ਜਦੋਂ ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ ਅਠਾਰਾਂ’ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਬੀਜ ਮਿਲ ਸਕਦੈ। ਕਲਿਆਣ ਦੇ ਦਾਣੇ ਮੋਟੇ ਤੇ ਰੰਗ ਸ਼ਰਬਤੀ ਸੀ ਜਦ ਕਿ ਪੀ ਬੀ ਅਠਾਰਾਂ ਦੇ ਬਰੀਕ ਤੇ ਰੰਗ ਦੇ ਘਸਮੈਲੇ ਸਨ। ਝਾੜ ਦੋਹਾਂ ਹੀ ਬੀਜਾਂ ਦਾ ਪਹਿਲੀਆਂ ਦੇਸੀ ਕਣਕਾਂ ਨਾਲੋਂ ਦੁੱਗਣਾ ਸੀ। ਦੇਸੀ ਕਣਕਾਂ ਕਿੱਲੇ `ਚੋਂ ਮਸਾਂ ਵੀਹ ਬਾਈ ਮਣ ਨਿਕਲਦੀਆਂ ਸਨ ਪਰ ਮੈਕਸੀਕਨ ਕਣਕਾਂ ਬਾਰੇ ਕਿਹਾ ਜਾਂਦਾ ਸੀ ਕਿ ਕਿੱਲੇ `ਚੋਂ ਚਾਲੀ ਮਣ ਤੋਂ ਉਤੇ ਨਿਕਲਦੀਐਂ।
ਸੱਤਵੇਂ ਦਹਾਕੇ `ਚ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਦਾ ਧੁਰਾ ਮੈਕਸੀਕਨ ਕਣਕਾਂ ਦੇ ਬੀਜ ਹੀ ਰਿਹਾ। ਸੱਥਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਡੇਰਿਆਂ, ਗੁਰਦੁਆਰਿਆਂ ਤੇ ਖੇਤਾਂ-ਬੰਨਿਆਂ `ਤੇ ਜਦੋਂ ਕਿਸਾਨ ਇੱਕ ਦੂਜੇ ਨੂੰ ਮਿਲਦੇ ਤਾਂ ਕਲਿਆਣ ਤੇ ਪੀ ਬੀ ਅਠਾਰਾਂ ਦੀਆਂ ਗੱਲਾਂ ਕਰਦੇ। ਉਹ ਖੀਸਿਆਂ `ਚੋਂ ਨਵੇਂ ਬੀਜ ਦੇ ਦਾਣੇ ਕੱਢ ਕੇ ਵਿਖਾਉਂਦੇ ਤੇ ਇੱਕ ਦੂਜੇ ਨਾਲ ਨਿਰਖਦੇ। ਅਸਲੀ ਨਕਲੀ ਬੀਜ ਦੀ ਪਛਾਣ ਕਰਦੇ। ਕੋਈ ਕਹਿੰਦਾ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਲਿਆਂਦੈ ਤੇ ਕੋਈ ਕਹਿੰਦਾ ਜ਼ਰਾਇਤੀ ਯੂਨੀਵਰਸਿਟੀ ਲੁਧਿਆਣੇ ਤੋਂ। ਕਸੀਰਾਂ ਤੋਂ ਘੋਨੀ ਇੱਕ ਕਣਕ ਦਾ ਨਾਂ ਕਿਸੇ ਨੇ ‘ਗੇਬੋ’ ਰੱਖ ਲਿਆ ਸੀ ਜਦ ਕਿ ਅੰਗਰੇਜ਼ੀ ਵਿੱਚ ਉਸ ਦਾ ਨਾਂ ਕੁੱਝ ਹੋਰ ਸੀ। ਐਨ ਉਵੇਂ ਜਿਵੇਂ ਆਇਸ਼ਰ ਟ੍ਰੈਕਟਰ ਨੂੰ ਆਸ਼ਾ ਟ੍ਰੈਕਟਰ ਕਹਿਣ ਲੱਗ ਪਏ ਸਨ।
ਪਿੰਡ ਦਾਖੇ ਦਾ ਜੰਮਪਲ ਪ੍ਰਿੰ.ਹਰਬੰਤ ਸਿੰਘ ਦਿੱਲੀ ਆਉਂਦਾ ਜਾਂਦਾ ਸੀ। ਉਹ ਪ੍ਰੋ.ਜਸਵੰਤ ਸਿੰਘ ਫੁੱਲ ਕੋਲ ਠਹਿਰਦਾ ਸੀ। ਮੇਰਾ ਵੀ ਫੁੱਲ ਕੋਲ ਆਉਣ ਜਾਣ ਸੀ। ਉਥੇ ਮੇਰੀ ਡਾ.ਹਰਬੰਤ ਸਿੰਘ ਨਾਲ ਸਿਆਣ ਹੋ ਗਈ। ਉਦੋਂ ਉਹ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦਾ ਪ੍ਰਿੰਸੀਪਲ ਸੀ ਤੇ ਕਾਲਜ ਲਈ ਸਮਾਨ ਲੈਣ ਦਿੱਲੀ ਗੇੜਾ ਮਾਰਦਾ ਰਹਿੰਦਾ ਸੀ। ਪ੍ਰੋ.ਫੁੱਲ ਰੁੱਝਿਆ ਹੁੰਦਾ ਤਾਂ ਮੈਂ ਉਹਦਾ ਸਾਥ ਦਿੰਦਾ। ਉਹਦੀ ਉਮਰ ਭਾਵੇਂ ਸੱਠ ਸਾਲ ਦੇ ਨੇੜ ਸੀ ਪਰ ਦੱਖ ਜੁਆਨਾਂ ਵਰਗੀ ਸੀ। ਇੱਕ ਦਿਨ ਕਨਾਟ ਪਲੇਸ ਘੁੰਮਦਿਆਂ ਕਹਿਣ ਲੱਗਾ, “ਸਰਵਣ ਸਿਆਂ, ਓਡੀਅਨ ਸਿਨਮੇ `ਚ ਫਿਲਮ ਸੰਗਮ ਲੱਗੀ ਐ। ਜੇ ਟਿਕਟਾਂ ਦਾ ਹੱਲਾ ਮਾਰ ਲਵੇਂ ਤਾਂ ਦੇਖ ਈ ਲਈਏ।”
ਮੈਂ ਹੱਲਾ ਮਾਰਿਆ ਤੇ ਧੱਕੋਧੱਕੀ ਹੁੰਦੀ ਲਾਈਨ `ਚੋਂ ਮੂਹਰੇ ਨਿਕਲ ਕੇ ਦੋ ਟਿਕਟਾਂ ਲੈ ਆਇਆ। ਪ੍ਰਿੰਸੀਪਲ ਨੇ ਮੈਨੂੰ ਸ਼ਾਬਾਸ਼ੇ ਦਿੱਤੀ ਕਿ ਜੁਆਨ ਹੋਵੇ ਤਾਂ ਤੇਰੇ ਵਰਗਾ ਹੋਵੇ ਜਿਹੜਾ ਧੱਕੇ ਨਾਲ ਅੱਗੇ ਨਿਕਲ ਸਕੇ। ਅਸੀਂ ਫਿਲਮ ਵੇਖੀ ਜੀਹਦਾ ਇੱਕ ਗਾਣਾ ਮੈਨੂੰ ਅਜੇ ਤਕ ਵੀ ਯਾਦ ਹੈ-ਤੇਰੇ ਮਨ ਕੀ ਗੰਗਾ, ਮੇਰੇ ਮਨ ਕੀ ਜਮਨਾ ਕਾ, ਬੋਲ ਰਾਧਾ ਬੋਲ ਸੰਗਮ ਹੋਗਾ ਜਾਂ ਨਹੀਂ …।”
ਡਾ.ਹਰਬੰਤ ਸਿੰਘ ਬੌਟਨੀ ਦਾ ਪੀ ਐੱਚ.ਡੀ.ਸੀ। ਪਹਿਲਾਂ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਸੀ। ਉਨ੍ਹਾਂ ਦਿਨਾਂ ਵਿੱਚ ਹੀ ਪੰਜਾਬੀ ਸੂਬੇ ਦਾ ਮੋਰਚਾ ਲੱਗ ਗਿਆ ਤੇ ਕੈਰੋਂ ਸਰਕਾਰ ਨੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਹਰੇ ਉਤੇ ਪਾਬੰਦੀ ਲਾ ਦਿੱਤੀ। ਉਸ ਨੇ ਇੱਕ ਲੇਖ ਲਿਖ ਕੇ ਇਸ ਪਾਬੰਦੀ ਦਾ ਵਿਰੋਧ ਕੀਤਾ ਤਾਂ ਕਾਲਜ ਦੀ ਕਾਂਗਰਸੀ ਕਮੇਟੀ ਨੇ ਉਸ ਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਹਟਾ ਦਿੱਤਾ। ਨੌਕਰੀਓਂ ਕੱਢੇ ਬੌਟਨੀ ਦੇ ਵਿਦਵਾਨ ਨੂੰ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਨੇ ਉਸੇ ਗਰੇਡ `ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਲਾ ਲਿਆ। ਪ੍ਰਿੰਸੀਪਲ ਰਹੇ ਡਾ.ਸਾਹਿਬ ਨੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਕਾਲਜ ਦੇ ਹਿਸਾਬ ਨਾਲ ਚਲਾਉਣਾ ਚਾਹਿਆ ਅਤੇ ਪ੍ਰਸ਼ਾਦ ਲਈ ਘਿਉ ਦੇ ਪੀਪੇ ਤੇ ਲੰਗਰ ਲਈ ਆਟੇ ਦਾਲ ਦੀਆਂ ਬੋਰੀਆਂ ਦੀ ਗਿਣਤੀ ਮਿਣਤੀ ਕੀਤੀ ਤਾਂ ਸੰਤਾਂ ਨੇ ਸਮਝ ਲਿਆ ਕਿ ਇਹ ਭਾਈ ਕਮੇਟੀ ਦੀ ਸਕੱਤਰੀ ਦੇ ‘ਲੈਕ’ ਨਹੀਂ। ਇਹਨੂੰ ਕੋਈ ਨਵਾਂ ਕਾਲਜ ਈ ਖੋਲ੍ਹ ਕੇ ਦੇਣਾ ਪਊ!
ਸੰਤਾਂ ਨੇ ਡਾ.ਹਰਬੰਤ ਸਿੰਘ ਨੂੰ ਪ੍ਰਿੰਸੀਪਲ ਲਾਉਣ ਲਈ ਤਲਵੰਡੀ ਸਾਬੋ `ਚ ਗੁਰੂ ਕਾਸ਼ੀ ਕਾਲਜ ਖੋਲ੍ਹ ਦਿੱਤਾ। ਉਨ੍ਹਾਂ ਨੇ ਸੋਚਿਆ ਨਾਲੇ ਕਾਲਜ ਚਲਾਈ ਜਾਊ, ਨਾਲੇ ਬੇਆਬਾਦ ਪਈ ਜ਼ਮੀਨ `ਚ ਬੂਟੇ ਲਾਈ ਜਾਊ। ਨਾ ਉਹ ਸ਼੍ਰੋਮਣੀ ਕਮੇਟੀ `ਚ ਦਖਲ ਦੇਊ ਤੇ ਨਾ ਕਮੇਟੀ ਉਹਦੇ ਕਾਲਜ ਬਾਰੇ ਪੁੱਛੂ। ਉਹ ਕਾਲਜ ਫਿਰ ਡਾ.ਹਰਬੰਤ ਸਿੰਘ ਨੇ ਆਪਣੀ ਮਰਜ਼ੀ ਨਾਲ ਚਲਾਇਆ।
ਇਕ ਵਾਰ ਮੈਂ ਬਠਿੰਡੇ ਉਤਰਿਆ ਤੇ ਪ੍ਰਿੰ.ਹਰਬੰਤ ਸਿੰਘ ਨੂੰ ਮਿਲਣ ਚਲਾ ਗਿਆ। ਮਈ ਦਾ ਮਹੀਨਾ ਸੀ। ਲੂਆਂ ਵਗ ਰਹੀਆਂ ਤੇ ਧੂੜਾਂ ਉੱਡ ਰਹੀਆਂ ਸਨ। ਗੁਰਦਵਾਰਾ ਦਮਦਮਾ ਸਾਹਿਬ ਦੇ ਸਫੈਦ ਗੁੰਬਦ ਚੜ੍ਹੀ ਹੋਈ ਖੱਖ `ਚ ਘਸਮੈਲੇ ਜਿਹੇ ਦਿਸਦੇ ਸਨ। ਕਾਲਜ ਦਾ ਰਾਹ ਪੁੱਛ ਕੇ ਮੈਂ ਦਫਤਰ ਗਿਆ ਤਾਂ ਉਹ ਮੈਨੂੰ ਬੜੇ ਤਪਾਕ ਨਾਲ ਮਿਲਿਆ। ਚਾਹ ਪਾਣੀ ਪੀਣ ਪਿੱਛੋਂ ਮੈਂ ਵਾਪਸ ਜਾਣ ਦੀ ਆਗਿਆ ਮੰਗੀ ਤਾਂ ਉਸ ਨੇ ਕਿਹਾ, “ਏਡੀ ਦੂਰੋਂ ਆਇਐਂ। ਅੱਜ ਦੀ ਰਾਤ ਏਥੇ ਈ ਰਹਿ। ਨਾਲੇ ਤੈਨੂੰ ਕਲਿਆਣ ਤੇ ਪੀ ਬੀ ਅਠਾਰਾਂ ਦਾ ਬੀ ਦੇ ਕੇ ਤੋਰਾਂਗੇ।”
ਦਿੱਲੀ ਦੀ ਇੱਕ ਫੇਰੀ ਸਮੇਂ ਡਾ.ਹਰਬੰਤ ਸਿੰਘ ਨੇ ਦੱਸਿਆ ਸੀ ਕਿ ਉਸ ਨੇ ਕਾਲਜ ਦੇ ਫਾਰਮ ਵਿੱਚ ਮੈਕਸੀਕਨ ਕਣਕ ਬਿਜਾਈ ਹੈ। ਉਸ ਨੇ ਮੈਨੂੰ ਪੰਜ ਕਿੱਲੋ ਕਲਿਆਣ ਦਾ ਬੀਜ ਤੇ ਵੀਹ ਕਿੱਲੋ ਪੀ ਬੀ ਅਠਾਰਾਂ ਦਾ ਬੀਜ ਦੇਣ ਦਾ ਲਾਲਚ ਦਿੱਤਾ। ਇੱਕ ਕਿਸਾਨ ਦੇ ਪੁੱਤਰ ਲਈ ਏਦੂੰ ਵੱਡਾ ਲਾਲਚ ਹੋਰ ਕੀ ਹੋ ਸਕਦਾ ਸੀ? ਮੈਂ ਰੁਕ ਗਿਆ।
ਦਿਨ ਛਿਪੇ ਅਸੀਂ ਬਾਹਰ ਖੁੱਲ੍ਹੇ ਥਾਂ ਮੰਜੇ ਡਹਾ ਲਏ ਤੇ ਵਿਚਕਾਰ ਪਾਣੀ ਦਾ ਘੜਾ ਰਖਵਾ ਲਿਆ। ਪ੍ਰਿੰਸੀਪਲ ਦੀ ਪਤਨੀ ਲਾਂਭੇ ਗਈ ਹੋਈ ਸੀ। ਉਸ ਨੇ ਸੇਵਾਦਾਰ ਨੂੰ ਗੁਰਦਵਾਰੇ ਤੋਂ ਲੰਗਰ ਲੈਣ ਭੇਜ ਦਿੱਤਾ ਤੇ ਮੈਨੂੰ ਦੱਸਣ ਲੱਗਾ ਕਿ ਲੰਗਰ ਦਾ ਦਾਲ-ਪਰਸ਼ਾਦਾ ਬੜਾ ਸੁਆਦ ਹੁੰਦੈ। ਦਿੱਲੀ ਕਾਕੇ ਦੇ ਢਾਬੇ ਦੀ ਰੋਟੀ ਖਾਂਦਾ ਰਿਹੈਂ, ਅੱਜ ਇਹ ਵੀ ਖਾ ਕੇ ਵੇਖੀਂ। ਇੱਕ ਵਾਰ ਪ੍ਰਿੰਸੀਪਲ ਸਾਹਿਬ ਨੂੰ ਕਨਾਟ ਪਲੇਸ ਵਾਲੇ ਕਾਕੇ ਦੇ ਢਾਬੇ ਤੋਂ ਰੋਟੀ ਖੁਆਈ ਸੀ ਜੋ ਉਸ ਨੂੰ ਯਾਦ ਸੀ।
ਸੇਵਾਦਾਰ ਨੂੰ ਲੰਗਰ ਲੈਣ ਗਿਆਂ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਕਾਲੀ ਬੋਲੀ ਹਨ੍ਹੇਰੀ ਆ ਗਈ ਜੋ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਘੰਟਾ ਕੁ ਬੀਤ ਜਾਣ `ਤੇ ਪ੍ਰਿੰਸੀਪਲ ਨੇ ਕਿਹਾ, “ਸਰਵਣ ਸਿਆਂ, ਲੱਗਦੈ ਸੇਵਾਦਾਰ ਰਾਹ ਭੁੱਲ ਗਿਆ। ਲੰਗਰ ਦੇ ਪਰਸ਼ਾਦੇ ਅੱਜ ਆਪਣੇ ਕਰਮਾਂ `ਚ ਨੀ। ਅਏਂ ਕਰਦੇ ਆਂ, ਬਿਸਕੁਟ ਖਾ ਕੇ ਸੌਂ ਜਾਨੇ ਆਂ। ਸਵੇਰੇ ਪਰੌਂਠੇ ਛਕਾਂਗੇ।”
ਸਵੇਰੇ ਉੱਠੇ ਤਾਂ ਸਾਡੇ ਮੂੰਹ ਸਿਰ ਰੇਤੇ ਨਾਲ ਅੱਟੇ ਪਏ ਸਨ। ਮੈਂ ਡਾਕਟਰ ਸਾਹਿਬ ਦੀ ਦਾੜ੍ਹੀ ਵੇਖ ਕੇ ਹੱਸੀ ਜਾਵਾਂ ਤੇ ਉਹ ਮੇਰਾ ਸਿਰ ਵੇਖ ਕੇ ਹੱਸੀ ਜਾਵੇ। ਨ੍ਹਾ ਧੋ ਕੇ ਅਸੀਂ ਪਰਾਉਂਠੇ ਖਾਧੇ ਤੇ ਰਾਤ ਦੀ ਕਸਰ ਕੱਢੀ। ਫਿਰ ਕਾਲਜ ਦੇ ਕੈਂਪਸ ਦਾ ਚੱਕਰ ਲਾਉਂਦਿਆਂ ਸਟੋਰ ਤੋਂ ਬੀਜ ਦਾ ਪਤਾ ਕੀਤਾ। ਪਤਾ ਲੱਗਾ ਕਿ ਕਲਿਆਣ ਦਾ ਬੀਜ ਤਾਂ ਮੁੱਕ ਗਿਐ ਪਰ ਪੀ ਬੀ ਅਠਾਰਾਂ ਦਾ ਪਿਐ। ਉਸ ਨੂੰ ਅਫਸੋਸ ਹੋਇਆ ਕਿ ਉਹ ਮੈਨੂੰ ਹੁਣ ਕਲਿਆਣ ਦਾ ਬੀਜ ਨਹੀਂ ਸੀ ਦੇ ਸਕਦਾ। ਉਹਦੇ ਮੂੰਹੋਂ ਨਿਕਲ ਗਿਆ, “ਕਲਿਆਣ ਦੇ ਬੀ ਦੀ ਕਸਰ ਤੂੰ ਪੀ ਬੀ ਅਠਾਰਾਂ ਦਾ ਬੀ ਵੱਧ ਲਿਜਾ ਕੇ ਪੂਰੀ ਕਰ-ਲੀਂ।” ਮੈਂ ਖੜ੍ਹਾ ਖੜ੍ਹਾ ਈ ਮਣ ਦੋ ਮਣ ਬੀਜ ਲੈਣ ਬਾਰੇ ਸੋਚ ਗਿਆ ਤੇ ਆਖਣ ਲੱਗਾ, “ਡਾ.ਸਾਹਿਬ ਅੱਜ ਮੈਂ ਕਿਤੇ ਹੋਰ ਜਾਣੈ। ਭਲਕੇ ਆਵਾਂਗਾ ਤੇ ਬੀ ਲੈ ਜਾਵਾਂਗਾ।”
ਮੈਂ ਹੋਰ ਕਿਤੇ ਜਾਣ ਦੀ ਥਾਂ ਪਿੰਡ ਨੂੰ ਚੱਲ ਪਿਆ। ਬਰਨਾਲੇ ਇੱਕ ਮਿੱਤਰ ਨੂੰ ਮਿਲਣ ਪਿੱਛੋਂ ਮੈਂ ਦਿਨ ਛਿਪਾਅ ਨਾਲ ਬੌਡਿਆਂ ਦੇ ਬੱਸ ਅੱਡੇ `ਤੇ ਉਤਰਿਆ। ਉਥੋਂ ਮੀਨੀਆਂ ਵਿੱਚ ਦੀ ਚਕਰ ਸੱਤ ਕਿਲੋਮੀਟਰ ਹੈ। ਥਕੇਵਾਂ ਲਾਹੁਣ ਲਈ ਠੇਕੇ ਤੋਂ ਸੌਂਫੀਏ ਦਾ ਪਊਆ ਲੈ ਲਿਆ। ਕੁਛ ਪੀ ਲਿਆ ਤੇ ਬਾਕੀ `ਚ ਪਾਣੀ ਪਾ ਕੇ ਨੇਫ਼ੇ `ਚ ਟੁੰਗ ਲਿਆ। ਤੁਰਨ ਨਾਲ ਸਰੂਰ ਵੀ ਚੜ੍ਹਨ ਲੱਗਾ। ਮੈਂ ਮਣ ਦੋ ਮਣ ਬੀਜ ਲੈਣ ਬਾਰੇ ਸੋਚਿਆ ਸੀ ਪਰ ਨਸ਼ੇ ਦੀ ਚੜ੍ਹਾਈ ਨਾਲ ਮੈਂ ਕੁਇੰਟਲ ਬੀਜ ਲਿਆਉਣ ਬਾਰੇ ਸੋਚਣ ਲੱਗ ਪਿਆ। ਹੋਰ ਘੁੱਟ ਲਾਈ ਤਾਂ ਡੂਢ ਕੁਇੰਟਲ ਤੇ ਹੋਰ ਘੁੱਟ ਨਾਲ ਦੋ ਕੁਇੰਟਲ `ਤੇ ਪਹੁੰਚ ਗਿਆ। ਮੇਰਾ ਮਨ ਕਹੀ ਜਾਵੇ, “ਪ੍ਰਿੰਸੀਪਲ ਨੇ ਸਾਫ ਕਿਹੈ ਕਿ ਕਲਿਆਣ ਦੀ ਕਸਰ ਤੂੰ ਪੀ ਬੀ ਅਠਾਰਾਂ ਦਾ ਬੀ ਵੱਧ ਲੈ ਕੇ ਪੂਰੀ ਕਰ-ਲੀਂ। ਆਪਾਂ ਹੁਣ ਕਸਰ ਛੱਡਣੀ ਕਾਹਨੂੰ ਐਂ? `ਕੱਠਾ ਦੋ ਕੁਇੰਟਲ ਲਿਆਵਾਂਗੇ ਤੇ ਅਗਲੇ ਸਾਲ ਦੱਬ ਕੇ ਵੇਚਾਂਗੇ।”
ਪਿੰਡ ਤਕ ਪਹੁੰਚਦਿਆਂ ਮੈਂ ਸਾਰਾ ਪਊਆ ਪੀ ਗਿਆ ਤੇ ਘਰ ਦੇ ਸਾਰੇ ਖੇਤ ਪੀ ਬੀ ਅਠਾਰਾਂ ਨਾਲ ਬੀਜਣ ਬਾਰੇ ਸੋਚ ਗਿਆ। ਸ਼ਰਾਬ ਸਹੁਰੀ ਚੀਜ਼ ਹੀ ਐਸੀ ਹੈ ਕਿ ਸਿੱਧੀ ਪੈ-ਜੇ ਤਾਂ ਪੌਂ ਬਾਰਾਂ, ਜੇ ਪੁੱਠੀ ਪੈ-ਜੇ ਤਾਂ ਤਿੰਨ ਕਾਣੇ। ਇਹ ਸੋਚਾਂ ਨੂੰ ਜ਼ਰਬਾਂ ਦੇ ਦਿੰਦੀ ਹੈ। ਮੈਂ ਸੋਚ ਗਿਆ ਕਿ ਸਾਰੇ ਹੀ ਖੇਤਾਂ ਵਿੱਚ ਮੈਕਸੀਕਨ ਕਣਕ ਬੀਜ ਕੇ ਸਾਡੀ ਕਣਕ ਪਿਛਲੇ ਸਾਲ ਨਾਲੋਂ ਦੁੱਗਣੀ ਹੋ ਜਾਵੇਗੀ ਤੇ ਬੀਜ ਵੀ ਮਹਿੰਗੇ ਮੁੱਲ ਵਿਕੇਗਾ। ਘਰ ਦੀ ਮਾਲੀ ਹਾਲਤ ਸੁਧਰ ਜਾਵੇਗੀ। ਪਊਏ ਦੀ ਲੋਰ ਨੇ ਮੇਰੀ ਕਲਪਣਾ ਨੂੰ ਅਜਿਹਾ ਹੁਲ੍ਹਾਰਾ ਦਿੱਤਾ ਕਿ ਮੈਂ ਸ਼ੇਖ ਚਿਲੀ ਬਣਿਆ ਘਰ ਪਹੁੰਚਿਆ।
ਕੁਰਲੀਆਂ ਮੈਂ ਰਾਹ ਉਤਲੇ ਨਲਕੇ ਤੋਂ ਕਰ ਗਿਆ ਸਾਂ ਪਈ ਪੀਤੀ ਦਾ ਘਰ ਦਿਆਂ ਨੂੰ ਪਤਾ ਨਾ ਲੱਗੇ। ਪਰ ਗੱਲਾਂ ਮੇਰੀਆਂ ਪੀਤੀ ਵਰਗੀਆਂ ਹੀ ਰਹੀਆਂ। ਰੋਟੀ ਖਾਂਦਿਆਂ ਮੈਂ ਫੜ੍ਹ ਮਾਰ ਬੈਠਾ, “ਪ੍ਰਿੰਸੀਪਲ ਹਰਬੰਤ ਸਿੰਘ ਆਪਣਾ ਘਰ ਦਾ ਬੰਦੈ। ਭਲਕੇ ਮੈਂ ਸਾਰੇ ਚੌਦਾਂ ਕਿੱਲਿਆਂ ਵਾਸਤੇ ਪੀ ਬੀ ਅਠਾਰਾਂ ਦਾ ਬੀ ਲਿਆਊਂ ਤੇ ਦਿੱਲੀ ਤੋਂ ਐੱਮ.ਏ.ਕਰਾਈ ਦਾ ਮੁੱਲ ਮੋੜ-ਦੂੰ। ਮੈਂ ਦਮਦਮੇ ਜਾਊਂ ਤੇ ਬੀ ਬੱਸ ਉਤੇ ਰੱਖੀ ਆਊਂ। ਤੁਸੀਂ ਗੱਡਾ ਲੈ ਕੇ ਬੱਧਨੀ ਪਹੁੰਚ ਜਿਓ।” ਘਰ ਦੇ ਹੈਰਾਨ ਸਨ ਕਿ ਅੱਗੇ ਤਾਂ ਇਹਨੇ ਕਦੇ ਦਿੱਲੀ ਤੋਂ ਪੰਜ ਕਿਲੋ ਬੀ ਲਿਆਉਣ ਦੀ ਹਾਮੀ ਨੀ ਭਰੀ ਤੇ ਅੱਜ ਦਿੱਲੀ ਦਾ ਨਵਾਬ ਬਣਿਆ ਬੈਠੈ! ਪੀ ਬੀ ਅਠਾਰਾਂ ਦਾ ਬੀ ਤਾਂ ਕਿਤੋਂ ਬੰਦਾ ਮਾਰਿਆਂ ਨੀ ਮਿਲਦਾ, ਇਹ ਚੌਦਾਂ ਕਿੱਲੇ ਬੀਜਣ ਦੇ ਫੈਂਟਰ ਮਾਰੀ ਜਾਂਦੈ! !
ਸਵੇਰੇ ਜਾਗ ਆਈ ਤਾਂ ਚਾਹ ਦੇ ਨਾਲ ਖਾਲੀ ਬੋਰੀਆਂ ਵੀ ਆ ਗਈਆਂ। ਕਹਿੰਦੇ, “ਚੱਲ ਸੈਂਕਲ `ਤੇ ਬੌਡਿਆਂ ਤੋਂ ਬੱਸ ਚੜ੍ਹਾ ਆਉਨੇ ਆਂ।” ਚਾਹ ਪੀਂਦਿਆਂ ਮੈਂ ਸੋਚਿਆ, “ਰਾਤ ਮੈਥੋਂ ਵੱਡਾ ਈ ਫੈਂਟਰ ਵੱਜ ਗਿਐ। ਚਲੋ ਦੇਖਦੇ ਆ ਕੀ ਬਣਦੈ?” ਮੈਂ ਪੈਸੇ ਜੇਬ `ਚ ਪਾਏ ਤੇ ਬੋਰੀਆਂ ਲੈ ਕੇ ਬੌਡਿਆਂ ਨੂੰ ਚਾਲੇ ਪਾ ਲਏ। ਬੱਸ ਚੜ੍ਹਨ ਲੱਗਾ ਮੈਂ ਠੇਕੇ ਵੱਲ ਕੁਣੱਖਾ ਝਾਕਿਆ ਕਿ ਇਸ ਠੇਕੇ ਨੇ ਈ ਪੰਗਾ ਪਾਇਆ। ਨਾ ਇਹ ਏਥੇ ਹੁੰਦਾ, ਨਾ ਮੈਂ ਪੀਂਦਾ ਤੇ ਨਾ ਮੈਥੋਂ ਏਡੀ ਵੱਡੀ ਫੜ੍ਹ ਵੱਜਦੀ। ਮਣ ਦੋ ਮਣ ਬੀਜ ਤਾਂ ਮੰਨਿਆ ਪਰ ਨੌਂ ਦਸ ਮਣ ਬੀਜ ਕਿਵੇਂ ਲਿਆਵਾਂਗਾ? ਫਿਰ ਵੀ ਜਾਂਦਾ ਜਾਂਦਾ ਮਨ `ਚ ਸਕੀਮਾਂ ਲਾਉਂਦਾ ਗਿਆ।
ਮਨ `ਚ ਬਣਾਈ ਸਕੀਮ ਮੁਤਾਬਿਕ ਮੈਂ ਮੌਕਾ ਵੇਖ ਕੇ ਅਰਜ਼ ਗੁਜ਼ਾਰੀ, “ਡਾ.ਸਾਹਿਬ ਸਾਡੇ ਸਾਰੇ ਈ ਰਿਸ਼ਤੇਦਾਰ ਤੇ ਸਕੇ ਸੋਧਰੇ ਕਿੱਲੇ ਕਿੱਲੇ ਦਾ ਬੀ ਮੰਗਦੇ ਐ। ਸਾਰਿਆਂ ਨੂੰ ਚੌਦਾਂ ਕਿੱਲਿਆਂ ਦਾ ਬੀ ਚਾਹੀਦੈ। ਜੇ ਕਿੱਲੇ `ਚ ਪੱਚੀ ਕਿੱਲੋ ਈ ਪਾਈਏ ਤਾਂ ਵੀ ਸਾਢੇ ਤਿੰਨ ਕੁਇੰਟਲ ਬਣਦੈ।” ਡਾ.ਹਰਬੰਤ ਸਿੰਘ ਦਰਿਆ ਦਿਲ ਬੰਦਾ ਸੀ ਤੇ ਮੇਰੀ ਦਿੱਲੀ ਦੀ ਸੇਵਾ ਦਾ ਵੀ ਅਹਿਸਾਨਮੰਦ ਸੀ। ਉਸ ਨੇ ਸਟੋਰ ਕੀਪਰ ਨੂੰ ਸਾਢੇ ਤਿੰਨ ਕੁਇੰਟਲ ਕਣਕ ਤੋਲਣ ਦਾ ਆਰਡਰ ਦੇ ਦਿੱਤਾ।
ਮੈਂ ਪੈਸੇ ਜਮ੍ਹਾਂ ਕਰਾਏ ਤੇ ਸੱਤ ਬੋਰੀਆਂ ਵਿੱਚ ਪੰਜਾਹ ਪੰਜਾਹ ਕਿੱਲੋ ਬੀਜ ਪੁਆ ਲਿਆ। ਪਾਣੀ ਦੀ ਰੇੜ੍ਹੀ ਵਾਲਾ ਬੋਰੀਆਂ ਬੱਸ ਅੱਡੇ `ਤੇ ਪੁਚਾ ਗਿਆ। ਦਮਦਮਾ ਸਾਹਿਬ ਤੋਂ ਸਿੱਧੀ ਬਰਨਾਲੇ ਨੂੰ ਜਾਣ ਵਾਲੀ ਬੱਸ ਆਈ ਤਾਂ ਮੈਂ ਡਰਾਈਵਰ ਨੂੰ ਪੁੱਛਿਆ, “ਬਾਈ ਜੀ, ਕਣਕ ਦੇ ਸੱਤ ਗੱਟੂ ਬਰਨਾਲੇ ਲਿਜਾਣੇ ਆਂ। ਚੜ੍ਹਵਾ ਲਾਂ?” ਉਸ ਨੇ ਕਿਹਾ, “ਚੜ੍ਹਵਾ ਲੈ।” ਪਰ ਸੇਲ੍ਹੀਆਂ ਠੱਪ ਕੇ ਤੇ ਸੁਰਮਾ ਪਾ ਕੇ ਸ਼ੁਕੀਨ ਬਣਿਆ ਕੰਡਕਟਰ ਕਹਿਣ ਲੱਗਾ, “ਅਸੀਂ ਬੱਸ ਦੀ ਛੱਤ ਨੀ ਤੁੜਵਾਉਣੀ।” ਮੈਂ ਨਰਮੀ ਨਾਲ ਕਿਹਾ, “ਵੀਰ ਜੀ, ਮੈਂ ਭਾਰ ਦਾ ਕਿਰਾਇਆ ਦੇਵਾਂਗਾ।” ਕੰਡਕਟਰ ਕਹਿਣ ਲੱਗਾ, “ਕਿਰਾਇਆ ਤਾਂ ਹਰੇਕ ਈ ਦਿੰਦਾ। ਅਸੀਂ ਇੱਕ ਸਵਾਰੀ ਦਾ ਏਨਾ ਭਾਰ ਨੀ ਲਿਜਾ ਸਕਦੇ।”
ਮੈਨੂੰ ਨਹੀਂ ਸੀ ਪਤਾ ਕਿ ਇੱਕ ਸਵਾਰੀ ਕਿੰਨਾ ਭਾਰ ਲਿਜਾ ਸਕਦੀ ਹੈ? ਮੈਂ ਫਿਰ ਡਰਾਈਵਰ ਕੋਲ ਗਿਆ। ਡਰਾਈਵਰ ਕਹਿਣ ਲੱਗਾ, “ਤੂੰ ਏਸ ਸ਼ੁਕੀਨ ਦੀ ਪਰਵਾਹ ਨਾ ਕਰ ਤੇ ਚੁੱਪ ਕਰ ਕੇ ਬੋਰੀਆਂ ਬੱਸ `ਤੇ ਰਖਵਾ ਲੈ।” ਮੈਨੂੰ ਡਰਾਈਵਰ ਨਰ ਬੰਦਾ ਲੱਗਾ। ਕੰਡਕਟਰ ਸੀ ਵੀ ਮੁੰਡੂ ਜਿਹਾ ਜਦ ਕਿ ਡਰਾਈਵਰ ਚਾਲੀ ਕੁ ਸਾਲਾਂ ਦਾ ਸਾਊ ਇਨਸਾਨ ਸੀ। ਉਹਦੇ ਖਾਕੀ ਵਰਦੀ ਪਾਈ ਸੀ ਤੇ ਖਾਕੀ ਪੱਗ ਬੰਨ੍ਹੀ ਸੀ। ਮੈਂ ਬੋਰੀਆਂ ਬੱਸ `ਤੇ ਚੜ੍ਹਵਾਉਣ ਲਈ ਕੁਲੀ ਲੱਭਣ ਲੱਗਾ ਪਰ ਉਨ੍ਹੀਂ ਦਿਨੀਂ ਬੱਸ ਅੱਡੇ `ਤੇ ਕੋਈ ਕੁਲੀ ਨਹੀਂ ਸੀ। ਹਾਰ ਕੇ ਮੈਂ ਆਪ ਹੀ ਪੰਜਾਹ ਕਿੱਲੋ ਦੀ ਬੋਰੀ ਮੋਢੇ `ਤੇ ਚੜ੍ਹਾਈ ਤੇ ਬੱਸ ਦੀਆਂ ਪੌੜੀਆਂ ਚੜ੍ਹਨ ਲੱਗਾ। ਬੋਰੀ ਬੱਸ ਦੀ ਛੱਤ `ਤੇ ਉਲਟਾਉਣ ਲੱਗਾ ਤਾਂ ਉਹ ਉਲਟ ਕੇ ਭੁੰਜੇ ਡਿੱਗ ਪਈ। ਮੈਨੂੰ ਲੱਗਾ ਕਿ ਇਹ ਮੈਥੋਂ `ਕੱਲੇ ਤੋਂ ਨਹੀਂ ਚੜ੍ਹਨੀਆਂ। ਆਪਣੇ ਆਪ ਨੂੰ ਕੋਸਣ ਲੱਗਾ ਕਿ ਏਡਾ ਪੰਗਾ ਕਿਉਂ ਲਿਆ?
ਡਰਾਈਵਰ ਨੇ ਮੈਨੂੰ ਪੁੱਛਿਆ, “ਤੂੰ ਬੋਰੀਆਂ ਚੜ੍ਹਾਉਂਦਾ ਕਿਉਂ ਨੀ? ਸਾਡਾ ਤਾਂ ਚੱਲਣ ਦਾ ਟੈਮ ਵੀ ਹੋ ਗਿਆ।” ਮੈਂ ਮਜਬੂਰੀ `ਚ ਆਖਿਆ, “ਏਥੇ ਬਾਈ ਜੀ ਕੋਈ ਬੋਰੀਆਂ ਚੜ੍ਹਵਾਉਣ ਵਾਲਾ ਈ ਹੈ ਨੀ। `ਕੱਲੇ ਤੋਂ ਮੈਥੋਂ ਚੜ੍ਹਦੀਆਂ ਨੀ।” ਉਸ ਭਲੇ ਪੁਰਸ਼ ਨੇ ਕਿਹਾ, “ਆ ਮੈ ਚੜ੍ਹਵਾਉਨਾਂ।” ਅਸੀਂ ਦੋਹਾਂ ਨੇ ਬੋਰੀ ਚੁੱਕੀ ਤੇ ਮੇਰੀ ਪੋਚਵੀਂ ਪੱਗ ਵੇਖਦਿਆਂ ਮੈਥੋਂ ਪਹਿਲਾਂ ਉਸ ਨੇ ਆਪਣਾ ਖਾਕੀ ਪੱਗ ਵਾਲਾ ਸਿਰ ਬੋਰੀ ਹੇਠਾਂ ਦੇ ਦਿੱਤਾ। ਇੱਕ ਇਕ ਕਰ ਕੇ ਸੱਤੇ ਬੋਰੀਆਂ ਬੱਸ ਦੀ ਛੱਤ `ਤੇ ਰੱਖੀਆਂ ਗਈਆਂ। ਮੇਰਾ ਦਿਲ ਉਹਦੇ ਲਈ ਸ਼ੁਕਰਾਨੇ ਨਾਲ ਭਰ ਗਿਆ। ਗਰਮੀ ਨਾਲ ਅਸੀਂ ਮੁੜ੍ਹਕੋ ਮੁੜ੍ਹਕੀ ਹੋ ਗਏ ਸਾਂ। ਉਸ ਨੇ ਪੱਗ ਝਾੜਦਿਆਂ ਕਿਹਾ, “ਲੈ ਐਸ ਮਾੜੇ ਜੇ ਕੰਮ ਬਦਲੇ ਕੁਲੀ ਨੇ ਪੰਜ ਰੁਪਏ ਲੈ ਲੈਣੇ ਸੀ।” ਉਹ ਅਜੇ ਬੱਸ ਦੇ ਪਿਛਲੇ ਪਾਸੇ ਹੀ ਸੀ ਕਿ ਮੈਂ ਮਲਕ ਦੇਣੇ ਪੰਜਾਂ ਦਾ ਨੋਟ ਉਹਦੀ ਜੇਬ `ਚ ਪਾਉਂਦਿਆਂ ਕਿਹਾ, “ਇਹ ਤੁਹਾਡੇ ਬੱਚਿਆਂ ਦੀ ਮਠਿਆਈ ਲਈ ਹਨ।” ਉਸ ਨੇ ਬਥੇਰੀ ਨਾਂਹ ਨੁਕਰ ਕੀਤੀ ਪਰ ਮੈਂ ਉਹਦੀ ਪੇਸ਼ ਨਾ ਜਾਣ ਦਿੱਤੀ।
ਬੱਸ ਚੱਲ ਪਈ। ਕੋਟ ਸ਼ਮੀਰ ਦਾ ਬੱਸ ਅੱਡਾ ਆਇਆ ਤਾਂ ਇੱਕ ਸਵਾਰੀ ਬੱਤਾ ਪੀਣ ਉੱਤਰ ਗਈ। ਡਰਾਈਵਰ ਹਾਰਨ ਮਾਰੀ ਗਿਆ ਪਰ ਸਵਾਰੀ ਬੜੀ ਮਿਜਾਜ਼ ਨਾਲ ਬੱਤਾ ਪੀ ਕੇ ਆਪਣੀ ਸੀਟ `ਤੇ ਆਈ। ਡਰਾਈਵਰ ਨੇ ਕਿਹਾ, “ਭਾਈ ਸਾਹਬ ਆਪਾਂ ਅੱਗੇ ਈ ਲੇਟ ਆਂ ਤੇ ਤੁਸੀਂ ਹੋਰ ਲੇਟ ਕਰ ਦਿੱਤੈ।” ਅੱਗੋਂ ਸਵਾਰੀ ਨੇ ਸਲੋਕ ਸੁਣਾਇਆ, “ਲੇਟ ਤਾਂ ਤੂੰ ਆਪ ਬੋਰੀਆਂ ਚੜ੍ਹਾਉਂਦਾ ਹੋਇਐਂ ਤੇ ਸਿਰ ਮੇਰੇ ਲਾਉਨੈਂ। ਪਹਿਲਾਂ ਆਪਣੀ ਪੱਗ ਤਾਂ ਝਾੜ ਲੈ।” ਉਸ ਦੀ ਇਹ ਗੱਲ ਮੈਨੂੰ ਬਹੁਤ ਚੁਭੀ ਤੇ ਡਰਾਈਵਰ ਨੂੰ ਤਾਂ ਚੁਭਣੀ ਹੀ ਸੀ। ਪਰ ਅਸੀਂ ਚੁੱਪ ਰਹੇ।
ਮੈਂ ਡਰਾਈਵਰ ਦੀ ਸੀਟ ਤੋਂ ਦੋ ਤਿੰਨ ਸੀਟਾਂ ਪਿੱਛੇ ਬੈਠਾ ਸਾਂ ਤੇ ਉਪਰ ਲੱਗੇ ਸ਼ੀਸ਼ੇ `ਚ ਸਾਡੀ ਨਜ਼ਰ ਮਿਲ ਜਾਂਦੀ ਸੀ। ਜਦ ਨਜ਼ਰ ਮਿਲਦੀ ਤਾਂ ਪੰਜ ਰੁਪਏ ਦੀ ਕਾਣ ਕਾਰਨ ਅਸੀਂ ਨਜ਼ਰਾਂ ਫੇਰ ਲੈਂਦੇ ਮਤਾਂ ਇੱਕ ਦੂਜੇ ਨੂੰ ਸ਼ਰਮਿੰਦਗੀ ਹੋਵੇ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਮੇਰੀਆਂ ਬੋਰੀਆਂ ਚੜ੍ਹਾਉਣ ਕਰਕੇ ਉਸ ਦੇਵਤੇ ਡਰਾਈਵਰ ਨੂੰ ਬੇਇਜ਼ਤ ਹੋਣਾ ਪਿਆ ਸੀ।
ਬਰਨਾਲੇ ਮੈਂ ਕੁਲੀ ਦੀ ਮਦਦ ਨਾਲ ਬੋਰੀਆਂ ਲੁਹਾ ਲਈਆਂ ਤੇ ਬੱਧਨੀ ਵਾਲੀ ਬੱਸ `ਤੇ ਚੜ੍ਹਵਾ ਲਈਆਂ। ਬੱਸ ਚੱਲਣ `ਚ ਹਾਲੇ ਟਾਈਮ ਸੀ। ਮੈਂ ਡਰਾਈਵਰ ਨੂੰ ਕਿਹਾ, “ਆਓ ਬਾਈ ਜੀ ਚਾਹ ਪੀਈਏ।” ਉਸ ਨੂੰ ਚਾਹ ਪਾਣੀ ਪਿਆ ਕੇ ਮੈਂ ਉਹਦਾ ਦਿਲੀ ਧੰਨਵਾਦ ਕਰਨਾ ਚਾਹੁੰਦਾ ਸਾਂ ਤੇ ਕੋਟ ਸ਼ਮੀਰ ਦੇ ਅੱਡੇ `ਤੇ ਹੋਈ ਬਦਮਜ਼ਗੀ ਭੁਲਾਉਣੀ ਚਾਹੁੰਦਾ ਸਾਂ। ਉਸ ਨੇ ਕਿਹਾ, “ਬੱਸ ਅੱਡੇ `ਤੇ ਚਾਹ ਪਿਆਉਣੀ ਸਾਡਾ ਫਰਜ਼ ਐ।” ਤੇ ਉਸ ਨੇ ਦੁਕਾਨਦਾਰ ਨੂੰ ਚਾਹ ਬਣਾਉਣ ਤੇ ਨਾਲ ਕੁੱਝ ਖਾਣ ਲਈ ਦੇਣ ਦਾ ਆਰਡਰ ਦੇ ਦਿੱਤਾ। ਉਸ ਤੋਂ ਪਹਿਲਾਂ ਕੱਪ ਖਾਲੀ ਕਰ ਕੇ ਮੈਂ ਪੈਸੇ ਦੇਣੇ ਚਾਹੇ ਤਾਂ ਉਸ ਨੇ ਬੜੇ ਹੰਮੇ ਨਾਲ ਦੁਕਾਨਦਾਰ ਨੂੰ ਰੋਕ ਦਿੱਤਾ, “ਇਹਨਾਂ ਤੋਂ ਪੈਸੇ ਨੀ ਲੈਣੇ। ਜੇ ਲਏ ਤਾਂ ਮੈਂ ਪਿਛਲੇ ਵੀ ਨੀ ਦੇਣੇ।” ਦੁਕਾਨਦਾਰ ਨੇ ਮੇਰੇ ਪੈਸੇ ਨਾ ਫੜੇ।
ਨਿਖੜਣ ਸਮੇਂ ਮੈਂ ਡਰਾਈਵਰ ਨਾਲ ਬਗਲਗੀਰ ਹੋਇਆ ਤਾਂ ਉਸ ਨੇ ਉਹੀ ਤਲਵੰਡੀ ਸਾਬੋ ਵਾਲਾ ਪੰਜਾਂ ਦਾ ਨੋਟ ਮੇਰੀ ਮੇਰੀ ਜੇਬ ਵਿੱਚ ਪਾ ਦਿੱਤਾ ਜਿਸ ਦਾ ਮੈਨੂੰ ਪਤਾ ਲੱਗ ਗਿਆ। ਮੈਂ ਉਵੇਂ ਹੀ ਨੋਟ ਕੱਢਿਆ ਤੇ ਉਹਦੇ ਲੱਖ ਰੋਕਣ ਦੇ ਬਾਵਜੂਦ ਉਹਦੀ ਜੇਬ ਵਿੱਚ ਤੁੰਨਦਿਆਂ ਕਿਹਾ, “ਇਹ ਤਾਂ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਹੈ।” ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਭਰ ਆਈਆਂ ਤੇ ਨਾਲ ਹੀ ਮੇਰੀਆਂ ਵੀ ਭਰ ਗਈਆਂ। ਬੱਸ ਦੇ ਸ਼ੀਸ਼ੇ ਵਾਂਗ ਸਾਨੂੰ ਫਿਰ ਇੱਕ ਦੂਜੇ ਤੋਂ ਨਜ਼ਰਾਂ ਚੁਰਾਉਣੀਆਂ ਪਈਆਂ ਤਾਂ ਕਿ ਸਾਡੇ ਹੰਝੂ ਨਾ ਦਿਸ ਜਾਣ ਤੇ ਅਸੀਂ ਆਪੋ ਆਪਣੀਆਂ ਬੱਸਾਂ ਵੱਲ ਡੋਲਦੇ ਜਿਹੇ ਤੁਰ ਪਏ। ਮੈਂ ਆਪਣੀਆਂ ਸਿੰਮੀਆਂ ਅੱਖਾਂ `ਚੋਂ ਵੇਖਿਆ, ਉਹ ਮੇਰਾ ਅਨੋਭੜ ਬਾਈ ਬੋਰੀਆਂ ਦੇ ਭਾਰ ਹੇਠਾਂ ਓਨਾ ਨਹੀਂ ਸੀ ਲਿਫਿਆ ਜਿੰਨਾ ਪੰਜਾਂ ਰੁਪਿਆਂ ਦੇ ਭਾਰ ਹੇਠਾਂ ਝੁਕਿਆ ਜਾ ਰਿਹਾ ਸੀ!
ਬਾਅਦ ਵਿੱਚ ਮੈਂ ‘ਭਾਰ’ ਨਾਂ ਦੀ ਕਹਾਣੀ ਲਿਖੀ ਜੋ ਢੁੱਡੀਕੇ ਦੀ ਸਾਹਿਤ ਸਭਾ ਵਿੱਚ ਪੜ੍ਹੀ ਗਈ ਤੇ ‘ਆਰਸੀ’ ਵਿੱਚ ਛਪੀ।