You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»01 - ਮੇਰੀ ਖੇਡ ਲੇਖਣੀ ਦੀ ਮੈਰਾਥਨ

ਲੇਖ਼ਕ

Thursday, 15 October 2009 16:30

01 - ਮੇਰੀ ਖੇਡ ਲੇਖਣੀ ਦੀ ਮੈਰਾਥਨ

Written by
Rate this item
(0 votes)

ਮੈਰਾਥਨ ਦੌੜ ਬਤਾਲੀ ਕੁ ਕਿਲੋਮੀਟਰ ਦੀ ਹੁੰਦੀ ਹੈ। ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ ਬਤਾਲੀ ਕੁ ਸਾਲ ਹੋ ਚੱਲੇ ਹਨ। ਮੈਰਾਥਨ ਦੌੜਾਕ ਵਾਂਗ ਮੈਂ ਵੀ ਕਦੇ ਹੌਲੀ ਤੇ ਕਦੇ ਤੇਜ਼ ਹੋ ਜਾਂਦਾ ਹਾਂ। 1966 ਤੋਂ ਲਗਾਤਾਰ ਲਿਖੀ ਜਾ ਰਿਹਾਂ। ਜਿਵੇਂ ਮੈਰਾਥਨ ਦੌੜਾਕ ਦੌੜ ਮੁੱਕਣ ਦੇ ਨੇੜੇ ਸਿਰੜ ਨਾਲ ਹੋਰ ਤੇਜ਼ ਦੌੜਨ ਲੱਗਦੇ ਹਨ ਉਵੇਂ ਮੈਂ ਵੀ ਆਪਣੀ ਲਿਖਣ ਦੀ ਚਾਲ ਹੋਰ ਤੇਜ਼ ਕਰ ਦਿੱਤੀ ਹੈ। ਪੰਜ ਛੇ ਸਾਲਾਂ ਤੋਂ ਹਰੇਕ ਸਾਲ ਮੇਰੀ ਨਵੀਂ ਪੁਸਤਕ ਛਪ ਰਹੀ ਹੈ। ਪਿਛਲੇ ਸਾਲ ਦੋ ਛਪੀਆਂ ਸਨ। ‘ਫੇਰੀ ਵਤਨਾਂ ਦੀ’ ਤੇ ‘ਕਬੱਡੀ ਕਬੱਡੀ ਕਬੱਡੀ’। ਐਤਕੀਂ ‘ਖੇਡਾਂ ਦੀ ਦੁਨੀਆਂ’ ਹਾਜ਼ਰ ਹੈ। ਆਉਂਦੇ ਸਾਲ ਆਪਣੀ ਆਤਮਕਥਾ ਨਾਲ ਦਸਤਕ ਦੇਵਾਂਗਾ ਜੋ ਬਕੱਲਮਖ਼ੁਦ ਦੇ ਸਿਰਲੇਖ ਹੇਠ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਣੀ ਸ਼ੁਰੂ ਹੋ ਚੁੱਕੀ ਹੈ। ਉਹਦਾ ਵਿਸਥਾਰ ‘ਮੇਰੀ ਖੇਡ ਕਥਾ’ ਵਿੱਚ ਛਪੇਗਾ। ਉਹਦੇ `ਚ ਲੁਕਿਆ ਸੱਚ ਹੋਰ ਉਜਾਗਰ ਕਰਨ ਦੀ ਖੁੱਲ੍ਹ ਲਵਾਂਗਾ।

ਹਾਲਾਂ ਤਕ ਮੈਂ ਦੋ ਕੁ ਸੌ ਖਿਡਾਰੀਆਂ ਦੇ ਸ਼ਬਦ ਚਿੱਤਰ ਉਲੀਕ ਸਕਿਆ ਹਾਂ। ਸੌ ਤੋਂ ਵੱਧ ਦੇਸੀ ਤੇ ਪਰਦੇਸੀ ਖੇਡਾਂ ਦੀ ਜਾਣਕਾਰੀ ਦਿੱਤੀ ਹੈ ਤੇ ਸੌ ਕੁ ਖੇਡ ਮੇਲਿਆਂ ਦੇ ਨਜ਼ਾਰੇ ਬਿਆਨ ਕੀਤੇ ਹਨ। ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ। ਖੇਡਾਂ ਦੇ ਅਨੇਕਾਂ ਪੱਖਾਂ ਦੀ ਚਰਚਾ ਛੇੜੀ ਹੈ। ਵਿਚੇ ਖੇਡ ਮੇਲੇ ਵੇਖਣ ਲਈ ਕੀਤੇ ਦੇਸ ਪਰਦੇਸ ਦੇ ਸਫ਼ਰਾਂ ਦਾ ਹਾਲ ਹੈ ਤੇ ਵਿਚੇ ਦੂਰ ਨੇੜੇ ਵੇਖੇ ਸਥਾਨਾਂ ਦਾ ਵਰਣਨ ਹੈ। ਵਿਚੇ ਹਾਸਾ ਖੇਡਾ ਤੇ ਵਿਅੰਗ ਹੈ। ਅਮਰੀਕਾ ਤੇ ਕੈਨੇਡਾ ਦਾ ਸਫ਼ਰਨਾਮਾ ਲਿਖਣ ਦੇ ਨਾਲ ਫੇਰੀ ਵਤਨਾਂ ਦੀ ਵੀ ਲਿਖੀ ਹੈ।

ਇਸ ਪੁਸਤਕ ਵਿੱਚ ਮੈਂ ਅੱਗੇ ਪਿੱਛੇ ਲਿਖੇ ਚਾਲੀ ਆਰਟੀਕਲ ਪਰੋਏ ਹਨ। ਇਹਨਾਂ ਵਿੱਚ ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਸ਼ਬਦ ਚਿੱਤਰ ਵੀ ਹੈ ਤੇ ਪੰਜਾਬ ਦੇ ਕੁੱਝ ਭੁੱਲੇ ਵਿਸਰੇ ਖਿਡਾਰੀਆਂ ਦੀ ਗਾਥਾ ਵੀ ਹੈ। ਉਹ ਏਸ਼ੀਆ ਮਹਾਂਦੀਪ ਦੇ ਚੈਂਪੀਅਨ ਬਣੇ ਪਰ ਉਨ੍ਹਾਂ ਜੋਧਿਆਂ ਦੀਆਂ ਵਾਰਾਂ ਕਿਸੇ ਨੇ ਨਹੀਂ ਗਾਈਆਂ। ਨਿੱਕਾ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ ਤੇ ਕਈ ਹੋਰ ਏਸ਼ੀਆ ਜਿੱਤ ਕੇ ਵੀ ਗੁੰਮਨਾਮੀ ਦੇ ਹਨ੍ਹੇਰਿਆਂ ਵਿੱਚ ਗੁਆਚ ਗਏ ਹਨ। ਵੈਟਰਨਜ਼ ਦੀਆਂ ਖੇਡਾਂ ਦੇ ਸਾਡੇ ਵਰਲਡ ਚੈਂਪੀਅਨ ਵੀ ਕਿਸੇ ਦੇ ਚਿੱਤ ਚੇਤੇ ਨਹੀਂ। ਮੈਂ ਚੇਤੇ ਕਰਾਉਣ ਦਾ ਯਤਨ ਕਰ ਰਿਹਾਂ। ਏਸ਼ਿਆਈ ਖੇਡਾਂ ਦਾ ਸੰਖੇਪ ਇਤਿਹਾਸ ਵੀ ਦਿੱਤਾ ਹੈ ਤੇ ਕਬੱਡੀ ਦੇ ਖਿਡਾਰੀਆਂ ਦੀ ਕਬੂਤਰਬਾਜ਼ੀ ਤੋਂ ਵੀ ਪਰਦਾ ਹਟਾਇਆ ਹੈ। ਕਿਧਰੇ ਜਪਾਨ ਦੀ ਜੱਦੀ ਖੇਡ ਸੁਮੋ ਦਾ ਜ਼ਿਕਰ ਹੈ ਤੇ ਕਿਧਰੇ ਯੂਨਾਨ ਦੀ ਲਹੂਪੀਣੀ ਮੈਰਾਥਨ ਦੌੜ ਦਾ। ਕਿਧਰੇ ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਦਿਆਂ ਓਧਰਲੇ ਸੱਜਣਾਂ ਦੀ ਖ਼ੈਰ ਸੁੱਖ ਮੰਗੀ ਹੈ। ਸੁਰਜੀਤ ਪਾਤਰ ਦੇ ਸ਼ਬਦਾਂ ਵਿਚ:

ਰਾਵੀ ਜਿਹਲਮ ਚਨਾਬ ਨੂੰ ਸਲਾਮ ਆਖਣਾ

ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮ ਆਖਣਾ …

ਕਿਤੇ ਉੜੀਸਾ ਤੇ ਬਾਲਕ ਬੁਧੀਏ ਤੇ ਬਿਆਸ ਦੇ ਬਾਬਾ ਫੌਜਾ ਸਿੰਘ ਦੀਆਂ ਦੌੜਾਂ ਦਾ ਤਬਸਰਾ ਹੈ ਤੇ ਕਿਤੇ ਸਿੱਖ ਖਿਡਾਰੀਆਂ ਦੇ ਕੇਸ ਕੱਟਣ ਤੇ ਰੱਖਣ ਬਾਰੇ ਟਿੱਪਣੀਆਂ ਹਨ। ਜਗਰਾਓਂ ਦਾ ਜੰਮਪਲ ਤੇ ਕੈਲੇਫੋਰਨੀਆ ਦਾ ਵਾਸੀ ਗੁਰਪਾਲ ਸਿੰਘ ਹੰਸਰਾ ਸਿੱਖ ਖਿਡਾਰੀਆਂ ਦੇ ਕੇਸਾਧਾਰੀ ਹੋਣ ਦੀ ਮੁਹਿੰਮ ਚਲਾ ਰਿਹੈ। ਉਸ ਨੇ ਕੇਸਾਧਾਰੀ ਖਿਡਾਰੀਆਂ ਲਈ ਲੱਖਾਂ ਦੇ ਇਨਾਮ ਰੱਖੇ ਹਨ। ਮੈਂ ਆਪਣੀਆਂ ਜਗਰਾਓਂ ਤੋਂ ਢੁੱਡੀਕੇ ਤਕ ਦੀਆਂ ਲੰਮੀਆਂ ਤੋਰਾਂ ਤੇ ਪੈਰੀ ਤੁਰਨ ਦੇ ਅਨੰਦ ਦਾ ਤਜਰਬਾ ਵੀ ਸਾਂਝਾ ਕੀਤਾ ਹੈ।

ਖੇਡਾਂ ਦੀ ਦੁਨੀਆ ਬੜੀ ਵਚਿੱਤਰ ਤੇ ਬਹਰੰਗੀ ਹੈ। ਸੈਂਕੜੇ ਹਜ਼ਾਰਾਂ ਖੇਡਾਂ ਜਲ ਥਲ ਤੇ ਹਵਾ ਵਿੱਚ ਖੇਡੀਆਂ ਜਾ ਰਹੀਆਂ ਹਨ। ਕਿਤੇ ਜੁੱਸੇ ਦੇ ਜ਼ੋਰ ਦੀ ਪਰਖ ਹੈ, ਕਿਤੇ ਦਿਮਾਗ ਦੇ ਤੇਜ਼ ਹੋਣ ਦੀ ਤੇ ਕਿਤੇ ਚੁਸਤੀ ਫੁਰਤੀ ਦੀ। ਪੰਜਾਬ ਦੀਆਂ ਦੇਸੀ ਖੇਡਾਂ ਦੀ ਗਿਣਤੀ ਹੀ ਸੌ ਤੋਂ ਵੱਧ ਹੈ ਜਿਨ੍ਹਾਂ `ਚੋਂ ਸਤਾਸੀ ਖੇਡਾਂ ਦੀ ਜਾਣਕਾਰੀ ਮੈਂ ਆਪਣੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿੱਚ ਦਿੱਤੀ ਹੈ। ਕੁਲ ਆਲਮ ਦੀਆਂ ਹਜ਼ਾਰਾਂ ਖੇਡਾਂ `ਚੋਂ ਤੀਹ ਕੁ ਖੇਡਾਂ ਹੀ ਹਨ ਜਿਨ੍ਹਾਂ ਦੇ ਮੁਕਾਬਲੇ ਮਹਾਂਦੀਪਾਂ ਤੇ ਓਲੰਪਿਕ ਪੱਧਰ `ਤੇ ਹੋਣ ਲੱਗੇ ਹਨ। ਇਸ ਪੁਸਤਕ ਵਿੱਚ ਇੱਕ ਲੇਖ ਦੁਨੀਆ ਦੇ ਖੇਡ ਪ੍ਰਬੰਧ ਬਾਰੇ ਦਿੱਤਾ ਹੈ ਤਾਂ ਕਿ ਸਾਡੇ ਕਬੱਡੀ ਕਲੱਬਾਂ ਨੂੰ ਪਤਾ ਲੱਗੇ ਪਈ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ, ਮੁਲਕੀ, ਮਹਾਂਦੀਪੀ ਤੇ ਓਲੰਪਿਕ ਖੇਡਾਂ ਵਿੱਚ ਕਿਵੇਂ ਪੁਚਾਉਣੀ ਹੈ?

ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਤੋਂ ਲੈ ਕੇ ਨਿਊਯਾਰਕ, ਵੈਨਕੂਵਰ, ਸਿਆਟਲ, ਐਡਮਿੰਟਨ, ਕੈਲਗਰੀ, ਟੋਰਾਂਟੋ ਤੇ ਨਿਊ ਵੈਸਟਮਿਨਿਸਟਰ ਦੇ ਖੇਡ ਮੇਲਿਆਂ ਦੀਆਂ ਝਲਕਾਂ ਵਿਖਾਈਆਂ ਹਨ। ਅਖਾੜਿਆਂ ਤੇ ਮੱਲਾਂ ਦੀਆਂ ਗੱਲਾਂ ਹਨ ਤੇ ਗੁਰੂ ਹਰਗੋਬਿੰਦ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਬਾਰੇ ਲੇਖ ਹੈ। ਗੋਲਡਨ ਗੁਲਾਬ ਬਾਬਾ ਗੁਲਾਬ ਸਿੰਘ, ਕੇਸਰ ਸਿੰਘ ਪੂਨੀਆ ਤੇ ਅਜਮੇਰ ਸਿੰਘ ਵਰਗੇ ਵੈਟਰਨ ਅਥਲੀਟਾਂ ਦੇ ਸ਼ਬਦ ਚਿੱਤਰ ਹਨ। ਸੁਆਲ ਹੈ ਕਿ ਓਲੰਪਿਕ ਚੈਂਪੀਅਨ ਮੇਰੀਅਨ ਜੋਨਜ਼ ਦੀ ਥਾਂ ਕਬੱਡੀ ਖਿਡਾਰੀ ਵਰਜਿਤ ਦਵਾਈਆਂ ਲੈਂਦੇ ਫੜੇ ਜਾਂਦੇ ਤਾਂ ਕੀ ਕਰਦੇ?

ਖੇਡਾਂ ਵਿੱਚ ਸੱਟਾਂ ਫੇਟਾਂ ਵੀ ਹਨ ਤੇ ਵੱਡੇ ਵੱਡੇ ਇਨਾਮ ਵੀ ਹਨ। ਖੇਡਦਿਆਂ ਕਿਸੇ ਖਿਡਾਰੀ ਦੀ ਮੌਤ ਵੀ ਹੋ ਸਕਦੀ ਹੈ। ਕਈ ਖੇਡਾਂ ਜਾਨ ਜੋਖਮ ਵਾਲੀਆਂ ਹਨ ਜਿਨ੍ਹਾਂ ਲਈ ਬਣਦੇ ਸਰਦੇ ਉਪਾਅ ਕਰਨ ਦੀ ਤਾਕੀਦ ਕੀਤੀ ਹੈ। ਖੇਡਾਂ ਤੇ ਖਿਡਾਰੀਆਂ ਵਿਚਕਾਰ ਵਿਤਕਰਾ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਪਿੱਛੇ ਜਿਹੇ ਕ੍ਰਿਕਟ ਤੇ ਹਾਕੀ ਦੇ ਖਿਡਾਰੀਆਂ ਵਿਚਕਾਰ ਕੀਤਾ ਗਿਆ ਸੀ। ਪੰਜਾਬੀ ਵਿੱਚ ਪ੍ਰਕਾਸ਼ਤ ਹੋਈਆਂ ਖੇਡ ਪੁਸਤਕਾਂ `ਤੇ ਵੀ ਝਾਤ ਪੁਆਈ ਗਈ ਹੈ। ਪ੍ਰਿਥੀਪਾਲ ਸਿੰਘ ਦੇ ਪਿੰਡ ਦੀ ਯਾਤਰਾ ਤੋਂ ਲੈ ਕੇ ਵੈਨਕੂਵਰ ਵੱਲ ਦੀਆਂ ਫੇਰੀਆਂ ਦੇ ਨਿੱਕੇ ਨਿੱਕੇ ਸਫ਼ਰਨਾਮੇ ਹਨ। ਕੁੱਝ ਸਾਲ ਪਹਿਲਾਂ ਮੈਂ ‘ਖੇਡ ਜਗਤ ਦੀਆਂ ਬਾਤਾਂ’ ਨਾਂ ਦੀ ਪੁਸਤਕ ਲਿਖੀ ਸੀ। ਉਹਦੀ ਦੂਜੀ ਲੜੀ ਵਜੋਂ ‘ਖੇਡ ਪਰਿਕਰਮਾ’ ਛਪੀ ਸੀ, ਤੀਜੀ ‘ਖੇਡ ਦਰਸ਼ਨ’ , ਚੌਥੀ ‘ਖੇਡ ਮੇਲੇ ਵੇਖਦਿਆਂ’ ਤੇ ਹੁਣ ਪੰਜਵੀਂ ਲੜੀ ਵਜੋਂ ‘ਖੇਡਾਂ ਦੀ ਦੁਨੀਆ’ ਪੜ੍ਹ ਲਓ। ਗੱਲਾਂ ਬਹੁਤ ਹਨ ਪਰ ਗੁਰਭਜਨ ਗਿੱਲ ਦੇ ਗੀਤ ਨਾਲ ਗੱਲ ਮੁਕਾਉਂਦਾ ਹਾਂ:

ਖੇਡਣ ਦੇ ਦਿਨ ਚਾਰ ਦੋਸਤੋ ਖੇਡਣ ਦੇ ਦਿਨ ਚਾਰ

ਵਿੱਚ ਮੈਦਾਨੇ ਜੋ ਨਾ ਉਤਰੇ ਉਹ ਧਰਤੀ `ਤੇ ਭਾਰ

ਦੋਸਤੋ ਖੇਡਣ ਦੇ ਦਿਨ ਚਾਰ …

ਜਨਵਰੀ 2008 -ਸਰਵਣ ਸਿੰਘ

Read 3523 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।