ਮੈਂ ਕਿਰਪਾਲ ਸਿੰਘ ਪੰਨੂੰ ਨੂੰ ਅਖ਼ਬਾਰ ਰਾਹੀਂ ਜਾਣਿਆ। ਸਤੰਬਰ 2008 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ। ਪੜ੍ਹਨ ਦੀ ਆਦਤ ਅਤੇ ਵਧੀਆ ਤਰੀਕੇ ਨਾਲ਼ ਵਿਹਲਾ ਸਮਾਂ ਪਾਸ ਕਰਨ ਲਈ ਹਰ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹਨਾ। ਲੇਖਕਾਂ ਦੇ ਬਹੁਤ ਚੰਗੇ ਵਿਚਾਰ ਵੀ ਪੜ੍ਹਨ ਨੂੰ ਮਿਲ਼ੇ ਅਤੇ ਬਹੁਤ ਪੇਤਲੇ ਵੀ। ‘ਗੁਰਮਤਿ ਗਿਆਨ’ ਵਿੱਚ ਵਾਧਾ ਵੀ ਹੋਇਆ ਅਤੇ ਗੁਰਬਾਣੀ ਦੀਆਂ ਗ਼ਲਤ ਸਤਰਾਂ ਪੜ੍ਹ ਕੇ ਦੁੱਖ ਵੀ।
ਇਨ੍ਹਾਂ ਹੀ ਸਮਿਆਂ ਵਿੱਚ ਡਾ. ਗੁਰਮੀਤ ਸਿੰਘ ਬਾਰੇ ਲਿਖਿਆ ਕਿਰਪਾਲ ਸਿੰਘ ਪੰਨੂੰ ਦਾ ਲੇਖ ਵੀ ਪੜ੍ਹਿਆ। ਲੇਖ ਕਿਸੇ ਪੀੜਤ ਦੇ ਠੀਕ ਹੋਣ ਦੀ ਕਹਾਣੀ ਸੀ। ਪਰ ਜਿਵੇਂ ਇਹ ਬਿਆਨ ਕੀਤੀ ਗਈ ਸੀ, ਉਹ ਢੰਗ ਕਮਾਲ ਦਾ ਸੀ। ਜਿੱਥੇ ਮੈਂ ਲਿਖਣ ਸ਼ੈਲੀ ਤੋਂ ਪ੍ਰਭਾਵਤ ਹੋਇਆ ਉੱਥੇ ਮੈਂ ਆਪਣੇ ਮਤਲਬ ਦੀ ਗੱਲ ਡਾ. ਗੁਰਮੀਤ ਸਿੰਘ ਦਾ ਫੋਨ ਨੰਬਰ ਆਪਣੀ ਡਾਇਰੀ ਵਿੱਚ ਉਤਾਰ ਲਿਆ, ਕਿਉਂਕਿ ਮੈਂ ਵੀ ਗਿੱਟੇ-ਗੋਡਿਆਂ ਦੇ ਦਰਦ ਤੋਂ ਪੀੜਤ ਸੀ। ਪਹਿਲਾਂ ਮੈਂ ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਅੰਗਰੇਜ਼ੀ, ਦੇਸੀ, ਹੋਮੋਪੈਥੀ ਅਤੇ ਆਯੁਰਵੈਦਿਕ ਦਵਾਈਆਂ ਦਸ ਸਾਲ ਵਰਤ ਚੁੱਕਿਆ ਸੀ। ਸੋਚਿਆ ਕਿ ਕਿਰਪਾਲ ਸਿੰਘ ਪੰਨੂੰ ਨੇ ਇਸ ਲੇਖ ਵਿੱਚ ਪ੍ਰਭਾਵਸ਼ਾਲੀ ਸ਼ੈਲੀ ਰਾਹੀਂ ਡਾਕਟਰ ਦਾ ਪਰਚਾਰ ਹੀ ਕੀਤਾ ਹੋ ਸਕਦਾ ਹੈ, ਸੋ ਗੱਲ ਆਈ ਗਈ ਹੋ ਗਈ। 2010 ਵਿੱਚ ਮੈਂ ਤੀਸਰੀ ਵਾਰ ਕੈਨੇਡਾ ਗਿਆ।
ਮੇਰੇ ਪ੍ਰੋਫ਼ੈੱਸਰ ਰਹਿ ਚੁੱਕੇ ਪੁੱਤਰ, ਜਿਹੜਾ ਕਿ ਹੁਣ ‘ਜੀ.ਡੀ ਐਕਸਪਰੈੱਸ ਟਰਾਂਸਪੋਰਟ ਇੰਕ’ ਚਲਾ ਰਿਹਾ ਹੈ, ਨੂੰ ਡਾ. ਗੁਰਮੀਤ ਸਿੰਘ ਕੋਲ਼ ਜਾਣਾ ਪੈ ਗਿਆ। ਉਹ ਡਾ. ਗੁਰਮੀਤ ਸਿੰਘ ਦੇ ਇਲਾਜ ਤੋਂ ਪ੍ਰਭਾਵਿਤ ਹੋ ਕੇ ਦੂਸਰੇ ਦਿਨ ਮੈਨੂੰ ਵੀ ਉਸ ਦੇ ਕਲਿਨਿਕ ਵਿੱਚ ਲੈ ਗਿਆ। ਮੇਰਾ ਉਸ ਕਲਿਨਿਕ ਵਿੱਚ ਜਾਣਾ ਹੀ ਕਿਰਪਾਲ ਸਿੰਘ ਪੰਨੂੰ ਨਾਲ਼ ਮੇਲ ਦਾ ਸਬੰਧ ਬਣਿਆ।
ਡਾ. ਸਾਹਿਬ ਕਿਉਂਕਿ ਹਰ ਸਾਲ ਇੰਡੀਆ ਵਿੱਚ ਇੱਕ ਮੁਫ਼ਤ ਮੈਡੀਕਲ ਕੈੰਪ ਲਾਉਂਦੇ ਹਨ, ਮੈਂ ਬਤੌਰ ਮਰੀਜ ਡਾ. ਸਾਹਿਬ ਨਾਲ਼ ਗੱਲਾਂ-ਗੱਲਾਂ ਵਿੱਚ ਆਪਣੇ ਪਿੰਡ ਕੈੰਪ ਲਾਉਣ ਦੀ ਬੇਨਤੀ ਕੀਤੀ। ਮੈਂ ਕਾਲਜ ਸਮੇਂ ਵਿੱਚ ਆਪਣੇ ਵੱਲੋਂ ਕੈੰਪ ਲਾਉਣ ਦੇ ਤਜਰਬੇ ਬਾਰੇ ਦੱਸਿਆ। ਡਾ. ਸਾਹਿਬ ਨੇ ਮੈਨੂੰ ‘ਪੰਨੂੰ’ ਸਾਹਿਬ ਦਾ ਫੋਨ ਨੰਬਰ ਦੇ ਕੇ ਉਨ੍ਹਾਂ ਨਾਲ਼ ਗੱਲ ਕਰਨ ਨੂੰ ਕਿਹਾ ਅਤੇ ਉਸੇ ਦਿਨ ਮੈਂ ਸ. ਪੰਨੂੰ ਨਾਲ਼ ਫੋਨ ਉੱਤੇ ਮਿਲਣੀ ਕਰ ਲਈ। ਇਸ ਮਿਲਣੀ ਨਾਲ਼ ਪੰਨੂੰ ਸਾਹਿਬ ਨਾਲ਼ ਆਹਮੋ ਸਾਹਮਣੇ ਮਿਲਣ ਦੀ ਇੱਛਾ ਪਰਬਲ ਹੋ ਗਈ। ਪਰ ਸਬੱਬ ਇੰਡੀਆ ਆ ਕੇ ‘ਸਮਰਾਲ਼ਾ’ ਵਿਖੇ ਮਿਲਣ ਦਾ ਬਣਿਆਂ। ਜਿੱਥੋਂ ਉਨ੍ਹਾਂ ਨੂੰ ਮੈਂ ਆਪਣੇ ਨਾਲ਼ ਲਿਆ ਕੇ ਆਪਣਾ ਘਰ ਦਿਖਾਇਆ ਤੇ ਕੈੰਪ ਦੇ ਪਰਬੰਧਾਂ ਬਾਰੇ ਦੱਸਿਆ। ਇਸੇ ਕੈੰਪ ਦੌਰਾਨ ਪੰਨੂੰ ਸਾਹਿਬ ਦੀ ਕਿਰਪਾਲੂ ਸ਼ਖਸੀਅਤ ਦੇ ਸ਼ਾਖਸ਼ਤ ਦਰਸ਼ਨ ਵੀ ਹੁੰਦੇ ਰਹੇ।
ਪੰਨੂੰ ਸਾਹਿਬ ਸਿਆਣੇ ਨੇ, ਸਮਝਦਾਰ ਨੇ, ਸਾਫ ਅਤੇ ਸਪੱਸ਼ਟ ਵੀ, ਸਯੋਗ ਪਰਬੰਧਕ ਨੇ ਅਤੇ ਸਹਿਯੋਗੀ ਸਵੈਸੇਵਕ ਵੀ, ਸਮੇਂ ਦੇ ਪਾਬੰਦ ਵੀ ਨੇ ਅਤੇ ਸਮੇਂ ਦੇ ਹਾਣੀ ਵੀ। ਸਿਦਕ ਅਤੇ ਸਿਰੜ ਨਾਲ਼ ਆਪਣੇ ਸੀਤ ਕਰਮੀ ਸੁਭਾਅ ਅਨੁਸਾਰ ਦੂਸਰਿਆਂ ਦੀ ਭਲਾਈ ਲਈ ਤਨੋ ਮਨੋ ਧਨੋ ਸਦਾ ਹਾਜ਼ਰ ਹਨ।
ਪੰਨੂੰ ਸਾਹਿਬ ਹਾਜ਼ਰ ਜਵਾਬ ਹਨ। ਕਿਸੇ ਸਮੱਸਿਆ ਨੂੰ ਪਲ-ਛਿਣ ਵਿੱਚ ਹੱਲ ਕਰਨ ਦੀ ਉਨ੍ਹਾਂ ਵਿੱਚ ਸਮਰੱਥਾ ਹੈ। ਮੈਂ ਕੈੰਪ ਵਿੱਚ ਦੇਖਿਆ ਕਿ ਜਦੋਂ ਮਰੀਜ਼ਾਂ ਦੀ ਭੀੜ ਜਿਆਦਾ ਹੋ ਗਈ ਤੇ ਸਾਰੇ ਇੱਕ ਦੂਜੇ ਦੇ ਮੋਢਿਆਂ ਤੋਂ ਦੀ ਉਲਮਦੇ ਹੋਏ ਰਜਿਸਟਰੇਸ਼ਨ ਵਾਲ਼ੇ ਵਲੰਟੀਅਰ ਦੁਆਲੇ ਹੋ ਗਏ ਤਾਂ ਪੰਨੂੰ ਸਾਹਿਬ ਨੇ ਆਪਣੇ ਜੁਗਤੀ ਹੋਣ ਦਾ ਸਬੂਤ ਦਿੰਦਿਆਂ ਸਾਰੀ ਭੀੜ ਆਪਣੇ ਦੁਆਲ਼ੇ ਇਕੱਤਰ ਕਰ ਲਈ ਅਤੇ ਦੋ ਕੁ ਕਾਗਜਾਂ ਦੇ ਟੁਕੜੇ ਕਰ ਕੇ ਉੱਤੇ ਕੇ.ਐੱਸ.ਪੰਨੂੰ ਲਿਖ ਕੇ ਨਵੇਂ ਕਰਮ ਅੰਕ ਲਾ ਦਿੱਤੇ। ਜਿਹੜੇ ਮਰੀਜ਼ ਪੰਜ ਮਿੰਟ ਪਹਿਲਾਂ ਪਹਿਲ ਲੈਣ ਲਈ ਖੌਰੂ ਪਾ ਰਹੇ ਸਨ ਉਹ ਤਰਤੀਬ ਵਾਰ ਲਾਈਨ ਬਣਾ ਕੇ ਇੰਜ ਖੜ੍ਹੇ ਹੋ ਗਏ ਜਿਵੇਂ ਟੋਰਾਂਟੋ ਦੇ ਕਿਸੇ ਹਸਪਤਾਲ ਵਿੱਚ ਖੜ੍ਹੇ ਹੋਣ।
ਸਤਿ ਕਰਮੀ ਲੋਕ ਬਹੁਤ ਥੋੜ੍ਹੇ ਹਨ, ਪਰ ਪੰਨੂੰ ਸਾਹਿਬ ਸਤਿ ਕਰਮੀ ਹਨ। ਵਿਦਵਾਨਾਂ ਨੇ ਉਨ੍ਹਾਂ ਲੋਕਾਂ ਨੂੰ, ਜਿਹੜੇ ਆਪਣੇ ਖਾਣ-ਪਾਣ ਤੱਕ ਹੀ ਸੀਮਤ ਹਨ ਉਨ੍ਹਾਂ ਨੂੰ ਨਖਿੱਧ ਕਰਮੀ ਕਿਹਾ ਹੈ, ਜਿਹੜੇ ਆਪ, ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੋਸਤਾਂ ਦੇ ਵਿਚਕਾਰ ਘਿਰ ਕੇ ਐਨੇ ਕੁ ਦਾਇਰੇ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਮੱਧਮ ਕਰਮੀ ਕਿਹਾ ਹੈ। ਜਿਹੜੇ ਲੋਕ ਦੇਸ਼, ਕੌਮ ਅਤੇ ਅਪਣੇ ਸਮਾਜ ਤੱਕ ਆਪਣਾ ਦਾਇਰਾ ਵਧਾ ਲੈਂਦੇ ਹਨ ਉਨ੍ਹਾਂ ਨੂੰ ਉੱਤਮ ਕਰਮੀ ਕਿਹਾ ਹੈ। ਸਤਿ ਕਰਮੀ ਉਹ ਹਨ ਜਿਹੜੇ ਸਰਬੱਤ ਦਾ ਭਲਾ ਲੋਚਦੇ ਹਨ ਅਤੇ ਕਰਦੇ ਹਨ। ਜਿਨ੍ਹਾਂ ਦੇ ਸਾਹਮਣੇ ਆਪਣੇ-ਪਰਾਏ, ਅਮੀਰ-ਗਰੀਬ, ਛੋਟੇ-ਵੱਡੇ, ਪੰਜਾਬੀ-ਬਿਹਾਰੀ ਦਾ ਕੋਈ ਵਿਤਕਰਾ ਨਹੀਂ, ਸਗੋਂ ਇੱਕੋ ਹੀ ਨਿਸ਼ਾਨਾ ਸਰਬੱਤ ਦਾ ਭਲਾ ਹੈ।
ਅਜੇਹੀ ਇੱਕ ਮਿਸਾਲ ਵੀ ਕੈੰਪ ਸਮੇਂ ਦੇਖਣ ਨੂੰ ਮਿਲ਼ੀ ਜਦੋਂ ਪਿੰਡ ਦਾ ਇੱਕ ਸਰਦਾ-ਪੁਜਦਾ ਨੌਜੁਆਨ ਡਿਊਟੀ ਤੋਂ ਆ ਕੇ ਲੇਟ ਸਮੇਂ ਡਾਕਟਰ ਸਾਹਿਬ ਕੋਲ਼ ਇਲਾਜ ਲਈ ਵਲੰਟੀਅਰਾਂ ਵੱਲੋਂ ਭੇਜਿਆ ਗਿਆ। ਠੀਕ ਉਸੇ ਵੇਲ਼ੇ ਆਏ ਭੱਠੇ ਦੇ ਇੱਕ ਮਜਦੂਰ ਨੂੰ ਇਹ ਕਹਿ ਕੇ ਵਲੰਟੀਅਰਾਂ ਨੇ ਟਾਲਣਾ ਚਾਹਿਆ ਕਿ ਹੁਣ ਕੱਲ੍ਹ ਨੂੰ ਆ ਜਾਣਾ। ਪਰ ਪੰਨੂੰ ਸਾਹਿਬ ਦੇ ਸਵਾਲ, “ਜੇ ਸਰਦਾ-ਪੁਜਦਾ ਜੁਆਨ ਇਲਾਜ ਲਈ ਜਾ ਸਕਦਾ ਹੈ ਤਾਂ ਇਹ ਗਰੀਬ ਕਿਓਂ ਨਹੀਂ?” ਸਭ ਨੂੰ ਨਿਰੁੱਤਰ ਕਰ ਦਿੱਤਾ ਅਤੇ ਭੱਠਾ ਮਜਦੂਰ ਵੀ ਆਪਣੀਆਂ ਦਰਦਾਂ ਉਸੇ ਦਿਨ ਹੀ ਦੂਰ ਕਰਵਾ ਕੇ ਗਿਆ।
ਪੰਨੂੰ ਸਾਹਿਬ ਵਧੀਆ ਵਿਅੰਗਕਾਰ ਹਨ। ਨੋਕ-ਝੋਕ ਕਰਨ ਦਾ ਉਨ੍ਹਾਂ ਨੂੰ ਵੱਲ ਹੈ। ਨੋਕ-ਝੋਕ ਪਰਿਵਾਰਕ ਪੱਧਰ ਦੀ ਵੀ ਹੁੰਦੀ ਹੈ ਅਤੇ ਸਮਾਜਕ ਪੱਧਰ ਦੀ ਵੀ। ਮੈਂ ਦੇਖਿਆ ਹੈ ਕਿ ਆਪਣੇ ਹਾਸੇ-ਮਜ਼ਾਕ ਵਾਲ਼ੇ ਸੁਭਾਅ ਨਾਲ਼ ਉਹ ਗੰਭੀਰ ਮਸਲੇ ਨੂੰ ਵੀ ਹਲਕਾ ਕਰਨ ਦੀ ਸਮਰੱਥਾ ਰਖਦੇ ਹਨ ਅਤੇ ਇਸ ਤਰ੍ਹਾਂ ਸਮੱਸਿਆ ਪੈਦਾ ਹੋਣ ਤੋਂ ਪਹਿਲਾਂ ਹੀ ਹੱਲ ਹੋ ਚੁੱਕੀ ਹੁੰਦੀ ਹੈ। ਉਨ੍ਹਾਂ ਦਾ ਇਹ ਰੂਪ ਵੀ ਮੈਂ ਕੈੰਪ ਵਿੱਚ ਕੇਵਲ ਦੇਖਿਆ ਹੀ ਨਹੀਂ ਸਗੋਂ ਹੰਢਾਇਆ ਹੈ। ਕਿਸੇ ਸਟਾਫ ਨਰਸ ਦੀ ਗ਼ਲਤੀ ਕਾਰਨ ਮੈਂ ਥੋੜ੍ਹਾ ਤਲਖੀ ਵਿੱਚ ਸੀ ਤੇ ਮੈਂ ਉਸ ਨੂੰ ਦਿੱਤੇ ਜਾਣਾ ਸਵੈਸੇਵੀ ਸਰਟੀਫੀਕੇਟ ਵੀ ਕੈੰਸਲ ਕਰਨ ਦੀ ਸੋਚੀ ਬੈਠਾ ਸੀ। ਪਰ ਜਦੋਂ ਮੈਂ ਬਤੌਰ ਮਰੀਜ਼ ਮੂਧਾ ਪਿਆ ਸੀ ਤਾਂ ਜਿਸ ਪਿਆਰ ਅਤੇ ਅਪਣੱਤ ਨਾਲ਼ ਮੇਰੀਆਂ ਬਾਹਾਂ ਪਲੋਸ ਕੇ ਪੰਨੂੰ ਸਾਹਿਬ ਨੇ ਕਿਹਾ, “ਪ੍ਰੋਫ਼ੈਸਰ ਸਾਹਿਬ ਬੱਚੇ ਤਾਂ ਗਲਤੀਆਂ ਕਰਦੇ ਹੀ ਹੁੰਦੇ ਨੇ, ਅਸੀਂ ਉਨ੍ਹਾਂ ਨੂੰ ਸੁਧਾਰਨਾ ਹੈ ਭਜਾਉਣਾ ਨਹੀਂ।” ਤਾਂ ਮੈਂ ਜਿਹੜਾ ਕਿ ਪਹਿਲਾਂ ਹੀ ਸੋਚ ਰਿਹਾ ਸੀ ਕਿ ‘ਕੀ ਮੈਂ ਉਸ ਬੱਚੀ ਨਾਲ਼ ਜਿਆਦਤੀ ਤਾਂ ਨੀਂ ਕਰ ਰਿਹਾ’ ਇੱਕ ਦਮ ਪਸੀਜ ਗਿਆ ਅਤੇ ਸਾਰੇ ਅਧਿਕਾਰ ਪੰਨੂੰ ਸਾਹਿਬ ਦੇ ਹਵਾਲੇ ਕਰਕੇ ਮਸਲਾ ਹੱਲ ਕਰਵਾ ਲਿਆ।
ਪੰਨੂੰ ਸਾਹਿਬ ਨੂੰ ਦੂਸਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਭਲੀ ਭਾਂਤ ਕਰਨਾ ਆਉਂਦਾ ਹੈ। ਕੈੰਪ ਸਮੇਂ ਇੱਕ ਵਲੰਟੀਅਰ ਨੂੰ ਕੁੱਝ ਜਿੰਮੇਵਾਰੀਆਂ ਸੌਂਪੀਆਂ ਗਈਆਂ। ਉਸ ਨੇ ਆਪਣੇ ਵਿਤ ਅਨੁਸਾਰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਕਮੀ ਸੀ। ਕਮੀ ਵਲੰਟੀਅਰ ਦੀ ਸੋਚ ਜਾਂ ਕੋਸ਼ਿਸ਼ ਵਿੱਚ ਨਹੀਂ ਸੀ ਸਗੋਂ ਇੰਡੀਆ ਅਤੇ ਕੈਨੇਡਾ ਦੀ ਜੀਵਨ ਸ਼ੈਲੀ ਦੀ ਸੋਚ ਅਨੁਸਾਰ ਕਮੀ ਲਗਦੀ ਸੀ। ਮੇਰੇ ਇੱਕ ਦੋ ਸਹਿਯੋਗੀਆਂ ਨੇ ਉਸ ਵਲੰਟੀਅਰ ਨੂੰ ਇਹ ਘਾਟ ਦਰਸਾਉਣ ਦੀ ਸਲਾਹ ਦਿੱਤੀ। ਪਰ ਇਹ ਪੰਨੂੰ ਸਾਹਿਬ ਹੀ ਸਨ ਜਿਨ੍ਹਾਂ ਨੇ ਸਪਸ਼ਟ ਇਹ ਕਿਹਾ ਕਿ ਇਸ ਪਰਬੰਧ ਵਿੱਚ ਕਿਸੇ ਵੀ ਪਰਕਾਰ ਦੀ ਤਬਦੀਲੀ ਕਰਨ ਦਾ ਅਰਥ ਹੋਵੇਗਾ ਉਸ ਵਲੰਟੀਅਰ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣਾ। ਇਹ ਕੰਮ ਮੈਂ ਤੇ ਨਹੀਂ ਕਰ ਸਕਦਾ। ਫਿਰ ਇਸ ਸਮੱਸਿਆ ਨੂੰ ਪੰਨੂੰ ਸਾਹਿਬ ਨੇ ਆਪਣੀ ਹੀ ਵਿਧੀ ਨਾਲ਼ ਐਸਾ ਸੁਲਝਾਇਆ ਕਿ ਕਿਸੇ ਨੂੰ ਕੋਈ ਅਹਿਸਾਸ ਤੀਕਰ ਨਹੀਂ ਹੋਣ ਦਿੱਤਾ ਕਿ ਕੋਈ ਸਮੱਸਿਆ ਵੀ ਆਈ ਸੀ। ਜਾਪਿਆ ਇਹੋ ਹੀ ਕਿ ਇਹ ਸਭ ਕੁੱਝ ਕੁਦਰਤੀ ਰੂਪ ਵਿੱਚ ਹੀ ਵਾਪਰ ਗਿਆ ਹੈ।
ਦੂਸਰਿਆਂ ਦੀ ਪਰਸੰਸਾ ਕਰਨਾ ਹਾਰੀ-ਸਾਰੀ ਦਾ ਕੰਮ ਨਹੀ ਹੁੰਦਾ। ਇਸ ਲਈ ਵੱਡੇ ਦਿਲ-ਗੁਰਦੇ ਦੀ ਲੋੜ ਹੁੰਦੀ ਹੈ। ਪੰਨੂੰ ਸਾਹਿਬ ਕੋਲ਼ ਇਸ ਪੱਖੋਂ ਵੀ ਵੱਡਾ ਦਿਲ ਹੈ। ਇਹ ਦੂਜਿਆਂ ਦੀ ਖੁੱਲੀ ਪਰਸੰਸਾ ਕਰਦੇ ਨੇ। ਸਾਡੇ ਕੈੰਪ ਦੇ ਆਖ਼ਰੀ ਸਮਾਗਮ ਸਮੇ ਜੋ ਪਰਸੰਸਾ ਸਾਨੂੰ ਪੰਨੂੰ ਸਾਹਿਬ ਵੱਲੋਂ ਅਤੇ ਡਾ. ਗੁਰਮੀਤ ਸਿੰਘ ਮਿਨਹਾਸ ਵੱਲੋਂ ਮਿਲ਼ੀ ਅਸੀਂ ਸਾਰੇ ਪਰਬੰਧਕ ਉਸ ਲਈ ਇਨ੍ਹਾਂ ਦੇ ਰੋਮ-ਰੋਮ ਰਿਣੀ ਹਾਂ। ਕੈੰਪ ਦੌਰਾਨ ਲੱਗਪੱਗ 500 ਮਰੀਜ਼ ਜਿਹੜੇ ਦੁੱਖਾਂ ਤੋਂ ਛੁਟਕਾਰਾ ਪਾ ਚੁੱਕੇ ਹਨ, ਉਹ ਸਾਨੂੰ ਫੋਨ ਉੱਤੇ ਜਾਂ ਮਿਲ਼ ਕੇ ਅਸੀਸਾਂ ਦਿੰਦੇ ਹਨ, ਇਸ ਦੇ ਪਿੱਛੇ ਵੀ ਪੰਨੂੰ ਸਾਹਿਬ ਵਰਗੀ ਉੱਚੀ-ਸੁੱਚੀ ਸ਼ਖਸੀਅਤ ਦਾ ਹੱਥ ਹੈ, ਜਿਨ੍ਹਾਂ ਨੇ ਸਾਨੂੰ ਇੱਕ ਛੋਟੇ ਜੇਹੇ ਪਿੰਡ ਦੇ ਨਿੱਜੀ ਘਰ ਵਿੱਚ ਕੈੰਪ ਲਾਉਣ ਲਈ ਉਤਸ਼ਾਹਿਤ ਕੀਤਾ ਅਤੇ ਅਸੀਂ ਮਰੀਜ਼ਾਂ ਦੀਆਂ ਅਸੀਸਾਂ ਲੈਣ ਵਿੱਚ ਸਫਲ ਹੋ ਸਕੇ। ਪੰਨੂੰ ਸਾਹਿਬ ਦੀ ਪਰਸੰਸਾ ਸਦਕਾ ਅਸੀਂ ਨਵੇਂ ਸਿਰੇ ਤੋਂ ਫੇਰ ਤਿਆਰ ਹਾਂ ਕਿ ਅਸੀਂ ਅਗਲੇ ਸਾਲ ਵੀ ਲੋਕਾਂ ਦੀ ਸੇਵਾ ਕਰ ਸਕੀਏ। ਅਕਾਲ ਪੁਰਖ ਦੇ ਦਰ ’ਤੇ ਜੋਦੜੀ ਹੈ ਕਿ ਉਹ ਪੰਨੂੰ ਸਾਹਿਬ ਵਰਗੀਆਂ ਸੁੱਚੀਆਂ ਰੂਹਾਂ ਨੂੰ ਬਲ-ਬੁੱਧੀ, ਸਮਰੱਥਾ ਅਤੇ ਲੰਮੀ ਉਮਰ ਬਖਸ਼ੇ ਤਾਂ ਜੋ ਉਹ ਸਦਾ ਸਰਬੱਤ ਦੇ ਭਲੇ ਲਈ ਕੰਮ ਕਰਦੇ ਰਹਿਣ।