ਸਾਡੇ ਪਿੰਡ ਉਦੋਂ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਸੀ। ਹੁਣ ਬਾਰਾਂ ਜਮਾਤਾਂ ਦਾ ਹੋ ਗਿਐ। ਚਕਰ ਦੇ ਮੁੰਡਿਆਂ ਨੂੰ ਪੰਜਵੀਂ `ਚ ਡੀ.ਬੀ.ਹਾਈ ਸਕੂਲ ਮੱਲ੍ਹੇ ਪੜ੍ਹਨ ਜਾਣਾ ਪੈਂਦਾ ਸੀ। ਉਦੋਂ ਅੱਠਾਂ ਦਸਾਂ ਪਿੰਡਾਂ ਵਿੱਚ ਇਕੋ ਹਾਈ ਸਕੂਲ ਹੁੰਦਾ ਸੀ। ਮੱਲ੍ਹੇ ਦੇ ਹਾਈ ਸਕੂਲ ਵਿੱਚ ਚਕਰ, ਲੱਖਾ, ਮਾਣੂੰਕੇ, ਦੇਹੜਕੇ, ਡੱਲਾ, ਰਸੂਲਪੁਰ, ਮੱਲੇਆਣੇ ਤੇ ਲੋਪੋਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਇੱਕਾ ਦੁੱਕਾ ਦੌਧਰ, ਮੀਨੀਆਂ, ਕੁੱਸੇ ਤੇ ਰਾਮੇ ਤੋਂ ਵੀ ਆ ਲੱਗਦੇ ਸਨ। ਉਂਜ ਇਲਾਕੇ ਵਿੱਚ ਕਮਾਲਪੁਰਾ, ਬੁੱਟਰ, ਚੂਹੜਚੱਕ ਤੇ ਪੱਤੋ ਹੀਰਾ ਸਿੰਘ ਦੇ ਹਾਈ ਸਕੂਲ ਵਧੇਰੇ ਮਸ਼ਹੂਰ ਸਨ। ਪੱਤੋ ਦੇ ਸਕੂਲ ਵਿੱਚ ਤਾਂ ਹੋਸਟਲ ਵੀ ਸੀ ਜਿਸ ਨੂੰ ਬੋਰਡਿੰਗ ਕਿਹਾ ਜਾਂਦਾ ਸੀ। ਬੋਰਡਿੰਗ ਵਿੱਚ ਦੂਰ ਦੁਰਾਡੇ ਦੇ ਵਿਦਿਆਰਥੀ ਵੀ ਆ ਰਹਿੰਦੇ। ਉਦੋਂ ਹਾਈ ਸਕੂਲ ਵਿੱਚ ਪੜ੍ਹਨਾ ਹੀ ਕਾਲਜ ਜਾਣ ਦੇ ਸਮਾਨ ਸੀ।
ਮੈਂ 1950 ਵਿੱਚ ਮੱਲ੍ਹੇ ਪੜ੍ਹਨ ਲੱਗਾ। ਪੰਜਵੀਂ ਤੋਂ ਦਸਵੀਂ ਤਕ ਸਾਡੇ ਪਿੰਡ ਦੇ ਪੰਜਾਹ ਸੱਠ ਮੁੰਡੇ ਮੱਲ੍ਹੇ ਪੜ੍ਹਦੇ ਸਨ ਪਰ ਲੜਕੀ ਕੋਈ ਨਹੀਂ ਸੀ। ਪਿੰਡ ਦੀਆਂ ਕੁੜੀਆਂ ਦੀ ਪੜ੍ਹਾਈ ਚੌਥੀ ਜਮਾਤ ਮਗਰੋਂ ਮੁੱਕ ਜਾਂਦੀ ਸੀ। ਸ਼ਾਇਦ ਹੀ ਕੋਈ ਲੜਕੀ ਸ਼ਹਿਰ ਦੇ ਹੋਸਟਲ ਵਾਲੇ ਸਕੂਲ ਵਿੱਚ ਪੜ੍ਹਨ ਲੱਗਦੀ ਹੋਵੇ। ਸਾਡੇ ਪਿੰਡ ਵਿੱਚ ਜਦੋਂ ਮਿਡਲ ਸਕੂਲ ਬਣਿਆ ਤਾਂ ਕੁੜੀਆਂ ਅੱਠਵੀਂ ਤਕ ਪੜ੍ਹਨ ਲੱਗੀਆਂ ਤੇ ਹਾਈ ਬਣੇ ਤੋਂ ਦਸਵੀਂ ਤਕ ਪੜ੍ਹ ਗਈਆਂ। ਦਸ ਪੜ੍ਹ ਕੇ ਅਜਿਹਾ ਝਾਕਾ ਖੁੱਲ੍ਹਿਆ ਕਿ ਉਹ ਕਾਲਜਾਂ ਵਿੱਚ ਵੀ ਪੜ੍ਹਨ ਲੱਗ ਪਈਆਂ। ਪਹਿਲਾਂ ਪਹਿਲ ਸਿੱਧਵਾਂ ਕਾਲਜ ਨੇ ਪਿੰਡਾਂ ਦੀਆਂ ਕੁੜੀਆਂ ਨੂੰ ਪੜ੍ਹਾਇਆ। ਫਿਰ ਢੁੱਡੀਕੇ, ਲੋਪੋਂ, ਰਾਏਕੋਟ, ਕਮਾਲਪੁਰੇ ਤੇ ਡੱਲੇ ਵਿੱਚ ਵੀ ਕਾਲਜ ਖੁੱਲ੍ਹ ਗਏ। ਪਿਛਲੇ ਕੁੱਝ ਸਾਲਾਂ ਤੋਂ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਪੜ੍ਹਨ ਦੇ ਮੌਕੇ ਮਿਲ ਰਹੇ ਹਨ ਤੇ ਕੁੜੀਆਂ ਸਗੋਂ ਵੱਧ ਪੜ੍ਹ ਰਹੀਆਂ ਹਨ।ਮੱਲ੍ਹੇ ਦੇ ਸਕੂਲ ਵਿੱਚ ਸਾਡੇ ਪਿੰਡ ਦੇ ਬੇਸ਼ੱਕ ਪੰਜਾਹ ਸੱਠ ਮੁੰਡੇ ਪੜ੍ਹਦੇ ਸਨ ਪਰ ਸਾਈਕਲ ਪੰਜਾਂ ਕੋਲ ਹੀ ਸਨ। ਜਿਨ੍ਹਾਂ ਕੋਲ ਸਾਈਕਲ ਸਨ ਉਨ੍ਹਾਂ ਦੀ ਪੂਰੀ ਟੌਅ੍ਹਰ ਸੀ। ਉਹ ਕਿਸੇ ਨੂੰ ਕੈਰੀਅਰ ਕਾਠੀ ਤੇ ਕਿਸੇ ਨੂੰ ਡੰਡੇ ਉਤੇ ਬਿਠਾ ਕੇ ਝੂਟਾ ਦੇ ਸਕਦੇ ਸਨ। ਝੂਟਾ ਲੈਣ ਖ਼ਾਤਰ ਮੇਰੇ ਵਰਗੇ ਉਨ੍ਹਾਂ ਦੇ ਝੋਲੇ ਚੁੱਕੀ ਫਿਰਦੇ। ਸਾਈਕਲ ਦੀ ਝਾੜ ਪੂੰਝ ਕਰਦੇ। ਮੇਰੇ ਕੋਲ ਸਾਈਕਲ ਨਹੀਂ ਸੀ। ਸਾਈਕਲ ਮੈਨੂੰ ਬਾਰ੍ਹਵੀਂ ਜਮਾਤ `ਚ ਜਾ ਕੇ ਮਿਲਿਆ ਸੀ। ਪੰਜਵੀਂ ਤੋਂ ਬਾਰ੍ਹਵੀਂ ਤਕ ਮੈਂ ਹਰ ਰੋਜ਼ ਤਿੰਨ ਮੀਲ ਤੁਰ ਕੇ ਪੜ੍ਹਨ ਜਾਂਦਾ ਰਿਹਾ ਹਾਂ। ਆਉਣ ਜਾਣ ਦੀ ਵਾਟ ਛੇ ਮੀਲ ਬਣ ਜਾਂਦੀ ਸੀ।ਹੁਣ ਮੇਰੇ ਪੋਤੇ ਪੋਤੀਆਂ ਕੋਲ ਪਹਿਲੀ ਦੂਜੀ ਜਮਾਤ `ਚ ਈ ਰੰਗ ਬਰੰਗੇ ਸਾਈਕਲ ਹਨ। ਜਦੋਂ ਉਹ ਗੁਆ ਦਿੰਦੇ ਹਨ ਤਾਂ ਅਗਲੇ ਦਿਨ ਨਵਾਂ ਮਿਲ ਜਾਂਦੈ। ਸਮੇਂ ਸਮੇਂ ਦੀਆਂ ਗੱਲਾਂ ਹਨ। ਹੁਣ ਤਾਂ ਬਹੁਤੇ ਘਰਾਂ `ਚ ਜੁਆਕ ਜੰਮਦਾ ਪਿੱਛੋਂ ਐ, ਸਾਈਕਲ ਪਹਿਲਾਂ ਖੜ੍ਹਾ ਹੁੰਦੈ! ਕਈ ਘਰਾਂ `ਚ ਬੱਚਿਆਂ ਨੂੰ ਜੰਮਦਿਆਂ ਹੀ ਕਾਰਾਂ ਦੇ ਝੂਟੇ ਮਿਲਣ ਲੱਗ ਜਾਂਦੇ ਨੇ। ਤਦੇ ਤਾਂ ਕਦੇ ਕਦੇ ਮਨ `ਚ ਆਉਂਦੈ, “ਮਨਾਂ, ਆਪਾਂ ਤੰਗੀ ਦੇ ਦਿਨਾਂ `ਚ ਕਾਹਨੂੰ ਜੰਮਣਾ ਸੀ? ਸੌ ਸਾਲ ਠਹਿਰ ਕੇ ਜੰਮਦੇ ਤਾਂ ਆਪਾਂ ਵੀ ਨਜ਼ਾਰੇ ਲੈ ਲੈਂਦੇ। ਜੰਮਦੇ ਈ ਮੋਬਾਈਲ ਫੋਨ `ਤੇ ਗੱਲਾਂ ਕਰਦੇ ਤੇ ਕੰਪਿਊਟਰ ਦੀਆਂ ਖੇਡਾਂ ਖੇਡਦੇ। ਕੀ ਪਤਾ ਚੰਦ ਤਾਰਿਆਂ `ਤੇ ਜਾਣ ਦਾ ਚਾਅ ਵੀ ਪੂਰਾ ਹੋ ਜਾਂਦਾ?”ਵਿਚਾਰਾ ਗੁਰਨਾਮ ਸਿੰਘ ਤੀਰ ਤਾਂ ਸਾਡੇ ਨਾਲੋਂ ਵੀ ਮਾੜੀ ਕਿਸਮਤ ਵਾਲਾ ਰਿਹਾ। ਪੜ੍ਹਿਆ ਲਿਖਿਆ ਵਕੀਲ ਸੀ ਜੀਹਨੇ ਪੀਐੱਚ.ਡੀ.ਵੀ ਕੀਤੀ ਹੋਈ ਸੀ। ਇਹ ਵੱਖਰੀ ਗੱਲ ਹੈ ਕਿ ਉਹ ਹੱਸਦਾ ਹਸਾਉਂਦਾ ਤੁਰ ਗਿਆ। ਉਹਦੀ ਕਵਿਤਾ ਸੀ-ਤੂੜੀ ਵਾਲੇ ਅੰਦਰ ਜੰਮ ਪਏ ਸੁਣੀ ਨਾ ਕਿਸੇ ਦੁਹਾਈ …। ਸ਼ਹਿਰੀ ਹਸਪਤਾਲਾਂ ਵਿੱਚ ਸੋਹਣੀਆਂ ਨਾਜ਼ਕ ਨਰਸਾਂ ਦੇ ਹੱਥੀਂ ਜੰਮਦੇ ਜਾਤਕਾਂ ਨੂੰ ਵੇਖ ਕੇ ਉਹ ਝੂਰਿਆ ਕਰਦਾ ਸੀ, “ਕਾਸ਼! ਮੈਂ ਵੀ ਹਸਪਤਾਲ ਵਿੱਚ ਜੰਮਿਆ ਹੁੰਦਾ।” ਚਾਚੇ ਚੰਡੀਗੜ੍ਹੀਏ ਦੀ ਹਸਪਤਾਲ ਵਿੱਚ ਜੰਮਣ ਦੀ ਰੀਝ ਤਾਂ ਪੂਰੀ ਨਹੀਂ ਹੋ ਸਕੀ ਪਰ ਅੰਤ ਵੇਲੇ ਉਹ ਸ਼ਹਿਰੀ ਹਸਪਤਾਲ ਦੇ ਬੁੱਲੇ ਲੁੱਟ ਕੇ ਹੀ ਮਰਿਆ। ਹੁਣ ਉਹ ਸੁਰਗਾਂ `ਚ ਸਲਾਹਾਂ ਦਿੰਦਾ ਹੋਣੈ ਬਈ ਜੀਹਨੇ ਮਰਨਾ ਹੋਵੇ ਉਹ ਚੰਡੀਗੜ੍ਹ ਦੇ ਪੀ.ਜੀ.ਆਈ.`ਚ ਮਰੇ ਤੇ ਵੇਖੇ ਮੀਡੀਆ ਕਿੰਨੀ ਛੇਤੀ ਖ਼ਬਰ ਦਿੰਦੈ! ਜੇ ਚਾਚਾ ਹੱਸਦਾ ਹਸਾਉਂਦਾ ਮਰਿਐ ਤਾਂ ਭਤੀਜੇ ਉਹਦੇ ਮਰਨ `ਤੇ ਕਿਉਂ ਨਾ ਹੱਸਣ?ਸਾਡੇ ਵੇਲੇ ਬਹੁਤੇ ਮੁੰਡੇ ਨੰਗੇ ਪੈਰੀਂ ਸਕੂਲ ਜਾਂਦੇ ਸਨ। ਮੈਂ ਵੀ ਮੱਲ੍ਹੇ ਨੰਗੇ ਪੈਰੀਂ ਪੜ੍ਹਨ ਜਾਂਦਾ ਸਾਂ। ਗਰਮੀਆਂ `ਚ ਪੈਰ ਤਪਦੇ ਤੇ ਸਰਦੀਆਂ `ਚ ਠਰਦੇ ਸਨ। ਤਪਦੇ ਤਾਂ ਪਾਣੀ `ਚ ਡੋਬ ਕੇ ਮਿੱਟੀ ਨਾਲ ਗਿੱਲੇ ਕਰ ਲੈਂਦੇ ਸਾਂ ਜਾਂ ਛਾਵੇਂ ਅਟਕ ਜਾਂਦੇ ਸਾਂ। ਠਰਦੇ ਤਾਂ ਅੱਗ ਸੇਕ ਲੈਂਦੇ ਜਾਂ ਭੱਜ ਪੈਂਦੇ। ਮੱਲ੍ਹੇ ਦੇ ਨਾਲੇ ਕੋਲ ਕੁਛ ਰਾਹ ਰੋੜਾਂ ਵਾਲਾ ਸੀ ਜਿਥੇ ਪੈਰਾਂ `ਚ ਰੋੜ ਚੁਭਦੇ। ਉਥੇ ਪਤਾ ਲੱਗਦਾ ਬਈ ਪੈਰ ਨੰਗੇ ਹਨ। ਨਹੀਂ ਤਾਂ ਨੰਗੇ ਪੈਰਾਂ ਦਾ ਪਤਾ ਹੀ ਨਹੀਂ ਸੀ ਲੱਗਦਾ।ਇਕ ਦਿਨ ਬਾਬੇ ਨੇ ਜਗਰਾਓਂ ਤੋਂ ਸੌਦਾ ਪੱਤਾ ਲੈਣ ਜਾਣਾ ਸੀ। ਉਸ ਨੇ ਕਿਹਾ, “ਚੱਲ ਤੈਨੂੰ ਵੀ ਮੌਜੇ ਲੈ ਦਿਆਂਗਾ। ਪਰ ਪੜ੍ਹੀਂ ਦਿਲ ਲਾ ਕੇ ਤੇ ਫੇਲ੍ਹ ਨਾ ਹੋਈਂ। ਹੋਰ ਨਾ ਕਿਤੇ ਮੌਜੇ ਪਾ ਕੇ ਸ਼ੁਕੀਨ ਬਣ-ਜੀਂ ਤੇ ਗੇੜੇ ਕੱਢਦਾ ਫਿਰੀਂ!”ਬਾਬੇ ਨੇ ਮੱਲ੍ਹਿਓਂ ਮੈਨੂੰ ਵੀ ਨਾਲ ਤੋਰ ਲਿਆ। ਮੌਜੇ ਲੈਣ ਜਾਣ ਦੇ ਚਾਅ ਵਿੱਚ ਮੈਂ ਬਹੁਤ ਖ਼ੁਸ਼ ਸਾਂ। ਹੁਣ ਤਾਂ ਜੇ ਮੈਨੂੰ ਕੋਈ ਵੱਡਾ ਇਨਾਮ ਵੀ ਮਿਲਣਾ ਹੋਵੇ ਤਾਂ ਵੀ ਓਨਾ ਖ਼ੁਸ਼ ਨਾ ਹੋਵਾਂ। ਪੰਜਵੀਂ `ਚ ਮੌਜੇ ਮਿਲਣੇ ਕੋਈ ਮਾਮੂਲੀ ਗੱਲ ਨਹੀਂ ਸੀ। ਛੇ ਮਹੀਨੇ ਲੰਘ ਗਏ ਸਨ ਮੌਜੇ ਲੈਣ ਦੀਆਂ ਸਲਾਹਾਂ ਕਰਦਿਆਂ ਨੂੰ। ਜਗਰਾਵੀਂ ਅੱਜ ਜਾਨੇ ਆਂ, ਭਲਕ ਜਾਨੇ ਆਂ, ਕਹਿੰਦਿਆਂ ਨੂੰ। ਮਸਾਂ ਕਿਤੇ ਬਾਬੇ ਦੇ ਮਨ ਮਿਹਰ ਪਈ ਸੀ। ਖੁਸ਼ੀ ਵਿੱਚ ਮੈਂ ਡੱਲੇ ਦੀ ਦੈੜ ਉਤੇ ਪੈਰਾਂ ਦੀਆਂ ਉਂਗਲਾਂ ਖੁਭੋ ਕੇ ਰੇਤਾ ਪਿੱਛੇ ਨੂੰ ਸੁੱਟਦਾ ਨੱਠਿਆ ਜਾ ਰਿਹਾ ਸਾਂ। ਮੈਥੋਂ ਚਾਅ ਨਹੀਂ ਸੀ ਸਾਂਭਿਆ ਜਾ ਰਿਹਾ ਤੇ ਮੇਰੇ ਪੈਰ ਰੇਤੇ `ਚ ਡੂੰਘੇ ਧਸ ਰਹੇ ਸਨ। ਤਦੇ ਮੇਰੇ ਬਾਬੇ ਨੇ ਕਿਹਾ, “ਤੈਨੂੰ ਨੀ ਮੌਜੇ ਲੈ ਕੇ ਦੇਣੇ। ਤੂੰ ਤਾਂ ਪੈਰ ਈ ਬਾਹਲੇ ਖੁਭਾਉਨੈਂ। ਇਓਂ ਤਾਂ ਤੂੰ ਮੌਜੇ ਬਹਿੰਦੇ ਤੋੜ ਦੇਂ-ਗਾ। ਆਪਣੇ ਪੈਸੇ ਲਾਏ ਐਵੇਂ ਜਾਣਗੇ। ਰਹਿਣ ਦਿੰਨੇ ਆਂ ਮੌਜੇ ਲੈਣ ਨੂੰ।”ਉਸੇ ਵੇਲੇ ਮੈਂ ਪੈਰ ਬੋਚ ਬੋਚ ਕੇ ਰੱਖਣ ਲੱਗਾ ਜਿਵੇਂ ਜਨੌਰ ਬਨੇਰੇ `ਤੇ ਰੱਖਦਾ ਹੋਵੇ। ਮੈਂ ਮਲਕ ਮਲਕ ਤੁਰਨ ਲੱਗਾ ਤੇ ਉਂਗਲਾਂ ਉੱਕਾ ਈ ਨਾ ਖੁੱਭਣ ਦਿੱਤੀਆਂ। ਮੈਂ ਬਾਬੇ ਨੂੰ ਯਕੀਨ ਬੰਨ੍ਹਾਅ ਦਿੱਤਾ ਕਿ ਮੌਜਿਆਂ ਉਤੇ ਭਾਰ ਈ ਨੀ ਪਾਵਾਂਗਾ ਤੇ ਉਹ ਟੁੱਟ ਕਿਵੇਂ ਜਾਣਗੇ?ਮੌਜੇ ਪਾ ਕੇ ਮੈਂ ਸਕੂਲ ਗਿਆ। ਉੱਦਣ ਮੇਰੀ ਟੌਅ੍ਹਰ ਸਾਈਕਲਾਂ ਵਾਲਿਆਂ ਨਾਲੋਂ ਵੀ ਵੱਧ ਸੀ। ਕਦੇ ਮੌਜੇ ਪਾ ਲੈਂਦਾ ਤੇ ਕਦੇ ਲਾਹ ਕੇ ਹੋਰਨਾਂ ਨੂੰ ਵਿਖਾਉਣ ਲੱਗ ਪੈਂਦਾ। ਆੜੀਆਂ ਨੂੰ ਦੱਸਦਾ ਬਈ ਇਹ ਕੁਰਮ ਦੀ ਖੱਲ ਦੇ ਆ ਤੇ ਜਗਰਾਵਾਂ ਤੋਂ ਲਿਆਂਦੇ ਆ। ਇਹ ਮੇਰੇ ਬਾਬੇ ਨੇ ਲੈ ਕੇ ਦਿੱਤੇ ਐ। ਮੈਂ ਤੱਪੜ `ਤੇ ਬਹਿਣ ਲੱਗਿਆਂ ਮੌਜੇ ਲਾਹ ਕੇ ਤੱਪੜ ਹੇਠਾਂ ਰੱਖ ਲਏ। ਜਦੋਂ ਛੁੱਟੀ ਦੀ ਘੰਟੀ ਵੱਜੀ ਤਾਂ ਸਾਰੇ ਜਣੇ ਝੋਲੇ ਗਲਾਂ `ਚ ਪਾ ਕੇ ਭੱਜ ਪਏ। ਮੈਂ ਵੀ ਭੱਜ ਪਿਆ। ਮੱਲ੍ਹੇ ਦੇ ਨਾਲੇ ਕੋਲ ਮੇਰੇ ਪੈਰਾਂ `ਚ ਰੋੜ ਚੁਭੇ ਤਾਂ ਚੇਤਾ ਆਇਆ ਕਿ ਅੱਜ ਤਾਂ ਮੇਰੇ ਮੌਜੇ ਪਾਏ ਸੀ। ਮੈਨੂੰ ਫਿਕਰ ਹੋਇਆ ਕਿ ਹੁਣ ਤਕ ਤਾਂ ਮੌਜੇ ਕਿਸੇ ਨੇ ਚੁੱਕ ਵੀ ਲਏ ਹੋਣਗੇ। ਮੇਰਾ ਤਾਂ ਰੰਗ ਈ ਉਡ ਗਿਆ। ਉਸੇ ਵੇਲੇ ਮੈਂ ਪਿੱਛੇ ਨੂੰ ਨੱਠਾ। ਤੱਪੜ `ਕੱਠੇ ਕਰਨ ਵਾਲੇ ਸੇਵਾਦਾਰ ਨੇ ਮੌਜੇ ਸੰਭਾਲ ਲਏ ਸਨ। ਉਹ ਕਹਿਣ ਲੱਗਾ, “ਮੌਜੇ ਤਾਂ ਭਲਕੇ ਹੈੱਡ ਮਾਸਟਰ ਕੋਲੋਂ ਈ ਮਿਲਣਗੇ।” ਮੈਂ ਆਖਿਆ, “ਮੈਨੂੰ ਤਾਂ ਘਰਦਿਆਂ ਨੇ ਮੌਜਿਆਂ ਬਿਨਾਂ ਘਰ ਨੀ ਵੜਨ ਦੇਣਾ। ਮਿੰਨਤ ਨਾਲ ਹੁਣੇ ਦੇ ਦੇ, ਮੈਂ ਮੁੜ ਕੇ ਲਾਹੁੰਦਾ ਈ ਨੀ!” ਉਸ ਭਲੇ ਲੋਕ ਨੇ ਮੇਰੇ `ਤੇ ਤਰਸ ਖਾਧਾ ਤੇ ਮੌਜੇ ਮੋੜ ਦਿੱਤੇ। ਉਸ ਦਾ ਅਹਿਸਾਨ ਮੈਂ ਅੱਜ ਤਕ ਨਹੀਂ ਭੁੱਲਿਆ।ਇਕ ਦਿਨ ਸਾਡੇ ਸਕੂਲ ਦੀ ਕਬੱਡੀ ਟੀਮ ਦਾ ਜਗਰਾਓਂ ਦੇ ਸਕੂਲ ਵਿੱਚ ਮੈਚ ਸੀ। ਮੈਂ ਤੇ ਮੇਰਾ ਆੜੀ ਚਰਨ ਸਕੂਲ `ਚੋਂ ਖਿਸਕ ਗਏ। ਝੋਲੇ ਸਾਡੇ ਗਲਾਂ `ਚ ਸਨ। ਡਰ ਸੀ ਕਿਤੇ ਸਕੂਲੋਂ ਖਿਸਕੇ ਫੜੇ ਨਾ ਜਾਈਏ। ਅਸੀਂ ਬਚ ਬਚਾ ਕੇ ਜਗਰਾਵਾਂ ਨੂੰ ਤੁਰੇ ਗਏ। ਪਿੰਡ ਤੋਂ ਤਿੰਨ ਮੀਲ ਸਕੂਲ ਤਕ ਆਏ ਸਾਂ ਤੇ ਸਕੂਲੋਂ ਦਸ ਗਿਆਰਾਂ ਮੀਲ ਅੱਗੇ ਜਗਰਾਓਂ ਦੇ ਹਾਈ ਸਕੂਲ ਤਕ ਜਾਣਾ ਸੀ। ਮੈਚ ਵੇਖਣ ਦੀ ਬੜੀ ਖਿੱਚ ਸੀ ਪਰ ਸਾਡੇ ਜਾਂਦਿਆਂ ਨੂੰ ਮੈਚ ਮੁੱਕ ਚੁੱਕਾ ਸੀ। ਬੜੀ ਬੇਸੁਆਦੀ ਹੋਈ। ਉਥੋਂ ਅਸੀਂ ਤੁਰ ਕੇ ਈ ਵਾਪਸ ਪਿੰਡ ਪਹੁੰਚੇ। ਦਸ ਗਿਆਰਾਂ ਸਾਲਾਂ ਦੇ ਬੱਚਿਆਂ ਨੇ ਝੋਲਿਆਂ ਦੇ ਭਾਰ ਸਣੇ ਪੰਤਾਲੀ ਕਿਲੋਮੀਟਰ ਦੇ ਕਰੀਬ ਪੈਂਡਾ ਕੱਛ ਲਿਆ ਸੀ ਪਰ ਘਰ ਇਸ ਕਰਕੇ ਨਹੀਂ ਸਾਂ ਦੱਸ ਸਕਦੇ ਕਿ ਸਕੂਲੋਂ ਭੱਜਿਆਂ ਨੂੰ ਕੁੱਟ ਪੈਣ ਦਾ ਡਰ ਸੀ। ਡਰ ਅਗਲੇ ਦਿਨ ਸਕੂਲ `ਚ ਕੰਨ ਫੜਾਏ ਜਾਣ ਦਾ ਵੀ ਸੀ। ਉਦੋਂ ਗ਼ਲਤੀ ਦਾ ਕੋਈ ਜੁਰਮਾਨਾ ਨਹੀਂ ਸੀ ਹੁੰਦਾ ਕਿਉਂਕਿ ਜੁਰਮਾਨਾ ਦੇਣ ਜੋਗੇ ਕਿਸੇ ਕੋਲ ਪੈਸੇ ਹੀ ਨਹੀਂ ਸਨ ਹੁੰਦੇ। ਉਦੋਂ ਰੈੱਡ ਕਰਾਸ ਦਾ ਇੱਕ ਆਨਾ ਵੀ ਮਸਾਂ ਮਿਲਦਾ ਸੀ।ਸਾਡੇ ਝੋਲਿਆਂ ਵਿੱਚ ਕਾਪੀਆਂ, ਕਿਤਾਬਾਂ ਤੇ ਸਲੇਟ ਤੋਂ ਬਿਨਾਂ ਪੋਣੇ `ਚ ਬੰਨ੍ਹੀ ਚੂਰੀ ਜਾਂ ਅੰਬ ਦੇ ਅਚਾਰ ਨਾਲ ਪਰਾਉਂਠੇ ਹੁੰਦੇ ਸਨ ਜੋ ਅਸੀਂ ਅੱਧੀ ਛੁੱਟੀ ਵੇਲੇ ਖਾਦੇ ਸਾਂ। ਜਿਨ੍ਹਾਂ ਨੇ ਪੜ੍ਹਨੋਂ ਹਟਣਾ ਹੁੰਦਾ ਸੀ ਉਹ ਰਾਹ `ਚ ਈ ਚੂਰੀ ਖਾ ਕੇ ਤੇ ਗੰਨੇ ਚੂਪ ਕੇ ਵਕਤ ਲੰਘਾਉਂਦੇ ਤੇ ਸਕੂਲ ਦੀ ਛੁੱਟੀ ਵੇਲੇ ਘਰ ਮੁੜ ਆਉਂਦੇ। ਜਿਹੜੇ ਸਕੂਲ ਜਾਂਦੇ ਉਨ੍ਹਾਂ ਦੀ ਪ੍ਰਾਰਥਨਾ ਸਭਾ ਹੁੰਦੀ ਤੇ ਜਨ ਗਨ ਮਨ ਗਾਇਆ ਜਾਂਦਾ। ਮਾਰਚ ਪਾਸਟ ਕਰਦਿਆਂ ਫੁਟਬਾਲ ਦੇ ਮੈਦਾਨ ਦਾ ਚੱਕਰ ਲੱਗਦਾ। ਨਾਲ ਦੀ ਨਾਲ ਬੈਂਡ ਵੱਜੀ ਜਾਂਦਾ। ਮਾਰਚ ਪਾਸਟ ਪਿੱਛੋਂ ਡ੍ਰਿਲ ਹੁੰਦੀ, ਕਸਰਤਾਂ ਕਰਵਾਈਆਂ ਜਾਂਦੀਆਂ ਤੇ ਇੱਕ ਅੱਧਾ ਭਾਸ਼ਨ ਹੁੰਦਾ। ਪੀਟੀ ਮਾਸਟਰ ਪੱਗਾਂ ਲੁਹਾ ਕੇ ਕੇਸ ਵੇਖਦਾ ਕਿ ਵਾਹੇ ਹੋਏ ਨੇ ਜਾਂ ਨਹੀ? ਅਣਵਾਹੇ ਕੇਸਾਂ ਵਾਲਿਆਂ ਦੇ ਉਲਝੇ ਜੁੰਡਿਆਂ `ਚ ਤੰਗਲੀ ਵਰਗਾ ਕੰਘਾ ਫਸਾ ਕੇ ਖਿੱਚੀ ਫਿਰਦਾ। ਜੀਹਦੀ ਇੱਕ ਵਾਰ ਖਿੱਚ ਧੂਹ ਹੋ ਜਾਂਦੀ ਉਹ ਰੋਟੀ ਖਾਣੀ ਤਾਂ ਭੁੱਲ ਜਾਂਦਾ ਪਰ ਕੇਸ ਵਾਹੁਣੇ ਨਾ ਭੁੱਲਦਾ।ਸਾਡੇ ਉਸਤਾਦ ਤਾਂ ਕਈ ਸਨ ਪਰ ਮਾਸਟਰ ਸੁੰਦਰ ਲਾਲ ਕਮਾਲ ਦਾ ਉਸਤਾਦ ਸੀ। ਉਹ ਹਿਸਾਬ ਪੜ੍ਹਾਉਂਦਾ ਸੀ ਤੇ ਹਸਮੁਖ ਸੀ। ਉਸ ਦਾ ਬੋਰਡ ਉਤੇ ਸੁਆਲ ਸਮਝਾਉਂਦੇ ਦਾ ਮਨ ਕਦੇ ਕਦੇ ਲਹਿਰ `ਚ ਆ ਜਾਂਦਾ। ਉਹ ਚਾਕ ਵਾਲਾ ਹੱਥ ਉਪਰ ਚੁੱਕ ਲੈਂਦਾ ਤੇ ਦੂਜਾ ਹੱਥ ਕੰਨ `ਤੇ ਧਰ ਕੇ ਬੋਲੀ ਪਾਉਂਦਾ-ਰੁੱਤ ਯਾਰੀਆਂ ਲਾਉਣ ਦੀ ਆਗੀ, ਬੇਰੀਆਂ ਦੇ ਬੇਰ ਪੱਕਗੇ …। ਉਹ ਲਹਿਰੀ ਬੰਦਾ ਸੀ ਤੇ ਠਾਣੇਦਾਰਾਂ ਵਾਂਗ ਟੌਰੇ ਵਾਲੀ ਪੱਗ ਬੰਨ੍ਹਿਆ ਕਰਦਾ ਸੀ। ਬਾਅਦ ਵਿੱਚ ਉਹ ਸਾਡੇ ਪਿੰਡ ਦੇ ਹਾਈ ਸਕੂਲ ਦਾ ਹੈੱਡ ਮਾਸਟਰ ਵੀ ਬਣਿਆ। ਜਦੋਂ ਉਹਦੀ ਤਨਖਾਹ ਛੇ ਸੌ ਰੁਪਏ ਮਹੀਨਾ ਹੋ ਗਈ ਤਾਂ ਉਹ ਮੁੰਡਿਆਂ ਨੂੰ ਕਿਹਾ ਕਰਦਾ ਸੀ, “ਪੜ੍ਹ-ਲੋ ਜੇ ਪੜ੍ਹੀਦੈ। ਆਹ ਮੈਨੂੰ ਦੇਖ-ਲੋ, ਪੜ੍ਹ ਕੇ ਹੈੱਡ ਮਾਸਟਰ ਬਣ ਗਿਆਂ। ਨਾ ਪੜ੍ਹਦਾ ਤਾਂ ਹਲਵਾਈ ਬਣਿਆ ਭੱਠੀ `ਤੇ ਬੈਠਾ ਹੁੰਦਾ। ਹੁਣ ਜਦੋਂ ਸਵੇਰੇ ਕੁੱਕੜ ਬਾਂਗ ਦਿੰਦੈ ਤਾਂ ਮੈਨੂੰ ਤਾਂ ਏਹੋ ਕਹਿੰਦਾ ਲੱਗਦੈ, ਚੱਕ ਲੈ ਸੁੰਦਰ ਲਾਲਾ ਅੱਜ ਵੀ ਸਰ੍ਹਾਣੇ ਹੇਠੋਂ ਵੀਹਾਂ ਦਾ ਨੋਟ! ਇਹ ਸਾਰੀਆਂ ਪੜ੍ਹਾਈ ਦੀਆਂ ਬਰਕਤਾਂ।”ਉਹਨਾਂ ਦਿਨਾਂ ਵਿੱਚ ਪੀ.ਟੀ.ਖੇਡਾਂ ਦਾ ਪੀਰੀਅਡ ਨਹੀਂ ਸਨ ਖੁੰਝਾਉਂਦੇ। ਖੇਡਾਂ ਦੀ ਚੇਟਕ ਮੈਨੂੰ ਉਨ੍ਹਾਂ ਪੀਰੀਅਡਾਂ ਵਿੱਚ ਹੀ ਲੱਗੀ। ਅਸੀਂ ਫੁਟਬਾਲ ਦੀਆਂ ਕਿੱਕਾਂ ਲਾਉਂਦੇ ਤੇ ਕਬੱਡੀ ਖੇਡਦੇ। ਮੱਲ੍ਹੇ ਦਾ ਭਾਗ ਸਿੰਘ ਜਿਹੜਾ ਬਾਅਦ ਵਿੱਚ ਐੱਮ.ਐੱਲ.ਏ.ਬਣਿਆ ਸਾਥੋਂ ਚਾਰ ਜਮਾਤਾਂ ਮੂਹਰੇ ਸੀ ਤੇ ਵਾਲੀਬਾਲ ਦਾ ਵਧੀਆ ਖਿਡਾਰੀ ਸੀ। ਉਹ ਵੌਲੀ ਮਾਰਦਾ ਤੇ ਅਸੀਂ ਦੂਰ ਗਈ ਬਾਲ ਚੁੱਕ ਕੇ ਲਿਆਉਂਦੇ। ਸਕੂਲ ਦੀਆਂ ਟੀਮਾਂ ਬਹੁਤੀਆਂ ਵਧੀਆ ਤਾਂ ਨਹੀਂ ਸਨ ਪਰ ਖੇਡਾਂ ਦਾ ਮਾਹੌਲ ਵਧੀਆ ਸੀ। ਉਸ ਸਕੂਲ ਵਿੱਚ ਪੜ੍ਹਦਿਆਂ ਮੇਰੇ ਅੰਦਰ ਖੇਡਾਂ ਦੇ ਬੀਜ ਬੀਜੇ ਗਏ ਜੋ ਬਾਅਦ ਵਿੱਚ ਯੂਨੀਵਰਸਿਟੀ ਪੱਧਰ ਦਾ ਖਿਡਾਰੀ ਤੇ ਖੇਡ ਲੇਖਕ ਬਣਨ ਵਜੋਂ ਫਲੇ ਫੁੱਲੇ।ਚਕਰੋਂ ਮੱਲ੍ਹੇ ਦੇ ਸਕੂਲ ਜਾਣ ਸਮੇਂ ਮੱਲ੍ਹੇ ਦਾ ਸਾਰਾ ਪਿੰਡ ਲੰਘਣਾ ਪੈਂਦਾ ਸੀ। ਕਦੇ ਕਦੇ ਅਸੀਂ ਫਿਰਨੀ ਪੈ ਕੇ ਜਾਣ ਦੀ ਥਾਂ ਪਿੰਡ ਵਿੱਚ ਦੀ ਲੰਘ ਜਾਂਦੇ। ਮੈਂ ਛੇਵੀਂ `ਚ ਪੜ੍ਹਦਾ ਸਾਂ। ਇੱਕ ਦਿਨ `ਕੱਲਾ ਈ ਮੱਲ੍ਹੇ ਦੀ ਇੱਕ ਬੀਹੀ `ਚੋਂ ਲੰਘ ਰਿਹਾ ਸਾਂ। ਇੱਕ ਘਰੋਂ ਕੁੱਤਾ ਨਿਕਲਿਆ ਤੇ ਉਸ ਨੇ ਬਿਨਾਂ ਭੌਂਕੇ ਪਿੱਛੋਂ ਦੀ ਮੇਰੀ ਖੱਬੀ ਲੱਤ ਦਾ ਬੁਰਕ ਭਰ ਲਿਆ। ਲਹੂ ਦੀਆਂ ਘਰਾਲਾਂ ਚੱਲ ਪਈਆਂ। ਆਂਢੀ ਗੁਆਂਢੀ `ਕੱਠੇ ਹੋ ਗਏ। ਕੁੱਤੇ ਵਾਲੇ ਆਪਣੇ ਘਰੋਂ ਹਲਦੀ ਤੇ ਲੀਰਾਂ ਲੈ ਆਏ ਅਤੇ ਮੇਰੇ ਜ਼ਖ਼ਮ ਦਾ ਲਹੂ ਪੂੰਝ ਕੇ ਤੇ ਹਲਦੀ ਭੁੱਕ ਕੇ ਉਤੇ ਲੰਮੀ ਲੀਰ ਦੀ ਪੱਟੀ ਬੰਨ੍ਹ ਦਿੱਤੀ। ਪੱਟੀ ਬੰਨ੍ਹਾ ਕੇ ਮੈਂ ਸਕੂਲ ਚਲਾ ਗਿਆ। ਛੁੱਟੀ ਹੋਈ ਤਾਂ ਮੈਥੋਂ ਤੁਰਿਆ ਈ ਨਾ ਜਾਵੇ। ਡੋਲ ਪੈਣ ਨਾਲ ਲੱਤ ਨੂੰ ਸੋਜ਼ ਆ ਗਈ ਸੀ। ਸਾਈਕਲਾਂ ਵਾਲੇ ਪਹਿਲਾਂ ਈ ਨਿਕਲ ਗਏ ਸਨ। ਸਕੂਲੋਂ ਤੁਰ ਕੇ ਈ ਪਿੰਡ ਪਹੁੰਚਣਾ ਪੈਣਾ ਸੀ। ਮੈਂ ਕੁੱਝ ਕਦਮ ਤੁਰਦਾ ਤੇ ਬੈਠ ਜਾਂਦਾ। ਕਦੇ ਕਿਸੇ ਦੇ ਘਨੇੜੇ ਚੜ੍ਹਦਾ ਤੇ ਕਦੇ ਕਿਸੇ ਦਾ ਹੱਥ ਫੜਦਾ ਉੱਦਣ ਮੈਂ ਮਸਾਂ ਘਰ ਪਹੁੰਚਿਆ।ਅਗਲੇ ਦਿਨ ਬਾਬਾ ਮੈਨੂੰ ਹਠੂਰ ਦੇ ਡਾਕਟਰ ਨਰਾਇਣ ਸਿੰਘ ਕੋਲ ਲੈ ਗਿਆ। ਉਸ ਨੇ ਜ਼ਖ਼ਮ ਸਾਫ ਕਰ ਕੇ ਮੱਲ੍ਹਮ ਪੱਟੀ ਕੀਤੀ। ਕੁਛ ਪੁੜੀਆਂ ਦੇ ਦਿੱਤੀਆਂ ਤੇ ਹਰ ਤੀਜੇ ਦਿਨ ਪੱਟੀ ਕਰਾਉਣ ਦੀ ਹਦਾਇਤ ਕਰ ਦਿੱਤੀ। ਮੈਂ ਚਕਰੋਂ ਤੀਜੇ ਦਿਨ ਤੁਰ ਕੇ ਹੀ ਪੱਟੀ ਕਰਾਉਣ ਜਾਂਦਾ ਤੇ ਦਸ ਕਿਲੋਮੀਟਰ ਦਾ ਗੇੜਾ ਲਾ ਕੇ ਮੁੜਦਾ। ਪੰਦਰਾਂ ਵੀਹ ਦਿਨਾਂ ਬਾਅਦ ਕੁੱਤੇ ਦੇ ਵੱਢੇ ਦਾ ਜ਼ਖ਼ਮ ਮਸਾਂ ਰਾਜ਼ੀ ਹੋਇਆ। ਮੇਰੀ ਖੱਬੀ ਲੱਤ ਦੇ ਪਿੱਛਲੇ ਪਾਸੇ ਦੋ ਇੰਚ ਦੇ ਜ਼ਖ਼ਮ ਦਾ ਪੱਕਾ ਈ ਨਿਸ਼ਾਨ ਪਿਆ ਹੋਇਐ। ਜਦੋਂ ਵੀ ਮੈਂ ਆਪਣੀ ਸ਼ਨਾਖ਼ਤ ਵਜੋਂ ਕਿਸੇ ਫਾਰਮ ਉਤੇ ਆਪਣੇ ਸਰੀਰ ਦੀ ਪੱਕੀ ਨਿਸ਼ਾਨੀ ਭਰਨੀ ਹੁੰਦੀ ਹੈ ਤਾਂ ਇਸੇ ਨਿਸ਼ਾਨ ਦੀ ਭਰਦਾਂ। ਉਂਜ ਹੈਰਾਨ ਹੁੰਨਾਂ ਕਿ ਉਦੋਂ ਇਲਾਜ ਕਿਹੋ ਜਿਹੇ ਸਨ? ਇਸ ਗੱਲ ਦਾ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਕੁੱਤਾ ਕਿਤੇ ਹਲਕਿਆ ਨਾ ਹੋਵੇ ਤੇ ਹਲਕ ਤੋਂ ਬਚਣ ਲਈ ਟੀਕੇ ਲੁਆਏ ਜਾਣ।ਕਦੇ ਕਦੇ ਮੈਂ ਸੋਚਦਾਂ ਕਿ ਚੰਗਾ ਈ ਹੋਇਆ ਜਿਹੜਾ ਅੱਜ ਤੋਂ ਸੱਠ ਸੱਤਰ ਸਾਲ ਪਹਿਲਾਂ ਜੰਮਿਆ। ਕਿਤੇ ਹੁਣ ਦੇ ਸਮਿਆਂ `ਚ ਜੰਮਦਾ ਤਾਂ ਕੁੱਤਾ ਭਾਵੇਂ ਮੂੰਹ ਦੀ ਝਰੀਟ ਈ ਮਾਰਦਾ ਪਰ ਸ਼ੱਕ ਸ਼ੁਬ੍ਹੇ ਵਿੱਚ ਈ ਹਲਕਾਅ ਤੋਂ ਬਚਣ ਦੇ ਟੀਕੇ ਢਿੱਡ `ਚ ਲੁਆਉਣੇ ਪੈਂਦੇ!
Additional Info
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਪ੍ਰਿੰਸੀਪਲ ਸਰਵਣ ਸਿੰਘਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ। Latest from ਪ੍ਰਿੰਸੀਪਲ ਸਰਵਣ ਸਿੰਘ |