ਇਨਸਾਨ ਇੱਕ ਸਮਾਜਿਕ ਜੀਵ ਹੈ। ਜ਼ਿੰਦਗੀ ਦੇ ਸਫਰ ਵਿੱਚ ਅਸੀਂ ਬਹੁਤ ਸਾਰੇ ਇਨਸਾਨਾਂ ਨੂੰ ਮਿਲਦੇ ਹਾਂ। ਉਨ੍ਹਾਂ ਵਿੱਚੋਂ ਕੁੱਝ ਸਾਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕਰਦੇ ਹਨ। ਸ: ਕਿਰਪਾਲ ਸਿੰਘ ਪੰਨੂੰ ਉਨ੍ਹਾਂ ਵਿੱਚੋਂ ਇੱਕ ਹਨ। ਮਿਲਣਸਾਰ, ਨਿੱਘੇ ਸੁਭਾਅ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸ: ਕਿਰਪਾਲ ਸਿੰਘ ਪੰਨੂੰ ਨੇ ਸਮਾਜ ਵਿੱਚ ਆਪਣੀ ਵਿਲੱਖਣ ਥਾਂ ਬਣਾਈ ਹੈ। ਪੰਨੂੰ ਸਾਹਿਬ ਹਮੇਸ਼ਾਂ ਸਲੀਕੇ ਅਤੇ ਟੌਅ੍ਹਰ ਨਾਲ ਤਿਆਰ ਹੁੰਦੇ ਹਨ। ਸੂਟ, ਟਾਈ, ਦਾੜ੍ਹੀ ਚਾੜ੍ਹ ਕੇ ਹੋਰ ਵੀ ਪ੍ਰਭਾਵਿਤ ਕਰਦੇ ਹਨ। ਹਮੇਸ਼ਾਂ ਟਾਈਮ ਦੇ ਪਾਬੰਦ, ਇਹ ਇੱਕ ਸਾਫ ਦਿਲ ਇਨਸਾਨ ਹਨ। ਮੈਨੂੰ ਪੰਨੂੰ ਸਾਹਿਬ ਨੇ ਜੀਵਨ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਮੈਂ ਇਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਅਤੇ ਮੈਨੂੰ ਇਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਪੰਨੂੰ ਸਾਹਿਬ ਦੀ ਸ਼ਖਸੀਅਤ ਦੇ ਕੁੱਝ ਅਹਿਮ ਪਹਿਲੂ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ।
1. ਕਿਸੇ ਵੀ ਕੰਮ ਨੂੰ ਛੋਟਾ ਜਾਂ ਹੀਣਾ ਨਹੀਂ ਸਮਝਦੇ।
ਸ: ਕਿਰਪਾਲ ਸਿੰਘ ਪੰਨੂੰ, ਮਿਹਨਤ ਅਤੇ ਲਗਨ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਵਾਕਿਆ ਆਪ ਜੀ ਨਾਲ ਸਾਂਝਾ ਕਰਦਾ ਹਾਂ। ਉਸ ਸਮੇਂ ਮੈਂ ਵਾਈ.ਪੀ.ਐੱਸ. ਪਟਿਆਲਾ ਵਿੱਚ ਪੜ੍ਹਦਾ ਸੀ। ਮੇਰੀਆਂ ਸਕੂਲ ਦੀਆਂ ਛੁੱਟੀਆਂ ਦੌਰਾਨ ਪੰਨੂੰ ਸਾਹਿਬ ਸਾਡੇ ਘਰ ਪਟਿਆਲੇ ਆਏ ਹੋਏ ਸਨ। ਘਰ ਵਿੱਚ ਰਾਜ ਮਿਸਤਰੀ ਮੁਰੰਮਤ ਦਾ ਕੰਮ ਕਰ ਰਿਹਾ ਸੀ। ਅਗਲੀ ਸਵੇਰ ਪੰਨੂੰ ਸਾਹਿਬ, ਖੁਦ ‘ਕਰਨੀ’ ਫੜ ਕੇ ਰਾਜ ਮਿਸਤਰੀ ਨਾਲ ਹੱਥ ਵਟਾਉਣ ਲੱਗ ਪਏ। ਮੇਰੀ ਅਤੇ ਮੇਰੀ ਛੋਟੀ ਭੈਣ ਕਮਲ ਦੀ ਡਿਊਟੀ ਇੱਟਾਂ ਢੋਣ ’ਤੇ ਲਗਾ ਦਿੱਤੀ। ਸ਼ੁਰੂ ਵਿੱਚ ਇਸ ਕੰਮ ਵਿੱਚ ਮੈਂ ਝਿਜਕ ਅਤੇ ਸ਼ਰਮ ਮਹਿਸੂਸ ਕੀਤੀ। ਪਰ ਸ਼ਾਮ ਹੁੰਦੇ-ਹੁੰਦੇ ਮੈਨੂੰ ਜਿੰਦਗੀ ਦਾ ਇੱਕ ਅਣਮੋਲ ਸਬਕ ਮਿਲ ਗਿਆ ਕਿ ‘ਆਪਣੇ ਕੰਮ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਾ ਕਰੋ, ਕੋਈ ਵੀ ਕੰਮ ਛੋਟਾ ਨਹੀਂ ਹੁੰਦਾ।’ ਸਿਰਫ ਨਸੀਹਤ ਦੇਣ ਦੀ ਥਾਂ, ਪੰਨੂੰ ਸਾਹਿਬ ਖੁਦ ਉਦਾਹਰਣ ਬਣ ਕੇ ਸਿੱਖਿਆ ਦੇਣ ਵਿੱਚ ਵਿਸ਼ਵਾਸ ਰਖਦੇ ਹਨ।
ਪੰਨੂੰ ਸਾਹਿਬ ਨਾਲ ਲਗਾਇਆ ਉਹ ਇੱਟਾਂ ਦਾ ਫਰਸ਼ ਮੈਨੂੰ ਅੱਜ ਵੀ ਯਾਦ ਹੈ। ਇਨ੍ਹਾਂ ਨੇ ਤਕਰੀਬਨ 20 ਸਾਲ ਬਾਅਦ ਜਦੋਂ ਇਹੀ ਕੰਮ ਟੋਰਾਂਟੋ, ਕੈਨੇਡਾ ਵਿੱਚ ਡਾਕਟਰ ਗੁਰਮੀਤ ਸਿੰਘ ਦੇ ਨਵੇਂ ਲਏ ਘਰ ਵਿੱਚ ਪੌੜੀਆਂ ਵਿਓਂਤਣ ਅਤੇ ਬਨਾਉਣ ਵਿੱਚ ਸਹਾਇਤਾ ਕਰ ਕੇ ਕੀਤਾ ਤਾਂ ਸੁਣ ਕੇ ਮੈਨੂੰ ਬੜੀ ਪ੍ਰਸੰਨਤਾ ਹੋਈ। ਹੱਥੀ ਕੰਮ ਕਰਨ ਵਿੱਚ ਪੰਨੂੰ ਸਾਹਿਬ ਅੱਜ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦੇ। ਸਗੋਂ ਉਹ ਤੇ ਹਰ ਕਰਤਾਰੀ ਕੰਮ ਨੂੰ ਕਰਨ ਵਿੱਚ ਅਕਹਿ ਆਨੰਦ ਪਰਾਪਤ ਕਰਦੇ ਹਨ।
2. ਨੇਕ ਅਤੇ ਇਮਾਨਦਾਰ ਸ਼ਖਸੀਅਤ
ਸ: ਕਿਰਪਾਲ ਸਿੰਘ ਪੰਨੂੰ ਮਿਲਾਪੜੇ ਅਤੇ ਮਿੱਠਬੋਲੜੇ ਸੁਭਾਅ ਦੇ ਮਾਲਕ ਹਨ। ਨਿਮਰਤਾ ਅਤੇ ਸਚਾਈ ਇਨ੍ਹਾਂ ਦੇ ਸੁਭਾਅ ਵਿੱਚ ਸਾਫ ਝਲਕਦੀ ਹੈ। ਸ: ਕਿਰਪਾਲ ਸਿੰਘ ਪੰਨੂੰ ਨੇ ਕਦੇ ਵੀ ਰਿਸ਼ਵਤਖੋਰੀ ਨੂੰ ਉਤਸ਼ਾਹਿਤ ਨਹੀਂ ਕੀਤਾ। ਬਾਰਡਰ ਸਕਿਉਰਿਟੀ ਫੋਰਸ ਦੀ ਨੌਕਰੀ ਪੰਨੂੰ ਸਾਹਿਬ ਨੇ ਨੇਕੀ ਅਤੇ ਇਮਾਨਦਾਰੀ ਨਾਲ ਕੀਤੀ। ਪੈਸੇ ਨੂੰ ਕਦੇ ਵੀ ਆਪਣੀ ਜ਼ਮੀਰ ’ਤੇ ਭਾਰੂ ਨਹੀਂ ਹੋਣ ਦਿਤਾ। ਇਹ ਕਦਰਾਂ ਕੀਮਤਾਂ ਇਨ੍ਹਾਂ ਦੇ ਬੱਚਿਆਂ ਵਿੱਚ ਵੀ ਸਪੱਸ਼ਟ ਦੇਖੀਆਂ ਜਾ ਸਕਦੀਆਂ ਹਨ। ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਨੂੰ ਪਰਿਵਾਰ ਪੈਸੇ ਨੂੰ ਕਦੇ ਤਰਜੀਹ ਨਹੀਂ ਦਿੰਦਾ। ਇਹ ਵੀ ਅੱਜ ਦੇ ਸਮੇਂ ਵਿੱਚ ਇੱਕ ਅਨੋਖੀ ਮਿਸਾਲ ਤੋਂ ਘੱਟ ਨਹੀਂ।
3. ਸਹਿਣਸ਼ੀਲਤਾ
ਮੈਂ ਸ: ਕਿਰਪਾਲ ਸਿੰਘ ਪੰਨੂੰ ਨੂੰ ਕਦੇ ਵੀ ਹਰਖ ਜਾਂ ਗੁੱਸੇ ਵਿੱਚ ਕਿਸੇ ਨੂੰ ਮਾੜਾ-ਚੰਗਾ ਬੋਲਦੇ ਨਹੀਂ ਸੁਣਿਆ। ਇੱਕ ਵਾਰ ਇੱਕ ਦਿਹਾੜੀਦਾਰ (ਲੇਬਰ), ਬਹੁਤ ਸੁਸਤ ਰਫਤਾਰ ਨਾਲ ਕੰਮ ਕਰ ਰਿਹਾ ਸੀ ਅਤੇ ਇਨ੍ਹਾਂ ਦੇ ਵਾਰ-ਵਾਰ ਕਹਿਣ ’ਤੇ ਵੀ ਗ਼ਲਤੀ ਦੁਹਰਾ ਰਿਹਾ ਸੀ। ਝਿੜਕਣ ਦੀ ਥਾਂ ਪੰਨੂੰ ਸਾਹਿਬ ਨੇ ਉਸ ਨੂੰ ਇੱਕ ਕੁਰਸੀ ਉਪਰ ਬੈਠਣ ਲਈ ਕਹਿ ਦਿੱਤਾ ਤੇ ਕਿਹਾ ਕਿ ਠੀਕ 5 ਵਜੇ ਆਪਣੀ ਦਿਹਾੜੀ ਲੈ ਕੇ ਚਲਾ ਜਾਵੀਂ। ਸ਼ਰਮਿੰਦਾ ਹੋ ਕੇ ਦਿਹਾੜੀਦਾਰ ਨੇ ਆਪਣੇ ਕੰਮ ਵਿੱਚ ਸੁਧਾਰ ਕਰ ਲਿਆ।
4. ਬਾਗ਼ਬਾਨੀ ਨਾਲ ਖਾਸ ਲਗਾਉ
ਪੰਨੂੰ ਸਾਹਿਬ ਅਨੁਸਾਰ, ‘ਆਲਾ ਦੁਆਲਾ ਬੰਦੇ ਦੇ ਸੁਭਾਅ ਨੂੰ ਪ੍ਰਭਾਵਿਤ ਕਰਦਾ ਹੈ’ ਜੇ ਆਲਾ ਦੁਆਲਾ ਸੁੰਦਰ ਹੈ ਤਾਂ ਇਨਸਾਨ ਦੇ ਸੁਭਾਅ ਵਿੱਚ ਵੀ ਸੁੰਦਰਤਾ ਆਉਂਦੀ ਹੈ ਤੇ ਉਸ ਦੇ ਜੀਵਨ ਵਿੱਚ ਖੁਸ਼ੀਆਂ ਖੇੜਿਆਂ ਦੇ ਦਰਵਾਜੇ਼ ਖੋਲ੍ਹਦੀ ਹੈ। ਜੇ ਆਲਾ ਦੁਆਲਾ ਰੁੱਖਾ ਜਾਂ ਉਜਾੜ ਹੈ ਤਾਂ ਬੰਦਾ ਵੀ ਸਖ਼ਤ ਅਤੇ ਰੁੱਖਾ ਬਣ ਜਾਂਦਾ ਹੈ। ਇਸ ਕਰਕੇ ਪੰਨੂੰ ਸਾਹਿਬ ਫੁੱਲ ਅਤੇ ਫਲ਼ਦਾਰ ਬੂਟੇ ਲਗਾਉਣ ਲਈ ਸਦਾ ਪ੍ਰੇਰਿਤ ਕਰਦੇ ਹਨ। ਆਪਣੀ ਫੋਟੋਗਰਾਫੀ ਦੀ ਰੁਚੀ ਵਿੱਚ ਵੀ ਪੰਨੂੰ ਸਾਹਿਬ ਫੁੱਲਾਂ ਨੂੰ ਖ਼ਾਸ ਅਹਿਮੀਅਤ ਦਿੰਦੇ ਹਨ।
5. ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ
ਉਪ੍ਰੋਕਤ ਸਿਰਲੇਖ ਵੀ ਪੰਨੂੰ ਸਾਹਿਬ ਨੇ ਸੱਚ ਕਰ ਕੇ ਦਿਖਾਇਆ ਹੈ। ਇੱਕ ਸੀਨੀਅਰ ਅਫਸਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ, ਪੈਨਸ਼ਨ ਦੇ ਸਹਾਰੇ, ਕੇਵਲ ਆਪਣਾ ਅੰਤ ਉਡੀਕਣ ਦੀ ਥਾਂ, ਇਨ੍ਹਾਂ ਨੇ ਕੈਨੇਡਾ ਜਾ ਕੇ ਕੰਪਿਊਟਰ ਸਿੱਖਣਾ ਸ਼ੁਰੂ ਕੀਤਾ। ਕੁੱਝ ਸਮੇਂ ਵਿੱਚ ਉਸ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਮੁਖੀ ਸ਼ਾਹਮੁਖੀ ਪਰਵਰਤਨ ਦਾ ਸਭ ਤੋਂ ਪਹਿਲਾਂ ਪਰੋਗਰਾਮ ਇਨ੍ਹਾਂ ਨੇ ਹੀ ਬੰਨ੍ਹਿਆਂ। ਭਾਵੇਂ ਉਨ੍ਹਾਂ ਦੇ ਇਸ ਮੌਲਿਕ ਕੰਮ ਦੇ ਨਾਲ਼ ਇੱਕ ਦੋ ਪਰੋਗਰਾਮਰ ਆਪਣੇ ਨਾਂ ਦੀ ਫੱਟੀ ਚੇਪੀ ਫਿਰਦੇ ਹਨ ਅਤੇ ਢੀਠ ਹੋ ਕੇ ਚਿੱਟੇ ਦਿਨ ਇਸ ਦਾ ਪਰਚਾਰ ਵੀ ਕਰਦੇ ਹਨ ਤੇ ਝੂਠੇ ਸਨਮਾਨ ਵੀ ਪਰਾਪਤ ਕਰਦੇ ਹਨ। ਪਰ ਸੱਚ ਜਾਨਣ ਵਾਲ਼ਿਆਂ ਹਲਕਿਆਂ ਵਿੱਚ ਪੰਨੂੰ ਸਾਹਿਬ ਵੱਲੋਂ ਪਾਏ ਆਪਣੇ ਨਿਰਮਾਣ ਅਤੇ ਨਵੇਂ ਰਾਹ ਪਾਊ ਯਤਨਾਂ ਦੀ ਭਰਪੂਰ ਸ਼ਲਾਘਾ ਹੋਈ ਹੈ।
ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਵਿੱਚ ਇਹ ਪਰੋਗਰਾਮ ਇੱਕ ਮੀਲ ਪੱਥਰ ਸਿੱਧ ਹੋਇਆ ਹੈ। ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਲਈ ਪੰਨੂੰ ਸਾਹਿਬ ਦੇ ਇਸ ਪਰੋਗਰਾਮ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਇਸ ਰਾਹੀਂ ਉਰਦੂ ਅਤੇ ਪੰਜਾਬੀ ਦਾ ਆਪਸੀ ਪਰਵਰਤਨ ਮਿੰਟਾਂ-ਸਕਿੰਟਾਂ ਵਿੱਚ ਹੋ ਸਕਣਾ ਸੰਭਵ ਹੋ ਗਿਆ ਹੈ।
ਕੰਪਿਊਟਰ ਦੀ ਮੁਹਾਰਤ ਦੇ ਨਾਲ਼-ਨਾਲ਼ ਪੰਨੂੰ ਸਾਹਿਬ ਦੀ ਇੱਕ ਲੇਖਕ ਅਤੇ ਰਚਨਾਕਾਰ ਵਜੋਂ ਚੰਗੀ ਪਹਿਚਾਣ ਬਣੀ ਹੋਈ ਹੈ। ਅੱਜ ਇਨ੍ਹਾਂ ਦੇ ਲੇਖ, ਕਹਾਣੀਆਂ 5ਆਬੀ ਡਾਟ ਕਾਮ, ਲਿਖਾਰੀ ਡਾਟ ਕਾਮ, ਸੀਰਤ ਡਾਟ ਕਾਮ ਅਤੇ ਹੋਰ ਪਰਿੰਟ ਮੀਡੀਆ ਵਿੱਚ ਦੇਖੇ-ਪੜ੍ਹੇ ਜਾ ਸਕਦੇ ਹਨ। ਉਨ੍ਹਾਂ ਦੀ ਹਰ ਰਚਨਾ ਵਿੱਚ ਇੱਕ ਸੁਨੇਹਾ ਅਤੇ ਨਸੀਹਤ ਹੁੰਦੀ ਹੈ ਜੋ ਕਿ ਪਾਠਕਾਂ ਵਲੋਂ ਸਲਾਹੀ ਜਾਂਦੀ ਹੈ।
6. ਸਵੇਰ ਦੀ ਸੈਰ ਅਤੇ ਫਿਟਨੈੱਸ
ਜਾਪਦਾ ਹੈ ਕਿ ਪੰਨੂੰ ਸਾਹਿਬ ਨੇ ਆਪਣੀ ਜ਼ਿੰਦਗੀ ਦੀ ਚਾਲ ਅਤੇ ਰਫਤਾਰ ਆਪ ਨਿਰਧਾਰਤ ਕੀਤੀ ਹੋਈ ਹੈ। ਸਵੇਰ ਦੀ ਸੈਰ ਇਨ੍ਹਾਂ ਦਾ ਨਿੱਤਨੇਮ ਹੈ। ਇਸ ਵਿੱਚ ਹੀ ਪੰਨੂੰ ਸਾਹਿਬ ਦੀ ਚੁਸਤੀ ਅਤੇ ਫੁਰਤੀ ਦਾ ਰਾਜ਼ ਛੁਪਿਆ ਹੋਇਆ ਹੈ।
7. ਵੇਲੇ ਸਿਰ ਕੰਮ ਆਉਣ ਵਾਲੇ ਇੱਕ ਮੱਦਦਗਾਰ ਇਨਸਾਨ
ਪੰਨੂੰ ਸਾਹਿਬ ਲਾਰਾ ਨਹੀਂ ਲਾਉਦੇਂ, ਸਾਫ ਅਤੇ ਸ਼ਪੱਸ਼ਟ ਗੱਲ ਕਰਦੇ ਹਨ। ਮੈਂ ਐਮ.ਬੀ.ਏ ਦੇ ਦਾਖਲੇ ਵੇਲੇ, ਯੂਨੀਵਰਸਿਟੀ ਨੂੰ ਕੈਨੇਡੀਅਨ ਡਾਲਰਾਂ ਰਾਹੀਂ ਫੀਸ ਭਰਨੀ ਸੀ। ਮੈਂ ਪੰਨੂੰ ਸਾਹਿਬ ਨੂੰ ਬੇਨਤੀ ਕੀਤੀ, ਇਨ੍ਹਾਂ ਨੇ ਬਿਨਾਂ ਕਿੰਤੂ ਪ੍ਰੰਤੂ ਕੀਤਿਆਂ, ਤੁਰੰਤ ਬਣਦੀ ਰਕਮ ਦਾ ਡਰਾਫਟ ਭੇਜ ਦਿੱਤਾ (ਜਦੋਂ ਕਿ ਮੇਰੇ ਹੋਰ ਰਿਸ਼ਤੇਦਾਰ ਆਨੇ ਬਹਾਨੇ ਘੜਦੇ ਰਹੇ)। ਪੰਨੂੰ ਸਾਹਿਬ ਦੀ ਉਸ ਵੇਲੇ ਸਿਰ ਕੀਤੀ ਮੱਦਦ ਦਾ ਮੈਂ ਸਦਾ ਰਿਣੀ ਰਹਾਂਗਾ।
8. ਆਦਰਸ਼ਕ ਪਤੀ
ਇਨ੍ਹਾਂ ਦਾ ਜੋੜਾ ਅੱਜ ਦੇ ਯੁਗ ਵਿੱਚ ਇੱਕ ਉਦਾਹਰਣ ਪੇਸ਼ ਕਰਦਾ ਹੈ। ਇਨ੍ਹਾਂ ਦੋਹਾਂ ਨੇ ਜ਼ਿੰਦਗੀ ਦੇ ਹਰ ਪੜਾਅ ਵਿੱਚ ਇੱਕ ਦੂਜੇ ਦਾ ਪੂਰਾ ਸਾਥ ਦਿੱਤਾ ਹੈ ਅਤੇ ਇੱਕ ਦੂਜੇ ਨੂੰ ਉਤਸ਼ਾਹਿਤ ਕੀਤਾ ਹੈ। ਦੋਵੇਂ ਇੱਕ ਦੂਜੇ ਸੰਗ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਨ। ਪੰਨੂੰ ਸਾਹਿਬ ਆਪਣੀ ਕਾਮਯਾਬੀ ਦਾ ਸੇਹਰਾ ਆਪਣੀ ਧਰਮ ਪਤਨੀ ਪਤਵੰਤ ਕੌਰ ਪੰਨੂੰ ਦੇ ਸਿਰ ਬੰਨ੍ਹਣ ਵਿੱਚ ਇੱਕ ਸੱਚਾ ਮਾਣ ਮਹਿਸੂਸ ਕਰਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਦੋਹਾਂ ਦੇ ਸੁਭਾਅ ਇੱਕ ਦੂਜੇ ਤੋਂ ਬਿਲਕੁਲ ਅਲੱਗ ਹਨ। ਜਿਥੇ ਸ੍ਰੀਮਤੀ ਪੰਨੂੰ ਦਿਲ ਖੋਲ੍ਹ ਕੇ ਗੱਲਾਂ ਕਰਨ ਵਾਲੇ ਹਨ ਉਥੇ ਪੰਨੂੰ ਸਾਹਿਬ ਬਹੁਤ ਹੀ ਸੰਕੋਚ ਅਤੇ ਕੰਜੂਸੀ ਨਾਲ ਸ਼ਬਦ ਵਰਤਦੇ ਹਨ।
9. ਨਿਸ਼ਕਾਮ ਸਮਾਜ ਸੇਵਕ
ਪੰਨੂੰ ਸਾਹਿਬ ਲੋਕਾਂ ਦੇ ਦੁੱਖ ਦਰਦ ਨੂੰ ਵੰਡਾਉਣ ਲਈ ਹਮੇਸਾਂ ਤਰਜੀਹ ਦਿੰਦੇ ਹਨ। ਉਹ ਗੁਰਦੁਆਰਾ ਰਾੜਾ ਸਾਹਿਬ ਅਤੇ ਹੋਰ ਵੱਖ-ਵੱਖ ਥਾਵਾਂ ਉੱਤੇ ਹਰ ਸਾਲ ਫਿਜੀਓ ਥੈਰਾਪੀ ਰਾਹੀਂ ਮੁਫ਼ਤ ਇਲਾਜ ਦਾ ਕੈੰਪ ਲਗਵਾਉਂਦੇ ਹਨ। ਭਾਵੇਂ ਕਿ ਇਸ ਕੈੰਪ ਵਿੱਚ ਮੁੱਖ ਤੌਰ ’ਤੇ ਇਲਾਜ ਡਾਕਟਰ ਗੁਰਮੀਤ ਸਿੰਘ ਹੀ ਕਰਦੇ ਹਨ ਪਰ ਕੈੰਪ ਨੂੰ ਸਹੀ ਵਿਉਂਤਬੰਦੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਸੇਹਰਾ ਪੰਨੂੰ ਸਾਹਿਬ ਨੂੰ ਹੀ ਜਾਂਦਾ ਹੈ। ਇਨ੍ਹਾਂ ਕੈੰਪਾਂ ਦੀ ਕਾਮਯਾਬੀ ਲਈ ਪੰਨੂੰ ਸਾਹਿਬ ਬਰਾਬਰ ਦੀ ਸ਼ਲਾਘਾ ਦੇ ਹੱਕਦਾਰ ਹਨ।
ਪੰਨੂੰ ਸਾਹਿਬ ਇੱਕ ਤੁਰਦੇ ਫਿਰਦੇ ਪ੍ਰੇਰਨਾ ਸਰੋਤ ਹਨ। ਜਿਨ੍ਹਾਂ ਨੇ ਜੀਵਨ ਦਾ ਹਰ ਰੰਗ ਦੇਖਿਆ ਹੈ ਅਤੇ ਹੰਢਾਇਆ ਹੈ। 25 ਮਾਰਚ 2011 ਨੂੰ ਸ: ਕਿਰਪਾਲ ਸਿੰਘ ਪੰਨੂੰ ਨੂੰ ਜੀਵਨ ਦੇ 75 ਸਾਲਾਂ ਦਾ ਸੁਹਾਣਾ ਸਫ਼ਰ ਪੂਰਾ ਕਰ ਲੈਣ ਉੱਤੇ ਮੈਂ ਹਾਰਦਿਕ ਵਧਾਈ ਭੇਜਦਾ ਹਾਂ। 75 ਸਾਲਾ ਇਸ ਜਵਾਨ ਅਤੇ ਮਿਹਨਤੀ ਇਨਸਾਨ ਨੂੰ ਮੇਰਾ ਸਦ-ਸਦ ਸਲਾਮ।
ਸ਼ਾਲਾ! ਪੰਨੂੰ ਸਾਹਿਬ ਵਿੱਚ ਇਹ ਫੁਰਤੀ ਅਤੇ ਜਜ਼ਬਾ ਸਦਾ ਕਾਇਮ ਰਹੇ ਅਤੇ ਉਹ ਇਸੇ ਤਰ੍ਹਾਂ ਹੀ ਲੋਕ ਸੇਵਾ ਕਰਦੇ ਰਹਿਣ।