ਲੇਖ਼ਕ

Thursday, 15 October 2009 18:17

19 - ਦੁਨੀਆਂ ਦਾ ਖੇਡ ਪ੍ਰਬੰਧ

Written by
Rate this item
(0 votes)

ਸੰਸਾਰ ਵਿੱਚ ਸੈਂਕੜੇ ਖੇਡਾਂ ਖੇਡੀਆਂ ਜਾਂਦੀਆਂ ਹਨ। ਕਈ ਖੇਡਾਂ ਕਈ ਕਈ ਮੁਲਕਾਂ ਵਿੱਚ ਮਕਬੂਲ ਹਨ। ਉਹਨਾਂ ਦੇ ਖੇਡ ਮੁਕਾਬਲਿਆਂ ਦਾ ਬਾਕਾਇਦਾ ਸਿਸਟਮ ਹੈ। ਵਿਸ਼ਵ ਪੱਧਰ ਉਤੇ ਖੇਡਾਂ ਤੇ ਖਿਡਾਰੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਇੱਕ ਐਮੇਚਿਓਰ ਯਾਨੀ ਸ਼ੌਕੀਆ ਤੇ ਦੂਜੇ ਪ੍ਰੋਫੈਸ਼ਨਲ ਯਾਨੀ ਪੇਸ਼ਾਵਰ। ਸ਼ੌਕੀਆ ਖਿਡਾਰੀ ਉਹ ਗਿਣੇ ਜਾਂਦੇ ਹਨ ਜਿਹੜੇ ਖੇਡ ਦੇ ਪੈਸੇ ਨਾ ਵੱਟਣ ਤੇ ਕੇਵਲ ਸ਼ੌਕ ਲਈ ਖੇਡਾਂ `ਚ ਭਾਗ ਲੈਣ। ਕੇਵਲ ਮਨੋਰੰਜਨ ਲਈ ਜਾਂ ਐਕਸੇਲੈਂਸ ਹਾਸਲ ਕਰਨ ਲਈ ਖੇਡ ਮੁਕਾਬਲਿਆਂ `ਚ ਜੂਝਣ। ਖੇਡ ਦਾ ਕੋਈ ਇਵਜ਼ਾਨਾ ਨਾ ਲੈਣ। ਇਸ ਦੇ ਉਲਟ ਪੇਸ਼ਾਵਰ ਖਿਡਾਰੀ ਪੈਸਿਆਂ ਜਾਂ ਹੋਰ ਲੋਭ ਲਾਲਚਾਂ ਪਿੱਛੇ ਖੇਡਾਂ ਖੇਡਦੇ ਹਨ। ਉਂਜ ਦਿਨੋ ਦਿਨ ਸ਼ੌਕੀਆ ਤੇ ਪੇਸ਼ਾਵਰ ਖਿਡਾਰੀਆਂ ਵਿਚਕਾਰ ਲਕੀਰ ਕੱਢਣੀ ਔਖੀ ਹੋ ਰਹੀ ਹੈ। ਸ਼ੌਕੀਆ ਖਿਡਾਰੀਆਂ ਨੂੰ ਖੇਡਾਂ ਬਦਲੇ ਸਿੱਧੇ ਪੈਸੇ ਦੇਣ ਦੀ ਥਾਂ ਵਿੰਗੇ ਟੇਢੇ ਢੰਗ ਨਾਲ ਨਕਦ ਇਨਾਮਾਂ ਰਾਹੀਂ ਦਿੱਤੇ ਜਾਣ ਲੱਗ ਪਏ ਹਨ।

ਕਈਆਂ ਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਵਿਸ਼ਵ ਦੀਆਂ ਸਰਵੋਤਮ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਸੋਨੇ ਦਾ ਮੈਡਲ ਨਹੀਂ ਹੁੰਦਾ। ਉਹ ਸਾਧਾਰਨ ਧਾਤ ਦਾ ਮੈਡਲ ਹੁੰਦਾ ਹੈ ਜਿਸ ਉਤੇ ਸੁਨਹਿਰੀ ਝਾਲ ਫੇਰੀ ਹੁੰਦੀ ਹੈ। ਜੇ ਉਹ ਕਿਸੇ ਸੁਨਿਆਰੇ ਨੂੰ ਵੇਚਿਆ ਜਾਵੇ ਤਾਂ ਤਾਂਬੇ ਦਾ ਭਾਅ ਵੀ ਮਸੀਂ ਮਿਲਦਾ ਹੈ। ਖੇਡਾਂ ਕਰਾਉਣ ਵਾਲੀ ਕੌਮਾਂਤਰੀ ਓਲੰਪਿਕ ਕਮੇਟੀ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਕੋਈ ਨਕਦ ਇਨਾਮ ਨਹੀਂ ਦਿੰਦੀ। ਉਹ ਤਾਂ ਜੇਤੂਆਂ ਦੇ ਸਮੱਰਥਕ ਹੀ ਹੁੰਦੇ ਹਨ ਜਿਹੜੇ ਵਿੰਗੇ ਟੇਢੇ ਢੰਗ ਨਾਲ ਜੇਤੂਆਂ ਦੀ ਮਾਲੀ ਮਦਦ ਕਰਦੇ ਹਨ।

ਇਕ ਸਮਾਂ ਸੀ ਜਦੋਂ ਮਹਾਨ ਅਥਲੀਟ ਜਿਮ ਥੋਰਪੇ ਨੂੰ ਪੇਸ਼ਾਵਰ ਖਿਡਾਰੀ ਗਰਦਾਨ ਕੇ ਉਸ ਦੇ ਜਿੱਤੇ ਹੋਏ ਓਲੰਪਿਕ ਖੇਡਾਂ ਦੇ ਸੋਨ ਤਮਗ਼ੇ ਵਾਪਸ ਲੈ ਲਏ ਗਏ ਸਨ ਤੇ ਜੇਤੂਆਂ ਦੀ ਸੂਚੀ ਵਿਚੋਂ ਉਸ ਦਾ ਨਾਂ ਮੇਟ ਦਿੱਤਾ ਗਿਆ ਸੀ। ਅਮਰੀਕਾ ਦੇ ਉਸ ਅਥਲੀਟ ਨੇ 1912 ਦੀਆਂ ਓਲੰਪਿਕ ਖੇਡਾਂ ਦੇ ਪੈਂਟੈਥਲੋਨ ਤੇ ਡਿਕੈਥਲੋਨ ਮੁਕਾਬਲਿਆਂ `ਚੋਂ ਸੋਨੇ ਦੇ ਦੋ ਤਮਗ਼ੇ ਜਿੱਤੇ ਸਨ। ਉਸ ਨੂੰ ਦੁਨੀਆਂ ਦਾ ਸਭ ਤੋਂ ਤਕੜਾ ਅਥਲੀਟ ਮੰਨਿਆ ਗਿਆ ਸੀ। ਪਰ ਬਾਅਦ ਵਿੱਚ ਕਿਸੇ ਮੁਖ਼ਬਰ ਨੇ ਮੁਖ਼ਬਰੀ ਕਰ ਦਿੱਤੀ ਕਿ ਜਿਮ ਥੋਰਪੇ ਦੋ ਸਾਲ ਪਹਿਲਾਂ ਕਿਤੇ ਕੁੱਝ ਪੈਸਿਆਂ ਬਦਲੇ ਬੇਸਬਾਲ ਖੇਡੀ ਸੀ।

ਜਿਮ ਥੋਰਪੇ ਨੇ ਬਥੇਰੇ ਵਾਸਤੇ ਪਾਏ ਕਿ ਉਦੋਂ ਉਸ ਨੂੰ ਪਤਾ ਨਹੀਂ ਸੀ ਕਿ ਇੰਜ ਕਰਨ ਨਾਲ ਉਹ ਪੇਸ਼ਾਵਰ ਖਿਡਾਰੀ ਗਿਣਿਆ ਜਾਵੇਗਾ। ਅੱਗੋਂ ਤੋਂ ਉਹ ਸੁਚੇਤ ਰਹੇਗਾ। ਪਰ ਉਹਨੀਂ ਦਿਨੀਂ ਸ਼ੌਕੀਆ ਖਿਡਾਰੀ ਵਾਲਾ ਨਿਯਮ ਏਨੀ ਸਖਤੀ ਨਾਲ ਲਾਗੂ ਕੀਤਾ ਗਿਆ ਕਿ ਜੁਆਨ ਹੋ ਰਹੇ ਜਿਮ ਦੇ ਜਿੱਤੇ ਹੋਏ ਤਮਗ਼ੇ ਵਾਪਸ ਲੈ ਲਏ ਗਏ ਉਹਦਾ ਨਾਂ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ। ਫਿਰ ਉਹ ਮੰਦੇ ਹਾਲ ਜੀਵਿਆ ਤੇ ਸ਼ਿਕਾਰੀ ਕੁੱਤਿਆਂ ਬਰਾਬਰ ਦੌੜ ਕੇ ਚਾਰ ਪੈਸੇ ਕਮਾਉਂਦਾ ਰਿਹਾ। ਕਦੇ ਉਸ ਨੇ ਖੇਤਾਂ `ਚ ਦਿਹਾੜੀਆਂ ਕੀਤੀਆਂ ਤੇ ਕਦੇ ਰਾਤਾਂ ਦੀ ਚੌਕੀਦਾਰੀ ਕੀਤੀ। 1932 `ਚ ਜਦੋਂ ਲਾਸ ਏਂਜਲਸ ਵਿੱਚ ਓਲੰਪਿਕ ਖੇਡਾਂ ਹੋਈਆਂ ਤਾਂ ਉਸ ਕੋਲ ਟਿਕਟ ਲੈਣ ਜੋਗੇ ਪੈਸੇ ਨਹੀਂ ਸਨ। ਅਖ਼ੀਰ ਉਹ ਸ਼ਰਾਬੀ ਹੋ ਕੇ ਮਰਿਆ।

ਉਹਦੇ ਮਰਨ ਤੋਂ ਕਈ ਵਰ੍ਹੇ ਪਿੱਛੋਂ 1983 ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਪਣਾ ਪਹਿਲਾ ਫੈਸਲਾ ਬਦਲਦਿਆਂ ਉਹਦੇ ਜਿੱਤੇ ਹੋਏ ਮੈਡਲ ਉਹਦੇ ਪਰਿਵਾਰ ਨੂੰ ਵਾਪਸ ਕਰ ਦਿੱਤੇ ਤੇ ਜਿਮ ਥੋਰਪੇ ਦਾ ਨਾਂ ਮੁੜ ਜੇਤੂਆਂ ਦੀ ਸੂਚੀ ਵਿੱਚ ਚਾੜ੍ਹ ਦਿੱਤਾ ਗਿਆ।

ਪਰ ਹੁਣ ਤਾਂ ਗੱਲਾਂ ਹੀ ਹੋਰ ਹਨ। ਹੁਣ ਖਿਡਾਰੀ ਲੱਖਾਂ ਰੁਪਿਆਂ ਦੇ ਇਨਾਮ ਹਾਸਲ ਕਰਦੇ ਹਨ ਤੇ ਫਿਰ ਵੀ ਆਪਣੇ ਆਪ ਨੂੰ ਸ਼ੌਕੀਆ ਖਿਡਾਰੀ ਅਖਵਾਉਂਦੇ ਹਨ। ਇਸ ਤੋਂ ਤਾਂ ਇਹੋ ਜਾਪਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼ੌਕੀਆ ਤੇ ਪੇਸ਼ਾਵਰ ਖਿਡਾਰੀਆਂ ਵਿਚਕਾਰਲੀ ਲੀਕ ਅਸਲੋਂ ਮੇਟ ਦਿੱਤੀ ਜਾਵੇਗੀ।

ਸ਼ੌਕੀਆ ਖਿਡਾਰੀਆਂ ਦੀਆਂ ਖੇਡਾਂ ਸੰਬੰਧੀ ਵਿਸ਼ਵ ਪੱਧਰ ਉਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਸਰਬਉੱਚ ਜਥੇਬੰਦੀ ਹੈ। ਇਹੋ ਜਥੇਬੰਦੀ ਕੁਲ ਦੁਨੀਆਂ ਦੀਆਂ ਖੇਡਾਂ ਯਾਨੀ ਓਲੰਪਿਕ ਖੇਡਾਂ ਕਰਵਾਉਂਦੀ ਹੈ। ਪੇਸ਼ਾਵਰ ਖਿਡਾਰੀਆਂ ਦੀਆਂ ਆਪਣੀ ਕਲੱਬਾਂ, ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਹਨ। ਜਿਹੜੇ ਖਿਡਾਰੀ ਪੇਸ਼ਾਵਰ ਬਣ ਜਾਣ ਉਨ੍ਹਾਂ ਨੂੰ ਫਿਰ ਓਲੰਪਿਕ ਖੇਡਾਂ ਵਿੱਚ ਭਾਗ ਨਹੀਂ ਲੈਣ ਦਿਤਾ ਜਾਂਦਾ। ਬਥੇਰੇ ਮੁੱਕੇਬਾਜ਼, ਪਹਿਲਵਾਨ ਤੇ ਲਾਅਨ ਟੈਨਿਸ ਬਗ਼ੈਰਾ ਦੇ ਖਿਡਾਰੀ ਹਨ ਜਿਹੜੇ ਓਲੰਪਿਕ ਖੇਡਾਂ `ਚ ਭਾਗ ਲੈਣੋਂ ਵੰਚਿਤ ਰਹੇ। ਪਿਛਲੇ ਕੁੱਝ ਸਾਲਾਂ ਤੋਂ ਕੌਮਾਂਤਰੀ ਓਲੰਪਿਕ ਕਮੇਟੀ ਪੇਸ਼ਾਵਰ ਖਿਡਾਰੀਆਂ ਬਾਰੇ ਕਾਫੀ ਲਚਕਦਾਰ ਹੋਈ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ 23 ਜੂਨ 1894 ਨੂੰ ਹੋਂਦ ਵਿੱਚ ਆਈ ਸੀ। ਫਰਾਂਸ ਦਾ ਬੈਰਿਨ ਦਿ ਕੂਬਰਤਿਨ ਇਸ ਦਾ ਬਾਨੀ ਪ੍ਰਧਾਨ ਸੀ। ਉਸ ਦਾ ਉਦੇਸ਼ ਸੀ ਕਿ ਖੇਡਾਂ ਰਾਹੀਂ ਸਾਰੀ ਦੁਨੀਆਂ ਦੇ ਮੁਲਕਾਂ ਨੂੰ ਇੱਕ ਲੜੀ ਵਿੱਚ ਪਰੋਇਆ ਜਾਵੇ ਜਿਸ ਨਾਲ ਆਪਣੀ ਪ੍ਰੇਮ ਤੇ ਭਾਈਚਾਰਕ ਸਾਂਝ ਵਧੇ। ਉਸ ਦਾ ਕਥਨ ਸੀ, “ਖਿਡਾਰੀਆਂ ਦਾ ਆਦਾਨ ਪਰਦਾਨ ਸਭ ਤੋਂ ਸੱਚਾ ਤੇ ਸੁੱਚਾ ਵਪਾਰ ਹੈ। ਖਿਡਾਰੀ ਦੇਸ਼ਾਂ ਦੇ ਸਭ ਤੋਂ ਵਧੀਆ ਦੂਤ ਸਿੱਧ ਹੋ ਸਕਦੇ ਹਨ।”

ਕੂਬਰਤਿਨ ਦਾ ਮੱਤ ਸੀ ਕਿ ਖੇਡਾਂ `ਚ ਨਾਮਣਾ ਖੱਟਣ ਲਈ ਨੌਜੁਆਨ ਉਸਾਰੂ ਮੁਕਾਬਲੇ ਦੀ ਭਾਵਨਾ ਨਾਲ ਆਪਣੇ ਆਪ ਨੂੰ ਹੋਰ ਤਕੜੇ ਕਰਨਗੇ। ਇੰਜ ਦੁਨੀਆਂ ਦਿਨੋ ਦਿਨ ਹੋਰ ਤਕੜੀ, ਸੁੰਦਰ ਤੇ ਪ੍ਰੇਮ ਭਾਵਨਾ ਵਾਲੀ ਬਣਦੀ ਜਾਵੇਗੀ। ਇਸ ਨੇਕ ਉਦੇਸ਼ ਨੂੰ ਮੁੱਖ ਰੱਖਦਿਆਂ ਵੱਖ ਵੱਖ ਮੁਲਕਾਂ ਵਿੱਚ ਓਲੰਪਿਕ ਲਹਿਰ ਫੈਲਣੀ ਸ਼ੁਰੂ ਹੋ ਗਈ।

ਭਾਰਤ ਵਿੱਚ ਓਲੰਪਿਕ ਲਹਿਰ ਵੀਹਵੀਂ ਸਦੀ ਦੇ ਵੀਹਵਿਆਂ ਵਿਚਕਾਰ ਆਈ। 1927 ਵਿੱਚ ਕਲਕੱਤੇ ਅੰਤਰਸੂਬਾਈ ਅਥਲੈਟਿਕ ਮੀਟ ਹੋਈ ਜਿਥੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਸਰ ਦੋਰਾਬ ਟਾਟਾ ਇਸ ਦੇ ਪਹਿਲੇ ਪ੍ਰਧਾਨ ਤੇ ਏ.ਜੀ.ਨੋਹਰੀਨ ਪਹਿਲੇ ਆਨਰੇਰੀ ਸਕੱਤਰ ਬਣੇ। ਉਸੇ ਸਾਲ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਵੱਲੋਂ ਮਾਨਤਾ ਮਿਲ ਗਈ। ਹੌਲੀ ਹੌਲੀ ਹਿੰਦੋਸਤਾਨ ਦੇ ਵੱਖ ਵੱਖ ਸੂਬਿਆਂ ਤੇ ਰਿਆਸਤਾਂ ਵਿੱਚ ਸੂਬਾਈ ਓਲੰਪਿਕ ਐਸੋਸੀਏਸ਼ਨਾਂ ਹੋਂਦ ਵਿੱਚ ਆਉਂਦੀਆਂ ਗਈਆਂ ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਨਾਲ ਜੁੜਦੀਆਂ ਗਈਆਂ।

1928 ਵਿੱਚ ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ਇੰਡੀਅਨ ਓਲੰਪਿਕ ਸਭਾ ਦੇ ਪ੍ਰਧਾਨ ਤੇ ਪ੍ਰੋ.ਗੁਰੂ ਦੱਤ ਸੋਂਧੀ ਆਨਰੇਰੀ ਸਕੱਤਰ ਚੁਣੇ ਗਏ। ਪਟਿਆਲੇ ਦੇ ਸ਼ਾਹੀ ਘਰਾਣੇ ਦੀ ਦੇਸ਼ ਦੇ ਖੇਡ ਪ੍ਰਬੰਧ ਨੂੰ ਵਿਸ਼ੇਸ਼ ਦੇਣ ਹੈ। 1938 ਵਿੱਚ ਮਹਾਰਾਜਾ ਭੂਪਿੰਦਰ ਸਿੰਘ ਦੇ ਪਰਲੋਕ ਸਿਧਾਰ ਜਾਣ ਪਿੱਛੋਂ ਉਹਨਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਆਪਣੇ ਪਿਤਾ ਦੀ ਥਾਂ ਪ੍ਰਧਾਨ ਬਣੇ। ਉਹ ਬਾਅਦ ਵਿੱਚ ਏਸ਼ਿਆਈ ਖੇਡ ਸੰਘ ਦੇ ਵੀ ਪ੍ਰਧਾਨ ਰਹੇ। 1960 ਵਿੱਚ ਭਾਰਤ ਸਰਕਾਰ ਨੇ ਖੇਡਾਂ ਵਿਕਾਸ ਲਈ ਸਰਬ ਭਾਰਤੀ ਖੇਡ ਕੌਂਸਲ ਦੀ ਸਿਰਜਣਾ ਕਰ ਕੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਉਸ ਦਾ ਚੇਅਰਮੈਨ ਥਾਪ ਦਿੱਤਾ। ਨਵਾਂ ਅਹੁਦਾ ਸੰਭਾਲਣ ਲਈ ਉਸ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਅਸਤੀਫ਼ਾ ਦੇਣਾ ਪਿਆ ਤੇ ਉਹਨਾਂ ਦੀ ਥਾਂ ਉਹਦੇ ਭਰਾ ਰਾਜਾ ਭਲਿੰਦਰ ਸਿੰਘ ਪਰਧਾਨ ਚੁਣੇ ਗਏ। ਅੱਜ ਕੱਲ੍ਹ ਸੁਰੇਸ਼ ਕਲਮਾਦੀ ਪ੍ਰਧਾਨ ਹੈ ਤੇ ਰਾਜਾ ਭਲਿੰਦਰ ਦਾ ਲੜਕਾ ਰਣਧੀਰ ਸਿੰਘ ਆਨਰੇਰੀ ਸਕੱਤਰ ਹੈ।

ਦੁਨੀਆਂ ਦੇ ਖੇਡ ਪ੍ਰਬੰਧ ਦਾ ਸਹੀ ਜਾਇਜ਼ਾ ਲੈਣ ਲਈ ਓਲੰਪਿਕ ਐਸੋਸੀਏਸ਼ਨਾਂ ਤੇ ਖੇਡ ਫੈਡਰੇਸ਼ਨਾਂ ਦੇ ਰੋਲ ਨੂੰ ਸਮਝਣਾ ਪਵੇਗਾ। ਕੌਮਾਂਤਰੀ ਓਲੰਪਿਕ ਕਮੇਟੀ ਦੀਆਂ ਸ਼ਾਖਾਵਾਂ ਹੇਠਾਂ ਨਗਰ ਪੱਧਰ ਤਕ ਹੁੰਦੀਆਂ ਹਨ। ਕਿਸੇ ਨਗਰ ਦੇ ਖੇਡ ਪ੍ਰੇਮੀ ਸਥਾਨਕ ਪੱਧਰ `ਤੇ ਓਲੰਪਿਕ ਖੇਡ ਸਭਾ ਬਣਾਉਂਦੇ ਹਨ। ਅਜਿਹੀਆਂ ਖੇਡ ਇਕਾਈਆਂ ਫਿਰ ਜ਼ਿਲ੍ਹਾ ਪੱਧਰ ਦੀ ਓਲੰਪਿਕ ਸਭਾ ਬਣਾਉਂਦੀਆਂ ਹਨ ਜਿਸ ਦਾ ਪ੍ਰਧਾਨ ਆਮ ਕਰ ਕੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੁੰਦਾ ਹੈ। ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਮਿਲ ਕੇ ਸੂਬਾਈ ਪੱਧਰ ਦੀ ਓਲੰਪਿਕ ਐਸੋਸੀਏਸ਼ਨ ਚੁਣਦੀਆਂ ਹਨ। ਜਿਵੇਂ ਪੰਜਾਬ ਓਲੰਪਿਕ ਐਸੋਸੀਏਸ਼ਨ ਜਾਂ ਓਨਟਾਰੀਓ ਓਲੰਪਿਕ ਐਸੋਸੀਏਸ਼ਨ। ਫਿਰ ਰਾਜਾਂ ਦੀਆਂ ਓਲੰਪਿਕ ਸਭਾਵਾਂ ਮੁਲਕ ਦੀ ਓਲੰਪਿਕ ਸਭਾ ਚੁਣਦੀਆਂ ਹਨ। ਅੱਗੋਂ ਮੁਲਕੀ ਓਲੰਪਿਕ ਐਸੋਸੀਏਸ਼ਨਾਂ ਦੇ ਨੁਮਾਇੰਦੇ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ ਦੀ ਚੋਣ ਕਰਦੇ ਹਨ। ਇਸ ਸਮੇਂ ਕੌਮਾਂਤਰੀ ਓਲੰਪਿਕ ਕਮੇਟੀ ਦੇ ਲਗਭਗ ਦੋ ਸੌ ਮੈਂਬਰ ਹਨ।

ਜਿਵੇਂ ਕੌਮਾਂਤਰੀ ਓਲੰਪਿਕ ਕਮੇਟੀ ਦੁਨੀਆਂ ਦੀ ਸਰਬਉੱਚ ਖੇਡ ਜਥੇਬੰਦੀ ਹੈ ਉਵੇਂ ਓਲੰਪਿਕ ਐਸੋਸੀਏਸ਼ਨਾਂ ਆਪੋ ਆਪਣੇ ਖੇਤਰ ਵਿੱਚ ਸਰਬਉੱਚ ਹਨ। ਖੇਡ ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਉਹਨਾਂ ਦੇ ਅਧੀਨ ਹੁੰਦੀਆਂ ਹਨ। ਜਾਂ ਇਓਂ ਕਹਿ ਲਓ ਕਿ ਖੇਡ ਜਥੇਬੰਦੀਆਂ ਦੀ ਨੱਥ ਓਲੰਪਿਕ ਸਭਾਵਾਂ ਦੇ ਹੱਥ ਹੁੰਦੀ ਹੈ।

ਵੱਖ ਵੱਖ ਖੇਡਾਂ ਦੀਆਂ ਵਿਸ਼ਵ ਪੱਧਰ ਉਤੇ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਬਣੀਆਂ ਹੁੰਦੀਆਂ ਹਨ ਜਿਵੇਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਜਾਂ ਫੁਟਬਾਲ ਜਾਂ ਵਾਲੀਬਾਲ ਆਦਿ ਫੈਡਰੇਸ਼ਨਾਂ। ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨਾਲ ਮੁਲਕੀ ਖੇਡ ਫੈਡਰੇਸ਼ਨਾਂ ਤੇ ਮੁਲਕੀ ਖੇਡ ਫੈਡਰੇਸ਼ਨਾਂ ਨਾਲ ਸੂਬਾਈ ਖੇਡ ਐਸੋਸੀਏਸ਼ਨਾਂ ਸੰਬੰਧਿਤ ਹੁੰਦੀਆਂ ਹਨ। ਸਾਰੀਆਂ ਕੌਮਾਂਤਰੀ ਖੇਡ ਫੈਡਰੇਸ਼ਨਾਂ ਕੌਮਾਂਤਰੀ ਓਲੰਪਿਕ ਕਮੇਟੀ ਦੇ ਅਧੀਨ ਕੰਮ ਕਰਦੀਆਂ ਹਨ। ਕੌਮਾਂਤਰੀ ਓਲੰਪਿਕ ਕਮੇਟੀ ਇੱਕ ਖ਼ੁਦਮੁਖਤਾਰ ਸੰਗਠਨ ਹੈ। ਇਹਦਾ ਦਰਜਾ ਯੂ.ਐੱਨ.ਓ.ਵਰਗਾ ਹੈ।

ਕਿਸੇ ਕੌਮਾਂਤਰੀ ਖੇਡ ਫੈਡਰੇਸ਼ਨ ਦਾ ਕੰਮ ਸੰਬੰਧਿਤ ਖੇਡ ਨਾਲ ਜੁੜਿਆ ਹੁੰਦਾ ਹੈ। ਸੰਬੰਧਿਤ ਖੇਡ ਦਾ ਵਿਕਾਸ ਕਰਨਾ, ਖੇਡ ਦੇ ਨਿਯਮ ਬਣਾਉਣੇ, ਬਦਲਣੇ, ਲਾਗੂ ਕਰਨੇ, ਕੌਮਾਂਤਰੀ ਪੱਧਰ ਦੀਆਂ ਖੇਡ ਚੈਂਪੀਅਨਸ਼ਿਪਾਂ ਕਰਾਉਣੀਆਂ, ਰੈਫਰੀ, ਜੱਜ ਤੇ ਅੰਪਾਇਰ ਤਿਆਰ ਕਰਨੇ, ਉਨ੍ਹਾਂ ਦਾ ਟੈੱਸਟ ਲੈਣਾ ਤੇ ਖੇਡ ਸੰਬੰਧੀ ਪਏ ਝਗੜੇ ਝੇੜੇ ਸੁਲਝਾਉਣੇ ਆਦਿ ਕਾਰਜ ਹੁੰਦੇ ਹਨ। ਇੰਜ ਹੀ ਮੁਲਕੀ ਖੇਡ ਫੈਡਰੇਸ਼ਨਾਂ ਮੁਲਕ ਪੱਧਰ ਉਤੇ ਅਤੇ ਸੂਬਾਈ ਖੇਡ ਐਸੋਸੀਏਸ਼ਨਾਂ ਸੂਬਾ ਪੱਧਰ ਉਤੇ ਅਜਿਹੇ ਕਾਰਜ ਕਰਦੀਆਂ ਹਨ। ਜਿਸ ਪੱਧਰ ਦੀ ਖੇਡ ਐਸੋਸੀਏਸ਼ਨ ਜਾਂ ਫੈਡਰੇਸ਼ਨ ਹੁੰਦੀ ਹੈ ਉਸੇ ਪੱਧਰ ਦੀ ਓਲੰਪਿਕ ਐਸੋਸੀਏਸ਼ਨ ਜਾਂ ਕਮੇਟੀ ਉਸ ਦੀ ਨਿਗਰਾਨੀ ਕਰਦੀ ਹੈ। ਉਹ ਉਸ ਨੂੰ ਬੇਨਿਯਮੀ ਨਹੀਂ ਕਰਨ ਦਿੰਦੀ।

ਕੌਮਾਂਤਰੀ ਓਲੰਪਿਕ ਕਮੇਟੀ ਤੋਂ ਥੱਲੇ ਮਹਾਂਦੀਪਾਂ ਦੇ ਓਲੰਪਿਕ ਸੰਘ ਹਨ ਜੋ ਏਸ਼ਿਆਈ, ਯੂਰਪੀ, ਪਾਨ-ਅਮੈਰੀਕਨ, ਓਸ਼ਨੀਆਂ ਤੇ ਅਫਰੀਕੀ ਖੇਡਾਂ ਕਰਾਉਂਦੇ ਹਨ।

ਓਲੰਪਿਕ ਸਭਾਵਾਂ ਕਿਉਂਕਿ ਖ਼ੁਦਮੁਖਤਾਰ ਸਭਾਵਾਂ ਹੁੰਦੀਆਂ ਹਨ ਇਸ ਲਈ ਸੰਬੰਧਿਤ ਸਰਕਾਰਾਂ ਨੂੰ ਉਹਨਾਂ ਦੀ ਬਣਤਰ ਤੇ ਕੰਮ ਕਾਜ ਵਿੱਚ ਦਖਲ ਦੇਣਾ ਵਰਜਿਤ ਹੁੰਦਾ ਹੈ। ਇਹੋ ਕਾਰਨ ਸੀ ਕਿ ਕਈ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੇ ਬਾਵਜੂਦ ਉਥੋਂ ਦੀਆਂ ਓਲੰਪਿਕ ਐਸੋਸੀਏਸ਼ਨਾਂ ਨੇ ਆਪਣੇ ਖਿਡਾਰੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਮਾਸਕੋ ਭੇਜੇ। ਮਿਸਾਲ ਵਜੋਂ ਬਰਤਾਨੀਆਂ ਦੀ ਸਰਕਾਰ ਨੇ ਬਰਤਾਨਵੀ ਓਲੰਪਿਕ ਐਸੋਸੀਏਸ਼ਨ ਨੂੰ ਸਲਾਹ ਦਿੱਤੀ ਸੀ ਕਿ ਦੇਸ਼ ਦੀ ਰਾਜਨੀਤੀ ਅਨੁਸਾਰ ਬਰਤਾਨੀਆਂ ਦੇ ਖਿਡਾਰੀ ਮਾਸਕੋ ਨਾ ਜਾਣ। ਪਰ ਐਸੋਸੀਏਸ਼ਨ ਨੇ ਖਿਡਾਰੀ ਮਾਸਕੋ ਭੇਜੇ ਤੇ ਉਹ ਮੈਡਲ ਵੀ ਜਿੱਤੇ। ਇਹ ਵੱਖਰੀ ਗੱਲ ਹੈ ਬਰਤਾਨੀਆਂ ਦਾ ਝੰਡਾ ਨਾ ਲਹਿਰਾਇਆ ਗਿਆ ਤੇ ਉਹਦੀ ਓਲੰਪਿਕ ਪਰਚਮ ਲਹਿਰਾਇਆ ਗਿਆ।

ਮੁਲਕੀ ਸਰਕਾਰਾਂ ਖੇਡਾਂ ਦੀ ਤਰੱਕੀ ਲਈ ਆਪਣੀਆਂ ਖੇਡ ਕੌਂਸਲਾਂ ਬਣਾ ਲੈਂਦੀਆਂ ਹਨ ਜੋ ਸਰਕਾਰਾਂ ਤੇ ਓਲੰਪਿਕ ਐਸੋਸੀਏਸ਼ਨਾਂ ਵਿਚਾਲੇ ਤਾਲ ਮੇਲ ਰੱਖਦੀਆਂ ਹਨ। ਖੇਡ ਕੌਂਸਲਾਂ ਰਾਹੀਂ ਸਰਕਾਰਾਂ ਓਲੰਪਿਕ ਐਸੋਸੀਏਸ਼ਨਾਂ ਨੂੰ ਮਾਲੀ ਤੇ ਹੋਰ ਕਈ ਪਰਕਾਰ ਦੀ ਸਹਾਇਤਾ ਜ਼ਰੂਰ ਦਿੰਦੀਆਂ ਰਹਿੰਦੀਆਂ ਹਨ ਪਰ ਦਖਲ ਨਹੀਂ ਦੇ ਸਕਦੀਆਂ।

ਕੌਮਾਂਤਰੀ ਓਲੰਪਿਕ ਕਮੇਟੀ ਵੱਲੋਂ ਓਲੰਪਿਕ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਕਿਸੇ ਮੁਲਕ ਨੂੰ ਨਹੀਂ ਸਗੋਂ ਕਿਸੇ ਸ਼ਹਿਰ ਨੂੰ ਸੌਂਪੀ ਜਾਂਦੀ ਹੈ ਜਿਸ ਦਾ ਮੁਖੀ ਸ਼ਹਿਰ ਦਾ ਮੇਅਰ ਹੁੰਦਾ ਹੈ। ਉਸ ਸ਼ਹਿਰ ਦੀ ਪ੍ਰਬੰਧਕ ਕਮੇਟੀ ਸਰਕਾਰ ਦੇ ਸਹਿਯੋਗ ਨਾਲ ਖੇਡਾਂ ਨੂੰ ਨੇਪਰੇ ਚਾੜ੍ਹਦੀ ਹੈ। ਦੁਨੀਆਂ ਦੇ ਅਜਿਹੇ ਖੇਡ ਪ੍ਰਬੰਧ ਦੀ ਬੁਨਿਆਦੀ ਗੱਲ ਇਹ ਹੈ ਕਿ ਓਲੰਪਿਕ ਲਹਿਰ ਸਰਕਾਰਾਂ ਤੋਂ ਆਜ਼ਾਦ ਹੈ। ਸਰਕਾਰਾਂ ਇਸ ਨੂੰ ਸਹਿਯੋਗ ਤਾਂ ਦੇ ਸਕਦੀਆਂ ਹਨ ਪਰ ਇਸ ਦੇ ਕੰਮ ਕਾਰ ਤੇ ਨਿਯਮਾਂ ਵਿੱਚ ਦਖਲ ਨਹੀਂ ਦੇ ਸਕਦੀਆਂ।

ਪੰਜਾਬ ਦੀ ਦੇਸੀ ਖੇਡ ਕਬੱਡੀ ਖਿਡਾਉਣ ਵਾਲੇ ਅਕਸਰ ਕਹਿੰਦੇ ਹਨ ਕਿ ਉਹ ਕਬੱਡੀ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾ ਦੇਣਗੇ। ਅਜਿਹਾ ਕਰਨਾ ਹੈ ਤਾਂ ਉਨ੍ਹਾਂ ਨੂੰ ਕਬੱਡੀ ਨੈਸ਼ਨਲ ਸਟਾਈਲ ਵਾਂਗ ਸੂਬਾਈ ਕਬੱਡੀ ਐਸੋਸੀਏਸ਼ਨਾਂ, ਮੁਲਕੀ ਕਬੱਡੀ ਫੈਡਰੇਸ਼ਨਾਂ ਤੇ ਕੌਮਾਂਤਰੀ ਕਬੱਡੀ ਫੈਡਰੇਸ਼ਨ ਬਣਾਉਣ ਦੀ ਲੋੜ ਪਵੇਗੀ। ਇਨ੍ਹਾਂ ਨੂੰ ਸੰਬੰਧਿਤ ਸੂਬਾਈ ਓਲੰਪਿਕ ਸਭਾਵਾਂ ਤੇ ਮੁਲਕੀ ਓਲੰਪਿਕ ਐਸੋਸੀਏਸ਼ਨਾਂ ਨਾਲ ਜੋੜਨਾ ਤੇ ਉਨ੍ਹਾਂ ਦੀ ਨਿਗਰਾਨੀ ਵਿੱਚ ਕਾਰਜ ਕਰਨਾ ਪਵੇਗਾ। ਕਬੱਡੀ ਦੇ ਖਿਡਾਰੀ ਜਾਂ ਕਲੱਬ ਜੋ ਆਪਣੀਆਂ ਟੀਮਾਂ ਦੇ ਨਾਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਇੰਡੀਆ, ਪਾਕਿਸਤਾਨ, ਨਾਰਵੇ, ਇਟਲੀ, ਯੂ.ਕੇ.ਆਦਿ ਵਰਤ ਰਹੇ ਹਨ ਇਹ ਗ਼ਲਤ ਹਨ। ਮੁਲਕ ਦਾ ਨਾਂ ਵਰਤਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ। ਕਿਸੇ ਵੀ ਦੇਸ਼ ਦਾ ਨਾਂ ਵਰਤਣ ਦਾ ਅਧਿਕਾਰ ਉਥੋਂ ਦੀ ਮੁਲਕੀ ਓਲੰਪਿਕ ਐਸੋਸੀਏਸ਼ਨ ਤੇ ਮੁਲਕੀ ਖੇਡ ਫੈਡਰੇਸ਼ਨ ਕੋਲ ਹੈ। ਜੇ ਕਬੱਡੀ ਵਾਲੇ ਵੀਰ ਪੰਜਾਬ ਦੀ ਸਭ ਤੋਂ ਮਕਬੂਲ ਖੇਡ ਨੂੰ ਮੁਲਕੀ, ਮਹਾਂਦੀਪੀ ਤੇ ਕੌਮਾਂਤਰੀ ਪੱਧਰ ਦੀ ਖੇਡ ਬਣਾਉਣੀ ਚਾਹੁੰਦੇ ਹਨ ਤਾਂ ਉਨ੍ਹਾਂ ਦੁਨੀਆਂ ਦਾ ਖੇਡ ਪ੍ਰਬੰਧ ਜ਼ਰੂਰ ਜਾਣ ਲੈਣਾ ਚਾਹੀਦੈ। ਉਹ ਇਹ ਵੀ ਨਿਰਣਾ ਕਰ ਲੈਣ ਕਿ ਕਬੱਡੀ ਨੂੰ ਸ਼ੌਕੀਆ ਖੇਡ ਰੱਖਣਾ ਹੈ ਜਾਂ ਡਬਲਯੂ ਡਬਲਯੂ ਕੁਸ਼ਤੀਆਂ ਵਾਂਗ ਪੇਸ਼ਾਵਰ ਖੇਡ ਬਣਾਉਣਾ ਹੈ।

Read 3558 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।