ਲੇਖ਼ਕ

Thursday, 15 October 2009 18:13

18 - ਪੈਰੀਂ ਤੁਰਨ ਦਾ ਅਨੰਦ

Written by
Rate this item
(0 votes)

ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ। ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ। ਬੰਦਾ ਤੰਗੀ, ਬਿਪਤਾ ਤੇ ਨੰਗ ਮਲੰਗੀ `ਚ ਪੈਰੀਂ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ `ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿੱਚ ਹੈ! ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਹੈ। ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ।

ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, ਖ਼ਾਸ ਕਰ ਕੇ ਰੱਜੇ ਪੱਜੇ ਰਤਾ ਉਤਲੇ ਤਬਕੇ ਦੇ ਲੋਕ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਤੁਰਨ ਫਿਰਨ ਦੀਆਂ ਨਿਹਮਤਾਂ ਤੋਂ ਵਾਂਝੇ ਹੋ ਰਹੇ ਹਨ। ਤੁਰਨਾ ਛੱਡ ਕੇ ਬਹੁਤੇ ਬੰਦਿਆਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਗੁਆ ਲਈਆਂ ਹਨ ਤੇ ਬਾਕੀ ਬਚਦੀਆਂ ਵੀ ਗੁਆਉਣ ਦੇ ਰਾਹ ਪਏ ਹੋਏ ਹਨ।

ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ ਤੇ ਅੱਖਾਂ ਗਈਆਂ ਤਾਂ ਜਹਾਨ ਗਿਆ। ਕਹਿਣ ਵਾਲੀ ਗੱਲ ਇੱਕ ਹੋਰ ਵੀ ਹੈ ਕਿ ਗਿੱਟੇ ਗੋਡੇ ਗਏ ਤਾਂ ਬੰਦਾ ਸਮਝੋ ਜਹੰਨਮ ਗਿਆ! ਹੈਰਾਨੀ ਦੀ ਗੱਲ ਹੈ ਕਿ ਗਿੱਟੇ ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਸਰਦੇ ਬਰਦੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ। ਸੌ `ਚੋਂ ਨੱਬੇ ਬਿਮਾਰੀਆਂ ਪੈਰੀਂ ਤੋਰਾ ਫੇਰਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ।

ਬਿਮਾਰੀਆਂ ਸਰੀਰਕ ਮੁਸ਼ੱਕਤ ਕਰਨ ਵਾਲਿਆਂ ਨੂੰ ਨਹੀਂ ਸਗੋਂ ਉਨ੍ਹਾਂ ਨੂੰ ਲੱਗਦੀਆਂ ਹਨ ਜਿਹੜੇ ਦੁਕਾਨਾਂ, ਦਫਤਰਾਂ, ਸਟੋਰਾਂ, ਸੋਫਿਆਂ, ਕਾਰਾਂ, ਟਰੱਕਾਂ ਤੇ ਕੋਠੀਆਂ ਬੰਗਲਿਆਂ ਵਿੱਚ ਬਿਰਾਜਮਾਨ ਰਹਿੰਦੇ ਹਨ। ਜਿਹੜੇ ਦਿਮਾਗੀ ਮਿਹਨਤ ਤਾਂ ਕਰਦੇ ਹਨ ਪਰ ਸਰੀਰਕ ਹਿੱਲਜੁਲ ਬਿਲਕੁਲ ਨਹੀਂ ਕਰਦੇ। ਬੈਠੇ ਬੈਠਿਆਂ ਦੇ ਫਿਰ ਢਿੱਡ ਵਧੀ ਜਾਂਦੇ ਹਨ ਤੇ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ। ਅਜਿਹੇ ਬੰਦਿਆਂ ਤੇ ਔਰਤਾਂ ਲਈ ਪੈਰੀਂ ਤੁਰਨ ਦਾ ਅਨੰਦ ਮਾਣਨਾ ਬਹੁਤ ਜ਼ਰੂਰੀ ਹੈ। ਬੱਸ ਰਤਾ ਕੁ ਵਿਹਲ, ਥੋੜ੍ਹਾ ਜਿਹਾ ਉੱਦਮ ਤੇ ਮਾੜੀ ਮੋਟੀ ਕਲਪਨਾ ਦੀ ਹੀ ਲੋੜ ਹੈ। ਤੇਲ ਪਟਰੋਲ ਵੀ ਬਚੇਗਾ, ਹਵਾ ਵੀ ਸੁੱਥਰੀ ਮਿਲੇਗੀ, ਭੀੜ ਭੜੱਕੇ ਤੋਂ ਵੀ ਬਚਾਅ ਹੋਵੇਗਾ ਤੇ ਕਿਸੇ `ਤੇ ਭਾਰ ਵੀ ਨਹੀਂ ਬਣਨਾ ਪਵੇਗਾ। ਇੱਕ ਪੰਥ ਕਈ ਕਾਜ ਵਾਲੀ ਗੱਲ ਹੋਵੇਗੀ। ਜੇਕਰ ਸਵੇਰ ਵੇਲੇ ਸੈਰ ਕਰਨ ਦਾ ਸਮਾਂ ਨਿਕਲ ਸਕੇ ਤਾਂ ਸੋਨੇ ਸੁਹਾਗਾ ਹੋਵੇਗਾ।

ਤੁਰਨਾ, ਸਹਿਜ, ਸੁਭਾਵਿਕ, ਸੌਖੀ ਤੇ ਸਭ ਤੋਂ ਵਧੀਆ ਕਸਰਤ ਹੈ। ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਵਰਜ਼ਿਸ਼ ਹੋ ਜਾਂਦੀ ਹੈ। ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ? ਕੁਦਰਤ ਨੇ ਲੱਤਾਂ ਤੇ ਪੈਰ ਦਿੱਤੇ ਹੀ ਇਸ ਲਈ ਹਨ ਕਿ ਇਨ੍ਹਾਂ ਨਾਲ ਤੁਰਿਆ, ਵਗਿਆ ਤੇ ਦੌੜਿਆ ਜਾਵੇ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਦਾ ਬੋਝ ਸੰਭਾਲਦਿਆ ਹੋਇਆਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਵੇ।

ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਕਿ ਇਨ੍ਹਾਂ ਅੰਗਾਂ ਦੀ ਵਰਤੋਂ ਕਰਨ ਵਾਲੇ ਨੂੰ ਲੋੜ ਨਹੀਂ। ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ ਤੇ ਬੰਦਾ ਵਿਚਾਰਾ ਵੇਖਦਾ ਰਹਿ ਜਾਂਦਾ ਹੈ। ਇਸ ਲਈ ਜੀਂਦੇ ਜਾਗਦੇ ਬੰਦੇ ਕਦੇ ਵੀ ਕੁਦਰਤ ਨੂੰ ਅਜਿਹਾ ਮੌਕਾ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਅੰਗਾਂ ਦੀ ਸੱਤਿਆ ਮਾਰ ਸਕੇ। ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖ਼ੁਦ ਉਸ ਨੂੰ ਅਜਿਹਾ ਕਰਨ ਦਾ ਮੌਕਾ ਦੇਵੇ। ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ ਕੁਦਰਤ ਉਹਦੇ `ਤੇ ਬਲਿਹਾਰ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ ਬਖ਼ਸ਼ਦੀ ਹੈ।

ਇਹ ਠੀਕ ਹੈ ਕਿ ਆਮ ਬੰਦਾ ਬਹਾਨੇਬਾਜ਼ ਹੁੰਦਾ ਹੈ। ਉਹ ਤੁਰਨ ਤੋਂ ਬਚਣ ਦੇ ਲੱਖ ਬਹਾਨੇ ਬਣਾ ਸਕਦਾ ਹੈ। ਮਸਲਨ ਸਮਾਂ ਨਹੀਂ, ਤੁਰਨ ਲਈ ਥਾਂ ਨਹੀਂ, ਸਾਹ ਚੜ੍ਹਦਾ ਹੈ, ਹੱਡ ਪੈਰ ਦੁਖਦੇ ਹਨ, ਤੁਰਨ ਵਾਲੇ ਸ਼ੂਅ ਨਹੀਂ ਤੇ ਤੁਰਦਿਆਂ ਨੂੰ ਕੁੱਤੇ ਭੌਂਕਦੇ ਹਨ। ਹਨ੍ਹੇਰੇ ਸਵੇਰੇ ਬਾਹਰ ਨਿਕਲਣ ਦਾ ਵੇਲਾ ਨਹੀਂ, ਕੋਈ ਅਗਵਾ ਕਰ ਲਏਗਾ, ਪੁਲਿਸ ਘੇਰ ਲਏਗੀ। ਹੋਰ ਤਾਂ ਹੋਰ ਆਂਢੀ ਗੁਆਂਢੀ ਤੇ ਰਾਹ ਖਹਿੜੇ ਮਿਲਣ ਵਾਲੇ ਕੀ ਕਹਿਣਗੇ? ਲਓ ਇਹ ਤਾਂ ਚੰਗਾ ਭਲਾ ਹੈ, ਸੁੱਖ ਨਾਲ ਕਮਾਈ ਵੀ ਬਥੇਰੀ ਐ ਤੇ ਫਿਰ ਵੀ ਨੰਗਾਂ ਵਾਂਗ ਤੁਰਿਆ ਜਾਂਦੈ। ਜੱਗ ਜ਼ਮਾਨੇ ਦਾ ਸੂਮ! ਹੱਦ ਦਰਜੇ ਦਾ ਕੰਜੂਸ! ! ਕੋਈ ਪੁੱਛੇ, ਤੁਰਨ ਵਾਲਾ ਉਹਨਾਂ ਦੀ ਕੁੜੀ ਤਾਂ ਨ੍ਹੀ ਕੱਢੀ ਜਾ ਰਿਹਾ ਬਈ ਉਹ ਏਨੀਆਂ ਗੱਲਾਂ ਕਰਨਗੇ?

ਬਹਾਨੇਬਾਜ਼ਾਂ ਦੀ ਅਜਿਹੀ ਸੋਚ ਦੇ ਉਲਟ ਵਾੲ੍ਹੀਟ ਹਾਊਸ `ਚ ਰਹਿੰਦੇ ਅਮਰੀਕਾ ਦੇ ਪ੍ਰਧਾਨ ਵੀ ਤੁਰਨ ਤੇ ਜੌਗਿੰਗ ਕਰਨ ਦਾ ਸਮਾਂ ਕੱਢਦੇ ਰਹੇ ਹਨ। ਪੱਛਮੀ ਮੁਲਕਾਂ ਵਿੱਚ ਮੇਮਾਂ ਨੇ ਤੁਰਨ ਫਿਰਨ ਦਾ ਗਾਹ ਪਾਇਆ ਹੋਇਐ। ਜਦੋਂ ਉਹ ਸਾਹਬ ਲੋਕ ਸੜਕਾਂ `ਤੇ ਪਾਰਕਾਂ ਵਿੱਚ ਸ਼ਰ੍ਹੇਆਮ ਪੈਰੀਂ ਤੁਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੰਜੂਸ ਨਹੀਂ ਕਹਿੰਦਾ। ਮੈਂ ਆਪਣੀਆਂ ਵਿਦੇਸ਼ ਫੇਰੀਆਂ ਦੌਰਾਨ ਪਾਰਕਾਂ ਕੋਲ ਕਾਰਾਂ ਦੇ ਝੁੰਡ ਪਾਰਕ ਹੋਏ ਵੇਖੇ ਹਨ। ਪਾਰਕਾਂ ਅੰਦਰ ਮੇਮਾਂ ਤੇ ਸਾਹਬ ਰੇਵੀਏ ਪਏ ਹੁੰਦੇ ਨੇ। ਉਹ ਹਰ ਮਿਲਣ ਵਾਲੇ ਨੂੰ ਮੁਸਕਰਾ ਕੇ ਗੁੱਡ ਮਾਰਨਿੰਗ ਕਰਦੇ ਨੇ। ਮੇਮਾਂ ਦੀਆਂ ਤੁਰ ਫਿਰ ਕੇ ਬਣਾਈਆਂ ਗੋਰੀਆਂ ਸਡੌਲ ਲੱਤਾਂ ਵੇਖਣ ਵਾਲੀਆਂ ਹੁੰਦੀਆਂ ਨੇ। ਉਨ੍ਹਾਂ ਦੇ ਲੱਕ ਲਚਕਾਰੇ ਮਾਰਦੇ ਨੇ ਕਿਉਂਕਿ ਉਨ੍ਹਾਂ ਉਤੇ ਵਾਧੂ ਮਾਸ ਦੀਆਂ ਤੈਹਾਂ ਨਹੀਂ ਚੜ੍ਹੀਆਂ ਹੁੰਦੀਆਂ। ਉਹ ਜੁਆਨ ਰਹਿਣ ਤੇ ਸਰੀਰ ਸਡੌਲ ਬਣਾਈ ਰੱਖਣ ਲਈ ਦੁੜੰਗੇ ਮਾਰਦੀਆਂ ਫਿਰਦੀਆਂ ਨੇ। ਕੋਈ ਕੀ ਕਹੇਗਾ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਇਹ ਵਾਧੂ ਦੀ ਟੀਕਾ ਟਿੱਪਣੀ ਤਾਂ ਸਾਡੇ ਲੋਕਾਂ ਦੀ ਹੀ ਸਹੇੜੀ ਹੋਈ ਹੈ।

ਅਮਰੀਕਾ ਕੈਨੇਡਾ ਕਾਰਾਂ ਗੱਡੀਆਂ ਦੇ ਦੇਸ਼ ਹਨ। ਸੜਕਾਂ `ਤੇ ਤਿੰਨ ਤਿੰਨ ਚਾਰ ਚਾਰ ਕਾਰਾਂ ਬਰਾਬਰ ਭੱਜੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਹਰ ਬੰਦੇ ਨਹੀਂ ਤਾਂ ਹਰ ਪਰਿਵਾਰ ਕੋਲ ਮੋਟਰ ਕਾਰ ਹੈ। ਪਰ ਪੈਦਲ ਤੁਰੇ ਜਾਂਦੇ ਬੰਦੇ ਦਾ ਏਨਾ ਸਤਿਕਾਰ ਹੈ ਕਿ ਜੇ ਉਹਨੇ ਸੜਕ ਪਾਰ ਕਰਨੀ ਹੋਵੇ ਤਾਂ ਕਾਰਾਂ ਰੁਕ ਜਾਂਦੀਆਂ ਹਨ ਤੇ ਪੈਦਲ ਬੰਦੇ ਨੂੰ ਸੜਕ ਪਾਰ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਪਹਿਲ ਮੈਂ ਸੜਕ ਕੰਢੇ ਖੜ੍ਹ ਕੇ ਆਸੇ ਪਾਸੇ ਵੇਖਦਾ ਸੀ ਕਿ ਕਾਰਾਂ ਦਾ ਆਉਣ ਜਾਣ ਬੰਦ ਹੋਵੇ ਤਾਂ ਮੈਂ ਸੜਕ ਪਾਰ ਕਰਾਂ। ਦੇਸ਼ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਪਰ ਅਮਰੀਕਾ ਕੈਨੇਡਾ ਵਿੱਚ ਮੈਂ ਹੈਰਾਨ ਹੋਣਾ ਕਿ ਕਾਰਾਂ ਵਾਲਿਆਂ ਨੇ ਕਾਰਾਂ ਰੋਕ ਲੈਣੀਆਂ ਤੇ ਅਦਬ ਨਾਲ ਇਸ਼ਾਰਾ ਕਰਨਾ ਕਿ ਤੁਸੀਂ ਪਹਿਲਾਂ ਸੜਕ ਪਾਰ ਕਰ ਲਓ। ਬਾਅਦ ਵਿੱਚ ਪਤਾ ਲੱਗਾ ਕਿ ਇਹ ਕੋਈ ਅਹਿਸਾਨ ਨਹੀਂ ਸਗੋਂ ਉਥੋਂ ਦਾ ਟ੍ਰੈਫਿਕ ਨਿਯਮ ਹੈ ਕਿ ਸੜਕਾਂ ਉਤੇ ਪਹਿਲਾ ਹੱਕ ਪੈਦਲ ਯਾਤਰੀ ਦਾ ਹੈ।

ਬਹਾਨੇਬਾਜ਼, ਆਲਸੀ ਤੇ ਫੋਕੇ ਵੇਖਵਿਖਾਵੇ ਕਰਨ ਵਾਲਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਭਲਕ ਤੋਂ ਹੀ ਥੋੜ੍ਹਾ ਬਹੁਤਾ ਤੁਰਨ ਦਾ ਪ੍ਰੋਗਰਾਮ ਬਣਾ ਲੈਣ। ਕਿਵੇਂ ਬਣੇਗਾ? ਇਹ ਵੀ ਭਲੀ ਪੁੱਛੀ। ਇਹ ਕੋਈ ਡੈਮ ਬਣਾਉਣ ਜਾਂ ਛਾਉਣੀ ਪਾਉਣ ਦਾ ਪ੍ਰੋਜੈਕਟ ਨਹੀਂ। ਤੇ ਨਾ ਹੀ ਇਹਦੇ ਲਈ ਮਹੂਰਤ ਦਾ ਦਿਨ ਕਢਾਉਣ ਦੀ ਲੋੜ ਹੈ। ਮਾਮੂਲੀ ਉੱਦਮ ਨਾਲ ਪਹਿਲਾਂ ਨਾਲੋਂ ਕੁੱਝ ਮਿੰਟ ਪਹਿਲਾਂ ਮੰਜੇ ਤੋਂ ਉਠਿਆ ਜਾ ਸਕਦੈ। ਵਿਹੜਾ, ਬੀਹੀ, ਫਿਰਨੀ, ਸੜਕ, ਖੇਡ ਮੈਦਾਨ, ਪਾਰਕ, ਪਟੜੀ, ਪਹੇ ਤੇ ਡੰਡੀਆਂ ਕਿਤੇ ਵੀ ਤੁਰਿਆ ਜਾ ਸਕਦੈ। ਜੀਹਦੇ ਘਰ ਪੌੜੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਉਤੇ ਵੀਹ ਪੰਜਾਹ ਵਾਰ ਚੜ੍ਹਿਆ ਉਤਰਿਆ ਜਾ ਸਕਦੈ। ਕੇਵਲ ਛੱਤ ਹੋਵੇ ਤਾਂ ਛੱਤ ਉਤੇ ਹੀ ਅੱਧਾ ਘੰਟਾ ਚਹਿਲ ਕਦਮੀ ਕੀਤੀ ਜਾ ਸਕਦੀ ਹੈ। ਅਖ਼ਬਾਰ ਪੈ ਕੇ ਜਾਂ ਬਹਿ ਕੇ ਨਹੀਂ ਖੜ੍ਹ ਕੇ ਜਾਂ ਟਹਿਲਦੇ ਹੋਏ ਪੜ੍ਹ ਲੈਣਾ ਚਾਹੀਦੈ। ਸਬਜ਼ੀ ਭਾਜੀ ਤੁਰ ਕੇ ਲਿਆਂਦੀ ਜਾ ਸਕਦੀ ਹੈ। ਬੱਸ ਅੱਡੇ, ਦੁਕਾਨ ਤੇ ਦਫਤਰ ਤੁਰ ਕੇ ਜਾਇਆ ਜਾ ਸਕਦੈ। ਬਹਿ ਕੇ ਕੰਮ ਕਰਨ ਵਾਲੇ ਵਿਚੋਂ ਉੱਠ ਵੀ ਖੜ੍ਹੇ ਹੋਣ ਤੇ ਸਰੀਰ ਦੇ ਅੰਗ ਹਿਲਾਉਣ ਦੀ ਥੋੜ੍ਹੀ ਜਿੰਨੀ ਕਸਰਤ ਕਰ ਲੈਣ। ਸੌ ਨਹੀਂ ਹਜ਼ਾਰ ਰਾਹ ਕੱਢਿਆ ਜਾ ਸਕਦੈ। ਬੱਸ ਤੁਰਨ ਤੇ ਕਸਰਤ ਕਰਨ ਦੀ ਤਮੰਨਾ ਹੋਣੀ ਚਾਹੀਦੀ ਹੈ।

ਤੁਰਨ ਫਿਰਨ ਦੀ ਮਾੜੀ ਮੋਟੀ ਕਸਰਤ ਨਾਲ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਰਹਿੰਦਾ ਹੈ, ਭੱਸ ਡਕਾਰ ਨਹੀਂ ਆਉਂਦੇ, ਜੁੱਸਾ ਫਿੱਟ ਰਹਿੰਦਾ ਹੈ, ਬੰਦਾ ਕੰਮ ਕਾਰ ਜੀਅ ਲਾ ਕੇ ਕਰਦਾ ਹੈ ਤੇ ਛੇਤੀ ਕੀਤਿਆਂ ਨਿੱਕੀ ਮੋਟੀ ਬਿਮਾਰੀ ਨੇੜੇ ਨਹੀਂ ਆਉਂਦੀ। ਸਰੀਰਕ ਭਾਰ ਨੂੰ ਥਾਂ ਸਿਰ ਰੱਖਣ ਲਈ ਤਿੱਖੀਆਂ ਤੋਰਾਂ ਬੜੀਆਂ ਸਹਾਈ ਹੁੰਦੀਆਂ ਹਨ। ਦਵਾਈਆਂ ਦੀ ਨੀਂਦ ਨਾਲੋਂ ਲੰਮੀਆਂ ਤੋਰਾਂ ਦੀ ਨੀਂਦ ਕਿਤੇ ਵੱਧ ਸੁਖਦਾਈ ਹੁੰਦੀ ਹੈ।

ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੈਰੀਂ ਤੁਰਨਾ ਸਾਰੀਆਂ ਬਿਮਾਰੀਆਂ ਜਾਂ ਮੁਸ਼ਕਲਾਂ ਦਾ ਹੱਲ ਹੈ। ਹਾਂ ਇਹ ਜ਼ਰੂਰ ਕਹਿੰਦਾ ਹਾਂ ਕਿ ਲੱਤਾਂ ਤੇ ਪੈਰ ਤੁਰਨ ਲਈ ਹਨ ਤੇ ਜਿਹੜਾ ਕੁਦਰਤ ਦਾ ਜੀਅ ਇਹਨਾਂ ਤੋਂ ਕੰਮ ਲੈਂਦਾ ਰਹੇਗਾ ਉਹ ਬਹੁਤ ਸਾਰੀਆਂ ਬਿਮਾਰੀਆਂ ਤੇ ਮੁਸ਼ਕਲਾਂ ਤੋਂ ਬਚਿਆ ਰਹੇਗਾ। ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ ਉਨ੍ਹਾਂ ਦਾ ਮਾਸ ਥਲਥਲ ਹੀ ਕਰਨਾ ਹੈ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਰੰਗ ਰੋਗਣ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸਡੌਲਤਾ ਵਿੱਚ ਢਾਲਿਆ ਗਿਆ। ਜੁੱਸੇ ਨੂੰ ਛਾਂਟਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ।

ਬੰਦੇ ਦੇ ਸਰੀਰ ਵਿੱਚ ਏਨੀ ਸਮਰੱਥਾ ਹੈ ਕਿ ਉਹ ਦੋ ਚਾਰ ਮੀਲ ਨਹੀਂ ਸਗੋਂ ਸੈਂਕੜੇ ਹਜ਼ਾਰਾਂ ਮੀਲ ਲਗਾਤਾਰ ਤੁਰਦਾ ਰਹਿ ਸਕਦਾ ਹੈ। ਗੱਲ ਸਾਰੀ ਹਿੰਮਤ ਦੀ ਹੈ। ਸਾਡੇ ਵੱਡਵਡੇਰੇ ਪੰਜਾਬ ਕੋਹਾਂ ਦਾ ਪੈਂਡਾ ਕੇਵਲ ਲੱਤਾਂ ਹਿਲਾਣ ਲਈ ਮਾਰਦੇ ਰਹੇ ਹਨ। ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿੱਚ ਉਹ ਤੁਰ ਕੇ ਜਾਂਦੇ ਸਨ। ਉਹ ਪਹੁਫੁਟਾਲੇ ਨਾਲ ਤੁਰਦੇ ਤੇ ਲੰਮੀਆਂ ਮੰਜ਼ਲਾਂ ਮਾਰਨ ਪਿੱਛੋਂ ਵੀ ਥਕੇਵਾਂ ਉਨ੍ਹਾਂ ਦੇ ਨੇੜੇ ਨਾ ਆਉਂਦਾ। ਉਦੋਂ ਨਾ ਮੁਟਾਪੇ ਦੀ ਸਮੱਸਿਆ ਸੀ, ਨਾ ਸ਼ੂਗਰਾਂ ਦੀ ਤੇ ਨਾ ਬਲੱਡ ਪ੍ਰੈਸ਼ਰਾਂ ਦੀ। ਸਰੀਰਕ ਮਿਹਨਤ ਛੱਡਣੀ ਕੋਈ ਸਰਦਾਰੀ ਨਹੀਂ ਸਗੋਂ ਘੋਰ ਬਿਮਾਰੀ ਹੈ।

ਜਿਹੜੇ ਥੋੜ੍ਹਾ ਜਿਹਾ ਤੁਰਨ ਤੋਂ ਵੀ ਐਵੇਂ ਹੀ ਤ੍ਰਹਿੰਦੇ ਤੇ ਹਾਏ ਹਾਏ ਕਰਦੇ ਹਨ ਉਨ੍ਹਾਂ ਲਈ ਉਨ੍ਹਾਂ ਬੰਦਿਆਂ ਦੀਆਂ ਮਿਸਾਲਾਂ ਹਾਜ਼ਰ ਹਨ ਜਿਨ੍ਹਾਂ ਨੂੰ ਹੋਰਨਾਂ ਵਾਂਗ ਕੁਦਰਤ ਨੇ ਦੋ ਲੱਤਾਂ ਹੀ ਦਿੱਤੀਆਂ ਸਨ। ਫਰਾਂਸ ਦੇ ਗਿਲਬਰਟ ਰਾਜਨ ਨੇ 315 ਮੀਲ ਦੀ ਵਾਕ ਦੇ ਵਿਸ਼ਵ ਮੁਕਾਬਲੇ ਛੇ ਵਾਰ ਜਿੱਤੇ। ਉਹ ਅਭਿਆਸ ਵਜੋਂ ਕੁਲ ਕਿੰਨੇ ਮੀਲ ਵਗਿਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾ ਸਕਿਆ। ਉਂਜ ਅਨੁਮਾਨ ਹੈ ਕਿ ਉਹ ਘੱਟੋਘੱਟ ਦੋ ਲੱਖ ਮੀਲ ਤਾਂ ਵਗਿਆ ਹੀ ਹੋਵੇਗਾ। ਵੈਸੇ 315 ਮੀਲ ਲੰਮੀ ਵਾਟ ਤੇਜ਼ ਤੋਂ ਤੇਜ਼ ਵਗਣ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਹੈ। ਉਸ ਨੇ ਇਹ ਦੂਰੀ 60 ਘੰਟੇ 1 ਮਿੰਟ 15 ਸਕਿੰਟ ਵਿੱਚ ਤਹਿ ਕੀਤੀ ਸੀ। ਇੰਜ ਉਸ ਦੀ ਵਗਣ ਰਫਤਾਰ ਸਵਾ ਪੰਜ ਮੀਲ ਪ੍ਰਤੀ ਘੰਟਾ ਪਈ।

ਚੌਵੀ ਘੰਟਿਆਂ ਵਿੱਚ ਵੱਧ ਤੋਂ ਵੱਧ ਵਗਣ ਦਾ ਦਾਅਵਾ ਬੇਸ਼ਕ ਕੈਨੇਡਾ ਦਾ ਜੈਸੀ ਕਾਸਟਾਨੇਡਾ ਕਰਦਾ ਰਿਹਾ ਪਰ ਪ੍ਰਮਾਣਿਕ ਰਿਕਾਰਡ ਬਰਤਾਨੀਆਂ ਦੇ ਹਿਊ ਨੈਲਸਨ ਦਾ ਹੈ। ਜੈਸੀ ਦਾ ਕਹਿਣਾ ਹੈ ਕਿ ਉਹ ਨਿਊ ਮੈਕਸੀਕੋ ਦੇ ਇੱਕ ਮੇਲੇ ਵਿੱਚ ਚੌਵੀ ਘੰਟਿਆਂ `ਚ 142 ਮੀਲ 448 ਗਜ਼ ਵਗਿਆ। ਔਰਤਾਂ ਦਾ ਇਹ ਰਿਕਾਰਡ ਬਰਤਾਨੀਆਂ ਦੀ ਐੱਨ ਸਾਬੇਰ ਦਾ ਹੈ। ਉਸ ਨੇ ਚੌਵੀ ਘੰਟਿਆਂ ਵਿੱਚ 118.5 ਮੀਲ ਪੰਧ ਤਹਿ ਕੀਤਾ ਸੀ।

ਫਰਾਂਸ ਦੇ ਵਗਣ ਵਾਲਿਆਂ ਦੀ ਇੱਕ ਕਲੱਬ ਵੱਲੋਂ 1 ਅਪਰੈਲ 1910 ਨੂੰ 62137 ਯਾਨੀ ਇੱਕ ਲੱਖ ਕਿਲੋਮੀਟਰ ਵਗਣ ਦਾ ਮੁਕਾਬਲਾ ਆਰੰਭਿਆ ਗਿਆ। ਇਹ ਕਿਸੇ ਦਾ ਅਪਰੈਲ ਫੂਲ ਬਣਾਉਣ ਵਾਲਾ ਮਖੌਲ ਨਹੀਂ ਸੀ। ਉਸ ਮੁਕਾਬਲੇ ਵਿੱਚ ਦੋ ਸੌ ਵਗਣ ਵਾਲਿਆਂ ਨੇ ਭਾਗ ਲਿਆ ਤੇ ਰੁਮਾਨੀਆਂ ਦਾ ਦਮਿਤਰੀ ਡਾਨ ਪ੍ਰਥਮ ਆਇਆ।

ਖ਼ੈਰ ਅਜਿਹੇ ਮਾਅਰਕੇ ਮਾਰਨ ਵਾਲਿਆਂ ਦਾ ਕੋਈ ਅੰਤ ਨਹੀਂ। ਆਪਾਂ ਤਾਂ ਏਨਾ ਹੀ ਉੱਦਮ ਕਰ ਲਈਏ ਕਿ ਮੀਂਹ ਜਾਵੇ, ਨ੍ਹੇਰੀ ਜਾਵੇ, ਪੰਜ ਸੱਤ ਕਿਲੋਮੀਟਰ ਤੁਰਨਾ ਹੀ ਹੈ। ਤੇ ਏਨਾ ਕੁ ਲੱਖ ਰੁਝੇਵਿਆਂ ਦੇ ਬਾਵਜੂਦ ਤੁਰਿਆ ਜਾ ਸਕਦੈ। ਬੰਦਾ ਮਨ ਵਿੱਚ ਧਾਰ ਲਵੇ ਕਿ ਐਵੇਂ ਹੀ ਰਿਕਸ਼ਿਆਂ ਟੈਂਪੂਆਂ `ਤੇ ਚੜ੍ਹੀ ਜਾਣਾ ਗੁਨਾਹ ਹੈ, ਖੱਜਲ ਖੁਆਰੀ ਹੈ ਤੇ ਆਪ ਸਹੇੜੀ ਬਿਮਾਰੀ। ਮਨ `ਚੋਂ ਕੱਢ ਦੇਈਏ ਕਿ ਲੋਕ ਕੀ ਆਖਦੇ ਹਨ? ਲੋਕਾਂ ਨੇ ਕੀ ਆਖਣਾ ਹੈ? ਤੁਰਨਾ ਤੇ ਆਪਣੇ ਪੈਰੀਂ ਤੁਰਨਾ ਕੋਈ ਐਬ ਨਹੀਂ, ਚੋਰੀ ਯਾਰੀ ਨਹੀਂ ਤੇ ਨਾ ਹੀ ਕੋਈ ਠੱਗੀ ਠੋਰੀ ਹੈ। ਫਿਰ ਤੁਰਦਿਆਂ ਨੂੰ ਕਾਹਦਾ ਮਿਹਣਾ?

ਜਿਹੜੇ ਲੋਕ ਟੋਲੀਆਂ ਬਣਾ ਕੇ ਤੁਰਨ ਦੇ ਟੂਰ ਲਗਾ ਸਕਦੇ ਹਨ, ਸਾਥੀ ਰਲ ਕੇ ਸੈਰਾਂ ਕਰ ਸਕਦੇ ਹਨ, ਪ੍ਰੇਮੀ ਤੁਰਦੇ ਹੋਏ ਕਲੋਲਾਂ ਕਰਦਿਆਂ ਵਾਟਾਂ ਨਬੇੜ ਸਕਦੇ ਹਨ ਉਨ੍ਹਾਂ ਦਾ ਬਹਿਸ਼ਤ ਇਥੇ ਹੀ ਹੈ। ਬੁੱਢੇ ਬੁੱਢੀਆਂ ਨੂੰ ਤੁਰਦਿਆਂ ਜੁਆਨੀ ਚੜ੍ਹ ਸਕਦੀ ਹੈ। ਇਕੱਲ ਵਿੱਚ ਤੁਰਦਿਆਂ ਕਲਪਨਾ ਦੇ ਉਹ ਹੁਲਾਰੇ ਲਏ ਜਾ ਸਕਦੇ ਹਨ ਜਿਹੜੇ ਸਿਰਫ ਕਵੀਆਂ ਦੀ ਅਮਾਨਤ ਸਮਝੇ ਗਏ ਹਨ। ਕੋਈ ਤੁਰ ਕੇ ਤਾਂ ਵੇਖੇ। ਵੇਖੇ ਕਿ ਪੈਰੀਂ ਤੁਰਨ ਦਾ ਕਿਹੋ ਜਿਹਾ ਨਸ਼ਾ ਹੈ, ਕਿਹੋ ਜਿਹਾ ਅਨੰਦ ਹੈ!

Read 3360 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।