਾਹੀਆਂ ਦਾ ਮੁੱਲ ਔਰਤ ਨੂੰ ਬਹੁਤ ਮਹਿੰਗਾ ਪੈਂਦਾ ਹੋਵੇ।
ਕਾਰਨ ਕੋਈ ਵੀ ਹੋਣ। ਉਹਨਾਂ ਕਾਰਨਾਂ ਨੂੰ ਸਮਝਣ ਤੇ ਉਹਨੇ ਉਸਾਰੂ ਤੇ ਭਵਿਖਮੁੱਖੀਹੱਲ ਤਲਾਸ਼ਣਾ‎,‎ ਸਮੇਂ ਦੀ ਮੁੱਖ ਲੋੜ ਹੈ।
ਕੁੱਖ `ਚ ਕੁੜੀ-ਮਾਰਾਂ ਦੀ ਕੌਮ ਤੋਂ ਪਤਨੀ-ਮਾਰਾਂ ਦੀ ਕੌਮ ਤੀਕ ਪਹੁੰਚਣ ਦਾ ਕਿਹੜਾ ਰਾਹ‎,‎ ਅਸੀਂ ਅਖਤਿਆਰ ਕਰ ਲਿਆ ਹੈ? ਸਮੁੱਚੇ ਭਾਈਚਾਰੇ ਦੀਆਂ ਸਰਬ ਵਿਆਪਕ ਸੁੱਚੀਆਂ ਕਦਰਾਂ ਕੀਮਤਾਂ ਦੇ ਧਾਰਨੀ‎,‎ ਆਪਣੇ ਸਰਬਨਾਸ਼ ਦੇ ਰਾਹ ਤਾਂ ਨਹੀਂ ਤੁੱਰ ਪਏ?
ਅੱਜ ਕੱਲ ਪੈਸੇ ਦੀ ਦੌੜ `ਚ ਉਲਝਿਆ ਹਰ ਵਿਅਕਤੀ‎,‎ ਜਿੰਦਗੀ ਦੇ ਅਰਥਾਂ ਅਤੇ ਜਿਉਣ ਦੇ ਅਦਬ ਤੋਂ ਵਿਰਵਾ‎,‎ ਮਕਾਨਕੀ ਜਿੰਦਗੀ ਜੀਅ ਰਿਹਾ ਹੈ। ਮਰ ਗਏ ਅਹਿਸਾਸਾਂ ਵਾਲਾ ਮਨੁੱਖ ਰੋਬੋਟ ਬਣ ਕੇ ਕਤਲ ਕਰਨ ਤੇ ਪਿਆਰ ਕਰਨ ਵਿੱਚ ਫਰਕ ਕਿੰਝ ਸਮਝੇਗਾ? ਜਿੰਦਗੀ ਦੇ ਸਮੁੱਚ ਦੀ ਨਾ ਸਮਝੀ ਸਾਨੂੰ ਬਹੁਤ ਮਹਿੰਗੀ ਪੈ ਰਹੀ ਹੈ। ਸਾਡੇ ਕੋਲ ਸਮਾਂ ਹੀ ਨਹੀਂ ਘਰ `ਚ ਬੈਠਣ ਦਾ‎,‎ ਪ੍ਰੀਵਾਰ ਬਣਨ ਤੇ ਬਣਾਉਣ ਦਾ ਅਤੇ ਪ੍ਰੀਵਾਰਕ ਮਾਹੌਲ ਦੀ ਸੁਚੱਜਤਾ ਚੋਂ ਜੀਵਨ ਸੋਚ ਨੂੰ ਨਿਖਾਰਨ ਦਾ। ਕਦੇ ਬੱਚਿਆਂ ਨਾਲ ਗੱਲਾਂ ਤੇ ਪਿਆਰ ਤਾਂ ਕਰਿਉ। ਇੱਕ ਦੂਜੇ ਦੇ ਕੋਮਲ ਅਹਿਸਾਸਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਤਾਂ ਕਰਿਉ। ਜਿੰਦਗੀ ਦੀ ਸਮਝ ਆਪੇ ਆ ਜਾਵੇਗੀ।
ਸੁੱਘੜ ਤੇ ਸੰਤੁਲਤ ਸੋਚ ਵਾਲੇ ਸਮਾਜ ਦੇ ਪਹਿਰੇਦਾਰੋ ਤੇ ਬੁੱਧੀਜੀਵੀਓ! ਉਠੋ! ਕੁੱਝ ਠੋਸ ਉਪਰਾਲੇ ਕਰੀਏ। ਮਾਪਿਆਂ ਦੀ ਅੱਖ `ਚ ਦਰਦ ਦਾ ਸਿਵਾ ਬਲਣ ਤੋਂ ਰੋਕੀਏ। ਮਾਸੂਮਾਂ ਦੀ ਸੋਚ `ਚ ਉਮਰਾਂ ਲੰਮੇਰੀ ਪੀੜ ਦੀ ਵੇਦਨਾ ਨਾ ਉਕਰਨ ਦੇਈਏ। ਵਕਤ ਦੇ ਸਫੇ `ਤੇ ਕਤਲਾਂ ਦੀ ਕਰੁੱਣਾਮਈ ਕਹਾਣੀ ਨਾ ਲਿਖਣ ਦੇਈਏ। ਇਸ ਮਾਤਮੀ ਸੋਚ ਦੇ ਵਿਹੜੇ ਚਾਨਣ ਤਰੌਂਕੀਏ।
ਪੰਜਾਬੀ ਸਮਾਜ ਤੁਹਾਡੇ ਤੋਂ ਨਰੋਏ ਤੇ ਸਾਰਥਿਕ ਸੇਧ ਦੀ ਉਡੀਕ ਕਰੇਗਾ।

 

 

3

ਰਿਸ਼ਤਿਆਂ ਦੀ ਜ਼ਰਜ਼ਰੀ ਹੋਂਦ ਦਾ ਵਾਸਤਾ

ਦਸ ਕੁ ਸਾਲ ਪਹਿਲਾਂ ਦੀ ਗੱਲ। ਭਾਰਤ ਵਿੱਚ ਇੱਕ ਅਧਿਆਪਕ ਦਾ ਘਰ ਸਾਰੇ ਰਿਸ਼ਤੇਦਾਰਾਂ ਦੇ ਨਿਆਣਿਆਂ ਦਾ ਹੋਸਟਲ। ਆਪਣੇ ਬੱਚਿਆਂ ਤੇ ਪ੍ਰੀਵਾਰ ਦੀ ਕੀਮਤ ਤੇ ਗਲਤ/ਠੀਕ ਤਰੀਕੇ ਨਾਲ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੀ ਤਰਜੀਹ। ਉਹਨਾਂ `ਚੋਂ ਕੋਈ ਇੰਜਨੀਅਰਿੰਗ ਕਾਲਜ‎,‎ ਕੋਈ ਯੂਨੀਵਰਸਿਟੀ ਗਿਆ ਤੇ ਫਿਰ ਉਹ ਸਾਰੇ ਪ੍ਰੀਵਾਰਾਂ ਸਮੇਤ ਵਿਦੇਸ਼ `ਚ ਆ‎,‎ ਮਲਟੀ ਮਿਲੀਅਨਰੀ ਬਣ ਗਏ।
ਉਹੀ ਟੀਚਰ ਰਿਸ਼ਤੇਦਾਰਾਂ ਦੇ ਨਾ ਚਾਹੁਣ `ਤੇ ਕੈਨੇਡਾ ਆਉਂਦਾ ਹੈ। ਬਦਲੇ ਹੋਏ ਸਮੇਂ ਤੇ ਹਾਲਾਤਾਂ ਵਿਚ‎,‎ ਭਲਾ ਦਿਹਾੜੀਦਾਰ ਟੀਚਰ ਉਹਨਾਂ ਬੱਚਿਆਂ ਦਾ ਕੀ ਲਗਦਾ ਹੈ ਤੇ ਕੀ ਲਗਦੇ ਨੇ ਟੀਚਰ ਦੇ ਬੱਚੇ? ਉਹਨਾਂ ਦੀ ਸਾਂਝ ਤਾਂ ਮਿਲੀਅਨਰਜ਼ ਨਾਲ ਹੀ ਹੋ ਸਕਦੀ ਹੈ। ਰਿਸ਼ਤਿਆਂ ਦਾ ਇੱਕ ਸੱਚ।
ਟੀਚਰ ਨੂੰ ਸਾਨਫਰਾਂਸਿਸਕੋ ਤੋਂ ਫੋਨ ਆਉਂਦਾ ਹੈ ਕਿ ਸਰ ਮੈਂ 25 ਸਾਲ ਪਹਿਲਾਂ ਤੁਹਾਡੇ ਕੋਲੋਂ ਪੜ੍ਹਦਾ ਸੀ। ਅਖਬਾਰ `ਚ ਤੁਹਾਡਾ ਨਾਮ ਪੜ੍ਹਿਆ ਤਾਂ ਮੈਂ ਕਾਲ ਕੀਤਾ ਹੈ। ਸ਼ਾਇਦ ਤੁਹਾਨੂੰ ਚੇਤਾ ਨਾ ਹੋਵੇ ਪਰ ਅੱਜ ਮੈਂ ਜੋ ਵੀ ਹਾਂ ਤੁਹਾਡੇ ਕਰਕੇ ਹਾਂ। ਮੈਂ ਤੁਹਾਨੂੰ ਮਿਲਣ ਜਰੂਰ ਆਵਾਂਗਾ। ਰਿਸ਼ਤਿਆਂ ਦਾ ਇੱਕ ਹੋਰ ਸੱਚ।
ਰਿਸ਼ਤਿਆਂ ਦੇ ਦੋ ਸੱਚ। ਦੋ ਧਾਰਨਾਵਾਂ। ਜੀਵਨ ਨੂੰ ਪ੍ਰੀਭਾਸ਼ਿਤ ਕਰਨ ਦੇ ਦੋ ਨਜਰੀਏ।
ਰਿਸ਼ਤੇ ਹੁਣ ਸਿਰਫ ਲੋੜਾਂ ਜਾਂ ਜਰੂਰਤਾਂ ਦੇ ਨੇ। ਰਿਸ਼ਤਾ ਉਨੀ ਦੇਰ ਹੀ ਜੋੜਿਆ ਜਾਂਦਾ ਹੈ ਤੇ ਨਿਭਾਇਆ ਜਾਂਦਾ ਹੈ ਜਦ ਤੀਕ ਇਸਦੀ ਲੋੜ ਹੈ।
ਰਿਸ਼ਤੇ ਜਦ ਰੁੱਤਬਿਆਂ ਤੇ ਮਾਇਕ ਬਰਾਬਰੀ ਦੇ ਮੁਥਾਜ ਹੋ ਜਾਂਦੇ ਨੇ ਤਾਂ ਸਿੱਸਕ ਕੇ ਰਹਿ ਜਾਂਦਾ ਹੈ ਆਪਣਾਪਣ। ਵਾਸ਼ਪ ਹੋ ਜਾਂਦੀ ਹੈ ਪੁਰ-ਖਲੂਸ ਪਲ਼ਾਂ ਦੀ ਸਾਂਝ। ਫਿਰ ਅਸੀਂ ਫਾਇਦਿਆਂ `ਚੋਂ ਰਿਸ਼ਤੇ ਤਲਾਸ਼ਦੇ ਹਾਂ।
ਰਿਸ਼ਤੇ ਸਮਾਜਿਕ ਤੰਦਾਂ ਦਾ ਨਰੋਇਆਪਣ ਹੁੰਦੇ ਨੇ। ਜੇ ਤੰਦਾਂ ਜ਼ਰਜ਼ਰੀ ਹੋ ਗਈਆਂ ਤਾਂ ਕਿਸ ਤਰਾਂ ਬਚੇਗਾ ਸਮਾਜਿਕ ਤਾਣਾ ਬਾਣਾ? ਅਸੀਂ ਢਹਿ ਢੇਰੀ ਹੋ ਰਹੇ ਸਮਾਜ ਦੇ ਚਸ਼ਮਦੀਦ ਪਰ ਮੂਕ ਦਰਸ਼ਕ ਹਾਂ।
‘ਕੇਰਾਂ ਆਪਣੇ ਰਿਸ਼ਤਿਆਂ ਦੀ ਚਿਖਾ ਸੇਕਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿੰਦਗੀ ਦੇ ਕਿਸੇ ਮੋੜ `ਤੇ‎,‎ ਰਿਸ਼ਤਿਆਂ ਦਾ ਗੁੰਮਿਆ ਸੇਕ ਕਿਧਰੋਂ ਨਹੀਂ ਥਿਆਵੇਗਾ।
ਜਦ ਰਿਸ਼ਤੇ ਸੁੰਗੜਨ ਲਗ ਪੈਣ ਤਾਂ ਕਦਰਾਂ-ਕੀਮਤਾਂ ਦੀ ਹਿੱਕ `ਚ ਦਰਦ ਸ਼ੁਰੂ ਹੋ ਜਾਂਦਾ ਹੈ।
ਰਿਸ਼ਤਿਆਂ ਨੂੰ ਤਿੜਕਨ ਨਾ ਦਿਉ। ‘ਕੇਰਾਂ ਆਈ ਤਰੇੜ‎,‎ ਮਨ ਦੇ ਚਿਤਰਪੱਟ ਤੋਂ ਕਦੇ ਵੀ ਮਿਟਦੀ ਨਹੀਂ।
ਹਰ ਰਿਸ਼ਤੇ ਦਾ ਆਦਰ ਕਰੋ। ਰਿਸ਼ਤਿਆਂ ਦਾ ਨਿੱਘ ਤੇ ਖਲੂਸ ਸਾਡਾ ਵਿਰਸਾ। ਇਹਨਾਂ ਵਿਚਲੀ ਅਪਣੱਤ ਤੇ ਮੁਹੱਬਤ‎,‎ ਸਾਡਾ ਸੁੱਖਨ। ਇਹਨਾਂ ਦੀ ਸੰਜੀਦਗੀ‎,‎ ਸਦੀਵਤਾ ਤੇ ਸੁਹੱਪਣ‎,‎ ਸਾਡੇ ਮੁਹਾਂਦਰੇ ਦੇ ਨਕਸ਼।
ਰਿਸ਼ਤਿਆਂ ਨੂੰ ਨਿਭਾਉਣ ਦੀ ਤਾਂਘ ਮਨ `ਚ ਪਾਲਣ ਵਾਲੇ‎,‎ ਹਰ ਰੂਪ ਤੇ ਹਰ ਸਮੇਂ ਵਿੱਚ ਰਿਸ਼ਤਿਆਂ ਨੂੰ ਚਿਰੰਜੀਵਤਾ ਬਖਸ਼ਦੇ ਨੇ।
ਜੇ ਰਿਸ਼ਤੇ ਨਾ ਰਹੇ ਤਾਂ ਅਸੀਂ ਬਜੁਰਗਾਂ ਦੀ ਅਸੀਸ ਤੋਂ ਵਿਰਵੇ ਹੋ ਜਾਵਾਂਗੇ। ਸਿਰ ਪਲੋਸਦੀਆਂ ਮਾਵਾਂ ਦੇ ਦੀਦਆਂ `ਚ ਛਲਕਦੇ ਮੋਹ ਦੇ ਸਮੁੰਦਰ ਨੂੰ ਸਿੱਸਕ ਜਾਵਾਂਗੇ। ਵੀਰਾਂ ਦੀਆਂ ਬਾਹਾਂ ਗੁਆਚ ਜਾਣਗੀਆਂ। ਹੰਝੂ `ਚ ਡੁੱਬ ਮੋਏਗੀ ਰੱਖੜੀ। ਧੀਆਂ ਬਾਬਲ ਦੇ ਵਿਹੜੇ ਤੋਂ ਆਉਂਦੀ ਹਾਕ ਲਈ ਤਰਸ ਜਾਣਗੀਆਂ। ਯੱਖ ਹੋ ਜਾਵੇਗੀ ਬੋਟਾਂ ਦੀ ਨਿੱਘੀ ਗੋਦ। ਸਰਦ ਹੋ ਜਾਣਗੀਆਂ ਅੱਗ ਦੀ ਉਮਰ ਨੂੰ ਲੋਚਦੀਆਂ ਰੀਝਾਂ।
ਰਿਸ਼ਤਿਆਂ ਨੂੰ ਰਿਸ਼ਤਿਆਂ ਦੇ ਸੱਚ `ਚ ਸਮਝਣ ਤੇ ਨਿਭਾਉਣ ਵਾਲੇ ਹੀ ਸੰਤੁਲਿਤ ਸਮਾਜ ਦੀ ਵਾਗਡੋਰ ਸੰਭਾਲਦੇ ਨੇ।
ਕੌਣ ਸੰਭਾਲੇਗਾ ਇਹ ਵਾਗਡੋਰ?

ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ‎,‎ ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ।

ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ ਹੱਸ ਤਾਂ ਲਿਆ।
ਮੇਰਾ ਵਿਦਿਆਰਥੀ ਮਿਲਿਆ। ਕਹਿੰਦਾ‎,‎’ ਸਰ ਕਾਹਦਾ ਕੈਨੇਡਾ ਆਏ ਹਾਂ। ਕਲੈਸਟਰੋਲ ਵੱਧ ਗਿਆ ਏ। ਬੀ਼ ਪੀ਼ ਦੀ ਗੋਲੀ ਰੋਜ ਖਾਈਦੀ ਹੈ। ਪਿਛਲੇ ਮਹੀਨੇ ਮੇਰੀ ਬੀਬੀ ਇੰਡੀਆ ਤੋਂ ਆਈ ਸੀ। ਕੱਲ ਇੱਕ ਦਮ ਸ਼ੂਗਰ ਘੱਟ ਗਈ। ਐਂਬੂਲਸ ਸੱਦ ਕੇ ਹਸਪਤਾਲ ਪਹੁੰਚਾਣਾ ਪਿਆ’।
ਪੰਜਾਬ ਦੇ ਸਰਦੇ-ਪੁੱਜਦੇ ਪ੍ਰੀਵਾਰ ਦੇ ਕੈਨੇਡਾ ਵਿੱਚ ਰਹਿੰਦੇ ਬਜੁਰਗ ਨੂੰ ਮੈਂ ਪੁੱਛਿਆ ਕਿ ਤੁਹਾਡਾ ਸਾਰਾ ਪ੍ਰੀਵਾਰ ਇਥੇ ਹੈ। ਵੱਡਾ ਸਾਰਾ ਘਰ। ਕਾਰਾਂ‎,‎ ਸਹੂਲਤਾਂ ਹਨ। ਕੀ ਤੁਸੀਂ ਸੱਚ-ਮੁੱਚ ਖੁਸ਼ ਹੋ? ਉਸਦਾ ਨਾਂ-ਮੁੱਖੀ ਜਵਾਬ‎,‎ ਉਸਦੇ ਪ੍ਰੀਵਾਰ ਨੂੰ ਸੋਚਣ ਲਈ ਮਜਬੂਰ ਕਰ ਗਿਆ।
ਕਿਸ ਤਰ੍ਹਾਂ ਦੀ ਜਿੰਦਗੀ ਜਿਊ ਰਹੇ ਹਾਂ ਅਸੀਂ? ਕਿਹੜੇ ਨੇ ਸਾਡੇ ਸਰੋਕਾਰ? ਕਿੱਧਰ ਏ ਸਾਡਾ ਪ੍ਰੀਵਾਰ? ਘਰਾਂ ਦੇ ਅਰਥਾਂ ਦੇ ਅਨਰਥ ਕਿਉਂ ਹੋ ਰਹੇ ਹਨ? ਕੌਣ ਭੁੱਗਤ ਰਿਹਾ ਏ‎,‎ ਘਰ‎,‎ ਬੱਚੇ ਤੇ ਪ੍ਰੀਵਾਰ ਵਿੱਚ ਤਣਾਅ ਦੀ ਸਜ਼ਾ?
ਹਰ ਥਾਂ‎,‎ ਹਰ ਸਮੇਂ‎,‎ ਹਰ ਉਮਰ ਦਾ‎,‎ ਹਰ ਬੰਦਾ ਫਿਕਰਮੰਦ। ਚਿੰਤਾ ਵਿੱਚ ਆਪ ਵੀ ਝੁੱਲਸਦਾ ਏ ਤੇ ਘਰ ਤੀਕ ਵੀ ਉਸ ਸੇਕ ਦੀ ਜਲਣ ਮਹਿਸੂਸ ਹੁੰਦੀ ਏ।
ਕਿੱਧਰ ਤੁੱਰ ਗਈ ਏ ਖੁਸ਼ੀ? ਕਿਉਂ ਰੁੱਸ ਗਿਆ ਏ ਸਾਡਿਆਂ ਚਿਹਰਿਆਂ ਤੋਂ ਖੇੜਾ? ਕਿੱਧਰ ਪ੍ਰਵਾਸ ਕਰ ਗਈ ਏ ਸਾਡੇ ਚਿਹਰੇ ਦੀ ਮੁਸਕਰਾਹਟ? ਕੌਣ ਉਧਾਲ ਕੇ ਲੈ ਗਿਆ ਏ ਬੇਫਿਕਰੀ ਦੇ ਆਲਮ ਵਿੱਚ ਜਿੰਦਗੀ ਨਾਲ ਰਚਾਇਆ ਜਾਂਦਾ ਸੰਦਲਾ ਸੰਵਾਦ? ਕਿਸਨੇ ਲਾ ਦਿਤੀ ਏ ਠਹਾਕਿਆਂ ਦੀ ਰੁੱਤ ਨੂੰ ਨਜਰ? ਕੌਣ ਚੁਰਾ ਕੇ ਲੈ ਗਿਆ ਏ ਸਾਰੇ ਪ੍ਰੀਵਾਰ ਦਾ ਮਿਲ ਬੈਠਣਾ ਅਤੇ ਨਿੱਕੀਆਂ ਨਿੱਕੀਆਂ ਟਕੋਰਾਂ ਤੇ ਨਸੀਹਤਾਂ ਵਿੱਚ ਸਮੇਂ ਦੇ ਬੀਤਣ ਦੀ ਲਾਪ੍ਰਵਾਹੀ।
ਬੜੇ ਹੈਰਾਨੀਜਨਕ ਤੇ ਚਿੰਤਾਜਨਕ ਨੇ ਐਮ਼ ਟੀ਼ ਵੀ਼ ਨੈੱਟਵਰਕ ਵਲੋਂ 16-34 ਸਾਲ ਦੇ ਨੌਜਵਾਨਾਂ ਉਪਰ ਕਰਵਾਏ ਗਏ ਸਰਵੇਖਣ ਦੇ ਨਤੀਜੇ। ਬੜਾ ਫਿਕਰਮੰਦ ਕਰਦੇ ਨੇ ਸਾਨੂੰ ਤੇ ਇਸ ਉਦਾਸਮਈ ਤਸਵੀਰ ਚੋਂ ਉਭਰਨ ਲਈ‎,‎ ਕੁੱਝ ਨਾ ਕੁੱਝ ਸੋਚਣ ਲਈ ਮਜਬੂਰ ਕਰਦੇ ਨੇ।
ਐਮ਼ ਟੀ਼ ਵੀ਼ ਨੈੱਟਵਰਕ ਨੇ 14 ਦੇਸ਼ਾਂ (ਅਰਜਨਟਾਇਨਾ‎,‎ ਬ੍ਰਾਜੀਲ਼‎,‎ ਚੀਨ‎,‎ ਡੈਨਮਾਰਕ‎,‎ ਫਰਾਂਸ‎,‎ ਜਰਮਨੀ‎,‎ ਭਾਰਤ‎,‎ ਇੰਡੋਨੇਸ਼ੀਆ‎,‎ ਜਾਪਾਨ‎,‎ ਮੈਕਸੀਕੋ‎,‎ ਦੱਖਣੀ ਅਫਰੀਕਾ‎,‎ ਸਵੀਡਨ‎,‎ ਇੰਗਲੈਂਡ ਤੇ ਅਮਰੀਕਾ) ਦੇ 5400 ਨੌਜਵਾਨਾਂ ਉਪਰ 6 ਮਹੀਨੇ ਤੀਕ ਸਰਵੇਖਣ ਕੀਤਾ ਗਿਆ। ਔਸਤਨ 43% ਨੌਜਵਾਨ ਆਪਣੀ ਜਿੰਦਗੀ ਤੋਂ ਖੁਸ਼ ਹਨ ਤੇ ਇਹ ਅਨੁਪਾਤ ਵਿਕਾਸਸ਼ੀਲ ਤੇ ਵਿਕਸਤ ਦੇਸ਼ਾਂ ਲਈ ਵੱਖੋ-ਵੱਖਰੀ ਹੈ। ਵਿਕਸਤ ਦੇਸ਼ਾਂ ਜਿਵੇਂ ਜਾਪਾਨ ਵਿੱਚ ਸਿਰਫ 8% ਨੌਜਵਾਨ ਖੁਸ਼ ਹਨ ਅਤੇ ਅਮਰੀਕਾ ਬਰਤਾਨੀਆ ਵਿੱਚ ਆਪਣੀ ਜਿੰਦਗੀ ਤੋਂ ਖੁਸ਼ ਨੌਜਵਾਨਾਂ ਦੀ ਅਨੁਪਾਤ 30% ਤੋਂ ਵੀ ਘੱਟ ਹੈ। ਇਸਦਾ ਕਾਰਨ ਹਨ‎,‎ ਨੌਜਵਾਨਾਂ ਵਿੱਚ ਨਿਰਾਸ਼ਾਵਾਦ‎,‎ ਨੌਕਰੀ ਦੀ ਚਿੰਤਾ ਤੇ ਕਾਮਯਾਬ ਹੋਣ ਦਾ ਫਿਕਰ। ਵਿਕਾਸਸ਼ੀਲ ਦੇਸ਼ਾਂ ਵਿੱਚ ਨੌਜਵਾਨ ਜਿਆਦਾ ਖੁਸ਼ ਹਨ ਇਸਦਾ ਕਾਰਨ ਹਨ‎,‎ ਵਿਸ਼ਵੀਕਰਨ ਬਾਰੇ ਆਸ਼ਾਵਾਦੀ ਸੋਚ ਤੇ ਧਾਰਮਿਕ ਬਿਰਤੀ। ਜਰਮਨ ਦੇ 95% ਨੌਜਵਾਨਾਂ ਨੂੰ ਇਹ ਫਿਕਰ ਲੱਗਾ ਹੋਇਆ ਹੈ ਕਿ ਉਹਨਾਂ ਦਾ ਕਲਚਰ ਤਬਾਹ ਹੋ ਰਿਹਾ ਹੈ ਜਦ ਕਿ ਇੰਗਲੈਂਡ ਦੇ 80% ਨੌਜਵਾਨਾਂ ਦੇ ਮਨਾਂ ਵਿੱਚ ਅੱਤਵਾਦ ਦਾ ਡਰ ਬੈਠਾ ਹੋਇਆ ਹੈ। ਖੁਸ਼ੀ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਨੌਜਵਾਨ ਸਭ ਤੋਂ ਵੱਧ ਖੁਸ਼ ਹਨ।
ਦਰਅਸਲ ਖੁਸ਼ੀ ਬਾਹਰੋਂ ਨਹੀਂ ਲੱਭਣੀ ਤੇ ਨਾ ਹੀ ਮੁੱਲ ਮਿਲਣੀ ਏ। ਇਹ ਤੁਹਾਡੇ ਅੰਤਰੀਵ ਮਨ `ਚ ਪਈ ਹੈ। ਤੁਸੀਂ ਤਲਾਸ਼ਣੀ ਹੈ ਤੇ ਫਿਰ ਉਸ ਨਾਲ ਜੀਵਨ ਵਿੱਚ ਖੂਬਸੂਰਤੀ ਭਰਨੀ ਏ।
ਮਿਹਨਤ ਤੇ ਮਿਹਨਤਾਨਾ‎,‎ ਆਸ ਤੇ ਪ੍ਰਾਪਤੀ‎,‎ ਵਿਸ਼ਵਾਸ਼ ਤੇ ਮੰਜ਼ਲ‎,‎ ਸਿਦਕ ਤੇ ਸਫਲਤਾ‎,‎ ਸਹੂਲਤਾਂ ਤੇ ਸਿਹਤ ਅਤੇ ਕਾਰੋਬਾਰ ਤੇ ਪ੍ਰੀਵਾਰ ਵਿੱਚ ਸੁਖਾਵਾਂ ਸਮਤੋਲ‎,‎ ਤੁਹਾਨੂੰ ਜਿਉਂਣ ਜਾਚ ਪ੍ਰਦਾਨ ਕਰਦਾ ਹੈ।
ਹਾਉਕਿਆਂ ਦੀ ਤਲੀ `ਤੇ ਹਾਸੇ ਬੀਜਣ ਵਾਲੇ‎,‎ ਉਦਾਸ ਚਿਹਰੇ `ਤੇ ਮੁਸਕਰਾਹਟ ਬਖੇਰਨ ਵਾਲੇ ਅਤੇ ਫਿਕਰਮੰਦ ਸਮਿਆਂ ਦੀ ਜੂਹੇ‎,‎ ਬੇਫਿਕਰੀ ਦੀ ਸੱਦ ਲਾਉਣ ਵਾਲੇ ਹੀ ਤਪਦੇ ਮਾਰੂਥਲਾਂ ਦੀ ਹਿੱਕ `ਤੇ ਪੈਂਦੀ ਮਿੰਨੀ ਮਿੰਨੀ ਭੂਰ ਹੁੰਦੇ ਹਨ।
ਆਉ ਇਸ ਤਣਾਅ ਗ੍ਰਸਤ ਤੇ ਫਿਕਰਮੰਦ ਸਮਿਆਂ ਦੇ ਬੰਨੇਰੇ `ਤੇ ਖੁਸ਼ੀਆਂ ਖੇੜਿਆਂ ਦੇ ਚਿਰਾਗ ਜਗਾਈਏ ਤਾਂ ਕਿ ਇਸਦੀ ਰੌਸ਼ਨੀ ਸਾਡੇ ਅੰਦਰਲੇ ਆਪੇ ਨੂੰ ਰੁਸ਼ਨਾ‎,‎ ਘਰ ਦੇ ਸੁੱਖਨ ਤੇ ਸਰੂਰਮਈ ਮੁਹਾਂਦਰੇ ਨੂੰ ਨਿਖਾਰ ਸਕੇ।

ਵੱਸਦਾ ਰੱਸਦਾ ਘਰ। ਸਬਰ‎,‎ ਸੰਤੋਖ ਦਾ ਪ੍ਰੀਵਾਰ ਵਿੱਚ ਪਸਾਰਾ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਇੱਕ ਦਾ ਦਰਦ‎,‎ ਸਭ ਦਾ ਦਰਦ। ਸਮੇਂ ਦੀ ਮਟਕਵੀਂ ਤੋਰ `ਚ‎,‎ ਚੇਤਿਆਂ ਚੋਂ ਖੁੱਰ ਚੁੱਕਾ‎,‎ ਵਕਤ ਦੇ ਬੀਤਣ ਦਾ ਅਹਿਸਾਸ। ਵਕਤ ਦਾ ਕਹਿਰ ਕਿ ਪ੍ਰੀਵਾਰ ਦੀ ਪਛਾਣ ਸਿਰਜਣ ਵਾਲਾ ਸਦਾ ਲਈ ਤੁੱਰ ਗਿਆ ਤੇ ਵਕਤ ਦੀ ਹਿੱਕ ਤੇ ਵਖਤ ਬੀਜ ਗਿਆ।
ਵਕਤ ਤੁਹਾਡੀਆਂ ਤਲੀਆ `ਤੇ ਮਹਿੰਦੀ ਵੀ ਲਾਉਂਦਾ ਏ‎,‎ ਫੈਲੀ ਹੋਈ ਬਹੁਰੂਪਤਾ ਦੀ ਸਰੋਂ ਵੀ ਉਗਾਉਂਦਾ ਏ ਤੇ ਤੁਹਾਨੂੰ‎,‎ ਤੁਹਾਡੇ ਅੰਤਰੀਵ ਦੀ ਥਾਹ ਵੀ ਪਵਾਉਂਦਾ ਏ।
ਵਖਤ‎,‎ ਵਕਤ ਦਾ ਕਰੂਰ ਸੱਚ। ਹੋਣੀਆਂ ਦਾ ਨਾਜਲ ਹੋਇਆ ਹੱਠ। ਬੇਰਹਿਮ ਸੋਚ ਦਾ ਪੈਰਾਂ `ਚ ਖਿੱਲਰਿਆ ਕੱਚ। ਤੇ ਉਸ ਕੱਚ `ਚੋਂ ਲਿਸ਼ਕੋਰਦਾ ਸੱਚ।

ਵਖਤ ਹੀ ਬਣਦਾ ਏ ਖਰੇ ਖੋਟੇ ਦੀ ਪਛਾਣ। ਮਨੁੱਖ `ਚ ਸਮੋਇਆ ਹੈਵਾਨ ਜਾਂ ਇਨਸਾਨ। ਕਰਮ ਤੇ ਧਰਮ `ਚ ਲਿਪਟਿਆ ਧੁੰਧਲਾ ਵਿਖਿਆਨ। ਬੋਲ ਤੇ ਸੋਚ ਦੇ ਅਸਾਂਵੇਂਪਣ ਦੀ ਥਿੜਕਦੀ ਜੁਬਾਨ ਅਤੇ ਉਮਰ ਕੈਦ ਹੰਢਾਉਂਦਾ ਭਗਵਾਨ।
ਵਖਤ ਤੇ ਵਕਤ ਨਾਲੋ ਨਾਲ। ਕਦੇ ਇੱਕ ਦੂਜੇ ਦਾ ਹੁੰਗਾਰਾ। ਕਦੇ ਇੱਕ ਦੂਜੇ ਦੀ ਹੋਂਦ ਤੇ ਅਣਹੋਂਦ ਦਾ ਹਾਉਕਾ ਭਰਦੇ।
ਵਖਤ ਹੋਣੀ ਦਾ ਧਕੜਸ਼ਾਹੀ ਰੂਪ। ਰੂਪ `ਚੋਂ ਉਭਰਦਾ ਪ੍ਰਤੀਰੂਪ ਤੇ ਪ੍ਰਤੀ ਰੂਪ ਦੇ ਮਖੌਟਿਆਂ ਦਾ ਬਣ ਜਾਣਾ ਬਹੁਰੂਪ।
ਜਦ ਵਕਤ ਦੇ ਵਿਹੜੇ `ਚ ਵਖਤ ਵਿਗਸਦਾ ਏ ਤਾਂ ਰੋਂਦੀ ਏ ਫਿਜਾ‎,‎ ਵਿਲਕਦੇ ਨੇ ਹੱਥੀਂ ਲਾਏ ਨਿੱਕੇ ਨਿੱਕੇ ਬੂਟੇ‎,‎ ਅੱਥਰੂ `ਚ ਧੋਤੀਆਂ ਜਾਂਦੀਆਂ ਨੇ ਫੁੱਲਾਂ ਦੀਆਂ ਪੱਤੀਆਂ‎,‎ ਸਦਮੇ ਦੇ ਕੋਹਰੇ ਦੀ ਮਾਰ ਹੇਠ ਆ ਜਾਂਦੀਆਂ ਨੇ ਕਰੂੰਬਲਾਂ ਤੇ ਚਮਨ `ਤੇ ਪਸਰ ਜਾਂਦੀ ਏ ਉਦਾਸੀ ਦੀ ਪਰਤ।
ਵਕਤ ਤੇ ਵਖਤ ਦੋ ਸਮਰੂਪ। ਦੋ ਵੱਖੋ ਵੱਖਰੀਆਂ ਸੀਮਾਵਾਂ ਤੇ ਸੰਭਾਵਨਾਵਾਂ `ਚ ਫੈਲੇ ਹੋਏ ਜਿੰਦਗੀ ਦੇ ਗੁੱਝੇ ਅਰਥ। ਸਮੁੱਚਾ ਜੀਵਨ ਇਹਨਾਂ ਦੁਆਲੇ ਹੀ ਆਪਣੇ ਆਪ ਨੂੰ ਪ੍ਰੀਭਾਸ਼ਤ ਕਰਦਾ ਤੇ ਨਿਰਧਾਰਤ ਕਰਦਾ। ਇੱਕ ਦੂਜੇ `ਚੋਂ ਨਵੇਂ ਤੇ ਨਰੋਏ ਅਰਥਾਂ ਦੀ ਸੁੱਚੀ ਪੇਸ਼ਕਾਰੀ।
ਖੁੱਦੀ ਦਾ ਸ਼ਿਕਾਰ ਹੋਏ ਲੋਕ ਭੁੱਲ ਜਾਂਦੇ ਨੇ ਉਹਨਾਂ ਸਮਿਆਂ ਨੂੰ ਜਦ ਕਿਸੇ ਦੇ ਠੁੰਮਣੇ ਨੇ ਉਹਨਾਂ ਲਈ ਖੜੇ ਹੋਣ ਦਾ ਸਬੱਬ ਬਣਾਇਆ। ਬੜੇ ਬੇਲਿਹਾਜ ਤੇ ਬੇਨਿਆਜ ਹੋ ਜਾਂਦੇ ਨੇ ਉਸ ਬੋਲਦੇ ਜਿਸ ਨੇ ਉਹਨਾਂ ਲਈ ਵਕਤ ਦੇ ਸਿਰਲੇਖ ਦੇ ਨਕਸ਼ ਸਿਰਜੇ ਹੋਣ।
ਜੇ ਵਕਤ ਦੀ ਬੀਹੀ `ਚ ਵਖਤ ਗੇੜਾ ਨਾ ਪਾਵੇ ਤਾਂ ਕੋਈ ਕਿੰਝ ਜਾਣ ਸਕੇਗਾ ਹਾਉਕੇ ਦੀ ਜੂਨ ਭੋਗਦੇ ਮਨੁੱਖ ਦੀ ਹੋਣੀ। ਇੱਕ ਅਮੀਰ ਲਈ ਉਸ ਮਜਦੂਰ ਦੀ ਮਾਨਸਕਤਾ ਨੂੰ ਸਮਝਣਾ ਬਹੁਤ ਅਸੰਭਵ ਹੈ ਜਿਸਨੂੰ ਸਵੇਰੇ ਕੰਮ `ਤੇ ਆਉਣ ਸਾਰ‎,‎ ਬਿਨ੍ਹਾਂ ਕਿਸੇ ਕਾਰਨ ਦੱਸੇ ਕੰਮ ਤੋਂ ਕੱਢ ਦਿਤਾ ਜਾਵੇ। ਭੁੱਖੇ ਪ੍ਰੀਵਾਰ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਜਦ ਸਿੱਸਕ ਕੇ ਮਰ ਜਾਂਦਾ ਹੈ ਤਾਂ ਕੌਣ ਪੜੇਗਾ ਉਸਦੇ ਮਨ `ਚ ਪਨਪੀ ਵੇਦਨਾ ਦੀ ਇਬਾਦਤ।
ਵਖਤ ਸਦੀਵੀ ਨਹੀਂ ਹੁੰਦਾ। ਸਮੇਂ ਦੇ ਬੀਤਣ ਨਾਲ ਇਸਦੇ ਨਕਸ਼ ਧੁੰਧਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਕੁੱਝ ਨਿਸ਼ਾਨ ਹੀ ਬਾਕੀ ਰਹਿ ਜਾਂਦੇ ਨੇ ਜੋ ਸਾਨੂੰ ਯਾਦ ਦਿਵਾਉਂਦੇ ਨੇ ਕਿ ਅਸੀਂ ਆਪਣੀ ਔਕਾਤ ਨਾ ਭੁੱਲ ਜਾਈਏ।
ਵਖਤ ਦੇ ਨੈਣਾਂ `ਚ ਝਾਕਣ ਦੀ ਤੁਹਾਡੇ `ਚ ਕਿੰਨੀ ਤੀਬਰਤਾ ਹੈ? ਤੁਸੀਂ ਕਿਸ ਰੂਪ `ਚ ਇਸ ਪਹਿਰ ਨੂੰ ਲੈਂਦੇ ਹੋ? ਕਿਹੜੇ ਸਰੋਕਾਰਾਂ ਨਾਲ ਸਥਿਰਤਾ ਤੇ ਸਬੂਤੇਪਣ ਨੂੰ ਕਾਇਮ ਰੱਖਦੇ ਹੋ‎,‎ ਇਹ ਤੁਹਾਡੇ ਵਿਅਕਤੀਤੱਵ `ਤੇ ਉਕਰੀ ਚਿੱਤਰਕਾਰੀ ਨਿਰਧਾਰਤ ਕਰਦੀ ਹੈ।
ਅਸੀਂ ਸਮੇਂ ਨੂੰ ਆਪਣੀਆਂ ਅੱਖਾਂ ਰਾਹੀਂ ਨਿਹਾਰਦੇ‎,‎ ਆਪਣੇ ਅੰਦਰਲੇ ਰੰਗਾਂ ਨਾਲ ਚਿਤਰਦੇ ਹਾਂ। ਆਪਣੀਆਂ ਸੰਵੇਦਨਾਵਾਂ ਦੇ ਚਾਨਣ `ਚ ਉਸਦੀ ਤਵਾਰੀਖ ਨੂੰ ਪੜਨ `ਚ ਮਸਰੂਫ ਹੁੰਦੇ ਹਾਂ ਪਰ ਜਦ ਅਚਨਚੇਤ ਹੀ ਵਕਤ ਦੇ ਦੀਦਆਂ `ਚ ਵਖਤ ਦੇ ਕੁੱਕਰੇ ਪੈ ਜਾਂਦੇ ਨੇ ਤਾਂ ਝਾਉਲੇ ਨਜਰ ਦੇ ਦਿਸਹੱਦੇ‎,‎ ਸਾਡੀਆਂ ਮੰਜ਼ਲਾਂ ਨੂੰ ਸਾਥੌਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ।
ਵਖਤ ਸਿਆਣਪਾਂ ਦੀ ਸੱਗਵੀਂ ਸੋਚ। ਤੁਸੀਂ ਅਣਕਿਆਸੇ ਹਾਲਾਤਾਂ `ਚੋਂ ਗੁਜਰਦੇ‎,‎ ਉਹਨਾਂ ਦੇ ਰੂ ਬਰੂ ਹੁੰਦੇ‎,‎ ਗੁਫਤਗੂ ਕਰਦੇ‎,‎ ਉਸ ਨਾਲ ਜਿਊਂਣ ਦਾ ਵੱਲ ਸਿਖਦੇ ਹਾਂ।
ਅਸੀਂ ਸਭ ਵਕਤ ਦੀ ਬੇਦਾਗ ਤੇ ਸੂਹੀ ਪਛਾਣ ਦੇ ਅਭਿਲਾਸ਼ੀ ਹੁੰਦੇ ਹਾਂ। ਸਾਡੀ ਸੋਚ `ਚੋਂ ਖੁੱਰ ਚੁੱਕੀ ਹੁੰਦਾ ਹੈ ਵਕਤ ਦਾ ਉਹ ਦੌਰ ਜਦ ਅਸੀਂ ਵਕਤ `ਚ ਆਪਣੀ ਪਛਾਣ ਸਿਰਜਣ ਲਈ ਯਤਨਸ਼ੀਲ ਹੁੰਦੇ ਹਾਂ। ਸਾਡਾ ਹਰ ਕਦਮ‎,‎ ਇੱਕ ਜਦੋਜਹਿਦ ਦਾ ਪ੍ਰਤੀਕ ਤੇ ਹਰ ਬੋਲ‎,‎ ਕੰਧਾਂ `ਤੇ ਉਕਰੀ ਹੋਈ ਲੀਕ।
ਨਿੱਜ ਦੇ ਦੁਆਲੇ ਸੁੰਘੜੇ ਹੋਏ ਸੋਚ ਦੇ ਦਾਇਰੇ‎,‎ ਮਾਨਵੀ ਭਾਵਨਾਵਾਂ ਦੀ ਹਿੱਕ `ਚ ਡੂੰਘਾ ਜਖਮ ਧਰਦੇ‎,‎ ਸਮਾਜਿਕ ਸਰੋਕਾਰਾਂ ਦਾ ਸੱਜਰਾ ਤੇ ਸੂਖਮ ਸੰਤਾਪ ਬਣਦੇ ਨੇ।
ਵਖਤ ਸਾਨੂੰ ਆਪੇ ਨਾਲ ਜੋੜਦਾ ਹੈ। ਪਰਖੇ ਜਾਦੇ ਨੇ ਸਾਂਝੇ ਦੇ ਉਸਰੇ ਹੋਏ ਕਾਗਜੀ ਪੁੱਲ‎,‎ ਲੀਰਾਂ ਲੀਰਾਂ ਹੋ ਜਾਂਦੀ ਹੈ ਰਿਸ਼ਤਿਆਂ ਦੀ ਅਮਾਨਵੀ ਤਫਸੀਲ। ਖੋਖਲੇ ਸਾਬਤ ਹੁੰਦੇ ਨੇ ਦਾਅਵਿਆਂ ਦੇ ਵੱਡੇ ਵੱਡੇ ਹੋਕਰੇ‎,‎ ਪਤਾਲ ਵਿੱਚ ਗਰਕ ਜਾਂਦੀ ਹੈ‎,‎ ਹਮਦਰਦੀ ਦੀ ਉੱਚੀ ਦੀਵਾਰ।
ਯਾਦ ਰੱਖਿੳ! ਵਖਤ ਸਦੀਵੀ ਨਹੀਂ ਰਹਿੰਦਾ। ਥੋੜ ਚਿਰਾ। ਤੁਹਾਡੇ ਪਰਖ ਦੀ ਘੜੀ। ਤੁਹਾਡੇ ਤਹੱਮਲ ਦਾ ਇਮਤਿਹਾਨ। ਤੁਹਾਡੀ ਸੋਚ ਵਿਚਲੀ ਪਰਪਕਤਾ ਤੇ ਠਹਿਰਾਉ ਦੀ ਅਜਮਾਇਸ਼। ਤੁਹਾਡੇ ਸਮੁੱਚ ਦੀ ਸੰਭਲਤਾ ਤੇ ਸਥਿਰਤਾ ਦਾ ਵਹੀਖਾਤਾ।
ਜਦ ਵਖਤ ਆਉਂਦਾ ਏ ਤਾਂ ਸਮਾਜ `ਚ ਪੱਸਰੀ ਮਖੌਟਿਆਂ ਦੀ ਭੀੜ ਜੱਗ ਜਾਹਰ ਹੁੰਦੀ ਹੈ। ਤੁਸੀਂ ਸੱਚ ਤੇ ਕੂੜ ਦੇ ਸੰਦਰਭ ਸਮਝਣ ਦੇ ਸਮਰੱਥ ਹੁੰਦੇ ਹੋ।
ਬਾਰਸ਼ਾਂ `ਚ ਡਿਗੂੰ ਡਿਗੂੰ ਕਰਦੇ ਢਾਰੇ ਦੀ ਥੰਮੀ‎,‎ ਜਦ ਮੀਂਹ ਮੂਹਰੇ ਹਿੱਕ ਡਾਹ ਲਵੇ ਤਾਂ ਤੁਫਾਨ ਤੇ ਹੜ ਵੀ ਆਪਣੀ ਦਿਸ਼ਾ ਬਦਲਣ ਲਈ ਮਜਬੂਰ ਹੋ ਜਾਂਦੇ ਨੇ।
ਕਦੇ ਘੁੱਪ ਹਨੇਰੇ `ਚ ਟਿਮਟਿਮਾਉਂਦੇ ਜੁਗਨੂੰ ਵੰਨੀਂ ਝਾਕਿਉ ਤਾਂ ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਚਾਨਣ ਦੀ ਨਿੱਕੀ ਜਹੀ ਕਾਤਰ ਵੀ‎,‎ ਹਨੇਰੇ ਨਾਲ ਆਢਾ ਲਾਉਣ ਤੋਂ ਕੰਨੀਂ ਨਹੀਂ ਕਤਰਾੳਂਦੀ। ਲੋੜ ਤਾਂ ਜੁਗਨੂੰ ਬਣਨ ਦੀ ਹੈ‎,‎ ਹਨੇਰਿਆਂ ਦੀ ਰੁੱਤ ਪਰਾਈ ਹੋਣ ਲੱਗਿਆਂ ਦੇਰ ਨਹੀਂ ਲਾਉਂਦੀ।
ਵਖਤ ਸਾਨੂੰ ਪਰਖਦਾ ਹੈ‎,‎ ਸਾਡੇ ਸੰਬੰਧਾਂ ਨੂੰ‎,‎ ਸਾਡੀਆਂ ਰਿਸ਼ਤੇਦਾਰੀਆਂ ਨੂੰ‎,‎ ਸਾਡੀਆਂ ਸਮਾਜਿਕ ਤੰਦਾਂ ਦੀ ਤਾਕਤ ਨੂੰ‎,‎ ਸਾਡੀਆਂ ਭਾਵਨਾਵਾਂ ਦੇ ਸੁੱਚਮ ਨੂੰ‎,‎ ਸਾਡੀਆਂ ਤਰਜੀਹਾਂ ਦੇ ਉੱਚਮ ਨੂੰ ਅਤੇ ਸਾਡੀ ਪਸੰਦ ਦੇ ਸੁੱਚੇ ਸਰੋਕਾਰਾਂ ਨੂੰ।
ਵਕਤ ਦੀ ਧੁੰਦ `ਚੋਂ‎,‎ ਵਕਤ ਦੇ ਮੱਥੇ `ਤੇ ਸੂਰਜ ਉਗਾਉਂਣ ਵਾਲੇ ਹੀ ਬਣਦੇ ਨੇ ਵਕਤ ਦੇ ਸ਼ਾਹ-ਅਸਵਾਰ ਤੇ ਜੀਵਨ ਦੇ ਪੱਬਾਂ `ਚ ਛਣਕਦੀ ਸੱਚੇ-ਸੁੱਚੇ ਅਰਥਾਂ ਦੀ ਛਣਕਾਰ।
ਕਦੇ ਵਕਤ ਦੀਆਂ ਅੱਖਾਂ `ਚ ਅੱਖਾਂ ਪਾ ਕੇ ਦੇਖਿਉ‎,‎ ਵਖਤ ਤੁਹਾਨੂੰ ਇੱਕ ਸੇਧ ਦੇਵੇਗਾ। ਰਸਤੇ ਦੇ ਨਕਸ਼ ਮਸਤਕ ਵਿੱਚ ਉਘੜਨਗੇ‎,‎ ਤੁਹਾਡੇ ਪੈਰਾਂ ਨੂੰ ਬਲ ਮਿਲੇਗਾ ਤੇ ਮੰਜ਼ਲ ਤੁਹਾਡੀ ਅਮਾਨਤ ਬਣ ਜਾਣਗੀਆਂ।
ਵਖਤ ਨੂੰ ਗਲਤ ਤੇ ਬੇਨਿਆਜ ਨਾ ਸਮਝੋ। ਇਹ ਤੁਹਾਨੂੰ ਵਕਤ ਦੀ ਤੱਕੜੀ `ਚ ਤੋਲਦਾ‎,‎ ਤੁਹਾਡੇ ਲਈ ਨਿਆਮਤਾਂ ਲੈ ਕੇ ਬਹੁੜਦਾ ਹੈ। ਜ਼ਫਰ ਜਾਲਣ ਵਾਲੇ ਹੀ ਹਰ ਤਰ੍ਹਾਂ ਦੀ ਪਰਾਪਤੀ ਦੇ ਸਿਰਲੇਖ ਬਣਦੇ ਨੇ।
ਵਕਤ ਸਾਡੀ ਝੋਲੀ ਨਿਆਮਤਾਂ ਵੀ ਪਾਉਂਦਾ ਏ ਤੇ ਖਿਆਨਤਾਂ ਵੀ। ਲੋੜਾਂ ਵੀ ਤੇ ਥੋੜਾਂ ਵੀ। ਹਾਉਕਾ ਵੀ ਤੇ ਹਾਸਾ ਵੀ। ਕੋਸੀ ਕੋਸੀ ਰੁੱਤ ਵੀ ਤੇ ਚੌਮਾਸਾ ਵੀ। ਦਰਦ ਵੀ ਤੇ ਦਵਾ ਵੀ। ਗ਼ਮ ਵੀ ਤੇ ਚਾਅ ਵੀ। ਭਰੱਪਣ ਵੀ ਤੇ ਖਲਾਅ ਵੀ। ਅੰਬਰ ਦੀ ਗਹਿਰ ਵੀ ਤੇ ਨੀਲੱਤਣ ਦੀ ਭਾਅ ਵੀ।
ਵਖਤ `ਚੋਂ ਵਕਤ ਦੇ ਸੰਦਲੇ ਨਕਸ਼ ਨਿਹਾਰਨ ਦੀ ਸੂਖਮ ਜਾਚ ਜਾਨਣ ਵਾਲੇ ਵਿਅਕਤੀ‎,‎ ਆਪਣੀ ਤਕਦੀਰ ਦੇ ਖੁੱਦ ਸਿਰਜਣਹਾਰੇ‎,‎ ਤਦਬੀਰਾਂ ਦੇ ਰਚਨਹਾਰੇ ਤੇ ਵਕਤ ਦੇ ਅੰਬਰ `ਤੇ ਉੱਗਮਦੇ ਤਾਰੇ।