You are here:ਮੁਖ ਪੰਨਾ»ਲੇਖ਼»ਵਿਗਿਆਨਕ ਖੇਤਰ ਦੀ ਇੱਕ ਮਹਾਨ ਸ਼ਖਸ਼ੀਅਤ - ਸਟੀਫਨ ਹਾਕਿਨਜ

ਲੇਖ਼ਕ

Friday, 09 January 2026 10:21

ਵਿਗਿਆਨਕ ਖੇਤਰ ਦੀ ਇੱਕ ਮਹਾਨ ਸ਼ਖਸ਼ੀਅਤ - ਸਟੀਫਨ ਹਾਕਿਨਜ

Written by
Rate this item
(0 votes)

ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਹਨਾਂ ਦੀ ਅੰਦਰੂਨੀ ਯੋਗਤਾ ਉਹਨਾਂ ਦੀ ਬਾਹਰਲੀ ਸਰੀਰਕ ਅਸਮਰੱਥਾ ਨੂੰ ਉਲੰਘਦੀ ਹੋਈ ਸਮੂਹ ਵਿਸ਼ਵ ਨੂੰ ਹੈਰਾਨ ਕਰ ਦਿੰਦੀ ਹੈ। ਅਸੀਂ ਕਿਸੇ ਧਾਰਮਿਕ ਚਮਤਕਾਰ ਦੀ ਗੱਲ ਨਹੀਂ ਕਰਨ ਜਾ ਰਹੇ ਸਗੋਂ ਇੱਕ ਅਜਿਹੇ ਵਿਗਿਆਨਕ ਨੂੰ ਯਾਦ ਕਰ ਰਹੇ ਹਾਂ ਜਿਸਦੀ ਵਿਦਵਤਾ ਨੇ ਵਿਗਿਆਨਕ ਜਗਤ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਿਖਾਈਆਂ। ਇਸ ਮਹੀਨ ਬੁੱਧੀ ਦੇ ਮਾਲਿਕ ਦਾ ਨਾਮ ਸੀ ਸਟੀਫਨ ਹਾਕਿਨਜ।ਇਹ ਭੌਤਿਕ ਵਿਗਿਆਨ ਦੇ ਉਹ ਮਹਾਨ ਖੋਜੀ ਹਨ ਜਿਹਨਾਂ ਨੇ ਕਾਲੇ ਛੇਕ (Black Holes), ਬ੍ਰਹਿਮੰਡ ਦੀ ਸ਼ੁਰੂਆਤ ਅਤੇ ਕਵਾਂਟਮ ਗਰੈਵਿਟੀ ਬਾਰੇ ਮਨੁੱਖੀ ਸੋਚ ਦਾ ਰੁਖ਼ ਬਦਲ ਦਿੱਤਾ। ਉਹਨਾਂ ਦੀ ਜਿੰਦਗੀ ਅਤੇ ਵਿਗਿਆਨਕ ਜਗਤ ਨੂੰ ਉਹਨਾਂ ਦੀ ਦੇਣ ਅਤੇ ਭਾਰੀ ਬਿਮਾਰੀ ਦੇ ਬਾਵਜੂਦ ਕੀਤਾ ਸੰਘਰਸ਼, ਮਨੁੱਖੀ ਇਰਾਦੇ ਦੀ ਇਕ ਜਿਉਂਦੀ ਜਾਗਦੀ ਮਿਸਾਲ ਹੈ।

ਸਟੀਫਨ ਹਾਕਿਨਜ 8 ਜਨਵਰੀ 1942 ਨੂੰ ਇੰਗਲੈਂਡ ਦੇ ਸ਼ਹਿਰ ਆਕਸਫੋਰਡ ਵਿੱਚ ਜਨਮੇ। ਉਹਨਾਂ ਦਾ ਪਾਲਣ ਪੋਸ਼ਣ ਵਿਦਵਤਾਪੂਰਨ ਪਰਿਵਾਰਕ ਮਾਹੌਲ ਵਿੱਚ ਹੋਇਆ ਜਿਸ ਨੇ ਛੋਟੀ ਉਮਰ ਤੋਂ ਹੀ ਵਿਗਿਆਨ ਅਤੇ ਤਰਕਸ਼ੀਲ ਸੋਚ ਦਾ ਰੁਝਾਨ ਪੈਦਾ ਕੀਤਾ। ਹਾਕਿਨਜ ਨੇ ਸ਼ੁਰੂਆਤੀ ਸਿੱਖਿਆ ਸੇਂਟ ਐਲਬਨਜ ਸਕੂਲ ਤੋਂ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿਚ ਬੈਚਲਰ ਡਿਗਰੀ ਹਾਸਿਲ ਕੀਤੀ ਜਿੱਥੇ ਉਹ ਗੰਭੀਰ ਪੜ੍ਹਾਈ ਨਾਲੋਂ ਵਧੇਰੇ ਸੋਚ ਵਿਚਾਰ ਅਤੇ ਚਰਚਾ ਵਿਚ ਦਿਲਚਸਪੀ ਰੱਖਦੇ ਸਨ। ਫੇਰ ਉਹ ਕੈਂਬਰਿਜ ਯੂਨੀਵਰਸਿਟੀ ਚਲੇ ਗਏ ਅਤੇ ਉੱਥੇ ਕੌਸਮੋਲੋਜੀ ਵਿਚ ਪੀ ਐਚ ਡੀ ਸ਼ੁਰੂ ਕੀਤੀ। ਲੱਗਭੱਗ 21 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਏ. ਐਲ. ਐਸ. (Amyotrophic Lateral Sclerosis - ਮੋਟਰ ਨਿਊਰਾਨ ਡਿਸੀਜ) ਦੀ ਬਿਮਾਰੀ ਹੋ ਗਈ। ਇਸ ਬਿਮਾਰੀ ਨੇ ਹੌਲੀ ਹੌਲੀ ਉਹਨਾਂ ਨੂੰ ਪੂਰੀ ਤਰਾਂ ਲਾਚਾਰ ਕਰ ਦਿੱਤਾ ਪਰ ਮਾਨਸਿਕ ਤੌਰ ਤੇ ਉਹ ਬੇਹੱਦ ਸਰਗਰਮ ਅਤੇ ਰਚਨਾਤਮਕ ਬਣੇ ਰਹੇ। ਉਹ 1960 ਅਤੇ 1970 ਦੇ ਦਹਾਕੇ ਵਿਚ ਉਹ ਕੈਂਬਰਿਜ ਯੂਨੀਵਰਸਿਟੀ ਵਿਚ ਲੂਕਾਸੀਅਨ ਪ੍ਰੋਫੈਸਰ ਆਫ ਮੈਥੇਮੈਟਿਕਸ ਨਿਯੁਕਤ ਕੀਤਾ ਗਿਆ, ਕਦੇ ਨਿਊਟਨ ਵੀ ਇਸ ਅਸਾਮੀ ਤੇ ਰਿਹਾ ਸੀ। ਬਿਮਾਰੀ ਕਾਰਨ ਬੋਲਣ ਦੀ ਸਮਰੱਥਾ ਖਤਮ ਹੋਣ ਤੋਂ ਬਾਅਦ ਕੰਪਿਊਟਰ ਸਪੀਚ ਸਿੰਥੇਸਾਈਜਰ ਦੀ ਸਹਾਇਤਾ ਨਾਲ ਲੈਕਚਰ ਅਤੇ ਸੰਚਾਰ ਜਾਰੀ ਰੱਖਿਆ। ਉਹ ਸੰਸਾਰ ਭਰ ਵਿਚ ਵਿਗਿਆਨਕ ਕਾਨਫਰੰਸਾਂ, ਟੀ ਵੀ ਪ੍ਰੋਗਰਾਮਾਂ ਅਤੇ ਲੈਕਚਰਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹੇ।

ਹਾਕਿਨਜ ਦੀ ਸਭ ਤੋਂ ਵੱਡੀ ਵਿਗਿਆਨਕ ਖੋਜ ਕਾਲੇ ਛੇਕਾਂ ਬਾਰੇ ਅਤੇ ਹਾਕਿਨਜ ਰੇਡੀਏਸ਼ਨਜ ਬਾਰੇ ਸੀ। ਕਾਲੇ ਛੇਕਾਂ ਬਾਰੇ ਉਹਨਾਂ ਕਿਹਾ ਕਿ ਉਹ ਪੂਰੀ ਤਰਾਂ ਕਾਲੇ ਨਹੀਂ ਹੁੰਦੇ, ਸਗੋਂ ਕੁਆਂਟਮ ਪ੍ਰਭਾਵਾਂ ਕਾਰਨ ਉਹ ਥੋੜ੍ਹੀ ਤਾਪ ਵਾਲੀ ਰੇਡੀਏਸ਼ਨ ਨਿਕਾਸ ਕਰਦੇ ਹਨ, ਜਿਸ ਨੂੰ ਅੱਜ ਹਾਕਿਨਜ ਰੇਡੀਏਸ਼ਨਜ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕਾਲੇ ਛੇਕ ਤੋਂ ਪ੍ਰਕਾਸ਼ ਤੱਕ ਨਹੀਂ ਨਿਕਲ ਸਕਦਾ, ਪਰ ਹਾਕਿਨਜ ਨੇ ਦੱਸਿਆ ਕਿ ਈਵੈਂਟ ਹੋਰਾਈਜਨ ਦੇ ਨੇੜੇ ਕਵਾਂਟਮ ਉਥਲ-ਪੁਥਲ ਕਾਰਨ ਕਣਾਂ ਦੀ ਜੋੜੀ ਬਣਦੀ ਹੈ ਜਿਸ ਦਾ ਇਕ ਹਿੱਸਾ ਕਾਲੇ ਛੇਕ ਤੋਂ ਬਾਹਰ ਨਿਕਲ ਜਾਂਦਾ ਹੈ। ਹਾਕਿਨਜ ਰੇਡੀਏਸ਼ਨ ਦੇ ਸੰਕਲਪ ਨੇ ਇਹ ਦਰਸਾਇਆ ਕਿ ਕਾਲੇ ਛੇਕ ਤਾਪਮਾਨ ਅਤੇ ਐਂਟਰੋਪੀ ਰੱਖਦੇ ਹਨ, ਜਿਸ ਕਾਰਨ ਕਾਲੇ ਛੇਕਾਂ ਲਈ ਥਰਮੋ ਡਾਇਨਾਮਿਕਸ ਦੇ ਨਵੇਂ ਨਿਯਮ ਪਰਿਭਾਸ਼ਿਤ ਕੀਤੇ ਗਏ। ਇਹ ਸੋਚ ਗਰੈਵਿਟੀ, ਕਵਾਂਟਮ ਮੈਕੇਨਿਕਸ ਅਤੇ ਊਰਜਾ ਤਾਪ ਦੇ ਨਿਯਮਾਂ ਦਰਮਿਆਨ ਇੱਕ ਡੂੰਘੀ ਕੜੀ ਵਜੋਂ ਉੱਭਰੀ ਇੱਕ ਥਿਊਰੀ ਆਫ ਐਵਰੀਥਿੰਗ ਦੀ ਭਾਲ ਨੂੰ ਨਵੀਂ ਦਿਸ਼ਾ ਦਿੱਤੀ। ਹਾਕਿਨਜ ਦੀ ਇਹ ਖੋਜ ਸਿਰਫ ਕਾਲੇ ਛੇਕਾਂ ਤੱਕ ਸੀਮਿਤ ਨਾ ਰਹੀ ਸਗੋਂ ਇਸਤੋਂ ਬਲੈਕ ਹੋਲ ਇਨਫਰਮੇਸ਼ਨ ਪੈਰਾਡਾਕਸ ਜਨਮਿਆ ਜਿਸ ਵਿਚ ਮੁੱਖ ਸਵਾਲ ਉੱਠਿਆ ਕਿ ਜੇ ਕਾਲੇ ਛੇਕ ਭਾਫ਼ ਬਣ ਕੇ ਖਤਮ ਹੋ ਜਾਂਦੇ ਹਨ, ਤਾਂ ਉਸ ਵਿਚ ਪਈ ਜਾਣਕਾਰੀ ਦਾ ਕੀ ਹੁੰਦਾ ਹੈ। ਇਹ ਪੈਰਾਡਾਕਸ ਅਜੇ ਵੀ ਸਿਧਾਂਤਕ ਭੌਤਿਕ ਵਿਗਿਆਨ ਵਿਚ ਇਕ ਕੇਂਦਰੀ ਮੁੱਦਾ ਹੈ ਅਤੇ ਕਵਾਂਟਮ ਗਰੈਵਿਟੀ ਦੀ ਸਮਝ ਲਈ ਇਕ ਚੁਣੌਤੀ ਬਣਿਆ ਹੋਇਆ ਹੈ।

ਹਾਕਿਨਜ ਨੇ ਰੋਜਰ ਪੈਨਰੋਜ ਨਾਲ ਮਿਲ ਕੇ ਸਿੰਗੂਲੈਰਿਟੀ ਥਿਊਰਮ ਵਿਕਸਿਤ ਕੀਤੇ, ਜਿਹਨਾਂ ਦੇ ਅਨੁਸਾਰ ਜੇ ਬ੍ਰਹਿਮੰਡ ਆਮ ਅਪੇਕਿਸ਼ਤਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਤਾਂ ਫਿਰ ਸਮੇਂ ਨੂੰ ਪਿੱਛੇ ਟਰੇਸ ਕਰਨ ਤੇ ਇਕ ਅਜਿਹਾ ਮੋੜ ਆਉਂਦਾ ਹੈ ਜਿੱਥੇ ਸਾਰੇ ਕਾਨੂੰਨ ਫੇਲ ਹੋ ਜਾਂਦੇ ਹਨ ਜਿਸਨੂੰ ਸਿੰਗੂਲੈਰਿਟੀ ਕਿਹਾ ਜਾਂਦਾ ਹੈ। ਇਸ ਵਿਚਾਰ ਨੇ ਬਿਗ ਬੈੰਗ ਥਿਊਰੀ ਨੂੰ ਮਜਬੂਤ ਤਰਕ ਮੁਹਈਆ ਕਰਵਾਇਆ ਕਿ ਬ੍ਰਹਿਮੰਡ ਕਿਸੇ ਸਮੇਂ ਇਕ ਅਤਿਅੰਤ ਸੰਘਣੇ ਅਤੇ ਗਰਮ ਬਿੰਦੂ ਤੋਂ ਸ਼ੁਰੂ ਹੋਇਆ। ਉਹਨਾਂ ਨੇ ਦੱਸਿਆ ਕਿ ਸਿੰਗੂਲੈਰਿਟੀ ਸਿਰਫ ਕਾਲੇ ਛੇਕਾਂ ਦੇ ਕੇਂਦਰ ਵਿਚ ਹੀ ਨਹੀਂ, ਸਗੋਂ ਪੂਰੇ ਬ੍ਰਹਿਮੰਡ ਦੀ ਸ਼ੁਰੂਆਤ ਦਾ ਅਟੱਲ ਨਤੀਜਾ ਵੀ ਹੋ ਸਕਦੀ ਹੈ ਜੇ ਕੁਝ ਆਮ ਸ਼ਰਤਾਂ ਪੂਰੀਆਂ ਹੁੰਦੀਆਂ ਹਨ। ਇਸ ਕਾਰਨ ਕੌਸਮੋਲੋਜੀ ਵਿੱਚ ਸਮੇਂ ਦੀ ਸ਼ੁਰੂਆਤ ਅਤੇ ਭੌਤਿਕ ਨਿਯਮਾਂ ਦੇ ਜਨਮ ਬਾਰੇ ਡੂੰਘੀ ਵਿਗਿਆਨਕ ਅਤੇ ਦਾਰਸ਼ਨਿਕ ਚਰਚਾ ਸ਼ੁਰੂ ਹੋਈ। ਹਾਕਿਨਜ ਦੀ ਦਿਲਚਸਪੀ ਸਿਰਫ ਇਹ ਦੱਸਣ ਵਿਚ ਨਹੀਂ ਸੀ ਕਿ ਬ੍ਰਹਿਮੰਡ ਕਿਵੇਂ ਸ਼ੁਰੂ ਹੋਇਆ, ਸਗੋਂ ਇਸ ਗੱਲ ਵਿੱਚ ਵੀ ਸੀ ਕਿ ਕੀ ਸਿਧਾਂਤਕ ਤੌਰ ਤੇ ਸਮੇਂ ਦੀ ਕੋਈ ਸੀਮਾ ਜਾਂ ਬਾਰਡਰ ਸੋਚਿਆ ਜਾ ਸਕਦਾ ਹੈ ਜਾਂ ਨਹੀਂ। ਇੱਥੋਂ ਹੀ ਉਹਨਾਂ ਨੇ ਇਕ ਹੋਰ ਮਹੱਤਵਪੂਰਨ ਵਿਚਾਰ ਨੋ-ਬਾਊਂਡਰੀ ਪ੍ਰੋਪੋਜਲ ਦੀ ਜੜ੍ਹ ਹੈ। ਨੋ-ਬਾਊਂਡਰੀ ਪ੍ਰੋਪੋਜਲ ਅਤੇ ਕਵਾਂਟਮ ਕੌਸਮੋਲੋਜੀ ਜੇਮਜ਼ ਹਾਰਟਲ ਨਾਲ ਮਿਲ ਕੇ ਹਾਕਿਨਜ ਨੇ ਇਕ ਮਾਡਲ ਪੇਸ਼ ਕੀਤਾ ਜਿਸਨੂੰ ਨੋ-ਬਾਊਂਡਰੀ ਵੇਵਫ਼ੰਕਸ਼ਨ ਜਾਂ ਹਾਰਟਲ-ਹਾਕਿਨਜ ਪ੍ਰੋਪੋਜਲ ਕਿਹਾ ਜਾਂਦਾ ਹੈ ਜਿਸ ਅਨੁਸਾਰ ਬ੍ਰਹਿਮੰਡ ਸੀਮਿਤ ਹੈ ਪਰ ਇਸਦੀ ਸਪੇਸ-ਟਾਈਮ ਸੰਰਚਨਾ ਵਿਚ ਕੋਈ ਕਲਾਸੀਕਲ ਬਾਰਡਰ ਜਾਂ ਸ਼ੁਰੂਆਤੀ ਕਿਨਾਰਾ ਨਹੀਂ। ਇਸ ਵਿਚਾਰ ਨੂੰ ਸਮਝਾਉਣ ਲਈ ਉਹ ਅਕਸਰ ਧਰਤੀ ਦੀ ਸਤਹ ਦੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਉੱਤਰੀ ਧਰੁਵ ਤੋਂ ਉੱਤਰ ਵੱਲ ਜਾਣ ਦਾ ਕੋਈ ਅਰਥ ਨਹੀਂ, ਉਸੇ ਤਰਾਂ ਬ੍ਰਹਿਮੰਡ ਵਿਚ ਇਕ ਅਜਿਹਾ ਕਵਾਂਟਮ ਪੜਾਅ ਹੈ ਜਿੱਥੇ "ਸਮੇਂ ਤੋਂ ਪਹਿਲਾਂ " ਦੀ ਗੱਲ ਮਾਅਨੇ ਨਹੀਂ ਰੱਖਦੀ। ਨੋ-ਬਾਊਂਡਰੀ ਪ੍ਰੋਪੋਜਲ ਨੇ ਕਵਾਂਟਮ ਕੌਸਮੋਲੋਜੀ ਵਿੱਚ ਇੱਕ ਨਵਾਂ ਰੁਝਾਨ ਦਿੱਤਾ, ਜਿਸ ਵਿੱਚ ਸਾਰੇ ਬ੍ਰਹਿਮੰਡ ਨੂੰ ਇੱਕ ਕਵਾਂਟਮ ਪ੍ਰਣਾਲੀ ਵਜੋਂ ਵੇਖ ਕੇ ਉਸਦੀ ਵੇਵਫ਼ੰਕਸ਼ਨ ਬਾਰੇ ਸੋਚਿਆ ਜਾ ਸਕਦਾ ਹੈ। ਇਹ ਦ੍ਰਿਸ਼ਟੀਕੋਣ ਇਨਫਲੇਮੇਸ਼ਨ, ਕੌਸਮਿਕ ਫਲਕਚੁਏਸ਼ਨਾਂ ਅਤੇ ਬ੍ਰਹਿਮੰਡ ਦੀ ਵੱਡੇ ਪੱਧਰ ਤੇ ਸੰਰਚਨਾ ਬਾਰੇ ਥਿਊਰੀਆਂ ਨਾਲ ਜੁੜ ਕੇ ਕੰਮ ਕਰਦਾ ਹੈ।

ਹਾਕਿਨਜ ਨੇ ਡੂੰਘੇ ਗਣਿਤਕ ਪੇਪਰਾਂ ਤੋਂ ਬਿਨਾਂ ਲੋਕਪ੍ਰਿਯ ਵਿਗਿਆਨ ਦੀਆਂ ਕਿਤਾਬਾਂ ਲਿਖ ਕੇ ਕੌਸਮੋਲੋਜੀ ਅਤੇ ਭੌਤਿਕ ਵਿਗਿਆਨ ਨੂੰ ਆਮ ਪਾਠਕ ਤੱਕ ਪਹੁੰਚਾਇਆ। 1988 ਵਿੱਚ ਪ੍ਰਕਾਸ਼ਿਤ ਹੋਈ "A Brief History of Time " ਨੇ ਕਾਲੇ ਛੇਕਾਂ, ਬਿਗ ਬੈੰਗ, ਸਮੇਂ ਦੀ ਸੁਭਾਅ ਅਤੇ ਇਕਜੁੱਟ ਸਿਧਾਂਤ ਦੀ ਭਾਲ ਵਰਗੇ ਮੁਸ਼ਕਿਲ ਵਿਸ਼ਿਆਂ ਨੂੰ ਸਧਾਰਨ ਭਾਸ਼ਾ ਵਿਚ ਵਿਸ਼ਵ ਭਰ ਦੇ ਲੱਖਾਂ ਪਾਠਕਾਂ ਤੱਕ ਪਹੁੰਚਾਇਆ। ਇਸਤੋਂ ਬਾਅਦ "The Universe in a Nutshell" ਅਤੇ "The Grand Design" ਵਰਗੀਆਂ ਕਿਤਾਬਾਂ ਰਾਹੀਂ ਉਹਨਾਂ ਨੇ ਅਪਡੇਟ ਹੋ ਰਹੀਆਂ ਥਿਊਰੀਆਂ ਜਿਵੇਂ ਕਿ ਸਟਰਿੰਗ ਥਿਊਰੀ, M-ਥਿਊਰੀ, ਅਤੇ ਕਵਾਂਟਮ ਗਰੈਵਿਟੀ ਦੇ ਨਵੇਂ ਰੁਖ਼ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ। "On the shoulder of Giants" ਵਿੱਚ ਉਹਨਾਂ ਨੇ ਕਾਪਰਨਿਕਸ, ਗੈਲੀਲੀਓ, ਕੈਪਲਰ, ਨਿਊਟਨ ਅਤੇ ਆਈਨਸਟਾਈਨ ਵਰਗੇ ਮਹਾਨ ਵਿਗਿਆਨਕਾਂ ਦੇ ਕਲਾਸਿਕੀ ਪੇਪਰ ਇਕੱਠੇ ਕੀਤੇ ਅਤੇ ਉਹਨਾਂ ਵਿੱਚ ਉਨਾਂ ਬਾਰੇ ਜੀਵਨੀਆਂ ਅਤੇ ਲੇਖ ਵੀ ਸ਼ਾਮਲ ਕੀਤੇ। ਬੱਚਿਆਂ ਵਿੱਚ ਜਗਿਆਸਾ ਜਗਾਉਣ ਲਈ ਆਪਣੀ ਧੀ ਲੂਸੀ ਦੇ ਨਾਲ ਮਿਲ ਕੇ "George's Secret Key to the Universe" ਅਤੇ ਇਸਤਰਾਂ ਦੀਆਂ ਹੋਰ ਕਿਤਾਬਾਂ ਲਿਖੀਆਂ ਜਿਨਾਂ ਵਿਚ ਕਲਪਨਾਤਮਕ ਕਹਾਣੀਆਂ ਰਾਹੀਂ ਕੌਸਮੋਲੋਜੀ ਅਤੇ ਖਗੋਲ ਵਿਗਿਆਨ ਦੇ ਸੰਕਲਪ ਸਮਝਾਏ ਗਏ ਹਨ। ਇਹ ਉਹਨਾਂ ਦੀ ਇਸ ਤੀਬਰ ਇੱਛਾ ਨੂੰ ਦਰਸਾਉਂਦਾ ਹੈ ਕਿ ਅਗਲੀ ਪੀੜ੍ਹੀ ਵਿਗਿਆਨ ਨੂੰ ਡਰ ਨਾਲ ਨਹੀਂ, ਸਗੋਂ ਰੋਮਾਂਚ ਅਤੇ ਹੈਰਾਨੀ ਦੇ ਭਾਵ ਨਾਲ ਦੇਖੇ।

ਉਹਨਾਂ ਦੇ ਵਿਗਿਆਨਕ ਯੋਗਦਾਨਾਂ ਦੀ ਮਾਨਤਾ ਵਜੋਂ ਉਹਨਾਂ ਨੂੰ ਕਈ ਅੰਤਰਰਾਸ਼ਟਰੀ ਸਨਮਾਨ ਮਿਲੇ ਜਿਨ੍ਹਾਂ ਵਿਚ ਰੌਇਲ ਸੋਸਾਇਟੀ ਦੀ ਫੈਲੋਸ਼ਿਪ, ਕਮਾਂਡਰ ਆਫ਼ ਦ ਆਰਡਰ ਆਫ ਦ ਬ੍ਰਿਟਿਸ਼ ਐਮਪਾਇਰ (CBE) ਅਤੇ ਹੋਰ ਉੱਚੇ ਪਦਕ ਸ਼ਾਮਲ ਹਨ। ਭਾਵੇਂ ਉਹਨਾਂ ਨੂੰ ਨੋਬਲ ਇਨਾਮ ਨਹੀਂ ਮਿਲ ਸਕਿਆ, ਪਰ ਕਾਲੇ ਛੇਕਾਂ ਸਿੰਗੂਲੈਰਿਟੀ ਅਤੇ ਕੌਸਮੋਲੋਜੀ ਵਿਚ ਕੀਤੇ ਕੰਮ ਨੇ ਉਹਨਾਂ ਨੂੰ ਵਿਗਿਆਨ ਦੇ ਇਤਿਹਾਸ ਵਿਚ ਸਦਾ ਲਈ ਇੱਕ ਅਮਰ ਨਾਂ ਬਣ ਚੁੱਕਾ ਹੈ। ਉਹਨਾਂ ਦੀ ਦੇਣ ਆਉਣ ਵਾਲੇ ਸਮਿਆਂ ਵਿਚ ਖੋਜੀਆਂ ਨੂੰ ਰਾਹ ਦਿਖਾਉਂਦੀ ਰਹੇਗੀ। ਵਿਗਿਆਨ ਦਾ ਇਹ ਸਪੂਤ 14 ਮਾਰਚ 2018 ਨੂੰ ਕੈਮਬ੍ਰਿਜ ਵਿਚ ਆਪਣਾ ਸਰੀਰ ਛੱਡ ਗਿਆ ਪਰ ਉਹ ਵਿਗਿਆਨ ਜਗਤ ਨੂੰ ਸਦਾ ਚਾਨਣ ਦਿੰਦਾ ਰਵੇਗਾ।

Read 174 times
ਜਸਵਿੰਦਰ ਸਿੰਘ ਰੁਪਾਲ, ਕੈਲਗਰੀ

WhatsApp: +91-981-471-5796

Calgary: +1(825)734-0545

Email: rupaljs@gmail.com