ਆਖਦੇ ਨੇ ਆਪਣੇ ਭਾਵੇਂ ਸੱਤ ਸਮੁੰਦਰ ਪਾਰ ਵੀ ਜਾ ਵਸਣ ਪਰ ਜਦੋਂ ਕਿਤੇ ਵੇਲੇ ਦੇ ਝੱਖੜ ਯਾਦਾਂ ਦੀ ਅਟਾਰੀ ਦਾ ਭਿੱਤ ਧੱਕੋ ਜ਼ੋਰੀ ਖੋਲ੍ਹ ਦੇਣ ਤਾਂ ਅਪਣਿਆਂ ਦੇ ਹਸਦੇ ਰਸਦੇ ਮੁਖੜੇ ਅੱਖਾਂ ਸਾਂਹਵੇਂ ਆਣ ਕੇ ਕਲੋਲ ਕਰਨ ਲੱਗ ਜਾਂਦੇ ਨੇ। ਅਪਣੀ ਜੱਦ ਨਸਲ ਦੀ ਤਾਂ ਗੱਲ ਹੀ ਵੱਖਰੀ ਏ। ਇੱਕ ਪਿਓ ਦਾਦੇ ਦੀ ਅਨਸ ਭਾਵੇਂ ਕਿਤੇ ਵੀ ਜਾ ਵੱਸੇ, ਭਾਵੇਂ ਕਿਸੇ ਵੀ ਧਰਮ ਦੀ ਧਾਰਨ ਵਿੱਚ ਤੁਲਦੀ ਰਵੇ੍ਹ ਪਰ ਮੇਰੇ ਮਾਨਜੋਗ ਮਿੱਤਰ ਇਹਸਾਨ ਬਾਜਵਾ ਹੋਰੀਂ ਆਖਦੇ ਨੇ, ਯਾਰ ਧਰਮ ਬਦਲਿਆਂ ਲਹੂ ਦਾ ਗਰੁਪ ਤਾਂ ਨਈਂ ਬਦਲਦਾ, ਅਪਣਿਆਂ ਦਾ ਹੇਜ ਨਈਂ ਘਟਦਾ। ਓਹੋ ਈ ਗੱਲ ਮੇਰੇ ਨਾਲ ਹੋਈ ਜਦੋਂ ਲਾਹੌਰੋਂ ਨਾਰੋਵਾਲ ਜਾਂਦਿਆਂ ਮੈਂ ਇਹਸਾਨ ਬਾਜਵਾ ਦੇ ਪਿੰਡ ਗੱਖੜਵਾਲੀ ਤੋਂ ਉਹਨਾਂ ਨੂੰ ਅਪਣੇ ਨਾਲ ਗੱਡੀ ਵਿੱਚ ਬਠਾਇਆ ਤਾਂ ਉਹ ਗੱਡੀ ਵਿੱਚ ਬੈਹਿੰਦਿਆਂ ਸਾਰ ਹੀ ਮੈਨੂੰ ਆਖਣ ਲੱਗੇ, ਯਾਰ ਅੱਜ ਤੇਰੀ ਗੱਲ ਕੈਨੇਡਾ ਵਸਦੇ ਇੱਕ ਹੋਰ ਪੰਨੂੰ ਨਾਲ ਕਰਵਾ ਦਿਆਂ। ਹੋਰ ਪੰਨੂੰ ਨਾਲ! ਮੈਂ ਹੈਰਾਨੀ ਨਾਲ ਬਾਜਵਾ ਹੋਰਾਂ ਵੱਲ ਵੇਖਿਆ। ਉਹ ਆਖਣ ਲੱਗੇ, ਆਖੋ ਮੈਂ ਠੀਕ ਆਖਣਾਂ। ਤੇਰੀ ਗੱਲ ਅੱਜ ਚੜ੍ਹਦੇ ਪੰਜਾਬ ਦੇ ਇੱਕ ਨਾਮੀ ਗਰਾਮੀ ਜੱਟ ਪੰਨੂੰ ਕਿਰਪਾਲ ਸਿੰਘ ਹੋਰਾਂ ਨਾਲ ਕਰਾਣ ਲੱਗਾਂ। ਬਾਜਵਾ ਹੋਰਾਂ ਦੇ ਮੂੰਹ ਤੁੰ ਇਹ ਗੱਲ ਸੁਨਣ ਦੀ ਦੇਰ ਸੀ ਪਈ ਮੇਰੇ ਮਨ ਅੰਦਰ ਰੀਝ ਦੀ ਚੰਗਿਆੜੀ ਚਮਕਾਂ ਮਾਰਨ ਲੱਗ ਪਈ। ਮੈਂ ਉਹਨਾਂ ਤੁੰ ਕਿਰਪਾਲ ਸਿੰਘ ਪੰਨੂੰ ਹੋਰਾਂ ਦਾ ਟੈਲੀਫ਼ੋਨ ਲਿਆ ਤੇ ਓਕੇ ਕਰ ਦਿੱਤਾ। ਦੂਜੇ ਪਾਸਿਉਂ ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਡਾਢੀ ਮਿੱਠੀ ਅਤੇ ਮਨਠਾਰ ’ਵਾਜ ਸੁਣਦਿਆਂ ਹੀ ਮੈਨੂੰ ਧੁਰ ਅੰਦਰ ਤੀਕਰ ਠੰਢ ਪੈ ਗਈ ਅਤੇ ਮੇਰੇ ਸਰੀਰ ਦਾ ਇੱਕ ਇੱਕ ਲੂੰ ਅਪਣੀ ਜੱਦ ਨਸਲ ਦੇ ਹੇਜ ਦੀ ਪੀਂਘ ਝੂਟਣ ਲੱਗ ਪਿਆ। ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਮਿੱਠੀ ਬੋਲੀ ਵਿੱਚ ਗੁੱਝੇ ਪਿਆਰ ਭਰੇ ਬੋਲ ਸੁਣੇ ਤਾਂ ਇੰਜ ਲੱਗਾ ਜਿਵੇਂ ਕੋਈ ਅੰਮ੍ਰਿਤ ਰਸ ਦੇ ਕਟੋਰੇ ਭਰ ਭਰ ਮੇਰੇ ਮੂੰਹ ਵਿੱਚ ਪਾਈ ਜਾਂਦਾ ਹੋਵੇ। ਮੇਰਾ ਦਿਲ ਕੀਤਾ ਪਈ ਕਿਰਪਾਲ ਸਿੰਘ ਪੰਨੂੰ ਹੋਰੀਂ ਮੇਰੇ ਸਾਹਮਣੇ ਹੋਣ ਤਾਂ ਮੈਂ ਉਹਨਾਂ ਨੂੰ ਇੰਜ ਪਿਆਰ ਦੇ ਕਲਾਵੇ ਵਿੱਚ ਲਵਾਂ ਪਈ ਮੁਹੱਬਤ ਦੇ ਬਾਗ਼ ਸਾਡੇ ਮਨਾਂ ਅੰਦਰ ਖਿੜ ਪੈਣ ਅਤੇ ਮੈਂ ਓਨ੍ਹਾਂ ਨੂੰ ਕਲਾਵੇ ਵਿੱਚੋਂ ਓਦੋਂ ਤੀਕ ਨਾ ਛੱਡਾਂ ਜਦੋਂ ਤੀਕ ਸੰਤਾਲੀ ਦੀਆਂ ਸਾਰੀਆਂ ਨਫਰਤਾਂ ਮੁੜ੍ਹਕਾ ਬਣ ਕੇ ਸਾਡੇ ਸਰੀਰਾਂ ਵਿੱਚੋਂ ਚੋ ਨਾ ਜਾਣ।
ਕਿਰਪਾਲ ਸਿੰਘ ਪੰਨੂੰ ਹੋਰਾਂ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਕੀਤੇ ਕੰਮ ਕਾਰ ਅਤੇ ਖ਼ਾਸ ਕਰ ਕੇ ਕੰਪਿਊਟਰ ਬਾਰੇ ਉੱਚ ਗਿਆਨੀ ਹੋਣ ਦਾ ਮਾਣ ਹਾਸਿਲ ਕਰਨ ਬਾਰੇ ਜਦੋਂ ਮੈਨੂੰ ਇਹਸਾਨ ਬਾਜਵਾ ਕੋਲੋਂ ਪੱਤਾ ਲੱਗਿਆ ਤਾਂ ਫ਼ਖ਼ਰ ਨਾਲ ਮੇਰਾ ਸਿਰ ਦੋ ਚੱਪੇ ਉੱਚਾ ਹੋ ਗਿਆ।
ਆਖਦੇ ਨੇ ਅਪਣੀ ਅਨਸਾ ਚਿੜੀਆਂ ਕਾਵਾਂ ਨੂੰ ਵੀ ਪਿਆਰੀ ਹੁੰਦੀ ਏ। ਅਪਣੀ ਰੱਤ ਕਿਤੇ ਵੀ ਹੋਵੇ ਉਹਦੇ ਬਾਰੇ ਜਾਣ ਕੇ ਸਰੀਰ ਨੂੰ ਇੱਕ ਵੱਖਰਾ ਆਨੰਦ ਜਿਆ ਆ ਜਾਂਦਾ ਏ ਅਤੇ ਅੱਖੀਆਂ ਅੰਦਰ ਉਡੀਕ ਦੀ ਤਾਣੀ ਤਣੀ ਜਾਂਦੀ ਏ। ਇਹ ਸਿੱਕ ਮੇਰੇ ਦਿਲ ਅੰਦਰ ਉਨਾ ਤੀਕ ਉਡੀਕ ਦਾ ਇੱਕ ਝਾਟਲਾ ਬੋੜ੍ਹ ਬਣ ਕੇ ਠੰਢੀ ਛਾਂ ਦੇ ਲੋਰੇ ਦਿੰਦੀ ਰਵੇ੍ਹਗੀ ਜਦੋਂ ਤੀਕ ਮੈਂ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਸੱਚੀ ਮੁੱਚੀ ਮਿਲ ਕੇ ਗੱਲਾਂ ਦੀ ਡਾਂਝ ਨਈਂ ਲਾਹ ਲੈਂਦਾ। ਮੈਨੂੰ ਭਰਵੀਂ ਆਸ ਏ ਪਈ ਕਿਰਪਾਲ ਸਿੰਘ ਪੰਨੂੰ ਹੋਰੀਂ ਅਪਣੇ ਦਰਸ਼ਨ ਕਰਾਣ ਲਈ ਲਹਿੰਦੇ ਪੰਜਾਬ ਦੀ ਫ਼ੇਰੀ ਛੇਤੀ ਲਾਣਗੇ। ਬੰਦਾ ਲੱਖ ਵਿਛੜਿਆ ਹੋਵੇ ਪਰ ਭਰਾ ਭਰਾ ਹੀ ਹੋਂਦੇ ਨੇ ਅਤੇ ਸਿਆਣੇ ਸੱਚ ਹੀ ਆਖਦੇ ਨੇ-ਭਰਾ ਭਰਾਵਾਂ ਦੇ ਅਤੇ ਚਿੱਚੜ੍ਹ ਕਾਂਵਾਂ ਦੇ।
ਬੈਰਿਸਟਰ ਚੌਧਰੀ ਅਨਵਾਰੁਲਹੱਕ ਪੰਨੂੰ
96-Q-Sabzazar Lahore,
Pakistan
# 0092-3007768357