ਲੇਖ਼ਕ

Tuesday, 13 October 2009 09:08

08 - ਡੀ.ਏ.ਵੀ.ਸਕੂਲ ਫਾਜ਼ਿਲਕਾ

Written by
Rate this item
(0 votes)

ਮੱਲ੍ਹੇ ਦੇ ਸਕੂਲ `ਚੋਂ ਹਟ ਕੇ ਸੱਤਵੀਂ `ਚ ਮੈਂ ਫਾਜ਼ਿਲਕਾ ਦੇ ਡੀ.ਏ.ਵੀ.ਹਾਈ ਸਕੂਲ ਵਿੱਚ ਪੜ੍ਹਨ ਜਾ ਲੱਗਾ। ਮੇਰੀ ਭੂਆ ਸੁਜਾਨ ਕੌਰ ਫਾਜ਼ਿਲਕਾ ਕੋਲ ਪਿੰਡ ਕੋਠੇ ਵਿਆਹੀ ਹੋਈ ਸੀ। ਨਾ ਉਹਦੇ ਸੱਸ ਸਹੁਰਾ ਸਨ ਤੇ ਨਾ ਕੋਈ ਦਰਾਣੀ ਜਠਾਣੀ ਸੀ। ਵੱਡੇ ਘਰ `ਚ ਉਹਦਾ `ਕੱਲੀ ਦਾ ਜੀਅ ਨਹੀਂ ਸੀ ਲੱਗਦਾ ਤੇ ਉਹ ਮੈਨੂੰ ਆਪਣੇ ਕੋਲ ਪੜ੍ਹਨ ਲਈ ਕਹਿੰਦੀ ਰਹਿੰਦੀ ਸੀ। ਕਹਿੰਦੀ ਸੀ ਕਿ ਸ਼ਹਿਰ ਦੀ ਪੜ੍ਹਾਈ ਪਿੰਡਾਂ ਨਾਲੋਂ ਚੰਗੀ ਹੁੰਦੀ ਹੈ। ਉਹ ਮੈਨੂੰ ਸ਼ਹਿਰ ਦੇ ਬੱਤੇ ਪੀਣ ਦਾ ਵੀ ਲਾਲਚ ਦਿੰਦੀ ਸੀ। ਫੁੱਫੜ ਹੀਰਾ ਸਿੰਘ ਵੀ ਕਹਿ ਚੁੱਕਾ ਸੀ ਕਿ ਫਾਜ਼ਿਲਕਾ ਤਾਂ ਭਾਵੇਂ ਮੈਂ ਬੀ.ਏ.ਤਕ ਪੜ੍ਹੀ ਚੱਲਾਂ। ਘਰ ਤੋਂ ਕਾਲਜ ਮਸਾਂ ਤਿੰਨ ਮੀਲ ਸੀ। ਉਨ੍ਹਾਂ ਦਿਨਾਂ `ਚ ਮਾਮੀਆਂ, ਮਾਸੀਆਂ ਤੇ ਭੂਆਂ ਕੋਲ ਰਹਿ ਕੇ ਪੜ੍ਹਨਾ ਆਮ ਗੱਲ ਸੀ।

ਛੇਵੀਂ ਪਾਸ ਕਰਨ ਪਿੱਛੋਂ ਮੈਂ ਮੱਲ੍ਹੇ ਤੋਂ ਸਰਟੀਫਿਕੇਟ ਕਟਾ ਲਿਆ। ਗਰਮੀ ਦੀ ਰੁੱਤ ਸੀ। ਬਾਬੇ ਨੇ ਮੈਨੂੰ ਵੱਡੇ ਤੜਕੇ ਜਗਾਇਆ ਤੇ ਅੱਖਾਂ ਮਲਦੇ ਨੂੰ ਬੇਬੇ ਨੇ ਨਵੇਂ ਕਪੜੇ ਪੁਆਏ। ਪਰਾਉਂਠਾ ਤਾਂ ਮੈਥੋਂ ਖਾਧਾ ਨਾ ਗਿਆ ਪਰ ਦਹੀਂ ਦੀ ਕੌਲੀ ਮੈਨੂੰ ਨਾਂਹ ਨਾਂਹ ਕਰਦੇ ਨੂੰ ਵੀ ਪਿਆ ਦਿੱਤੀ। ਕਹਿੰਦੇ ਸਫ਼ਰ `ਤੇ ਜਾਣ ਲੱਗਿਆਂ ਦਹੀਂ ਦਾ ਘੁੱਟ ਭਰਨਾ ਚੰਗਾ ਹੁੰਦੈ। ਪਰਾਉਂਠੇ ਮੇਰੇ ਲੜ ਬੰਨ੍ਹ ਦਿੱਤੇ। ਬੇਬੇ ਨੇ ਮੈਨੂੰ ਬੁਕਲ `ਚ ਲੈ ਕੇ ਪਿਆਰ ਦਿੱਤਾ। ਪੁੱਤਰ ਦੇ ਵਿਛੜਨ ਨਾਲ ਉਹਦੀਆਂ ਅੱਖਾਂ ਸਿੰਮ ਆਈਆਂ ਸਨ। ਮੈਂ ਸੌ ਮੀਲ ਦੂਰ ਪਾਕਿਸਤਾਨ ਦੇ ਬਾਰਡਰ ਕੋਲ ਚੱਲਿਆ ਸਾਂ। ਰਾਤ ਦੇ ਹਨ੍ਹੇਰੇ ਵਿੱਚ ਅਸੀਂ ਪੈਦਲ ਚੱਲਦੇ ਗਏ। ਅੰਬਰ `ਚ ਤਾਰੇ ਟਹਿਕ ਰਹੇ ਸਨ ਤੇ ਪੁਰੇ ਦੀ ਠੰਢੀ `ਵਾ ਵਗ ਰਹੀ ਸੀ। ਚੌਦਾਂ ਮੀਲ ਤੁਰ ਕੇ ਜਗਰਾਓਂ ਤੋਂ ਸੱਤ ਵਜੇ ਵਾਲੀ ਰੇਲ ਗੱਡੀ ਫੜਨੀ ਸੀ ਜਿਹੜੀ ਸਿੱਧੀ ਫਾਜ਼ਿਲਕਾ ਜਾਂਦੀ ਸੀ। ਬਾਬਾ ਮੈਨੂੰ ਗੱਡੀ ਚੜ੍ਹਾਉਣ ਚੱਲਿਆ ਸੀ। ਮੈਨੂੰ ਗੱਡੀ ਚੜ੍ਹਾ ਕੇ ਉਹਨੇ ਤੁਰ ਕੇ ਈ ਵਾਪਸ ਆਉਣਾ ਸੀ। ਉਦੋਂ ਸਾਡੇ ਪਿੰਡ ਦੇ ਬੰਦੇ ਜਗਰਾਓਂ ਤੁਰ ਕੇ ਈ ਜਾਂਦੇ ਸਨ। ਕਈ ਸਿਰ `ਤੇ ਦਾਣੇ ਜਾਂ ਕਪਾਹ ਦੀ ਗੱਠੜੀ ਵੀ ਰੱਖ ਕੇ ਲੈ ਜਾਂਦੇ। ਬਾਬਾ ਤਾਂ ਇੱਕ ਵਾਰ ਤੁਰ ਕੇ ਪੰਜਾਹ ਕੋਹ ਦੂਰ ਬਠਿੰਡੇ ਤੋਂ ਗੱਡੀ ਜਾ ਚੜ੍ਹਿਆ ਸੀ।

ਮੱਲ੍ਹੇ ਦੇ ਸਕੂਲ ਮੂਹਰ ਦੀ ਲੰਘਣ ਲੱਗਾ ਤਾਂ ਮੈਨੂੰ ਸਕੂਲ ਦਾ ਮੋਹ ਆ ਗਿਆ ਤੇ ਮੇਰੀਆਂ ਅੱਖਾਂ ਦੀਆਂ ਕੋਰਾਂ ਭਰ ਆਈਆਂ। ਮੈਂ ਭਰੀਆਂ ਅੱਖਾਂ ਨਾਲ ਸਕੂਲ ਨੂੰ ਅਲਵਿਦਾ ਕਹੀ। ਮੈਨੂੰ ਮੇਰੇ ਆੜੀ ਯਾਦ ਆਉਣ ਲੱਗੇ। ਫਿਰ ਅਸੀਂ ਡੱਲੇ ਦੀ ਦੈੜ ਚੜ੍ਹੇ ਤੇ ਨਹਿਰ ਦਾ ਪੁਲ ਲੰਘੇ। ਨਹਿਰ ਦੀਆਂ ਧਾਰਾਂ ਸ਼ਾਂ ਸ਼ਾਂ ਕਰ ਰਹੀਆਂ ਸਨ। ਪੰਛੀ ਚਹਿਕਣ ਲੱਗ ਪਏ ਸਨ। ਪੂਰਬ ਵਿੱਚ ਪਹੁ ਫੁੱਟ ਰਹੀ ਸੀ ਤੇ ਨਿੰਮ੍ਹਾ ਨਿੰਮ੍ਹਾ ਚਾਨਣ ਪਸਰ ਰਿਹਾ ਸੀ। ਬਾਬਾ ਮੂਹਰੇ ਸੀ ਤੇ ਮੈਂ ਮਗਰ ਸਾਂ। ਜਦੋਂ ਵਿੱਥ ਪੈ ਜਾਂਦੀ ਤਾਂ ਬਾਬਾ `ਵਾਜ਼ ਮਾਰਦਾ ਤੇ ਮੈਂ ਭੱਜ ਕੇ ਨਾਲ ਜਾ ਰਲਦਾ।

ਜਗਰਾਓਂ ਵੜਦਿਆਂ ਨੂੰ ਇੱਕ ਹਲਟੀ ਆਉਂਦੀ ਸੀ ਜਿਥੇ ਅਸੀਂ ਪਾਣੀ ਪੀਤਾ ਤੇ ਪਰਾਉਂਠੇ ਖਾਧੇ। ਫਿਰ ਰੇਲਵੇ ਸਟੇਸ਼ਨ ਉਤੇ ਪਹੁੰਚ ਕੇ ਬਾਬੇ ਨੇ ਮੈਨੂੰ ਫਾਜ਼ਿਲਕਾ ਦੀ ਅੱਧੀ ਟਿਕਟ ਲੈ ਦਿੱਤੀ ਜੋ ਮੇਰੇ ਕੱਦ ਕਾਠ ਮੁਤਾਬਿਕ ਠੀਕ ਸੀ। ਗੱਡੀ ਆਈ ਤਾਂ ਬਾਬੇ ਨੇ ਮੇਰਾ ਸਿਰ ਪਲੋਸਿਆ ਤੇ ‘ਤਕੜਾ ਹੋ ਕੇ ਪੜ੍ਹੀਂ’ ਕਹਿੰਦਿਆਂ ਮੈਨੂੰ ਗੱਡੀ ਵਿੱਚ ਬਿਠਾ ਦਿੱਤਾ। ਇੱਕ ਵਾਰ ਪਹਿਲਾਂ ਵੀ ਮੈਂ ਭੂਆ ਨਾਲ ਗੱਡੀ ਉਤੇ ਫਾਜ਼ਿਲਕਾ ਜਾ ਆਇਆ ਸਾਂ ਜਿਸ ਕਰਕੇ ਇਹ ਸਫ਼ਰ ਮੇਰੇ ਲਈ ਅਸਲੋਂ ਨਵਾਂ ਨਹੀਂ ਸੀ। ਮੈਨੂੰ ਰਸਤੇ ਦੇ ਸਟੇਸ਼ਨਾਂ ਦਾ ਮਾੜਾ ਮੋਟਾ ਅੰਦਾਜ਼ਾ ਹੋ ਚੁੱਕਾ ਸੀ। ਨਾਲੇ ਗੱਡੀ ਨੇ ਫਿਰੋਜ਼ਪੁਰ ਨਹੀਂ ਸੀ ਬਦਲਣਾ ਤੇ ਸਿੱਧੀ ਫਾਜ਼ਿਲਕਾ ਜਾ ਕੇ ਖੜ੍ਹਨਾ ਸੀ। ਫਾਜ਼ਿਲਕਾ ਤੋਂ ਕੋਠੇ ਜਾਣ ਦਾ ਰਾਹ ਵੀ ਮੈਂ ਵੇਖਿਆ ਹੋਇਆ ਸੀ। ਬੱਸ ਮਾਪਿਆਂ ਤੋਂ ਵਿਛੜਨ ਦੀ ਹੀ ਉਦਾਸੀ ਸੀ ਬਾਕੀ ਸਭ ਠੀਕ ਸੀ।

ਕੋਠਾ ਲੁਕਮਾਨਪੁਰ ਛੋਟਾ ਜਿਹਾ ਪਿੰਡ ਹੈ। ਉਦੋਂ ਸੱਤ ਅੱਠ ਘਰ ਜੱਟ ਸਿੱਖਾਂ ਦੇ ਸਨ, ਏਨੇ ਕੁ ਕੰਬੋਆਂ ਦੇ ਸਨ ਤੇ ਵੀਹ ਪੱਚੀ ਘਰ ਰਾਇ ਸਿੱਖਾਂ ਦੇ ਸਨ। ਪਿੰਡ ਵਿੱਚ ਪੰਜ ਪਿੱਪਲ ਸਨ ਤੇ ਬਾਰਡਰ ਦਾ ਪਿੰਡ ਹੋਣ ਕਾਰਨ ਪੰਜ ਜਣਿਆਂ ਨੂੰ ਪੰਜ ਪੱਕੀਆਂ ਰਫਲਾਂ ਮਿਲੀਆਂ ਹੋਈਆਂ ਸਨ। ਗਿਆਰਾਂ ਗੋਲੀ ਦੀ ਰਫਲ ਮੇਰੇ ਫੁੱਫੜ ਨੂੰ ਵੀ ਮਿਲੀ ਹੋਈ ਸੀ। ਜਦੋਂ ਉਸ ਨੇ ਕਿਤੇ ਲਾਂਭੇ ਜਾਣਾ ਹੁੰਦਾ ਤਾਂ ਭੂਆ ਮੈਨੂੰ ਰਫਲ ਨਾਲ ਕੋਠੇ `ਤੇ ਸੁਆਉਂਦੀ। ਮੈਂ ਭਾਵੇਂ ਉਦੋਂ ਰਫਲ ਕੁ ਜਿੱਡਾ ਹੀ ਸਾਂ ਪਰ ਪੱਕੀ ਬੰਦੂਕ ਚਲਾਉਣੀ ਸਿੱਖ ਗਿਆ ਸਾਂ। ਮੈਂ ਗਿਆਰਾਂ ਗੋਲੀਆਂ ਮੈਗਜ਼ੀਨ `ਚ ਪਾਉਂਦਾ, ਮੈਗਜ਼ੀਨ ਬੰਦੂਕ `ਚ ਫਿੱਟ ਕਰਦਾ ਤੇ ਲਾਕ ਕਰ ਕੇ ਦਰੀ ਦੇ ਹੇਠਾਂ ਮੰਜੇ ਦੀ ਬਾਹੀ ਨਾਲ ਪਾ ਲੈਂਦਾ। ਬਾਂਸ ਦੀ ਪੌੜੀ ਮੈਂ ਕੋਠੇ ਉਤੇ ਖਿੱਚ ਲੈਂਦਾ ਤਾਂ ਕਿ ਕੋਈ ਬੰਦੂਕ ਨੂੰ ਨਾ ਆ ਪਏ। ਮੈਂ ਆਪਣੇ ਕੜੇ ਵਿੱਚ ਦੀ ਬੰਦੂਕ ਦੀ ਬੈਲਟ ਲੰਘਾ ਲੈਂਦਾ ਬਈ ਜਦੋਂ ਕੋਈ ਬੰਦੂਕ ਖਿੱਚੇ ਤਾਂ ਮੈਨੂੰ ਜਾਗ ਆ ਜਾਵੇ!

ਫਾਜ਼ਿਲਕਾ ਦਾ ਡੀ.ਏ.ਵੀ.ਸਕੂਲ ਤੇ ਐੱਮ.ਆਰ.ਕਾਲਜ ਸ਼ਹਿਰ ਦੇ ਛਿਪਦੇ ਪਾਸੇ ਹਨ। ਉਧਰ ਹੀ ਰਠੌਰਾਂ ਦਾ ਮਹੱਲਾ ਹੈ। ਸੁਲੇਮਾਨਕੀ ਚੁੰਗੀ ਤੋਂ ਲੈ ਕੇ ਸਕੂਲ ਤਕ ਪੱਕੀ ਸੜਕ ਉਤੇ ਰਠੌੜ ਮੁੰਜ ਕੁੱਟਦੇ ਤੇ ਵਾਣ ਵੱਟਦੇ ਸਨ। ਹੁਣ ਵੀ ਜੇ ਮੈਂ ਬਾਲੋ ਮਾਹੀਆ ਸੁਣਾਂ-ਤੁਸੀਂ ਵਾਣ ਵਟੇਂਦੇ ਓ, ਓਨੇ ਤੁਸੀਂ ਸੋਹਣੇ ਨਹੀਂ ਜਿੰਨਾ ਮਾਣ ਕਰੇਂਦੇ ਓ … ਤਾਂ ਮੈਨੂੰ ਡੀ.ਏ.ਵੀ.ਸਕੂਲ ਕੋਲ ਵਾਣ ਵੱਟਦੇ ਰਠੌੜ ਦਿਸਣ ਲੱਗ ਪੈਂਦੇ ਹਨ।

ਕੋਠੇ ਤੋਂ ਸਕੂਲ ਆਉਣ ਲਈ ਮੇਰੇ ਦੋ ਰਾਹ ਸਨ। ਇੱਕ ਡੰਡੀ ਪੈ ਕੇ ਪਿੰਡ ਆਵੇ ਵਿੱਚ ਦੀ ਸਿੱਧਾ ਰਾਹ ਸੀ ਤੇ ਦੂਜਾ ਕੁੱਝ ਵਿੰਗ ਪਾ ਕੇ ਸੁਲੇਮਾਨਕੀ ਸੜਕ ਉਪਰ ਦੀ ਸੀ। ਉਸ ਸੜਕ ਦੇ ਵੱਡੇ ਸਫੈਦ ਮੀਲ ਪੱਥਰ ਉਤੇ ਮੁਲਤਾਨ, ਮਿੰਟਗੁਮਰੀ, ਪਾਕਪਟਨ ਤੇ ਹੈੱਡ ਸੁਲੇਮਾਨਕੀ ਦੀ ਦੂਰੀ ਮੀਲਾਂ ਵਿੱਚ ਲਿਖੀ ਹੋਈ ਸੀ। ਉਰਦੂ ਦੇ ਅੱਖਰ ਮੇਟੇ ਨਹੀਂ ਸਨ ਗਏ। ਪਾਕਪਟਨ ਪੱਚੀ ਮੀਲ ਸੀ ਤੇ ਮਿੰਟਗੁਮਰੀ ਸਤ੍ਹਾਟ ਮੀਲ। ਦੂਜੇ ਪਾਸੇ ਹਿਸਾਰ ਤੇ ਦਿੱਲੀ ਦੀ ਦੂਰੀ ਲਿਖੀ ਹੋਈ ਸੀ।

ਮੈਂ ਬਾਰ੍ਹਵੇਂ ਤੋਂ ਪੰਦਰਵੇਂ ਸਾਲ ਦੀ ਉਮਰ ਤਕ ਤਿੰਨ ਜਮਾਤਾਂ ਡੀ.ਏ.ਵੀ.ਸਕੂਲ ਵਿੱਚ ਪੜ੍ਹਿਆ। ਲਵੀ ਉਮਰ ਸੀ ਜਿਸ ਕਰਕੇ ਫਾਜ਼ਿਲਕਾ ਦੇ ਇਲਾਕੇ `ਚ ਬੋਲੀਆਂ ਜਾਂਦੀਆਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਦਾ ਮੇਰੇ ਉਤੇ ਕਾਫੀ ਪ੍ਰਭਾਵ ਪਿਆ। ਕਿਸੇ ਨੇ ਪੰਜਾਬੀ ਦੇ ਲਫ਼ਜ਼ਾਂ ਤੇ ਲਹਿਜ਼ਿਆਂ ਦਾ ਅਧਿਐਨ ਕਰਨਾ ਹੋਵੇ ਤਾਂ ਫਾਜ਼ਿਲਕਾ ਦਾ ਖੇਤਰ ਬੜਾ ਢੁੱਕਵਾਂ ਹੈ। ਉਥੇ ਆਰ ਪਾਰ ਦੇ ਰਾਏ ਸਿੱਖ, ਕੰਬੋਅ, ਰਾਠੌੜ, ਬਾਗੜੀਏ, ਧਾਣਕੇ, ਉੱਨ ਮੰਡੀ ਦੇ ਬਾਣੀਏਂ, ਬਹਾਵਲਪੁਰ ਤੇ ਮੁਲਤਾਨ ਦੇ ਰਫਿਊਜ਼ੀ, ਮਾਝੇ ਮਾਲਵੇ ਦੇ ਜੱਟ ਤੇ ਦੁਆਬੇ ਦੇ ਨੌਕਰੀ ਪੇਸ਼ਾ ਬੰਦੇ ਭਾਂਤ ਸੁਭਾਂਤੇ ਬੋਲ ਬੋਲਦੇ ਮਿਲਦੇ ਹਨ। ਇਕੋ ਜਮਾਤ ਦੇ ਵਿਦਿਆਰਥੀ ਇਕੋ ਲਫ਼ਜ਼ ਵੱਖਰੇ ਲਹਿਜ਼ਿਆਂ `ਚ ਬੋਲਦੇ ਸਨ। ਮੇਰਾ ਠੇਠ ਮਲਵਈ ਲਹਿਜ਼ਾ ਕਈਆਂ ਦੇ ਹਾਸੇ ਦਾ ਕਾਰਨ ਬਣਦਾ ਸੀ। ਕਿਸੇ ਰਿਸਰਚ ਸਕਾਲਰ ਨੂੰ ਫਾਜ਼ਿਲਕਾ ਦੇ ‘ਲਿੰਗੂਆ ਫਰਾਂਕਾ’ ਵਿਸ਼ੇ ਉਤੇ ਪੀ ਐੱਚ.ਡੀ.ਕਰਨੀ ਚਾਹੀਦੀ ਹੈ।

ਸਾਡੇ ਸਕੂਲ ਵਿੱਚ ਹਿੰਦੀ ਦਾ ਬੋਲਬਾਲਾ ਸੀ। ਦੋ ਤਿੰਨ ਮਾਸਟਰ ਹੀ ਪੰਜਾਬੀ ਵਿੱਚ ਪੜ੍ਹਾਉਂਦੇ ਸਨ। ਕਦੇ ਕਦੇ ਹਵਨ ਵੀ ਹੁੰਦਾ ਸੀ। ਖੇਡਾਂ ਤੇ ਕਸਰਤਾਂ ਕਰਾਉਣ ਦਾ ਮੱਲ੍ਹੇ ਵਰਗਾ ਮਾਹੌਲ ਨਹੀਂ ਸੀ। ਸਿਰਫ ਵਾਲੀਬਾਲ ਦਾ ਨੈੱਟ ਲੱਗਾ ਹੁੰਦਾ ਸੀ ਜਿਥੇ ਅਸੀਂ ਸਕੂਲ ਲੱਗਣ ਤੋਂ ਅੱਗੋਂ ਜਾਂ ਪਿੱਛੋਂ ਖੇਡਦੇ। ਇੱਕ ਪਾਸੇ ਰੇਤਲਾ ਮੈਦਾਨ ਸੀ ਜਿਥੇ ਪੇਂਡੂ ਮੁੰਡੇ ਕਬੱਡੀ ਖੇਡਣ ਲੱਗ ਪੈਂਦੇ। ਮੈਂ ਆਪਣੇ ਹਾਣੀਆਂ ਨਾਲ ਘੁਲ ਲੈਂਦਾ ਸਾਂ ਤੇ ਮਥਰਾ ਦਾਸ ਨਾਂ ਦਾ ਮੁੰਡਾ ਮੈਨੂੰ ਕਦੇ ਕਦੇ ਢਾਹ ਵੀ ਲੈਂਦਾ ਸੀ। ਲਾਲਿਆਂ ਦੇ ਮੁੰਡੇ ਤੋਂ ਢਹਿ ਜਾਣ ਕਾਰਨ ਮੈਨੂੰ ਜੱਟਾਂ ਦੇ ਮੁੰਡਿਆਂ ਕੋਲੋਂ ਮਖੌਲ ਸੁਣਨੇ ਪੈਂਦੇ। ਅਖ਼ੀਰ ਮੈਂ ਮਥਰਾ ਦਾਸ ਨੂੰ ਹਰ ਵਾਰ ਢਾਹ ਕੇ ਈ ਮਖੌਲਾਂ ਤੋਂ ਬਚਦਾ।

ਮੈਂ ਬੰਟੇ ਵੀ ਖੇਡਦਾ ਸਾਂ ਤੇ ਕੌਡੀਆਂ ਵੀ। ਮੇਰੀ ਖਾਕੀ ਨੀਕਰ ਦੀ ਜੇਬ ਬੰਟੇ ਤੇ ਕੌਡੀਆਂ ਨਾਲ ਭਰੀ ਰਹਿੰਦੀ ਸੀ। ਇੱਕ ਵਾਰ ਬਾਬਾ ਮੈਨੂੰ ਸਕੂਲ ਮਿਲਣ ਆਇਆ। ਉਹ ਦਫਤਰ ਕੋਲ ਖੜ੍ਹਾ ਮੈਨੂੰ ਜਮਾਤ `ਚੋਂ ਹੀ ਦਿੱਸ ਗਿਆ। ਮੇਰੀ ਜੇਬ ਬੰਟਿਆਂ ਨਾਲ ਭਰੀ ਹੋਈ ਸੀ। ਬਾਬੇ ਨੂੰ ਪਤਾ ਲੱਗ ਜਾਂਦਾ ਤਾਂ ਮੇਰੀ ਸ਼ਾਮਤ ਆ ਜਾਣੀ ਸੀ। ਮੈਂ ਚੁੱਪ ਚਾਪ ਜਮਾਤ `ਚੋਂ ਖਿਸਕਿਆ ਤੇ ਨਾਲ ਲੱਗਦੇ ਖੇਤ `ਚ ਬੰਟੇ ਲੁਕੋ ਆਇਆ। ਮੁੜ ਕੇ ਉਹ ਲੱਭੇ ਈ ਨਾ ਜਿਨ੍ਹਾਂ ਦਾ ਮੈਨੂੰ ਕਾਫੀ ਦੇਰ ਪਛਤਾਵਾ ਰਿਹਾ। ਅਸਲ ਵਿੱਚ ਮੈਂ ਨਿਸ਼ਾਨੀ ਰੱਖਣੀ ਭੁੱਲ ਗਿਆ ਸਾਂ।

ਜਦੋਂ ਮੈਂ ਜਮਾਤ ਚੜ੍ਹਦਾ ਤਾਂ ਘੰਟਾ ਘਰ ਨੇੜਲੀ ਦੁਕਾਨ ਤੋਂ ਨਵੀਆਂ ਕਿਤਾਬਾਂ ਖਰੀਦਦਾ। ਪੰਜਾਬੀ ਦੀ ਕਿਤਾਬ `ਚੋਂ ਸਭ ਤੋਂ ਪਹਿਲਾਂ ਮੈਂ ਕਵਿਤਾਵਾਂ ਪੜ੍ਹਦਾ ਤੇ ਜ਼ਬਾਨੀ ਯਾਦ ਕਰ ਲੈਂਦਾ। ਉਹੀ ਕਵਿਤਾਵਾਂ ਮੈਂ ਬਾਲ ਸਭਾ `ਚ ਸੁਣਾਉਂਦਾ। ਮੇਰਾ ਹੋਰਨਾਂ ਮੂਹਰੇ ਖੜ੍ਹ ਕੇ ਬੋਲਣ ਦਾ ਝਾਕਾ ਨਿੱਕੇ ਹੁੰਦੇ ਦਾ ਹੀ ਖੁੱਲ੍ਹ ਗਿਆ ਸੀ। ਮੈਂ ਚਕਰ ਦੇ ਜਲੂਸ ਯਾਨੀ ਨਗਰ ਕੀਰਤਨ ਦੇ ਪੜਾਵਾਂ ਉਤੇ ਕਵੀਸ਼ਰੀ ਸੁਣਾਉਣ ਲੱਗ ਪਿਆ ਸਾਂ। ਇੱਕ ਕਵੀਸ਼ਰੀ ਦੇ ਹਰੇਕ ਬੰਦ ਦੀ ਅਖ਼ੀਰਲੀ ਸਤਰ ਹੁੰਦੀ ਸੀ-ਪਟਨੇ `ਚ ਚੜ੍ਹਿਆ ਸੱਚ ਦਾ ਚੰਦਰਮਾ ਆਸ਼ਕ ਆਜ਼ਾਦੀ ਦਾ। ਮੈਂ ਭਾਨੀਮਾਰਾਂ ਦੀ ਕਰਤੂਤ ਵੀ ਸੁਣਾਉਂਦਾ ਸਾਂ ਅਤੇ ਚਾਹ ਤੇ ਲੱਸੀ ਦਾ ਝਗੜਾ ਵੀ ਛੇੜ ਲੈਦਾ ਸਾਂ।

ਉਦੋਂ ਮੈਂ ਚੌਥੀ `ਚ ਪੜ੍ਹਦਾ ਸਾਂ ਜਦੋਂ ਬਾਬੇ ਨਾਲ ਰਾਏਕੋਟ ਵੰਨੀ ਜੰਨ ਗਿਆ ਸਾਂ। ਪਿੰਡ ਦਾ ਨਾਂ ਗੋਂਦਵਾਲ ਸੀ। ਉਥੇ ਕੁੜੀਆਂ ਨੇ ਜੰਨ ਬੰਨ੍ਹ ਦਿੱਤੀ ਸੀ। ਸਾਡੇ ਮੂਹਰੇ ਥਾਲੀਆਂ ਵਿੱਚ ਲੱਡੂ ਪਏ ਸਨ ਪਰ ਬਾਬਾ ਮੈਨੂੰ ਖਾਣ ਨਹੀਂ ਸੀ ਦਿੰਦਾ। ਕਹਿੰਦਾ ਸੀ, “ਜੰਨ ਬੰਨ੍ਹੀ ਹੋਈ ਐ। ਪਹਿਲਾਂ ਕੋਈ ਜੰਨ ਛੁਡਾਊ ਫੇਰ ਖਾਵਾਂਗੇ।” ਪਰ ਜੰਨ ਛੁਡਾਉਣ ਵਾਲਾ ਕੋਈ ਜਾਨੀ ਸਾਡੇ ਨਾਲ ਨਹੀਂ ਸੀ। ਅਖ਼ੀਰ ਜਾਨੀਆਂ ਨੇ ਮੈਨੂੰ ਈ ਖੜ੍ਹਾ ਕਰ ਦਿੱਤਾ।

ਮੈਂ ਉਪਰ ਵੇਖਿਆ, ਬਨੇਰਾ ਕੁੜੀਆਂ ਬੁੜ੍ਹੀਆਂ ਨਾਲ ਭਰਿਆ ਹੋਇਆ ਸੀ। ਉਹ ਸਾਰੀਆਂ ਮੇਰੇ ਵੰਨੀ ਝਾਕ ਰਹੀਆਂ ਸਨ ਜਿਵੇਂ ਕਹਿ ਰਹੀਆਂ ਹੋਣ, “ਅੜੀਏ ਦੇਖੋ ਜੁਆਕ ਜਿਆ ਜੰਨ ਕਿਵੇਂ ਛੁਡਾਉਂਦੈ?” ਪਰ ਮੈਨੂੰ ਜੰਨ ਛੁਡਾਉਣ ਦਾ ਕੀ ਪਤਾ ਸੀ? ਮੈਂ ਤਾਂ ਉਹੀ ਸਕੂਲ ਵਾਲਾ ਸ਼ਬਦ ਸੁਣਾ ਕੇ ਸਲੋਕ ਸੁਣਾਉਣ ਲੱਗ ਪਿਆ-ਪਵਨ ਗੁਰੂ ਪਾਣੀ ਪਿਤਾ …। ਕੁੜੀਆਂ ਬੁੜ੍ਹੀਆਂ ਹੱਸ ਹੱਸ ਦੂਹਰੀਆਂ ਹੋਈ ਜਾਣ। ਅਖ਼ੀਰ ਵਰਤਾਵਿਆਂ ਨੇ ਮੰਨ ਲਿਆ ਬਈ ਛੋਟੂ ਨੇ ਜੰਨ ਛੁਡਾ ਦਿੱਤੀ ਐ ਤੇ ਉਨ੍ਹਾਂ ਨੇ ਜੰਨ ਨੂੰ ਰੋਟੀ ਖਾਣ ਲਈ ਬੇਨਤੀ ਕਰ ਦਿੱਤੀ।

ਜੰਨ ਦੇ ਉਤਾਰੇ `ਚ ਇੱਕ ਸ਼ਰਾਬੀ ਨੇ ਮੰਜੇ `ਤੇ ਲੇਟਿਆਂ ਥੰਮ੍ਹਲੇ ਨੂੰ ਲੱਤ ਲਾ ਲਈ ਤੇ ਬਾਬੇ ਨੂੰ ਪੁੱਛਣ ਲੱਗਾ, “ਚਾਚਾ, ਸਿੱਟ ਦਿਆਂ ਥੰਮ੍ਹਲਾ?” ਮੈਂ ਬਾਬੇ ਨੂੰ ਕਿਹਾ, “ਬਾਬਾ ਰੋਕੋ ਇਹਨੂੰ, ਨਹੀਂ ਤਾਂ ਸਾਰੀ ਜੰਨ ਥੱਲੇ ਆ-ਜੂ!” ਮੈਨੂੰ ਕੀ ਪਤਾ ਸੀ ਬਈ ਸ਼ਰਾਬੀਆਂ ਦੇ ਤਾਂ ਐਵੇਂ ਫੈਂਟਰ ਈ ਹੁੰਦੇ ਨੇ। ਉਥੇ ਮੈਂ ਵੀ ਬੋਤਲ ਸੁੰਘ ਕੇ ਗੋਡੀ ਲਾ ਲਈ ਸੀ ਤੇ ਤੁਰਨ ਲੱਗਾ ਡਿੱਗਣ ਦਾ ਡਰਾਮਾ ਕਰਨ ਲੱਗ ਪਿਆ ਸਾਂ। ਜਾਨੀ ਉਦੋਂ ਚੁਆਨੀਆਂ ਅਠਿਆਨੀਆਂ ਪਾ ਕੇ ਸਾਂਝੀ ਬੋਤਲ ਖਰੀਦਦੇ ਸਨ। ਉਹ ਪੀਂਦੇ ਘੱਟ ਸਨ ਪਰ ਖੇੜਦੇ ਵੱਧ ਸਨ। ਕੁੜੀਆਂ ਗੀਤ ਗਾਉਂਦੀਆਂ-ਪ੍ਰਾਹੁਣਿਆਂ ਰੋਟੀ ਖਾਂਦਿਆ ਤੂੰ ਬੋਤਲ ਕਿਉਂ ਨਾ ਰੱਖੀ, ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ …।

ਪਿੰਡ ਕੋਠੇ ਦੇ ਵਗਦੇ ਖੂਹ ਮੇਰੇ ਮਨ ਵਿੱਚ ਅਜੇ ਵੀ ਤਰੋਤਾਜ਼ਾ ਨੇ। ਪਿੰਡ ਦੇ ਮੁੱਢ `ਚ ਪੁਆਹੇ ਵਾਲਾ ਖੂਹ ਹਰ ਵੇਲੇ ਵਗਦਾ ਰਹਿੰਦਾ ਸੀ ਅਤੇ ਪਾਣੀ ਭਰਨ ਤੇ ਕਪੜੇ ਧੋਣ ਵਾਲੀਆਂ ਔਰਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਰਾਵਣੀਆਂ ਮੈਨੂੰ ‘ਸਰਮਲ’ ਕਹਿੰਦੀਆਂ ਤੇ ਮੇਰੇ ਨਾਲ ਮਖੌਲ ਕਰਦੀਆਂ। ਉਹ ਤਿੰਨ ਤਿੰਨ ਘੜੇ ਚੁੱਕ ਖੜ੍ਹਦੀਆਂ। ਕਈਆਂ ਦੇ ਨਾਲ ਨਿਆਣੇ ਵੀ ਚੁੱਕੇ ਹੁੰਦੇ। ਚੰਨ ਚਾਨਣੀਆਂ ਰਾਤਾਂ ਵਿੱਚ ਪਿੰਡ ਦੇ ਮੁੰਡੇ ਨਿਆਈਂ ਵਾਲੇ ਖੇਤਾਂ `ਚ ਖੇਡਦੇ। ਇੱਕ ਖੇਡ ‘ਵੰਝ ਵੜਿੱਕਾ’ ਹੁੰਦੀ ਸੀ ਤੇ ਤੇਜ਼ਤਰਾਰ ਮੁੰਡੇ ਵਾਂਝੀ ਬਣਦੇ ਸਨ। ਉਸ ਖੇਡ ਵਿੱਚ ਲੋਨੇ ਹੁੰਦੇ ਸਨ। ਇੱਕ ਪੁਰਾਣਾ ਪਹਿਲਵਾਨ ਕੁਸ਼ਤੀ ਦੇ ਦਾਅ ਪੇਚ ਸਿਖਾਉਂਦਾ ਸੀ। ਅਸੀਂ ਅੱਧੀ ਅੱਧੀ ਰਾਤ ਤਕ ਖੇਡਦੇ ਤੇ ਫੇਰ ਲਿਬੜੇ ਤਿਬੜੇ ਈ ਮੰਜਿਆਂ `ਤੇ ਜਾ ਸੌਂਦੇ। ਸਵੇਰੇ ਮੈਂ ਕੱਚਾ ਦੁੱਧ ਪੀਂਦਾ ਤੇ ਚੂਰੀ ਲੈ ਕੇ ਸਕੂਲ ਚਲਾ ਜਾਂਦਾ। ਕੋਠੇ `ਚੋਂ ਉਦੋਂ ਮੈਂ ਹੀ `ਕੱਲਾ ਹਾਈ ਸਕੂਲ `ਚ ਪੜ੍ਹਦਾ ਸਾਂ। ਭੂਆ ਦੇ ਘਰ ਖਾਣ ਪੀਣ ਖੁੱਲ੍ਹਾ ਡੁੱਲ੍ਹਾ ਸੀ ਪਰ ਕਦੇ ਕਦੇ ਆਪਣਾ ਪਿੰਡ ਤੇ ਬਚਪਨ ਦੇ ਆੜੀ ਯਾਦ ਆ ਜਾਂਦੇ ਸਨ ਤੇ ਮੈਂ ਉਦਾਸ ਹੋ ਜਾਂਦਾ ਸਾਂ। ਸਾਲ `ਚ ਮੈਂ ਦੋ ਤਿੰਨ ਵਾਰ ਹੀ ਮਾਪਿਆਂ ਨੂੰ ਮਿਲਣ ਜਾਂਦਾ ਸਾਂ। ਇੱਕ ਦੋ ਵਾਰ ਉਹ ਆ ਕੇ ਮੈਨੂੰ ਮਿਲ ਜਾਂਦੇ ਸਨ।

ਜਦੋਂ ਮੈਂ ਦਸਵੀਂ `ਚ ਹੋਇਆ ਤਾਂ ਮੇਰਾ ਮਨ ਫਿਰ ਮੱਲ੍ਹੇ ਦੇ ਸਕੂਲ ਵਿੱਚ ਲੱਗਣ ਲਈ ਤਾਂਘ ਉਠਿਆ। ਮੈਂ ਭੂਆ ਤੇ ਫੁੱਫੜ ਨੂੰ ਆਖਿਆ ਕਿ ਦਸਵੀਂ ਮੈਨੂੰ ਮੱਲ੍ਹੇ ਤੋਂ ਕਰ ਲੈਣ ਦਿਓ, ਗਿਆਰਵੀਂ ਤੋਂ ਫੇਰ ਏਥੇ ਆ ਜਾਵਾਂਗਾ। ਫੇਰ ਚਾਰ ਸਾਲ ਤੁਹਾਡੇ ਕੋਲ ਈ ਰਹਿਣੈ। ਉਨ੍ਹਾਂ ਨੇ ਆਗਿਆ ਦੇ ਦਿੱਤੀ। ਮੈਂ ਡੀ.ਏ.ਵੀ.ਸਕੂਲ ਤੋਂ ਸਰਟੀਫਿਕੇਟ ਕਟਾਇਆ, ਕੋਠੇ ਦੇ ਗੁਰਦੁਆਰੇ ਮੱਥਾ ਟੇਕਿਆ ਤੇ ਫਾਜ਼ਿਲਕਾ ਤੋਂ ਰੇਲ ਗੱਡੀ ਆ ਚੜ੍ਹਿਆ। ਗਾਰਡ ਨੇ ਝੰਡੀ ਹਿਲਾਈ, ਇੰਜਣ ਨੇ ਚੀਕ ਮਾਰੀ ਤੇ ਰੇਲ ਗੱਡੀ ਛੱਕ ਛੱਕ ਕਰਦੀ ਤੁਰ ਪਈ। ਪਹਿਲਾਂ ਲਾਧੂਕਾ ਆਇਆ, ਫਿਰ ਬਾਹਮਣੀ ਵਾਲਾ, ਜਲਾਲਾਬਾਦ, ਜੀਵਾ ਅਰਾਈਂ, ਗੁਰੂ ਹਰਸਹਾਏ, ਝੋਕ ਟਹਿਲ ਸਿੰਘ ਤੇ ਖਾਈ ਫੇਮੇ ਕੀ ਸਟੇਸ਼ਨ ਆਉਂਦੇ ਗਏ। ਸਵਾਰੀਆਂ ਗੱਠੜੀਆਂ ਚੁੱਕੀ ਚੜ੍ਹਦੀਆਂ ਤੇ ਉਤਰਦੀਆਂ ਗਈਆਂ। ਮੈਂ ਮੋਗੇ ਜਾ ਕੇ ਉਤਰਿਆ ਤੇ ਸੇਵਕ ਕੰਪਨੀ ਦੀ ਬੱਸ ਉਤੇ ਚੜ੍ਹ ਕੇ ਬੱਧਨੀ ਪਹੁੰਚ ਗਿਆ। ਪਿੰਡ ਜਾਣ ਦਾ ਚਾਅ ਈ ਏਨਾ ਸੀ ਕਿ ਬੱਧਨੀ ਤੋਂ ਸੱਤ ਮੀਲ ਦੂਰ ਚਕਰ ਮੈਨੂੰ ਇਓਂ ਲੱਗਾ ਜਿਵੇਂ ਮੈਂ ਉੱਡ ਕੇ ਪਹੁੰਚ ਗਿਆ ਹੋਵਾਂ!

* * *

ਅਪਰੈਲ 1955 ਵਿੱਚ ਮੈਂ ਮੁੜ ਕੇ ਮੱਲ੍ਹੇ ਪੜ੍ਹਨ ਲੱਗ ਪਿਆ। ਉਦੋਂ ਤਕ ਚਕਰ, ਮੀਨੀਆਂ, ਕੁੱਸੇ ਤੇ ਰਾਮੇ ਦੇ ਵਿਚਕਾਰ ਇੱਕ ਹੋਰ ਹਾਈ ਸਕੂਲ ਬਣ ਗਿਆ ਸੀ। ਸਾਡੇ ਪਿੰਡ ਦੇ ਕੁਲ ਚੌਦਾਂ ਵਿਦਿਆਰਥੀ ਦਸਵੀਂ ਜਮਾਤ ਵਿੱਚ ਸਨ। ਨੌਂ ਰਾਮੇ ਦੇ ਸਕੂਲ ਵਿੱਚ ਪੜ੍ਹਦੇ ਸਨ ਤੇ ਅਸੀਂ ਪੰਜ ਜਣੇ ਮੱਲ੍ਹੇ ਦੇ ਸਕੂਲ ਵਿੱਚ ਸਾਂ। ਸਾਡੇ ਪੰਜਾਂ `ਚੋਂ ਕਾਹਨੇ ਕੇ ਅਵਤਾਰ ਕੋਲ ਈ ਸਾਈਕਲ ਹੁੰਦਾ ਸੀ ਜਿਸ ਉਤੇ ਅਸੀਂ ਵਾਰੋ ਵਾਰੀ ਝੂਟੇ ਲੈਂਦੇ। ਅਵਤਾਰ ਦਾ ਬੋਲਣ ਵਾਲਾ ਨਾਂ ‘ਤਾਰੋ’ ਸੀ, ਮਜ਼੍ਹਬੀਆਂ ਦੇ ਸੁਰਜੀਤ ਦਾ ‘ਮਸਤ’ , ਤਰਖਾਣਾਂ ਦੇ ਬਲਦੇਵ ਦਾ ‘ਹਰਨੀ’ , ਮੇਰਾ ਨਾਂ ‘ਗੁੱਲ’ ਤੇ ਚਰਨ ਦਾ ਚਰਨ ਈ ਸੀ। ਤਾਰੋ, ਮਸਤ ਤੇ ਹਰਨੀ ਪਰਲੋਕ ਸਿਧਾਰ ਚੁੱਕੇ ਹਨ। ਅਸੀਂ ਵੇਖਣ ਨੂੰ ਈ ਸਾਊ ਲੱਗਦੇ ਸਾਂ ਪਰ ਸੀਗੇ ਫਿਟਣੀਆਂ ਦੇ ਫੇਟ। ਹੁਣ ਤਾਂ ਕਈ ਗੱਲਾਂ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਪਰ ਉਹ ਸਵੈਜੀਵਨੀ ਹੀ ਕਾਹਦੀ ਜੇ ਸੱਚ ਨਾ ਦੱਸਿਆ ਜਾਵੇ।

ਇਹ ਕਹਿਣ ਦੀਆਂ ਹੀ ਗੱਲਾਂ ਹਨ ਕਿ ਪੁਰਾਣੇ ਵੇਲੇ ਚੰਗੇ ਸਨ ਤੇ ਹੁਣ ਮਾੜੇ ਹਨ। ਸਾਡੇ ਵੇਖਣ ਦੀਆਂ ਗੱਲਾਂ ਹਨ ਕਿ ਪਾੜ੍ਹੇ ਉਦੋਂ ਵੀ ਬੜੇ ਇਲਤੀ ਸਨ। ਅਸੀਂ ਖੁਦ ਇਲਤਾਂ ਤੋਂ ਬਾਜ ਨਹੀਂ ਸਾਂ ਆਉਂਦੇ। ਕਿਸੇ ਦੀ ਚੀਜ਼ ਵਸਤ ਚੁੱਕ ਚੁਰਾ ਲੈਣੀ ਮਾਮੂਲੀ ਗੱਲ ਸੀ। ਜਮਾਤ ਦੇ ਇਮਤਿਹਾਨ ਲਈ ਸਾਡਾ ਸਾਰਾ ਜ਼ੋਰ ਘੋਟੇ ਲਾਉਣ ਉਤੇ ਹੁੰਦਾ ਸੀ। ਅਸੀਂ ਪਿੰਡੋਂ ਮੱਲ੍ਹੇ ਨੂੰ ਜਾਂਦਿਆਂ ਤੇ ਮੱਲ੍ਹਿਓਂ ਪਿੰਡ ਮੁੜਦਿਆਂ ਅੰਗਰੇਜ਼ੀ ਦਾ ਇੱਕ ਐੱਸੇ ਤੇ ਇੱਕ ਲੈਟਰ ਜ਼ੁਬਾਨੀ ਯਾਦ ਕਰ ਲੈਂਦੇ ਸਾਂ। ਦਸਵੀਂ ਦੇ ਸਾਲਾਨਾ ਇਮਤਿਹਾਨ ਤਕ ਪੰਜਾਹ ਲੇਖ ਤੇ ਪੰਜਾਹ ਲੈਟਰ ਸਾਡੇ ਰੱਟੇ ਪਏ ਸਨ। ਤਿੰਨ ਚਾਰ ਸੌ ਈਡੀਅਮਜ਼ ਤੇ ਪ੍ਰੋਬਰਬਜ਼ ਅਤੇ ਅੰਗਰੇਜ਼ੀ ਦੇ ਔਖੇ ਲਫ਼ਜ਼ ਫਿਕਰਿਆਂ `ਚ ਵਰਤੇ ਹੋਏ ਯਾਦ ਸਨ। ਇੱਕ ਦੂਜੇ ਨੂੰ ਕਾਪੀ ਫੜਾ ਕੇ ਟੈੱਸਟ ਵੀ ਲੈਂਦੇ ਸਾਂ।

ਉਦੋਂ ਅੰਗਰੇਜ਼ੀ ਤੇ ਹਿਸਾਬ ਲਾਜ਼ਮੀ ਮਜ਼ਮੂਨ ਸਨ ਜਿਨ੍ਹਾਂ `ਚੋਂ ਪਾਸ ਹੋਣਾ ਜ਼ਰੂਰੀ ਸੀ। ਇੱਕ ਜਨਰਲ ਨੌਲਿਜ ਦਾ ਮਜ਼ਮੂਨ ਸੀ ਜਿਸ ਨੂੰ ਜੀ.ਕੇ.ਕਿਹਾ ਜਾਂਦਾ ਸੀ ਤੇ ਉਹ ਵੀ ਪੜ੍ਹਨਾ ਲਾਜ਼ਮੀ ਸੀ। ਦੋ ਮਜ਼ਮੂਨ ਚੋਣਵੇਂ ਸਨ। ਉਹ ਮੈਂ ਪੰਜਾਬੀ ਤੇ ਡਰਾਇੰਗ ਲੈ ਰੱਖੇ ਸਨ। ਵਧੇਰੇ ਹੁਸ਼ਿਆਰ ਵਿਦਿਆਰਥੀ ਸਾਇੰਸ ਤੇ ਡਰਾਇੰਗ ਲੈਂਦੇ ਸਨ। ਅੰਗਰੇਜ਼ੀ ਤੇ ਹਿਸਾਬ ਦੇ ਦੋ ਦੋ ਸੌ ਨੰਬਰ ਸਨ ਤੇ ਬਾਕੀ ਤਿੰਨ ਮਜ਼ਮੂਨਾਂ ਦੇ ਡੇਢ ਡੇਢ ਸੌ ਸਨ। ਅਸੀਂ ਰੱਟੇ ਵੀ ਲਾਉਂਦੇ ਤੇ ਖੇਡ ਮੱਲ੍ਹ ਵੀ ਲੈਂਦੇ। ਜਿਦ ਜਿਦ ਕੇ ਡੰਡ ਬੈਠਕਾਂ ਕੱਢਦੇ ਤੇ ਦੌੜਾਂ ਲਾਉਂਦੇ। ਕਿਸੇ ਵਾਹੇ ਸੁਹਾਗੇ ਵਾਹਣ `ਚ ਕਬੱਡੀ ਖੇਡਣ ਲੱਗ ਜਾਂਦੇ। ਉਹਨੀਂ ਦਿਨੀਂ ਸਾਡੇ ਪਿੰਡਾਂ ਵੱਲ ਹਠੂਰ ਦਾ ਛਾਂਗਾ, ਮਾਛੀ ਕਿਆਂ ਦਾ ਜਗਰਾਜ, ਮਧੇਅ ਦਾ ਅੜਿੱਕਾ, ਪੱਤੋ ਦਾ ਬਲਦੇਵ, ਰਾਜੇਆਣੇ ਦਾ ਬਿੱਲੂ, ਮੱਦੋਕਿਆਂ ਦਾ ਮੱਲ, ਬੁੱਟਰ ਦਾ ਆਤਮਾ ਤੇ ਮੱਲੇਆਣੇ ਦਾ ਗੈਸ ਕਬੱਡੀ ਦੇ ਮਸ਼ਹੂਰ ਖਿਡਾਰੀ ਸਨ। ਉਹਨਾਂ ਦਿਨਾਂ `ਚ ਹੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਬੱਡੀ ਮੈਚ ਹੋਏ ਸਨ ਜਿਨ੍ਹਾਂ ਵਿੱਚ ਅਜੀਤ ਮਾਲੜੀ, ਕਿਰਪਾਲ ਸਾਧ, ਸੰਤੋਖ ਐਟਮ ਤੇ ਤੋਖੀ ਟਾਈਗਰ ਹੋਰੀਂ ਖੇਡੇ ਸਨ।

1955 ਵਿੱਚ ਏਨਾ ਮੀਂਹ ਪਿਆ ਕਿ ਰਹੇ ਰੱਬ ਦਾ ਨਾਂ। ਝੜੀ ਭਾਦੋਂ `ਚ ਲੱਗੀ ਸੀ। ਉਦੋਂ ਜਿੰਨੇ ਹੜ੍ਹ ਮੈਂ ਮੁੜ ਕੇ ਨਹੀਂ ਵੇਖੇ। ਸਾਡਾ ਸਾਰਾ ਪਿੰਡ ਢਹਿ ਗਿਆ ਸੀ ਤੇ ਸੂਏ ਤੋਂ ਪਿੰਡ ਦਾ ਦੂਜਾ ਪਾਸਾ ਦਿੱਸਣ ਲੱਗ ਪਿਆ ਸੀ। ਮੱਲ੍ਹੇ ਵਾਲਾ ਨਾਲਾ ਏਨਾ ਚੜ੍ਹ ਗਿਆ ਸੀ ਕਿ ਪੰਦਰਾਂ ਵੀਹ ਦਿਨ ਅਸੀਂ ਸਕੂਲ ਨਹੀਂ ਸੀ ਜਾ ਸਕੇ। ਮੈਨੂੰ ਯਾਦ ਹੈ ਕਈ ਰਾਤਾਂ ਅਸੀਂ ਬਾਹਰ ਟਿੱਬਿਆਂ `ਤੇ ਜਾ ਕੇ ਕੱਟੀਆਂ ਸਨ। ਕਦੇ ਕਦੇ ਅਸੀਂ ਸੂਏ ਦੀ ਉੱਚੀ ਪਟੜੀ `ਤੇ ਆ ਸੌਂਦੇ। ਕੋਲ ਹੀ ਪਸ਼ੂ ਬੰਨ੍ਹੇ ਹੁੰਦੇ। ਚੰਨ ਦੀ ਚਾਨਣੀ ਖੇਤਾਂ ਦੀ ਸਿੱਲ੍ਹ ਕਾਰਨ ਭਿੱਜੀ ਭਿੱਜੀ ਲੱਗਦੀ ਸੀ। ਪਾਣੀ `ਚ ਗਲ ਰਹੀਆਂ ਫਸਲਾਂ `ਚੋਂ ਹਵ੍ਹਾੜ ਉੱਠ ਰਹੀ ਸੀ। ਖੇਤਾਂ ਵਿੱਚ ਸੇਮ ਹੋ ਗਈ ਸੀ ਤੇ ਚਰਦੇ ਹੋਏ ਪਸ਼ੂ ਗਾਰੇ `ਚ ਖੁੱਭ ਜਾਂਦੇ ਸਨ। ਧਰਤੀ `ਚੋਂ ਨਿੱਕਾ ਜਿਹਾ ਟੋਆ ਪੁੱਟ ਕੇ ਪਾਣੀ ਕੱਢਿਆ ਜਾ ਸਕਦਾ ਸੀ।

ਉਸ ਸਾਲ ਸਾਰੇ ਖੇਤ ਵੱਤਰ ਨਹੀਂ ਸਨ ਆਏ ਤੇ ਪੂਰੀ ਹਾੜ੍ਹੀ ਨਹੀਂ ਸੀ ਬੀਜੀ ਗਈ। ਇੱਕ ਪਾਸੇ ਫਸਲਾਂ ਦਾ ਨੁਕਸਾਨ ਸੀ ਤੇ ਦੂਜੇ ਪਾਸੇ ਢਹੇ ਹੋਏ ਘਰ ਮੁੜ ਉਸਾਰਨੇ ਪਏ ਸਨ। ਉਹਨੀਂ ਦਿਨੀਂ ਪੰਜਾਬ ਦੀ ਵੱਡੀ ਸਮੱਸਿਆ ਸੇਮ ਦੀ ਸੀ ਜਦ ਕਿ ਹੁਣ ਧਰਤੀ ਦਾ ਪਾਣੀ ਬਹੁਤ ਡੂੰਘਾ ਚਲੇ ਜਾਣ ਦੀ ਹੈ। ਉਸ ਸਮੇਂ ਕਿਸੇ ਨੂੰ ਵੀ ਚਿੱਤ ਚੇਤਾ ਨਹੀਂ ਸੀ ਕਿ ਪੰਜਾਬ ਵਿੱਚ ਵੀ ਕਦੇ ਪਾਣੀ ਦੀ ਟੋਟ ਆ ਜਾਵੇਗੀ। ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਕਿ ਪੰਜਾਬ ਨੇ ਆਪਣੇ ਦਰਿਆਵਾਂ ਦਾ ਪਾਣੀ ਰਾਜਸਥਾਨ ਨੂੰ ਮੁਫ਼ਤ ਵਿੱਚ ਈ ਲੁਟਾ ਦਿੱਤਾ। ਪੰਜਾਬੀਆਂ ਬਾਰੇ ਆਮ ਹੀ ਕਿਹਾ ਜਾਂਦੈ ਕਿ ਉਹ ਬਹੁਤੀ ਦੂਰ ਦੀ ਨਹੀਂ ਸੋਚਦੇ। ਜਦੋਂ ਸਿਰ ਆ ਪਵੇ ਓਦੋਂ ਈ ਸਿਰ ਚੁੱਕਦੇ ਹਨ।

ਸਿਆਲ ਚੜ੍ਹਿਆ ਤਾਂ ਚਰਨ, ਮਸਤ ਤੇ ਮੈਂ, ਤਾਰੋ ਹੋਰਾਂ ਦੇ ਚੁਬਾਰੇ ਵਿੱਚ ਰਾਤਾਂ ਨੂੰ `ਕੱਠੇ ਪੜ੍ਹਨ ਲੱਗੇ। ਕਦੇ ਕਦੇ ਕਮਾਦਾਂ ਦੇ ਗੰਨੇ ਭੰਨਣ ਚਲੇ ਜਾਂਦੇ ਪਰ ਘਰ ਦਿਆਂ ਨੂੰ ਪਤਾ ਨਾ ਲੱਗਣ ਦਿੰਦੇ। ਹੱਟੀ ਭੱਠੀ ਦੀ ਹਾਜ਼ਰੀ ਵੀ ਭਰ ਆਉਂਦੇ। ਸਾਡੇ ਕੋਲ ਮਿੱਟੀ ਦੇ ਤੇਲ ਵਾਲਾ ਲੈਂਪ ਸੀ ਜਿਸ ਦਾ ਚਾਨਣ ਚੌਹਾਂ ਦੇ ਪੜ੍ਹਨ ਲਈ ਕਾਫੀ ਸੀ। ਤੇਲ ਅਸੀਂ ਸਾਂਝਾ ਪਾਉਂਦੇ ਤੇ ਚਿਮਨੀ ਵਾਰੀ ਨਾਲ ਸਾਫ ਕਰਦੇ। ਵਿਚੇ ਪੜ੍ਹੀ ਜਾਂਦੇ ਤੇ ਵਿਚੇ ਖ਼ਰਮਸਤੀਆਂ ਕਰੀ ਜਾਂਦੇ। ਇੱਕ ਦੋ ਕਾਰੇ ਤਾਂ ਅਸੀਂ ਇਹੋ ਜਿਹੇ ਵੀ ਕਰ ਬੈਠੇ ਕਿ ਉਨ੍ਹਾਂ ਨੂੰ ਯਾਦ ਕਰ ਕੇ ਮਨ ਅੱਜ ਵੀ ਲਾਅਣਤਾਂ ਪਾ ਰਿਹੈ। ਦਿਲ ਕਰਦਾ ਹੈ ਦੱਸ ਦੇਵਾਂ ਪਰ ਦਿਮਾਗ ਕਹਿੰਦੈ ਨਾ ਦੱਸਾਂ। ਚਲੋ ਦੱਸ ਈ ਦਿੰਨਾਂ, ਹੁਣ ਕਿਹੜਾ ਸਜ਼ਾ ਮਿਲਣੀ ਐਂ?

ਸਾਡੇ ਦਸਵੀਂ ਦੇ ਕਮਰੇ ਵਿੱਚ ਕੰਧ ਵਾਲੀ ਅਲਮਾਰੀ ਸੀ। ਇੱਕ ਦਿਨ ਅਸੀਂ `ਕੱਲੇ ਚਕਰ ਵਾਲੇ ਈ ਕਮਰੇ ਵਿੱਚ ਸਾਂ। ਅਸੀਂ ਅਲਮਾਰੀ ਦੀ ਜਿੰਦੀ ਖੋਲ੍ਹ ਲਈ। ਵਿੱਚ ਮਾਰਕ ਹੋਏ ਪਰਚਿਆਂ ਦੇ ਬੰਡਲ ਪਏ ਸਨ। ਛਿਮਾਹੀ ਇਮਤਿਹਾਨਾਂ ਦੇ ਪਰਚੇ ਤਾਂ ਵਿਦਿਆਰਥੀਆਂ ਨੂੰ ਵਾਪਸ ਮਿਲ ਜਾਂਦੇ ਸਨ ਪਰ ਸਾਲਾਨਾ ਇਮਤਿਹਾਨਾਂ ਦੇ ਨਹੀਂ ਸਨ ਮਿਲਦੇ। ਚਰਨ ਹੋਰਾਂ ਨੂੰ ਲੱਗਿਆ ਕਿ ਅਲਮਾਰੀ ਵਾਲੇ ਬੰਡਲਾਂ `ਚ ਉਨ੍ਹਾਂ ਦੇ ਨੌਵੀਂ ਦੇ ਪਰਚੇ ਵੀ ਹੋਣਗੇ। ਟਾਈਮ ਥੋੜ੍ਹਾ ਸੀ ਇਸ ਲਈ ਵੇਖ ਤਾਂ ਨਾ ਸਕੇ ਪਰ ਸਕੀਮ ਬਣਾ ਲਈ ਕਿ ਸਾਰੀ ਛੁੱਟੀ ਵੇਲੇ ਕੁੱਝ ਬੰਡਲ ਕੱਢ ਕੇ ਲੈ ਚੱਲਾਂਗੇ ਤੇ ਵੇਖ ਵੂਖ ਕੇ ਅਗਲੇ ਦਿਨ ਮੋੜ ਕੇ ਅਲਮਾਰੀ `ਚ ਰੱਖ ਦੇਵਾਂਗੇ।

ਅਸੀਂ ਦਸ ਕੁ ਬੰਡਲ ਕੱਢੇ ਤੇ ਝੋਲਿਆਂ `ਚ ਲੁਕੋ ਕੇ ਤਾਰੋ ਕੇ ਚੁਬਾਰੇ `ਚ ਲੈ ਆਏ। ਫੋਲ ਫਾਲ ਕੇ ਵੇਖੇ ਤਾਂ ਉਨ੍ਹਾਂ `ਚ ਆਪਣਾ ਕੋਈ ਪਰਚਾ ਨਾ ਲੱਭਾ। ਅਗਲੇ ਦਿਨ ਉਹ ਬੰਡਲ ਮੋੜ ਕੇ ਰੱਖਣ ਦੀ ਥਾਂ ਹੋਰ ਦਸ ਬਾਰਾਂ ਬੰਡਲ ਲੈ ਆਂਦੇ। ਉਨ੍ਹਾਂ ਵਿੱਚ ਵੀ ਆਪਦਾ ਕੋਈ ਪਰਚਾ ਨਾ ਨਿਕਲਿਆ। ਅਗਲੇ ਦਿਨ ਹੋਰ ਲਿਆਂਦੇ। ਬੰਡਲ ਮੋੜ ਕੇ ਰੱਖਣ ਵਾਲਾ ਕੰਮ ਕੁੱਝ ਔਖਾ ਲੱਗਣ ਲੱਗਾ। ਫੜੇ ਜਾਣ ਦਾ ਡਰ ਸੀ। ਕੋਈ ਮਾਸਟਰ ਸਾਡੇ ਝੋਲਿਆਂ `ਚ ਬੰਡਲ ਵੇਖ ਲੈਂਦਾ ਤਾਂ ਸ਼ਾਮਤ ਆ ਜਾਂਦੀ। ਬੰਡਲ ਕੱਢਣ ਦੀ ਚੋਰੀ ਤਾਂ ਅਸੀਂ ਛੁੱਟੀ ਮਿਲਣ ਤੋਂ ਮਗਰੋਂ ਕਰਦੇ ਸਾਂ ਜਦੋਂ ਉਥੇ ਕੋਈ ਵੀ ਨਹੀਂ ਸੀ ਹੁੰਦਾ। ਘਰੋਂ ਝੋਲਿਆਂ `ਚ ਬੰਡਲ ਲਿਜਾ ਕੇ ਅਲਮਾਰੀ `ਚ ਰੱਖਣ ਦਾ ਪੂਰਾ ਰਿਸਕ ਸੀ। ਬੰਡਲ ਵਧੀ ਜਾਂਦੇ ਸਨ ਤੇ ਨਾਲ ਹੀ ਚੋਰੀ ਫੜੀ ਜਾਣ ਦਾ ਡਰ ਵੀ ਵਧੀ ਜਾਂਦਾ ਸੀ।

ਇਕ ਦਿਨ ਮਸਤ ਨੂੰ ਸੁੱਝ ਗਈ ਕਿ ਬੰਡਲ ਰੱਦੀ `ਚ ਵੇਚੇ ਜਾ ਸਕਦੇ ਹਨ। ਉਹ ਦੋ ਬੰਡਲ ਲੈ ਗਿਆ ਤੇ ਅਮਰੀ ਦੁਕਾਨਦਾਰ ਦੀ ਦੁਕਾਨ ਤੋਂ ਪਕੌੜੀਆਂ ਲੈ ਆਇਆ। ਨਾਲ ਕਹਿ ਆਇਆ ਕਿ ਕੱਲ੍ਹ ਨੂੰ ਹੋਰ ਲਿਆਊਂ। ਦੂਜੇ ਦਿਨ ਚਾਰ ਬੰਡਲ ਲੈ ਗਿਆ ਤੇ ਬਰਫੀ ਲੈ ਆਇਆ। ਤੀਜੇ ਦਿਨ ਅਸੀਂ ਬਰਫੀ ਦੇ ਨਾਲ ਗਜਰੇਲਾ ਵੀ ਖਾਧਾ। ਫੇਰ ਤਾਂ ਸਾਡਾ ਮੂੰਹ ਹੀ ਪੈ ਗਿਆ। ਅਲਮਾਰੀ `ਚੋਂ ਬੰਡਲ ਤੁਰੇ ਆਉਂਦੇ ਤੇ ਅਮਰੀ ਦੀ ਤੱਕੜੀ `ਤੇ ਤੁਲੀ ਜਾਂਦੇ। ਬਰਫੀ ਸਾਡੇ ਢਿੱਡਾਂ ਵਿੱਚ ਪਈ ਜਾਂਦੀ। ਉਤੋਂ ਤਖਤੂਪੁਰੇ ਦਾ ਮੇਲਾ ਆ ਗਿਆ। ਅਸੀਂ ਉਹਦੇ ਲਈ ਵੀ ਪੈਸੇ ਜੋੜਨੇ ਸ਼ੁਰੂ ਕਰ ਲਏ। ਪੰਦਰਾਂ ਵੀਹਾਂ ਦਿਨਾਂ `ਚ ਅਸੀਂ ਬੰਡਲਾਂ ਨਾਲ ਤੂੜੀ ਸਾਰੀ ਅਲਮਾਰੀ ਬੰਨੇ ਲਾ ਦਿੱਤੀ। ਸਕੂਲ ਦੀ ਜਿੰਦੀ ਦੀ ਥਾਂ ਅਸੀਂ ਪਹਿਲਾਂ ਹੀ ਆਪਣੀ ਜਿੰਦੀ ਠੋਕ ਦਿੱਤੀ ਸੀ ਜਿਵੇਂ ਅਸੀਂ ਓ ਅਲਮਾਰੀ ਦੇ ਅਸਲੀ ਮਾਲਕ ਹੋਈਏ। ਉਹ ਜਿੰਦੀ ਵੀ ਅਮਰੀ ਦੀ ਹੱਟੀ ਤੋਂ ਈ ਖਰੀਦੀ ਸੀ ਜੀਹਦੀ ਚਾਬੀ ਸਾਡੀ ਜੇਬ `ਚ ਹੁੰਦੀ ਸੀ।।

ਰੱਦੀ ਨੂੰ ਸਾਡਾ ਅਜਿਹਾ ਮੂੰਹ ਪਿਆ ਕਿ ਸਕੂਲ ਦੀਆਂ ਅਸੀਂ ਸਾਰੀਆਂ ਅਲਮਾਰੀਆਂ ਛਾਣ ਮਾਰੀਆਂ। ਡਰਾਇੰਗ ਰੂਮ ਦੀ ਇੱਕ ਪੇਟੀ ਵਿੱਚ ਅਖ਼ਬਾਰ ਪਏ ਲੱਭ ਗਏ। ਫਿਰ ਅਸੀਂ ਉਨ੍ਹਾਂ ਨੂੰ ਵਾਢਾ ਧਰ ਲਿਆ। ਅਲਮਾਰੀ ਦੇ ਬੰਡਲਾਂ ਵਾਂਗ ਕਰਨ ਤਾਂ ਸਫਾਇਆ ਈ ਲੱਗੇ ਸੀ ਪਰ ਦੂਰ ਦੀ ਸੋਚ ਕੇ ਚਾਲੂ ਮਹੀਨੇ ਦੇ ਅਖ਼ਬਾਰ ਪੇਟੀ `ਚ ਪਏ ਰਹਿਣ ਦਿੱਤੇ। ਮਸਤ ਇੱਕ ਸ਼ਤੀਰੀ ਚੁੱਕਣ ਨੂੰ ਫਿਰਦਾ ਸੀ ਜੋ ਉਹਦੇ ਚਾਚੇ ਗੋਖੇ ਨੇ ਕੋਠਾ ਛੱਤਣ ਵੇਲੇ ਚਾੜ੍ਹ ਲੈਣੀ ਸੀ ਪਰ ਏਡੀ ਵੱਡੀ ਚੋਰੀ ਕਰਨ ਦਾ ਉਹਦਾ ਹੀਆਂ ਨਾ ਪਿਆ। ਇੱਕ ਦਿਨ ਅਮਰੀ ਨੇ ਮਸਤ ਨੂੰ ਪੁੱਛਿਆ, “ਜੇ ਮਾਮਲਾ ਗੜਬੜ ਐ ਤਾਂ ਰੱਦੀ ਮੈਂ ਪਿੰਡ `ਚ ਨੀ ਲਾਉਂਦਾ, ਅੱਗੇ ਸ਼ਹਿਰ `ਚ ਵੇਚ ਆਊਂ।” ਮਸਤ ਨੇ ਵੀ ਸਾਫ ਈ ਦੱਸ ਦਿੱਤਾ ਕਿ ਹੈ ਤਾਂ ਗੜਬੜ, ਅੱਗੋਂ ਤੇਰੀ ਮਰਜ਼ੀ। ਰੱਬ ਜਾਣੇ ਸਾਡੀ ਇਸ ਚੋਰੀ ਦਾ ਕਿਸੇ ਨੂੰ ਪਤਾ ਲੱਗਾ ਜਾਂ ਨਹੀਂ? ਪਰ ਏਨਾ ਜ਼ਰੂਰ ਪਤਾ ਲੱਗ ਗਿਆ ਪਈ ਪਤਾ ਨੀ ਲੱਗਦਾ ਬੰਦਾ ਕਦੋਂ ਚੋਰ ਬਣ ਜਾਂਦੈ!

ਮਾਘ ਫੱਗਣ `ਚ ਘੁਲਾੜੀਆਂ ਚੱਲ ਪਈਆਂ ਸਨ। ਅਸੀਂ ਲੈਂਪ ਦੇ ਚਾਨਣ ਵਿੱਚ ਪੜ੍ਹ ਰਹੇ ਸਾਂ ਕਿ ਕਿਸੇ ਨੇ ਕੁੰਡਾ ਆ ਖੜਕਾਇਆ। ਬਾਹਰ ਨਿਕਲ ਕੇ ਵੇਖਿਆ ਤਾਂ ਮਿਲਖਾ ਸਿਓਂ ਕਾ ਧੀਰਾ ਗੱਟੇ `ਚ ਗੁੜ ਲਈ ਖੜ੍ਹਾ ਸੀ। ਉਹ ਅੰਦਰ ਆਇਆ ਤੇ ਆਖਣ ਲੱਗਾ, “ਲਓ ਤੱਤਾ ਤੱਤਾ ਖਾ-ਲੋ, ਨਾਲੇ ਦੋ ਤੌੜੇ ਵੀ ਪਾ-ਲੋ। ਆਖੋਂ ਤਾਂ ਮੈਂ ਥੋਨੂੰ ਸ਼ਰਾਬ ਕੱਢਣ ਆਲਾ ਸਮਾਨ ਵੀ ਲਿਆ-ਦੂੰ।” ਗੱਟਾ ਰੱਖ ਕੇ ਉਹ ਆਪ ਤਾਂ ਚਲਾ ਗਿਆ ਪਰ ਸਾਨੂੰ ਪੜ੍ਹਨ ਦੀ ਥਾਂ ਪੁੱਠੇ ਕੰਮ ਲਾ ਗਿਆ। ਹਿਸਾਬ ਦੇ ਸੁਆਲ ਕੱਢਦੇ ਕੱਢਦੇ ਅਸੀਂ ਸ਼ਰਾਬ ਕੱਢਣ ਦੀਆਂ ਸਕੀਮਾਂ ਲਾਉਣ ਲੱਗ ਪਏ। ਘੰਟੇ ਅੱਧੇ ਘੰਟੇ ਵਿੱਚ ਅਸੀਂ ਡਿਊਟੀਆਂ ਵੀ ਵੰਡ ਲਈਆਂ।

ਮਸਤ ਦੀ ਡਿਊਟੀ ਲੱਗੀ ਕਿ ਉਹ ਆਪਣੇ ਵਿਹੜੇ `ਚੋਂ ਦੋ ਘੜੇ ਚੁੱਕ ਕੇ ਲਿਆਵੇਗਾ। ਉਸ ਮਾਂ ਦੇ ਪੁੱਤ ਨੇ ਓਦੋਂ ਈ ਖੇਸ ਦੀ ਬੁੱਕਲ ਮਾਰੀ ਤੇ ਬਾਹਰ ਨਿਕਲ ਗਿਆ। ਉਹਨਾਂ ਦਾ ਵਿਹੜਾ ਬੂਹੇ ਬੰਦ ਕਰੀ ਅੰਦਰੀਂ ਸੁੱਤਾ ਪਿਆ ਸੀ। ਘੜੇ ਬਾਹਰ ਘੜਵੰਜੀਆਂ `ਤੇ ਪਏ ਸਨ। ਇੱਕ ਉਹਨੇ ਆਪਣੇ ਚਾਚੇ ਗੋਖੇ ਦਿਓਂ ਘੜਾ ਚੁੱਕ ਲਿਆ ਤੇ ਦੂਜਾ ਆਪਣੇ ਤਾਏ ਆਰੇ ਕਿਓਂ। ਦੋਹੇਂ ਘੜੇ ਲੈ ਕੇ ਉਹ ਮਿੰਟਾਂ `ਚ ਮੁੜ ਆਇਆ। ਅਸੀਂ ਦੋਹਾਂ ਘੜਿਆਂ `ਚ ਗੁੜ ਪਾਇਆ ਤੇ ਖੂਹੀ `ਚੋਂ ਪਾਣੀ ਕੱਢ ਕੇ ਘੜੇ ਗਲਗੱਸੇ ਕਰ ਲਏ। ਤਰਖਾਣਾਂ ਦੇ ਚਰਨ ਦੀ ਡਿਊਟੀ ਲੱਗੀ ਕਿ ਉਹ ਤੇਸਾ ਲੈ ਕੇ ਕਿੱਕਰ ਦਾ ਸੱਕ ਲਿਆਵੇ। ਮੇਰੀ ਡਿਊਟੀ ਸੀ ਕਿ ਰਾਤ ਨੂੰ ਚਰਨ ਦੇ ਨਾਲ ਜਾਵਾਂ ਤੇ ਆਸੇ ਪਾਸੇ ਨਜ਼ਰ ਰੱਖਾਂ। ਤਾਰੋ ਦੀ ਡਿਊਟੀ ਸੀ ਘੜਿਆਂ ਦੀ ਨਿਗਰਾਨੀ ਰੱਖਣੀ ਕਿ ਕਿਸੇ ਨੂੰ ਪਤਾ ਨਾ ਲੱਗੇ। ਸੱਕ ਪਾ ਕੇ, ਘੜਿਆਂ ਦਾ ਮੂੰਹ ਬੰਨ੍ਹ ਕੇ ਤੇ ਤਾਰੋ ਕੇ ਬਾਹਰਲੇ ਘਰ ਤੂੜੀ `ਚ ਨੱਪ ਕੇ ਅਸੀਂ ਅੱਧੀ ਰਾਤ ਤੋਂ ਮਗਰੋਂ ਵਿਹਲੇ ਹੋਏ।

ਅਸੀਂ ਪਹਿਲੀ ਵਾਰ ਘੜੇ ਪਾਏ ਸੀ ਜਿਹੜੇ ਕਈ ਦਿਨ ਤੂੜੀ `ਚ ਦੱਬੇ ਰਹਿਣ ਦੇ ਬਾਵਜੂਦ ਵੀ ਨਾ ਚੱਲੇ। ਹਾਰ ਕੇ ਧੀਰੇ ਦੀ ਮਦਦ ਲਈ। ਉਸ ਨੇ ਨੁਸ਼ਾਦਰ ਦੀਆਂ ਗੋਲੀਆਂ ਪਾ ਕੇ ਘੜੇ ਰੂੜੀ `ਚ ਦੱਬਾਏ ਜੋ ਤੀਜੇ ਦਿਨ ਚੱਲ ਪਏ ਤੇ ਹਫ਼ਤੇ ਕੁ ਬਾਅਦ ਦਾਰੂ ਕੱਢਣ ਵਾਲੀ ਹੋ ਗਈ। ਤਾਰੋ ਕਾ ਬਾਹਰਲਾ ਘਰ ਸੁੰਨਾ ਪਿਆ ਸੀ ਜਿਥੇ ਸਾਥੋਂ ਅਣਜਾਣਾਂ ਤੋਂ ਚਾਰ ਪੰਜ ਬੋਤਲਾਂ ਈ ਨਿਕਲੀਆਂ ਹਾਲਾਂ ਕਿ ਗੁੜ ਦਸਾਂ ਬਾਰਾਂ ਬੋਤਲਾਂ ਦਾ ਸੀ। ਜਿੱਦਣ ਨੌਵੀਂ ਜਮਾਤ ਨੇ ਦਸਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਉੱਦਣ ਉਹ ਬੋਤਲਾਂ ਲੇਖੇ ਲੱਗੀਆਂ। ਜਦੋਂ ਦਸਵੀਂ ਜਮਾਤ ਦੀ ਗਰੁੱਪ ਫੋਟੋ ਲੱਥਣ ਲੱਗੀ ਤਾਂ ਤਾਰੋ ਸ਼ਰਾਬੀ ਹੋ ਗਿਆ ਤੇ ਫੋਟੋ ਵਿੱਚ ਈ ਨਾ ਆਇਆ। ਪਰ ਮੈਂ ਕੁੱਝ ਹੋਰਨਾਂ ਸ਼ੁਕੀਨਾਂ ਵਾਂਗ ਰੌਸ਼ਨੀ ਦੇ ਮੇਲੇ `ਚੋਂ ਖਰੀਦੀ ਇੱਕ ਆਨੇ ਦੀ ਘੜੀ ਗੁੱਟ `ਤੇ ਸਜਾ ਲਈ। ਗਰੁੱਪ ਫੋਟੋ ਵਿੱਚ ਉਹ ਨਕਲੀ ਘੜੀ ਅਸਲੀ ਘੜੀਆਂ ਵਾਂਗ ਦਿਸਦੀ ਰਹੀ।

ਸਾਡਾ ਦਸਵੀਂ ਦਾ ਇਮਤਿਹਾਨ ਜਗਰਾਓਂ ਹੋਣਾ ਸੀ। ਅਸੀਂ ਰੇਲਵੇ ਰੋਡ `ਤੇ ਇੱਕ ਚੁਬਾਰਾ ਕਿਰਾਏ `ਤੇ ਲੈ ਲਿਆ ਤੇ ਇੱਕ ਸਟੋਵ ਖਰੀਦ ਲਿਆ। ਖੋਆ ਤੇ ਘਿਉ ਸਾਡੀਆਂ ਪੀਪੀਆਂ ਵਿੱਚ ਸੀ। ਰੋਟੀਆਂ ਅਸੀਂ ਹੋਟਲ ਤੋਂ ਮੁੱਲ ਲੈ ਆਉਂਦੇ ਤੇ ਦਾਲ ਸਬਜ਼ੀ ਆਪ ਬਣਾ ਲੈਂਦੇ। ਚੁਬਾਰਾ ਦੇਸੀ ਘਿਓ ਦੇ ਤੜਕੇ ਨਾਲ ਮਹਿਕ ਉੱਠਦਾ। ਕਿਸੇ ਨੇ ਅਫ਼ਵਾਹ ਉਡਾ ਦਿੱਤੀ ਕਿ ਅੰਗਰੇਜ਼ੀ ਦਾ ਪਰਚਾ ਆਊਟ ਹੋ ਗਿਐ, ਜੀਹਦੀ ਪਹੁੰਚ ਹੈ ਉਹ ਲੈ ਸਕਦੈ। ਮੈਨੂੰ ਰੋਟੀ ਟੁੱਕ ਲਈ ਛੱਡ ਕੇ ਬਾਕੀ ਸਾਰੇ ਮੁਹਿੰਮ ਉਤੇ ਚੜ੍ਹ ਗਏ।

ਤਾਰੋ ਦਾ ਇੱਕ ਮਾਮਾ ਮਾਸਟਰ ਸੀ ਜੋ ਦੌਧਰ ਰਹਿੰਦਾ ਸੀ। ਪਹਿਲਾਂ ਉਹ ਉਹਦੇ ਕੋਲ ਗਏ ਤੇ ਉਹਨੂੰ ਨਾਲ ਲੈ ਕੇ ਸਾਰੀ ਰਾਤ ਸਾਈਕਲ ਭਜਾਈ ਫਿਰੇ। ਕਦੇ ਕਿਸੇ ਕੋਲ, ਕਦੇ ਕਿਸੇ ਕੋਲ। ਮੈਂ ਉਹਨਾਂ ਨੂੰ ਉਡੀਕਦਾ ਰਿਹਾ ਤੇ ਦੂਜੇ ਦਿਨ ਦੇ ਪਰਚੇ ਦੀ ਤਿਆਰੀ ਵੀ ਕਰਦਾ ਰਿਹਾ। ਦੂਜੇ ਦਿਨ ਉਨ੍ਹਾਂ ਦੇ ਪਰਚੇ ਮਾੜੇ ਹੋਏ ਤੇ ਮੇਰਾ ਕੁੱਝ ਠੀਕ ਹੋ ਗਿਆ। ਦੋ ਮਹੀਨੇ ਪਿੱਛੋਂ ਨਤੀਜਾ ਆਇਆ ਤਾਂ ਮੈਂ ਪਾਸ ਸਾਂ ਤੇ ਉਹ ਸਾਰੇ ਫੇਲ੍ਹ ਸਨ। ਡੀ.ਬੀ.ਹਾਈ ਸਕੂਲ ਮੱਲ੍ਹੇ ਦੇ ਛੱਤੀ ਵਿਦਿਆਰਥੀਆਂ `ਚੋਂ ਛੇ ਜਣੇ ਈ ਪਾਸ ਹੋਏ ਸਨ। ਸਾਡੇ ਪਿੰਡ ਦੇ ਕੁਲ ਚੌਦਾਂ ਮੁੰਡਿਆਂ ਨੇ ਦਸਵੀਂ ਦਾ ਇਮਤਿਹਾਨ ਦਿੱਤਾ ਸੀ ਪਰ ਪਾਸ ਮੈਂ `ਕੱਲਾ ਈ ਹੋ ਸਕਿਆ। ਜੇ ਫੇਲ੍ਹ ਹੋ ਜਾਂਦਾ ਤਾਂ ਸੰਭਵ ਸੀ ਮੈਂ ਖੇਤੀ ਦੇ ਕੰਮ `ਚ ਪੈ ਜਾਂਦਾ ਜਿਵੇਂ ਮੇਰੇ ਨਾਲ ਦੇ ਕਈ ਜਮਾਤੀ ਪਏ। ਤੇ ਇਹ ਵੀ ਸੰਭਵ ਸੀ ਕਿ ਕੱਦ ਕੱਢ ਕੇ ਮੈਂ ਵੀ ਤਾਰੋ ਵਾਂਗ ਫੌਜ `ਚ ਭਰਤੀ ਹੋ ਜਾਂਦਾ।

Additional Info

  • Writings Type:: A single wirting
Read 4357 times Last modified on Tuesday, 13 October 2009 17:54
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।