ਲੇਖ਼ਕ

Tuesday, 13 October 2009 08:38

04 - ਬਚਪਨ ਦੀਆਂ ਯਾਦਾਂ

Written by
Rate this item
(4 votes)

ਮੈਂ ਤਿੰਨ ਸਕੂਲਾਂ ਵਿੱਚ ਪੜ੍ਹਿਆ। ਪਹਿਲਾ ਗੁਰੂਘਰ ਦਾ ਸਕੂਲ ਸੀ, ਦੂਜਾ ਡਿਸਟ੍ਰਿਕ ਬੋਰਡ ਦਾ ਤੇ ਤੀਜਾ ਡੀ.ਏ.ਵੀ.ਸਕੂਲ। ਮੈਨੂੰ ਤਿੰਨੇ ਸਕੂਲਾਂ ਦੇ ਤਿੰਨੇ ਰੰਗਾਂ ਦਾ ਪਾਹ ਚੜ੍ਹਿਆ। ਪਹਿਲੇ ਸਕੂਲ ਨੇ ਮੈਨੂੰ ਪ੍ਰਾਇਮਰੀ ਸਿੱਖਿਆ ਦੇ ਨਾਲ ਪੰਜ ਗ੍ਰੰਥੀ ਪੜ੍ਹਾਈ, ਦੂਜੇ ਸਕੂਲ ਨੇ ਆਮ ਸਿੱਖਿਆ ਤੋਂ ਬਿਨਾਂ ਖੇਡਣ ਮੱਲ੍ਹਣ ਦੇ ਮੌਕੇ ਦਿੱਤੇ ਤੇ ਤੀਜੇ ਨੇ ਹਵਨ ਕਰਵਾਉਣ ਦੇ ਨਾਲ ਪੰਜਾਬੀ ਘੱਟ ਤੇ ਹਿੰਦੀ ਵੱਧ ਪੜ੍ਹਾਈ। ਉਰਦੂ ਮੈਂ ਪਾਕਿਸਤਾਨ ਬਣਨ ਹੀ ਤਕ ਪੜ੍ਹ ਸਕਿਆ। ਹਿੰਦੀ ਅੱਠਵੀਂ ਤਕ, ਅੰਗਰੇਜ਼ੀ ਬੀ.ਏ.ਤੇ ਪੰਜਾਬੀ ਐੱਮ.ਏ.ਤਕ ਪੜ੍ਹ ਕੇ ਪੰਜਾਬੀ ਪੜ੍ਹਾਉਂਦਾ ਤੇ ਪੰਜਾਬੀ ਵਿੱਚ ਲਿਖੀ ਜਾਂਦਾ ਰਿਹਾ। ਪੰਜਾਬੀ ਦਾ ਲੈਕਚਰਾਰ ਲੱਗਣ ਲਈ ਮੈਨੂੰ ਬੀ.ਏ.ਪੱਧਰ ਦੀ ਸੰਸਕ੍ਰਿਤ ਦਾ ਇਮਤਿਹਾਨ ਪਾਸ ਕਰਨਾ ਪਿਆ ਸੀ ਜੋ ਹਿੰਦੀ ਆਉਂਦੀ ਕਰਕੇ ਹੀ ਹੋ ਸਕਿਆ। ਕੋਈ ਹੋਰ ਭਾਸ਼ਾ ਸਿੱਖਣ ਦੀ ਮੈਂ ਕੋਸ਼ਿਸ਼ ਨਹੀਂ ਕੀਤੀ। ਕਰ ਲੈਂਦਾ ਤਾਂ ਹੋਰ ਵੀ ਚੰਗਾ ਹੁੰਦਾ। ਸਾਰੀਆਂ ਭਾਸ਼ਾਵਾਂ `ਚੋਂ ਮੇਰੀ ਮਾਂ ਬੋਲੀ ਪੰਜਾਬੀ ਮੇਰੇ ਸਭ ਤੋਂ ਵੱਧ ਕੰਮ ਆਈ ਜੀਹਦੇ ਨਾਲ ਮੈਂ ਉਮਰ ਭਰ ਦੀਆਂ ਰੋਟੀਆਂ ਕਮਾਈਆਂ ਤੇ ਨਾਮਣਾ ਖੱਟਿਆ।

ਮੇਰੇ ਮੁੱਢਲੇ ਖੇਡ ਮੈਦਾਨ ਘਰ ਦੇ ਵਿਹੜੇ ਤੇ ਬੀਹੀ ਤੋਂ ਲੈ ਕੇ ਪਿੰਡ ਦੀ ਰੌੜ ਤੇ ਰਾਹ ਖਹਿੜੇ ਰਹੇ। ਫਿਰ ਸਕੂਲਾਂ ਦੇ ਖੇਡ ਮੈਦਾਨਾਂ `ਚ ਖੇਡਿਆ ਤੇ ਕਾਲਜਾਂ ਦੇ ਖੇਡ ਮੈਦਾਨਾਂ ਵਿੱਚ ਦੀ ਹੁੰਦਾ ਹੋਇਆ ਦਿੱਲੀ ਦੇ ਨੈਸ਼ਨਲ ਸਟੇਡੀਅਮ ਤਕ ਅਪੜਿਆ। ਹੁਣ ਤਕ ਸੈਂਕੜੇ ਖੇਡ ਮੈਦਾਨ ਵੇਖ ਚੁੱਕਾ ਹਾਂ ਜਿਨ੍ਹਾਂ ਵਿੱਚ ਲਾਸ ਏਂਸਲਸ ਦਾ ਕੋਲੀਜ਼ੀਅਮ ਤੇ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਵੀ ਸ਼ਾਮਲ ਹੈ। ਉਨ੍ਹਾਂ ਦੇ ਟਰੈਕ ਉਤੇ ਤੁਰਨ ਦਾ ਮੈਨੂੰ ਅਨੋਖਾ ਅਹਿਸਾਸ ਹੋਇਆ ਸੀ। ਟੋਰਾਂਟੋ ਦਾ ਸਕਾਈਡੋਮ, ਵੈਨਕੂਵਰ ਦਾ ਬੀ.ਸੀ.ਪਲੇਸ ਤੇ ਨਿਊਯਾਰਕ ਦੇ ਆਲੀਸ਼ਾਨ ਸਟੇਡੀਅਮ ਵੇਖਣ ਦਾ ਆਪਣਾ ਅਨੁਭਵ ਹੋਇਆ। ਉਨ੍ਹਾਂ ਵੱਡੇ ਖੇਡ ਭਵਨਾਂ ਦੀਆਂ ਗੱਲਾਂ ਦੀ ਥਾਂ ਪਹਿਲਾਂ ਆਪਣੇ ਪਿੰਡ ਦੀ ਰੌੜ ਦਾ ਜ਼ਿਕਰ ਕਰ ਲਈਏ। ਉਥੇ ਮੈਂ ਗੁੱਲੀ ਡੰਡੇ ਤੇ ਖਿੱਦੋ ਖੂੰਡੀ ਤੋਂ ਲੈ ਕੇ ਦੁੜੰਗੇ ਲਾਉਣ ਤੇ ਗੋਲਾ ਸੁੱਟਣ ਲੱਗਾ ਸੀ।

ਮੇਰੇ ਬਚਪਨ ਵਿੱਚ ਸਾਡੇ ਪਿੰਡ ਦੀ ਰੌੜ ਬਹੁਤ ਵੱਡੀ ਹੁੰਦੀ ਸੀ। ਉਸ ਵਿੱਚ ਖਲਵਾੜੇ ਲੱਗਦੇ ਤੇ ਫਲ੍ਹੇ ਚੱਲਦੇ। ਧੜਾਂ ਉਡਾਈਆਂ ਜਾਂਦੀਆਂ ਤੇ ਤੂੜੀ ਦਾਣੇ ਸਿਰਾਂ `ਤੇ ਈ ਢੋ ਲਏ ਜਾਂਦੇ। ਸਿਆਲਾਂ `ਚ ਭਾਰੇ ਸੋਟਿਆਂ ਨਾਲ ਮੱਕੀ ਦੀਆਂ ਛੱਲੀਆਂ ਕੁੱਟੀਆਂ ਜਾਂਦੀਆਂ। ਉਦੋਂ ਲਾਂਗੇ `ਚੋਂ ਦਾਣੇ ਤੇ ਗੁੱਲਾਂ ਤੋਂ ਮੱਕੀ ਅੱਡ ਕਰਨ ਦੀਆਂ ਮਸ਼ੀਨਾਂ ਨਹੀਂ ਸਨ ਆਈਆਂ। ਪਥਕਣਾਂ ਲਈ ਖੱਲ੍ਹੀ ਜਗ੍ਹਾ ਪਈ ਹੁੰਦੀ ਸੀ ਜਿਥੇ ਗਹੀਰੇ ਚਿਣੇ ਜਾਂਦੇ। ਉਥੇ ਕੁੱਪ ਬੱਝਦੇ ਤੇ ਦੰਨਾਂ ਲੱਗਦੀਆਂ। ਸਾਉਣ `ਚ ਕੁੜੀਆਂ ਤੀਆਂ ਮਨਾਉਂਦੀਆਂ ਤੇ ਪੀਂਘਾਂ ਝੂਟਦੀਆਂ। ਅਵਾਰਾ ਡੰਗਰਾਂ ਤੇ ਵਿਹਲੜ ਬੰਦਿਆਂ ਲਈ ਬੜੀ ਖੁੱਲ੍ਹੀ ਜਗ੍ਹਾ ਖਾਲੀ ਪਈ ਹੁੰਦੀ ਸੀ। ਇੱਕ ਬੰਨੇ ਰੂੜੀਆਂ ਲੱਗੀਆਂ ਹੁੰਦੀਆਂ ਸਨ ਜਿਥੇ ਗਧੇ ਲਿਟੀ ਜਾਂਦੇ ਤੇ ਕੁੱਤੇ ਭੌਂਕੀ ਜਾਂਦੇ। ਬੁੜ੍ਹੀਆਂ ਕੁੜੀਆਂ `ਨੇਰ੍ਹੇ ਸਵੇਰੇ ਉਥੇ ਈ ‘ਬਾਹਰ’ ਜਾਂਦੀਆਂ। ਬੰਦੇ ਖੇਤਾਂ `ਚ ਜੰਗਲ ਪਾਣੀ ਜਾਂਦੇ। ਪਿੰਡ ਦੇ ਕਿਸੇ ਘਰ `ਚ ਕੋਈ ਲੈਟਰੀਨ ਨਹੀਂ ਸੀ ਹੁੰਦੀ। ਇਹ ਗੱਲ ਹੁਣ ਬੱਚਿਆਂ ਨੂੰ ਦੱਸੀਦੀ ਹੈ ਤਾਂ ਉਹ ਬੜੇ ਹੈਰਾਨ ਹੁੰਦੇ ਹਨ। ਉਦੋਂ ਤਾਂ ਪੇਂਡੂ ਘਰਾਂ `ਚ ਗ਼ੁਸਲਖਾਨੇ ਵੀ ਨਹੀਂ ਸਨ। ਆਦਮੀ ਵਿਹੜੇ `ਚ ਪਟੜਾ ਤੇ ਬਾਲਟੀ ਰੱਖ ਕੇ ਨਹਾ ਲੈਂਦੇ ਤੇ ਤ੍ਰੀਮਤਾਂ ਮੰਜਾ ਟੇਢਾ ਕਰ ਕੇ ਉਹਦੇ ਉਹਲੇ ਪਿੰਡੇ `ਤੇ ਪਾਣੀ ਪਾ ਲੈਂਦੀਆਂ।

ਉਹਨੀਂ ਦਿਨੀਂ ਗਰਾਮੋਫੋਨ ਤੋਂ ਇੱਕ ਤਵਾ ਵੱਜਿਆ ਕਰਦਾ ਸੀ-ਮੀਂਹ ਬਰਸੇ ਬਿਜਲੀ ਚਮਕੇ, ਭਿੱਜ ਗਈਆਂ ਨਣਾਨੇ ਪੂਣੀਆਂ, ਸਾਡੇ ਬਾਹਰੇ ਭਿੱਜ ਗਏ ਚਰਖੇ, ਭਿੱਜ ਗਈਆਂ ਨਣਾਨੇ ਪੂਣੀਆਂ। ਇੱਕ ਤਵਾ ਹੋਰ ਸੀ-ਭਰਿਆ ਤ੍ਰਿੰਜਣ ਛੱਡ ਜਾਣਾ, ਚਿੱਠੀ ਆ ਗਈ ਜ਼ੋਰਾਵਰ ਦੀ …। ਨਿੱਕੇ ਹੁੰਦੇ ਅਸੀਂ ਤ੍ਰਿੰਜਣ ਨੂੰ ਇੰਜਣ ਈ ਸਮਝਦੇ ਸਾਂ। ਗਰਾਮੋਫੋਨ ਨੂੰ ਉਦੋਂ ਤਵਿਆਂ ਵਾਲੀ ਮਸ਼ੀਨ ਕਿਹਾ ਜਾਂਦਾ ਸੀ ਜਿਸ ਵਿੱਚ ਰਿਕਾਰਡ ਵਜਾਉਣ ਲਈ ਨਵੀਂ ਸੂਈ ਪਾਉਣੀ ਪੈਂਦੀ ਸੀ। ਅਸੀਂ ਸੁੱਟੀਆਂ ਹੋਈਆਂ ਪੁਰਾਣੀਆਂ ਸੂਈਆਂ ਖੀਸਿਆਂ `ਚ ਪਾਈ ਫਿਰਦੇ ਜੋ ਸੁੱਤੇ ਪਿਆਂ ਦੇ ਚੁੱਭੀ ਜਾਂਦੀਆਂ। ਮੇਰਾ ਮਨਪਸੰਦ ਤਵਾ ਸੀ-ਕਲਹਿਰੀਆ ਮੋਰਾ ਵੇ, ਮੈਂ ਨਾ ਤੇਰੇ ਰਹਿੰਦੀ। ਬਾਅਦ ਵਿੱਚ ਮੈਂ ਦੌੜਾਕ ਜਰਨੈਲ ਸਿੰਘ ਦੇ ਰੇਖਾ ਚਿੱਤਰ ਦਾ ਸਿਰਲੇਖ ‘ਕਲਹਿਰੀ ਮੋਰ’ ਰੱਖਿਆ। ਮੇਰੀਆਂ ਬਚਪਨ ਦੀਆਂ ਵੇਖੀਆਂ ਝਾਕੀਆਂ ਮੈਨੂੰ ਅਜੇ ਵੀ ਅੱਖਾਂ ਸਾਹਮਣੇ ਦਿਸੀ ਜਾਂਦੀਆਂ ਹਨ। ਉਦੋਂ ਦੇ ਸੁਣੇ ਤਵੇ ਪਤਾ ਨਹੀਂ ਹੁਣ ਤਕ ਕਿਵੇਂ ਯਾਦ ਹਨ? ਹੁਣ ਤਾਂ ਚੇਤੇ ਰੱਖਣ ਵਾਲੀ ਗੱਲ ਵੀ ਬਹਿੰਦੇ ਭੁੱਲ ਜਾਂਦੀ ਐ।

ਪਿੰਡ ਦੀ ਰੌੜ ਦਾ ਨਕਸ਼ਾ ਮੇਰੇ ਚੇਤੇ `ਚ ਹੁਣ ਤਕ ਉਵੇਂ ਹੀ ਪਿਆ ਹੈ। ਸਾਡੇ ਪਿੰਡ ਦੀ ਨਵੀਂ ਪੀੜ੍ਹੀ ਨੂੰ ਕੀ ਪਤਾ ਕਿ ਪੈੜਾਂ ਤੋਂ ਪਹਾੜ ਵੱਲ ਦੇ ਪਾਸੇ ਥੋੜ੍ਹੇ ਜਿਹੇ ਘਰ ਛੱਡ ਕੇ ਸੂਏ ਉਤਲੀ ਕੋਠੀ ਤਕ ਰੌੜ ਈ ਰੌੜ ਪਈ ਹੁੰਦੀ ਸੀ। ਰੌੜ ਦਾ ਰਕਬਾ ਮੇਰੇ ਅੰਦਾਜ਼ੇ ਮੂਜਬ ਪੰਦਰਾਂ ਵੀਹ ਏਕੜ ਹੋਵੇਗਾ ਜਿਹੜਾ ਹੁਣ ਸਾਰਾ ਹੀ ਛੱਤਿਆ ਗਿਆ ਹੈ ਤੇ ਰੌੜ ਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ। ਹੁਣ ਤਾਂ ਪਿੰਡ ਸੂਏ ਤਕ ਵਧ ਗਿਆ ਹੈ ਬਲਕਿ ਸੂਏ ਤੋਂ ਅਗਾਂਹ ਵੀ ਘਰ ਪਈ ਜਾਂਦੇ ਹਨ। ਪੰਜਾਬ ਦੇ ਸਾਰੇ ਪਿੰਡ ਹੀ ਬਹੁਤ ਫੈਲ ਗਏ ਹਨ। ਜੇ ਕੋਈ ਪੰਜਾਹ ਸੱਠ ਸਾਲ ਪਹਿਲਾਂ ਦਾ ਬਾਹਰ ਗਿਆ ਬੰਦਾ ਮੁੜ ਕੇ ਆਪਣੇ ਪਿੰਡ ਪਰਤੇ ਤਾਂ ਸ਼ਾਇਦ ਹੀ ਪਿੰਡ ਨੂੰ ਪੂਰਾ ਪਛਾਣ ਸਕੇ। ਸ਼ਾਮ ਨੂੰ ਪਿੰਡ ਦੀ ਰੌੜ ਰੌਣਕ ਮੇਲੇ ਵਾਲੀ ਥਾਂ ਬਣ ਜਾਂਦੀ ਸੀ। ਉਥੇ ਬੱਚੇ ਖੇਡਦੇ, ਜੁਆਨ ਜ਼ੋਰ ਕਰਦੇ ਤੇ ਵਡੇਰੀ ਉਮਰ ਦੇ ਬੰਦੇ ਰੌਣਕ ਮੇਲਾ ਵੇਖੀ ਜਾਂਦੇ। ਕੋਈ ਕੌਡੀ ਬਾਡੀ ਖੇਡਦਾ, ਕੋਈ ਘੋਲ ਘੁਲਦਾ, ਕੋਈ ਖਿੱਦੋ ਖੂੰਡੀ ਤੇ ਕੋਈ ਫੁੱਟਬਾਲ ਜਾਂ ਵਾਲੀਬਾਲ ਖੇਡੀ ਜਾਂਦਾ। ਵਿਚੇ ਬੰਦੇ ਗੋਲਾ ਸੁੱਟੀ ਜਾਂਦੇ ਤੇ ਵਿਚੇ ਅਹਿਰਨਾਂ ਦੇ ਬਾਲੇ ਕੱਢਦੇ ਬੋਰੀਆਂ ਚੁੱਕੀ ਜਾਂਦੇ।

ਰੌੜ `ਚ ਜਾਣ ਤੋਂ ਪਹਿਲਾਂ ਅਸੀਂ ਨਿੱਕੇ ਬੱਚੇ ਆਪਣੇ ਵਿਹੜਿਆਂ ਤੇ ਬੀਹੀਆਂ ਵਿੱਚ ਦਾਈਆਂ ਦੁੱਕੜੇ ਤੇ ਲੁਕਣਮੀਚੀ ਖੇਡਣ ਲੱਗੇ ਸਾਂ। ਮੁਸ਼ਕਣਾ ਮੁਸ਼ਕੋਈਆ ਕਰਦੇ ਸਾਂ ਤੇ ਈਂਗਣ ਮੀਂਗਣ ਤਲੀ ਤਲੀਂਗਣ ਕਰ ਕੇ ਮਿੱਕਦੇ ਸਾਂ। ਆਲੇ ਭੋਲੇ ਬੱਚਿਆਂ ਦੀਆਂ ਬਥੇਰੀਆਂ ਖੇਡਾਂ ਸਨ। ਇੱਕ ਖੇਡ ਊਚ ਨੀਚ ਹੁੰਦੀ ਸੀ, ਦੂਜੀ ਅੰਨ੍ਹਾ ਝੋਟਾ ਤੇ ਤੀਜੀ ਊਠਕ ਬੈਠਕ ਸੀ। ਕਦੇ ਬਾਂਦਰ ਕਿੱਲਾ ਖੇਡਦੇ, ਕਦੇ ਕਿਣ ਮਿਣ ਕਾਣੀ ਤੇ ਕਦੇ ਕਾਹਨਾ ਕਾਹਨਾ ਸ਼ੇਰ ਜਵਾਨਾ ਖੇਡਦੇ। ਇੱਕ ਖੇਡ ਕੋਟਲਾ ਛਪਾਕੀ ਹੁੰਦੀ ਸੀ, ਇੱਕ ਅੱਲੀਏ ਪਟੱਲੀਏ ਤੇ ਇੱਕ ਦਾ ਨਾਂ ਸੀ ਤੇਰਾ ਮੇਰਾ ਮੇਲ ਨੀ। ਕਦੇ ਅਸੀਂ ਕਰਨੈਲ ਜਰਨੈਲ ਬਣਦੇ ਤੇ ਕਦੇ ਚੂਹਾ ਬਿੱਲੀ। ਕਦੇ ਧਨੇਸੂਆਂ ਕੋਲ ਜਾ ਕੇ ਮੜਿੱਕਦੇ-ਕੰਧ `ਚ ਮਾਰਿਆ ਰੋੜ, ਕੋਈ ਲਓ ਤਿੱਤਰ ਕੋਈ ਲਓ ਮੋਰ। ਕਦੇ ਹਾਸਾ ਮਖੌਲ ਕਰਦੇ ਕਹਿੰਦੇ, ਕੰਧ `ਚ ਮਾਰਿਆ ਚਾਕੂ, ਕੋਈ ਲਓ ਚਾਚਾ ਲਓ ਬਾਪੂ!

ਉਂਜ ਤਾਂ ਕੁੜੀਆਂ ਮੁੰਡੇ `ਕੱਠੇ ਈ ਖੇਡਦੇ ਸੀ ਪਰ ਕੁੜੀਆਂ ਦੀਆਂ ਖੇਡਾਂ ਵੱਖਰੀਆਂ ਵੀ ਸਨ। ਉਹ ਗੀਟੇ, ਪੀਚੋ ਬੱਕਰੀ ਤੇ ਥਾਲ ਖੇਡਦੀਆਂ ਤੇ ਕਿੱਕਲੀ ਪਾਉਂਦੀਆਂ। ਉਹ ਹੱਥਾਂ ਦੀ ਕਲਿੰਗੜੀ ਪਾ ਕੇ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ ਗਾਉਂਦੀਆਂ ਹੋਈਆਂ ਘੁੰਮੀ ਜਾਂਦੀਆਂ। ਉਹ ਤੇਰੇ ਕੋਠੇ ਕੌਣ ਵੀ ਕਹਿੰਦੀਆਂ ਤੇ ਡੀਟੀ ਲਕੌਣ ਵੀ ਖੇਡਦੀਆਂ। ਅੱਡੀ ਛੜੱਪਾ ਉਨ੍ਹਾਂ ਦੀ ਮਨਭਾਉਂਦੀ ਖੇਡ ਸੀ। ਬੱਚਿਆਂ, ਜੁਆਨਾਂ ਤੇ ਬਜ਼ੁਰਗਾਂ ਦੀਆਂ ਖੇਡਾਂ ਦਾ ਕੋਈ ਅੰਤ ਨਹੀਂ ਸੀ। ਕੁੱਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਥੋਂ ‘ਪੰਜਾਬ ਦੀਆਂ ਦੇਸੀ ਖੇਡਾਂ’ ਨਾਂ ਦੀ ਪੁਸਤਕ ਲਿਖਵਾਈ ਸੀ ਜਿਸ ਵਿੱਚ ਮੈਂ ਪੰਜਾਬ ਦੀਆਂ ਅਲੋਪ ਹੋਈਆਂ ਜਾਂ ਹੋ ਰਹੀਆਂ ਸੌ ਕੁ ਖੇਡਾਂ ਦਾ ਵੇਰਵਾ ਦਿੱਤਾ ਸੀ।

ਮੈਂ ਛੇ ਕੁ ਸਾਲਾਂ ਦਾ ਸਾਂ ਜਦੋਂ ਘਰ ਦੇ ਕੋਲ ਹੀ ਗੁਰਦਵਾਰੇ ਦੇ ਇੱਕ ਪਾਸੇ ਬਣੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲੱਗਾ। ਮੈਨੂੰ ਯਾਦ ਐ ਮੇਰੇ ਬਾਬੇ ਨੇ ਮੈਨੂੰ ਸਕੂਲੇ ਦਾਖਲ ਕਰਵਾਇਆ ਸੀ। ਬਾਬਾ ਪਾਲਾ ਸਿੰਘ ਪਿੰਡ ਦੇ ਮਾਣਯੋਗ ਵਿਅਕਤੀ ਸਨ ਜੋ ਜੈਤੋ ਦੇ ਮੋਰਚੇ ਵਿੱਚ ਨਾਭੇ ਜੇਲ੍ਹ ਕੱਟ ਕੇ ਆਏ ਸਨ। ਉਹਨਾਂ ਦੀ ਇੱਕ ਬਾਂਹ ਵਿੰਗੀ ਸੀ ਜੋ ਅੰਗਰੇਜ਼ ਦੀ ਪੁਲਿਸ ਤੋਂ ਖਾਧੀਆਂ ਡਾਂਗਾਂ ਦੀ ਨਿਸ਼ਾਨੀ ਸੀ। ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਨ ਪਰ ਜੀਹਦੇ ਘਰ ਪਾਠ ਦੀ ਰੌਲ ਲਾਉਣ ਜਾਂਦੇ ਉਹਨਾਂ ਤੋਂ ਕੋਈ ਭੇਟਾ ਨਹੀਂ ਸੀ ਲੈਂਦੇ। ਏਥੋਂ ਤਕ ਕਿ ਵਾਹ ਲੱਗਦੀ ਉਨ੍ਹਾਂ ਦੇ ਘਰ ਦੀ ਰੋਟੀ ਵੀ ਨਹੀਂ ਸਨ ਖਾਂਦੇ। ਪਾਠ ਦੀ ਰੌਲ ਲਾਉਣਾ ਉਹ ਪੁੰਨ ਦਾ ਕਾਰਜ ਸਮਝਦੇ ਸੀ।

ਜਦ ਮੈਨੂੰ ਕੋਈ ਪੁੱਛਦਾ, “ਤੂੰ ਕਿਨ੍ਹਾਂ ਦਾ ਮੁੰਡੈਂ?” ਤਾਂ ਮੈਂ ਆਪਣੇ ਪਿਤਾ ਸ.ਬਾਬੂ ਸਿੰਘ ਦਾ ਨਾਂ ਲੈਣ ਦੀ ਥਾਂ ਇਹੋ ਕਹਿੰਦਾ ਸਾਂ, “ਬਾਬਾ ਪਾਲਾ ਸਿਓਂ ਦਾ ਪੋਤਾ ਆਂ ਮੈਂ।” ਸਾਡੇ ਬਾਪੂ ਜੀ ਭਾਵੇਂ ਅੱਠਵੀਂ ਤਕ ਪੜ੍ਹੇ ਸਨ ਅਤੇ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਚੁੱਕੇ ਸਨ ਪਰ ਲੋਕ ਉਨ੍ਹਾਂ ਨੂੰ ਬਾਬੇ ਜਿੰਨਾ ਨਹੀਂ ਸਨ ਜਾਣਦੇ। ਸ਼ਾਇਦ ਇਹੋ ਹੀ ਕਾਰਨ ਸੀ ਕਿ ਅਸੀਂ ਸਾਰੇ ਭਰਾ ਪਿਤਾ ਦੇ ਪੁੱਤਰ ਦੀ ਥਾਂ ਬਾਬੇ ਦੇ ਪੋਤੇ ਦੱਸਦੇ।

ਮੈਂ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਨਹੀਂ ਖੋਜਿਆ ਪਰ ਏਨਾ ਕੁ ਪਤਾ ਹੈ ਕਿ ਕੁੱਝ ਪੀੜ੍ਹੀਆਂ ਪਹਿਲਾਂ ਉਹ ਮਾਝੇ ਦੇ ਮਸ਼ਹੂਰ ਪਿੰਡ ਸਰਹਾਲੀ ਤੋਂ ਉਠ ਕੇ ਚਕਰ ਆਏ ਸਨ। ਚਕਰ ਵਿੱਚ ਇੱਕ ਪੱਤੀ ਸੰਧੂਆਂ ਦੀ ਹੈ ਤੇ ਬਾਕੀ ਪੱਤੀਆਂ ਸਿੱਧੂਆਂ ਦੀਆਂ ਹਨ। ਕਿੰਗਰੇ, ਬਾਠ, ਚੀਮੇ ਤੇ ਕੁੱਝ ਨਾਨਕੀ ਢੇਰੀਆਂ `ਤੇ ਆਏ ਗੋਤੀ ਹਨ। ਅਸੀਂ ਪੰਜ ਭਰਾ ਹਾਂ ਪਰ ਸਾਡਾ ਬਾਪੂ ਇਕਲੌਤਾ ਪੁੱਤਰ ਸੀ। ਬਾਬੇ ਤਿੰਨ ਭਰਾ ਸਨ। ਬਾਬਿਆਂ ਦੇ ਬਾਪ ਦਾ ਨਾਂ ਵਰਿਆਮ ਸਿੰਘ ਸੀ ਤੇ ਉਹਨਾਂ ਦੇ ਪਿਓ ਦਾ ਨਾਂ ਭਗਵਾਨ ਸਿੰਘ। ਕਾਫੀ ਦੇਰ ਸਾਡੇ ਪਰਿਵਾਰ ਨੂੰ ਭਗਵਾਨੇ ਕਾ ਲਾਣਾ ਕਿਹਾ ਜਾਂਦਾ ਰਿਹਾ।

ਬਜ਼ੁਰਗ ਦੱਸਦੇ ਸਨ ਕਿ ਬਾਬੇ ਭਗਵਾਨ ਸਿਓਂ ਦਾ ਇੱਕ ਕੰਨ ਵੱਢਿਆ ਹੋਇਆ ਸੀ ਜਿਸ ਕਰਕੇ ਲੋਕ ਪਿੱਠ ਪਿੱਛੇ ਸਾਡੇ ਲਾਣੇ ਨੂੰ ਬੁੱਚਿਆਂ ਦਾ ਲਾਣਾ ਕਹਿਣ ਲੱਗ ਪਏ ਸਨ। ਪੱਕਾ ਪਤਾ ਤਾਂ ਨਹੀਂ ਪਰ ਲੱਗਦਾ ਹੈ ਕਿ ਸਾਡੇ ਵੱਡੇ ਬਾਬੇ ਦਾ ਕੰਨ ਕਿਸੇ ਲੜਾਈ ਝਗੜੇ ਵਿੱਚ ਈ ਵੱਢਿਆ ਗਿਆ ਹੋਵੇਗਾ। ਚੰਗੇ ਭਲੇ ਬੰਦੇ ਦੇ ਕੰਨ ਵੱਢੇ ਜਾਣ ਦਾ ਹੋਰ ਕਿਹੜਾ ਕਾਰਨ ਹੋ ਸਕਦੈ? ਕਾਰਨ ਕੁੱਝ ਵੀ ਹੋਵੇ ਪਰ ਉਹ ਜਿਹੜੀ ਅੱਲ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੇ ਗਿਆ ਉਹਤੋਂ ਅਸੀਂ ਮਸਾਂ ਪਿੱਛਾ ਛੁਡਾਇਆ। ਉਂਜ ਪਈ ਹੋਈ ਅੱਲ ਛੇਤੀ ਕੀਤਿਆਂ ਖਹਿੜਾ ਨਹੀਂ ਛੱਡਦੀ।

ਸਾਡੇ ਪਿੰਡ ਇੱਕ ਖਹਿਬੜੀਆਂ ਦਾ ਲਾਣਾ ਹੈ। ਉਨ੍ਹਾਂ ਦਾ ਕੋਈ ਬਜ਼ੁਰਗ ਕਿਸੇ ਨਾਲ ਖਹਿਬੜਿਆ ਹੋਣੈ। ਉਹਦੀ ਔਲਾਦ ਕਿੰਨੀ ਵੀ ਸਾਊ ਕਿਉਂ ਨਾ ਬਣੀ ਫਿਰੇ ਕਹਿਣ ਵਾਲੇ ਉਨ੍ਹਾਂ ਨੂੰ ਖਹਿਬੜੀਏ ਕਹਿਣੋਂ ਨਹੀਂ ਹਟਦੇ। ਖੂੰਡੇ ਵਾਲੇ ਬਾਬੇ ਦੇ ਪੋਤੇ ਪੜੋਤੇ ਭਾਵੇਂ ਰਿਵਾਲਵਰ ਗਲਾਂ `ਚ ਪਾਈ ਫਿਰਨ ਪਰ ਪਿੰਡ ਦੇ ਬੰਦੇ ਫਿਰ ਵੀ ਉਨ੍ਹਾਂ ਨੂੰ ਖੂੰਡਿਆਂ ਵਾਲੇ ਹੀ ਕਹਿੰਦੇ ਹਨ। ਨਾਂ ਕੀ ਲੈਣੈਂ, ਕਿਸੇ ਦੇ ਵੱਡਵਡੇਰੇ ਨੇ ਤਰਨ ਤਾਰਨ ਮੱਸਿਆ ਨ੍ਹਾ ਕੇ ਮੁੜਦਿਆਂ ਮਾਝੇ ਦੇ ਇੱਕ ਪਿੰਡੋਂ ਪੱਠੇ ਢੋਣ ਲਈ ਗਧੀ ਲੈ ਆਂਦੀ। ਹੁਣ ਉਸ ਦੀ ਔਲਾਦ ਕੰਬਾਈਨਾਂ ਤੇ ਕਾਰਾਂ ਦੀ ਮਾਲਕ ਹੈ ਤੇ ਹਵਾਈ ਜਹਾਜ਼ਾਂ `ਤੇ ਚੜ੍ਹਦੀ ਹੈ ਪਰ ਵੱਜਦੇ ਉਹ ਹਾਲੇ ਵੀ ‘ਗਧੀ ਵਾਲੇ’ ਹੀ ਹਨ। ਕੋਈ ਬਾਹਰੋਂ ਆਇਆ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛੇ ਤਾਂ ਪਿੰਡ ਵਾਲੇ ਤਸੱਲੀ ਕਰਨ ਲਈ ਮਠਾਰ ਕੇ ਪੁੱਛਦੇ ਨੇ, “ਅੱਛਾ, ਤੁਸੀਂ ਗਧੀ ਆਲਿਆਂ ਦੇ ਘਰ ਜਾਣੈ?”

ਅੱਲ ਵਾਲੇ ਬਾਬੇ ਭਗਵਾਨ ਸਿੰਘ ਦਾ ਪਿਤਾ ਸੁੰਦਰ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਹਾਣੀ ਹੋਣੈ। ਉਸ ਤੋਂ ਅੱਗੇ ਮੈਨੂੰ ਨਹੀਂ ਪਤਾ। ਮਿਰਾਸੀਆਂ ਨੂੰ ਕਈ ਪੀੜ੍ਹੀਆਂ ਦਾ ਪਤਾ ਹੁੰਦੈ। ਪਰ ਸਾਡਾ ਮਿਰਾਸੀ ਵੀ ਨਾਂ ਦਾ ਹੀ ਮਿਰਾਸੀ ਹੈ। ਉਸ ਨੂੰ ਵੀ ਸੁੰਦਰ ਸਿੰਘ ਦੇ ਵਡੇਰਿਆਂ ਦਾ ਨਾਂ ਨਹੀਂ ਆਉਂਦਾ। ਉਹ ਨਸ਼ੇ ਪੱਤੇ ਦਾ ਸ਼ੁਕੀਨ ਐ ਤੇ ਪੀੜ੍ਹੀਆਂ ਗਿਣਾਉਂਦਾ ਜਿਥੇ ਭੁੱਲ ਜਾਂਦੈ ਓਥੋਂ ਕਾਲੇ ਮਹਿਰ ਦੀ ਕਥਾ ਤੋਰ ਲੈਂਦੈ। ਸੰਧੂਆਂ ਦੇ ਬਾਬੇ ਕਾਲੇ ਮਹਿਰ ਦੇ ਨਾਂ `ਤੇ ਉਹਦਾ ਵੀ ਤੋਰੀ ਫੁਲਕਾ ਚੰਗਾ ਤੁਰਿਆ ਜਾਂਦੈ। ਉਹ ਸੰਧੂਆਂ ਦੀ ਵਡਿਆਈ ਕਰਨੋਂ ਨਹੀਂ ਹੱਟਦਾ ਤੇ ਸੰਧੂ ਉਹਦੀਆਂ ਜੇਬਾਂ ਭਰਨੋਂ ਨਹੀਂ ਹਟਦੇ। ਕਦੇ ਕਦੇ ਸੋਚੀਦੈ ਕਿ ਹਰਦੁਆਰ ਦੇ ਪਾਂਡਿਆਂ ਦੀਆਂ ਵਹੀਆਂ ਤੋਂ ਆਪਣੇ ਵੱਡਵਡੇਰਿਆਂ ਦਾ ਪਤਾ ਲਾਇਆ ਜਾਵੇ ਪਰ ਅਜੇ ਤਕ ਓਧਰ ਜਾ ਨਹੀਂ ਹੋਇਆ।

ਸਾਡੇ ਵੇਲੇ ਪ੍ਰਾਇਮਰੀ ਦੀ ਪੜ੍ਹਾਈ ਚਾਰ ਜਮਾਤਾਂ ਤਕ ਹੁੰਦੀ ਸੀ ਜੋ ਮੈਂ ਗੁਰਦਵਾਰੇ ਵਿਦਿਆ ਭੰਡਾਰ ਦੇ ਸਕੂਲ `ਚ ਪੂਰੀ ਕੀਤੀ। ਸਕੂਲ ਦੇ ਤਿੰਨ ਕਮਰੇ ਸਨ ਜਿਨ੍ਹਾਂ ਦੇ ਦੋਹੀਂ ਪਾਸੀਂ ਵਰਾਂਡਾ ਸੀ। ਛਾਵੇਂ ਬਹਿਣ ਲਈ ਗੁਰਦਵਾਰੇ ਦੇ ਹਾਤੇ ਵਿੱਚ ਨਿੰਮਾਂ ਤੇ ਪਿੱਪਲ ਸਨ ਤੇ ਤਲਾਅ ਕੋਲ ਬਰੋਟਾ ਸੀ। ਉਹ ਬਰੋਟਾ ਅਜੇ ਵੀ ਉਥੇ ਹੀ ਹੈ ਜਦ ਕਿ ਦੂਜੇ ਦਰੱਖਤ ਪੁੱਟੇ ਗਏ ਹਨ। ਸਾਡੇ ਪਿੰਡ ਦੇ ਸੂਬੇਦਾਰ ਮਾਘੀ ਖਾਂ ਦਾ ਪੁੱਤਰ ਨਿਜਾਮ ਦੀਨ ਸਿੱਧੂ ਕੈਨੇਡਾ ਵਿੱਚ ਸੱਰੀ ਦੀ ਮਸਜਿਦ ਕੋਲ ਰਹਿੰਦਾ ਸੀ। 1997 ਵਿੱਚ ਉਸ ਨੂੰ ਆਪਣੇ ਜੱਦੀ ਪਿੰਡ ਚਕਰ ਆਉਣ ਦਾ ਮੌਕਾ ਮਿਲਿਆ ਸੀ। ਉਹ ਸਾਡੇ ਘਰ ਦੀ ਛੱਤ `ਤੇ ਚੜ੍ਹਿਆ ਤਾਂ ਸੌ ਕੁ ਕਰਮਾਂ ਦੀ ਵਿੱਥ `ਤੇ ਬੋਹੜ ਦਾ ਰੁੱਖ ਵੇਖ ਕੇ ਆਖਣ ਲੱਗਾ, “ਆਹ ਤਾਂ ਬਈ ਓਹੀ ਬਰੋਟਾ ਜਾਪਦੈ ਜੀਹਦੇ ਹੇਠਾਂ ਬਹਿ ਕੇ ਪੜ੍ਹਦੇ ਤੇ ਉਤੇ ਚੜ੍ਹ ਕੇ ਖੇਡਦੇ ਹੁੰਦੇ ਸਾਂ। ਇਹਨੂੰ ਮੈਂ ਜ਼ਰੂਰ ਜੱਫੀ ਪਾ ਕੇ ਮਿਲਾਂਗਾ!”

ਉਹ ਕਿੰਨਾ ਹੀ ਚਿਰ ਬਰੋਟੇ ਵੱਲ ਵੇਖਦਾ ਰਿਹਾ ਤੇ ਬਚਪਨ ਦੀਆਂ ਯਾਦਾਂ ਵਿੱਚ ਖੋਇਆ ਰਿਹਾ। ਉਹਨਾਂ ਦਾ ਜੱਦੀ ਘਰ ਅਮਰੀਕਾ ਵਿੱਚ ਰਹਿੰਦੇ ਡਾ: ਭਾਗ ਸਿੰਘ ਸਿੱਧੂ ਹੋਰਾਂ ਨੂੰ ਅਲਾਟ ਹੋਇਆ ਸੀ। ਭਾਗ ਸਿੰਘ ਨੇ ਮੈਨੂੰ ਤੇ ਮੇਰੇ ਮਿੱਤਰ ਬੰਤ ਸਿੰਘ ਸਿੱਧੂ ਨੂੰ ਕਿਹਾ ਸੀ ਕਿ ਨਿਜਾਮ ਦੀਨ ਚਕਰ ਆਵੇ ਤਾਂ ਰਾਤ ਨੂੰ ਸਾਡੇ ਘਰ ਭਾਵ ਉਹਦੇ ਜੱਦੀ ਘਰ ਵਿੱਚ ਈ ਸੰਵਾਇਓ। ਅਸੀਂ ਇਹੋ ਕੁੱਝ ਕੀਤਾ ਤੇ ਉਹ ਪੰਜਾਹ ਸਾਲਾਂ ਬਾਅਦ ਉਸੇ ਕਮਰੇ ਵਿੱਚ ਸੁੱਤਾ ਜੀਹਦੇ `ਚ ਜੰਮਿਆ ਸੀ। ਸਵੇਰੇ ਉਠ ਕੇ ਉਸ ਨੇ ਕਿਹਾ ਸੀ, “ਅੱਲਾ ਤਾਲਾ ਨੇ ਮੇਰੀ ਉਮਰਾਂ ਦੀ ਰੀਝ ਪੂਰੀ ਕਰ ਦਿੱਤੀ। ਮੇਰਾ ਸਭ ਤੋਂ ਵੱਡਾ ਹੱਜ ਹੋ ਗਿਐ। ਹੁਣ ਭਾਵੇਂ ਮੈਂ ਭਲਕੇ ਮਰਜਾਂ ਮੈਨੂੰ ਕੋਈ ਝੋਰਾ ਨੀ!”

ਉਹਨੀਂ ਦਿਨੀਂ ਚੌਥੀ ਦਾ ਇਮਤਿਹਾਨ ਹਠੂਰ ਦੇ ਮਿਡਲ ਸਕੂਲ ਵਿੱਚ ਹੋਇਆ ਕਰਦਾ ਸੀ ਤੇ ਸਾਡੇ ਪਿੰਡ ਦੇ ਮੁੰਡੇ ਤੁਰ ਕੇ ਇਮਤਿਹਾਨ ਦੇਣ ਜਾਂਦੇ ਸਨ। ਮੈਂ ਬਾਰ੍ਹਵੀਂ ਜਮਾਤ ਤਕ ਤੁਰ ਕੇ ਪੜ੍ਹਨ ਜਾਂਦਾ ਰਿਹਾ। ਪੈਂਟ ਮੈਂ ਪਹਿਲੀ ਵਾਰ ਗਿਆਰ੍ਹਵੀਂ `ਚ ਪਾਈ ਸੀ। ਹੈ ਤਾਂ ਹਾਸੇ ਦੀ ਗੱਲ, ਲਓ ਸੁਣ ਈ ਲਓ। ਅਸੀਂ ਨੌਵੀਂ `ਚ ਪੜ੍ਹਦੇ ਸਾਂ। ਦਸਵੀਂ ਜਮਾਤ ਦੇ ਇੱਕ ਸ਼ੁਕੀਨ ਵਿਦਿਆਰਥੀ ਨੇ ਸਕੂਲ `ਚ ਪੜ੍ਹਦਿਆਂ ਹੀ ਪੈਂਟ ਸੰਵਾ ਲਈ ਸੀ ਤੇ ਜੇਬਾਂ `ਚ ਹੱਥ ਪਾ ਕੇ ਹਰੇਕ ਨੂੰ ਪੈਂਟ ਵਿਖਾਉਂਦਾ ਰਹਿੰਦਾ ਸੀ। ਉਹ ਸਾਲਾਨਾ ਇਮਤਿਹਾਨ `ਚੋਂ ਫੇਲ੍ਹ ਹੋ ਗਿਆ ਤਾਂ ਉਹਦਾ ਅਨਪੜ੍ਹ ਪਿਓ ਆਖੀ ਜਾਵੇ, “ਸਾਡੇ ਮੁੰਡੇ ਨੂੰ ਤਾਂ ਆਹ ਪੱਦਘੁੱਟਣੀ ਜੀ ਲੈ ਬੈਠੀ। ਬਥੇਰਾ ਕਿਹਾ ਬਈ ਨਾ ਸੁਆ, ਨਾ ਸੁਆ। ਪਰ ਇਹ ਵੱਡਾ ਸ਼ੁਕੀਨ ਅੰਗਰੇਜ਼ਾਂ ਦੀ ਰੀਸ ਕਰ ਕੇ ਹੀ ਹਟਿਆ। ਹੁਣ ਨਾਲੇ ਤਾਂ ਸਾਲ ਮਰਵਾ ਲਿਆ, ਨਾਲੇ ਸਾਰਾ ਸਾਲ ਝਾੜੇ ਜਾਣੋਂ ਵੀ ਔਖਾ ਰਿਹਾ!” ਹੋ ਸਕਦੈ ਉਹਦੀਆਂ ਗੱਲਾਂ ਦਾ ਵੀ ਮੇਰੇ `ਤੇ ਅਸਰ ਹੋ ਗਿਆ ਹੋਵੇ ਜਿਸ ਕਰਕੇ ਮੈਂ ਪੈਂਟ ਪਾਉਣੋਂ ਗਿਅ੍ਹਾਰਵੀਂ ਜਮਾਤ ਦੇ ਅਖ਼ੀਰ ਤਕ ਬਚਿਆ ਰਿਹਾ।

Additional Info

  • Writings Type:: A single wirting
Read 3869 times Last modified on Tuesday, 13 October 2009 17:51
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।