‘‘ਹੁਣ ਆਪਾਂ ਸੇਫ਼ ਆਂ। ਲਾਹੌਰ ਆ ਗਿਐ। ਲੈ ਬਈ, ਇੱਛਰਾਂ ਬਾਜ਼ਾਰ ਦੇ ਬਾਹਰ ਕਾਰ ਰੋਕੀਂ। ਸੁਲੇਖਾ ਨਾਲੇ ਆਪ ਸ਼ੌਪਿੰਗ ਕਰ ਲਵੇਗੀ ਤੇ ਨਾਲੇ ਮੈਨੂੰ ਬੱਚਿਆਂ ਵਾਸਤੇ ਸੂਟ ਖ਼ਰੀਦ ਦਿਊ।’’ ਜਗਤਾਰ ਨੇ ਤਸੱਲੀ ਨਾਲ ਕਿਹਾ।
ਇੱਛਰਾਂ ਬਜ਼ਾਰ ਦੇ ਬਾਹਰ ਗੱਡੀ ਖੜ੍ਹੀ ਕਰਕੇ ਅਸੀਂ ਬਾਹਰ ਨਿਕਲੇ ਤਾਂ ਕਾਰਾਂ ਦੀ ਪਾਰਕਿੰਗ ਲਈ ਪੈਸੇ ਉਗਰਾਹੁਣ ਵਾਲਾ ਆਦਮੀ ਸਾਡੇ ਕੋਲ ਆਇਆ। ਅਸੀਂ ਅਜੇ ਜੇਬ ਨੂੰ ਹੱਥ ਲਾ ਹੀ ਰਹੇ ਸਾਂ ਕਿ ਡਰਾਈਵਰ ਨੇ ਸਾਨੂੰ ਪੂਰੇ ਹੱਕ ਨਾਲ ਕਿਹਾ, ‘‘ਨਹੀਂ, ਪੈਸੇ ਨਹੀਂ ਦੇਣੇ।’’ਪਾਰਕਿੰਗ ਫੀਸ ਲੈਣ ਵਾਲਾ ਬੰਦਾ ਪੁੱਛਦੀਆਂ ਨਜਰਾਂ ਨਾਲ ਡਰਾਈਵਰ ਵੱਲ ਵੇਖਣ ਲੱਗਾ।‘‘ਜਾਹ! ਪੈਸੇ ਪੂਸੇ ਕੋਈ ਨਹੀਂ ਮਿਲਣੇ।’’ ਡਰਾਈਵਰ ਨੇ ਉਸ ਦੀ ਮਨਸ਼ਾ ਭਾਂਪ ਕੇ ਕਿਹਾ।‘‘ਕਿਉਂ, ਮਿਲਣੇ ਕਿਉਂ ਨਹੀਂ?’’ ਉਸ ਨੇ ਥੋੜ੍ਹਾ ਰੁੱਖਾ ਹੋ ਕੇ ਪੁੱਛਿਆ।ਅਸੀਂ ਪੈਸੇ ਦੇਣੇ ਚਾਹੇ ਤਾਂ ਡਰਾਈਵਰ ਨੇ ਪੂਰੇ ਅਧਿਕਾਰ ਨਾਲ ਹੱਥ ਵਧਾ ਕੇ ਸਾਨੂੰ ਰੋਕਦਿਆਂ ਤੇ ਉਸ ਨੂੰ ਸੁਣਾਉਂਦਿਆਂ ਕਿਹਾ, ‘‘ਤੰੂ ਪੈਸੇ ਲੈ ਕੇ ਵੇਖ… ਤੈਨੂੰ ਦਿਸਦਾ ਨਹੀਂ ਇਹ ਕੀਹਦੀ ਕਾਰ ਐ?…ਤੰੂ ਲਾਹੌਰ ‘ਚ ਰਹਿਣਾ ਵੀ ਐ ਕਿ ਨਹੀਂ?’’ਡਰਾਈਵਰ ਅੰੰਦਰੋਂ ਉਹਦੇ ਮਾਲਕ ‘ਨਵਾਏ ਵਕਤ’ ਦੇ ਮੁੱਖ ਕਾਲਮ-ਨਵੀਸ ਅਬਾਸ ਅਤਹਰ ਦੀ ਪੱਤਰਕਾਰੀ ਤਾਕਤ ਬੋਲ ਰਹੀ ਸੀ। ਅਗਲਾ ਢੈਲਾ ਜਿਹਾ ਹੋ ਕੇ ਪੈਰ ਮਲਦਾ ਪਿੱਛੇ ਨੂੰ ਤੁਰ ਪਿਆ।ਦਿਨ ਦਾ ਪਿਛਲਾ ਪਹਿਰ। ਲੰਮਾ ਤੇ ਤੰਗ ਇੱਛਰਾਂ ਬਾਜ਼ਾਰ ਲੋਕਾਂ ਦੀ ਖ਼ੁਸ਼ ਰੰਗ ਭੀੜ ਵਿਚ ਹੋਰ ਭੀੜਾ ਹੋ ਗਿਆ ਲੱਗਦਾ ਸੀ। ਘਰੋਂ ਬਣ ਫੱਬ ਕੇ ਨਿਕਲੀਆਂ ਖ਼ੂਬਸੂਰਤ ਲਾਹੌਰਨਾਂ ਮਤਾਬੀਆਂ ਵਾਂਗ ਜਗ ਰਹੀਆਂ ਸਨ। ਕਿਤੇ ਕਿਤੇ ਹੀ ਬੁਰਕੇ ਵਾਲੀ ਔਰਤ ਦਿਸ ਰਹੀ ਸੀ, ਨਹੀਂ ਤਾਂ ਸਾਡੇ ਇਧਰਲੇ ਪੰਜਾਬ ਵਾਂਗ ਹੀ ਔਰਤਾਂ ਬੇਝਿਜਕ ਤੇ ਸਵੈ-ਭਰੋਸੇ ਨਾਲ ਸ਼ਹਿਰ ਵਿਚ ਘੁੰਮਦੀਆਂ ਦਿਖਾਈ ਦਿੰਦੀਆਂ ਸਨ। ਨਨਕਾਣੇ ਵੱਲ ਜਾਂਦਿਆਂ ਖੇਤਾਂ ਵਿਚ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਔਰਤਾਂ ਵੀ ਨਜ਼ਰ ਆਉਂਦੀਆਂ ਸਨ। ਔਰਤ ਲਈ ਪਰਦੇ ‘ਚ ਰਹਿਣ ਵਾਲਾ ਇਸਲਾਮਿਕ ਨੇਮ ਢਿੱਲਾ ਹੁੰਦਾ ਦਿਸ ਰਿਹਾ ਸੀ। ਪਿਛਲੇ ਦਿਨੀਂ ਰਾਤ ਨੂੰ ਤੁਰ ਕੇ ਫ਼ਲੈਟੀਜ਼ ਹੋਟਲ ਤੋਂ ਸ਼ਾਹਤਾਜ ਹੋਟਲ ਨੂੰ ਜਾਂਦਿਆਂ ਅੱਧੀ ਰਾਤ ਤੋਂ ਪਿਛੋਂ ਕੁੜੀਆਂ ਦੀ ਇਕ ਟੋਲੀ ਨੇ ਸਾਡੇ ਸਾਥੀਆਂ ਨੂੰ ਵੇਖ ਕੇ ਆਪਣੀ ਕਾਰ ਰੋਕ ਲਈ ਸੀ ਤੇ ਕਾਰ ਚਲਾਉਣ ਵਾਲੀ ਕੁੜੀ ਨੇ ਹੋਰ ਗੱਲਾਂ ਤੋਂ ਬਿਨਾਂ ਇਹ ਵੀ ਪੁੱਛਿਆ ਸੀ, ‘‘ਅੰਕਲ! ਮੈਂ ਇੰਗਲੈਂਡ ਤੋਂ ਆਈ ਹਾਂ। ਕਿਸੇ ਫ਼ਿਲਮ ਬਣਾਉਣ ਦੇ ਚੱਕਰ ‘ਚ। ਸਾਡੇ ਤਾਂ ਏਥੇ ਔਰਤ ਬੜੀ ਘੁੱਟਣ ਵਿਚ ਹੈ, ਤੁਹਾਡੇ ਕਿਹੋ ਜਿਹੇ ਹਾਲਾਤ ਨੇ?’’ਆਜ਼ਾਦੀ ਨਾਲ ਅੱਧੀ ਰਾਤ ਨੂੰ ਘੰੁਮ ਰਿਹਾ ਜਾਂ ਆਪਣੇ ਕੰਮ-ਕਾਰ ਤੋਂ ਵਾਪਸ ਪਰਤ ਰਿਹਾ ਕੁੜੀਆਂ ਦਾ ਟੋਲਾ ‘ਔਰਤ ਦੀ ਘੁੱਟਣ’ ਦੀ ਗੱਲ ਕਰ ਰਿਹਾ ਸੀ ਤਾਂ ਠੀਕ ਹੀ ਹੋਵੇਗਾ। ਪਾਕਿਸਤਾਨ ਟੈਲੀਵੀਜ਼ਨ ਤੋਂ ਅਕਸਰ ਇਹੋ ਜਿਹੇ ਦ੍ਰਿਸ਼ ਵੇਖਣ ਨੂੰ ਮਿਲ ਜਾਂਦੇ ਰਹੇ ਨੇ ਜਿਨ੍ਹਾਂ ਵਿਚ ਪੇਂਡੂ ਇਲਾਕਿਆਂ ਵਿਚ ਅਤੇ ਵਿਸ਼ੇਸ਼ ਤੌਰ ਉਤੇ ਸਿੰਧ ਅਤੇ ਸਰਹੱਦੀ ਸੂਬੇ ਵਿਚ ਵਡੇਰਿਆਂ ਦੀ ਤਾਨਾਸ਼ਾਹੀ ਤੇ ਔਰਤ ਦੀ ਤਰਸਯੋਗ ਸਥਿਤੀ ਦਾ ਚਿੱਤਰ ਉਲੀਕਿਆ ਮਿਲਦਾ ਹੈ।ਇਕ ਵਾਰ ਸੋਹਣ ਸਿੰਘ ਸੀਤਲ ਨੇ ਮੇਰੇ ਨਾਲ ਗੱਲਾਂ ਕਰਦਿਆਂ ਦੱਸਿਆ, ਦੋ ਸਿੱਖ ਸਰਦਾਰ ਮੁਹੰਮਦ ਅਲੀ ਜਿਨਾਹ ਨੂੰ ਮਿਲਣ ਗਏ। ਜਿਨਾਹ ਨੇ ਸਰਦਾਰਾਂ ਨੂੰ ਸਿਗਾਰ ਪੇਸ਼ ਕੀਤੇ ਤਾਂ ਸਰਦਾਰਾਂ ਨੇ ਰੰਜ ਵਿਚ ਕਿਹਾ, ‘‘ਜਿਨਾਹ ਸਾਹਿਬ! ਤੁਹਾਨੂੰ ਪਤਾ ਨਹੀਂ ਕਿ ਸਿੱਖ ਸਿਗਰਟ ਨਹੀਂ ਪੀਂਦੇ?’’ਜਿਨਾਹ ਨੇ ਬੜੇ ਤਹੱਮਲ ਨਾਲ ਜਵਾਬ ਦਿੱਤਾ, ‘‘ਮੈਂ ਜਾਣਦਾਂ ਕਿ ਸਿੱਖ ਸਿਗਰਟ ਨਹੀਂ ਪੀਂਦੇ ਪਰ ਮੈਂ ਇਹ ਵੀ ਜਾਣਦਾਂ ਕਿ ਬਹੁਤੇ ਅਮੀਰ ਦਾ ਤੇ ਬਹੁਤੇ ਗ਼ਰੀਬ ਦਾ ਕਦੀ ਕੋਈ ਧਰਮ ਨਹੀਂ ਹੁੰਦਾ।’ਇਸ ਗੱਲ ਵਿਚ ਬੜੀ ਡੰੂਘੀ ਹਕੀਕਤ ਲੁਕੀ ਹੋਈ ਹੈ। ਬਹੁਤੇ ਸਦਾਚਾਰਕ ਜਾਂ ਧਾਰਮਿਕ ਨੇਮ ਵਿਧਾਨ ਮੱਧ ਵਰਗ ਜਾਂ ਨਿਮਨ-ਮੱਧ ਵਰਗ ਦੁਆਰਾ ਹੀ ਪ੍ਰਚਾਰੇ ਪਰਸਾਰੇ ਜਾਂਦੇ ਹਨ ਤੇ ਉਹੋ ਵਰਗ ਹੀ ਇਨ੍ਹਾਂ ਨੇਮਾਂ ਅਨੁਸਾਰ ਜੀਵਨ ਜਿਊਣ ਦੀ ਅਭਿਲਾਸ਼ਾ ਰੱਖਦਾ ਹੈ। ਅਮੀਰ ਵਰਗ ਕੋਲ ਤਾਂ ਪੈਸੇ ਦੀ ਤਾਕਤ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਵਿਭਿੰਨ ਖ਼ੁਸ਼ੀਆਂ ਨੂੰ ਮਾਨਣ ਲਈ ਹੁਲਾਰਦੀ ਰਹਿੰਦੀ ਹੈ। ਜ਼ਿੰਦਗੀ ਨੂੰ ‘ਰੂਹ’ ਨਾਲ ਜੀਣ ਲਈ ਉਹ ਸਥਾਪਤ ਨੈਤਿਕ ਤੇ ਧਾਰਮਿਕ ਬੰਧਨ ਤੋੜ ਦਿੰਦੇ ਹਨ ਕਿਉਂਕਿ ਉਸ ਤਾਕਤਵਰ ਧਿਰ ਨੂੰ ਕਿਸੇ ਦੇ ਤਾਅਨੇ-ਮਿਹਣਿਆਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਉਹ ਤਾਂ ‘ਜਵਾਨੀ ਕਮਲੀ ਰਾਜ ਹੈ ਚੂਚਕੇ ਦਾ ਤੇ ਕਿਸੇ ਦੀ ਕੀ ਪਰਵਾਹ ਮੈਨੂੰ’ ਦੇ ਕਥਨ ਮੁਤਾਬਕ ਬੇਪ੍ਰਵਾਹ ਰਹਿੰਦੇ ਹਨ। ਦੂਜੇ ਪਾਸੇ ਨਿਮਨ ਸ਼ੇ੍ਰਣੀਆਂ ਵਾਸਤੇ ਰੋਜ਼ੀ-ਰੋਟੀ ਦੀਆਂ ਰੋਜ਼-ਮਰ੍ਹਾ ਦੀਆਂ ਜ਼ਰੂਰਤਾਂ ਹੀ ਉਨ੍ਹਾਂ ਦੀ ਵੱਡੀ ਮਜਬੂਰੀ ਹੁੰਦੀਆਂ ਹਨ ਤੇ ਇਨ੍ਹਾਂ ਮਜਬੂਰੀਆਂ ਕਾਰਨ ਵੱਡੇ ਨੇਮ ਵਿਧਾਨ ਪਾਲਣੇ ਉਨ੍ਹਾਂ ਲਈ ਵੀ ਮੁਸ਼ਕਲ ਹੁੰਦੇ ਹਨ। ਖੇਤਾਂ ਵਿਚ ਨੰਗੇ ਮੂੰਹ ਕੰਮ ਕਰਦੀਆਂ ਤੇ ਲਾਹੌਰ ਦੇ ਅਮੀਰ ਬਾਜ਼ਾਰਾਂ ਵਿਚ ਘੁੰਮ ਰਹੀਆਂ ਔਰਤਾਂ ਇਨ੍ਹਾਂ ਸ਼ੇ੍ਰਣੀਆਂ ਨਾਲ ਹੀ ਸਬੰਧ ਰੱਖਣ ਵਾਲੀਆਂ ਸਨ।ਸੁਲੇਖਾ ਜਗਤਾਰ ਵਾਸਤੇ ਵੱਖ ਵੱਖ ਦੁਕਾਨਾਂ ਤੋਂ ਸੂਟਾਂ ਦਾ ਕੱਪੜਾ ਪਸੰਦ ਕਰ ਰਹੀ ਸੀ। ਮੈਂ ਤੇ ਰਘਬੀਰ ਸਿੰਘ ਇਕ ਕੈਸੇਟਾਂ ਵਾਲੀ ਦੁਕਾਨ ਤੋਂ ਕੈਸੇਟਾਂ ਖ਼ਰੀਦਣ ਲਈ ਅੱਗੇ ਹੋਏ ਅਤੇ ਉਸ ਨੂੰ ਪਾਕਿਸਤਾਨੀ ਗਾਇਕਾਂ ਦੀਆਂ ਚੰਗੀਆਂ ਕੈਸੇਟਾਂ ਦਿਖਾਉਣ ਲਈ ਕਿਹਾ। ਦੁਕਾਨਦਾਰ ਨੇ ਸਾਡੇ ਅੱਗੇ ਉਨ੍ਹਾਂ ਨਵੇਂ ਗਾਇਕਾਂ ਦੀਆਂ ਕੈਸਿਟਾਂ ਰੱਖ ਦਿੱਤੀਆਂ ਜੋ ਸਾਡੇ ਮੁਲਕ ਦੇ ਨਵੇਂ ਗਾਇਕਾਂ ਵਾਂਗ ‘ਪੌਪ ਸੰਗੀਤ’ ਗਾਉਣ ਤੇ ਨੱਚਣ-ਟੱਪਣ ਦੇ ਸ਼ੌਕੀਨ ਹਨ। ਗਾਇਕੀ ਦਾ ਇਹ ਪ੍ਰਦੂਸ਼ਣ ਉਧਰ ਵੀ ਫੈਲ ਰਿਹਾ ਹੈ ਤੇ ਸੰਗੀਤ ਸ਼ੋਰ ਵਿਚ ਡੁੱਬਦਾ ਜਾ ਰਿਹਾ ਹੈ। ਮੈਂ ਉਸ ਨੂੰ ਮਹਿਦੀ ਹਸਨ, ਗ਼ੁਲਾਮ ਅਲੀ, ਇਕਬਾਲ ਬਾਨੋ, ਆਬਿਦਾ ਪ੍ਰਵੀਨ, ਤਸੱਵਰ ਖਾਨੁਮ, ਫ਼ਰੀਦਾ ਖਾਨੁਮ ਤੇ ਮੁਸੱਰਤ ਨਜ਼ੀਰ ਦੀਆਂ ਕੈਸੇਟਾਂ ਦੇਣ ਲਈ ਆਖਿਆ। ਉਹਨੇ ਕੈਸੇਟਾਂ ਦੇ ਚਿਣੇ ਅੰਬਾਰਾਂ ਨੂੰ ਹੇਠਾਂ ਤੋਂ ਉਤੇ ਨਜ਼ਰ ਮਾਰ ਕੇ ਵੇਖਿਆ। ਉਨ੍ਹਾਂ ਦੀ ਉੱਥਲ-ਪੁੱਥਲ ਕੀਤੀ ਪਰ ਮੈਨੂੰ ਲੱਗਾ ਕਿ ਉਹ ਸਿਰਫ਼ ਸਾਡੇ ਅੱਗੇ ‘ਸੱਚਾ’ ਹੋਣ ਲਈ ਹੀ ਕਰ ਰਿਹਾ ਹੈ।‘‘ਮੈਨੂੰ ਲਗਦੈ, ਤੇਰੇ ਕੋਲ ਇਹ ਹੈ ਨਹੀਂ।’’‘‘ਹਾਂ ਜੀ, ਇਹ ਕੈਸੇਟਾਂ ਤੁਹਾਨੂੰ ਏਥੋਂ ਨਹੀਂ ਮਿਲਣੀਆਂ। ਕਿਤਿਓਂ ਹੋਰ ਟਰਾਈ ਕਰ ਵੇਖੋ।’’ਕੱਪੜਾ ਖ਼ਰੀਦਣ ਤੋਂ ਪਿੱਛੋਂ ਅਸੀਂ ਅਨਾਰਕਲੀ ਬਾਜ਼ਾਰ ‘ਚ ਵੀ ਗਏ ਤੇ ਹੋਰ ਥਾਈਂ ਵੀ ਪਰ ਇਹ ਗਾਇਕ ਮਸਾਂ ਹੀ ਸਾਨੂੰ ਇਕ ਦੁਕਾਨ ਤੋਂ ਲੱਭ ਸਕੇ। ਉਸ ਨੇ ਵੀ ਇਨ੍ਹਾਂ ਵਿਚੋਂ ਕੁਝ ਕੈਸੇਟਾਂ ਕਿਸੇ ਹੋਰ ਦੁਕਾਨ ਤੋਂ ਮੰਗਵਾ ਕੇ ਦਿੱਤੀਆਂ। ਸੁਰ ਤੇ ਸੰਗੀਤ ਦੇ ਸ਼ਹਿਨਸ਼ਾਹ ਇਨ੍ਹਾਂ ਗਾਇਕਾਂ ਦੀ ਮਾਰਕੀਟ ਵਿਚ ਏਨੀ ਘੱਟ ਮੰਗ ਵੇਖ ਕੇ ਲਾਹੌਰੀਆਂ ਦੇ ਬਦਲ ਰਹੇ ਸੰਗੀਤਕ ਸੁਆਦਾਂ ਦੀ ਸੂਹ ਵੀ ਮਿਲ ਗਈ।ਲਾਹੌਰ ਵਿਚ ਅੱਜ ਆਖ਼ਰੀ ਸ਼ਾਮ ਹੋਣ ਕਰਕੇ ਅਸੀਂ ਵੱਖ ਵੱਖ ਬਾਜ਼ਾਰਾਂ ਵਿਚ ਘੁੰਮ ਰਹੇ ਸਾਂ ਤੇ ਲੋੜ ਜੋਗੀਆਂ ਚੀਜ਼ਾਂ-ਵਸਤਾਂ ਵੀ ਖਰੀਦ ਰਹੇ ਸਾਂ। ਕੁਝ ਡਰਾਈ ਫ਼ਰੂਟ ਖ਼ਰੀਦਣ ਲਈ ਅਸੀਂ ਇਕ ਦੋ ਦੁਕਾਨਾਂ ਤੋਂ ਟਰਾਈ ਕਰਕੇ ਜਦੋਂ ਇਕ ਵੱਡੀ ਦੁਕਾਨ ‘ਤੇ ਗਏ ਤਾਂ ਦੁਕਾਨ ਦੇ ਕਾਊਂਟਰ ‘ਤੇ ਬੈਠੇ ਮਾਲਕ ਨੇ ਨੌਕਰ ਮੁੰਡਿਆਂ ਨੂੰ ਗਿਰੀਆਂ, ਕਾਜੂ, ਮੇਵੇ, ਪਿਸਤਾ ਤੇ ਹੋਰ ਚੀਜ਼ਾਂ ਦਾ ਸਾਨੂੰ ਸੁਆਦ ਵਿਖਾਉਣ ਲਈ ਕਿਹਾ। ਰੇਟ ਪੁੱਛਣ ‘ਤੇ ਉਸ ਨੇ ਵੀ ਭਾਵੇਂ ਲਗਪਗ ਦੂਜੀਆਂ ਦੁਕਾਨਾਂ ਜਿੰਨਾ ਹੀ ਦੱਸਿਆ ਤੇ ਸ਼ਾਇਦ ਇਹ ਠੀਕ ਹੀ ਸੀ ਕਿਉਂਕਿ ਪਹਿਲੇ ਦੁਕਾਨਦਾਰ ਨੇ ਵੀ ਘਟਾ ਕੇ ਹੀ ਮੁੱਲ ਦੱਸਿਆ ਹੋਵੇਗਾ ਪਰ ਉਸ ਦਾ ਇਹ ਕਹਿਣਾ ਮਨ ਨੂੰ ਝੂਣ ਗਿਆ, ‘‘ਸਰਦਾਰ ਜੀ! ਤੁਹਾਥੋਂ ਵੱਧ ਲਾ ਈ ਨਹੀਂ ਸਕਦੇ। ਲਓ, ਤੁਸੀਂ ਸੁਆਦ ਤਾਂ ਵੇਖੋ। ਖਾਓ ਨਾ, ਇਨ੍ਹਾਂ ਦਾ ਕੋਈ ਪੈਸਾ ਨਹੀਂ ਲਗਦਾ।’’ ਉਸ ਨੇ ਹੱਸ ਕੇ ਆਖਿਆ, ‘‘ਐਦਾਂ ਖਾਂਦੇ ਖਾਂਦੇ ਭਾਵੇਂ ਸਾਰੀ ਦੁਕਾਨ ਖਾ ਜਾਓ, ਮੇਰੇ ਧੰਨ ਭਾਗ ਹੋਣਗੇ। ਖਾਓ ਨਾ, ਖਾਓ ਵੀ ਬਾਦਸ਼ਾਹੋ!’’ਅਸੀਂ ਇਕ ਅੱਧਾ ਮੇਵਾ ਫੜ ਕੇ ਹੋਰ ਚੁਕਣੋਂ ਝਿਜਕ ਰਹੇ ਸਾਂ ਪਰ ਉਸ ਦਾ ਅੰਦਰਲਾ ਮਨ ਡੁੱਲ੍ਹਿਆ ਹੋਇਆ ਸੀ, ‘‘ਤੁਸੀਂ ਕਿਹੜਾ ਸਾਡੇ ਕੋਲ ਰੋਜ਼-ਰੋਜ਼ ਆਉਣੈ। ਤੁਸੀਂ ਮਹਿਮਾਨ ਓ ਸਾਡੇ।’’‘ਮਹਿਮਾਨ’ ਸ਼ਬਦ ਇਕ ਅਜਿਹੀ ਚਾਬੀ ਸੀ ਜਿਸ ਨਾਲ ਮਨਾਂ ਵਿਚਲੀ ਮੁਹੱਬਤ ਦੇ ਬੰਦ ਤਾਲੇ ਖੁੱਲ੍ਹ ਰਹੇ ਸਨ। ਅਸੀਂ ਲਾਹੌਰੀਆਂ ਦੇ ਇਸ ਪਿਆਰ ਦੀ ਛਹਿਬਰ ਵਿਚ ਭਿੱਜੇ ਪਏ ਸਾਂ। ਡਾ. ਜਗਤਾਰ ਕੋਲ ਤਾਂ ਅਜਿਹੀਆਂ ਕਈ ਯਾਦਾਂ ਸਾਂਭੀਆਂ ਪਈਆਂ ਸਨ।ਇਕ ਵਾਰ ਜਗਤਾਰ ਰਾਵਲਪਿੰਡੀ ਤੋਂ ਗੁਜਰਾਤ ਨੂੰ ਜਾ ਰਿਹਾ ਸੀ। ਉਨ੍ਹਾਂ ਰਾਹ ਵਿਚ ਆਪਣੀ ਟੈਕਸੀ ਰੋਕੀ। ਡਰਾਈਵਰ ਨੂੰ ਚਾਹ ਦੀ ਤਲਬ ਸੀ। ਜਗਤਾਰ ਦਾ ਸਾਥੀ ਤੇ ਡਰਾਈਵਰ ਦੁਕਾਨ ਅੰਦਰ ਬੈਠੇ ਕੁਝ ਖਾ ਰਹੇ ਸਨ ਤੇ ਜਗਤਾਰ ਦੁਕਾਨ ਦੇ ਬਾਹਰ ਕੁਰਸੀ ਉਤੇ ਬੈਠਾ ਸੜਕ ‘ਤੇ ਆਉਂਦੇ ਜਾਂਦੇ ਵਾਹਨਾਂ ਦੀ ਰੌਣਕ ਵੇਖ ਰਿਹਾ ਸੀ। ਅਚਾਨਕ ਇਕ ਵੱਡੀ ਲੰਮੀ ਕਾਲੇ ਰੰਗ ਦੀ ਕਾਰ ਉਸ ਕੋਲ ਆ ਖੜੋਤੀ ਤੇ ਉਸ ਵਿਚੋਂ ਇਕ ਖ਼ੂਬਸੂਰਤ ਮੁਟਿਆਰ ਉਤਰ ਕੇ ਜਗਤਾਰ ਕੋਲ ਆਈ ਤੇ ਬੜੇ ਸਨੇਹ ਨਾਲ ਕੋਮਲ ਸਵਰ ਵਿਚ ਕਹਿਣ ਲੱਗੀ, ‘‘ਤੁਸੀਂ ਨਹੀਂ ਕੁਝ ਖਾ ਪੀ ਰਹੇ?’’‘‘ਜ਼ਰੂਰਤ ਨਹੀਂ ਸੀ, ਮੇਰੇ ਸਾਥੀ ਖਾ ਪੀ ਰਹੇ ਨੇ।’’‘‘ਪਲੀਜ਼! ਤੁਸੀਂ ਜ਼ਰੂੂਰ ਕੁਝ ਲਵੋ ਤੇ ਉਸ ਵਾਸਤੇ ਪੈਸੇ ਖਰਚਣ ਵਿਚ ਮੈਨੂੰ ਖ਼ੁਸ਼ੀ ਤੇ ਸਕੂਨ ਮਿਲੇਗਾ। ਤੁਸੀਂ ਸਾਡੇ ਮਹਿਮਾਨ ਓ।… ਪਲੀਜ਼ ਕੁਝ ਤਾਂ ਲਵੋ! ਮੈਂ ਰਾਵਲਪਿੰਡੀ ਜਾ ਰਹੀ ਹਾਂ। ਜੇ ਆਪਾਂ ਉਥੇ ਮਿਲਦੇ ਤਾਂ ਮੈਂ ਤੁਹਾਨੂੰ ਜ਼ਰੂਰ ਆਪਣੇ ਘਰ ਲੈ ਕੇ ਜਾਂਦੀ ਤੇ ਆਪਣੇ ਇਨ੍ਹਾਂ ਹੱਥਾਂ ਨਾਲ ਖਾਣਾ ਬਣਾ ਕੇ ਖੁਆਉਂਦੀ।’’ ਉਸ ਨੇ ਗੋਰੇ ਲੰਮੇ ਹੱਥ ਹਵਾ ਵਿਚ ਫੈਲਾਏ ਤੇ ਫਿਰ ਉਹ ਆਪਣੇ ਹੱਥ ਦੀਆਂ ਪਤਲੀਆਂ ਉਂਗਲਾਂ ਛੇ-ਸੱਤ ਸਾਲ ਦੇ ਆਪਣੇ ਕੋਲ ਖੜੋਤੇ ਸੋਹਣੇ ਪੁੱਤ ਦੇ ਸਿਰ ਦੇ ਵਾਲਾਂ ਵਿਚ ਫੇਰਨ ਲੱਗੀ।ਜਗਤਾਰ ਨੇ ਉਸ ਵਲੋਂ ਪ੍ਰਗਟਾਏ ਸਨੇਹ ਲਈ ਧੰਨਵਾਦ ਕੀਤਾ ਪਰ ਉਸ ਨੇ ਰੋਕਦਿਆਂ ਰੋਕਦਿਆਂ ਵੀ ਕੋਕ ਦੀਆਂ ਬੋਤਲਾਂ ਤੇ ਖਾਣ ਦਾ ਕੁਝ ਸਾਮਾਨ ਮੰਗਵਾ ਲਿਆ। ‘‘ਨਹੀਂ ਕੁਝ ਤਾਂ ਲੈਣਾ ਹੀ ਪਵੇਗਾ। ਮੈਂ ਰੁਕੀ ਹੀ ਇਸ ਵਾਸਤੇ ਹਾਂ।’’ਤੁਰਨ ਲੱਗੀ ਤਾਂ ਆਪਣੇ ਬੱਚੇ ਨੂੰ ਕਹਿਣ ਲੱਗੀ, ‘‘ਬੇਟਾ! ਅਪਨੇ ਮਾਮੂ ਜਾਨ ਕੋ ਸਲਾਮ ਕਰੋ…।’’ਬੱਚੇ ਨੇ ਸਿਰ ਝੁਕਾ ਕੇ ਮੁਸਕਰਾਉਂਦਿਆਂ, ‘‘ਮਾਮੂ ਜਾਨ ਸਲਾਮਾ ਲੇਕਮ’’ ਆਖਿਆ ਤਾਂ ਜਗਤਾਰ ਦਾ ਆਪਾ ਸਰਸ਼ਾਰਿਆ ਗਿਆ।ਉਸ ਬੀਬੀ ਨੇ ਜਗਤਾਰ ਦੇ ਸਾਥੀਆਂ ਦਾ ਵੀ ਬਿਲ ਅਦਾ ਕਰਕੇ ਕਾਰ ਵਿਚ ਬੈਠਣ ਤੋਂ ਪਹਿਲਾਂ ਜਗਤਾਰ ਨੂੰ ਕਿਹਾ, ‘‘ਅੱਛਾ! ਭਾਈ ਜਾਨ…ਖ਼ੁਦਾ ਹਾਫ਼ਿਜ਼।’’‘‘ਰੱਬ ਤੈਨੂੰ ਸੁਖੀ ਰੱਖੋ! ਭੈਣ ਮੇਰੀਏ’’ ਜਗਤਾਰ ਨੇ ਕਿਹਾ। ਮਨ ਨੂੰ ਝੂਣ ਜਾਣ ਵਾਲੇ ਗ਼ਜ਼ਲ ਦੇ ਸ਼ੇਅਰ ਵਰਗੀ ਉਹ ਬੀਬੀ ਕਾਰ ਵਿਚ ਬੈਠ ਕੇ ਤਾਂ ਚਲੀ ਗਈ ਪਰ ਜਗਤਾਰ ਦੇ ਮਨ ਵਿਚ ਅੱਜ ਤਕ ਬੈਠੀ ਹੋਈ ਸੀ।ਪ੍ਰੋ. ਮੋਹਨ ਸਿੰਘ ਨੇ ਤਾਂ ਰੱਬ ਬਾਰੇ ਕਿਹਾ ਸੀ ਪਰ ਮੈਨੂੰ ਲੱਗਦਾ ਸੀ ਇਹ ਬੰਦਾ ਹੀ ਸਭ ਤੋਂ ਵੱਡੀ ‘ਬੁਝਾਰਤ’ ਅਤੇ ‘ਗੋਰਖਧੰਦਾ’ ਹੈ। ਇਸ ਦੇ ‘ਪੇਚ’ ਖੋਲਣੇ ਸੌਖੇ ਨਹੀਂ।ਹੋਟਲ ਪਹੁੰਚੇ ਤਾਂ ਅਬਾਸ ਅਤਹਰ ‘ਸ਼ਾਹ ਜੀ’ ਦਾ ਇਕ ਦੋਸਤ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦਾ ਇਕ ਬਹੁਤ ਵੱਡਾ ਅਫ਼ਸਰ ਨੌਕਰ ਨੂੰ ਇਕ ਥੈਲਾ ਚੁਕਵਾ ਕੇ ਸਾਡੇ ਕਮਰੇ ਵਿਚ ਆਇਆ। ਸ਼ਾਹ ਜੀ ਬਾਰੇ ਪੁੱਛਣ ਲੱਗਾ। ਸ਼ਾਹ ਜੀ ਅਖ਼ਬਾਰ ਦੇ ਕਿਸੇ ਰੁਝੇਵੇਂ ਕਰਕੇ ਅਜੇ ਨਹੀਂ ਸੀ ਆਇਆ। ਜਿੰਨਾ ਸਮਾਂ ਹੋ ਗਿਆ ਸੀ, ਸ਼ਾਇਦ ਹੁਣ ਆ ਹੀ ਨਾ ਸਕੇ, ਇਹ ਸੋਚ ਕੇ ਉਹ ਅਫ਼ਸਰ ਕਹਿੰਦਾ, ‘‘ਹੋਰ ਕੁਝ ਸੇਵਾ ਮੇਰੇ ਲਾਇਕ ਹੋਵੇ ਤਾਂ ਦੱਸੋ।’’ ਉਹ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਵਿਦਾ ਹੋਇਆ ਤਾਂ ਮੈਂ ਮੁਸਕਰਾਉਂਦਿਆਂ ਜਗਤਾਰ ਵੱਲ ਵੇਖਿਆ ਤੇ ਥੈਲੇ ਵਿਚ ਝਾਤ ਪਾਈ। ਵਿਦੇਸ਼ੀ ਵਿਸਕੀ ਦੀ ਮਹਿੰਗੀ ਬੋਤਲ ਜਗਤਾਰ ਦੇ ਹੱਥਾਂ-ਬੁੱਲ੍ਹਾਂ ਦੀ ਛੋਹ ਉਡੀਕ ਰਹੀ ਸੀ।ਕਾਨਫ਼ਰੰਸ ਤੋਂ ਪਿਛਲੇ ਦਿਨਾਂ ਦਾ ਹੋਟਲ ਦਾ ਰਹਿਣ ਤੇ ਖਾਣ-ਪੀਣ ਦਾ ਖ਼ਰਚਾ ਡੈਲੀਗੇਟਾਂ ਨੇ ਆਪ ਕਰਨਾ ਸੀ। ਇਹ ਹੋਟਲ ਸ਼ਾਹ ਜੀ ਦੇ ਦਾਮਾਦ ਦਾ ਸੀ। ਸ਼ਾਹ ਜੀ ਨੇ ਸਾਡੇ ਕਮਰੇ ਦਾ ਸਾਰਾ ਖ਼ਰਚਾ ਆਪਣੇ ਜ਼ਿੰਮੇ ਲਿਆ ਹੋਇਆ ਸੀ। ਉਸ ਨੇ ਇਸ ਸਬੰਧੀ ਸਿੱਧਾ ਤਾਂ ਜਗਤਾਰ ਨੂੰ ਕੁਝ ਨਹੀਂ ਸੀ ਕਿਹਾ ਪਰ ਹੋਟਲ ਦੇ ਕਰਮਚਾਰੀਆਂ ਵਲੋਂ ਸਾਨੂੰ ਇਸ ਦਾ ਸੰਕੇਤ ਮਿਲ ਗਿਆ ਸੀ। ਜਗਤਾਰ ਦਾ ਤਾਂ ‘ਸ਼ਾਹ ਜੀ’ ‘ਤੇ ਹੱਕ ਸੀ ਪਰ ਮੇਰਾ ਤਾਂ ਕੋਈ ਹੱਕ ਨਹੀਂ ਸੀ। ਮੈਂ ਜਗਤਾਰ ਨੂੰ ਕਿਹਾ ਕਿ ਉਹ ਮੇਰੇ ਬਿੱਲ ਬਾਰੇ ਗੱਲ ਕਰ ਲਵੇ। ਉਸ ਨੇ ਉਸੇ ਵੇਲੇ ਕਾਊਂਟਰ ‘ਤੇ ਫੋਨ ਮਿਲਾਇਆ ਤਾਂ ਅੱਗੋਂ ਜਵਾਬ ਆਇਆ, ‘‘ਸਰਦਾਰ ਜੀ! ਕਿਉਂ ਸ਼ਰਮਿੰਦਿਆਂ ਕਰ ਰਹੇ ਓ, ਇਹ ਕੈਸੀ ਮਹਿਮਾਨ ਨਵਾਜ਼ੀ ਹੋਈ ਕਿ ਇਕ ਤੋਂ ਪੈਸਾ ਲੈ ਲਈਏ ਤੇ ਇਕ ਤੋਂ ਨਾ…, ਤੁਸੀਂ ਦੱਸੋ ਕੀ ਭੇਜੀਏ?’’‘‘ਉਹ ਨਹੀਂ ਮੰਨਦੇ ਭਾਈ।’’ ਜਗਤਾਰ ਨੇ ਹੱਸਦਿਆਂ ਫ਼ੋਨ ਰੱਖ ਦਿੱਤਾ।ਮੈਂ ਜਗਤਾਰ ਨਾਲ ਰਲ ਕੇ ਗੋਰਖਧੰਦਾ ਬਣੇ ਇਨਸਾਨ ਦੇ ਪੇਚ ਖੋਲ੍ਹਣ ਦਾ ਯਤਨ ਕਰਨ ਲੱਗਾ। ਇਸ ਦਾ ਇਕ ਪ੍ਰਤੀਨਿਧ ਨਮੂਨਾ ਸ਼ਾਹ ਜੀ ਵੀ ਸੀ। ਸ਼ਾਹ ਜੀ ਜਗਤਾਰ ਉਤੇ ਆਪਣੀ ਮੁਹੱਬਤ ਲੁਟਾ ਰਿਹਾ ਸੀ ਤੇ ਉਹਦੀ ਅਖ਼ਬਾਰ ਡਟ ਕੇ ਇਸ ਕਾਨਫ਼ਰੰਸ ਦੇ ਵਿਰੁੱਧ ਲਿਖ ਰਹੀ ਸੀ। ਇਕ ਦਿਨ ਸ਼ਾਹਤਾਜ ਹੋਟਲ ਦਾ ਮਾਲਕ ਤੇ ਸ਼ਾਹ ਜੀ ਦਾ ਦਾਮਾਦ ਆਪਣੇ ਕੈਬਿਨ ਵਿਚ ਜਗਤਾਰ ਤੇ ਮੈਨੂੰ ਚਾਹ ਪਿਆਉਂਦਾ ਆਖ ਰਿਹਾ ਸੀ, ‘‘ਮੈਂ ਤਾਂ ਸ਼ਾਹ ਜੀ ਨੂੰ ਆਖਿਐ, ਕਾਹਨੂੰ ਇਹ ਖੱਪ ਪੁਆਉਣ ਡਹੇ ਓ, ਛੱਡੋ ਪਰ੍ਹਾਂ।’’ਕਿਆ ਦੋ-ਰੰਗੀ ਸੀ। ਇਸ ਕਾਨਫ਼ਰੰਸ ਦੇ ਬਹਾਨੇ ਦੋ ਵਿਛੜੇ ਦੋਸਤ, ਜਗਤਾਰ ਤੇ ਸ਼ਾਹ ਜੀ ਆਪਸ ਵਿਚ ਮਿਲੇ ਸਨ ਪਰ ਸ਼ਾਹ ਜੀ ਦੀ ਅਖ਼ਬਾਰ ਤੇ ਸ਼ਾਇਦ ਸ਼ਾਹ ਜੀ ਵੀ ਸਮੁੱਚੇ ਤੌਰ ‘ਤੇ ਇਸ ਮਿਲਣੀ (ਕਾਨਫਰੰਸ) ਦੀ ਮੁਖ਼ਾਲਫ਼ਤ ਕਰ ਰਹੇ ਸਨ।ਜਗਤਾਰ ਇਕ ਹੋਰ ਦਿਲਚਸਪ ਗੱਲ ਸੁਣਾ ਰਿਹਾ ਸੀ। ਬਲੂ-ਸਟਾਰ ਅਪਰੇਸ਼ਨ ਵੇੇਲੇ ਅਬਾਸ ਅਤਹਰ ‘ਸ਼ਾਹ ਜੀ’ ਕਿਸੇ ਬਾਹਰਲੇ ਮੁਲਕ ਵਿਚ ਸੀ। ਉਹ ਆਪਣੇ ਦੋ ਸਿੱਖ ਦੋਸਤਾਂ ਤੇ ਇਕ ਹਿੰਦੂ ਦੋਸਤ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਜਦੋਂ ਯਾਰਾਂ ਵਿਚ ਬਲੂ-ਸਟਾਰ ਅਪਰੇਸ਼ਨ ਦੀ ਚਰਚਾ ਚੱਲੀ ਤਾਂ ਅਬਾਸ ਅਤਹਰ ਆਪਣੇ ਸਿੱਖ ਦੋਸਤਾਂ ਨੂੰ ਪਿਆਰ ਦੀ ਗਾਲ਼ ਕੱਢ ਕੇ ਕਹਿਣ ਲੱਗਾ, ‘‘ਉਏ ਮਾਂ ਦਿਓ ਖਸਮੋਂ ਸਿੱਖੋ! ਮਰ ਜਾਓ‥ ਕਰੋ ਕੁਝ।’’‘‘ਕੀ ਕਰੀਏ?’’ ਉਨ੍ਹਾਂ ਪਰਦੇਸ ਬੈਠਿਆਂ ਨੇ ਆਪਣੀ ਬੇਬਸੀ ਪ੍ਰਗਟਾਈ, ਤਾਂ ਕਹਿੰਦਾ, ‘‘ਉਏ! ਹੋਰ ਕੁਝ ਨਹੀਂ ਕਰ ਸਕਦੇ ਤਾਂ ਆਹ ਮੁਕੇਸ਼ ਨੂੰ ਹੀ ਮਾਰ ਦਿਓ।’’‘‘ਕਿਉਂ ਮੈਨੂੰ ਕਿਉਂ?’’ ਹੱਸਦਿਆਂ ਹੋਇਆਂ ਪਰੇਸ਼ਾਨੀ ਵਿਚ ਮੁਕੇਸ਼ ਨੇ ਪੁੱਛਿਆ, ‘‘ਮੇਰਾ ਕੀ ਕਸੂਰ ਹੈ?’’‘‘ਤੇਰਾ ਏਨਾ ਕਸੂਰ ਥੋੜ੍ਹਾ ਕਿ ਤੂੰ ਹਿੰਦੂਆਂ ਦੇ ਘਰ ਜੰਮਿਐਂ?’’ਏਨੀ ਕਹਿ ਕੇ ਸ਼ਾਹ ਨੇ ਮੁਕੇਸ਼ ਨੂੰ ਜੱਫੀ ਵਿਚ ਘੁੱਟ ਲਿਆ।ਏਹ ਕੇਹੀ ਗਲਵੱਕੜੀ ਸੀ ਜਿਸ ਵਿਚ ‘ਮੌਤ ਵਾਲਾ ਕੱਸ’ ਵੀ ਸੀ ਤੇ ਅਪਣੱਤ ਦੀ ਖ਼ੁਸ਼ਬੂ ਵੀ ਸੀ। ਮੁਕੇਸ਼ ‘ਗਰਾਹੀਆਂ ਸਾਂਝੀਆਂ ਤੇ ਪਿਆਲੀਆਂ ਸਾਂਝੀਆਂ ਵਾਲਾ’ ਉਸ ਦਾ ਜਿਗਰੀ ਦੋਸਤ ਵੀ ਸੀ ਪਰ ‘ਮਾਰਨ ਦੇ ਯੋਗ’ ਵੀ ਸੀ!ਬੰਦਿਆ! ਤੇਰਾ ਵੀ ਕੁਝ ਪਤਾ ਨਹੀਂ ਲੱਗਦਾ!!ਨਫ਼ਰਤਾਂ ਤੇ ਵੰਡੀਆਂ ਦੇ ਮਾਹੌਲ ਵਿਚ ਹੋਈ ਤਰਬੀਅਤ ਨੇ ਸਾਡੇ ਅੰਦਰ ਧੁਰ ਕਿਧਰੇ ਤਿੱਖੇ ਕੰਡਿਆਂ ਵਾਲਾ ਭੱਖੜਾ ਬੀਜ ਦਿੱਤਾ ਸੀ। ਮੁਹੱਬਤ ਦੇ ਫੁੱਲ ਤੇ ਕੰਡਿਆਲਾ ਭੱਖੜਾ ਸਾਡੇ ਅੰਦਰ ਲਾਗੋ ਲਾਗ ਉਗੇ ਹੋਏ ਸਨ। ਕਦੀ ਤਿੱਖੀਆਂ ਸੂਲਾਂ ਸਿਰ ਚੁੱਕ ਖੜੋ੍ਹਂਦੀਆਂ ਸਨ ਤੇ ਕਦੀ ਕਦੀ ਸੂਹਾ ਗੁਲਾਬ ਸੂਲਾਂ ਉਤੋਂ ਸਿਰ ਉੱਚਾ ਕਰ ਕੇ ਝੂਮਣ ਲੱਗ ਪੈਂਦਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਇਹ ਸੂਲਾਂ ਤੇ ਫੁੱਲ ਨਾਲ ਨਾਲ ਸਨ ਪਰ ਪਿੱਛੋਂ ਸੂਲਾਂ ਹੋਰ ਤਿੱਖੀਆਂ ਤੇ ਉੱਚੀਆਂ ਹੋ ਗਈਆਂ ਸਨ, ਅਣਗਿਣਤ। ਪਰ ਫੁੱਲ ਵਿਚਾਰੇ ਵਿਰਲੇ ਟਾਵੇਂ ਲੀਰੋ-ਲੀਰ ਪੱਤੀਆਂ ਨਾਲ ਸੂਲਾਂ ਦੀ ਭੀੜ ਵਿਚੋਂ ਉੱਚਾ ਉੱਠਣਾ ਚਾਹ ਰਹੇ ਸਨ। ਸੂਲਾਂ ਉਨ੍ਹਾਂ ਵੱਲ ਵੇਖ ਕੇ ਹੱਸਦੀਆਂ ਸਨ, ਮਜ਼ਾਕ ਕਰਦੀਆਂ ਸਨ ਪਰ ਸਿਰ ਉਠਾ ਕੇ ਖਿੜਣਾ ਮਹਿਕਣਾ ਫੁੱਲਾਂ ਦਾ ਦਸਤੂਰ ਸੀ!ਕਾਨਫ਼ਰੰਸ ਖ਼ਤਮ ਹੋ ਗਈ ਸੀ। ਅਸੀਂ ਵੀ ਸਵੇੇਰ ਵਾਲੀ ਗੱਡੀ ‘ਤੇ ਤੁਰ ਜਾਣਾ ਸੀ। ਮੈਂ ਮੰਜੇ ‘ਤੇ ਲੇਟਿਆ ਹੋਇਆ ਭਾਰਤ-ਪਾਕਿ ਸਬੰਧਾਂ ਅਤੇ ਇਸ ਤੋਂ ਵੀ ਵੱਧ ਬੁਝਾਰਤ ਤੇ ਗੋਰਖਧੰਦਾ ਬਣੇ ਬੰਦੇ ਦੇ ਪੇਚ ਖੋਲ੍ਹਣੇ ਚਾਹ ਰਿਹਾ ਸਾਂ ਪਰ ਕੋਈ ਚਾਰਾ ਨਹੀਂ ਸੀ ਚੱਲ ਰਿਹਾ। ਮੇਰਾ ਅੰਦਰ ਜਿਵੇ ਜਾਮ ਹੋ ਗਿਆ ਸੀ। ਫ਼ਲੈਟੀਜ਼ ਹੋਟਲ ਦੇ ਕਾਨਫ਼ਰੰਸ ਹਾਲ ਵਿਚ ਬੈਨਰ ਮੇਰੀ ਚੇਤਨਾ ਵਿਚ ਲਿਸ਼ਕੇ:* ਜੰਗ ਤਬਾਹੀ, ਤੱਤੀ ਲੂ, ਪਿਆਰ ਮੁਹੱਬਤ ਹੈ ਖ਼ੁਸ਼ਬੂ* ਹਿੰਦ-ਪਾਕਿ ਲਈ ਖਰੀ ਨਿਆਮਤਯਾਰੀ ਦੋਸਤੀ ਰਹੇ ਸਲਾਮਤ* ਪੰਜਾਬੀ ਬੋਲੀ ਬੜੀ ਪਿਆਰੀਅਜ਼ਲੋਂ ਸਾਡੀ ਸਾਂਝੇਦਾਰੀ।ਮੈਂ ਅਜ਼ਲੋਂ ਜੁੜੀ ਸਾਂਝ ਨੂੰ ਹਿੱਕ ਨਾਲ ਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਿਉਂਕਿ ਸਵੇਰੇ ਛੇ ਵਜੇ ਤਕ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜ ਕੇ ਗੱਡੀ ਵੀ ਫੜਨੀ ਸੀ ਪਰ ਨੀਂਦ ਨਹੀਂ ਸੀ ਆ ਰਹੀ। ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਮੈਨੂੰ ਮਿਹਣਾ ਮਾਰ ਰਿਹਾ ਸੀ, ‘‘ਉਏ ਨਿਮੋਹਿਆ! ਆਪਣੇ ਪੁਰਖਿਆਂ ਦੀ ਇਸ ਮਿੱਟੀ ਨੂੰ ਮਿਲੇ ਬਿਨਾਂ ਹੀ ਪਰਤ ਚੱਲਿਐਂ। ਇਸੇ ਮਿੱਟੀ ਵਿਚ ਤੇਰੇ ਉਨ੍ਹਾਂ ਵੱਡੇ ਵਡੇਰੇ, ਮੇਰੇ ਪੁੱਤਰਾਂ ਦੀ ਰਾਖ ਖਿੱਲਰੀ ਹੋਈ ਹੈ। ਉਹ ਇਸੇ ਮਿੱਟੀ ‘ਚੋਂ ਜੰਮੇ ਬਿਨਸੇ ਸਨ ਤੇ ਤੂੰ ਵੀ ਤਾਂ ਇਸੇ ਹੀ ਮਿੱਟੀ ‘ਚੋ ਉਗਮਿਆ ਏਂ… ਤੇ ਆਪਣੀ ਮਾਂ-ਮਿੱਟੀ ਨੂੰ ਮਿਲੇ ਬਿਨਾਂ ਵਾਪਸ ਚਲਾ ਜਾਏਂਗਾ?’’ਮੈਂ ਇਕ ਹਉਕਾ ਲੈ ਕੇ ਆਪਣੇ ਪਿੰਡ ਤੋਂ ਮੁਆਫ਼ੀ ਮੰਗੀ ਤੇ ਇਕ ਹੋਰ ਬੰਦਾ ਗੋਰਖਧੰਦਾ ਬਣ ਕੇ ਮੇਰੀਆਂ ਅੱਖਾਂ ਅੱਗੇ ਆ ਖਲੋਤਾ। ਭਾਰਤ ਆਏ ਇਲਿਆਸ ਘੁੰਮਣ ਨੇ ਇਹ ਜਾਣ ਕੇ ਕਿ ਮੇਰਾ ਜੱਦੀ ਪਿੰਡ ਭਡਾਣਾ, ਜ਼ਿਲ੍ਹਾ ਲਾਹੌਰ ਵਿਚ ਹੈ, ਉਸ ਪਿੰਡ ਦੇ ਇਕ ਮੁਸਲਮਾਨ ਜ਼ਿਮੀਂਦਾਰ ਦੀ ਗੱਲ ਸੁਣਾਈ ਸੀ। ਇਹ ਮੁਸਲਮਾਨ, ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖ ਹੁੰਦਾ ਸੀ ਪਰ ਜਾਨ ‘ਤੇ ਜ਼ਮੀਨ ਦੇ ਮੋਹ ਸਦਕਾ ਉਸ ਨੇ ਹਿੰਦੁਸਤਾਨ ਜਾਣ ਦੀ ਥਾਂ ਆਪਣੇ ਪਿੰਡ ਰਹਿਣਾ ਹੀ ਪ੍ਰਵਾਨ ਕਰ ਲਿਆ। ਇਲਿਆਸ ਘੁੰਮਣ ਜਦੋਂ ਉਸ ਨੂੰ ਮਿਲਿਆ ਤਾਂ ਉਹ ਬੁਢਾਪੇ ਦੀ ਅਵਸਥਾ ਵਿਚ ਪਰੇਸ਼ਾਨੀ ਦੇ ਦਿਨ ਗੁਜ਼ਾਰ ਰਿਹਾ ਸੀ। ਉਸ ਦੀਆਂ ਤਿੰਨ ਧੀਆਂ ਕਦੋਂ ਦੀਆਂ ਵਿਆਹ ਦੀ ਉਮਰ ਲੰਘਾ ਕੇ ਉਮਰ ਦੀ ਢਲਾਣ ਤੱਕ ਪੁੱਜ ਚੁੱਕੀਆਂ ਸਨ ਪਰ ਉਸ ਨੇ ਉਨ੍ਹਾਂ ਦਾ ਵਿਆਹ ਨਹੀਂ ਸੀ ਕੀਤਾ। ਇਸੇ ਪਰੇਸ਼ਾਨੀ ਵਿਚ ਬਹੁਤਾ ਸਮਾਂ ਮਸੀਤ ਵਿਚ ਬੈਠਾ ਰਹਿੰਦਾ। ਨਮਾਜ਼ ਅਦਾ ਕਰਦਾ ਰਹਿੰਦਾ ਤੇ ਅੱਲ੍ਹਾ ਦਾ ਨਾਂ ਲੈਂਦਾ ਰਹਿੰਦਾ। ਜਦੋਂ ਇਲਿਆਸ ਨੇ ਉਸ ਨੂੰ ਦੱਸਿਆ ਕਿ ਉਸ ਦੇ ਸਿੱਖ ਪਿਛੋਕੜ ਕਰਕੇ ਹੀ ਇਲਿਆਸ ਨੇ ਉਸ ਨੂੰ ਮਿਲਣਾ ਚਾਹਿਆ ਹੈ ਤਾਂ ਉਸ ਨੇ ਆਪਣੀ ਡੂੰਘੀ ਚੁੱਪ ਤੋੜ ਦਿੱਤੀ ਤੇ ਅਪਣੱਤ ਭਾਵ ਨਾਲ ਇਲਿਆਸ ਨਾਲ ਗੱਲਾਂ ਕਰਨ ਲੱਗਾ।‘‘ਤੁਹਾਨੂੰ ਉਹ ਆਪਣਾ ਪਿੱਛਾ ਯਾਦ ਕਰਕੇ ਕਿਵੇਂ ਮਹਿਸੂਸ ਹੁੰਦਾ ਹੈ?’’ਇਲਿਆਸ ਘੁੰਮਣ ਦਾ ਸਵਾਲ ਸੁਣ ਕੇ ਉਹ ਖ਼ਾਮੋਸ਼ ਹੋ ਗਿਆ ਤੇ ਆਪਣੇ ਅੰਦਰ ਡੂੰਘਾ ਉਤਰ ਗਿਆ। ਫਿਰ ਉਸ ਨੇ ਰੁਕ ਰੁਕ ਕੇ ਕਿਹਾ, ‘‘ਤੂੰ ਵੀ ਗੁਰਦੁਆਰਿਆਂ ਬਾਰੇ ਲਿਖਦਾ ਏ, ਸਿੱਖਾਂ ਨਾਲ ਤੇ ਗੁਰੂਆਂ ਨਾਲ ਤੈਨੂੰ ਵੀ ਪਿਆਰ ਏ।’’ਉਹ ਗੱਲਾਂ ਕਰਦਾ ਕਰਦਾ ਫਿਰ ਚੁੱਪ ਹੋ ਗਿਆ, ‘‘ਤੂੰ ਆਪਣਾ ਹੀ ਪੁੱਤ ਭਤੀਜਾ ਏਂ। ਸੱਚੀ ਪੁੱਛਦੈਂ ਤਾਂ ਉਹ ਦਿਨ ਨਹੀਂ ਊ ਭੁੱਲਦੇ। ਮੈਂ ਆਪਣੀ ਜਨਮ-ਜ਼ਮੀਨ ਤਾਂ ਨਾ ਛੱਡੀ ਪਰ ਮੈਂ ਬਹੁਤ ਕੁਝ ਗੁਆ ਲਿਆ। ਮੈਂ ਆਪਣਾ ਜਨਮ ਵੀ ਗੁਆ ਲਿਆ।’’ਉਸ ਨੇ ਗਲੇ ਵਿਚ ਆਇਆ ਥੁੱਕ ਅੰਦਰ ਲੰਘਾਇਆ, ‘‘ਮੇਰੀਆਂ ਧੀਆਂ ਅਜੇ ਤਕ ਪਿਓ ਦੇ ਬੂਹੇ ਉਤੇ ਬੈਠੀਆਂ। ਮੈਂ ਉਨ੍ਹਾਂ ਦੇ ਵਿਆਹ ਨਹੀਂ ਕਰ ਸਕਿਆ। ਮੈਂ ਉਨ੍ਹਾਂ ਨੂੰ ਮੁਸਲਮਾਨਾਂ ਦੇ ਘਰੀਂ ਕਿਵੇਂ ਵਿਆਹ ਦਿਆਂ।’’ਅੱਖਾਂ ਵਿਚ ਪਾਣੀ ਲਈ ਉਹ ਬਜ਼ੁਰਗ ਜ਼ਿਮੀਂਦਾਰ ਲੋਟਾ ਫੜ ਕੇ ਵੁਜ਼ੂ ਕਰਨ ਤੁਰ ਗਿਆ ਤਾਂ ਕਿ ਨਮਾਜ਼ ਅਦਾ ਕਰ ਸਕੇ।ਵਾਹ ਉਏ ਬੰਦਿਆ! ਗੋਰਖ ਧੰਦਿਆ!ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ!ਮੈਂ ਕੌਣ ਵਿਚਾਰਾ ਹਾਂ, ਬੰਦੇ ਦੇ ਦਿਲ ਨੂੰ ਸਮਝਣ ਵਾਲਾ!।