ਸਾਲ 1978
ਮੈਂ ਆਪਣੇ ਪਿੰਡ ਸੁਰ ਸਿੰਘ ਦੇ ਹਾਈ ਸਕੂਲ ਵਿੱਚ ਆਪਣੀ ਜਮਾਤ ਦਾ ਪੀਰਡ ਲਾ ਕੇ ਦਫ਼ਤਰ ਵਿੱਚ ਆਣ ਕੇ ਬੈਠਾ ਹੀ ਸਾਂ ਕਿ ਸਕੂਲ ਦੇ ਗੇਟ ਅੱਗੇ ਇੱਕ ਜੀਪ ਰੁਕੀ। ਉਸ ਵਿਚੋਂ ਖ਼ਾਕੀ ਵਰਦੀ ਵਾਲਾ ਅਫ਼ਸਰ, ਅੱਗੇ ਨੂੰ ਥੋੜ੍ਹੇ ਕੁ ਮੋਢੇ ਝੁਕਾ ਕੇ ਤੁਰਦਾ ਹੋਇਆ ਇੰਜ ਲੱਗਾ ਜਿਵੇਂ ਮੋਢਿਆਂ ’ਤੇ ਲਿਸ਼ਕਦੇ ਸਟਾਰ ਵਿਖਾਉਣ ਲਈ ਉਚੇਚ ਕਰ ਰਿਹਾ ਹੋਵੇ। ਉਸਦੇ ਪਿੱਛੇ ਪਿੱਛੇ ਉਸਦਾ ਸਹਾਇਕ। ਉਹ ਦਫ਼ਤਰ ਵਿੱਚ ਆ ਵੜੇ।
ਮੈਂ ਸੋਚਿਆ, “ਲੈ ਪੈ ਗਿਆ ਫੇਰ ਕੋਈ ਸਿਆਪਾ!”
ਅਫ਼ਸਰ ਨੇ ਪੁੱਛਦੀਆਂ ਨਜ਼ਰਾਂ ਨਾਲ ਸਾਹਮਣੀ ਕੁਰਸੀ ’ਤੇ ਬੈਠੇ ਮੁੱਖ ਅਧਿਆਪਕ ਨੂੰ ਪੁੱਛਿਆ, “ਵਰਿਆਮ ਸਿੰਘ ਸੰਧੂ?”
ਮੁੱਖ ਅਧਿਆਪਕ ਨੂੰ ਮੇਰੇ ਵਾਲਾ ਫ਼ੁਰਨਾ ਹੀ ਫੁਰਿਆ ਹੋਣਾ ਏਂ। ਮੁਸਕਰਾ ਕੇ ਬੜੇ ਅਦਬ ਨਾਲ ਕਹਿੰਦਾ, “ਸਾਹਿਬ ਬਹਾਦਰ! ਤੁਸੀਂ ਬੈਠੋ ਤਾਂ ਸਹੀ ਕੁਰਸੀ ਲੈ ਕੇ। ਸੰਧੂ ਸਾਬ੍ਹ ਏਥੇ ਈ ਨੇ। ਆਹ ਵੇਖੋ। ਲਿਆ ਬਈ ਬੁੱਢਾ ਸਿਅ੍ਹਾਂ! ਪਾਣੀ ਦਾ ਗਿਲਾਸ ਸਰਦਾਰ ਸਾਬ੍ਹ ਲਈ।”
ਪਰ ‘ਸਾਹਿਬ ਬਹਾਦਰ’ ਕੁਰਸੀ ’ਤੇ ਨਹੀਂ ਬੈਠਾ। ਮੇਰੀ ਕੁਰਸੀ ਵੱਲ ਵਧਿਆ। ਬੜੇ ਤਪਾਕ ਨਾਲ ਮੇਰੇ ਨਾਲ ਹੱਥ ਮਿਲਾਇਆ। ਉਸਦੇ ਮਿਲਣ ਵਿਚਲੀ ਗਰਮਜੋਸ਼ੀ ਨੇ ਮੇਰਾ ਸਾਹ ਸੌਖਾ ਜਿਹਾ ਕਰ ਦਿੱਤਾ। ਮੈਂ ਹੈਰਾਨ ਵੀ ਹੋਇਆ। ਪੁਲਿਸ ਵਿੱਚ ‘ਏਡਾ ਮੇਰਾ ਕਿਹੜਾ ਦਰਦੀ!’
ਹੁਣ ਤੁਸੀਂ ਅੰਦਰੇ ਅੰਦਰ ਹੱਸਦੇ ਹੋਵੋਗੇ ਕਿ ਏਡਾ ਨਾਟਕੀ ਦ੍ਰਿਸ਼ ਸਿਰਜਣ ਦੀ ਭਲਾ ਕੀ ਲੋੜ ਸੀ! ਸਾਰੇ ਜਾਣਦੇ ਨੇ ਉਹ ‘ਸਾਹਿਬ ਬਹਾਦਰ’ ਆਪਣਾ ਕਿਰਪਾਲ ਸਿੰਘ ਪੰਨੂੰ ਹੀ ਸੀ।
ਮੈਂ ਕਦੋਂ ਮੁੱਕਰਦਾਂ। ਹੈ ਤਾਂ ਕਿਰਪਾਲ ਸਿੰਘ ਪੰਨੂੰ ਹੀ ਸੀ ਪਰ ਇੱਕ ਵਾਰ ਤਾਂ ਜਨਾਬ ਨੇ ਮੇਰਾ ਤਰਾਹ ਕੱਢ ਦਿੱਤਾ ਸੀ। ਅੱਜ ਤੱਕ ਮੈਨੂੰ ਪੁਲਿਸ ‘ਲੈਣ’ ਈ ਆਉਂਦੀ ਰਹੀ ਸੀ, ‘ਮਿਲਣ’ ਕਦੀ ਨਹੀਂ ਸੀ ਆਈ ਤੇ ਉਹ ਵੀ ਏਸ ਮੁਹੱਬਤੀ ਤੇ ਮਿਲਾਪੜੇ ਅੰਦਾਜ਼ ਵਿਚ! ਉਹਨੀਂ ਦਿਨੀਂ ਸਰਕਾਰ ਦਾ ਕੁੱਝ ਵਧੇਰੇ ਹੀ ’ਚਹੇਤਾ’ ਹੋਣ ਕਰਕੇ ਪੁਲਿਸ ਦੇ ‘ਆਉਣ’ ਤੇ ਮੈਨੂੰ ‘ਲੈ ਜਾਣ’ ਦਾ ਮਾਣ ਅਕਸਰ ਮਿਲਦਾ ਰਹਿੰਦਾ ਸੀ। ਹੁਣ ਵੀ ਮੈਂ ਉਹਨਾਂ ਨੂੰ ਵੇਖ ਕੇ ਇਹੋ ਹੀ ਲੱਖਣ ਲਾਇਆ ਸੀ ਕਿ ‘ਲਾਲ ਪਗੜੀਆਂ ਵਾਲੇ ਆਲੋਚਕ’ ਮੇਰੇ ‘ਕੀਤੇ ਕੰਮਾਂ ਤੇ ਲਿਖਤਾਂ ਦੀ ਦਾਦ ਦੇਣ ਮੁੜ ਤੋਂ ਆਣ ਧਮਕੇ ਹਨ।’
ਕੁਰਸੀ ਉੱਤੇ ਬੈਠ ਕੇ ਪੰਨੂੰ ਮੇਰਾ ਵੱਜ ਬਣਾ ਰਿਹਾ ਸੀ। ਪਿਛਲੇ ਦਿਨ ਉਹ ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਕਿਤਾਬਾਂ ਰਿਸਾਲੇ ਵੇਖ ਰਿਹਾ ਸੀ ਤੇ ਕੁੱਝ ਵਿਸ਼ੇਸ਼ ਸਾਹਿਤਕਾਰਾਂ ਦੀਆਂ ਨਵੀਆਂ ਛਪੀਆਂ ਕਿਤਾਬਾਂ ਬਾਰੇ ਪੁੱਛ ਰਿਹਾ ਸੀ ਕਿ ਸਟਾਲ ’ਤੇ ਖਲੋਤੇ ਮੇਰੇ ਕਿਸੇ ਜਾਣੂ ਪਾਠਕ ਨੇ ਪੁੱਛਿਆ, “ਤੁਸੀਂ ਸਾਡੇ ਇਲਾਕੇ ਦੇ ਲੇਖਕ ਵਰਿਆਮ ਸਿੰਘ ਸੰਧੂ ਨੂੰ ਪੜ੍ਹਿਆ ਏ?” ਤੇ ਫਿਰ ਮੇਰੀਆਂ ਗੱਲਾਂ ਚੱਲ ਪਈਆਂ। ਪੰਨੂੰ ਨੇ ਉਸਤੋਂ ਮੇਰੇ ਪਿੰਡ ਤੇ ਥਾਂ-ਟਿਕਾਣੇ ਬਾਰੇ ਪੁੱਛਿਆ। ਮੈਂ ਤਾਂ ਉਸਦੀ ਪਹੁੰਚ ਵਿੱਚ ਸਾਂ। ਪੰਨੂੰ ਉਦੋਂ ਮੇਰੇ ਪਿੰਡ ਤੋਂ ਸਵਾ-ਡੇਢ ਮੀਲ ਦੀ ਵਿੱਥ ’ਤੇ ਬਣੀ ਬੀ ਐਸ ਐਫ਼ ਦੀ ਛਾਉਣੀ ਵਿਖੇ ਤਾਇਨਾਤ ਸੀ। ਅਗਲੇ ਦਿਨ ਛਾਉਣੀਓਂ ਨਿਕਲਦਿਆਂ ਉਸਨੇ ਡਰਾਈਵਰ ਨੂੰ ਜੀਪ ਮੇਰੇ ਪਿੰਡ ਵੱਲ ਮੋੜਨ ਲਈ ਕਿਹਾ ਤੇ ਹੁਣ ਅਸੀਂ ਆਹਮੋ-ਸਾਹਮਣੇ ਸਾਂ।
ਓਥੋਂ ਉੱਠ ਕੇ ਅਸੀਂ ਘਰ ਚਲੇ ਗਏ। ਜਲ-ਪਾਣੀ ਪੀਤਾ, ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਜਾਣ ਲੱਗਾ ਉਹ ਮੇਰੇ ਰੋਕਦਿਆਂ ਰੋਕਦਿਆਂ ਤੇ ਕਹਿੰਦਿਆਂ ਕਹਿੰਦਿਆਂ ਕਿ ‘ਇਹ ਮੇਰੇ ਕੰਮ ਦੀ ਚੀਜ਼ ਨਹੀਂ’ ਉਹ ਉਚੇਚੇ ਤੌਰ ’ਤੇ ਮੇਰੇ ਲਈ ਲਿਆਂਦੀ ਰੰਮ ਦੀ ਬੋਤਲ ਰੱਖ ਗਿਆ ਤੇ ਮੇਰੇ ਕੋਲੋਂ ਕੁੱਝ ਕਿਤਾਬਾਂ ਦੇ ਨਾਲ ਨਾਲ ਮੇਰਾ ਦਿਲ ਵੀ ਆਪਣੇ ਨਾਲ ਲੈ ਗਿਆ। ਨਾ ਉਸਨੇ ਮੁੜ ਕੇ ਮੇਰੀਆਂ ਕਿਤਾਬਾਂ ਮੋੜੀਆਂ ਤੇ ਨਾ ਦਿਲ ਹੀ। ਪਰ ਉਸਦੇ ਮਿਲਣ ਆਉਣ ਨਾਲ ਮੇਰੀ ਚੰਗੀ ਭੱਲ ਬਣੀ। ਸਕੂਲ ਦੇ ਮਾਸਟਰ ਤੇ ਪਿੰਡ ਦੇ ਲੋਕ ਸਮਝਣ ਲੱਗੇ ਕਿ ‘ਮੈਂ ਵੀ ਕੁੱਝ ਹਾਂ’ ਜਿਹਨੂੰ ਏਡੇ ਏਡੇ ਅਫ਼ਸਰ ‘ਸਲਾਮ’ ਕਰਨ ਆਉਂਦੇ ਨੇ।
ਸਾਡੀਆਂ ਮਿਲਣੀਆਂ ਦਾ ਨਿੱਕਾ ਜਿਹਾ ਸਿਲਸਿਲਾ ਚੱਲ ਕੇ ਛੇਤੀ ਹੀ ਬੰਦ ਵੀ ਹੋ ਗਿਆ। ਫਿਰ ਲੰਮਾਂ ਅਰਸਾ ਉਸ ਵੱਲੋਂ ਕੁੱਝ ਸੁਖ-ਸੁਨੇਹਾ ਨਾ ਪੁੱਜਾ। ਇੱਕ ਦਿਨ ਇੱਕ ਬੰਦਾ ਆਇਆ। ਕਹਿਣ ਲੱਗਾ, “ਪੰਨੂੰ ਸਾਹਿਬ ਦੀ ਬਦਲੀ ਜੰਮੂ-ਕਸ਼ਮੀਰ ਵੱਲ ਹੋ ਗਈ ਏ ਤੇ ਉਹਨਾਂ ਤੁਹਾਡੇ ਲਈ ਕੁੱਝ ਸਮਾਨ ਭੇਜਿਆ ਏ।”
ਇਹ ਜੂਸ ਦੀਆਂ ਬੋਤਲਾਂ ਸਨ ਤੇ ਨਾਲ ਅਖ਼ਰੋਟਾਂ ਦੀ ਪੋਟਲੀ। ਪੰਨੂੰ ਦੂਰ ਜਾ ਕੇ ਵੀ ਮੇਰੇ ਨੇੜੇ ਸੀ। ਪਹਿਲਾਂ ‘ਰੰਮ’ ਦੇ ਰੂਪ ਵਿੱਚ ਤੇ ਹੁਣ ‘ਜੂਸ’ ਦੇ ਰੂਪ ਵਿਚ।
ਫਿਰ ਅਸੀਂ ਅਜਿਹਾ ਵਿੱਛੜੇ ਕਿ ‘ਕੁੰਭ ਦੇ ਮੇਲੇ’ ’ਤੇ ਵਿਛੜਿਆਂ ਦੇ ਸਾਲਾਂ ਬਾਅਦ ਮਿਲਣ ਵਾਲੀ ਗੱਲ ਹੋ ਗਈ। ਪਹਿਲੀ ਮਿਲਣੀ ਤੋਂ ਪੂਰੇ ਦਸ ਸਾਲ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਚੰਡੀਗੜ੍ਹ ਵਿੱਚ ਕਹਾਣੀ ਪੜ੍ਹਨ ਗਿਆ। ਪੰਨੂੰ ਪੰਜਾਬੀ ਲੇਖਿਕਾ ਕਾਨਾ ਸਿੰਘ ਦੇ ਸੰਗ-ਸਾਥ ਟਹਿਕਦਾ ਹੋਇਆ ਓਥੇ ਪਹੁੰਚਿਆ। ਇਹਨੀਂ ਦਿਨੀਂ ਉਹ ਨੌਕਰੀ ਤੋਂ ਸੇਵਾ-ਮੁਕਤ ਹੋ ਕੇ ਮੋਹਾਲੀ ਰਹਿ ਰਿਹਾ ਸੀ। ਏਸ ਮਿਲਣੀ ਤੋਂ ਬਾਅਦ ਅਸੀਂ ਫਿਰ ‘ਕੁੰਭ ਦਾ ਮੇਲਾ’ ਵੇਖਣ ਚਲੇ ਗਏ ਤੇ ਮੁੜ ਵਿੱਛੜ ਗਏ। ਮੁੜ ਨਾ ਮੈਂ ਤੇ ਨਾ ਪੰਨੂੰ ਆਪਸ ਵਿੱਚ ਸੰਪਰਕ ਸਾਧ ਸਕੇ।
ਮੁੜ 1999 ਵਿੱਚ ਮੈਂ ਆਪਣੇ ਲੜਕੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਟਰਾਂਟੋ ਗਿਆ ਤਾਂ ਪਤਾ ਲੱਗਾ ਕਿ ਕਿਰਪਾਲ ਸਿੰਘ ਪੰਨੂੰ ਟਰਾਂਟੋ ਰਹਿੰਦਾ ਹੈ ਤੇ ਸਭ ਸਾਹਿਤ-ਪ੍ਰੇਮੀਆਂ ਤੇ ਕਲਾਕਾਰਾਂ ਦੇ ਦਿਲ ਵਿੱਚ ਵੜਿਆ ਹੋਇਆ ਹੈ। ਸੇਵਾ-ਮੁਕਤ ਹੋਣ ਤੋਂ ਪਿੱਛੋਂ ਉਹ 1991 ਵਿੱਚ ਕਨੇਡਾ ਚਲਾ ਗਿਆ ਸੀ। ਏਥੇ ਹਰ ਕੋਈ ਉਹਨੂੰ ਜਾਣਦਾ ਸੀ। ਇਹ ਵੀ ਪਤਾ ਲੱਗਾ ਕਿ ਉਸਨੇ ਕੰਪਿਊਟਰ ਉੱਤੇ ਉਂਗਲਾਂ ਮਾਰ ਮਾਰ ਕੇ ਇਸ ਖੇਤਰ ਵਿੱਚ ਕਈ ਨਵੀਆਂ ਪ੍ਰਾਪਤੀਆਂ ਕਰ ਲਈਆਂ ਨੇ। ਪੰਜਾਬੀ ਫੌਂਟਾਂ ਤਿਆਰ ਕਰਨ ਵਿੱਚ ਬੜਾ ਵਿਸ਼ੇਸ਼ ਰੋਲ ਨਿਭਾਇਆ ਹੈ। ਸ਼ਾਹਮੁਖੀ-ਗੁਰਮੁਖੀ ਲਿਪੀਆਂ ਨੂੰ ਆਪਸ ਵਿੱਚ ਤਬਦੀਲ ਕਰਨ ਲਈ ਸੰਸਾਰ ਵਿੱਚ ਮੁਢਲਾ ਤੇ ਪਹਿਲਾ ਕੰਮ ਉਸਨੇ ਹੀ ਕੀਤਾ ਹੈ ਤੇ ਇਸ ਕਾਰਜ ਲਈ ਸ਼ਾਹਮੁਖੀ ਦੀ ਬਾਬਾਫਰੀਦ ਫੌਂਟ ਵੀ ਉਸਾਰੀ ਹੈ; ਉਸਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਵੀ ਸ਼ਾਹਮੁਖੀ ਵਿੱਚ ਲਿੱਪੀਅੰਤਰ ਕੀਤਾ ਹੈ। ਇਸਤੋਂ ਇਲਾਵਾ ਵੈੱਬ ਸਾਈਟਾਂ ਉੱਤੇ ਸਾਰੀਆਂ ਫੌਂਟਾਂ ਦੇ ਅੱਖਰ ਖਿੱਲਰ ਜਾਣ ਦੀ ਸਮੱਸਿਆ ਦਾ ਹੱਲ ਖੋਜਿਆ ਹੈ ਤੇ ਲੱਗ ਪੱਗ ਸਾਰੀਆਂ ਗੁਰਮੁਖੀ ਫੌਂਟਾਂ ਉੱਤੇ ਉਹ ਟਰੀਟਮੈਂਟ ਦਿੱਤਾ ਜਾਣ ਲੱਗਾ ਹੈ; ਪੰਜਾਬੀ ਸ਼ਬਦ ਜੋੜ ਚੈੱਕ ਲਈ ਹਰਕੀਰਤ ਸਿੰਘ ਵਾਲ਼ਾ ਸ਼ਬਦਜੋੜ ਟਾਈਪ ਕੀਤਾ ਅਤੇ ਉਸਨੂੰ ਕੰਪਿਊਟਰ ਦੀ ਕਸਟਮ ਡਿਕਸ਼ਨਰੀ ਵਿੱਚ ਪਾ ਦਿੱਤਾ ਹੈ। ਲੱਗ ਪੱਗ ਗੁਰਮੁਖੀ ਦੀਆਂ ਸਾਰੀਆਂ ਫੌਂਟਾਂ ਦਾ ਇੱਕ ਦੂਜੇ ਵਿੱਚ ਕਨਵਰਸ਼ਨ ਤਿਆਰ ਕੀਤਾ ਹੈ ਆਦਿ ਆਦਿ।
ਹੈਰਾਨੀ ਹੋਈ; ਇੱਕ ‘ਫੌਜੀ’ ਤੇ ਏਨੇ ਬਰੀਕ ਖੇਤਰ ਦੀ ਜਾਣਕਾਰੀ ਤੇ ਉਹ ਵੀ ਆਪਣੇ ਬਲ-ਬੁੱਤੇ; ਬਿਨਾ ਕਿਸੇ ਅਗਵਾਈ ਤੋਂ। ਕੇਵਲ ਆਪਣੀ ਖੋਜੀ ਬਿਰਤੀ ਤੇ ਮਿਹਨਤ ਦੀ ਬਦੌਲਤ। ਜ਼ਰੂਰ ਉਸ ਵਿੱਚ ਲੁਕੀ ਪ੍ਰਤਿਭਾ ਦਾ ਹੀ ਕਮਾਲ ਤਾਂ ਸੀ। ਸੋਚਿਆ, ਜੇ ਉਹ ਸਿਪਾਹੀ ਤੋਂ ਅਫ਼ਸਰ ਬਣ ਸਕਦਾ ਹੈ ਤਾਂ ਉਹ ਇਹ ਸਭ ਕੁੱਝ ਭਲਾ ਕਿਉਂ ਨਹੀਂ ਕਰ ਸਕਦਾ! ਫਿਰ ਖ਼ਿਆਲ ਆਇਆ; ਨਹੀਂ, ਸਿਪਾਹੀ ਤੋਂ ਅਫ਼ਸਰ ਤਾਂ ਹੋਰ ਵੀ ਅਨੇਕਾਂ ਲੋਕ ਬਣੇ ਨੇ ਪਰ ਕਿਰਪਾਲ ਸਿੰਘ ਪੰਨੂੰ ਬਣਨਾ ਬੜਾ ਔਖਾ ਹੈ। ਇਹ ਵੱਖਰੀ ਗੱਲ ਹੈ ਕਿ ਪੰਨੂੰ ਅਨੁਸਾਰ ਹਰੇਕ ਬੰਦਾ ਉਸ ਵਾਂਗ ਕਰ ਸਕਦਾ ਹੈ ਤੇ ਉਸ ਜਿਹਾ ਬਣ ਸਕਦਾ ਹੈ। ਏਸੇ ਭਰੋਸੇ ’ਤੇ ਹੀ ਉਹ ਮੇਰੇ ਵਰਗਿਆਂ ਨੂੰ ਹੌਂਸਲਾ ਦੇਵੇਗਾ ਕਿ ਮੈਂ ਵੀ ਕੰਪਿਊਟਰ ਦੀਆਂ ਬਰੀਕੀਆਂ ਸਿੱਖ ਸਕਦਾ ਹਾਂ। ਪਰ ਕਿੱਥੇ ‘ਰਾਜਾ’ ਕਿਰਪਾਲ ਸਿੰਘ ਪੰਨੂੰ ਤੇ ਕਿੱਥੇ ‘ਜੱਟ-ਬੂਟ’ ਵਰਿਆਮ ਸਿੰਘ ਸੰਧੂ!
ਮੈਨੂੰ ਇਹ ਵੀ ਪਤਾ ਲੱਗਾ ਕਿ ਪੰਨੂੰ ਲੇਖਕ ਵੀ ਬਣ ਗਿਆ ਹੈ। ਕਵਿਤਾ ਵੀ ਲਿਖਦਾ ਹੈ ਤੇ ਕਹਾਣੀ ਵੀ। ਸਗੋਂ ਇਸਤੋਂ ਵੀ ਅੱਗੇ ਵਧ ਕੇ ਉਹ ‘ਉਸਤਾਦ’ ਲੇਖਕ ਬਣ ਗਿਐ ਅਤੇ ਨਵੇਂ ਲੇਖਿਕ-ਲੇਖਿਕਾਵਾਂ ਨੂੰ ਲਿਖਣ ਦੇ ਗੁਰ ਸਿਖਾਉਂਦਾ ਹੈ ਤੇ ਉਹਨਾਂ ਦੀਆਂ ਲਿਖਤਾਂ ਦੀ ਇਸਲਾਹ ਵੀ ਕਰਦਾ ਹੈ। ਕਨੇਡਾ ਦੇ ਕਈ ਚਰਚਾ ਵਿੱਚ ਆਏ ਲੇਖਕ ਇਹ ਮੰਨਦੇ ਹਨ ਕਿ ਉਹਨਾਂ ਨੂੰ ਸਿਰਜਣਾਤਮਕ ਹੁਲਾਰਾ ਦੇਣ ਵਿੱਚ ਪੰਨੂੰ ਦਾ ਹੱਥ ਹੈ। ਇਹ ਵੀ ਪਤਾ ਲੱਗਾ ਕਿ ਉਹ ਅਖ਼ਬਾਰਾਂ ਲਈ ਲੇਖ ਵੀ ਲਿਖਦਾ ਹੈ ਤੇ ‘ਠਰਕੀ ਦੀ ਅੱਖ ’ਚੋਂ’ ਕਾਲਮ ਅਧੀਨ ਮੀਡੀਏ ਤੇ ਸਾਹਿਤ ਦੀ ਆਲੋਚਨਾ ਵੀ ਕਰਦਾ ਹੈ।
ਪੰਨੂੰ ਤਾਂ ਮੇਰੇ ਸਾਹਮਣੇ ਸਤਰੰਗੀ ਪੀਂਘ ਦੇ ਸੱਤਾਂ ਰੰਗਾ ਵਾਂਗ ਖਿੱਲਰਿਆ ਨਜ਼ਰ ਆਉਣ ਲੱਗਾ। ਇੱਕ ਇਕੱਲੇ ਬੰਦੇ ਵਿੱਚ ਏਨੀ ਵਿਵਿਧਤਾ ਤੇ ਏਨੀ ਸਮਰੱਥਾ। ਮੈਂ ਉਸਨੂੰ ਮਿਲਣ ਲਈ ਮੁੜ ਤੋਂ ਤਾਂਘਣ ਲੱਗਾ।
ਮੈਨੂੰ ਕਨੇਡਾ ਦੀ ਇਮੀਗ੍ਰੇਸ਼ਨ ਮਿਲੀ ਤਾਂ ਕੁਦਰਤ ਨੇ ਪਿਛਲੇ ਵਿਛੋੜਿਆਂ ਨੂੰ ਧੋ ਸੁੱਟਿਆ। ਅਸੀਂ ਦੋਵੇਂ ਨੇੜਲੇ ਗਵਾਂਢੀ ਬਣ ਗਏ। ਸਾਡੇ ਦੋਵਾਂ ਦੇ ਘਰ ਕਾਂ-ਉਡਾਰੀ ਮੁਤਾਬਕ ਮਾਪੀਏ ਤਾਂ ਸਿਰਫ਼ ਸੌ ਗਜ਼ ਦੀ ਦੂਰੀ ’ਤੇ ਹੋਣਗੇ। ਪਰ ਅਸੀਂ ‘ਕਾਂ’ ਤਾਂ ਨਹੀਂ ਨਾ, ‘ਬੰਦੇ’ ਹਾਂ; ਤੇ ਜੇ ਬੰਦਿਆਂ ਵਾਂਗ ਵਲ਼-ਵਲ਼ਾ ਕੇ ਸੜਕਾਂ ਰਾਹੀਂ ਇਕ-ਦੂਜੇ ਵੱਲ ਆਈਏ-ਜਾਈਏ ਤਾਂ ਵੀ ਮਸਾਂ ਪੰਦਰਾਂ-ਵੀਹ ਮਿੰਟ ਲੱਗਦੇ ਨੇ। ਅਸੀਂ ਰੋਜ਼ ਸੈਰ ਕਰਨ ਦਾ ਨੇਮ ਬਣਾ ਲਿਆ। ਸਵੇਰੇ ਸੈਰ ਕਰਨੀ ਹੋਵੇ ਜਾਂ ਸ਼ਾਮ ਨੂੰ ਵਿਚਕਾਰਲੀ ਵੱਡੀ ਸੜਕ ‘ਬੋਵੇਰਡ’ ਸਾਡੀ ਝਨਾਂ ਬਣ ਜਾਂਦੀ ਹੈ। ਜਿਹੜਾ ਪਹਿਲਾਂ ਪਹੁੰਚ ਜਾਏ ਉਹ ‘ਮਹੀਂਵਾਲ’ ਬਣ ਕੇ ਲਾਈਟਾਂ ਤੋਂ ਪਾਰ ਦੂਜੇ ਨੂੰ ਉਡੀਕ ਰਿਹਾ ਹੁੰਦਾ ਏ। ਬਹੁਤੀ ਵਾਰ ਮੈਂ ਹੀ ਝਨਾਂ ਪਾਰ ਕਰਕੇ ਉਸ ਪਾਸੇ ਜਾਂਦਾ ਹਾਂ ਕਿਉਂਕਿ ਅਸੀਂ ਸੈਰ ਉਹਦੇ ਘਰ ਵਾਲੇ ਪਾਸੇ ਦੀਆਂ ਸੜਕਾਂ ’ਤੇ ਕਰਦੇ ਹਾਂ। ਜੇ ਕਿਤੇ ਕੋਈ ਜਣਾ ਲੇਟ ਹੋ ਜਾਏ ਤਾਂ ਦੂਜਾ ਤੁਰਦਾ ਤੁਰਦਾ ‘ਬੁਰੇ’ ਦੇ ਘਰ ਤੱਕ ਅੱਪੜ ਜਾਂਦਾ ਹੈ। ਸੈਰ ਤੋਂ ਵਾਪਸੀ ’ਤੇ ਪੰਨੂੰ ਉਹਨਾਂ ਲਾਈਟਾਂ ਤੇ ਮੈਨੂੰ ਵਿਦਾ ਕਰਨ ਆਉਂਦਾ ਹੈ। ਮੈਂ ਜਿੰਨਾਂ ਚਿਰ ਸੜਕ ਪਾਰ ਕਰਕੇ ਪਿੱਛੇ ਨੂੰ ਵੇਖ ਕੇ ਉਹਨੂੰ ਹੱਥ ਨਾ ਹਿਲਾਵਾਂ ਉਹ ਓਥੇ ਖਲੋਤਾ ਰਹਿੰਦਾ ਹੈ।
ਜਦੋਂ ਅਜੇ ਅਸੀਂ ਸੈਰ ਸ਼ੁਰੂ ਨਹੀਂ ਸੀ ਕੀਤੀ ਮੈਂ ਇੱਕ ਦਿਨ ਫਿਰਦਾ ਫਿਰਾਉਂਦਾ, ਤੁਰਦਾ ਹੋਇਆ ਪੰਨੂੰ ਦੇ ਘਰ ਕੋਲੋਂ ਲੰਘਿਆ ਤਾਂ ਸੋਚਿਆ ਜਾਂਦਾ ਜਾਂਦਾ ਸਲਾਮ ਹੀ ਬੁਲਾ ਜਾਂਦਾ ਹਾਂ। ਕਨੇਡਾ ਵਿੱਚ ਕਿਸੇ ਦੇ ਘਰ ਬਿਨਾ ਪੁੱਛਿਆਂ ਜਾਣ ਦਾ ਰਿਵਾਜ ਨਹੀਂ ਪਰ ਮੈਂ ਜੇਰਾ ਕਰ ਲਿਆ। ਬੈੱਲ ਸੁਣ ਕੇ ਪੰਨੂੰ ਨੇ ਬੂਹਾ ਖੋਲ੍ਹਿਆ ਪਰ ਬੂਹੇ ’ਚ ਡਟ ਕੇ ਖਲੋਤਾ ਰਿਹਾ ਤੇ ਬਿਨਾ ਅੰਦਰ ਆਉਣ ਦਾ ਸੱਦਾ ਦਿੱਤੇ ਅਜਨਬੀਆਂ ਵਾਂਗ ਮੈਨੂੰ ਕਹਿੰਦਾ, “ਦੱਸੋ।” ਮੈਂ ਛਿੱਥਾ ਜਿਹਾ ਤਾਂ ਹੋਇਆ ਪਰ ਆਪਣੇ ਖ਼ਾਸ ਅੰਦਾਜ਼ ਵਿੱਚ ਕਿਹਾ, “ਜਨਾਬ! ਬਿਨਾਂ ਪੁੱਛਿਆਂ ਕਿਸੇ ਦੇ ਘਰ ਆ ਜਾਣਾ ਹੈ ਤਾਂ ਬੰਦੇ ਦੀ ਹਿਮਾਕਤ ਈ। ਪਰ ਇਸ ਘਰ ਨੂੰ ਆਪਣਾ ਘਰ ਤੇ ਤੁਹਾਨੂੰ ਆਪਣਾ ਬੰਦਾ ਸਮਝਣ ਦੀ ਭੁੱਲ ਕਰਦਿਆਂ ਹੋਇਆਂ ਮਨ ਬੇਕਾਬੂ ਜਿਹਾ ਹੋ ਗਿਆ। ਏਧਰ ਦੀ ਗੁਜ਼ਰ ਰਿਹਾ ਸਾਂ ਤਾਂ ਸੋਚਿਆ ਹਜ਼ੂਰ ਨੂੰ ਸਲਾਮ ਕੀਤੇ ਤੋਂ ਬਿਨਾ ਲੰਘ ਜਾਣਾ ਗੁਸਤਾਖ਼ੀ ਹੋਵੇਗੀ। ਹੁਣ ਅੰਦਰ ਆਉਣ ਲਈ ਤਾਂ ਤੁਸਾਂ ਮੈਨੂੰ ਕਹਿਣਾ ਨਹੀਂ। ਮੇਰੀ ਸਲਾਮ ਕਬੂਲ ਕਰੋ ਤੇ ਬੇਆਰਾਮ ਕਰਨ ਲਈ ਕੀਤੇ ਗੁਨਾਹ ਲਈ ਮੁਆਫ਼ ਕਰੋ।” ਮੈਂ ਵਾਪਸ ਮੁੜਨ ਲਈ ਅਹੁਲਿਆ। ਪੰਨੂੰ ਹੱਸ ਪਿਆ ਤੇ ਅੰਦਰ ਲੰਘਣ ਲਈ ਰਾਹ ਛੱਡ ਦਿੱਤਾ। ਫਿਰ ਦਿਲ ਦੇ ਦਰਵਾਜ਼ੇ ਹੀ ਖੋਲ੍ਹ ਦਿੱਤੇ। ਦੋ ਘੰਟੇ ਗੱਪਾਂ ਵੀ ਮਾਰੀਆਂ। ਜਲ-ਪਾਣੀ ਵੀ ਛਕਾਇਆ ਤੇ ਕੰਪਿਊਟਰ ਬਾਰੇ ਧੱਕੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਇਹ ਵੀ ਹਦਾਇਤ ਕੀਤੀ ਕਿ ਮੈਂ ਇੱਕ ਦੀ ਥਾਂ ਅੱਠ ਉਂਗਲਾਂ ਨਾਲ ਟਾਈਪ ਕਰਿਆ ਕਰਾਂ। ਇਹ ਘਟਨਾ ਸੁਨਾਉਣ ਤੋਂ ਮੇਰੀ ਮੁਰਾਦ ਹੈ ਕਿ ਕਈ ਵਾਰ ਪੰਨੂੰ ਤੁਹਾਨੂੰ ਬੜਾ ਖ਼ੁਸ਼ਕ ਤੇ ਰੁੱਖਾ ਲੱਗੇਗਾ। ਫ਼ੋਨ ਉੱਤੇ ਵੀ ਕੋਈ ਆਪਣਾ ਨਾਂ ਦੱਸੇ ਤਾਂ ਉਹ ਕੋਰਾ ਜਿਹਾ ਹੋ ਕੇ ਆਖੇਗਾ, “ਹਾਂ, ਅੱਗੇ ਗੱਲ ਕਰ।” ਜਿਵੇਂ ਛੇਤੀ ਯੱਭ ਨਿਬੇੜਨਾ ਚਾਹੁੰਦਾ ਹੋਵੇ। ਉਸਦੇ ਭੇਤੀ ਜਾਣਦੇ ਨੇ ਕਿ ਇਹ ਤਾਂ ਬਦਾਮ ਦੀ ਉਤਲੀ ਛਿੱਲੜ ਵਰਗਾ ਉਤਲਾ ਉਤਲਾ ਪੰਨੂੰ ਹੈ; ਅਸਲੀ ਪੰਨੂੰ ਤਾਂ ਹੇਠਾਂ ਮਿੱਠੀ ਗਿਰੀ ਵਾਂਗ ਲੁਕਿਆ ਹੋਇਆ ਹੈ। ਇੱਕ ਦਿਨ ਫੇਰ ਮੈਂ ਪੰਨੂੰ ਦੇ ਘਰ ਕੋਲੋਂ ਲੰਘਿਆ ਪਰ ਬੈੱਲ ਨਾ ਕੀਤੀ। ਬਾਅਦ ਵਿੱਚ ਦੱਸਿਆ ਕਿ ਮੈਂ ਤੁਹਾਡੇ ਘਰ ਕੋਲੋਂ ਲੰਘਿਆ ਸਾਂ ਤਾਂ ਉਹ ਕਹਿੰਦਾ, “ਵੇਖ ਲਾ ਫੌਜੀਆ! ਚੰਗੀ ਨਹੀਂ ਕਰਦਾ। ਕੋਲੋਂ ਦੀ ਲੰਘ ਜਾਂਦਾ ਏਂ। ਤੇਰੇ ਲਈ ਤਾਂ ਦਿਲ ਦੇ ਦਰਵਾਜ਼ੇ ਸਦਾ ਚੌੜ-ਚੁਪੱਟ ਖੁੱਲ੍ਹੇ ਰਹਿੰਦੇ ਨੇ।” ਇਹਨਾਂ ਖੁੱਲ੍ਹੇ ਦਰਵਾਜ਼ਿਆਂ ਦਾ ਲਾਭ ਇਹ ਹੈ ਕਿ ਅਸੀਂ ਦੋਵੇਂ ਜੀਅ ਪੰਨੂੰ ਦੇ ਘਰ ਜਦੋਂ ਚਾਹੀਏ ਆਪਣੇ ਘਰ ਵਾਂਗ ਬਿਨਾ ਕਿਸੇ ਪੂਰਵ ਸੂਚਨਾ ਦੇ ਜਾ ਵੜਦੇ ਹਾਂ। ਅਸਲ ਗੱਲ ਤਾਂ ਇਹ ਹੈ ਕਿ ਹੁਣ ਸਾਡੀ ਪੰਨੂੰ ਨਾਲੋਂ ਵੀ ਵੱਧ ਰਸਾਈ ਆਪਣੀ ਵੱਡੀ ਭੈਣ ਮਿਸਿਜ਼ ਪਤਵੰਤ ਕੌਰ ਪੰਨੂੰ ਨਾਲ ਹੋ ਗਈ ਹੈ। ਹੁਣ ਪੰਨੂੰ ਨੂੰ ਕੌਣ ਪੁਛਦੈ!
ਸਾਡੀ ਸਾਂਝੀ ਸੈਰ ਦੌਰਾਨ ਪੰਨੂੰ ਦੀ ਸ਼ਖ਼ਸੀਅਤ ਦੇ ਅਨੇਕਾਂ ਰੰਗ ਮੇਰੇ ਅੱਗੇ ਖਿੜਨੇ ਸ਼ੁਰੂ ਹੋ ਗਏ। ਮੈਂ ਉਸਦੀ ਜ਼ਿੰਦਗੀ ਬਾਰੇ ਜਾਂ ਕਿਸੇ ਮਸਲੇ ਬਾਰੇ ਉਸਨੂੰ ਸਵਾਲ ਕਰ ਦਿੰਦਾ ਹਾਂ। ਪੰਨੂੰ ਬੋਲਣਾ ਸ਼ਰੂ ਕਰਦਾ ਹੈ ਤੇ ਫਿਰ ਬੋਲੀ ਜਾਂਦਾ ਹੈ। ਉਹਦੇ ਮਨ-ਮਸਤਕ ਦੀਆਂ ਪਿੜੀਆਂ ਉੱਧੜਦੀਆਂ ਜਾਂਦੀਆਂ ਹਨ। ਕਦੀ ਬਚਪਨ ਦੇ, ਕਦੀ ਜਵਾਨੀ ਦੇ, ਕਦੀ ਮੁਹੱਬਤ ਦੇ ਤੇ ਕਦੀ ਸੰਘਰਸ਼ ਦੇ ਦਿਨ ਉਹਦੇ ਬੋਲਾਂ ਵਿੱਚ ਲਿਸ਼ਕਣ ਲੱਗਦੇ ਹਨ। ਉਹ ਧੁਰ ਅੰਦਰ ਤੱਕ ਰੌਸ਼ਨ ਹੋ ਜਾਂਦਾ ਹੈ। ਤੇ ਆਤਮਾ ਉਹਦੀ ਐਨ ਸਾਫ਼-ਸ਼ਫ਼ਾਫ਼ ਦੁੱਧ ਧੋਤੀ ਲਿਸ਼ ਲਿਸ਼ ਕਰਦੀ ਦਿਸਣ ਲੱਗਦੀ ਹੈ। ਉਸ ਵਿੱਚ ਕੋਈ ਮੈਲ਼ ਨਹੀਂ, ਕੋਈ ਉਹਲਾ ਨਹੀਂ। ਕਦੀ ਉਹ ਲਿਸ਼ਕਦੇ ਸੰਗਮਰਮਰੀ ਸੁਡੌਲ ਜਿਸਮ ਨਾਲ ਪੇਂਡੂ ਟੂਰਨਾਮੈਂਟਾਂ ਵਿੱਚ ਕਬੱਡੀ ਖੇਡਦਾ ਨਜ਼ਰ ਆਉਂਦਾ ਤੇ ਕਦੀ ਕਾਲਜ ਦੇ ਹਾਕੀ ਦੇ ਮੈਦਾਨ ਵਿੱਚ ਵਿਰੋਧੀ ਟੀੰਮ ਦੇ ਗੋਲਾਂ ਦਾ ਫੱਟਾ ਖੜਕਾਉਂਦਾ ਦਿਸਦਾ। ਪਸੀਨੋ—ਪਸੀਨਾ ਹੋਏ ਉਸਦੇ ਦਰਸ਼ਨੀ ਗੁਲਾਬੀ ਜੁੱਸੇ ਨੂੰ ਵੇਖ ਕੇ ਜਵਾਨਾਂ ਨੂੰ ਉਸ ਵਰਗਾ ਦਿਸਣ ਤੇ ਬਣਨ ਦਾ ਸ਼ੌਕ ਜਾਗਦਾ। ਫਿਰ ਕਾਲਜੋਂ ਨਿਕਲ ਕੇ ਉਹ ਭਰਤੀ ਕਰਨ ਵਾਲੀ ਲਾਈਨ ਵਿੱਚ ਖਲੋਤਾ ਦਿਸਦਾ ਤੇ ਚੋਣਵੇਂ ਜਵਾਨ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕਰਦਾ। ਕਦੀ ਆਪਣੀ ਨਵ-ਵਿਆਹੀ ਪਤਨੀ ਦੇ ਅੰਗ-ਸੰਗ ਵਰ੍ਹਦੇ ਮੀਂਹ ਵਿੱਚ ਭਿੱਜਣ ਦੇ ਅਨੰਦ ਨਾਲ ਭਾਵ-ਵਿਭੋਰ ਹੋਇਆ ਅਜੇ ਵੀ ਭਿੱਜੀ ਜਾਂਦਾ। ਕਦੀ ਕਲਕੱਤੇ ਵਿੱਚ ਸੰਨ ਚੁਰਾਸੀ ਦੇ ਘਲੂਘਾਰੇ ਦੇ ਦਿਨੀਂ ਆਪਣੀ ਪੁਰਾਣੀ ਮੁਹੱਬਤ ਦੇ ਬਰੂਹੀਂ, ਉਸਨੂੰ ਸੰਕਟ ਵਿਚੋਂ ਬਚਾਉਣ ਅਤੇ ਆਪਣੇ ਜਿਗਰ ਤੋਂ ਵਿਛੋੜੇ ਦੇ ਦਾਗ਼ ਧੋਣ ਲਈ, ਵਰ੍ਹਿਆਂ ਬਾਦ ਜਾ ਖਲੋਂਦਾ। ਕਦੇ ਆਪਣੇ ਅਫ਼ਸਰਾਂ ਤੇ ਉਸਤਾਦਾਂ ਦੀਆਂ ਮਿਹਰਬਾਨੀਆਂ ਅਤੇ ਵਧੀਕੀਆਂ ਦਾ ਜ਼ਿਕਰ ਕਰਦਾ ਤੇ ਕਦੀ ਆਪਣੇ ਅਸੂਲਾਂ ’ਤੇ ਬੇਖ਼ੌਫ਼ ਹੋ ਕੇ ਡਟ ਜਾਣ ਦੀ ਕਹਾਣੀ ਛੁਹ ਲੈਂਦਾ। ਕਦੀ ਡਿਊਟੀ ਨਿਭਾਉਂਦਿਆਂ ਮੌਤ ਦੇ ਮੂੰਹੋਂ ਬਚਣ ਦਾ ਬਿਰਤਾਂਤ ਸੁਣਾਉਂਦਾ ਅਤੇ ਕਦੀ ਤਿਲੰਗੇ ਫੌਜੀਆਂ ਦੇ ਛੜੇ-ਛੜਾਂਗ ਹਾਸੇ ਮਜ਼ਾਕ ਤੇ ਠਹਾਕਿਆਂ ਦਾ ਆਨੰਦ ਲੈਂਦਾ। ਇਹ ਸਾਰਾ ਕੁੱਝ ਕਰਦਿਆਂ ਉਹ ਸਿਪਾਹੀ ਤੋਂ ਡਿਪਟੀ ਕਮਾਂਡੈਂਟ ਦੇ ਅਹੁਦੇ ਤੱਕ ਪਹੁੰਚ ਜਾਂਦਾ।
ਉਸਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਸਾਡੇ ਮਿਲਣ-ਬਿੰਦੂ ਵਾਂਗ ਸਾਡਾ ਵਿਛੜਣ-ਬਿੰਦੂ ਵੀ, ‘ਬੋਵੇਰਡ’ ਦੀ ਸੜਕ ਆ ਜਾਂਦੀ ਹੈ। ਉਹ ਹੱਸ ਕੇ ਆਖੇਗਾ, “ਵੇਖ ਲਾ ਫੌਜੀਆ! ਤੂੰ ਚੰਗੀ ਨੀਂ ਕਰਦਾ। ਮੈਨੂੰ ਗੱਲੀਂ ਲਾ ਛੱਡਿਐ, ਆਪ ਬੋਲਿਆ ਤੱਕ ਨਹੀਂ।” ਮੈਂ ਕੱਲ੍ਹ ਨੂੰ ‘ਬੋਲਣ’ ਦਾ ਵਾਅਦਾ ਕਰਦਾ ਹਾਂ। ਕੱਲ੍ਹ ਆ ਜਾਂਦਾ ਹੈ ਤਾਂ ਮੈਂ ਫਿਰ ਨਵਾਂ ਸਵਾਲ ਕਰਦਾ ਹਾਂ। ਪੰਨੂੰ ਸਹਿਜੇ ਹੀ ਮੇਰੀ ਅੱਜ ਦੀ ਵਾਰੀ ਦਾ ਪਾਣੀ ਵੀ ਆਪਣੀ ਜੀਵਨ-ਕਹਾਣੀ ਦੇ ਖੱਤਿਆਂ ਵਿੱਚ ਛੱਡ ਲੈਂਦਾ ਹੈ। ਮੈਂ ਉਹਦੇ ਪਾਣੀ ਦੇ ਨਾਲ ਵਹਿਣਾ ਸ਼ੁਰੂ ਕਰ ਦਿੰਦਾ ਹਾਂ।
ਪੰਨੂੰ ਬਹੁਤ ਮਿਹਰਬਾਨ ਅਤੇ ਦਿਆਲੂ ਦੋਸਤ ਹੈ। ਤੁਹਾਡੇ ਕਿਸੇ ਵੀ ਕੰਮ ਆ ਸਕਣ ਦੇ ਚਾਅ ਅਤੇ ਜੋਸ਼ ਨਾਲ ਲਬਾ-ਲਬ ਭਰਿਆ ਹੋਇਆ। ਕਿਸੇ ਦਿਨ ਸੈਰ ਤੋਂ ਗ਼ੈਰ-ਹਾਜ਼ਰ ਹੋਣ ਦਾ ਸਬੱਬ ਜਾਨਣਾ ਹੋਵੇ ਤਾਂ ਉਹ ਦੱਸੇਗਾ, “…ਦੇ ਘਰ ਗੇਟ ਅੱਗੇ ਪੱਥਰ ਲਾ ਕੇ ਪੌੜੀਆਂ ਠੀਕ ਕਰਨੀਆਂ ਸਨ। ਮੈਂ ਆਖਿਆ, ਅਸੀਂ ਆ ਜਾਂਦੇ ਆਂ। ਮੈਂ ਘਰਵਾਲੀ ਤੇ…ਨੂੰ ਨਾਲ ਲੈ ਗਿਆ। ਅਸੀਂ ਸਾਰੀ ਦਿਹਾੜੀ ਲਾ ਕੇ ਉਹਦੀਆਂ ਪੌੜੀਆਂ ਸ਼ਾਮ ਤੱਕ ਮੁਕੰਮਲ ਕਰ ਦਿੱਤੀਆਂ।” ਕਦੀ ਆਖੇਗਾ, “…ਦਾ ਬਗੀਚਾ ਤਿਆਰ ਕਰਨਾ ਸੀ। ਅਸੀਂ ਦੋਵੇਂ ਜੀਅ ਚਲੇ ਗਏ। ਸ਼ਾਮ ਤੱਕ ਗੋਡ-ਸਵਾਰ ਕੇ ਕਿਆਰੀਆਂ ਵੀ ਬਣਾ ਦਿੱਤੀਆਂ ਤੇ ਫੁੱਲ-ਬੂਟੇ ਵੀ ਲਾ ਦਿੱਤੇ। ਤੁਸੀਂ ਦੱਸੋ ਕਿਸ ਦਿਨ ਤੁਹਾਡਾ ਬਗੀਚਾ ਠੀਕ ਕਰਨ ਆਈਏ?”
ਉਹਨੂੰ ਹੱਥੀਂ ਕੰਮ ਕਰਨ ਦੀ ਕੋਈ ਝਿਜਕ ਨਹੀਂ। ਉਹ ਕਨੇਡਾ ਵਿੱਚ ਆ ਕੇ ਮੁਢਲੇ ਸੰਘਰਸ਼ ਦੀ ਕਹਾਣੀ ਬੜੇ ਮਾਣ ਨਾਲ ਸੁਣਾਉਂਦਾ ਹੈ। ਕਿਵੇਂ ਸਾਰਾ ਪਰਿਵਾਰ ਟੁਟ-ਟੁਟ ਖੇਤਾਂ ਵਿੱਚ ਦਿਹਾੜੀਆਂ ਲਾਉਂਦਾ ਰਿਹਾ। ਪਸੀਨੋ-ਪਸੀਨੀ ਹੁੰਦਾ ਰਿਹਾ। ਮੈਂ ਪੁੱਛਦਾ ਹਾਂ, “ਅੰਦਰਲੀ ਅਫ਼ਸਰੀ ਨੂੰ ਦਿਹਾੜੀ ਕਰਦਿਆਂ ਤਕਲੀਫ਼ ਨਹੀਂ ਸੀ ਹੁੰਦੀ?” ਉਹ ਕਹਿੰਦਾ, “ਤਕਲੀਫ਼ ਕਾਹਦੀ! ਕੰਮ ਤਾਂ ਕੰਮ ਹੈ। ਅਫ਼ਸਰੀ ਦਾ ਹੋਵੇ ਜਾਂ ਖੇਤਾਂ ਦਾ। ਇਸ ਵਿੱਚ ਸ਼ਰਮ ਕਾਹਦੀ! ਕੰਮ ਪ੍ਰਤੀ ਸਤਿਕਾਰ ਵਾਲਾ ਨਜ਼ਰੀਆਂ ਹੀ ਉਸਨੂੰ ਕਿਸੇ ਵੀ ਮਿੱਤਰ ਦੇ ਘਰ ਜਾ ਕੇ ਉਸ ਲਈ ਬੇਲਚਾ ਵਾਹੁਣ ਵਿੱਚ ਛੋਟਾ ਨਹੀਂ ਹੋਣ ਦਿੰਦਾ। ਇੰਜ ਕਰਦਿਆਂ ਤਾਂ ਸਗੋਂ ਉਹ ਹੋਰ ਵੱਡਾ ਹੋ ਜਾਂਦਾ ਹੈ। ਉਹ ਤਾਂ ਖੁਸ਼ਬੂ ਵਾਂਗ ਹਰ ਘਰ ਤੇ ਹਰ ਦਿਲ ਤੱਕ ਪਹੁੰਚਣ ਦਾ ਤਲਬਗਾਰ ਹੈ।
ਪਿਛਲੇ ਦਿਨੀਂ ਕਹਾਣੀ-ਮੰਚ ਦੀ ਮੀਟਿੰਗ ਸੀ। ਪੰਨੂੰ ਸਾਰੇ ਕਥਾਕਾਰਾਂ ਲਈ ਨਿੱਕੇ ਨਿੱਕੇ ਗਮਲਿਆਂ ਵਿੱਚ ਤਿਆਰ ਕੀਤੇ ਤੁਲਸੀ ਦੇ ਬੂਟੇ ਦਰਜਨਾਂ ਦੀ ਗਿਣਤੀ ਵਿੱਚ ਪਰਸ਼ਾਦ ਵਜੋਂ ਚੁੱਕ ਲਿਆਇਆ। ਸੰਗੀ-ਸਾਥੀ ਨਾਲੇ ਆਪਣੀ ਪਸੰਦ ਦੇ ਬੂਟੇ ਚੁਣ ਚੁਣ ਅੱਡ ਕਰੀ ਤੇ ਸਾਂਭੀ ਜਾਣ, ਨਾਲੇ ਧੰਨਵਾਦੀ ਬੋਲਾਂ ਨਾਲ ਪੰਨੂੰ ਨੂੰ ਸਰਸ਼ਾਰ ਕਰੀ ਜਾਣ। ਪੰਨੂੰ ਨੂੰ ਇਹ ਕਰਨਾ ਤੇ ਇਸਤਰ੍ਹਾਂ ਸੁਣਨਾ ਚੰਗਾ ਲੱਗਦਾ ਹੈ। ਅਸਲ ਵਿੱਚ ਤੁਸੀਂ ਅਜੇ ਸੋਚਿਆ ਵੀ ਨਹੀਂ ਹੁੰਦਾ ਕਿ ਪੰਨੂੰ ਕਿਸੇ ਵਿਸ਼ੇਸ਼ ਸਿਲਸਿਲੇ ਵਿੱਚ ਤੁਹਾਡੇ ਕਿਵੇਂ ਕੰਮ ਆ ਸਕਦਾ ਹੈ ਪਰ ਪੰਨੂੰ ਨੇ ਤੁਹਾਡੀ ਸਹਾਇਤਾ ਕਰਨ ਦੀ ਕੋਈ ਨ ਕੋਈ ਵਿਰਲ ਆਪੇ ਹੀ ਲੱਭ ਲਈ ਹੁੰਦੀ ਹੈ। ਤੁਸੀਂ ਉਸ ਬੰਦੇ ਦੀ ਨੇਕ-ਦਿਲੀ, ਕੰਮ ਆਉਣ ਦੀ ਡੁੱਲ੍ਹ ਡੁੱਲ੍ਹ ਪੈਂਦੀ ਲੋਚਾ ਨੂੰ ਮਹਿਸੂਸ ਕੇ ਵਿਸਮਾਦੀ ਖ਼ੁਸ਼ੀ ਨਾਲ ਭਰ ਜਾਂਦੇ ਹੋ। ਉਸਦਾ ਅਜਿਹਾ ਮਿਕਨਾਤੀਸੀ ਸੁਭਾ ਅਗਲੇ ਨੂੰ ਬਦੋ-ਬਦੀ ਖਿੱਚ ਕੇ ਆਪਣੇ ਨਾਲ ਜੋੜ ਲੈਂਦਾ ਹੈ। ਮੈਂ ਵੇਖਿਆ ਹੈ ਕਈ ਵਾਰ ਸੈਰ ਕਰਦਿਆਂ ਕੁੱਝ ਬੰਦਿਆਂ ਨਾਲ ਅਸੀਂ ਪਾਰਕ ਵਿੱਚ ਜਾਂ ਕਿਸੇ ਰਾਹ-ਖਹਿੜੇ ਪਹਿਲੀ ਵਾਰ ਮਿਲਦੇ ਹਾਂ। ਪੰਨੂੰ ਦੀ ਸਿਫ਼ਤ ਹੈ ਕਿ ਉਹ ਮੇਰੀ ਪਛਾਣ ਬੜੀ ਗੱਡ ਕੇ ਕਰਾਉਂਦਾ ਹੈ। ਕਿਸੇ ਦੂਜੇ ਦੀ ਵਡਿਆਈ ਕਰਨੀ ਕਿਸੇ ਵੱਡੇ ਦਿਲ ਵਾਲੇ ਦਾ ਕੰਮ ਹੈ। ਪੰਨੂੰ ਦਾ ਦਿਲ ਬਹੁਤਾ ਈ ਵੱਡਾ ਹੈ। ਪਰ ਕੁੱਝ ਦਿਨਾਂ ਬਾਅਦ ਪਤਾ ਚੱਲਦਾ ਹੈ ਕਿ ਉਹ ਬੰਦਾ ਜਿਹੜਾ ਕੁੱਝ ਦਿਨ ਪਹਿਲਾਂ ਸਾਨੂੰ ਦੋਵਾਂ ਨੂੰ ਇਕੋ ਥਾਂ ਤੇ ਇੱਕੋ ਵੇਲ਼ੇ ਮਿਲਿਆ ਸੀ, ਉਹ ਮੇਰੀ ਵਡਿਆਈ ਤਾਂ ਭੁੱਲ-ਭੁਲਾ ਚੁੱਕਾ ਹੁੰਦਾ ਹੈ ਤੇ ਪੰਨੂੰ ਦਾ ਮੱਦਾਹ ਬਣ ਕੇ ਉਸਦਾ ਬੜਾ ਨੇੜਲਾ ਬੰਦਾ ਬਣ ਚੁੱਕਾ ਹੁੰਦਾ ਹੈ। ਕਈ ਵਾਰ ਤਾਂ ਇਸਤਰ੍ਹਾਂ ਵੀ ਹੁੰਦਾ ਹੈ ਕਿ ਜਾਂ ਤਾਂ ਪੰਨੂੰ ਅਗਲੇ ਦੇ ਘਰ ਹੁਣ ਤੱਕ ਗੇੜਾ ਮਾਰ ਚੁੱਕਿਆ ਹੁੰਦਾ ਹੈ ਤੇ ਜਾਂ ਅਗਲਾ ਪੰਨੂੰ ਦੇ ਗ੍ਰਹਿ ਵਿਖੇ ਉਸਦੇ ਸੰਗ-ਸਾਥ ਦੀ ਖ਼ੁਸ਼ੀ ਮਾਣ ਚੁੱਕਾ ਹੁੰਦਾ ਹੈ। ਦੋਸਤੀ ਪਾਉਣ ਦੀ ਇਸ ਚਮਤਕਾਰੀ ਕਲਾ ਦਾ ਗੁਣ ਪੰਨੂੰ ਕੋਲ ਹੀ ਹੈ। ਮੈਂ ਤਾਂ ਬੱਸ ਪੰਨੂੰ ਤੇ ਉਸਦੇ ਨਵੇਂ ਬਣੇ ਦੋਸਤਾਂ ਦਾ ਮੂੰਹ ਵੇਖਦਾ ਰਹਿ ਜਾਂਦਾ ਹਾਂ।
ਦੋ ਕੁ ਸਾਲ ਪਹਿਲਾਂ ਅਸੀਂ ਸਵੇਰੇ ਸਵੇਰੇ ਦੋਵੇਂ ਜਣੇ ਇੱਕ ਪਾਰਕ ਵਿੱਚ ਹਰ ਰੋਜ਼ ਯੋਗਾ ਕਰਨ ਲੱਗ ਪਏ। ਸਾਡੇ ਵੱਲ ਵੇਖ ਕੇ ਇੱਕ ਦਿਨ ਆਪਣੇ ਧੀ-ਜਵਾਈ ਕੋਲ ਛੁੱਟੀਆਂ ਕੱਟਣ ਆਇਆ ਹਰਿਆਣੇ ਦਾ ਇੱਕ ਸਾਬਕਾ ਅਫ਼ਸਰ ਸੈਣੀ ਸਾਡੇ ਨਾਲ ਯੋਗਾ ਕਰਨ ਲਈ ਆਣ ਜੁੜਿਆ। ਫਿਰ ਇੱਕ ਦਿਨ ਪਾਕਿਸਤਾਨ ਦਾ ਇੱਕ ਵੱਡਾ ਅਫ਼ਸਰ ਵੀ ਝਕਦਾ ਝਕਦਾ ਸਾਡੇ ਕੋਲ ਆਇਆ। ਅਸੀਂ ਉਸਨੂੰ ਵੀ ਨਾਲ ਜੋੜ ਲਿਆ। ‘ਯੋਗ-ਗੁਰੂ’ ਦੀ ਭੂਮਿਕਾ ਤਾਂ ਮੈਂ ਨਿਭਾ ਰਿਹਾ ਸਾਂ ਪਰ ਅਗਲੇ ਦਿਨਾਂ ਵਿੱਚ ਯਾਰੀ ਉਹਨਾਂ ਦੀ ਪੰਨੂੰ ਨਾਲ ਗੂੜ੍ਹੀ ਹੋ ਗਈ। ਪਤਾ ਲੱਗਾ ਉਹ ਪੰਨੂੰ ਦੇ ਸੱਦੇ ’ਤੇ ਉਸਦੇ ਘਰੋਂ ਵੀ ਹੋ ਆਏ ਸਨ।
ਇਹ ਤਾਂ ਹੋਈ ਮਰਦ ਮਿੱਤਰਾਂ ਦੀ ਗੱਲ। ਤੇ ਜੇ ਕਿਤੇ ਅਗਲੀ ਬੀਬੀ ਹੋਵੇ ਤਾਂ!
ਲਓ ਸੁਣੋਂ! ਇੱਕ ਵਾਰ ਮੈਂ ਕਿਸੇ ਬੀਬੀ ਨੂੰ ਕਿਸੇ ਨਾਲ ਮਿਲ ਕੇ ਆਇਆ ਤਾਂ ਉਸ ਸੰਵੇਦਨਸ਼ੀਲ ਤੇ ਸਿਆਣੀ ਬੀਬੀ ਬਾਰੇ ਪੰਨੂੰ ਨਾਲ ਸਹਿਵਨ ਹੀ ਗੱਲ ਹੋ ਗਈ। ਪੰਨੂੰ ਉਹਨੂੰ ਜਾਣਦਾ ਤਾਂ ਸੀ ਪਰ ਮੇਰੇ ਦੱਸੇ ਗੁਣਾਂ ਕਰਕੇ ਉਸ ਵੱਲ ਅੰਦਰੇ ਅੰਦਰ ਖਿੱਚਿਆ ਗਿਆ। ਤਾਂ ਹੀ ਪਤਾ ਲੱਗਾ, ਜਦੋਂ ਉਹ ਬੀਬੀ ਚਾਰ-ਪੰਜ ਦਿਨਾਂ ਬਾਅਦ ਮਠਿਆਈ ਦਾ ਡੱਬਾ ਲੈ ਕੇ ਪੰਨੂੰ ਨੂੰ ਮਿਲਣ ਉਹਦੇ ਘਰ ਪਹੁੰਚ ਗਈ ਕਿਉਂਕਿ ਏਡੀ ’ਚੰਗੀ’ ਬੀਬੀ ਨੂੰ ਪੰਨੂੰ ਕੰਪਿਊਟਰ ਦੇ ਗੁਣ ਸਿਖਾਉਣ ਦੀ ਪੇਸ਼ਕਸ਼ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ! ਏਸੇ ਕਰਕੇ ਮੈਂ ਵਕੀਲ ਕਲੇਰ ਨੂੰ ਹੱਸਦਾ ਹੋਇਆਂ ਕਹਿੰਦਾ ਹੁੰਦਾਂ ਕਿ ਵਕੀਲ ਸਿਅ੍ਹਾਂ! ਜੇ ਕਿਸੇ ਬੀਬੀ ਦਾ ਨੇੜ ਲੋੜਦੈਂ ਤਾਂ ਕਿਤੇ ਭੁੱਲ-ਭੁਲੇਖੇ ਵੀ ਪੰਨੂੰ ਨਾਲ ਉਹਦਾ ਜ਼ਿਕਰ ਨਾ ਕਰ ਬੈਠੀਂ; ਨਹੀਂ ਤਾਂ ਵਿੰਹਦਾਂ ਰਹਿ ਜਾਏਂਗਾ ਤੇ ਅਗਲੀ ਪੰਨੂੰ ਦੀ ਕਲਾਸ ਦੀ ਵਿਦਿਆਰਥਣ ਬਣ ਚੁੱਕੀ ਹੋਵੇਗੀ।
ਅਸੀਂ ਛੇੜਦੇ ਹਾਂ, “ਪੰਨੂੰ ਸਾਹਿਬ! ਤੁਹਾਡੇ ਕੋਲ ਕਿਹੜੀ ਗਿੱਦੜ-ਸਿੰਗੀ ਐਂ ਜੋ ਬੀਬੀਆਂ ਤੁਹਾਡੇ ਵੱਲ ਖਿੱਚੀਆਂ ਚਲੀਆਂ ਆਉਂਦੀਆਂ ਨੇ?”
ਪੰਨੂੰ ਹੱਸੀ ਜਾਂਦਾ ਹੈ ਪਰ ਉਸ ਗਿੱਦੜਸਿੰਗੀ ਦੀ ਹੋਂਦ ਤੋਂ ਇਨਕਾਰ ਨਹੀਂ ਕਰਦਾ।
ਪੰਨੂੰ ਨਿੱਤ ਨਵੀਆਂ ਦੋਸਤੀਆਂ ਲਾਉਣ ਦਾ ਅਭਿਲਾਸ਼ੀ ਤੇ ਮਾਹਿਰ ਹੈ। ਮੇਰੇ ਵਿੱਚ ਇਹ ਗੁਣ ਨਹੀਂ। ਮੈਂ ਤਾਂ ਛੇਤੀ ਕੀਤੇ ਕਿਸੇ ਨਾਲ ਖੁੱਲ੍ਹਦਾ ਈ ਨਹੀਂ ਪਰ ਪੰਨੂੰ ਨੂੰ ਮੇਰੇ ਵਰਗੀ ਕੋਈ ਸਮੱਸਿਆ ਨਹੀਂ। ਨਿੱਤ ਨਵੀਆਂ ਦੋਸਤੀਆਂ ਲਈ ਉਹਦੇ ਦਿਲ-ਦਰਵਾਜ਼ੇ ਤੇ ਘਰ ਦੇ ਦਰਵਾਜ਼ੇ ਹਰ ਵੇਲੇ ਖੁੱਲ੍ਹੇ ਰਹਿੰਦੇ ਨੇ। ਸਾਡੇ ਵਰਗੇ ਬੰਦ ਮਨਾਂ ਵਾਲਿਆਂ ਉਸਦੀ ਰੀਸ ਕੀ ਕਰਨੀ ਹੋਈ! ਉਹਦੇ ਲਈ ਜੇ ਅਗਲਾ ਭੁੱਲ-ਭੁਲੇਖੇ ਆਪਣਾ ਦਰਵਾਜ਼ਾ ਢੋਣਾ ਵੀ ਚਾਹੇ ਤਾਂ ਪੰਨੂੰ ਉਸਨੂੰ ਛੇਤੀ ਕੀਤਿਆਂ ਅਜਿਹਾ ਨਹੀਂ ਕਰਨ ਦਿੰਦਾ। ਦਰਵਾਜ਼ਾ ਢੁਕ ਵੀ ਜਾਵੇ ਤਾਂ ਗੁੱਸਾ ਨਹੀਂ ਕਰਦਾ ਸਗੋਂ ਸਹਿਜ ਹੋ ਕੇ ਮੁਸਕਰਾ ਪੈਂਦਾ ਹੈ। ਸਾਡੇ ਨਾਲ ਕੁੱਝ ਦਿਨ ਯੋਗਾ ਕਰਨ ਤੋਂ ਬਾਅਦ ਮੁਸਲਮਾਨ ਬੇਲੀ ਦੋ ਕੁ ਦਿਨ ਆਇਆ ਨਾ। ਪੰਨੂੰ ਆਖੇ: ‘ਆਪਾਂ ਉਹਦੇ ਘਰ ਜਾ ਕੇ ਪਤਾ ਕਰੀਏ; ਆਪਣਾ ਫ਼ਰਜ਼ ਬਣਦਾ ਏ।’ ਮੈਂ ਦੱਸਿਆ ਕਿ ‘ਉਹ ਕੱਲ੍ਹ ਪਰੇ ਸੜਕੇ ਸੜਕ ਆਪਣੇ ਤੋਂ ਅੱਖ ਬਚਾ ਕੇ ਲੰਘਦਾ ਮੈਂ ਆਪ ਵੇਖਿਆ ਸੀ। ਉਹ ਆਪਣੇ ਤੋਂ ਦੂਰੀ ਬਨਾਉਣੀ ਲੋਚ ਰਿਹਾ ਲੱਗਦਾ ਹੈ। ਆਪਾਂ ਨੂੰ ਜ਼ਿਦ ਨਹੀਂ ਕਰਨੀ ਚਾਹੀਦੀ।’ ਪਰ ਅਗਲੇ ਦਿਨ ਮੇਰੇ ਰੋਕਣ ਦੇ ਬਾਵਜੂਦ ਪੰਨੂੰ ਮੈਨੂੰ ਉਹਦੇ ਘਰ ਵੱਲ ਲੈ ਤੁਰਿਆ। ਡੋਰ-ਬੈੱਲ ਕੀਤੀ। ਅਸੀਂ ਉਡੀਕਦੇ ਰਹੇ ਪਰ ਉਸਨੇ ਅੱਗੋਂ ਦਰਵਾਜ਼ਾ ਨਾ ਖੋਲ੍ਹਿਆ। ਮੈਂ ਸ਼ਰਮਿੰਦਾ ਸਾਂ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਅਗਲਾ ਸਾਡੇ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ, ਅਸੀੰ ਉਹਦੇ ਘਰ ਕਿਉਂ ਗਏ! ਮੈਂ ਪੰਨੂੰ ਨਾਲ ਸ਼ਰਮਿੰਦਗੀ ਸਾਂਝੀ ਕੀਤੀ, “ਕਿਉਂ ਪੈ ਗਈ ਠੰਢ? ਲੈ ਲਿਆ ਸਵਾਦ?” ਪਰ ਪੰਨੂੰ ’ਤੇ ਇਸਦਾ ਕੋਈ ਅਸਰ ਨਹੀਂ ਸੀ। ਉਹ ਬੜਾ ਸਹਿਜ ਹੋ ਕੇ ਕਹਿੰਦਾ, “ਚੱਲ ਨਹੀਂ ਦਰਵਾਜ਼ਾ ਖੋਲ੍ਹਿਆ ਤੇ ਨਾ ਸਹੀ। ਆਪਣਾ ਕੀ ਗਿਆ।” ਮੈਂ ਕਹਿਣਾ ਚਾਹੁੰਦਾ ਸਾਂ, “ਮੇਰਾ ਤਾਂ ਸਵੈਮਾਣ ਜ਼ਖ਼ਮੀ ਹੋ ਗਿਐ।” ਪਰ ਚੁੱਪ ਰਿਹਾ ਕਿਉਂਕਿ ਜਾਣਦਾ ਸਾਂ ਕਿ ਪੰਨੂੰ ਇਹੋ ਜਿਹੀ ਗੱਲ ਨੂੰ ਵੱਕਾਰ ਜਾਂ ਇੱਜ਼ਤ-ਬੇਇਜ਼ਤੀ ਦਾ ਮੁੱਦਾ ਨਹੀਂ ਬਣਾਉਂਦਾ। ਅਜਿਹੇ ਵੇਲੇ ਮੈਨੂੰ ਪੰਨੂੰ ’ਤੇ ਖਿਝ ਆਉਂਦੀ ਹੈ। ਫਿਰ ਮੈਂ ਆਪਣੇ ਮਨ ’ਚ ਝਾਤ ਮਾਰਦਾ ਹਾਂ ਤੇ ਆਪਣੇ ਆਪ ’ਤੇ ਖਿਝਦਾ ਹਾਂ, “ਭਾਈ ਵਰਿਆਮ ਸਿਅ੍ਹਾਂ! ਜੇ ਤੇਰੇ ਕੋਲ ਪੰਨੂੰ ਵਰਗਾ ਖੁੱਲ੍ਹਾ ਤੇ ਮੁਹੱਬਤੀ ਦਿਲ ਨਹੀਂ ਤੇ ਜੇ ਤੂੰ ਕਿਸੇ ਦੀ ਵਧੀਕੀ ਨੂੰ ਪੰਨੂੰ ਵਾਂਗ ਭੁੱਲ ਜਾਣ ਤੇ ‘ਹੋਊ ਪਰੇ’ ਕਰਨ ਦਾ ਸਲੀਕਾ ਨਹੀਂ ਜਾਣਦਾ ਤਾਂ ਆਪਣੇ ਆਪ ’ਤੇ ਸ਼ਰਮਿੰਦਾ ਹੋ, ਪੰਨੂੰ ਨੂੰ ਕਿਉਂ ਦੋਸ਼ ਦਿੰਦਾ ਏਂ।”
ਉਂਜ ਸੱਚੀ ਗੱਲ ਹੈ ਕਿ ਅਗਲੇ ਲਈ ਡੁੱਲ੍ਹ ਡੁੱਲ੍ਹ ਪੈਂਦੀ ਪੰਨੂੰ ਦੀ ਮੁਹੱਬਤ ਦੇ ਵਰ੍ਹਦੇ ਮੀਂਹ ਦਾ ਵੇਗ ਕਦੀ ਕਦੀ ਏਨਾ ਭਾਰੀ ਤੇ ਤੇਜ਼ ਹੁੰਦਾ ਹੈ ਕਿ ਕਈ ਵਾਰ ਅਗਲੇ ਨੂੰ ਇਸ ਵਿੱਚ ਗੋਤੇ ਵੀ ਆ ਜਾਂਦੇ ਹਨ। ਅਸੀਂ ਸਵੇਰ ਦੇ ਛੇ ਵਜੇ ਸੈਰ ਕਰ ਰਹੇ ਸਾਂ। ਐਤਵਾਰ ਦਾ ਦਿਨ ਸੀ। ਪੰਨੂੰ ਜਾਂਦੇ ਜਾਂਦੇ ਰੁਕਿਆ। ਕਹਿੰਦਾ, “ਮੈਂ ਆਪਣੇ ਪੁੱਤ ਦੇ ਘਰ ਕੱਲ ਬਗੀਚਾ ਤਿਆਰ ਕਰ ਕੇ ਬੂਟੇ ਲਾਏ ਸਨ। ਮੈਂ ਚਾਹੁੰਦਾ ਹਾਂ ਕਿ ਜਾਂਦਾ ਜਾਂਦਾ ਬਗੀਚੇ ਨੂੰ ਝਾਤੀ ਮਾਰ ਜਾਵਾਂ।” ਮੈਂ ਰੋਕਿਆ, “ਪੰਨੂੰ ਸਾਹਿਬ! ਕੀ ਕਰਦੇ ਓ! ਅਗਲਿਆਂ ਦਾ ਵਿਆਹ ਹੋਏ ਨੂੰ ਅਜੇ ਦੋ ਮਹੀਨੇ ਹੋਏ ਨੇ। ਦਿਨ ਵੀ ਐਤਵਾਰ ਦਾ। ਅਗਲੇ ਅਰਾਮ ਨਾਲ ਦਸ-ਯਾਰਾਂ ਵਜੇ ਉੱਠਣਗੇ। ਕਿਉਂ ਉਹਨਾਂ ਨੂੰ ਛੇ ਵਜੇ ਤੰਗ ਕਰਨ ਲੱਗੇ ਓ! ਸੁੱਤਿਆਂ ਨੂੰ ਬੇਵਕਤ ਉਠਾਓਗੇ। ਘੱਟੋ-ਘੱਟ ਮੈਂ ਤਾਂ ਉਹਨਾਂ ਨੂੰ ਜਗਾਉਣ ਦੇ ਗੁਨਾਹ ਵਿੱਚ ਭਾਗੀ ਨਹੀਂ ਬਣਨਾ ਚਾਹੁੰਦਾ। ਤੁਸੀਂ ਹੋ ਆਓ। ਮੈਂ ਅਗਲੇ ਪਾਰਕ ਵਿੱਚ ਚੱਕਰ ਲਾਉਂਦਾਂ।”
ਮੈਂ ਅਜੇ ਪਾਰਕ ਵਿੱਚ ਪਹੁੰਚਿਆ ਵੀ ਨਹੀਂ ਸਾਂ ਕਿ ਵੇਖਿਆ ਪੰਨੂੰ ਮੇਰੇ ਮਗਰੇ ਮਗਰ ਤੁਰਿਆ ਆ ਰਿਹਾ ਸੀ। ਕਹਿੰਦਾ, “ਮੈਂ ਬੈੱਲ ਕੀਤੀ। ਉਹ ਉੱਠੇ ਨਹੀਂ। ਮੈਂ ਬੈਕ-ਯਾਰਡ ਦਾ ਦਰਵਾਜ਼ਾ ਖੋਲ੍ਹ ਕੇ ਬੂਟਿਆਂ ਨੂੰ ਝਾਤੀ ਮਾਰ ਆਇਆਂ।”
ਦੋ ਚਾਰ ਦਿਨਾਂ ਪਿੱਛੋਂ ਅਚਨਚੇਤ ਉਸਦੇ ‘ਨੂੰਹ-ਪੁੱਤ’ ਮੈਨੂੰ ਰਸਤੇ ਵਿੱਚ ਮਿਲ ਪਏ। ਮੈਂ ਪਿਛਲੇ ਦਿਨਾਂ ਵਿੱਚ ਉਹਨਾਂ ਪ੍ਰਤੀ ਤੜਕੇ ਤੜਕੇ ਪੰਨੂੰ ਦੀ ਵਰ੍ਹਦੀ ਮੁਹੱਬਤ ਦਾ ਹਵਾਲਾ ਦਿੱਤਾ ਤਾਂ ਉਹਨਾਂ ਛਿੱਥਾ ਜਿਹਾ ਪੈ ਕੇ ਦੱਸਿਆ ਕਿ ‘ਅੰਕਲ ਅੱਗੇ ਵੀ ਕਈ ਵਾਰ ਤੜਕੇ ਤੜਕੇ ‘ਮੀਂਹ ਵਰ੍ਹਾਉਣ’ ਆ ਜਾਂਦੇ ਨੇ। ਉਸ ਦਿਨ ਅਸੀਂ ਸੋਚਿਆ, ਮਨਾਂ ਸੁੱਤੇ ਰਹੀਏ, ਹੋਰ ਭਿੱਜ ਕੇ ਕੀ ਲੈਣਾ ਏਂ! ਅੰਕਲ ਬੱਦਲ ਵਾਂਗ ਆਪੇ ਅੱਗੇ ਲੰਘ ਜਾਣਗੇ।”
ਇਹ ਨਾ ਸੋਚਣਾ ਕਿ ਉਹ ਉਸਦੇ ਸਕੇ ਨੂੰਹ-ਪੁਤ ਹੋਣਗੇ। ਇਸਤਰ੍ਹਾਂ ਦੇ ਮੂੰਹ-ਬੋਲੇ ਤਾਂ ਉਸਦੇ ਦਰਜਨਾਂ ਪੁਤਰ ਅਤੇ ਦਰਜਨਾਂ ਪੋਤਰੇ ਹਨ। ਪਰ ਉਹ ਉਹਨਾਂ ਨੂੰ ਇਸ ਅੰਦਾਜ਼ ਵਿੱਚ ਸੰਬੋਧਨ ਕਰੇਗਾ ਜਾਂ ਉਹਨਾਂ ਦਾ ਇੰਜ ਜ਼ਿਕਰ ਕਰੇਗਾ ਕਿ ਪਹਿਲੀ ਵਾਰ ਸੁਣਨ ਵਾਲੇ ਨੂੰ ਭੁਲੇਖਾ ਪੈ ਜਾਵੇਗਾ ਕਿ ਉਹ ਆਪਣੇ ਕਿਸੇ ਸਕੇ ਪੁੱਤ-ਪੋਤਰੇ ਦੀ ਗੱਲ ਹੀ ਕਰਦਾ ਪਿਆ ਹੈ। ਇੱਕ ਵਾਰ ਕਹਾਣੀ-ਮੰਚ ਦੀ ਮੀਟਿੰਗ ਚੱਲਦੀ ਪਈ ਸੀ। ਪੰਨੂੰ ਨੇ ਘੜੀ ਵੇਖੀ ਤੇ ਅਚਨਚੇਤ ਕਾਹਲੀ ਨਾਲ ਉੱਠਿਆ, “ਓਹੋ! ਮੇਰੇ ਪੋਤਰੇ ਨੇ ਆਉਣਾ ਸੀ। ਮੈਂ ਉਹਨੂੰ ਏਅਰਪੋਰਟ ਤੋਂ ਲੈਣ ਜਾਣਾ ਏਂ।” ਉਹ ਕਿਸੇ ਕਾਰ ਵਾਲੇ ਸਾਥੀ ਨੂੰ ਨਾਲ ਲੈ ਕੇ ਤੁਰ ਗਿਆ ਤਾਂ ਕੋਈ ਨਵਾਂ ਨਵਾਂ ਆਇਆ ਸਾਥੀ ਹੌਲੀ ਜਿਹੀ ਮੈਨੂੰ ਪੁੱਛਦਾ, “ਪੰਨੂੰ ਸਾਹਿਬ ਦੇ ਪੋਤਰੇ ਨੂੰ ਉਹਨਾਂ ਦਾ ਪੁੱਤਰ ਨਾ ਲੈਣ ਜਾਊ ਏਅਰਪੋਰਟ ਤੋਂ? ਸੁਣਿਐਂ ਇਹਨਾਂ ਦੇ ਦੋ ਪੁੱਤਰ ਏਥੇ ਈ ਰਹਿੰਦੇ ਨੇ।” ਮੈਂ ਦੱਸਿਆ, “ਇਹ ਉਹਨਾਂ ਦਾ ਮੂੰਹ-ਬੋਲਿਆ ਪੋਤਰਾ ਏ।”
ਮੈਂ ਕਈ ਵਾਰ ਹੱਸ ਕੇ ਛੇੜਦਾ ਹਾਂ, “ਪੰਨੂੰ ਸਾਹਿਬ ਤੁਹਾਡਾ ਇਸਤਰ੍ਹਾਂ ਦਾ ਬਣਾਇਆ ਇਕੋਤਰ ਸੌ ਪੁੱਤਰ ਤਾਂ ਹੋਵੇਗਾ ਈ। ਕੌਰਵਾਂ ਤੋਂ ਵੀ ਇੱਕ ਵੱਧ। ਇੰਜ ਹੀ ਇਕੋਤਰ ਸੌ ਤੁਹਾਡੇ ਨਿਗਦੇ ਯਾਰ। ਤੇ ਘੱਟੋ-ਘੱਟ ਦੋ ਇਕੋਤਰੀਆਂ ਤੁਹਾਡੀਆਂ ਸਨੇਹੀ-ਸ਼ਰਧਾਲੂ ਬੀਬੀਆਂ ਹੋਣਗੀਆਂ। ਮੈਂ ਕਈ ਵਾਰ ਸੋਚਦਾਂ ਇਸ ਦਰਜਾ-ਬੰਦੀ ਵਿੱਚ ਮੇਰਾ ਥਾਂ ਕਿੱਥੇ ਕੁ ਆਉਂਦਾ ਹੋਊ?”
“ਓ ਸੰਧੂ! ਤੂੰ ਕੀ ਜਾਣੇ! ਤੇਰੀ ਥਾਂ ਮੇਰੇ ਦਿਲ ਦੇ ਕਿਹੜੇ ਵੱਖਰੇ ਖਾਨੇ ਵਿੱਚ ਹੈ!”
ਮੈਨੂੰ ਪਤਾ ਹੈ ਕਿ ਮੇਰਾ ਉਸਦੇ ਦਿਲ ਵਿੱਚ ਵੱਖਰਾ ਖਾਨਾ ਹੈ। ਇਸ ਖਾਨੇ ਦੀ ਬਦੌਲਤ ਜਦੋਂ ਵੀ ਕਿਤੇ ਸਾਹਿਤਕ ਜਾਂ ਸਭਿਆਚਾਰਕ ਮੀਟਿੰਗ ’ਤੇ ਜਾਣਾ ਹੋਵੇ ਤਾਂ ਮੇਰੀ ਸਵਾਰੀ ਦਾ ਪਰਬੰਧ ਅਕਸਰ ਪੰਨੂੰ ਹੀ ਕਰਦਾ ਹੈ। ਕਿਸੇ ਨਵੇਂ ਮਿਲਣ ਵਾਲੇ ਨੂੰ ਮੇਰੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਬੰਨ੍ਹ ਕੇ ਐਸਾ ਭੁਲੇਖਾ ਪਾਵੇਗਾ ਕਿ ਅਗਲਾ ਸੱਚੀਂ ਹੀ ਇਸਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਬੜੇ ਵੱਡੇ ਲੇਖਕ ਤੇ ਬੁਲਾਰੇ ਨੂੰ ਮਿਲਣ ਦਾ ਸ਼ਰਫ਼ ਹਾਸਲ ਕਰ ਰਿਹਾ ਹੋਵੇ! ਅਸੀਂ ‘ਸੀਰਤ’ ਨੂੰ ਪ੍ਰਕਾਸ਼ਿਤ ਕਰਦੇ ਸਾਂ ਤਾਂ ਪੰਨੂੰ ਨੂੰ ਫ਼ਿਕਰ ਰਹਿੰਦਾ ਸੀ ਕਿ ਇਸਨੂੰ ਘਾਟਾ ਨਾ ਪਵੇ, ਇਹ ਚੱਲਦਾ ਰਹੇ। ਇਸ ਲਈ ਉਹ ਸਾਡੇ ਨਾਲੋਂ ਵੀ ਵੱਧ ਫ਼ਿਕਰਮੰਦ ਰਹਿੰਦਾ। ਨਵਾਂ ਪਰਚਾ ਆਉਂਦਾ ਤਾਂ ਆਪ ਥੈਲਾ ਭਰ ਕੇ ਲੇਖਕਾਂ ਕਲਾਕਾਰਾਂ ਨੂੰ ਪਰਚਾ ਵੰਡਦਾ ਤੇ ਖ਼ੁਸ਼ ਹੁੰਦਾ। ਇਸ਼ਤਿਹਾਰ ਦਿਵਾਉਣ ਵਿੱਚ ਵੀ ਮਦਦ ਕਰਦਾ। ਲੋਕਾਂ ਨੂੰ ਚੰਦੇ ਦੇਣ ਲਈ ਸਾਡੇ ਨਾਲੋਂ ਵੀ ਵੱਧ ਪ੍ਰੇਰਦਾ ਤੇ ਲੈ ਕੇ ਵੀ ਦਿੰਦਾ। ‘ਸੀਰਤ’ ਲਈ ਆਏ ਮੈਟਰ ਦੀ ਫੌਂਟ ਤਬਦੀਲ ਕਰਾਉਣੀ ਹੋਵੇ ਜਾਂ ਕੰਪਿਊਟਰ ਨਾਲ ਸੰਬੰਧਿਤ ਕੋਈ ਵੀ ਕੰਮ ਹੋਵੇ, ਪੰਨੂੰ ਦੇ ਨਾਂਹ ਕਰਨ ਦਾ ਤਾਂ ਸਵਾਲ ਹੀ ਕੀ ਪੈਦਾ ਹੋਣਾ ਏਂ, ਸਗੋਂ ਉਹ ਏਨੀ ਛੇਤੀ ਸੇਵਾ ਲਈ ਹਾਜ਼ਰ ਹੋ ਜਾਂਦਾ ਹੈ ਕਿ ਅਲਾਦੀਨ ਦੇ ਚਰਾਗ ਨੂੰ ਘਸਾ ਕੇ ਪੈਦਾ ਹੋਣ ਵਾਲਾ ਜਿੰਨ ਵੀ ਓਨੀ ਛੇਤੀ ਹਾਜ਼ਰ ਨਾ ਹੋਵੇ! ਇਹ ਕੇਵਲ ਮੇਰੀ ਜਾਂ ਸਾਡੀ ਗੱਲ ਨਹੀਂ। ਤੁਸੀਂ ਕਿਸੇ ਨਾਲ ਵੀ ਗੱਲ ਕਰ ਕੇ ਵੇਖੋ ਉਸ ਕੋਲ ਪੰਨੂੰ ਦੀਆਂ ਅਨੇਕਾਂ ਸਾਖੀਆਂ ਹੋਣਗੀਆਂ ਜਦੋਂ ਉਹ ਉਸਦੀ ਕਿਸੇ ਨਾ ਕਿਸੇ ਸਹਾਇਤਾ ਲਈ ਪੂਰੇ ਤਨ-ਮਨ ਨਾਲ ਹਾਜ਼ਰ ਹੋਇਆ ਹੋਵੇਗਾ। ਮੇਰਾ ਤਾਂ ਇਹ ਵੀ ਤਜਰਬਾ ਹੈ ਕਿ ਲੋੜ ਵੇਲੇ ਉਹ ਅਗਲੇ ਲਈ ‘ਤਨ-ਮਨ’ ਨਾਲ ‘ਧਨ’ ਨੂੰ ਸ਼ਾਮਲ ਕਰਨੋਂ ਵੀ ਗੁਰੇਜ਼ ਨਹੀਂ ਕਰਦਾ।
ਕੰਪਿਊਟਰ ਸਿਖਾਉਣ ਲਈ ਤਾਂ ਉਹ ਹਰ ਵੇਲੇ ਤਿਆਰ-ਬਰ-ਤਿਆਰ ਰਹਿੰਦਾ ਹੈ। ਹਰ ਸਾਲ ਗਰਮੀਆਂ ਵਿੱਚ ਕੰਪਿਊਟਰ ਸਿਖਾਉਣ ਦੀਆਂ ਕਲਾਸਾਂ ਮੁਫ਼ਤ ਲਾਉਂਦਾ ਹੈ। ‘ਉਪਦੇਸ਼ ਚੌਂਹ ਵਰਨਾ ਕਉ ਸਾਂਝਾ’ ਦੇ ਵਾਕ ਅਨੁਸਾਰ ਉਸ ਕੋਲ ਕੰਪਿਊਟਰ ਸਿੱਖਣ ਸਮਝਣ ਲਈ ‘ਜੋ ਆਵੇ ਜਦੋਂ ਆਵੇ ਰਾਜ਼ੀ ਜਾਵੇ’ ਦੀ ਉਕਤੀ ਪੂਰੀ ਤਰ੍ਹਾਂ ਢੁਕਦੀ ਹੈ। ਇੰਜ ਹੁਣ ਤੱਕ ਉਸਦੇ ਸ਼ਾਗਿਰਦਾਂ ਦੀ ਗਿਣਤੀ ਵੀ ਇਕੋਤਰ ਸੌ ਤੋਂ ਉੱਤੇ ਹੋ ਗਈ ਹੈ। ਉਸਨੂੰ ਜਦੋਂ ਕਿਸੇ ਸਮਾਗਮ ’ਤੇ ਜਾਣ ਲਈ ਰਾਈਡ ਚਾਹੀਦੀ ਹੋਵੇ ਤਾਂ ਯਾਰਾਂ ਦੋਸਤਾਂ ਤੋਂ ਇਲਾਵਾ ਉਸਦੇ ਇਹ ਚੇਲੇ ਵੀ ਉਸਦੀ ਸੇਵਾ ਲਈ ਉੱਡੇ ਆਉਂਦੇ ਹਨ। ਜ਼ਾਹਿਰ ਹੈ ਇਸ ਸੇਵਾ ਦਾ ਲਾਭ ਨਾਲ ਦੇ ਨਾਲ ਮੈਨੂੰ ਵੀ ਮਿਲ ਜਾਂਦਾ ਹੈ ਕਿਉਂਕਿ ਮੈਂ ਤਾਂ ਪੰਨੂੰ ਦਾ ਪੱਕਾ ਸਾਥ ਤੇ ਪੱਕੀ ਸਵਾਰੀ ਹਾਂ।
ਕੰਪਿਊਟਰ ਬਾਰੇ ਤੁਸੀਂ ਕੋਈ ਵੀ ਕੰਮ ਸਮਝਣਾ ਜਾਂ ਸਿੱਖਣਾ ਹੋਵੇ ਪੰਨੂੰ ਆਪਣੇ ਸਾਰੇ ਕੰਮ ਛੱਡ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਨੂੰ ਤਿਆਰ ਹੈ। ਇਸ ਮਕਸਦ ਲਈ ਤੁਸੀਂ ਕਿਸੇ ਵੇਲੇ ਵੀ ਉਸਦੇ ਘਰ ਜਾ ਸਕਦੇ ਹੋ। ਜੇ ਤੁਹਾਡੇ ਕੋਲ ਜਾਣ ਦਾ ਸਮਾਂ ਨਹੀਂ ਤਾਂ ਪੰਨੂੰ ਤੁਹਾਡੇ ਘਰ ਆ ਸਕਦਾ ਹੈ। ਤੁਸੀਂ ਉਸ ਕੋਲੋਂ ਕੰਪਿਊਟਰ ਬਾਰੇ ਇੱਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹ ਦਸ ਗੱਲਾਂ ਹੋਰ ਓਸੇ ਵੇਲੇ ਤੁਹਾਨੂੰ ਸਿੱਖ ਲੈਣ ਲਈ ਪ੍ਰੇਰੇਗਾ। ਉਸਨੂੰ ਜੋ ਕੁੱਝ ਵੀ ਕੰਪਿਊਟਰ ਸੰਬੰਧੀ ਗਿਆਨ ਹੈ ਉਹ ਇਕੋ ਵਾਰ ਤੇ ਸਾਰੇ ਦਾ ਸਾਰਾ, ਵੇਲਾ-ਕੁਵੇਲਾ ਵੇਖਣ ਤੋਂ ਬਿਨਾ, ਤੁਹਾਡੇ ਅੰਦਰ ਉਲੱਦਣ ਲਈ ਕਾਹਲਾ ਰਹਿੰਦਾ ਹੈ। ਕਈ ਵਾਰ ਸਥਿਤੀ ਹਾਸੇ-ਮਜ਼ਾਕ ਵਾਲੀ ਵੀ ਬਣ ਜਾਂਦੀ ਹੈ। ਇੱਕ ਰਾਤ ਅਸੀਂ ਕਿਸੇ ਸਮਾਗਮ ਤੋਂ ਵਾਪਸ ਪਰਤ ਰਹੇ ਸਾਂ। ਦੋ ਬੀਬੀਆਂ ਵੀ ਸਾਡੇ ਨਾਲ ਸਨ। ਜਦੋਂ ਕਿਰਪਾਲ ਸਿੰਘ ਪੰਨੂੰ ਨੂੰ ਉਸਦੇ ਘਰ ਉਤਾਰਿਆ ਤਾਂ ਨਾਲ ਬੈਠੀ ਬੀਬੀ ਨੂੰ, ਸਭਨਾਂ ਸਮੇਤ, ਸ਼ਾਇਦ ਪੰਨੂੰ ਮਾਰਨਾ ਤਾਂ ਚਾਹ-ਪਾਣੀ ਦੀ ਸੁਲਾਹ ਚਾਹੁੰਦਾ ਸੀ ਪਰ ਉਸਦੇ ਮੂੰਹੋਂ ਸੁਭਾਵਕ ਨਿਕਲ ਗਿਆ, “ਆ ਬਈ ਫ਼ਲਾਣੀਏ! ਤੇਰਾ ਕੰਪਿਊਟਰ ਠੀਕ ਕਰ ਦੇਈਏ।” ਅਸੀਂ ਸਾਰੇ ਹੱਸ ਪਏ। ਉਹ ਕਹਿੰਦੀ, “ਪੰਨੂੰ ਸਾਹਿਬ! ਕੰਪਿਊਟਰ ਏਥੇ ਕਿੱਥੇ ਆ ਗਿਆ?” ਅਸਲ ਵਿੱਚ ਗੱਲ ਇਹ ਸੀ ਕਿ ਪੰਨੂੰ ਕੁੱਝ ਦਿਨ ਪਹਿਲਾਂ ਹੀ ਉਸਦੇ ਘਰ ਜਾ ਕੇ ਉਸਦਾ ਕੰਪਿਊਟਰ ਠੀਕ ਕਰਕੇ ਆਇਆ ਸੀ ਤੇ ਉਸਦੇ ਅਚੇਤ ਮਨ ਵਿੱਚ ਇਹੋ ਗੱਲ ਚੱਲ ਰਹੀ ਹੋਵੇਗੀ ਕਿ ਸਹਿਵਨ ਹੀ ’ਚਾਹ-ਪਾਣੀ’ ਦਾ ਸੱਦਾ ਉਹਦੇ ਮੂੰਹੋਂ ‘ਕੰਪਿਊਟਰ ਠੀਕ ਕਰ ਦੇਣ ਦਾ ਸੱਦਾ’ ਬਣ ਕੇ ਨਿਕਲ ਗਿਆ।
ਪੰਨੂੰ ਦੇ ਸੁਭਾਅ ਦੀ ਵਿਸ਼ੇਸਤਾ ਹੈ ਕਿ ਉਹ ਜਿਸ ਉੱਤੇ ਡੁੱਲ੍ਹਦਾ ਹੈ; ਪੂਰੇ ਦਾ ਪੂਰਾ ਡੁੱਲ੍ਹ ਜਾਂਦਾ ਹੈ। ਅਗਲਾ ਭਾਵੇਂ ਪੂਰੇ ਦਾ ਪੂਰਾ ਭਿੱਜ ਜਾਵੇ। ਏਨੇ ਸਮਰਪਣ ਭਾਵ ਨਾਲ ਅਗਲੇ ਦੇ ਕੰਮ ਆਉਣ ਦੀ ਲੋਚਾ ਉਸ ਅੰਦਰ ਏਨੀ ਪਰਬਲ ਹੈ ਕਿ ਹੋ ਸਕਦਾ ਹੈ ਜੇ ਅਗਲਾ ਉਸਤੋਂ ਵੀਹ ਫ਼ੀ-ਸਦੀ ਸਹਾਇਤਾ ਦੀ ਆਸ ਰੱਖ ਰਿਹਾ ਹੋਵੇ ਉਹ ਅੱਗੋਂ ਇੱਕ ਸੌ ਵੀਹ ਫ਼ੀ ਸਦੀ ਤੱਕ ਦੀ ਜ਼ਿੰਮੇਵਾਰੀ ਆਪ ਹੀ ਓੜ੍ਹ ਲੈਂਦਾ ਹੈ। ਕਿਤੇ ਕਿਸੇ ਸਾਹਿਤਕ ਜਾਂ ਸਭਿਆਚਾਰਕ ਪ੍ਰੋਗ੍ਰਾਮ ਲਈ ਕਿਸੇ ਪ੍ਰਬੰਧਕ ਨੇ ਪੰਨੂੰ ਨੂੰ ਕੁੱਝ ਬੰਦੇ ਲਿਆਉਣ ਲਈ ਕਿਹਾ ਹੋਵੇ ਤਾਂ ਉਹ ਇਸਨੂੰ ਵੱਕਾਰ ਦਾ ਸਵਾਲ ਬਣਾ ਕੇ ਜੁੱਟ ਜਾਵੇਗਾ ਤੇ ਮੇਰੇ ਵਰਗੇ ਸਾਰੇ ਮਿੱਤਰ-ਬੇਲੀਆਂ ਨੂੰ ਇਕੱਠਾ ਕਰਕੇ ਤੇ ‘ਰਾਈਡ’ ਦਾ ਪ੍ਰਬੰਧ ਵੀ ਆਪੇ ਕਰ ਕੇ ਪ੍ਰੋਗਰਾਮ ’ਤੇ ਪਹੁੰਚ ਜਾਵੇਗਾ। ਅਗਲਾ ਧੰਨ ਧੰਨ ਹੋ ਜਾਵੇਗਾ ਤੇ ਪੰਨੂੰ ਦੇ ਮਨ ਨੂੰ ਠੰਢ ਪੈ ਜਾਵੇਗੀ। ਇਹੋ ਠੰਢਕ ਹੀ ਤਾਂ ਉਹ ਚਾਹੁੰਦਾ ਹੈ; ਹੋਰ ਉਸਨੇ ਇਸ ਸਾਰੇ ਕੁੱਝ ਵਿਚੋਂ ਕੁੱਝ ਕੱਢਣਾ ਪਾਉਣਾ ਨਹੀਂ ਹੁੰਦਾ। ਪਿਛਲੇ ਸਾਲ ਆਪਣੇ ਮੂੰਹ-ਬੋਲੇ ਪੁੱਤਰ ਦੀ ਕੌਂਸਲਰ ਦੀ ਚੋਣ ਮੌਕੇ ਹੋਣ ਵਾਲੇ ਇੱਕ ਇਕੱਠ ਵਿੱਚ ਉਹ ਆਪਣੇ ਯਾਰਾਂ ਬੇਲੀਆਂ ਦੀ ਢਾਣੀ ਇਕੱਠੀ ਕਰ ਕੇ ਲੈ ਗਿਆ। ਉਸਨੇ ਸਾਡੇ ਵਿਚੋਂ ਹੀ ਕਿਸੇ ਦੀ ਸਟੇਜ ਚਲਾਉਣ, ਕਿਸੇ ਦੀ ਮੁਢਲਾ ਭਾਸ਼ਨ ਕਰਨ ਤੇ ਕਿਸੇ ਦੀ ਧੰਨਵਾਦ ਕਰਨ ਦੀ ਡਿਊਟੀ ਲਾ ਦਿੱਤੀ। ਮੈਂ ਆਖਾਂ, “ਪੰਨੂੰ ਸਾਬ੍ਹ! ਜਿਨ੍ਹਾਂ ਨੇ ਸਮਾਗਮ ਉਲੀਕਿਆ ਹੈ ਉਹਨਾਂ ਨੇ ਸਟੇਜ ਦਾ ਸਾਰਾ ਪ੍ਰਬੰਧ ਵੀ ਚਲਾਉਣ ਬਾਰੇ ਸੋਚਿਆ ਹੋਊ। ਸੁੱਥਣਾ ਸਵਾਉਣ ਵਾਲਿਆਂ ਨੇ ਰਾਹ ਵੀ ਰੱਖੇ ਹੁੰਦੇ ਨੇ।” ਪਰ ਪੰਨੂੰ ਨੇ ਤਾਂ ਆਪਣੀ ਡਿਊਟੀ ਨਿਭਾਉਣੀ ਸੀ, ਨਿਭਾ ਦਿੱਤੀ। ਅਗਲਿਆਂ ਨੂੰ ਚਿੱਤ ਖ਼ਿਆਲ ਵੀ ਨਹੀਂ ਸੀ ਕਿ ਪੰਨੂੰ ਕਿਵੇਂ ਪੂਰੀ ਤਿਆਰੀ ਨਾਲ ਆਇਆ ਹੋਇਆ ਹੈ। ਉਹਨਾਂ ਆਪਣੀ ਸਟੇਜ ਆਪਣੇ ਹਿਸਾਬ ਨਾਲ ਚਲਾਉਣੀ ਸੀ ਤੇ ਚਲਾ ਲਈ। ਪਰ ਪੰਨੂੰ ਤਾਂ ਆਪਣੀ ‘ਰਿਜ਼ਰਵ ਸਹਾਇਤਾ ਢਾਣੀ’ ਸਮੇਤ ਹਾਜ਼ਰ ਸੀ ਨਾ!
ਦੂਜਿਆਂ ਨੂੰ ਪੈਣ ਵਾਲੀ ਲੋੜ ਬਾਰੇ ਏਡੀ ਦੂਰ ਤੱਕ ਸੋਚਣਾ ਤੇ ਉਸ ਲੋੜ-ਪੂਰਤੀ ਲਈ ਏਨੇ ਸਮਰਪਣ ਭਾਵ ਨਾਲ ਕੰਮ ਕਰਨਾ ਇਹ ਪੰਨੂੰ ਦੇ ਹਿੱਸੇ ਹੀ ਆਇਆ ਹੈ। ਲੋਕ ਤਾਂ ਕਿਸੇ ਲਈ ਬਣਦਾ ਫ਼ਰਜ਼ ਅਦਾ ਕਰਨ ਦਾ ਪੰਜਵਾਂ ਹਿੱਸਾ ਵੀ ਪੂਰਾ ਕਰ ਲੈਣ ਤਾਂ ਵਾਹ ਭਲੀ ਸਮਝੀ ਜਾਂਦੀ ਹੈ ਪਰ ਏਥੇ ਪੰਨੂੰ ਹੈ ਕਿ ਅਗਲੇ ਆਪਣੇ ਬਣਦੇ ਹਿੱਸੇ ਤੋਂ ਵੀ ਕਈ ਗੁਣਾ ਵੱਧ ਕਰਨ ਲਈ ਤਤਪਰ ਰਹਿੰਦਾ ਹੈ।
ਉਹਦੀ ਆਵਾਜ਼ ਵਿੱਚ ਪੁਲਸੀਆ ਰੰਗ ਤਾਂ ਹੈ ਹੀ ਨਹੀਂ। ਨਿਰਾ ਨਿਮਰਤਾ ਤੇ ਪਰਸੰਸਾ ਦੀ ਮੂਰਤ। ‘ਸ਼ਾਮ’ ਨੂੰ ‘ਸਾਮ’ ਜਾਂ ‘ਸ਼ਹਿਰ’ ਨੂੰ ‘ਸਹਿਰ’ ਬੋਲਣ ਦੇ ਅੰਦਾਜ਼ ਤੋਂ ਸਗੋਂ ਉਹਦੇ ਬੋਲਾਂ ਵਿੱਚ ਮਾਸੂਮ ਬਾਲਾਂ ਦੇ ਬੋਲਾਂ ਵਰਗੀ ਸਾਦਗੀ ਦਾ ਭੁਲੇਖਾ ਲੱਗਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਉਹ ਬਹੁਤ ਹੱਦ ਤੱਕ ਬਾਲਾਂ ਵਰਗਾ ਈ ਹੈ। ਕਿਸੇ ਨਾਲ ਵੱਡੇ ਵੈਰ-ਭਾਵ ਰੱਖਣ ਤੋਂ ਅਸਲੋਂ ਈ ਮੁਕਤ। ਪਰ ਨਾਲ ਹੀ ਮੈਨੂੰ ਪਾਕਿਸਤਾਨੀ ਸਟੇਜੀ ਡਰਾਮੇ ਵਿਚਲੀ ਉਸ ਔਰਤ ਦਾ ਖ਼ਿਆਲ ਆਉਂਦਾ ਹੈ ਜੋ ਸਾਥੀ ਕਲਾਕਾਰ ਨੂੰ ਕਹਿੰਦੀ ਹੈ, “ਵੇ ਮੈਨੂੰ ਕੁੱਝ ਨਾ ਆਖ। ਮੈਂ ਤਾਂ ਅਜੇ ਬੱਚੀ ਆਂ।” ਉਹ ਅੱਗੋਂ ਕਹਿੰਦਾ ਹੈ, “ਐਵੈਂ ਘੁੰਨੀ ਨਾ ਬਣ। ਤੂੰ ਬੱਚੀ-ਬੁੱਚੀ ਕੋਈ ਨਹੀਂ। ਤੈਨੂੰ ਮੈਂ ਦੱਸਾਂ।”
ਇਸ ਹਵਾਲੇ ਨਾਲ ਪੰਨੂੰ ਵੀ ਏਡਾ ‘ਬੱਚਾ-ਬੁੱਚਾ’ ਕੋਈ ਨਹੀਂ। ਤੇ ਐਸੀ ਗੱਲ ਵੀ ਨਹੀਂ ਕਿ ਪੰਨੂੰ ਹਰੇਕ ’ਤੇ ਹੀ ਡੁੱਲ੍ਹ ਡੁੱਲ੍ਹ ਪੈਂਦਾ ਹੋਵੇ। ਕਈ ਵਾਰ ਤਾਂ ਉਹ ਬਹੁਤ ਰੁੱਖਾ ਵੀ ਨਜ਼ਰ ਆਉਂਦਾ ਹੈ। ਮੈਂ ਸ਼ੁਰੂ ਵਿੱਚ ਉਸ ਵੱਲੋਂ ਦਿੱਤੀ ‘ਰੰਮ’ ਅਤੇ ‘ਜੂਸ’ ਦਾ ਜ਼ਿਕਰ ਕੀਤਾ ਸੀ। ਉਹਦੀ ਸ਼ਖ਼ਸੀਅਤ ਵਿੱਚ ਵੀ ਦੋਵੇਂ ਸਵਾਦ ਘੁਲੇ ਹੋਏ ਹਨ। ਕਈ ਵਾਰ ਬੜਾ ਕੌੜਾ ਤੇ ਰੁੱਖਾ ਤੇ ਕਈ ਵਾਰ ਨਿਰ੍ਹਾ ਮਿਠਾਸ ਦੀ ਮੂਰਤ। ਜਿਨ੍ਹਾਂ ਬੰਦਿਆਂ ਨੂੰ ਇੱਕ ਵਾਰ ਰੱਦ ਕਰ ਦਿੰਦਾ ਹੈ ਫਿਰ ਉਹ ਉਹਨਾਂ ਬਾਰੇ ਆਪਣੀ ਰਾਇ ਨੂੰ ਬਦਲਦਾ ਨਹੀਂ ਤੇ ਨਾ ਹੀ ਮਾਫ਼ ਕਰਦਾ ਹੈ। ਮੈਂ ਅਜਿਹੇ ਬੰਦਿਆਂ ਦੇ ਨਾਂ ਗਿਣ ਸਕਦਾ ਹਾਂ। ਉਂਜ ਵੀ ਕਈ ਵਾਰ ਤਾਂ ਅਗਲੇ ਦੀ ਸਾਧਾਰਨ ਗੱਲ ਨੂੰ ਇਸ ਅੰਦਾਜ਼ ਵਿੱਚ ਟੱਕਰੇਗਾ ਕਿ ਉਹ ਕਹਾਣੀ ਯਾਦ ਆ ਜਾਵੇਗੀ ਜਿਸ ਅਨੁਸਾਰ ਕਿਸੇ ਨੇ ਦੂਜੇ ਨੂੰ ਪੁੱਛਿਆ, “ਕਿੰਨੇ ਭਰਾ ਓ?”
ਅਗਲੇ ਨੇ ਕਿਹਾ, “ਤਿੰਨ।”
“ਜੇ ਚਾਰ ਹੁੰਦੇ ਤਾਂ ਫਿਰ ਕਿਹੜੀ ਮੇਰੀ ਲੱਤ ਭੰਨ ਲੈਂਦੇ।”
ਅਗਲੇ ਨੇ ਨਿਮਰਤਾ ਨਾਲ ਕਿਹਾ, “ਭਰਾਵਾ! ਮੈਂ ਤੈਨੂੰ ਕੀ ਆਖਿਐ?”
ਉਹ ਕਹਿੰਦਾ, “ਆਖ ਕੇ ਵੇਖ ਲੈ। ਵੇਖੀਂ ਬੂਥਾ ਨਾ ਭੰਨ ਦਿੱਤਾ ਤਾਂ!”
ਕਦੀ ਕਦੀ ਪੰਨੂੰ ਕਿਸੇ ਦੀ ਸਾਧਾਰਨ ਕੀਤੀ ਗੱਲ ਨੂੰ ਧੱਕੇ ਨਾਲ ਬਹਿਸ ਵਿੱਚ ਪਾਉਣ ਲਈ ਆਪਣੀ ਵਿਰੋਧੀ ਰਾਇ ਠਾਹ ਕਰਕੇ ਮਾਰਦਾ ਹੈ ਜਦ ਕਿ ਉਸ ਸਮੇਂ ਉਸਦੀ ਲੋੜ ਨਹੀਂ ਹੁੰਦੀ। ਅਗਲਾ ਬੌਂਦਲ ਜਾਂਦਾ ਹੈ। ਪਾਰਕ ਵਿੱਚ ਬਾਬਿਆਂ ਨਾਲ ਬੈਠਿਆਂ ਜਿੱਥੇ ਉਹ ਗੱਲਾਂ-ਬਾਤਾਂ ਕਰਕੇ ਰੌਣਕ ਲਾ ਦਿੰਦਾ ਹੈ ਓਥੇ ਜਦੋਂ ਕਦੀ ਕਦੀ ਕਿਸੇ ਨਾਲ ‘ਨੌਨ-ਇਛੂ’ ਨੂੰ ‘ਇਛੂ’ ਬਣਾ ਕੇ ਗੱਲ ਨੂੰ ਧੱਕੇ ਨਾਲ ਬਹਿਸ ਵਿੱਚ ਪਾਉਣ ਦੀ ਕੋਸ਼ਿਸ਼ ਕਰ ਲੈਂਦਾ ਹੈ ਤਾਂ ਮੈਂ ਗੱਲ ਨੂੰ ਹਾਸੇ ਵਿੱਚ ਪਾ ਕੇ ਟਾਲਣ ਦਾ ਯਤਨ ਕਰਦਾ ਹਾਂ। ਮੇਰਾ ਭਾਵ ਸਮਝ ਕੇ ਪੰਨੂੰ ਵੀ ਹੱਸਣ ਲੱਗ ਪਵੇਗਾ। ਗੱਲ ਰਫ਼ਾ-ਦਫ਼ਾ ਹੋ ਜਾਂਦੀ ਹੈ ਤੇ ਪੰਨੂੰ ਬਾਬਿਆਂ ਦੀ ਅਤ੍ਰਿਪਤ ਆਤਮਾ ਨੂੰ ਤ੍ਰਿਪਤ ਕਰਨ ਲਈ ਕੋਈ ਲੁੱਚਾ ਲਤੀਫ਼ਾ ਛੁਹ ਲੈਂਦਾ ਹੈ।
ਪਰ ਫਿਰ ਵੀ ਜਿਹੜੀ ਗੱਲ ਉਸਨੂੰ ਖ਼ਰੀ ਲੱਗਦੀ ਹੈ ਉਸਨੂੰ ਕਰਨੋਂ ਵੀ ਉੱਕਦਾ ਨਹੀਂ; ਭਾਵੇਂ ਅਗਲੇ ਦੇ ਗੋਡੇ ਲੱਗੇ ਜਾਂ ਗਿੱਟੇ। ਫਿਰ ਅਗਲੇ ਪਲ ਜਾਂ ਅਗਲੇ ਦਿਨ ਚੇਤਾ ਆਉਣ ’ਤੇ ਕਿ ‘ਬੰਦਾ ਤਾਂ ਨਰਾਜ਼ ਹੋ ਗਿਆ!’, ‘ਭੁੱਲ-ਚੁੱਕ ਮਾਫ਼ ਕਰਾਉਣ’ ਲਈ ਵੀ ਤਤਪਰ ਹੋ ਜਾਂਦਾ ਹੈ। ਇੱਕ ਦਿਨ ਟਰਾਂਟੋ ਕਹਾਣੀ ਮੰਚ ਦੀ ਬੈਠਕ ਵਿੱਚ ਕਿਸੇ ਲੇਖਕ ਦੀ ਕਹਾਣੀ ਬਾਰੇ ਬੋਲਦਿਆਂ ਕਹਿੰਦਾ, “ਜੀ ਮੇਰੇ ਹਿਸਾਬ ਨਾਲ ਤਾਂ ਇਹ ਕਹਾਣੀ ਬਣਦੀ ਈ ਨਹੀਂ।” ਕਹਾਣੀਕਾਰ ਨੂੰ ਚੰਗਾ ਨਾ ਲੱਗਾ। ਅਗਲੇ ਦਿਨ ਪੰਨੂੰ ਮੈਨੂੰ ਆਖੇ, “ਕਹਾਣੀਕਾਰ ਆਪਣਾ ਨੇੜੇ ਦਾ ਯਾਰ ਏ। ਐਵੇਂ ਨਰਾਜ਼ ਕਰ ਬੈਠੇ। ਉਹਦੇ ਤੋਂ ਸੌਰੀ ਮੰਗ ਲੈਣੀਂ ਆਂ।” ਮਾਫ਼ੀ ਮੰਗ ਲੈਣਾ ਵੱਡੇ ਦਿਲਾਂ ਦਾ ਕੰਮ ਹੈ। ਇਹੋ ਜਿਹਾ ਦਿਲ ਪੰਨੂੰ ਕੋਲ ਹੀ ਹੈ।
ਪਰ ਸੁਭਾਅ ਤਾਂ ਸੁਭਾਅ ਈ ਹੁੰਦਾ ਹੈ। ਛੇਤੀ ਕੀਤੇ ਬਦਲਦਾ ਨਹੀਂ। ਪਿਛਲੇ ਦਿਨ ਮੇਰੇ ਜਲੰਧਰ ਵਾਲੇ ਘਰ ਧੁੱਪੇ ਬੈਠੇ ਸਾਂ ਕਿ ਆਸਟ੍ਰੇਲੀਆ ਵਾਲੇ ਮੇਰੇ ਮਿੱਤਰ ਗਿਆਨੀ ਸੰਤੋਖ ਸਿੰਘ ਦਾ ਫ਼ੋਨ ਆਇਆ। ਉਸਨੇ ਪੰਨੂੰ ਦੇ ਹੱਥ ਪਿਛਲੇ ਸਾਲ ਆਪਣੀ ਜੀਵਨੀ-ਪੁਸਤਕ ਮੇਰੇ ਲਈ ਭੇਜੀ ਸੀ। ਉਹ ਪੰਨੂੰ ਨੇ ਵੀ ਪੜ੍ਹੀ ਹੋਈ ਸੀ। ਸੰਤੋਖ ਸਿੰਘ ਇਹ ਜਾਣ ਕੇ ਕਿ ਪੰਨੂੰ ਵੀ ਮੇਰੇ ਕੋਲ ਬੈਠਾ ਹੋਇਆ ਏ, ਆਪਣੀ ਕਿਤਾਬ ਬਾਰੇ ਰਾਇ ਪੁੱਛਣ ਲੱਗਾ। ਪੰਨੂੰ ਕਹਿੰਦਾ, “ਮੈਨੂੰ ਉਸ ਕਿਤਾਬ ਦਾ ਪਿਛਲਾ ਹਿੱਸਾ ਬਿਲੁਕਲ ਪਸੰਦ ਨਹੀਂ ਆਇਆ। ਤੁਸੀਂ ਜਿਹੜੇ ਸਿਆਸਤਦਾਨਾਂ ਤੋਂ ਪੰਜਾਬ ਦਾ ਭਵਿੱਖ ਸਵਾਰੇ ਜਾਣ ਦੀ ਆਸ ਰੱਖਦੇ ਓ, ਉਹਨਾਂ ਈ ਤਾਂ ਪੰਜਾਬ ਦੀ ਬੇੜੀ ’ਚ ਵੱਟ ਪਾਏ ਨੇ। ਤੁਸੀਂ ਮੈਨੂੰ ਉਹਨਾਂ ਦੀ ਚਮਚਾਗਿਰੀ ਕਰਦੇ ਲੱਗਦੇ ਓ। ਹਾਂ, ਪਹਿਲਾ ਹਿੱਸਾ ਚੰਗਾ ਹੈ, ਵਧੀਆ, ਪੜ੍ਹਨ ਵਾਲਾ।” ਮੈਂ ਸੰਤੋਖ ਸਿੰਘ ਨੂੰ ਹੱਸਦਿਆਂ ਆਖਿਆ, “ਭਾਈ ਸਾਹਿਬ! ਏਨੀ ਕਰਾਏ ਬਿਨਾਂ ਤੁਹਾਨੂੰ ਵੀ ਠੰਢ ਨਹੀਂ ਸੀ ਪੈਣੀ।”
ਬਿਨ ਮੰਗਿਆਂ ਸਲਾਹ ਦੇਣੀ ਚੰਗੀ ਤਾਂ ਨਹੀਂ ਹੁੰਦੀ। ਪਰ ਪੰਨੂੰ ਆਪਣਾ ਬੇਲੀ ਹੈ; ਇਸ ਲਈ ਕਦੀ ਕਦੀ ਸਲਾਹ ਦੇਣ ਦੀ ਗ਼ਲਤੀ ਕਰ ਲਈਦੀ ਹੈ। ਮੈਂ ਹੱਸ ਕੇ ਆਖਿਆ, “ਹਜ਼ੂਰ! ਪਹਿਲਾਂ ਸਿੱਧਾ ਈ ਨੁਕਸ ਛਾਂਟਣ ਦੀ ਥਾਂ ਜੇ ਪਹਿਲਾਂ ਉਹਦੀ ਕਿਤਾਬ ਦੇ ਚੰਗੇ ਪੱਖ ਦੀ ਗੱਲ ਕਰ ਦਿੰਦੇ ਤਾਂ ਕੀ ਆਖ਼ਰ ਆ ਜਾਂਦੀ। ਜ਼ਰੂਰੀ ਏ ਕਿ ਪਹਿਲਾਂ ਅਗਲੇ ਦੀ ਛੋਈ ਈ ਲਾਹੀ ਜਾਵੇ?” ਲਾਗੋਂ ਮਿਸਿਜ਼ ਪੰਨੂੰ ਵੀ ਕਹਿੰਦੇ, “ਇਹਨਾਂ ਦੀ ਇਹ ਆਦਤ ਠੀਕ ਨਹੀਂ।” ਮੈਂ ਹੱਸਿਆ, “ਪਰ ਭੈਣ ਜੀ! ਬੀਬੀਆਂ ਨਾਲ ਇਹ ਰੁੱਖਾ ਨਹੀਂ ਬੋਲਦੇ। ਓਹਨਾਂ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ।” ਮਿਸਿਜ਼ ਪੰਨੂੰ ਹੱਸ ਪਏ, “ਆਹੋ, ਇਹ ਗੱਲ ਤਾਂ ਠੀਕ ਆ।”
ਮਿਸਿਜ਼ ਪੰਨੂੰ ਤੇ ਮੈਂ ਕਦੀ ਕਦੀ ਪੰਨੂੰ ਦੇ ਬੀਬੀਆਂ ਬਾਰੇ ਨਰਮ ਗੋਸ਼ੇ ’ਤੇ ਉਸ ਨਾਲ ਛੇੜ-ਛਾੜ ਕਰ ਲੈਂਦੇ ਹਾਂ। ਪੰਨੂੰ ਇਸ ਗੱਲ ਦਾ ਗੁੱਸਾ ਨਹੀਂ ਕਰਦਾ ਸਗੋਂ ਸਵਾਦ ਲੈਂਦਾ ਏ। ਮਿੰਨ੍ਹਾਂ ਮਿੰਨ੍ਹਾਂ ਹੱਸਦਾ ਰਹਿੰਦਾ ਏ।
“ਉਂਜ ਬੀਬੀਆਂ ਵੀ ਇਹਨਾਂ ਦਾ ਬੜਾ ਕਰਦੀਆਂ ਨੇ।”
ਮੇਰੀ ਸੁਣ ਕੇ ਮਿਸਿਜ਼ ਪੰਨੂੰ ਮੁੜ ਪੋਲਾ ਜਿਹਾ ਹੱਸਦੇ ਨੇ।
ਪੰਨੂੰ ਹੱਸਦਾ ਹੋਇਆ ਸਪਸ਼ਟੀਕਰਨ ਦਿੰਦਾ ਹੈ, “ਓ ਭਾਈ! ਬੀਬੀਆਂ ਨੂੰ ਪਤੈ ਕਿ ਇਸ ਬੰਦੇ ਤੋਂ ਉਹਨਾਂ ਨੂੰ ਕੋਈ ਖ਼ਤਰਾ ਨਹੀਂ।”
ਉਸਦੀ ਗੱਲ ਸ਼ਾਇਦ ਠੀਕ ਵੀ ਏ। ਉਹ ਬੀਬੀਆਂ ਨਾਲ ਰਿਸ਼ਤੇ ਨੂੰ ਬੜੇ ਸੁਖਾਵੇਂ ਪੱਧਰ ’ਤੇ ਰੱਖਦਾ ਹੈ। ਉਹਦੇ ਬੋਲਾਂ ਤੇ ਵਿਹਾਰ ਵਿਚੋਂ ਬੀਬੀਆਂ ਨੂੰ ਕੋਈ ਮੈਲ਼ ਨਜ਼ਰ ਨਹੀਂ ਆਉਂਦੀ। ਏਸੇ ਕਰਕੇ ਪੰਨੂੰ ਨਾਲ ਉਹਨਾਂ ਦਾ ਡੂੰਘੀ ਅਪਣੱਤ ਦਾ ਰਿਸ਼ਤਾ ਬਣਿਆਂ ਰਹਿੰਦਾ ਹੈ। ਜੇ ਸੱਚਮੁੱਚ ਕਿਸੇ ‘ਖ਼ਤਰੇ’ ਦੀ ਗੱਲ ਹੋਵੇ ਤਾਂ ਇਸ ਖ਼ਤਰੇ ਦੀ ਘੰਟੀ ਸਭ ਤੋਂ ਪਹਿਲਾਂ ਸਾਡੇ ਭੈਣ ਜੀ (ਮਿਸਿਜ਼ ਪੰਨੂੰ) ਨੂੰ ਹੀ ਸੁਣ ਜਾਵੇਗੀ। ਜੇ ਉਹਨਾਂ ਨੇ ਪੰਨੂੰ ਨੂੰ ਹੇਠਾਂ ਬੇਸਮੈਂਟ ਵਿੱਚ ਜਾ ਕੇ ਕਿਸੇ ‘ਬੀਬੀ’ ਜਾਂ ‘ਬਾਬੇ’ ਨੂੰ ਘੰਟਿਆਂ ਬੱਧੀ ਕੰਪਿਊਟਰ ਸਿਖਾਉਣ ਦੀ ਆਗਿਆ ਦੇ ਰੱਖੀ ਹੈ ਤਾਂ ਸਮਝੋ, ‘ਖ਼ਤਰੇ’ ਵਾਲੀ ਸੱਚੀਂ ਕੋਈ ਗੱਲ ਨਹੀਂ। ਮਿਸਿਜ਼ ਪੰਨੂੰ ਬੇਫ਼ਿਕਰੀ ਨਾਲ ਉੱਪਰ ਬੈਠੇ ਟੀ ਵੀ ਵੇਖ ਰਹੇ ਹੁੰਦੇ ਨੇ। ਲੋੜ ਪੈਣ ’ਤੇ ਚਾਹ-ਪਾਣੀ ਵੀ ਥੱਲੇ ਦੇ ਆਉਂਦੇ ਨੇ। ਨਿਸਚੈ ਹੀ ਪਤਨੀ ਦਾ ਅਜਿਹਾ ਵਿਸ਼ਵਾਸ ਕਮਾਉਣਾ ਪੈਂਦਾ ਹੈ। ਪੰਨੂੰ ਨੇ ਇਹ ਵਿਸ਼ਵਾਸ ਕਮਾਇਆ ਹੋਇਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਔਰਤ ਤਾਂ ਆਪਣੇ ਪਤੀ ਦੀ ਨਜ਼ਰ ਪਲ-ਛਿਣ ਵਿੱਚ ਪਛਾਣ ਲੈਂਦੀ ਹੈ। ਉਸਦਾ ਮਰਦ ਕਿਸੇ ਤੀਵੀਂ ਨੂੰ ਕਿਹੜੀ ਨਜ਼ਰ ਨਾਲ ਵੇਖਦਾ ਹੈ, ਉਹ ਪਹਿਲੀ ਨਜ਼ਰੇ ਤਾੜ ਜਾਂਦੀ ਹੈ। ਜਿੱਥੇ ਔਰਤ ਨੂੰ ਜ਼ਰਾ ਕੁ ਦਾਲ ਵਿੱਚ ਕਲਿੱਤਣ ਦਾ ਝੌਲਾ ਪਵੇ ਉਹ ਓਸੇ ਵੇਲੇ ਭਰੀ ਭਰਾਈ ਤੌੜੀ ਮੂਧੀ ਮਾਰ ਦਿੰਦੀ ਹੈ। ਜੇ ਅਜੇ ਤੱਕ ਪੰਨੂੰ ਦੀ ਦਾਲ ਰਿੱਝੀ ਜਾਂਦੀ ਹੈ ਤਾਂ ਜ਼ਾਹਿਰ ਹੈ ਮਿਸਿਜ਼ ਪੰਨੂੰ ਨੂੰ ਸੱਚਮੁੱਚ ਪੰਨੂੰ ’ਤੇ ਵਿਸ਼ਵਾਸ ਹੈ।
ਜੇ ਵਿਸ਼ਵਾਸ ਵਿੱਚ ‘ਘਾਤ’ ਦਾ ਮਾੜਾ ਜਿਹਾ ਸੰਸਾ ਹੋਵੇ ਓਥੇ ਸਾਵਧਾਨੀ ਵਰਤਣੀ ਮਾੜੀ ਵੀ ਨਹੀਂ ਹੁੰਦੀ। ਇੱਕ ਵਾਰ ਪੰਨੂੰ ਨੇ ਕਿਸੇ ਲੇਖਕ ਬੀਬੀ ਦੀ ਤਸਵੀਰ ਵੱਡੀ ਕਰਕੇ ਆਪਣੀਆਂ ਬੇਸਮੈਂਟ ਨੂੰ ਉੱਤਰਦੀਆਂ ਪੌੜੀਆਂ ਦੀ ਦੀਵਾਰ ’ਤੇ ਦਰਸ਼ਨੀ ਅੰਦਾਜ਼ ਵਿੱਚ ਲਾਈ ਹੋਈ ਸੀ। ਮੈਂ ਜਾਣਦਿਆਂ-ਬੁੱਝਦਿਆਂ ਇਸ ਬਾਰੇ ਪੁੱਛਿਆ ਤਾਂ ਪੰਨੂੰ ਕਹਿੰਦਾ, “ਉਹਨੂੰ ਕਿਸੇ ਸਮਾਗਮ ’ਤੇ ਲਾਉਣ ਲਈ ਆਪਣੀ ਵੱਡੀ ਫੋਟੋ ਚਾਹੀਦੀ ਸੀ। ਮੈਨੂੰ ਕਹਿੰਦੀ ‘ਵੱਡੀ ਕਰ ਦਿਓ।’ ਮੈਂ ਦੋ ਵੱਡੀਆਂ ਕਰ ਲਈਆਂ। ਇੱਕ ਉਹਨੂੰ ਦੇ ’ਤੀ। ਇੱਕ ਆਪ ਰੱਖ ਲਈ।” ਮਿਸਿਜ਼ ਪੰਨੂੰ ਸੁਣ ਰਹੇ ਸਨ। ਮੈਂ ਹੋਰ ਕਮੀਣਾ ਹੋ ਗਿਆ, “ਜਨਾਬ! ਤੁਸੀਂ ਕਿਹੜੀ ਖੁਸ਼ੀ ’ਚ ਰੱਖ ਲਈ ਤੇ ਫਿਰ ਲਾਈ ਵੀ ਐਨ ਨਜ਼ਰਾਂ ਦੇ ਸਾਹਮਣੇ। ਕੀ ਗੱਲ ਅੱਖਾਂ ਤੋਂ ਪਲ-ਭਰ ਵੀ ਓਹਲੇ ਕਰਨ ਨੂੰ ਚਿੱਤ ਨਹੀਂ ਕਰਦਾ?” ਪੰਨੂੰ ਹੱਸੀ ਜਾਵੇ।
ਮਿਸਿਜ਼ ਪੰਨੂੰ ਨੇ ਕਿਹਾ, “ਕਦੇ ਕਦੇ ਇਹਨਾਂ ਨੂੰ ਕੁੱਝ ਜ਼ਿਆਦਾ ਈ ਖ਼ੁਸ਼ੀ ਹੋ ਜਾਂਦੀ ਐ।”
ਅਗਲੀ ਵਾਰ ਮੈਂ ਘਰ ਗਿਆ ਤਾਂ ਦੀਵਾਰ ਤੋਂ ਉਹ ਫੋਟੋ ਲੱਥੀ ਹੋਈ ਸੀ।
ਉਂਜ ਹੁਣ ਵੀ ਉਸ ਦੀਵਾਰ ’ਤੇ ਇੱਕ ਬੀਬੀ ਦੀ ਫੋਟੋ ਲੱਗੀ ਹੋਈ ਹੈ ਪਰ ਇਹ ਕਿਸੇ ‘ਨੇੜਲੀ’ ਬੀਬੀ ਦੀ ਨਹੀਂ; ਪਾਕਿਸਤਾਨ ਵਿਚਲੇ ਕਿਸੇ ਸਮਾਗਮ ਵਿੱਚ ਕਿਸੇ ਸਮੂਹ ਵਿੱਚ ਖਿੱਚੀ ਫੋਟੋ ਵੱਡੀ ਕੀਤੀ ਹੋਈ ਹੈ। ਬੀਬੀ ਦਾ ਚਿਹਰਾ ਦਰਸ਼ਨੀ ਹੈ। ਸ਼ਾਂਤ-ਚਿੱਤ। ਮਨ ਨੂੰ ਠੰਢ ਪਾਉਣ ਵਾਲਾ। ਜੇ ਵਿੱਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਗਿਆਂ ਨੂੰ ਕੋਈ ਦਰਸ਼ਨੀ ਚਿਹਰਾ ਲੱਭ ਗਿਆ ਤਾਂ ਉਸਨੂੰ ਦੀਵਾਰ ਉੱਤੇ ਲਟਕਾਉਣ ਵਿੱਚ ਕੀ ਹਰਜ਼ ਹੈ! ਉਸਤੋਂ ਨਾ ਮਿਸਿਜ਼ ਪੰਨੂੰ ਨੂੰ ਕੋਈ ਖ਼ਤਰਾ ਹੈ ਨਾ ਮੈਨੂੰ ਕੋਈ ਸਾੜਾ ਹੈ! ਸਗੋਂ ਮੈਨੂੰ ਵੀ ਪੰਨੂੰ ਵਾਂਗ ਹੀ ਉਹ ਚਿਹਰਾ ਵੇਖਣਾ ਚੰਗਾ ਚੰਗਾ ਲੱਗਦਾ ਹੈ।
ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਐਵੇਂ ਪੰਨੂੰ ਨੂੰ ਛੇੜਦੇ ਹਾਂ ਸਾਨੂੰ ਕਿਹੜਾ ਸੋਹਣੀਆਂ ਬੀਬੀਆਂ ਮਾੜੀਆਂ ਲੱਗਦੀਆਂ ਨੇ! ਅਸੀਂ ਵੀ ਕਿਹੜੇ ਦੁੱਧ-ਧੋਤੇ ਹਾਂ! ਪੰਨੂੰ ਤਾਂ ਆਪ ਮੰਨਦਾ ਹੈ ਕਿ ਸਾਰੀ ਉਮਰ ਸੁਰੱਖਿਆ ਸੇਵਾਵਾਂ ਨਿਭਾਉਣ ਵਿੱਚ ਜੁੱਟੇ ਰਹਿਣ ਕਾਰਨ ਉਸਨੂੰ ਤਾਂ ਰੱਜ ਕੇ ਪਤਨੀ ਦਾ ਪਿਆਰ ਤੇ ਸੰਗ-ਸਾਥ ਮਾਨਣ ਦਾ ਵੀ ਭਰਵਾਂ ਮੌਕਾ ਨਸੀਬ ਨਹੀਂ ਹੋਇਆ। ਇੱਕ ਅਤ੍ਰਿਪਤੀ ਅਤੇ ਡੂੰਘਾ ਖ਼ਿਲਾਅ ਰਹਿ ਗਿਆ ਹੈ ਮਨ ਅੰਦਰ। ਉਹ ਹਉਕਾ ਲੈ ਕੇ ਅਕਸਰ ਆਪਣੀਆਂ ਜੋੜੀਆਂ ਕਾਵਿ-ਤੁਕਾਂ ਅਕਸਰ ਹੀ ਦੁਹਰਾਉਂਦਾ ਹੈ:
ਪਲ ਵੀ ਸਹਾਰੀ ਨਾ ਜਾਏ
ਤੇਰੀ ਜੁਦਾਈ ਇਹ ਸੱਚ ਹੈ
ਪਰ ਏਦਾਂ ਜੁਦਾਈਆਂ ਵਿੱਚ ਹੀ
ਇਹ ਬੀਤ ਜਾਣੀ ਹੈ ਜ਼ਿੰਦਗੀ।
ਇਹ ਹਉਕਾ ਉਸ ਇਕੱਲੇ ਦਾ ਨਹੀਂ, ਫ਼ੌਜੀ ਜੀਵਨ ਦੀ ‘ਇਕੱਲ’ ਭੋਗਣ ਵਾਲੇ ਹਰੇਕ ਸਿਪਾਹੀ ਦਾ ਹਉਕਾ ਹੈ। ਏਸੇ ਕਰਕੇ ਤਾਂ ਪੰਨੂੰ ਕਦੀ ਕਦੀ ਹੱਸਦਾ ਹੋਇਆ ਇਹ ਵੀ ਆਖਦਾ ਹੈ, “ਸਾਡੇ ਵਰਗੇ ਫੌਜੀਆਂ ਨੂੰ ਤਾਂ ਝਾੜੀ ਤੇ ਦੂਰ ਟੰਗੀ ਟਾਕੀ ਵੀ ਗੋਰੀ ਦਾ ਗੁਲਾਬੀ ਡੋਰੀਆ ਲੱਗਦੀ ਰਹੀ ਹੈ।”
ਹੁਣ ਜਦੋਂ ਉਹ ਪਤਨੀ ਦੇ ਸੰਗ-ਸਾਥ ਵਿੱਚ ਹਰ ਵੇਲੇ ਵਿਚਰਦਾ ਹੈ ਤਾਂ ਅਜੇ ਵੀ ਨਵ-ਵਿਆਹਿਆਂ ਵਾਂਗ ਘਰਵਾਲੀ ਨੂੰ ਮਖ਼ੌਲ ਕਰਦਾ ਚੰਗਾ ਲੱਗਦਾ ਹੈ। ਉਸਦੇ ਸੋਕੇ ਦੇ ਦਿਨ ਮੁੱਕ ਗਏ ਹਨ। ਉਹ ਹਰ ਵੇਲੇ ਮੁਹੱਬਤ ਦੀ ਰਿਮਝਿਮ ਵਿੱਚ ਭਿੱਜਦਾ ਹੈ। ਮੁਹੱਬਤ ਵਿੱਚ ਭਿੱਜੀ ਪਤਨੀ ਉਸ ਲਈ ਇੱਕੋ ਵੇਲੇ ਮਾਂ, ਭੈਣ, ਧੀ, ਮਾਸ਼ੂਕਾ ਤੇ ਪਤਾ ਨਹੀਂ ਕੀ ਕੀ ਬਣ ਜਾਂਦੀ ਹੈ। ਉਹ ਉਸਨੂੰ ਲਾਡ ਨਾਲ ਆਵਾਜ਼ ਮਾਰੇਗਾ, “ਮਾਮਾ! ਸੰਧੂ ਲਈ ਜੂਸ ਲਿਆ। ਮੇਰੇ ਲਈ ਚਾਹ ਦਾ ਕੱਪ ਬਣਾ ਦੇ।” ਤਾਂ ਲੱਗਦਾ ਹੈ ਉਹ ਉਸ ਵਿਚੋਂ ਸੱਚਮੁੱਚ ਆਪਣੀ ਮਾਂ ਦਾ ਦੀਦਾਰ ਕਰ ਰਿਹਾ ਹੈ। ਉਹਨਾਂ ਦੋਵਾਂ ਦਾ ਇਹ ਪਿਆਰ ਚੰਗਾ ਲੱਗਦਾ ਹੈ।
ਮੈਂ ਕੰਧ ਉੱਤੋਂ ਪਹਿਲੀ ਫੋਟੋ ਉਤਾਰੇ ਜਾਣ ਤੇ ਨਵੀਂ ਲਾਏ ਜਾਣ ਬਾਰੇ ਪੰਨੂੰ ਨੂੰ ਕਦੀ ਕਦੀ ਹੁਣ ਵੀ ਮਖ਼ੌਲ ਕਰ ਲੈਂਦਾ ਹਾਂ। ਉਹ ਅਸਲੋਂ ਗੁੱਸਾ ਨਹੀਂ ਕਰਦਾ। ਸਗੋਂ ਉਸਨੂੰ ਆਪਣੇ ਉੱਤੇ ਆਪ ਹੀ ਹੱਸਣ ਦਾ ਵੱਲ ਬਾਖ਼ੂਬੀ ਆਉਂਦਾ ਹੈ।
ਪੰਨੂੰ ਦੀਆਂ ਗੱਲਾਂ ਵਿੱਚ ਮੋਹਾਲੀ ਰਹਿੰਦੀ ਲੇਖਿਕ ਦੋਸਤ ਕਾਨਾ ਸਿੰਘ ਦਾ ਜ਼ਿਕਰ ਅਕਸਰ ਆ ਜਾਂਦਾ ਹੈ। ਜੇ ਕਾਨਾ ਦੇ ਵਧੇਰੇ ਜ਼ਿਕਰ ਕਾਰਨ ਪੰਨੂੰ ਨੂੰ ਛੇੜੀਏ ਤਾਂ ਪੰਨੂੰ ਆਪ ਹੀ ਹੱਸਦਾ ਹੋਇਆ ਦੱਸੇਗਾ, “ਇਕ ਵਾਰ ਤੁਹਾਡੇ ਵਰਗਾ ਮੇਰਾ ਕੋਈ ਜਾਣਕਾਰ ਕਾਨਾ ਸਿੰਘ ਨੂੰ ਮਿਲਣ ਚਲਾ ਗਿਆ। ਉਹ ਕਾਨਾ ਨੂੰ ਕਹਿੰਦਾ, “ਪੰਨੂੰ ਸਾਬ੍ਹ ਅਕਸਰ ਤੁਹਾਡਾ ਬੜੇ ਨੇੜਲੇ ਮਿੱਤਰ ਵਜੋਂ ਜ਼ਿਕਰ ਕਰਦੇ ਨੇ। ਉਹ ਕਹਿੰਦੇ ਨੇ ਕਾਨਾ ਸਿੰਘ ਮੇਰੀ ਸਭ ਤੋਂ ਨਜ਼ਦੀਕੀ ਦੋਸਤ ਹੈ। ਤਾਂ ਕਾਨਾ ਸਿੰਘ ਅੱਗੋਂ ਕਹਿੰਦੀ, “ਪੰਨੂੰ ਮੈਨੂੰ ਬੇਸ਼ੱਕ ਸਭ ਤੋਂ ਨਜ਼ਦੀਕੀ ਮਿੱਤਰ ਮੰਨਦਾ ਜਾਂ ਆਖਦਾ ਹੋਵੇ; ਇਹ ਉਹਦੀ ਮਰਜ਼ੀ ਏ ਪਰ ਪੰਨੂੰ ਵਰਗੇ ਨਜ਼ਦੀਕੀ ਮੇਰੇ ਪੰਜਾਹ ਦੋਸਤ ਨੇ।”
ਆਪਣੇ ਆਪ ’ਤੇ ਇਸ ਅੰਦਾਜ਼ ਵਿੱਚ ਹੱਸ ਸਕਣਾ ਕੋਈ ਪੰਨੂੰ ਤੋਂ ਸਿੱਖੇ। ਪੰਨੂੰ ਅੱਗੋਂ ਇਹ ਨਹੀਂ ਆਖਦਾ ਕਿ ਕਾਨਾ ਵਰਗੀਆਂ ਮੇਰੀਆਂ ਡੇਢ ਸੌ ਮਿੱਤਰ ਲੇਖਿਕਾਵਾਂ ਨੇ।
ਮਿੱਤਰ ਤਾਂ ਉਹ ਰਾਹ ਜਾਂਦਿਆਂ ਬਣਾ ਲੈਂਦਾ ਹੈ। ਇੱਕ ਦਿਨ ਝਨਾਂ (ਬੋਵੇਰਡ ਸੜਕ) ਦੇ ਪਾਰ ਉਹ ਇੱਕ ‘ਸੋਹਣੀ’ ਨਾਲ ਹੱਸ ਹੱਸ ਗੱਲਾਂ ਕਰ ਰਿਹਾ ਸੀ। ਮੈਂ ਪਾਰ ਜਾ ਕੇ ਪੁੱਛਿਆਂ ਤਾਂ ਕਹਿੰਦਾ, “ਤੂੰ ਅਜੇ ਆਇਆ ਨਹੀਂ ਸੈਂ। ਬੀਬੀ ਆਪਣੇ ਬਗ਼ੀਚੇ ਨੂੰ ਪਾਣੀ ਦੇ ਰਹੀ ਸੀ। ਮੈਂ ਬੀਬੀ ਦੇ ਬਗੀਚੇ ਤੇ ਸੋਹਣੇ ਖਿੜੇ-ਮਹਿਕੇ ਫੁੱਲਾਂ ਦੀ ਤਾਰੀਫ਼ ਕਰਨ ਲੱਗ ਪਿਆ।” ਪਤਾ ਨਹੀਂ ਉਹ ਫੁ਼ੱਲਾਂ ਵਾਲੀ ਬੀਬੀ ਦੀ ਤਾਰੀਫ਼ ਕਰਨ ਰੁਕਿਆ ਸੀ ਜਾਂ ਫੁੱਲਾਂ ਦੀ। ਸ਼ਾਇਦ ਦੋਵਾਂ ਦੀ ਹੀ। ਉਂਝ ਉਹ ਇਕੱਲੇ ਫੁੱਲਾਂ ਦੀ ਤਾਰੀਫ਼ ਕਰਨ ਵਿੱਚ ਵੀ ਦਰਿਆ ਦਿਲ ਹੈ। ਕਈ ਵਾਰ ਕੋਲ ਕੈਮਰਾ ਹੋਵੇ ਤਾਂ ਕਿਸੇ ਦੇ ਵੀ ਘਰ ਦੇ ਬਾਹਰ ਖਿੜੇ ਹੋਏ ਸੋਹਣੇ ਫੁੱਲਾਂ ਦੀ ਫੋਟੋ ਖਿੱਚਣ ਲਈ ‘ਕਲਿੱਕ’ ‘ਕਲਿੱਕ’ ਕਰਨ ਲੱਗ ਜਾਵੇਗਾ। ਜੇ ਕਿਤੇ ਘਰ ਦੀ ਮਾਲਕ ਬੀਬੀ ਜਾਂ ਭਾਈ ਵੀ ਕੋਲ ਹੋਵੇ ਤਾਂ ਉਹਨਾਂ ਨੂੰ ਸੋਹਣੇ ਫੁੱਲ ਪਾਲਣ ਦੀ ਵਧਾਈ ਦੇ ਕੇ ਤੇ ਉਹਨਾਂ ਦੀ ਆਗਿਆ ਲੈ ਕੇ ਉਹਨਾਂ ਨੂੰ ਵੀ ਫੋਟੋ ਵਿੱਚ ਸ਼ਾਮਲ ਕਰ ਲਵੇਗਾ। ਜ਼ਾਹਿਰ ਹੈ ਉਹ ਆਪਣੇ ਘਰ ਦੇ ਅੰਦਰ-ਬਾਹਰ ਵੀ ਰੰਗ-ਰੰਗੀਲੇ ਫੁੱਲਾਂ ਨੂੰ ਪਾਲਣ ਤੇ ਸਾਂਭਣ ਵਾਲਾ ਮਾਲੀ ਤਾਂ ਹੈ ਹੀ ਸਗੋਂ ਇਹ ਫੁੱਲ ਉਸਦੇ ਅੰਦਰ ਵੀ ਚੱਤੋ-ਪਹਿਰ ਟਹਿਕਦੇ-ਮਹਿਕਦੇ ਰਹਿੰਦੇ ਹਨ। ਉਸਦੇ ਪ੍ਰਕਿਰਤੀ ਪ੍ਰੇਮ ਦੀ ਇੱਕ ਮਿਸਾਲ ਦੇਣ ਦੀ ਆਗਿਆ ਦਿਓ। ਕਿਸੇ ਫੁੱਲਾਂ ਵਾਲੇ ਬਾਲ-ਰੁੱਖ ਨੂੰ ਖਿੱਲਰਣੋਂ ਸਾਂਭਣ ਲਈ ਕਿਸੇ ਘਰ ਦੇ ਮਾਲਕ ਨੇ ਉਸ ਦੁਆਲੇ ਤਾਰਾਂ ਲਪੇਟੀਆਂ ਹੋਈਆਂ ਸਨ। ਜਦੋਂ ਤਾਰਾਂ ਲਪੇਟੀਆਂ ਹੋਣਗੀਆਂ ਉਦੋਂ ਰੁੱਖ ਛੋਟਾ ਜਿਹਾ ਸੀ ਪਰ ਵਧ ਕੇ ਵੱਡਾ ਹੋਣ ਲੱਗਾ ਤਾਂ ਪੰਨੂੰ ਨੂੰ ਜਾਪਣ ਲੱਗਾ ਜਿਵੇਂ ਇਸ ਬੂਟੇ ਨੂੰ ਬੇੜੀਆਂ ਤੇ ਜ਼ੰਜੀਰਾਂ ਪਾ ਕੇ ਜਕੜ ਦਿੱਤਾ ਗਿਆ ਹੋਵੇ। ਰੁੱਖ ਬਾਹਰ ਫੈਲਣਾ ਚਾਹੁੰਦਾ ਸੀ ਪਰ ਤਾਰਾਂ ਉਸਦੀਆਂ ਬਾਹਵਾਂ ਮਰੋੜ ਰਹੀਆਂ ਸਨ, ਉਸਦਾ ਸਾਹ ਘੁੱਟ ਰਹੀਆਂ ਸਨ। ਪੰਨੂੰ ਰੋਜ਼ ਉਸ ਬੂਟੇ ਕੋਲੋਂ ਲੰਘਦਿਆਂ ਇਸਤਰ੍ਹਾਂ ਮਹਿਸੂਸ ਕਰਦਾ ਜਿਵੇਂ ਉਹਦਾ ਆਪਣਾ ਗਲ਼ ਘੁੱਟਿਆ ਜਾ ਰਿਹਾ ਹੋਵੇ। ਇੱਕ ਦਿਨ ਮੇਰੇ ਰੋਕਦਿਆਂ ਵੀ ਉਸਨੇ ਉਸ ਅਜਨਬੀ ਘਰ ਦੇ ਮਾਲਕ ਦਾ ਦਰਵਾਜ਼ਾ ਜਾ ਖੜਕਾਇਆ ਤੇ ਜਾ ਬੇਨਤੀ ਕੀਤੀ ਕਿ ਇਸ ਬੂਟੇ ਦੁਆਲਿਓਂ ਤਾਰਾਂ ਲਾਹ ਕੇ ਇਸਦਾ ਸਾਹ ਸੌਖਾ ਕਰ ਦਿੱਤਾ ਜਾਵੇ। ਅਗਲੇ ਦਿਨ ਮਾਲਕ ਵੱਲੋਂ ਤਾਰਾਂ ਲੱਥੀਆਂ ਵੇਖ ਕੇ ਪੰਨੂੰ ਨੂੰ ਲੱਗਾ ਜਿਵੇਂ ਉਸਦੇ ਆਪਣੇ ਗੱਲ਼ ਵਿਚੋਂ ਫਾਂਸੀ ਦਾ ਫੰਧਾ ਲਾਹ ਦਿੱਤਾ ਗਿਆ ਹੋਵੇ।
ਛੋਟੇ ਬੱਚੇ ਸਾਈਡ-ਵਾਕ ’ਤੇ ਖੇਡ ਰਹੇ ਹੋਣਗੇ ਤਾਂ ਉਹਨਾਂ ਨੂੰ ਬੜੇ ਪਿਆਰ ਨਾਲ ‘ਹੈਲੋ’ ਆਖ ਕੇ ਲੰਘੇਗਾ। ਅਗਲੇ ਦਿਨ ਉਹ ਪੰਨੂੰ ਨੂੰ ਆਉਂਦਿਆਂ ਵੇਖ ਮੋਢਿਆਂ ਨਾਲ ਮੂੰਹ ਛੁਪਾਉਂਦਿਆਂ, ਅੱਖਾਂ ਚੁਰਾਉਂਦਿਆਂ, ਸੰਗਦਿਆਂ ਹੋਇਆਂ ਮੁਸਕਰਾ ਰਹੇ ਹੁੰਦੇ ਨੇ ਕਿ ਵੇਖੀਏ ਭਲਾ ਅੱਜ ‘ਅੰਕਲ ਉਹਨਾਂ ਨੂੰ ਬੁਲਾਉਣਗੇ ਜਾਂ ਨਹੀਂ।” ਜਦੋਂ ਪੰਨੂੰ ਅੱਜ ਵੀ ਲਾਡ-ਪਿਆਰ ਨਾਲ ‘ਕੰਨਾਂ ਮੰਨਾ ਕੁਰਰ’ ਦੇ ਅੰਦਾਜ਼ ਵਿੱਚ ਉਹਨਾਂ ਨੂੰ ਛੇੜ ਕੇ ਲੰਘਦਾ ਹੈ ਤਾਂ ਬੱਚੇ ਖਿੜਖਿੜਾ ਕੇ ਹੱਸਦੇ ਹਨ ਤੇ ਕਈ ਵਾਰ ਦੂਰ ਖਲੋਤੀਆਂ ਉਹਨਾਂ ਦੀਆਂ ਮਾਵਾਂ ਵੀ ਸੰਤੁਸ਼ਟ ਭਾਵ ਨਾਲ ਮੁਸਕਾਉਂਦੀਆਂ ਦਿਖਾਈ ਦੰਦੀਆਂ ਹਨ।
ਇਕ ਦਿਨ ਇੱਕ ਗੋਰੀ ਬੀਬੀ ਢਲਦੀ ਸ਼ਾਮ ਸਮੇਂ ਆਪਣੇ ਘਰ ਦੇ ਬਾਹਰ ਕੰਧ ਨਾਲ ਕੁਰਸੀ ਲਾ ਕੇ ਬੀਅਰ ਦਾ ਡੱਬਾ ਹੱਥ ਵਿੱਚ ਫੜੀ ਚੁਸਕੀਆਂ ਭਰ ਰਹੀ ਸੀ। ਪੰਨੂੰ ਤੋਂ ਰਿਹਾ ਨਾ ਗਿਆ, ਹੱਥ ਹਿਲਾ ਕੇ ਕਹਿੰਦਾ, “ਹੈਲੋ! ਇਨਜੌਇੰਗ?”
ਬੀਬੀ ਖੁੱਲ ਕੇ ਮੁਸਕਰਾਈ ਤੇ ਹੱਥ ਹਿਲਾ ਕੇ ਜਵਾਬ ਦਿੱਤਾ, “ਯਾਅ! ਥੈਂਕ ਯੂ!”
ਉਸ ਦਿਨ ਤੋਂ ਬਾਅਦ ਕਦੀ ਬੀਬੀ ਇਕੱਲੀ ਤੇ ਕਦੀ ਉਹ ਦੋਵੇਂ ਪਤੀ ਪਤਨੀ ਘਰ ਦੇ ਬਾਹਰ ਬੈਠੇ ਹੋਣ ਤਾਂ ਸਾਨੂੰ ਦੂਰੋਂ ਆਉਂਦਿਆਂ ਵੇਖ ਕੇ ਹੀ ਮੁਸਕਰਾ ਪੈਂਦੇ ਹਨ। ਕੋਲੋਂ ਲੰਘਣ ਲੰਘਿਆਂ ਆਪ ਬੁਲਾਉਂਦੇ ਹਨ। ਪੰਨੂੰ ਰਾਹੀਂ ਮੇਰੀ ਵੀ ਉਹਨਾਂ ਨਾਲ ਸਾਂਝ ਬਣ ਗਈ ਹੈ।
ਪੰਨੂੰ ਯਾਰਾਂ ਦਾ ਯਾਰ, ਦਿਲਦਾਰ ਮਦਦਗ਼ਾਰ, ਪੱਤਰਕਾਰ, ਪ੍ਰਕਿਰਤੀ ਦਾ ਪਿਆਰ, ਬੀਬੀਆਂ ਦਾ ਪਰੱਸਤਾਰ, ਕਵੀ-ਕਹਾਣੀਕਾਰ, ਆਲੋਚਕ, ਸੰਗਠਨ-ਕਰਤਾ, ਗਿਆਨੀ ਤੇ ਕੰਪਿਊਟਰ ਵਿਗਿਆਨੀ ਤਾਂ ਹੈ ਹੀ ਪਰ ਕਦੀ ਕਦੀ ਉਹ ਭਾਸ਼ਾ-ਵਿਗਿਆਨੀ ਵੀ ਬਣਨ ਲੱਗਦਾ ਹੈ ਤਾਂ ਮੈਨੂੰ ਓਪਰਾ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਪੰਨੂੰ ਦਾ ਕਰਮ-ਖੇਤਰ ਨਹੀਂ। ਉਹ ਮੈਨੂੰ ਜ਼ੋਰ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ‘ਬਰੈਂਪਟਨ’ ਨੂੰ ‘ਬਰੈੰਪਟਨ’ ਲਿਖਣਾ ਠੀਕ ਹੈ। ਮੈਂ ਕਹਿੰਦਾ ਹਾਂ ਕਿ ਪ੍ਰਚੱਲਿਤ ਨੇਮ ਅਨੁਸਾਰ ਦੁਲਾਵਾਂ ਨਾਲ ਟਿੱਪੀ ਨਹੀਂ ਪੈ ਸਕਦੀ। ਉਹ ਦੱਸਦਾ ਹੈ ਕਿ ਅੰਗਰੇਜ਼ੀ ਵਿਚੋਂ ਆਏ ਸ਼ਬਦਾਂ ਨੂੰ ਲਿਖਣ ਲਈ ਸਾਨੂੰ ਪ੍ਰਚੱਲਿਤ ਸ਼ਬਦ-ਜੋੜਾਂ ਵਿੱਚ ਤਬਦੀਲੀ ਕਰਨੀ ਪਵੇਗੀ। ਤੇ ਇਹ ਤਬਦੀਲੀ ਵਾਪਰ ਵੀ ਰਹੀ ਹੈ ਜਿਵੇਂ ਅਸੀਂ ‘ਸ਼ੈੱਡ’, ‘ਹੈੱਡ’ ਨਾਲ ਅੱਧਕ ਪਾਉਣ ਲਗ ਪਏ ਹਾਂ ਇੰਜ ਹੀ ਸਾਨੂੰ ਜਿਹੜੇ ਸ਼ਬਦਾਂ ’ਤੇ ਦੁਲਾਵਾਂ ਨਾਲ ਟਿੱਪੀ ਦੀ ਲੋੜ ਜਾਪੇ, ਟਿੱਪੀ ਪਾ ਲੈਣੀ ਚਾਹੀਦੀ ਹੈ ਤੇ ਇਹੋ ਠੀਕ ਹੈ। ਉਹ ਮਿਸਾਲ ਦੇਵੇਗਾ ਕਿ ਐਂਡ (and) ਅਤੇ ਐੰਡ (end) ਵਿੱਚ ਅੰਤਰ ਨੂੰ ਟਿੱਪੀ ਪਾ ਕੇ ਹੀ ਵਖਰਿਆਇਆ ਜਾ ਸਕਦਾ ਹੈ। ਉਦੋਂ ਤਾਂ ਮੈਂ ਉਹਦੀ ਗੱਲ ਮੰਨਦਾ ਨਹੀਂ ਪਰ ਹੁਣ ਲਿਖਦਿਆਂ ਜਾਪ ਰਿਹਾ ਹੈ ਕਿ ਸ਼ਾਇਦ ਪੰਨੂੰ ਠੀਕ ਹੀ ਆਖ ਰਿਹਾ ਹੈ। ਕੱਲ੍ਹ-ਕਲੋਤਰ ਨੂੰ ਜੇ ਦੁਲਾਵਾਂ ਨਾਲ ਟਿੱਪੀ ਪੈਣੀ ਸ਼ੁਰੂ ਹੋ ਜਾਵੇ ਤਾਂ ਇਹ ਨਾ ਭੁੱਲਣਾ ਕਿ ਇਸਦਾ ਮੋਢੀ ਕਿਰਪਾਲ ਸਿੰਘ ਪੰਨੂੰ ਹੈ। ਭਲਾ ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਕੰਪਿਊਟਰ ਵਿਗਿਆਨੀ ਨੇ ਆਖਿਆ ਸੀ ਕਿ ਸ਼ਾਹਮੁਖੀ-ਗੁਰਮੁਖੀ ਵਿੱਚ ਲਿਪਿਆਂਤਰ ਤਿਆਰ ਕਰਨ ਵਾਲਾ ਸਭ ਤੋਂ ਪਹਿਲਾ ਬੰਦਾ ਕਿਰਪਾਲ ਸਿੰਘ ਪੰਨੂੰ ਨਹੀਂ ਸਗੋਂ ਉਹ ਆਪ ਹੈ; ਤੁਸੀਂ ਵੀ ਆਖਦੇ ਹੋਵੋ ਕਿ ਸ਼ਬਦ-ਜੋੜਾਂ ਵਿੱਚ ਨਵੀਂ ਤਬਦੀਲੀ ਕਰਨ ਵਾਲਾ ਪੰਨੂੰ ਨਹੀਂ ਸਗੋਂ ਤੁਸੀਂ ਜਾਂ ਕੋਈ ਤੁਹਾਡੇ ਵਰਗਾ ਹੋਰ ਹੈ।
ਪੰਨੂੰ ਤਾਂ ਸੱਤਾਂ ਰੰਗਾਂ ਵਾਲਾ ਵਗਦਾ ਦਰਿਆ ਹੈ। ਉਸਦੇ ਅੰਦਰ ਵਿਸ਼ਾਲਤਾ ਹੈ, ਗਹਿਰਾਈ ਹੈ, ਵਹਾਓ ਹੈ। ਉਹਨੂੰ ਹਰੇਕ ਨੂੰ ਆਪਣੇ ਰੰਗਾਂ ਵਿੱਚ ਡੁਬੋ ਲੈਣ ਦਾ ਹੁਨਰ ਆਉਂਦਾ ਹੈ, ਉਸਨੂੰ ਹੋਰਨਾਂ ਨੂੰ ਆਪਣੀ ਮੁਹੱਬਤ ਦੇ ਵੇਗ ਵਿੱਚ ਆਪਣੇ ਨਾਲ ਵਹਾ ਲੈਣ ਦਾ ਵੱਲ ਆਉਂਦਾ ਹੈ। ਹਰ ਰੰਗ, ਹਰ ਫੁੱਲ, ਹਰ ਬੰਦਾ ਉਹਦੇ ਸਾਥ ਵਿੱਚ ਭਿੱਜਦਾ ਹੈ, ਖਿੜਦਾ ਹੈ ਤੇ ਰੰਗੀਜਦਾ ਰਹਿੰਦਾ ਹੈ।
ਮੇਰੀ ਸ਼ੁਭ-ਇੱਛਾ ਹੈ ਕਿ ਦਰਿਆ ਦਿਲ ਪੰਨੂੰ ਇਸੇ ਤਰ੍ਹਾਂ ਵਗਦਾ, ਖਿੜਦਾ, ਮਹਿਕਦਾ, ਹੱਸਦਾ-ਵੱਸਦਾ-ਰਸਦਾ, ਕਲਾਵੇ ਭਰਦਾ ਉਮਰ-ਪੱਥ ’ਤੇ ਅੱਗੇ ਹੀ ਅੱਗੇ ਤੁਰਦਾ ਜਾਵੇ। ਉਹਦੇ ਦੁਆਲੇ ਮੁਹੱਬਤੀ ਬੰਦਿਆਂ ਦੀਆਂ ਢਾਣੀਆਂ ਇੰਜ ਹੀ ਜੁੜਦੀਆਂ ਰਹਿਣ।
ਆਮੀਨ!