ਸਾਡੇ ਪਿੰਡਾਂ ਵੱਲ 1947 ਦੇ ਸਾਲ ਨੂੰ ਰੌਲਿਆਂ ਵਾਲਾ ਸਾਲ ਕਹਿੰਦੇ ਹਨ। ਆਜ਼ਾਦੀ ਦਾ ਸਾਲ ਉਨ੍ਹਾਂ ਦੇ ਮੂੰਹ ਨਹੀਂ ਚੜ੍ਹਿਆ। ਕਈ ਹੱਲਿਆਂ ਗੁੱਲਿਆਂ ਤੇ ਵੱਢ-ਟੁੱਕ ਦੇ ਦਿਨ ਵੀ ਕਹਿ ਦਿੰਦੇ ਹਨ। ਮੈਂ ਉਦੋਂ ਸੱਤਾਂ ਸਾਲਾਂ ਦਾ ਸਾਂ ਤੇ ਦੂਜੀ ਵਿੱਚ ਪੜ੍ਹਦਾ ਸਾਂ। ਮਿਰਾਸੀਆਂ ਤੇ ਜੁਲਾਹਿਆਂ ਦੇ ਮੁੰਡੇ ਮੇਰੇ ਪਹਿਲੇ ਆੜੀ ਸਨ ਜੋ ਜਲੂਸ ਸਮੇਂ ਸ਼ਬਦ ਗਾਇਆ ਕਰਦੇ ਸਨ-ਉੱਚਾ ਦਰ ਬਾਬੇ ਨਾਨਕ ਦਾ … ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ …। ਅਸੀਂ ਰੇਤੇ ਦੇ ਘਰ ਬਣਾਉਂਦੇ ਤੇ ਬੇਰੀਆਂ ਦੇ ਬੇਰ ਚੁਗਦੇ। ਕਈ ਵਾਰ ਖੇਡਦਿਆਂ ਨੂੰ ਰਾਤ ਪੈ ਜਾਂਦੀ। ਉਦੋਂ ਨਹੀਂ ਸੀ ਪਤਾ ਕਿ ਮੇਰੇ ਆੜੀਆਂ ਨੂੰ ਅਚਾਨਕ ਆਪਣੇ ਵਸਦੇ ਘਰਾਂ `ਚੋਂ ਉੱਜੜਨਾ ਪਵੇਗਾ ਤੇ ਸਾਡਾ ਸਦੀਵੀ ਵਿਛੋੜਾ ਪੈ ਜਾਵੇਗਾ।
ਜੁਲਾਹਿਆਂ ਦੀ ਹਸ਼ਮਤੇ ਤੇ ਮਰਾਸੀਆਂ ਦੀ ਦੈਹਤਾਂ ਮੇਰੀਆਂ ਭੂਆਂ ਨਾਲ ਸਾਡੇ ਘਰ ਛੋਪ ਕੱਤਿਆ ਕਰਦੀਆਂ ਸਨ। ਉਹ ਬਾਤਾਂ ਪਾਉਂਦੀਆਂ ਤੇ ਗੀਤ ਗਾਉਂਦੀਆਂ। ਫਾਤਾਂ ਘੁਮਿਆਰੀ ਕਦੇ ਕਦੇ ਸਾਡੇ ਘਰ ਆਉਂਦੀ ਜੋ ਮੈਨੂੰ ਲਾਡ ਲਡਾਉਂਦੀ। ਉਹ ਦੀਵੇ, ਕੁੱਜੇ, ਘੜੇ, ਬੱਠਲੀਆਂ, ਬੱਲ੍ਹਣੀਆਂ, ਚਟੂਰੇ, ਕਾੜ੍ਹਨੀਆਂ, ਤੌੜੀਆਂ, ਚੱਪਣ ਤੇ ਝਾਵੇਂ ਵੰਡਦੀ ਰਹਿੰਦੀ। ਉਹਨਾਂ ਬਦਲੇ ਦਾਣੇ ਲੈ ਜਾਂਦੀ। ਨੂੰਨ੍ਹਾਂ ਤੇ ਸ਼ੇਰਾ ਸਾਡੇ ਗੁਆਂਢੀ ਸਨ। ਮੋਚੀਆਂ ਦਾ ਘਰ ਨੇੜੇ ਈ ਸੀ ਤੇ ਕੋਲ ਈ ਤੇਲੀਆਂ ਦਾ ਕੋਹਲੂ ਚਲਦਾ ਹੁੰਦਾ ਸੀ। ਨਿਆਮਤ ਦੀਨ ਦਰਜ਼ੀ ਤੋਂ ਮੇਰੀ ਭੂਆ ਕਪੜੇ ਸੀਣਾ ਸਿੱਖਦੀ ਸੀ। ਸੰਢਲਾਂ ਦਾ ਵਿਹੜਾ ਕਾਫੀ ਖੁੱਲ੍ਹਾ ਸੀ ਜਿਥੇ ਅਸੀਂ ਖੇਡਣ ਚਲੇ ਜਾਂਦੇ। ਸਾਡੇ ਪਿੰਡ `ਚ ਵੱਸਦੇ ਮੁਸਲਮਾਨਾਂ ਦੀਆਂ ਕੁੱਝ ਇਹੋ ਜਿਹੀਆਂ ਯਾਦਾਂ ਹਨ ਜੋ ਮੈਨੂੰ ਹੁਣ ਵੀ ਯਾਦ ਆ ਰਹੀਆਂ ਹਨ। ਬੱਚਾ ਸਾਂ ਇਸ ਲਈ ਮੁਸਲਮਾਨਾਂ ਤੇ ਸਿੱਖਾਂ ਦੇ ਫਰਕ ਦਾ ਕੋਈ ਪਤਾ ਨਹੀਂ ਸੀ। ਨਾਲੇ ਬੱਚਿਆਂ ਨੂੰ ਕੀ ਪਤਾ ਹੁੰਦੈ ਕਿ ਧਰਮ ਬੰਦਿਆਂ ਨੂੰ ਕਿਵੇਂ ਵੰਡ ਦਿੰਦੈ? ਮੈਂ ਤਾਂ ਹੁਣ ਵੀ ਸਮਝਦਾਂ ਕਿ ਧਰਮ ਦੇ ਨਾਂ `ਤੇ ਸ਼ੈਤਾਨ ਬੰਦੇ ਹੀ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਤੇ ਮਰਵਾਉਂਦੇ ਨੇ। ਧਰਮ ਨੂੰ ਮਾੜੇ ਬੰਦਿਆਂ ਨੇ ਹੀ ਬਦਨਾਮ ਕੀਤੈ।ਇਕ ਦਿਨ ਅਸੀਂ ਗੁਰੂਘਰ ਦੇ ਸਕੂਲ ਵਿੱਚ ਪੜ੍ਹ ਰਹੇ ਸਾਂ ਕਿ ਇੱਕ ਬੰਦੇ ਨੇ ਭੱਜੇ ਆਉਂਦਿਆਂ ਖ਼ਬਰ ਦਿੱਤੀ ਬਈ ਮਸੀਤ `ਚ ਬੰਬ ਚੱਲ ਗਿਆ। ਸਾਨੂੰ ਸਾਰਿਆਂ ਨੂੰ ਇੱਕ ਕਮਰੇ ਵਿੱਚ `ਕੱਠੇ ਕਰ ਲਿਆ ਗਿਆ। ਮਾਸਟਰ ਬੂਹੇ ਵਿੱਚ ਖੜ੍ਹੇ ਸਨ ਤੇ ਸਾਨੂੰ ਚੁੱਪ ਚਾਪ ਬੈਠੇ ਰਹਿਣ ਲਈ ਕਹਿ ਰਹੇ ਸਨ। ਅਸੀਂ ਡਰੇ ਹੋਏ ਸਾਂ ਤੇ ਕੁਸਕ ਨਹੀਂ ਸਾਂ ਰਹੇ। ਬਾਹਰ ਭੱਜੇ ਜਾਂਦੇ ਬੰਦਿਆਂ ਦਾ ਬੋਲ ਬੁਲਾਰਾ ਸੁਣ ਰਿਹਾ ਸੀ। ‘ਮਰਗੇ ਮਾਰਤੇ’ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮਾਸਟਰ ਸਾਨੂੰ ਹੌਂਸਲਾ ਦੇ ਰਹੇ ਸਨ, “ਡਰੋ ਨਾ ਪਰ ਚੁੱਪ ਰਹੋ।”ਉਹ ਦ੍ਰਿਸ਼ ਮੈਨੂੰ ਅੱਜ ਵੀ ਸਾਫ ਵਿਖਾਈ ਦਿੰਦਾ ਹੈ। ਸਾਡੇ ਸਕੂਲ ਵਿੱਚ ਮੁਸਲਮਾਨਾਂ ਦੇ ਬੱਚੇ ਵੀ ਪੜ੍ਹਦੇ ਸਨ। ਫਿਰ ਵਿਦਿਆਰਥੀਆਂ ਦੇ ਮਾਪੇ ਆਉਂਦੇ ਗਏ ਤੇ ਬੱਚਿਆਂ ਨੂੰ ਸਕੂਲੋਂ ਘਰ ਲੈ ਜਾਂਦੇ ਰਹੇ। ਘਰ ਜਾ ਕੇ ਗੱਲਾਂ ਸੁਣੀਆਂ ਕਿ ਬਾਹਰੋਂ ਆਏ ਲੁਟੇਰਿਆਂ ਨੇ ਮਸੀਤ ਵਿੱਚ ਬੈਠੇ ਮੁਸਲਮਾਨਾਂ `ਤੇ ਬੰਬ ਸੁੱਟਿਆ ਸੀ ਤੇ ਉਨ੍ਹਾਂ ਨੂੰ ਲੁੱਟਿਆ ਮਾਰਿਆ ਸੀ। ਸਾਡੇ ਘਰ ਦੇ ਇਸ ਨੂੰ ਬੜਾ ਮਾੜਾ ਕਾਰਾ ਆਖ ਰਹੇ ਸਨ। ਉਨ੍ਹਾਂ ਦੀ ਹਮਦਰਦੀ ਲੁੱਟੇ ਮਾਰੇ ਗਿਆਂ ਨਾਲ ਸੀ। ਉਸ ਤੋਂ ਬਾਅਦ ਸਾਡੇ ਮੁਸਲਮਾਨ ਗੁਆਂਢੀ ਆਪਣੇ ਬਲਦ ਸਾਡੇ ਘਰ ਬੰਨ੍ਹਣ ਲੱਗ ਪਏ ਕਿ ਕੋਈ ਲੁਟੇਰਾ ਨਾ ਖੋਲ੍ਹ ਕੇ ਲੈ ਜਾਵੇ। ਸਾਡੇ ਘਰ ਨੂੰ ਉਹ ਸੁਰੱਖਿਅਤ ਸਮਝਦੇ ਸਨ। ਇਹਦਾ ਵੀ ਕਾਰਨ ਸੀ। ਇੱਕ ਤਾਂ ਸਾਡੇ ਬਾਬੇ ਰੱਬ ਦਾ ਨਾਂ ਲੈਣ ਵਾਲੇ ਬੰਦੇ ਸਨ ਤੇ ਦੂਜਾ ਸਾਡੇ ਬਾਪੂ ਹੋਰੀਂ ਅਜੇ ਪਾਕਿਸਤਾਨ ਵਿੱਚ ਹੀ ਫਸੇ ਹੋਏ ਸਨ। ਸਾਨੂੰ ਸਾਡੇ ਬਾਪੂ ਤੇ ਬਾਕੀ ਦਿਆਂ ਦਾ ਫਿਕਰ ਸੀ ਬਈ ਉਹਨਾਂ ਨਾਲ ਕੀ ਬੀਤਦੀ ਹੋਊ? ਬੇਬੇ ਤੇ ਅੰਮਾਂ ਬਿੰਦੇ ਝੱਟੇ ਡੁਸਕ ਪੈਂਦੀਆਂ। ਬਾਬੇ ਹੋਰੀਂ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦੇ। ਬਾਪੂ ਹੋਰਾਂ ਦੀ ਕਿਤੋਂ ਸੋਅ ਨਹੀਂ ਸੀ ਆ ਰਹੀ। ਕੀ ਪਤਾ ਉਹ ਜਿਊਂਦੇ ਸਨ ਜਾਂ …।ਸਾਡੇ ਬਾਬੇ ਖੇਤੀ ਦਾ ਕੰਮ ਕਰਨ ਨੂੰ ਤਕੜੇ ਸਨ। ਉਹ ਹਰ ਸਾਲ ਘੁਮਾਂ ਦੋ ਘੁਮਾਂ ਜ਼ਮੀਨ ਗਹਿਣੇ ਲੈ ਲੈਂਦੇ। ਸੌ ਡੂਢ ਸੌ ਨੂੰ ਗਹਿਣੇ ਲੈ ਕੇ ਕਹਿੰਦੇ, “ਲੈ ਹੁਣ ਪੁੱਤ ਪੋਤੇ ਵੀ ਨੀ ਛੁਡਾ ਸਕਦੇ।” ਮੰਦੇ ਭਾਅ ਸਨ। ਮਣ ਕਣਕ ਦਾ ਭਾਅ ਦੋ ਢਾਈ ਰੁਪਏ ਸੀ। ਮੱਕੀ ਨਾਲ ਭਰੇ ਗੱਡੇ ਦੇ ਮਸਾਂ ਵੀਹ ਪੱਚੀ ਰੁਪਏ ਵੱਟੇ ਜਾਂਦੇ। ਉਦੋਂ ਜ਼ਮੀਨਾਂ ਬੈਅ ਘੱਟ ਹੀ ਹੁੰਦੀਆਂ ਸਨ ਤੇ ਜੱਟ ਅੜੇ ਥੁੜੇ ਇੱਕ ਅੱਧਾ ਖੇਤ ਗਹਿਣੇ ਕਰ ਦਿੰਦੇ ਸਨ। ਜਦੋਂ ਦੂਜੀ ਵਿਸ਼ਵ ਜੰਗ ਲੱਗੀ ਤਾਂ ਜਿਣਸਾਂ ਦੇ ਭਾਅ ਇੱਕ ਦਮ ਵਧ ਗਏ। ਕਣਕ ਦਾ ਗੱਡਾ ਸੌ ਰੁਪਏ ਤੋਂ ਵੀ ਵੱਧ ਵਟਾਉਣ ਲੱਗਾ। ਜਿਨ੍ਹਾਂ ਦੀਆਂ ਜ਼ਮੀਨਾਂ ਗਹਿਣੇ ਸਨ ਉਨ੍ਹਾਂ ਨੇ ਪੈਸੇ ਮੋੜ ਕੇ ਜ਼ਮੀਨਾਂ ਛੁਡਾ ਲਈਆਂ। ਸਾਡੇ ਬਾਬਿਆਂ ਕੋਲੋਂ ਵੀ ਗਹਿਣੇ ਲਈਆਂ ਜ਼ਮੀਨਾਂ ਛੁੱਟ ਗਈਆਂ। ਜਿਹੜੇ ਪੈਸੇ ਉਨ੍ਹਾਂ ਨੂੰ ਵਾਪਸ ਮਿਲੇ ਉਹਨਾਂ ਨਾਲ ਉਨ੍ਹਾਂ ਨੇ ਰਿਆਸਤ ਬਹਾਵਲਪੁਰ ਵਿੱਚ ਜ਼ਮੀਨ ਜਾ ਖਰੀਦੀ। ਫਿਰ ਸਾਡੀ ਖੇਤੀ ਦੋਹੀਂ ਥਾਈਂ ਹੋਣ ਲੱਗੀ।ਸਾਡਾ ਬਾਪੂ ਜੀ ਅੱਸੀ ਸਾਲ ਦੇ ਕਰੀਬ ਜੀਵੇ। ਉਹ ਪਾਕਿਸਤਾਨ ਤੋਂ ਉਜੜਨ ਦੀ ਆਪਣੀ ਹੱਡ ਬੀਤੀ ਸਾਨੂੰ ਤੇ ਹੋਰਨਾਂ ਨੂੰ ਵਾਰ ਵਾਰ ਸੁਣਾਉਂਦੇ ਰਹੇ। ਮਰਨ ਤੋਂ ਕੁੱਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਉਹੀ ਵਿਥਿਆ ਕੈਨੇਡਾ ਵਿੱਚ ਮੇਰੇ ਮਰਹੂਮ ਮਿੱਤਰ ਬੰਤ ਸਿੰਘ ਸਿੱਧੂ ਨੂੰ ਸੁਣਾਈ ਸੀ। ਇਹ ਗੱਲ ਬੰਤ ਨੇ ਆਪਣੇ ਮਰਨ ਤੋਂ ਕੁੱਝ ਦਿਨ ਪਹਿਲਾਂ ਹੀ ਮੈਨੂੰ ਦੱਸੀ ਸੀ। ਸਾਡੇ ਪਿਤਾ ਦਾ ਦਿਹਾਂਤ ਕੈਲੀਫੋਰਨੀਆ ਵਿੱਚ ਸਾਡੇ ਛੋਟੇ ਭਰਾ ਭਜਨ ਸਿੰਘ ਕੋਲ ਹੋਇਆ ਸੀ। ਬੁੱਢੇਵਾਰੇ ਉਨ੍ਹਾਂ ਨੂੰ ਅਮਰੀਕਾ ਤੇ ਕੈਨੇਡਾ ਜਾਣ ਦਾ ਮੌਕਾ ਮਿਲਿਆ ਸੀ। ਇਹ ਸਮਝ ਲਓ ਕਿ ਮੌਤ ਨੇ ਹੀ ਉਨ੍ਹਾਂ ਨੂੰ ਅਮਰੀਕਾ ਬੁਲਾਇਆ ਸੀ। ਜਦੋਂ ਉਨ੍ਹਾਂ ਤੋਂ ਕੋਈ ਪੁਰਾਣੀ ਗੱਲ ਪੁੱਛਦਾ ਤਾਂ ਉਹ ਪਾਕਿਸਤਾਨ `ਚੋਂ ਉੱਜੜ ਕੇ ਆਉਣ ਦੀਆਂ ਗੱਲਾਂ ਹੀ ਸੁਣਾਉਣ ਲੱਗਦੇ।ਸਾਡੇ ਬਾਬਿਆਂ ਨੇ ਮੇਰੇ ਜਨਮ ਤੋਂ ਤਿੰਨ ਚਾਰ ਸਾਲ ਬਾਅਦ ਬਹਾਵਲਪੁਰ ਦੀ ਤਹਿਸੀਲ ਚਿਸ਼ਤੀਆਂ ਦੇ ਚੱਕ ਨੰਬਰ 10 ਤੇ 11 ਗਿਆਰਾਂ ਵਿੱਚ ਜ਼ਮੀਨ ਖਰੀਦੀ ਸੀ। ਉਥੇ ਸਾਡਾ ਬਾਪੂ ਤੇ ਉਨ੍ਹਾਂ ਦੇ ਤਾਏ ਦਾ ਪੁੱਤ ਚਾਚਾ ਚੰਦ ਸਿੰਘ ਹਾੜ੍ਹੀ ਸਾਉਣੀ ਜਾਂਦੇ। ਉਹ ਜਗਰਾਓਂ ਤੋਂ ਰੇਲ ਗੱਡੀ ਚੜ੍ਹਦੇ ਜਿਹੜੀ ਫਿਰੋਜ਼ਪੁਰ ਫਾਜ਼ਿਲਕਾ ਹੁੰਦੀ ਹੋਈ ਉਨ੍ਹਾਂ ਨੂੰ ਰਿਆਸਤ ਬਹਾਵਲਪੁਰ ਦੇ ਚੱਕਾਂ ਤਕ ਲੈ ਜਾਂਦੀ। ਸਾਡੀ ਮਾਂ ਦੇ ਕੁੱਛੜ ਮੇਰਾ ਛੋਟਾ ਭਰਾ ਦਰਸ਼ਨ ਸੀ ਜੋ 1945 ਵਿੱਚ ਜੰਮਿਆ ਸੀ। ਸਾਡੀ ਮਾਂ ਵੀ ਕੁੱਛੜ ਦੇ ਬਾਲ ਨਾਲ ਕੁੱਝ ਸਮਾਂ ਚੱਕਾਂ ਵਿੱਚ ਰਹੀ ਸੀ। ਮੈਂ ਤੇ ਮੇਰਾ ਵੱਡਾ ਭਰਾ ਕਦੇ ਬਹਾਵਲਪੁਰ ਨਹੀਂ ਸਾਂ ਗਏ। ਅਸੀਂ ਦਾਦੇ ਦਾਦੀਆਂ ਦੇ ਵੱਡੇ ਸਾਂਝੇ ਪਰਿਵਾਰ ਵਿੱਚ ਹੀ ਰਹੇ ਸਾਂ। 1947 ਵਿੱਚ ਜਦੋਂ ਰੌਲੇ ਗੌਲੇ ਦੀਆਂ ਹਵਾਈਆਂ ਉਡਣ ਲੱਗੀਆਂ ਤਾਂ ਸਾਡੇ ਬਾਪੂ ਨੇ ਸਾਡੀ ਮਾਂ ਨੂੰ ਚਾਚੇ ਚੰਦ ਸਿੰਘ ਨਾਲ ਪਿੰਡ ਭੇਜ ਦਿੱਤਾ। ਪਿੱਛੇ ਉਹ ਇਕੱਲੇ ਰਹਿ ਗਏ। `ਕੱਲਾ ਬਾਪੂ ਮੱਝ ਚੋ ਲੈਂਦਾ, ਦੁੱਧ ਪੀ ਲੈਂਦਾ ਤੇ ਬਚਦਾ ਡੋਲਣੇ `ਚ ਪਾ ਕੇ ਦਰੱਖਤ ਦੇ ਟਾਹਣੇ ਨਾਲ ਟੰਗ ਦਿੰਦਾ। ਭੁੱਖ ਤੇਹ ਉਹ ਦੁੱਧ ਨਾਲ ਹੀ ਬੁਝਾਉਂਦੇ। ਇਉਂ ਉਹ ਦੁੱਧ ਪੀ ਕੇ ਦਿਨ ਕੱਟੀ ਕਰੀ ਗਏ ਤੇ ਰੋਟੀ ਟੁੱਕ ਪਕਾਉਣ ਦੀ ਖੇਚਲ ਤੋਂ ਬਚੇ ਰਹੇ।ਉਥੇ ਸਾਡੇ ਸਕਿਆਂ ਦੀਆਂ ਵੀ ਜ਼ਮੀਨਾਂ ਸਨ। ਸਾਡੇ ਬਾਬਿਆਂ ਦੇ ਤਾਏ ਚਾਚੇ ਦੇ ਪੁੱਤਰ ਮੱਘਰ ਸਿੰਘ ਤੇ ਕਰਤਾਰ ਸਿੰਘ ਸਨ। ਬਾਬਾ ਕਰਤਾਰਾ ਬੜਾ ਰੋਹਬਦਾਰ ਬੰਦਾ ਸੀ। ਉਹ ਸਵਾ ਛੇ ਫੁੱਟਾ ਜੁਆਨ ਸੀ। ਉਹ ਦੇਸੀ ਪਿਸਤੌਲ ਡੱਬ `ਚ ਰੱਖਦਾ ਸੀ ਤੇ ਭਲਵਾਨੀ ਵੀ ਕਰਦਾ ਸੀ। ਬਾਬਿਆਂ ਨੇ ਸਾਰੀ ਜ਼ਮੀਨ ਮੱਘਰ ਸਿੰਘ ਦੇ ਨਾਂ ਲੁਆ ਕੇ ਉਸ ਨੂੰ ਨੰਬਰਦਾਰੀ ਦੁਆਈ ਹੋਈ ਸੀ। ਉਥੇ ਬਹੁਤੀ ਜ਼ਮੀਨ ਵਾਲੇ ਨੂੰ ਹੀ ਨੰਬਰਦਾਰੀ ਮਿਲਦੀ ਸੀ। ਹੋਰਨਾਂ ਦੀ ਜ਼ਮੀਨ ਨਾਲ ਨੰਬਰਦਾਰੀ ਤਾਂ ਮਿਲ ਗਈ ਪਰ ਜਦੋਂ ਉਹਦੇ ਬਦਲੇ ਚੜ੍ਹਦੇ ਪੰਜਾਬ ਵਿੱਚ ਜ਼ਮੀਨ ਅਲਾਟ ਹੋਈ ਤਾਂ ਉਸ ਨੂੰ ਵੱਡੀ ਕੱਟ ਲੱਗੀ ਤੇ ਉਹ ਸ਼ਰੀਕਾਂ ਦੀ ਜ਼ਮੀਨ ਨਾ ਮੋੜ ਸਕਿਆ। ਉਹ ਨੰਬਰਦਾਰ ਸੀ ਅਤੇ ਬਹੁਤੀ ਜ਼ਮੀਨ ਦਾ ਮਾਲਕ ਹੋਣ ਕਾਰਨ ਖੇਤੀ ਵਿੱਚ ਖਚਤ ਰਿਹਾ ਤੇ ਆਪਣਾ ਟੱਬਰ ਟੀਹਰ ਵੀ ਪਿੱਛੇ ਨਾ ਭੇਜ ਸਕਿਆ। ਓਧਰ ਰੌਲੇ ਗੌਲੇ ਵਧਦੇ ਗਏ ਤੇ ਨੌਬਤ ਮਰਨ ਮਾਰਨ ਉਤੇ ਆ ਗਈ। ਮੱਘਰ ਸਿੰਘ ਦੇ ਪਰਿਵਾਰ ਤੋਂ ਬਿਨਾਂ ਬਾਕੀ ਸਭ ਨੇ ਬੱਚੇ ਤੇ ਬੁੜ੍ਹੀਆਂ ਪਿਛਲੇ ਪਿੰਡਾਂ ਨੂੰ ਭੇਜ ਦਿੱਤੇ ਸਨ। ਬੰਦੇ ਸਮਝਦੇ ਸਨ ਕਿ ਅਸੀਂ ਤਾਂ ਭੱਜ ਕੇ ਵੀ ਨਿਕਲ ਜਾਵਾਂਗੇ ਤੇ ਜੇ ਮਰਨਾ ਈ ਪਿਆ ਤਾਂ ਬਰਾਬਰ ਮਾਰ ਕੇ ਮਰਾਂਗੇ।ਦਸ ਗਿਆਰਾਂ ਚੱਕ ਦੇ ਮੁਸਲਮਾਨ ਕਹਿੰਦੇ ਸਨ, “ਸਰਦਾਰੋ ਜਾਓ ਨਾ, ਅਸੀਂ ਤੁਹਾਨੂੰ ਕੁੱਝ ਨਹੀਂ ਹੋਣ ਦਿੰਦੇ।” ਪਰ ਇੱਕ ਦਿਨ ਮਸੀਤ `ਚ `ਕੱਠੇ ਹੋਏ ਮੁਸਲਮਾਨਾਂ ਨੇ ਬੰਦਾ ਭੇਜ ਦਿੱਤਾ ਕਿ ਪਿੰਡ ਦੇ ਸਾਰੇ ਸਿੱਖ ਤੁਰਤ ਮਸੀਤ `ਚ ਆਉਣ। ਓਧਰ ਕਿਸੇ ਭੇਤੀ ਬੰਦੇ ਨੇ ਸੂਹ ਦੇ ਦਿੱਤੀ ਕਿ ਓਥੇ ਉਹ ਤੁਹਾਨੂੰ ਮੁਸਲਮਾਨ ਬਣਨ ਲਈ ਕਹਿਣਗੇ। ਜਿਹੜੇ ਬਣ ਜਾਣਗੇ ਬਚ ਜਾਣਗੇ ਤੇ ਜਿਹੜੇ ਜਵਾਬ ਦੇਣਗੇ ਮਾਰੇ ਜਾਣਗੇ। ਮੱਘਰ ਸਿੰਘ ਦੇ ਪਰਿਵਾਰ ਨੂੰ ਤਾਂ ਮਸੀਤ `ਚ ਜਾਣਾ ਈ ਪੈਣਾ ਸੀ ਕਿਉਂਕਿ ਛੋਟੇ ਛੋਟੇ ਬਾਲ ਬੱਚੇ ਸਨ ਪਰ ਸਾਡਾ ਬਾਪੂ, ਬਾਬਾ ਕਰਤਾਰਾ ਤੇ ਬਾਬੇ ਮੱਘਰ ਸਿੰਘ ਦਾ ਇਕੋ ਇੱਕ ਜੁਆਨ ਪੁੱਤਰ ਚਾਚਾ ਜਗੀਰ ਸਿੰਘ ਨਾਬਰ ਹੋ ਗਏ। ਉਨ੍ਹਾਂ ਨੇ ਬਰਛੇ ਚੁੱਕ ਲਏ ਤੇ ਮਰਨ ਮਾਰਨ ਦੀ ਠਾਣ ਲਈ। ਕੁੱਝ ਕਪੜੇ ਤੇ ਖਾਣਾ ਦਾਣਾ ਲੈ ਕੇ ਉਹ ਪਿੰਡੋਂ ਨਿਕਲ ਪਏ। ਬਾਬਾ ਮੱਘਰ ਸਿੰਘ ਮਸੀਤ ਵਿੱਚ ਚਲਾ ਗਿਆ ਤੇ ਈਨ ਮੰਨ ਕੇ ਬੱਚਿਆਂ ਨੂੰ ਬਚਾ ਗਿਆ।ਬਾਪੂ ਹੋਰੀਂ ਸਮਝਦੇ ਸਨ ਕਿ ਉਹ ਰਾਤ ਨੂੰ ਸਫ਼ਰ ਕਰ ਕੇ ਰਾਜਸਥਾਨ ਪੁੱਜ ਜਾਣਗੇ ਤੇ ਫਿਰ ਪਿੰਡ ਅੱਪੜ ਜਾਣਗੇ। ਪਰ ਇਹ ਏਨਾ ਸੌਖਾ ਸਫ਼ਰ ਨਹੀਂ ਸੀ। ਪਿੰਡੋਂ ਨਿਕਲਦਿਆਂ ਹੀ ਉਹਨਾਂ ਦੇ ਮਗਰ ਵਾਹਰ ਲੱਗ ਗਈ। ਤਿੰਨੇ ਜਣੇ ਭੱਜ ਕੇ ਇੱਕ ਝਿੜੀ ਵਿੱਚ ਜਾ ਲੁਕੇ। ਝਿੜੀ ਨੂੰ ਵਾਹਰ ਨੇ ਘੇਰਾ ਪਾ ਲਿਆ। ਬਾਬਾ ਕਰਤਾਰਾ ਜਿਹੜਾ ਹਰ ਵੇਲੇ ਡੱਬ `ਚ ਹਥਿਆਰ ਰੱਖਦਾ ਸੀ ਉੱਦਣ ਉਸ ਦਾ ਦੇਸੀ ਪਿਸਤੌਲ ਕੋਈ ਹੋਰ ਲੈ ਗਿਆ ਹੋਇਆ ਸੀ ਤੇ ਉਹ ਵੀ ਖਾਲੀ ਹੱਥ ਸੀ। ਤਿੰਨਾਂ ਕੋਲ ਸਿਰਫ ਬਰਛੇ ਹੀ ਸਨ। ਪਰ ਵਾਹਰ ਨੂੰ ਡਰ ਸੀ ਕਿ ਕਰਤਾਰੇ ਭਲਵਾਨ ਕੋਲ ਪਿਸਤੌਲ ਹੋਵੇਗਾ। ਉਹ ਨੇੜੇ ਨਹੀਂ ਸਨ ਲੱਗ ਰਹੇ ਪਰ ਘੇਰਾ ਪਾਇਆ ਹੋਇਆ ਸੀ ਤੇ `ਵਾਜ਼ਾਂ ਦੇ ਰਹੇ ਸਨ ਕਿ ਬਾਹਾਂ ਖੜ੍ਹੀਆਂ ਕਰ ਕੇ ਬਾਹਰ ਆ ਜਾਓ, ਅਸੀਂ ਕੁੱਝ ਨਹੀਂ ਕਹਿੰਦੇ। ਸਾਡੇ ਬਾਪੂ ਹੋਰੀਂ ਇੱਕ ਅਜਿਹੇ ਰੁੱਖ ਦੇ ਹੇਠਾਂ ਲੁਕੇ ਬੈਠੇ ਸਨ ਜੀਹਦੀਆਂ ਟਾਹਣੀਆਂ ਝੁਕ ਕੇ ਧਰਤੀ ਨਾਲ ਲੱਗੀਆਂ ਹੋਈਆਂ ਸਨ। ਉਹ ਘੇਰਾ ਪਾਉਣ ਵਾਲਿਆਂ ਨੂੰ ਨਹੀਂ ਸਨ ਦਿਸਦੇ। ਬਰਛੇ ਉਨ੍ਹਾਂ ਦੇ ਕੋਲ ਸਨ। ਉਨ੍ਹਾਂ ਨੇ ਮਿੱਥ ਲਿਆ ਸੀ ਕਿ ਮੁਸਲੇ ਉਨ੍ਹਾਂ `ਤੇ ਆ ਹੀ ਚੜ੍ਹੇ ਤਾਂ ਉਹ ਫਲਾਣੇ ਫਲਾਣੇ ਮੋਹਰੀ ਨੂੰ ਪਹਿਲਾਂ ਪੈਣਗੇ। ਇਸ ਨਾਲ ਵਾਹਰ `ਚ ਭਗਦੜ ਮੱਚ ਜਾਵੇਗੀ ਤੇ ਉਹ ਭੱਜ ਜਾਣਗੇ।ਦਿਨ ਛਿਪਿਆ ਤਾਂ ਵਾਹਰ ਨੂੰ ਵਾਪਸ ਮੁੜਨਾ ਪਿਆ। ਉਤੋਂ `ਨ੍ਹੇਰੀ ਰਾਤ ਸੀ। ਬਾਪੂ ਹੋਰੀਂ ਝਿੜੀ `ਚੋਂ ਬਾਹਰ ਨਿਕਲੇ ਤੇ ਤਾਰਿਆਂ ਦੀ ਸੇਧ ਲੈ ਕੇ ਰਾਜਸਥਾਨ ਵੱਲ ਨੂੰ ਚੱਲ ਪਏ। ਖਾਣ ਪੀਣ ਦਾ ਸਮਾਨ ਤੇ ਕਪੜੇ ਉਨ੍ਹਾਂ ਦੇ ਵਾਹਰ ਮੂਹਰੇ ਭੱਜਦਿਆਂ ਡਿੱਗ ਪਏ ਸਨ। ਚਾਚਾ ਜਗੀਰ ਸਿੰਘ ਕੁੱਝ ਕਮਜ਼ੋਰਾ ਸੀ ਤੇ ਤੁਰਦਿਆਂ ਪਿੱਛੇ ਰਹਿ ਜਾਂਦਾ ਸੀ। ਬਾਬਾ ਕਰਤਾਰਾ ਉਹਨੂੰ ਡਾਂਟਦਾ, “ਓਦੋਂ ਦੁੱਧ ਨੀ ਸੀ ਪੀਂਦਾ ਹੁੰਦਾ, ਹੁਣ ਮਰ `ਗਾਂਹ।” ਉਹ ਭੱਜ ਕੇ ਨਾਲ ਰਲਦਾ। ਰਾਤੋ ਰਾਤ ਉਨ੍ਹਾਂ ਨੇ ਵੀਹ ਪੱਚੀ ਕੋਹ ਸਫ਼ਰ ਕੀਤਾ ਹੋਵੇਗਾ। ਪਹੁਫੁਟਾਲੇ ਨਾਲ ਉਨ੍ਹਾਂ ਨੂੰ ਲੱਗਾ ਜਿਵੇਂ ਉਹ ਰਾਜਸਥਾਨ ਦੀ ਹੱਦ ਦੇ ਨੇੜੇ ਪਹੁੰਚ ਗਏ ਹੋਣ। ਉਨ੍ਹਾਂ ਨੇ ਜੰਗਲ ਪਾਣੀ ਨਿਕਲੇ ਇੱਕ ਬੰਦੇ ਤੋਂ ਲਾਗਲੇ ਪਿੰਡ ਦਾ ਨਾਂ ਪੁੱਛਿਆ। ਨਾਂ ਸੁਣ ਕੇ ਉਹ ਹੈਰਾਨ ਰਹਿ ਗਏ ਕਿ ਉਹ ਤਾਂ ਦੂਜੇ ਪਾਸੇ ਮੁੜ ਗਏ ਸਨ ਤੇ ਹੱਦ ਤੋਂ ਹੋਰ ਵੀ ਦੂਰ ਚਲੇ ਗਏ ਸਨ। ਅਸਲ ਵਿੱਚ ਜਿਸ ਤਾਰੇ ਦੀ ਸੇਧ ਵਿੱਚ ਉਹ ਚੱਲੇ ਸਨ ਉਹ ਵੀ ਘੁੰਮਦਾ ਰਿਹਾ ਸੀ ਤੇ ਬਾਪੂ ਹੋਰਾਂ ਨੂੰ ਉਨ੍ਹਾਂ ਦੇ ਚੱਕਾਂ ਤੋਂ ਵੀ ਪਰ੍ਹਾਂ ਲੈ ਗਿਆ ਸੀ।ਦਿਨ ਦਾ ਚਾਨਣ ਖ਼ਤਰੇ ਤੋਂ ਖਾਲੀ ਨਹੀਂ ਸੀ। ਭੁੱਖ ਵੀ ਲੱਗੀ ਹੋਈ ਸੀ ਤੇ ਅਨੀਂਦਰਾ ਵੀ ਹੋ ਗਿਆ ਸੀ। ਸਾਉਣ ਭਾਦੋਂ ਦੇ ਦਿਨ ਸਨ। ਉਹਨਾਂ ਨੇ ਹਿੰਮਤ ਕਰ ਕੇ ਖੇਤਾਂ ਵਿੱਚ ਹਾਲੀਆਂ ਕੋਲ ਆਈ ਰੋਟੀ ਜਾ ਮੰਗੀ। ਇੱਕ ਹਾਲੀ ਨੇ ਬਾਬੇ ਕਰਤਾਰੇ ਨੂੰ ਪਛਾਣ ਲਿਆ ਬਈ ਇਹ ਤਾਂ ਦਸ ਚੱਕ ਵਾਲਾ ਭਲਵਾਨ ਐ। ਉਹ ਪੁੱਛਣ ਲੱਗਾ, “ਭਲਵਾਨਾਂ ਏਧਰ ਕਿਸੇ ਛਿੰਝ `ਤੇ ਆਏ ਸੀ?” ਅਸਲੀ ਗੱਲ ਬਾਬੇ ਨੇ ਵੀ ਨਾ ਦੱਸੀ ਪਰ ਗੱਲੀਂ ਬਾਤੀਂ ਪਿੰਡਾਂ ਦਾ ਰਾਹ ਪੁੱਛ ਲਿਆ। ਸਾਰਾ ਦਿਨ ਕਮਾਦਾਂ `ਚ ਲੁਕ ਕੇ ਕੱਟਿਆ ਤੇ ਰਾਤ ਨੂੰ ਫਿਰ ਚਾਲੇ ਪਾ ਦਿੱਤੇ। ਉਹ ਪਿੰਡਾਂ `ਚ ਨਹੀਂ ਸਨ ਵੜਦੇ। ਪਹੁ ਫੁੱਟੀ ਤਾਂ ਉਨ੍ਹਾਂ ਨੂੰ ਦਿਸਿਆ ਕਿ ਉਹ ਤਾਂ ਓਡਾਂ ਦੇ ਡੇਰੇ ਕੋਲੋਂ ਲੰਘ ਰਹੇ ਸਨ। ਕਿਸਮਤ ਚੰਗੀ ਸੀ ਕਿ ਓਡਾਂ ਦੇ ਕੁੱਤੇ ਨਹੀਂ ਸਨ ਮਗਰ ਪਏ। ਪੈ ਜਾਂਦੇ ਤਾਂ ਓਡਾਂ ਨੇ ਜਾਗ ਪੈਣਾ ਸੀ ਤੇ ਸਿੱਖ ਵੇਖ ਕੇ ਪਤਾ ਨਹੀਂ ਕੀ ਕਰਦੇ? ਪਾਸਾ ਵੱਟ ਕੇ ਉਹ ਫਿਰ ਉਜਾੜ `ਚ ਜਾ ਲੁਕੇ।ਇਕ ਰਾਤ ਪੁਲ `ਤੇ ਪਹਿਰਾ ਵੇਖ ਕੇ ਬਾਪੂ ਹੋਰੀਂ ਪਿੱਛੇ ਹਟ ਗਏ ਤੇ ਨਹਿਰ ਤਰ ਕੇ ਲੰਘੇ। ਫਿਰ ਵੀ ਪਹਿਰੇ ਵਾਲਿਆਂ ਨੂੰ ਪਤਾ ਲੱਗ ਗਿਆ ਤੇ ਉਹ ਉਨ੍ਹਾਂ ਦੇ ਸਿਰ `ਤੇ ਆ ਚੜ੍ਹੇ। ਬਾਪੂ ਤੇ ਬਾਬਾ ਮੂਹਰੇ ਭੱਜ ਪਏ ਤੇ ਚਾਚਾ ਪਿੱਛੇ ਰਹਿ ਗਿਆ। ਪਰ ਹੱਥ ਕੋਈ ਨਾ ਆਇਆ। ਬਾਪੂ ਹੋਰੀਂ ਕਮਾਦਾਂ `ਚ ਜਾ ਲੁਕੇ ਤੇ ਚਾਚਾ ਪਿੰਡ `ਚ ਘਿਰ ਕੇ ਇੱਕ ਘਰ ਦੀ ਖੁਰਲੀ `ਚ ਜਾ ਪਿਆ। ਪਹਿਰੇ ਵਾਲਿਆਂ ਨੇ ਪਿੰਡ ਨੂੰ ਜਗਾ ਲਿਆ ਹੋਇਆ ਸੀ। ਲਾਲਟੈਣਾਂ ਨਾਲ ਲੁਕਿਆਂ ਦੀ ਭਾਲ ਹੁੰਦੀ ਰਹੀ ਪਰ ਰਾਤ ਦੇ ਹਨ੍ਹੇਰੇ ਵਿੱਚ ਕੋਈ ਲੱਭ ਨਾ ਸਕਿਆ। ਓਧਰ ਬਾਬੇ ਤੇ ਬਾਪੂ ਨੂੰ ਚਾਚੇ ਦੇ ਪਿੱਛੇ ਰਹਿ ਜਾਣ ਦੀ ਚਿੰਤਾ ਸੀ। ਚਾਚੇ ਜਗੀਰ ਸਿੰਘ ਦੀ ਖੁਰਲੀ `ਚ ਪਿਆਂ ਅੱਖ ਲੱਗ ਗਈ ਸੀ। ਘਰ ਦੇ ਮਾਲਕ ਨੇ ਬਾਹਰ ਲੱਭਦੇ ਲਭਾਉਂਦਿਆਂ ਖੁਰਲੀ `ਚ ਪਿਆ ਬੰਦਾ ਵੇਖਿਆ ਤਾਂ ਹੱਥ `ਚ ਫੜਿਆ ਡੰਡਾ ਉਹਦੇ ਮਾਰ ਬੈਠਾ। ਚਾਚਾ ਤ੍ਰੱਭਕ ਕੇ ਉਠਿਆ। ਖੁਰਲੀ ਦੇ ਨਾਲ ਹੀ ਫਹੁੜਾ ਪਿਆ ਸੀ ਜੋ ਉਸ ਦੇ ਹੱਥ ਆ ਗਿਆ। ਉਹੀ ਉਸ ਨੇ ਘੁਕਾ ਕੇ ਘਰ ਵਾਲੇ ਦੇ ਸਿਰ `ਚ ਮਾਰਿਆ ਜਿਸ ਨਾਲ ‘ਮਰ ਗਿਆ’ ‘ਮਰ ਗਿਆ’ ਦਾ ਰੌਲਾ ਪੈ ਗਿਆ। ਚਾਚਾ ਸਣੇ ਫਹੁੜੇ ਕੰਧ ਟੱਪ ਕੇ ਬਾਹਰ ਆ ਡਿੱਗਾ ਤੇ ਭੱਜ ਨੱਠ ਕੇ ਬਚ ਗਿਆ। ਬਰਛਾ ਉਹਦਾ ਖੁਰਲੀ `ਚ ਈ ਪਿਆ ਰਹਿ ਗਿਆ।ਬਾਬੇ ਤੇ ਬਾਪੂ ਨੇ ਅੰਦਾਜ਼ਾ ਲਾਇਆ ਕਿ ਚਾਚੇ ਦੀ ਪਿੰਡ ਵਾਲਿਆਂ ਨਾਲ ਟੱਕਰ ਹੋ ਗਈ ਹੈ ਤੇ ਚਾਚਾ ਬਚ ਗਿਆ ਲੱਗਦਾ ਹੈ। ਜੇ ਮਾਰਿਆ ਜਾਂਦਾ ਤਾਂ ਰੌਲਾ ‘ਮਾਰ ਲਿਆ’ ‘ਮਾਰ ਲਿਆ’ ਦਾ ਪੈਂਦਾ ਪਰ ‘ਮਰ ਗਿਆ’ ‘ਮਰ ਗਿਆ’ ਹੋਣ ਤੋਂ ਲੱਗਦੈ ਕੋਈ ਉਹਨਾਂ ਦਾ ਬੰਦਾ ਈ ਮਰਿਐ ਤੇ ਆਪਣਾ ਬੰਦਾ ਬਚ ਗਿਐ।ਬਾਬਾ ਕਰਤਾਰਾ ਤੇ ਚਾਚਾ ਜਗੀਰ ਪੈੜ ਕੱਢਣੀ ਜਾਣਦੇ ਸਨ ਪਰ ਮੁਸੀਬਤ ਇਹ ਸੀ ਕਿ ਪੈੜ ਦਿਨ ਦੇ ਚਾਨਣ ਵਿੱਚ ਹੀ ਕੱਢੀ ਜਾ ਸਕਦੀ ਸੀ। ਦਿਨੇ ਉਨ੍ਹਾਂ ਨੂੰ ਲੁਕਣਾ ਪੈਂਦਾ ਸੀ ਤੇ ਰਾਤ ਨੂੰ ਸਫ਼ਰ ਕਰਦੇ ਸੀ। ਉਥੋਂ ਦੇ ਨਿੱਖੜੇ ਫਿਰ ਉਹ ਕਈ ਦਿਨ ਨਹੀਂ ਮਿਲ ਸਕੇ। ਪਰ ਚਾਚਾ ਫਿਰ ਵੀ ਪੈੜ ਨੱਪੀ ਆਇਆ। ਇੱਕ ਵਾਰ ਉਸ ਨੂੰ ਟਿੱਬੇ `ਤੇ ਦਿਨ ਚੜ੍ਹ ਗਿਆ। ਸਾਰਾ ਦਿਨ ਉਹ ਟਿੱਬੇ `ਚ ਟੋਆ ਪੁੱਟ ਕੇ ਭੁੱਖਾ ਤਿਹਾਇਆ ਲੁਕਿਆ ਰਿਹਾ। ਉਹ ਜਿਥੇ ਘਿਰ ਜਾਂਦਾ ਜਾਂ ਖ਼ਤਰਾ ਵੇਖਦਾ ਉਥੇ ਹੀ ਜਾਨ ਬਚਾਉਣ ਲਈ ਅਖੰਡ ਪਾਠ ਸੁੱਖ ਲੈਂਦਾ। ਕਹਿੰਦਾ, “ਸੱਚਿਆ ਪਾਤਸ਼ਾਹ, ਐਥੋਂ ਬਚਾ ਲੈ, ਪਿੰਡ ਪਹੁੰਚ ਕੇ `ਖੰਡ ਪਾਠ ਕਰਾਊਂ!”ਉਸ ਨੇ ਸੁੱਖੇ ਹੋਏ ਅਖੰਡ ਪਾਠਾਂ ਦਾ ਕੋਈ ਹਿਸਾਬ ਨਾ ਰੱਖਿਆ। ਬਾਅਦ ਵਿੱਚ ਉਸ ਨੇ ਭੁੱਲਾਂ ਬਖਸ਼ਾ ਲਈਆਂ ਤੇ ਕੋਈ ਅਖੰਡ ਪਾਠ ਨਾ ਕਰਾਇਆ। ਸਾਡੇ ਬਾਪੂ ਨੇ ਵੀ ਇੱਕ ਅਖੰਡ ਪਾਠ ਸੁੱਖ ਲਿਆ ਸੀ ਜੋ ਉਨ੍ਹਾਂ ਨੇ ਪਿੰਡ ਪਹੁੰਚ ਕੇ ਕਰਾ ਦਿੱਤਾ। ਉਸ ਪਾਠ ਦੀ ਰੌਲ ਬਾਬੇ ਨੇ ਵੀ ਲਾਈ ਤੇ ਮੈਂ ਵੀ ਪੰਜ ਗ੍ਰੰਥੀ ਦਾ ਮੌਨ ਪਾਠ ਕੀਤਾ। ਬਾਬੇ ਕਰਤਾਰੇ ਨੇ ਇਕੋ ਅਰਦਾਸ ਕੀਤੀ ਸੀ ਕਿ ਹੇ ਸੱਚਿਆ ਪਾਤਸ਼ਾਹ! ਜੇ ਬਚ ਗਿਆ ਤਾਂ ਮੁਕਤਸਰ ਦੇ ਗੁਰਦੁਆਰੇ ਸੌ ਰੁਪਿਆ ਚੜ੍ਹਾਊਂ ਜੋ ਉਸ ਨੇ ਜੀਂਦੇ ਜੀਅ ਆ ਚੜ੍ਹਾਇਆ।ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਕਿ ਇੱਕ ਦਿਨ ਤਿਹਾਏ ਮਰ ਰਹੇ ਸਾਂ ਤੇ ਟਿੱਬੀ ਉਹਲੇ ਲੁਕੇ ਹੋਏ ਸਾਂ। ਉੱਦਣ ਮਸਾਂ ਜਾਨ ਬਚੀ ਸੀ। ਕਈ ਬੰਦਿਆਂ ਦਾ ਘੇਰਾ ਤੋੜ ਕੇ ਨਿਕਲੇ ਸਾਂ। ਅਚਾਨਕ ਓਧਰ ਇੱਜੜ ਆਇਆ ਜਿਸ ਦੇ ਨਾਲ ਇੱਕ ਗਧੀ ਸੀ। ਗਧੀ ਉਤੇ ਸਮਾਨ ਲੱਦਿਆ ਹੋਇਆ ਸੀ। ਬਾਬੇ ਨੇ ਅਨੁਮਾਨ ਲਾਇਆ ਕਿ ਇਸ ਸਮਾਨ ਵਿੱਚ ਪਾਣੀ ਵੀ ਹੋਵੇਗਾ। ਗਧੀ ਨਾਲ ਇੱਕ ਆਜੜੀ ਸੀ। ਤਿਹਾਏ ਮਰਦਿਆਂ ਨੇ ਆਜੜੀ ਤੋਂ ਪਾਣੀ ਜਾ ਮੰਗਿਆ ਪਰ ਆਜੜੀ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਬਾਬੇ ਨੇ ਆਪਣੇ ਆਪ ਗਧੀ `ਤੇ ਲੱਦੇ ਸਮਾਨ `ਚੋਂ ਪਾਣੀ ਦੀ ਲੋਟ ਕੱਢ ਲਈ। ਪਾਣੀ ਪੀ ਕੇ ਸੁਰਤ ਸਿਰ ਹੋਏ ਤੇ ਲੋਟ ਨਾਲ ਹੀ ਲੈ ਕੇ ਤੁਰ ਪਏ ਪਈ ਰਾਹ ਵਿੱਚ ਕੰਮ ਆਵੇਗੀ। ਆਜੜੀ ਨੇ ਹਾਕਾਂ ਮਾਰ ਕੇ ਆਪਣੇ ਬੰਦੇ `ਕੱਠੇ ਕਰ ਲਏ ਤੇ ਬਾਪੂ ਹੋਰਾਂ ਮਗਰ ਲਾ ਦਿੱਤੇ। ਬਾਪੂ ਹੋਰੀਂ ਪਾਣੀ ਪੀ ਕੇ ਕਾਇਮ ਹੋ ਗਏ ਸਨ। ਉਨ੍ਹਾਂ ਨੇ ਮਗਰ ਲੱਗੀ ਵਾਹਰ ਨੂੰ ਲਲਕਾਰ ਕੇ ਕਿਹਾ ਕਿ ਅਸੀਂ ਤਾਂ ਮਰੇ ਹੋਏ ਈ ਆਂ, ਜਿਹੜਾ ਅੱਗੇ ਆਇਆ ਉਹਨੂੰ ਨਹੀਂ ਛੱਡਦੇ। ਵਾਹਰ ਠਠੰਬਰ ਗਈ ਕਿਉਂਕਿ ਬਾਬੇ ਦੇ ਹੱਥ `ਚ ਝੋਲਾ ਫੜਿਆ ਹੋਇਆ ਸੀ ਤੇ ਉਸ ਨੇ ਡਰਾਵਾ ਦੇ ਦਿੱਤਾ ਸੀ ਬਈ ਇਹਦੇ `ਚ ਤੁਹਾਡੇ ਜੋਗਾ ਸਮਾਨ ਹੈਗਾ। ਇਓਂ ਉਹ ਫੋਕੇ ਫਾਇਰ ਨਾਲ ਬਚ ਗਏ।ਭੱਜਦਿਆਂ ਨੱਸਦਿਆਂ ਤੇ ਲੁਕਦਿਆਂ ਛਿਪਦਿਆਂ ਉਨ੍ਹਾਂ ਦੀਆਂ ਜੁੱਤੀਆਂ ਰਾਹਾਂ ਵਿੱਚ ਲਹਿ ਗਈਆਂ ਸਨ ਤੇ ਪੈਰ ਕੰਡਿਆਂ ਨਾਲ ਪੁੜੇ ਪਏ ਸਨ। ਜਾਨ ਇੱਕ ਵਾਰ ਨਹੀਂ ਕਈ ਵਾਰ ਖ਼ਤਰੇ `ਚ ਪਈ ਸੀ। ਇੱਕ ਦੋ ਥਾਈਂ ਮੁਠਭੇੜਾਂ ਵੀ ਹੋਈਆਂ ਪਰ ਕੋਈ ਵੱਡਾ ਜ਼ਖ਼ਮ ਨਾ ਆਇਆ। ਉਨ੍ਹਾਂ ਦੇ ਖਾਲੀ ਹਥਿਆਰ ਵਾਲੇ ਝੋਲੇ ਦਾ ਡਰ ਤੇ ਟਾਕਰੇ ਦੀ ਸੂਰਤ ਵਿੱਚ ਬਰਛੇ ਉਨ੍ਹਾਂ ਨੂੰ ਬਚਾਈ ਆਏ। ਰੋਟੀ ਉਨ੍ਹਾਂ ਨੂੰ ਮੰਗ ਕੇ ਵੀ ਖਾਣੀ ਪਈ ਤੇ ਖੋਹ ਕੇ ਵੀ ਖਾਧੀ। ਉਂਜ ਤਾਂ ਉਨ੍ਹਾਂ ਨੇ ਇਕੋ ਰਾਤ ਵਿੱਚ ਰਾਜਸਥਾਨ ਪੁੱਜ ਜਾਣਾ ਸੀ ਪਰ ਤਾਰਿਆਂ ਦੀ ਸਹੀ ਸੇਧ ਦੇ ਜਾਣੂੰ ਨਾ ਹੋਣ ਕਾਰਨ ਰਿਆਸਤ ਬਹਾਵਲਪੁਰ ਦੇ ਪਿੰਡਾਂ ਵਿੱਚ ਈ ਗੇੜੇ ਖਾਂਦੇ ਰਹੇ ਤੇ ਕਈ ਦਿਨਾਂ ਪਿੱਛੋਂ ਰਾਜਸਥਾਨ ਦੀ ਹੱਦ ਦੇ ਹਿੰਦੂ ਪਿੰਡ `ਚ ਪੁੱਜੇ। ਉਥੇ ਉਹ ਇੱਕ ਰਾਜਪੂਤ ਦੇ ਘਰ ਜਾ ਕੇ ਨਾਤ੍ਹੇ ਧੋਤੇ ਤੇ ਰੱਜ ਕੇ ਰੋਟੀ ਖਾਧੀ। ਉਨ੍ਹਾਂ ਦੀ ਵੱਡੀ ਚਿੰਤਾ ਸੀ ਕਿ ਚਾਚਾ ਜਗੀਰ ਪਿੱਛੇ ਰਹਿ ਗਿਆ ਸੀ। ਮੱਘਰ ਸਿੰਘ ਦਾ ਵੀ ਕੋਈ ਪਤਾ ਨਹੀਂ ਸੀ ਕਿ ਉਹਦੇ ਨਾਲ ਕੀ ਭਾਣਾ ਵਰਤਿਆ ਸੀ?ਰੋਟੀ ਟੁੱਕ ਖਾ ਕੇ ਉਹ ਪਿੰਡੋਂ ਮੀਲ ਕੁ ਦੂਰ ਹੀ ਗਏ ਹੋਣਗੇ ਕਿ ਪਿੱਛੋਂ ਬੋਤੀ ਭਜਾਉਂਦਾ ਇੱਕ ਬੰਦਾ ਆ ਮਿਲਿਆ। ਉਸ ਨੇ ਦੱਸਿਆ ਕਿ ਇੱਕ ਸਿੱਖ ਹੋਰ ਰਾਜਪੂਤ ਦੇ ਘਰ ਆਇਆ ਹੈ। ਬਾਬੇ ਹੋਰਾਂ ਨੂੰ ਸ਼ੱਕ ਪਿਆ ਕਿ ਕੋਈ ਚਾਲ ਈ ਨਾ ਹੋਵੇ ਤੇ ਉਨ੍ਹਾਂ ਨੂੰ ਕੋਈ ਲੁੱਟਣ ਮਾਰਨ ਨੂੰ ਨਾ ਧਾਰੀ ਬੈਠਾ ਹੋਵੇ। ਪਰ ਇਹ ਸੋਚ ਕੇ ਕਿ ਅਗਲਿਆਂ ਦਾ ਅੰਨ ਪਾਣੀ ਛਕਿਆ ਹੈ, ਚਲੋ ਚੱਲ ਕੇ ਵੇਖ ਈ ਲੈਨੇ ਆਂ। ਰਾਜਪੂਤ ਦੇ ਘਰ ਗਏ ਤਾਂ ਉਥੇ ਚਾਚਾ ਜਗੀਰ ਸਿੰਘ ਬੈਠਾ ਸੀ। ਬਰਛੇ ਦੀ ਥਾਂ ਹੁਣ ਫਹੁੜਾ ਉਹਦੇ ਕੋਲ ਸੀ। ਬਾਬੇ ਕਰਤਾਰੇ ਨੇ ਸੱਚੇ ਪਾਤਸ਼ਾਹ ਦਾ ਸ਼ੁਕਰ ਕੀਤਾ ਕਿ ਉਹਦੇ ਵੱਡੇ ਭਰਾ ਦੀ ਇੱਕ ਨਿਸ਼ਾਨੀ ਤਾਂ ਬਚ ਗਈ ਹੈ ਨਹੀਂ ਤਾਂ ਉਸ ਨੇ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਸੀ ਰਹਿਣਾ। ਸ਼ਰੀਕਾਂ ਨੇ ਇਹੋ ਕਹਿਣਾ ਸੀ ਕਿ ਦੋਵੇਂ ਵੱਡੇ ਆਪਣੀ ਜਾਨ ਬਚਾ ਕੇ ਭੱਜ ਆਏ ਤੇ ਮੁੰਡੇ ਨੂੰ ਮੁਸਲਮਾਨਾਂ ਦੇ ਰਹਿਮ `ਤੇ ਛੱਡ ਆਏ।ਤਿੰਨਾਂ ਨੇ ਹਿੰਦੂ ਮੱਲ ਕੋਟ ਤੋਂ ਰੇਲ ਗੱਡੀ ਫੜੀ ਤੇ ਬਠਿੰਡੇ ਬਰਨਾਲੇ ਵਿੱਚ ਦੀ ਹੁੰਦੇ ਹੋਏ ਰਾਏਕੋਟ ਆ ਗਏ। ਉਥੋਂ ਉਨ੍ਹਾਂ ਨੇ ਪਿੰਡ ਸੁਨੇਹਾ ਭੇਜਿਆ ਕਿ ਅਸੀਂ ਬਚ ਕੇ ਆ ਗਏ ਆਂ। ਮੈਨੂੰ ਉਹ ਭਿੱਜੀ ਹੋਈ ਸ਼ਾਮ ਯਾਦ ਹੈ। ਸੱਤਾਂ ਸਾਲਾਂ ਦਾ ਜੁ ਸਾਂ। ਸਾਡੇ ਘਰ ਦੇ ਜੀਆਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ। ਸਕੇ ਸੋਧਰੇ ਕਿਰਪਾਨਾਂ ਤੇ ਬਰਛਿਆਂ ਨਾਲ ਲੈਸ ਹੋਏ ਬਾਪੂ ਹੋਰਾਂ ਨੂੰ ਪਿੰਡ ਲਿਆਉਣ ਲਈ ਤਿਆਰ ਖੜ੍ਹੇ ਸਨ। ਇੱਕ ਬੰਦੂਕੀਆ ਵੀ ਨਾਲ ਸੀ। ਉਹਨਾਂ ਦਿਨਾਂ `ਚ ਠਾਹ ਠਾਹ ਹੁੰਦੀ ਰਹਿੰਦੀ ਸੀ। ਲੋਕ ਪੱਠੇ ਲੈਣ ਗਏ ਵੀ ਬਰਛੇ ਨਾਲ ਲੈ ਕੇ ਜਾਂਦੇ ਸਨ। ਪੂਰਾ ਜਥਾ ਰਾਏਕੋਟ ਨੂੰ ਚਲਾ ਗਿਆ ਤੇ ਸਵੇਰੇ ਬਾਪੂ ਹੋਰਾਂ ਨੂੰ ਜਲੂਸ ਦੀ ਸ਼ਕਲ ਵਿੱਚ ਲੈ ਕੇ ਮੁੜਿਆ।ਅਜੇ ਸਾਡੇ ਪਿੰਡੋਂ ਸਾਰੇ ਮੁਸਲਮਾਨ ਨਹੀਂ ਸਨ ਨਿਕਲੇ। ਟਾਵੇਂ ਟਾਵੇਂ ਕੈਂਪਾਂ `ਚ ਜਾ ਰਹੇ ਸਨ ਤੇ ਕਾਫ਼ਲਿਆਂ ਸੰਗ ਰਲ ਰਹੇ ਸਨ। ਪਿੰਡ ਦਾ ਮੋਹਤਬਰ ਮੁਸਲਮਾਨ ਸੂਬੇਦਾਰ ਮਾਘੀ ਖਾਂ ਘੋੜੇ `ਤੇ ਚੜ੍ਹਿਆ ਅਖਾੜੇ ਨੇੜੇ ਨਹਿਰ ਦੇ ਪੁਲ ਉਤੇ ਮਾਰ ਦਿੱਤਾ ਗਿਆ ਸੀ। ਹਠੂਰ `ਚ ਅੱਗਾਂ ਲੱਗੀਆਂ ਹੋਈਆਂ ਸਨ। ਰਾਤਾਂ ਨੂੰ ਗੋਲੀਆਂ ਦੀ ਫਾਇਰਿੰਗ ਹੋਈ ਜਾਂਦੀ। ਪਿੰਡਾਂ ਵਿੱਚ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਉਂਦੀਆਂ। ਕੁੱਝ ਦਿਨ ਪਹਿਲਾਂ ਬਾਹਰੋਂ ਆਏ ਲੁਟੇਰਿਆਂ ਨੇ ਮਸੀਤ ਵਿੱਚ ਬੰਬ ਚਲਾ ਦਿੱਤਾ ਸੀ ਤੇ ਕੁੱਝ ਮੁਸਲਮਾਨਾਂ ਦੇ ਘਰ ਲੁੱਟ ਲਏ ਸਨ। ਸਾਡਾ ਸਕੂਲ ਜਾਣਾ ਬੰਦ ਹੋ ਗਿਆ ਸੀ। ਪਰ ਸਾਡੇ ਗੁਆਂਢੀ ਮੁਸਲਮਾਨ ਅਜੇ ਆਪਣੇ ਘਰਾਂ `ਚ ਬੈਠੇ ਸਨ। ਉਹ ਆਪਣੇ ਬਲਦ ਲੁਟੇਰਿਆ ਤੋਂ ਬਚਾਉਣ ਲਈ ਅਜੇ ਵੀ ਸਾਡੇ ਘਰ ਹੀ ਬੰਨ੍ਹ ਰਹੇ ਸਨ। ਸਾਡੇ ਘਰ ਨੂੰ ਉਹ ਸੁਰੱਖਿਅਤ ਕਿਲਾ ਸਮਝ ਰਹੇ ਸਨ।ਜਿੱਦਣ ਬਾਪੂ ਹੋਰੀਂ ਪਿੰਡ ਪਰਤੇ ਧੁੱਪਾਂ ਚੜ੍ਹ ਰਹੀਆਂ ਸਨ। ਪਿੰਡ ਦੇ ਚੁੱਲ੍ਹਿਆਂ `ਚ ਅੱਗਾਂ ਬਲ ਰਹੀਆਂ ਤੇ ਹਾਰਿਆਂ `ਚੋਂ ਧੂੰਆਂ ਉੱਠ ਰਿਹਾ ਸੀ। ਬਾਪੂ ਹੋਰਾਂ ਨੇ ਦਲਾਣ ਦਾ ਬੂਹਾ ਲੰਘਿਆ ਤਾਂ ਘਰ ਦੇ ਭਾਗ ਮੁੜ ਜਾਗ ਪਏ। ਖੁੱਲ੍ਹੇ ਵਿਹੜੇ `ਚ ਮੰਜੇ ਡਾਹੇ ਜਾ ਰਹੇ ਸਨ ਤੇ ਚਾਹ ਦੁੱਧ ਦਾ ਭੰਡਾਰਾ ਵਰਤ ਰਿਹਾ ਸੀ। ਪਿੰਡ ਦੇ ਲੋਕ ਆਈ ਜਾਂਦੇ, ਹਾਲ ਚਾਲ ਪੁੱਛਦੇ ਤੇ ਥੋੜ੍ਹਾ ਬਹੁਤਾ ਚਿਰ ਬੈਠ ਕੇ ਮੁੜ ਜਾਂਦੇ। ਬਾਪੂ ਹੋਰਾਂ ਦੀਆਂ ਅੱਖਾਂ ਅਨੀਂਦਰੇ ਨਾਲ ਲਾਲ ਸਨ ਤੇ ਉਹ ਲਿੱਸੇ ਮਾਂਦੇ ਦਿੱਸ ਰਹੇ ਸਨ। ਪਿੰਡ ਦਾ ਰਾਜਾ ਨਹੇਰਨੇ ਨਾਲ ਉਨ੍ਹਾਂ ਦੇ ਨਹੁੰ ਕੱਟਦਾ ਤੇ ਪੈਰਾਂ `ਚੋਂ ਕੰਡੇ ਕੱਢ ਰਿਹਾ ਸੀ। ਵਿਹੜਾ ਬੰਦਿਆਂ ਨਾਲ ਭਰਿਆ ਪਿਆ ਸੀ। ਜਿਨ੍ਹਾਂ ਨੂੰ ਮੰਜਿਆਂ `ਤੇ ਬਹਿਣ ਦੀ ਥਾਂ ਨਹੀਂ ਸੀ ਮਿਲੀ ਉਹ ਖੁਰਲੀਆਂ `ਤੇ ਬੈਠੇ ਸਨ। ਏਨੇ ਬੰਦੇ ਅੱਗੇ ਕਦੇ ਸਾਡੇ ਘਰ `ਕੱਠੇ ਨਹੀਂ ਸਨ ਹੋਏ। ਉਹ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਅੱਗੇ ਉਵੇਂ ਹੀ ਹੈ। ਕਦੇ ਬਾਬਾ ਕਰਤਾਰ ਸਿਓਂ ਹੱਡਬੀਤੀ ਸੁਣਾਉਣ ਲੱਗਦਾ, ਕਦੇ ਬਾਪੂ ਜੀ ਤੇ ਕਦੇ ਚਾਚਾ ਜਗੀਰ ਸਿੰਘ। ਲੋਕ ਸ਼ੁਕਰ ਸ਼ੁਕਰ ਕਰੀ ਜਾਂਦੇ ਕਿ ਮੌਤ ਦੇ ਮੂੰਹ `ਚੋਂ ਬਚ ਕੇ ਆ ਗਏ।ਓਧਰ ਪਿੰਡ `ਚ ਬਚੇ ਬੈਠੇ ਮੁਸਲਮਾਨਾਂ ਨੂੰ ਫਿਕਰ ਪੈ ਗਿਆ ਕਿ ਹੁਣ ਉਹਨਾਂ ਤੋਂ ਵੀ ਬਦਲਾ ਲਿਆ ਜਾਵੇਗਾ। ਉਹਨਾਂ `ਚੋਂ ਕੁੱਝ ਇੱਕ ਡਰਦੇ ਮਾਰੇ ਬਾਪੂ ਹੋਰਾਂ ਦੀ ਸੁੱਖ ਸਾਂਦ ਪੁੱਛਣ ਆਏ ਤਾਂ ਬਾਬੇ ਕਰਤਾਰੇ ਨੇ ਉਨ੍ਹਾਂ ਨੂੰ ਕਹਿ ਦਿੱਤਾ ਕਿ ਸਾਡਾ ਤੁਹਾਡਾ ਕੋਈ ਵੈਰ ਨਹੀਂ। ਤੁਸੀਂ ਨਿਸ਼ਚਿੰਤ ਰਹੋ। ਅਸੀਂ ਬਚ ਕੇ ਆ ਗਏ ਆਂ ਤੇ ਹੁਣ ਕਿਸੇ ਨੂੰ ਤੁਹਾਡੀ `ਵਾ ਵੱਲ ਵੀ ਨਹੀਂ ਝਾਕਣ ਦੇਵਾਂਗੇ। ਆਪਾਂ ਓਵੇਂ ਈ ਰਹਾਂਗੇ ਜਿਵੇਂ ਪਹਿਲਾਂ ਰਹਿੰਦੇ ਰਹੇ ਆਂ। ਸਾਨੂੰ ਪਤੈ ਕਿ ਉੱਜੜਨਾ ਕਿੰਨਾ ਔਖੈ। ਅਸੀਂ ਜੀਂਦੇ ਜੀਅ ਤੁਹਾਨੂੰ ਉੱਜੜਨ ਨਹੀਂ ਦੇਵਾਂਗੇ।ਅਜੇ ਦੋ ਕੁ ਦਿਨ ਹੀ ਬੀਤੇ ਸਨ। ਬਾਬਾ, ਬਾਪੂ ਤੇ ਚਾਚਾ ਵੱਡੇ ਦਲਾਣ ਦੀ ਨੁੱਕਰ ਵਾਲੀ ਬੈਠਕ ਵਿੱਚ ਪਏ ਸਨ। ਉਨ੍ਹਾਂ ਦੀਆਂ ਨੀਂਦਾਂ ਵੀ ਪੂਰੀਆਂ ਨਹੀਂ ਸਨ ਹੋਈਆਂ ਤੇ ਥਕੇਵੇਂ ਵੀ ਨਹੀਂ ਸਨ ਲੱਥੇ। ਦੁਪਹਿਰ ਦਾ ਵੇਲਾ ਸੀ। ਮੈਂ ਵੀ ਬੈਠਕ ਵਿੱਚ ਈ ਖੇਡ ਰਿਹਾ ਸਾਂ। ਕਿਸੇ ਨੇ ਆ ਕੇ ਦੱਸਿਆ ਕਿ ਲੁਟੇਰੇ ਸਾਡੇ ਗੁਆਂਢੀ ਮੁਸਲਮਾਨਾਂ ਨੂੰ ਆਣ ਪਏ ਹਨ। ਬਾਬੇ ਕਰਤਾਰੇ ਨੇ ਪਤਾ ਨਹੀਂ ਕਿਥੋਂ ਪਿਸਤੌਲ ਕੱਢਿਆ, ਮੇਰੇ ਸਾਹਮਣੇ ਈ ਉਹਦੇ `ਚ ਕਾਲੇ ਰੰਗ ਦੇ ਰੌਂਦ ਪਾਏ ਤੇ ਰੋਹ ਨਾਲ ਬਾਹਰ ਨਿਕਲਿਆ। ਉਹਦਾ ਕੱਦ ਬੈਠਕ ਦੇ ਬੂਹੇ ਜਿੱਡਾ ਸੀ। ਬਾਪੂ ਤੇ ਚਾਚਾ ਵੀ ਬਰਛੇ ਲੈ ਕੇ ਨਿਕਲ ਪਏ। ਪਿੰਡ ਦੇ ਲੋਕ ਬਾਹਰੋਂ ਆਏ ਲੁਟੇਰਿਆਂ ਤੋਂ ਡਰਦੇ ਸਹਿਮੇ ਖੜ੍ਹੇ ਸਨ। ਮੁਸਲਮਾਨ ਭਰਾਵਾਂ ਦੇ ਚਿਹਰਿਆਂ ਤੋਂ ਹਵਾਈਆਂ ਉਡ ਰਹੀਆਂ ਸਨ। ਉਨ੍ਹਾਂ ਦਾ ਸਮਾਨ ਲੁੱਟਿਆ ਜਾ ਰਿਹਾ ਸੀ ਤੇ ਕੋਈ ਪਤਾ ਨਹੀਂ ਸੀ ਕਿ ਮੌਤ ਵੀ ਨਾਲ ਹੀ ਆ ਰਹੀ ਹੋਵੇ। ਉਹ ਬਲਦ ਖੋਲ੍ਹੇ ਜਾ ਰਹੇ ਸਨ ਜਿਹੜੇ ਸਾਡੇ ਘਰ ਬੱਝਦੇ ਰਹੇ ਸਨ। ਟਰੰਕ ਤੇ ਸੰਦੂਕ ਬਾਹਰ ਕੱਢੇ ਜਾ ਰਹੇ ਸਨ। ਲੋਕ ਬੀਹੀਆਂ ਵਿੱਚ ਖੜ੍ਹੇ ਤੇ ਛੱਤਾਂ `ਤੇ ਚੜ੍ਹੇ ਉਜਾੜਾ ਵੇਖ ਰਹੇ ਸਨ।ਬਾਬਾ ਕਰਤਾਰਾ ਬੀਹੀ ਵਿੱਚ ਆਇਆ। ਉਸ ਦੀਆਂ ਅੱਖਾਂ `ਚੋਂ ਚੰਗਿਆੜੇ ਨਿਕਲ ਰਹੇ ਸਨ ਤੇ ਜੁੱਸਾ ਸੇਕ ਮਾਰ ਰਿਹਾ ਸੀ। ਉਸ ਨੇ ਸੱਜੇ ਹੱਥ ਨਾਲ ਪਿਸਤੌਲ ਉੱਚਾ ਕੀਤਾ ਤੇ ਲੁਟੇਰਿਆਂ ਨੂੰ ਲਲਕਾਰਿਆ ਕਿ ਬੰਦੇ ਦੇ ਪੁੱਤ ਓਂ ਤਾਂ ਜਿਥੋਂ ਸਮਾਨ ਚੁੱਕਿਆ ਓਥੇ ਰੱਖੋ ਨਹੀਂ ਤਾਂ ਗੋਲੀ ਆਈ ਸਮਝੋ। ਚੁਫੇਰੇ ਸੱਨਾਟਾ ਛਾ ਗਿਆ ਸੀ। ਬਨੇਰਿਆਂ ਤੋਂ ਝੁਕ ਕੇ ਵੇਖਦੇ ਬੰਦੇ ਪਿੱਛੇ ਹਟ ਗਏ ਸਨ ਮਤਾਂ ਗੋਲੀ ਓਧਰ ਈ ਆ ਜਾਵੇ। ਲੁਟੇਰਿਆਂ ਦੇ ਪੈਰ ਨਹੀਂ ਹੁੰਦੇ। ਉਹ ਸਮਾਨ ਛੱਡ ਕੇ ਭੱਜ ਨਿਕਲੇ। ਮੁਸਲਮਾਨਾਂ ਦੇ ਮਸਾਂ ਜਾਨ ਵਿੱਚ ਜਾਨ ਆਈ।ਲੋਕ ਹੈਰਾਨ ਸਨ ਕਿ ਮੁਸਲਮਾਨਾਂ ਤੋਂ ਜਾਨ ਬਚਾ ਕੇ ਆਏ ਕਰਤਾਰੇ ਹੋਰੀਂ ਮੁਸਲਮਾਨਾਂ ਦੇ ਹੇਜਲੇ ਕਿਵੇਂ ਹੋ ਗਏ? ਕਿਵੇਂ ਜਾਨ ਤਲੀ `ਤੇ ਰੱਖ ਕੇ ਮੁਸਲਮਾਨਾਂ ਦੀ ਰਾਖੀ ਲਈ ਨਿੱਤਰੇ? ਬਾਬੇ ਕਰਤਾਰੇ ਤੇ ਬਾਪੂ ਹੋਰਾਂ ਨੇ ਏਦੂੰ ਵੱਡੀ ਗੱਲ ਇਹ ਕੀਤੀ ਕਿ ਮੁਸਲਮਾਨਾਂ ਦੇ ਘਰਾਂ ਮੂਹਰੇ ਆਪ ਪਹਿਰਾ ਦਿੱਤਾ। ਗੱਲ ਜਦੋਂ ਵੱਸੋਂ ਬਾਹਰੀ ਹੋ ਗਈ ਤਾਂ ਉਨ੍ਹਾਂ ਨੂੰ ਭਰੇ ਮਨਾਂ ਨਾਲ ਸਣੇ ਸਮਾਨ ਸੁੱਖੀ ਸਾਂਦੀਂ ਕੈਂਪਾਂ ਵਿੱਚ ਪੁਚਾਇਆ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਉੱਜੜ ਪੁੱਜੜ ਕੇ ਵੀ ਨੇਕੀ ਦਾ ਰਾਹ ਨਹੀਂ ਸੀ ਛੱਡਿਆ। ਉਹ ਲੁੱਟੇ ਪੁੱਟੇ ਜਾਣ ਦੇ ਬਾਵਜੂਦ ਲੁੱਟ ਦੇ ਰਾਹ ਨਹੀਂ ਸਨ ਪਏ। ਉਹ ਗੁਰੂ ਦੇ ਅਸਲੀ ਸਿੱਖ ਸਾਬਤ ਹੋਏ ਸਨ। ਉਨ੍ਹਾਂ ਨੇ ਜਾਨ `ਤੇ ਖੇਡ ਕੇ ਸਿੱਖੀ ਨਿਭਾਈ ਸੀ। ਉਨ੍ਹਾਂ ਨੇ ਡਰ ਕੇ ਧਰਮ ਨਹੀਂ ਸੀ ਬਦਲਿਆ ਤੇ ਬਦਲੇ ਵਿੱਚ ਦੂਜੇ ਧਰਮ ਵਾਲਿਆਂ ਦਾ ਵੀ ਕੋਈ ਨੁਕਸਾਨ ਨਹੀਂ ਸੀ ਹੋਣ ਦਿੱਤਾ।ਹੱਲੇ ਗੁੱਲੇ ਤੇ ਲੁੱਟ ਮਾਰ ਦੇ ਦਿਨਾਂ ਵਿੱਚ ਜਿਹੜੀ ਨੇਕੀ ਬਾਬੇ ਕਰਤਾਰ ਸਿੰਘ, ਬਾਪੂ ਬਾਬੂ ਸਿੰਘ ਤੇ ਚਾਚੇ ਜਗੀਰ ਸਿੰਘ ਹੋਰਾਂ ਨੇ ਬੀਜੀ ਸ਼ਾਇਦ ਉਹਦਾ ਹੀ ਫਲ ਹੋਵੇ ਕਿ ਬਾਬਾ ਮੱਘਰ ਸਿੰਘ ਵੀ ਕੁੱਝ ਸਮੇਂ ਪਿੱਛੋਂ ਸਾਰੇ ਬਾਲ ਬੱਚਿਆਂ ਨਾਲ ਪਿੰਡ ਪਹੁੰਚ ਗਿਆ। ਉੱਜੜ ਪੁੱਜੜ ਕੇ ਆਇਆਂ ਦੀਆਂ ਜੜ੍ਹਾਂ ਭਾਵੇਂ ਸਮਾਂ ਪਾ ਕੇ ਫਿਰ ਲੱਗ ਗਈਆਂ ਪਰ ਮਾਰ ਧਾੜ ਵਾਲੀ ਦੇਸ਼ ਵੰਡ ਦੀ ਚੀਸ ਬਾਪੂ ਹੋਰਾਂ ਦਿਲਾਂ ਵਿੱਚ ਅਖ਼ੀਰ ਤਕ ਪੈਂਦੀ ਰਹੀ।
Additional Info
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪ੍ਰਿੰਸੀਪਲ ਸਰਵਣ ਸਿੰਘਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ। Latest from ਪ੍ਰਿੰਸੀਪਲ ਸਰਵਣ ਸਿੰਘ |