You are here:ਮੁਖ ਪੰਨਾ»ਕਵਿਤਾਵਾਂ»ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
Coming soon: A new and improved Global Punjabi site!!!

ਲੇਖ਼ਕ

Thursday, 15 January 2026 09:32

ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ

Written by
Rate this item
(0 votes)

ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ

ਤੂੰ ਸੀਨੇ ਨੂੰ ਲੱਗ ਕੇ ਵੀ ਇਉਂ ਦੂਰ ਕਿਉਂ ਹੈਂ

ਕਿਵੇਂ ਬਲ ਰਿਹੈਂ ਤੂੰ ਉਹ ਕੀ ਜਾਣਦੇ ਨੇ

ਜੁ ਪੁੱਛਦੇ ਨੇ ਤੂੰ ਏਨਾ ਪੁਰਨੂਰ ਕਿਉਂ ਹੈਂ

ਉਹ ਸੂਲੀ ਚੜ੍ਹਾ ਕੇ ਉਹਨੂੰ ਪੁੱਛਦੇ ਨੇ

ਤੂੰ ਸਾਡੇ ਤੋਂ ਉੱਚਾ ਐਂ ਮਨਸੂਰ ਕਿਉਂ ਹੈਂ

ਉਹ ਆਪਣੇ ਹੀ ਦਿਲ ਦੀ ਅਗਨ ਸੀ ਰੌਸ਼ਨ

ਉਹ ਪੁੱਛਦੇ ਸੀ ਤੂੰ ਏਨਾ ਮਸ਼ਹੂਰ ਕਿਉਂ ਹੈਂ

ਜੁ ਧਰਤੀ ਵੀ ਭੁੱਲਿਆ ਤੇ ਨੀਹਾਂ ਵੀ ਭੁੱਲਿਐ

ਤੂੰ ਗੁੰਬਦ ਏਂ ਪਰ ਏਨਾ ਮਗਰੂਰ ਕਿਉਂ ਹੈਂ

ਬਣਾ ਖੁਦ ਮੁਹੱਬਤ ਦਾ ਪੁਲ ਤੂੰ ਖੁਦਾ ਤਕ

ਕਿ ਤੂੰ ਠੇਕੇਦਾਰਾਂ ਦਾ ਮਜ਼ਦੂਰ ਕਿਉਂ ਹੈਂ

ਹਵਾਵਾਂ 'ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ

ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ

Read 320 times Last modified on Thursday, 15 January 2026 09:34
ਸੁਰਜੀਤ ਪਾਤਰ

(ਛਪਿਆ ਅਕਤੂਬਰ 08, 2009 ਸੀਰਤ ਅਗਸਤ 2009 ਵਿੱਚੋਂ ਧੰਨਵਾਦ ਸਹਿਤ)
ਫ਼ੋਨ ਨੰਬਰ: 98145-04272