You are here:ਮੁਖ ਪੰਨਾ»ਰਚਨਾ ਅਧਿਐਨ»ਜਿਨ੍ਹਾਂ ਨੇ ਦੁਨੀਆਂ ਨੂੰ ਬਦਲਿਆ
Coming soon: A new and improved Global Punjabi site!!!

ਲੇਖ਼ਕ

Thursday, 29 January 2026 12:48

ਜਿਨ੍ਹਾਂ ਨੇ ਦੁਨੀਆਂ ਨੂੰ ਬਦਲਿਆ

Written by
Rate this item
(0 votes)

ਇਸ ਦੁਨੀਆਂ ਨੂੰ ਉਹਨਾਂ ਕੁਝ ਕੁ ਲੋਕਾਂ ਨੇ ਬਦਲਿਆ ਜਿਨ੍ਹਾਂ ਨੇ ਪੁਰਾਣੀਆਂ ਰਵਾਇਤਾਂ ਦਾ ਤਿਆਗ ਕਰਕੇ ਨਵੇਂ ਰਾਹਾਂ ਦੀ ਤਲਾਸ਼ ਕੀਤੀ। ਇਸ ਦੁਨੀਆਂ ਨੂੰ ਸੋਹਣਾ ਬਣਾਉਣ ਵਿੱਚ ਸਭ ਤੋਂ ਵੱਧ ਰੋਲ ਉਹਨਾਂ ਅਦਾ ਕੀਤਾ ਜੋ ਧਰਮ-ਕਰਮ ਦੇ ਨਾਮ ’ਤੇ ਇਕੱਠੀਆਂ ਹੋਣ ਵਾਲੀਆਂ ਭੀੜਾਂ ਦੇ ਹਿੱਸੇਦਾਰ ਨਹੀਂ ਸਨ। ਭੀੜ ਦਾ ਹਿੱਸਾ ਬਣਨ ਵਾਲੇ ਪਰੰਪਰਾਵਾਂ ਅਨੁਸਾਰ ਚਲਦੇ ਹਨ ਅਤੇ ਬਣੀਆਂ ਬਣਾਈਆਂ ਰਵਾਇਤਾਂ ਨੂੰ ਜਾਰੀ ਰੱਖਣ ਲਈ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਸਨ। ਇਹੋ ਲੋਕ ਸਨ ਜਿਨ੍ਹਾਂ ਨੇ ਜਦੋਂ ਰੇਲ ਗੱਡੀ ਇਜਾਦ ਹੋਈ ਤਾਂ ਇਸਦਾ ਇਨ੍ਹਾਂ ਨੇ ਡਟ ਕੇ ਵਿਰੋਧ ਕੀਤਾ ਤੇ ਮਗਰੋਂ ਇਸ ਵਿੱਚ ਝੂਟੇ ਵੀ ਲਏ। ਇਹੋ ਹੀ ਸਨ ਜਿਨ੍ਹਾਂ ਨੇ ਮੁਰਦਾ ਸਰੀਰਾਂ ਦੀ ਚੀੜ ਫਾੜ ਕਰਕੇ ਇਸਦੇ ਰੋਗਾਂ ਨੂੰ ਲੱਭਣ ਵਾਲੇ ਡਾਕਟਰਾਂ, ਸਰੀਰ ਵਿਗਿਆਨੀਆਂ ਨੂੰ ਜਿਊਂਦਿਆਂ ਨੂੰ ਜਲਾ ਦਿੱਤਾ। ਜਦੋਂ ਬਿਜਲੀ ਦੀ ਖੋਜ ਹੋਈ ਤਾਂ ਭੀੜ ਨੇ ਕਿਹਾ ਕਿ ਜਦੋਂ ਪਾਣੀ ਵਿੱਚੋਂ ਬਿਜਲੀ ਹੀ ਕੱਢ ਲਈ ਤਾਂ ਇਹ ਪਾਣੀ ਸਾਡੇ ਕਿਸ ਕੰਮ ਦਾ? ਇਸੇ ਬਿਜਲੀ ਨੇ ਫਿਰ ਪੂਰੀ ਦੁਨੀਆਂ ਦੀਆਂ ਰਾਤਾਂ ਨੂੰ ਰੌਸ਼ਨ ਕਰ ਦਿੱਤਾ। ਕਿਸੇ ਜੋਤਿਸ਼ੀ ਨੇ ਕਦੇ ਇਹ ਨਹੀਂ ਦੱਸਿਆ ਕਿ ਏ ਆਈ ਨੂੰ ਕਿਵੇਂ ਈਜ਼ਾਦ ਕੀਤਾ ਜਾ ਸਕਦਾ ਹੈ ਪਰ ਜਦੋਂ ਏ ਆਈ ਈਜ਼ਾਦ ਹੋਈ ਤਾਂ ਏ ਆਈ ਜੋਤਿਸ਼ੀ ਵੀ ਸਾਡਾ ਭਵਿੱਖ ਦੱਸਣ ਲਈ ਪ੍ਰਗਟ ਹੋ ਗਏ।

ਹਰ ਦੌਰ ਵਿੱਚ ਜ਼ਮਾਨੇ ਨੂੰ ਨਵੀਂ ਸੋਚ ਅਤੇ ਜੀਵਨ ਦੀ ਨਵੀਂ ਖੋਜ ਦੀ ਲੋੜ ਮਹਿਸੂਸ ਹੁੰਦੀ ਹੈ। ਨਵੀਂ ਖੋਜ ਕਰਨ ਅਤੇ ਨਵੀਂ ਸੋਚ ਰੱਖਣ ਵਾਲਿਆਂ ਨੂੰ ਭੀੜ ਕਦੇ ਪਸੰਦ ਨਹੀਂ ਕਰਦੀ ਪਰ ਜਦੋਂ ਇਨ੍ਹਾਂ ਵੱਲੋਂ ਨਵੇਂ ਰਾਹ ਖੋਜ ਲਏ ਜਾਂਦੇ ਹਨ ਤਾਂ ਇਨ੍ਹਾਂ ਦਾ ਲਾਹਾ ਲੈਣ ਲਈ ਇਹ ਭੀੜਾਂ ਇਨ੍ਹਾਂ ਰਾਹਾਂ ’ਤੇ ਚੱਲ ਕੇ ਆਪਣੇ ਆਪ ਨੂੰ ਆਧੁਨਿਕ ਹੋਣ ਦਾ ਵਿਖਾਵਾ ਕਰਦੀਆਂ ਹਨ।

ਦੁਨੀਆਂ ਨੂੰ ਬਦਲਣ ਵਾਲੇ ਕੁਝ ਕੁ ਇਨਸਾਨਾਂ ਵਿੱਚ ਇੱਕ ਬੜਾ ਵਿਲੱਖਣ ਨਾਮ ਹੈ ਥਾਮਸ ਅਲਵਾ ਐਡੀਸਨ। ਉਸ ਨੂੰ ਸਕੂਲ ਵਿੱਚੋਂ ਇਸ ਲਈ ਕੱਢ ਦਿੱਤਾ ਗਿਆ ਕਿ ਅਧਿਆਪਕ ਨੇ ਮਹਿਸੂਸ ਕੀਤਾ ਕਿ ਇਹ ਬੱਚਾ ਪੜ੍ਹਨ ਲਿਖਣ ਦੇ ਕਾਬਲ ਨਹੀਂ। ਅਧਿਆਪਕ ਨੇ ਇੱਕ ਚਿੱਠੀ ਲਿਖੀ, ਮਾਸੂਮ ਐਡੀਸਨ ਦੀ ਜੇਬ ਵਿੱਚ ਪਾਈ ਅਤੇ ਸਕੂਲ ਵਿੱਚੋਂ ਸਦਾ ਲਈ ਇਸਦੀ ਛੁੱਟੀ ਕਰ ਦਿੱਤੀ। ਛੋਟਾ ਜਿਹਾ ਬੱਚਾ ਸੀ, ਉਹ ਅਜੇ ਪੜ੍ਹਨਾ ਲਿਖਣਾ ਸਿੱਖ ਰਿਹਾ ਸੀ। ਉਹਨੇ ਸਕੂਲੋਂ ਘਰ ਜਾ ਕੇ ਚਿੱਠੀ ਆਪਣੀ ਮਾਂ ਨੂੰ ਦੇ ਦਿੱਤੀ। ਚਿੱਠੀ ਪੜ੍ਹਦਿਆਂ ਸਾਰ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਚਿੱਠੀ ਵਿੱਚ ਲਿਖਿਆ ਸੀ, “ਇਸ ਬੱਚੇ ਦਾ ਦਿਮਾਗ ਪੜ੍ਹਾਈ ਵਿੱਚ ਦੂਜੇ ਬੱਚਿਆਂ ਵਾਂਗ ਕੰਮ ਨਹੀਂ ਕਰਦਾ, ਇਹ ਮੰਦਬੁੱਧੀ ਹੈ ਅਤੇ ਪੜ੍ਹਨ ਦੇ ਲਾਇਕ ਨਹੀਂ। ਇਸ ਲਈ ਅਸੀਂ ਇਸ ਨੂੰ ਸਕੂਲ ਵਿੱਚ ਨਹੀਂ ਰੱਖ ਸਕਦੇ।”

ਮਾਸੂਮ ਐਡੀਸਨ ਨੇ ਜਦੋਂ ਆਪਣੀ ਮਾਂ ਨੂੰ ਪੁੱਛਿਆ, “ਅਧਿਆਪਕ ਸਾਹਿਬ ਨੇ ਚਿੱਠੀ ਵਿੱਚ ਕੀ ਲਿਖਿਆ ਹੈ?” ਤਾਂ ਉਸਨੇ ਜੋ ਜਵਾਬ ਦਿੱਤਾ ਉਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਉਹਨਾਂ ਬੋਲਾਂ ਨੇ ਐਡੀਸਨ ਨੂੰ ਹੀ ਮਹਾਨ ਨਹੀਂ ਬਣਾਇਆ ਸਗੋਂ ਉਹਨਾਂ ਦੋ ਵਾਕਾਂ ਵਿੱਚ ਇਸ ਦੁਨੀਆਂ ਨੂੰ ਸੋਹਣੀ ਬਣਾਉਣ ਦਾ ਹੁਨਰ ਛੁਪਿਆ ਹੋਇਆ ਸੀ। ਉਸ ਕਿਹਾ, “ਅਧਿਆਪਕ ਨੇ ਲਿਖਿਆ ਹੈ ਕਿ ਤੁਹਾਡਾ ਬੱਚਾ ਬੜਾ ਜੀਨੀਅਸ ਹੈ। ਇਸ ਨੂੰ ਪੜ੍ਹਨ ਲਈ ਕਿਸੇ ਵੱਡੇ ਸਕੂਲ ਦੀ ਲੋੜ ਹੈ। ਇਹ ਇੰਨਾ ਜ਼ਿਆਦਾ ਬੁੱਧੀਮਾਨ ਹੈ ਕਿ ਸਾਡੇ ਕੋਲ ਇਸ ਨੂੰ ਸਿੱਖਿਅਤ ਕਰਨ ਦੀ ਸਮਰੱਥਾ ਨਹੀਂ। ਇਸ ਲਈ ਇਸ ਨੂੰ ਕਿਸੇ ਵੱਡੇ ਸਕੂਲ ਵਿੱਚ ਦਾਖਲ ਕਰਵਾਓ। ਇਹ ਇੱਕ ਦਿਨ ਬਹੁਤ ਵੱਡਾ ਬੰਦਾ ਬਣੇਗਾ।” ਇਨ੍ਹਾਂ ਸ਼ਬਦਾਂ ਨੇ ਐਡੀਸਨ ਦੀ ਹੀ ਤਕਦੀਰ ਨਹੀਂ ਬਦਲੀ ਬਲਕਿ ਕਹਿ ਸਕਦੇ ਹਾਂ ਕਿ ਇਸ ਦੁਨੀਆਂ ਦੀ ਵੀ ਤਕਦੀਰ ਬਦਲ ਦਿੱਤੀ। ਇਸ ਮਗਰੋਂ ਐਡੀਸਨ ਕਿਸੇ ਸਕੂਲ ਕਾਲਜ ਨਹੀਂ ਗਿਆ, ਉਸਦੀ ਮਾਂ ਨੇ ਉਸ ਨੂੰ ਘਰ ਵਿੱਚ ਹੀ ਪੜ੍ਹਨਾ ਲਿਖਣਾ ਸਿਖਾਇਆ, ਜਿਸ ਨਾਲ ਉਹ ਕਿਤਾਬਾਂ ਪੜ੍ਹਨ ਵਿੱਚ ਰੁਚੀ ਲੈਣ ਲੱਗਾ। ਕਿਤਾਬਾਂ ਪੜ੍ਹਨ ਵਿੱਚ ਉਹਦੀ ਰੁਚੀ ਵਧਦੀ ਗਈ ਅਤੇ ਉਹ ਹਰ ਦਿਨ ਇਨ੍ਹਾਂ ਨੂੰ ਪੜ੍ਹਨ ਨਹੀਂ ਬਲਕਿ ਸਿੱਖਣ ਲੱਗ ਪਿਆ। ਨਵੀਂ ਚੀਜ਼ਾਂ ਨੂੰ ਸਿੱਖਣ ਦੀ ਪ੍ਰਵਿਰਤੀ ਤੋਂ ਹੀ ਉਸ ਨੂੰ ਦੁਨੀਆਂ ਤੋਂ ਕੁਝ ਹਟ ਕੇ ਨਵਾਂ ਸੋਚਣ ਸਮਝਣ ਅਤੇ ਕੁਝ ਕਰਨ ਦਾ ਹੁਨਰ ਆਇਆ।

ਇਸ ਤਰ੍ਹਾਂ ਐਡੀਸਨ ਕੇਵਲ ਤਿੰਨ ਮਹੀਨੇ ਸਕੂਲ ਗਿਆ। ਆਪਣੀ ਮਾਂ ਕੋਲੋਂ ਕਿਤਾਬਾਂ ਪੜ੍ਹਨੀਆਂ ਸਿੱਖ ਕੇ ਐਡੀਸਨ ਚਾਨਣ ਦੀ ਉਹ ਲਾਟ ਬਣ ਗਿਆ ਜਿਸ ਨੂੰ ਸਕੂਲਾਂ ਕਾਲਜਾਂ ਅਤੇ ਯੂਨੀਵਸਿਟੀਆਂ ਵਿੱਚ ਪੜ੍ਹਾਇਆ ਜਾਣ ਲੱਗਾ। ਦੁਨੀਆਂ ਦਾ ਇਹ ਸਿਆਣਾ ਬੰਦਾ, ਜਿਸ ਨੂੰ ਉਸਦੇ ਅਧਿਆਪਕ ਨੇ ਮੂਰਖ ਆਖ ਕੇ ਸਕੂਲ ਵਿੱਚੋਂ ਕੱਢ ਦਿੱਤਾ ਸੀ, ਨੇ 1879 ਵਿੱਚ ਬਲਬ ਦੀ ਖੋਜ ਕਰਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਉਸਨੇ ਫੋਨੋਗ੍ਰਾਫ ਅਵਾਜ਼ ਨੂੰ ਰਿਕਾਰਡ ਕਰਨ ਵਾਲਾ ਜੰਤਰ ਤਿਆਰ ਕੀਤਾ ਜੋ ਗੀਤ ਸੰਗੀਤ, ਅਵਾਜ਼ ਨੂੰ ਰਿਕਾਰਡ ਕਰਨ ਦੀ ਖੋਜ ਦਾ ਜ਼ਰੀਆ ਬਣਿਆ। ਅੱਜਕਲ ਦਾ ਸਿਨੇਮਾ ਮੋਸ਼ਨ ਪਿਕਚਰ ਜਿਸ ਨੂੰ ਕਿਨੇਟੋਸਕੋਪ ਕਿਹਾ ਜਾਂਦਾ ਹੈ ,ਕਿਸੇ ਦ੍ਰਿਸ਼ ਦੀ ਰਿਕਾਰਡਿੰਗ ਅਤੇ ਪ੍ਰਦਰਸ਼ਨ ਕਰਨ ਵਾਲੀ ਮਸ਼ੀਨ ਬਣਾ ਕੇ ਐਡੀਸਨ ਨੇ ਦੁਨੀਆਂ ਵਿੱਚ ਵੱਡੀ ਤਬਦੀਲੀ ਲੈ ਆਂਦੀ। ਉਸਨੇ ਕਾਰਬਨ ਮਾਈਕਰੋਫੋਨ ਟੈਲੀਫੋਨ ਦੀ ਅਵਾਜ਼ ਵਿੱਚ ਸੁਧਾਰ ਕਰਨ ਵਾਲਾ ਜੰਤਰ ਬਣਾਇਆ ਜਿਸ ਨਾਲ ਇੱਕ ਥਾਂ ਤੋਂ ਦੂਜੀ ਥਾਂ ’ਤੇ ਆਵਾਜ਼ ਨੂੰ ਸਪਸ਼ਟ ਸੁਣਿਆ ਜਾਣ ਲੱਗਾ।

ਐਡੀਸਨ ਦੀ ਮਾਂ, ਜਿਸਦਾ ਨਾਮ ਨੈਂਸੀ ਮੈਥਿਊਜ਼ ਐਲੀਅਟ ਸੀ, ਦੁਨੀਆਂ ਦੀਆਂ ਕੁਝ ਕੁ ਸੋਹਣੀਆਂ ਅਤੇ ਸੂਝਵਾਨ ਮਾਵਾਂ ਵਿੱਚੋਂ ਇੱਕ ਸੀ ਜਿਸਨੇ ਆਪਣੀ ਸਮਝ ਨਾਲ ਆਪਣੇ ਪੁੱਤਰ ਨੂੰ ਮਹਾਨ ਵਿਗਿਆਨੀ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ।

ਜੀਵ ਵਿਕਾਸ ਦੀ ਗੁੱਥੀ ਨੂੰ ਸੁਲਝਾ ਕੇ ਦੁਨੀਆਂ ਨੂੰ ਹਿਲਾ ਦੇਣ ਵਾਲੇ ਚਾਰਲਸ ਡਾਰਵਿਨ ਨੂੰ ਸਕੂਲੀ ਪੜ੍ਹਾਈ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਉਸਦੇ ਅਧਿਆਪਕਾਂ ਅਨੁਸਾਰ ਉਹ ਕੀੜੇ ਮਕੌੜੇ ਅਤੇ ਪੰਛੀ ਫੜਨ ਵਾਲਾ ਸ਼ਖਸ ਸੀ। ਸ਼ੁਰੂ ਵਿੱਚ ਉਹ ਆਪਣੀ ਖੋਜ ਲਈ ਮਜ਼ਾਕ ਦਾ ਪਾਤਰ ਵੀ ਬਣਦਾ ਰਿਹਾ ਪਰ ਉਸਦੀ ਜ਼ਿੰਦਗੀ ਵਿੱਚ ਉਦੋਂ ਇੱਕ ਵਿਸ਼ੇਸ਼ ਮੋੜ ਆਇਆ ਜਦੋਂ ਉਸਨੇ ਬੀਗਲ ਜਹਾਜ਼, ਜਿਸਦੇ ਯਾਤਰੀਆਂ ਨੇ ਧਰਤੀ ਦਾ ਨਕਸ਼ਾ ਬਣਾਉਣ ਲਈ ਯਾਤਰਾ ’ਤੇ ਜਾਣਾ ਸੀ, ਨਾਲ ਜਾਣ ਦਾ ਮੌਕਾ ਮਿਲਿਆ। ਇਸ ਵਿਸ਼ੇਸ਼ ਸਮੁੰਦਰੀ ਜਹਾਜ਼ ਰਾਹੀਂ ਉਹ ਪੰਜ ਸਾਲ ਯਾਤਰਾ ’ਤੇ ਰਿਹਾ। ਉਸਨੇ ਧਰਤੀ ਦੇ ਵੱਖ ਵੱਖ ਟਾਪੂਆਂ ਦੱਖਣੀ ਅਮਰੀਕਾ, ਆਸਟਰੇਲੀਆ ਆਦਿ ਸਮੁੰਦਰ ਦੇ ਨਾਲ ਨਾਲ ਲਗਦੀਆਂ ਥਾਂਵਾਂ ਅਤੇ ਇਨ੍ਹਾਂ ਵੱਖ ਵੱਖ ਥਾਂਵਾਂ ’ਤੇ ਰਹਿੰਦੇ ਪੰਛੀਆਂ ਪਸ਼ੂਆਂ ਦੇ ਆਕਾਰ, ਰੰਗ ਰੂਪ ਅਤੇ ਸਰੀਰਕ ਬਣਤਰਾਂ ਦਾ ਡੁੰਘਾਈ ਨਾਲ ਅਧਿਐੱਨ ਕੀਤਾ ਅਤੇ ਮਗਰੋਂ ਇਸ ਨੂੰ ਜੀਵ ਵਿਕਾਸ ਅਤੇ ਕੁਦਰਤੀ ਚੋਣ ਦੀ ਥਿਊਰੀ ਰਾਹੀਂ ਆਪਣੇ ਸਿਧਾਂਤ ਨੂੰ ਜਦੋਂ ਦੁਨੀਆਂ ਅੱਗੇ ਰੱਖਿਆ ਤਾਂ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਡਾਰਵਿਨ ਆਪਣੀ ਜੀਵ ਵਿਕਾਸ ਦੀ ਖੋਜ ‘ਕੁਦਰਤੀ ਚੋਣ’ (ਨੈਚਰਲ ਸਿਲੈਕਸ਼ਨ) ਰਾਹੀਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋਇਆ। ਉਸਦੀ ਖੋਜ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸਨੇ ਧਰਤੀ ਉੱਤੇ ਜੀਵਨ ਕਿਵੇਂ ਪਨਪਿਆ, ਇਸਦਾ ਵਿਕਾਸ ਕਿਵੇਂ ਹੋਇਆ? ਹਜ਼ਾਰਾਂ ਸਾਲਾਂ ਦੀ ਇਸ ਗੁੱਥੀ ਨੂੰ ਉਸਨੇ ਆਪਣੀ ਖੋਜ ਰਾਹੀਂ ਖੋਲ੍ਹ ਕੇ ਰੱਖ ਦਿੱਤਾ। ਉਸ ਸਮੇਂ ਦੀ ਅਧਿਆਤਮਿਕ ਜਮਾਤ ਵੱਲੋਂ ਉਸਦੀ ਇਸ ਖੋਜ ਦਾ ਡਟ ਕੇ ਵਿਰੋਧ ਹੋਇਆ। ਉਸਦੀ ਖੋਜ ਦੀਆਂ ਕਾਪੀਆਂ ਨੂੰ ਗਲੀਆਂ ਬਜ਼ਾਰਾਂ, ਚੌਰਾਹਿਆਂ ਵਿੱਚ ਸਾੜਿਆ ਗਿਆ। ਇਸ ਸਮੇਂ ਹੁਣ ਉਸੇ ਡਾਰਵਿਨ ਦੀ ਖੋਜ ਨੂੰ ਦੁਨੀਆਂ ਭਰ ਦੇ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਂਦਾ ਹੈ।

ਮਹਾਨ ਵਿਗਿਆਨੀ ਜਿਊਨਾਰਦੋ ਬੁਰੋਨੋ, ਗਲੈਲੀਓ ਆਦਿ ਵੀ ਅਜਿਹੇ ਵੱਡੇ ਵਿਗਿਆਨੀ ਹੋਏ ਹਨ ਜਿਨ੍ਹਾਂ ਨੂੰ ਆਪਣੀਆਂ ਖੋਜਾਂ ਕਰਕੇ ਘੋਰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਦੁਨੀਆਂ ਦੇ ਕੁਝ ਅਜਿਹੇ ਮਹਾਨ ਵਿਅਕਤੀ ਸਨ ਜਿਨ੍ਹਾਂ ਦੇ ਵਿਚਾਰ ਦੁਨੀਆਂ ਵਿੱਚ ਵੱਡੀਆਂ ਤਬਦੀਲੀਆਂ ਦੇ ਕਾਰਨ ਬਣੇ। ਸਿਗਮੰਡ ਫਰਾਇਡ ਨੇ ਪਹਿਲੀ ਵਾਰ ਦੁਨੀਆਂ ਅੱਗੇ ਮਨ ਦੇ ਰਹੱਸ ਖੋਲ੍ਹ ਕੇ ਆਧੁਨਿਕ ਮਨੋਵਿਗਿਆ ਦਾ ਮੁੱਢ ਬੰਨ੍ਹਿਆ। ਉਸ ਤੋਂ ਪਹਿਲਾਂ ਮਾਨਸਿਕ ਰੋਗਾਂ ਨੂੰ ਭੂਤਾਂ ਪ੍ਰੇਤਾਂ ਅਤੇ ਬੁਰੀਆਂ ਆਤਮਾਵਾਂ ਦਾ ਸਾਇਆ ਮੰਨਿਆ ਜਾਂਦਾ ਸੀ। ਮਾਨਸਿਕ ਰੋਗੀਆਂ, ਖਾਸ ਕਰਕੇ ਔਰਤਾਂ, ਜੋ ਮਾਨਸਿਕ ਰੋਗੀ ਹੋ ਜਾਂਦੀਆਂ ਸਨ, ਇਨ੍ਹਾਂ ਨੂੰ ਚੁੜੇਲਾਂ, ਕੁਚੀਲਾਂ ਸਮਝ ਕੇ ਜਿੰਦਾ ਸਾੜਨ ਦਾ ਮਨੁੱਖਤਾ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਪੱਛਮੀ ਮੁਲਕਾਂ ਵਿੱਚ ਵੀ ਮਾਨਸਿਕ ਰੋਗੀ ਔਰਤਾਂ ਨੂੰ ਚੁੜੇਲਾਂ ਸਮਝ ਕੇ ਲੋਹੇ ਦੀ ਕੁਰਸੀ ਨਾਲ ਬੰਨ੍ਹ ਕੇ ਹੇਠਾਂ ਅੱਗ ਬਾਲ ਦਿੱਤੀ ਜਾਂਦੀ ਸੀ। ਮਾਨਸਿਕ ਰੋਗੀਆਂ ਦੇ ਮਨ ਦੀ ਵੇਦਨਾ ਸਮਝਣ ਦੀ ਬਜਾਏ ਇਨ੍ਹਾਂ ਰੋਗੀਆਂ ਨੂੰ ਘੋਰ ਤਸੀਹੇ ਦੇ ਕੇ ਮਾਰਿਆ ਜਾਂਦਾ ਰਿਹਾ ਹੈ। ਅੱਜ ਵੀ ਅਖੌਤੀ ਸਿਆਣੇ ਸਾਧ ਭੂਤ ਪ੍ਰੇਤ ਕੱਢਣ ਦੇ ਨਾਮ ’ਤੇ ਮਾਨਸਿਕ ਰੋਗੀਆਂ ਉੱਤੇ ਤਸ਼ੱਦਦ ਕਰਦੇ ਹਨ, ਉਨ੍ਹਾਂ ਨੂੰ ਕੁੱਟਦੇ ਮਾਰਦੇ ਹਨ। ਸਿਗਮੰਡ ਫਰਾਇਡ ਦੀ ਮਨ ਦੀਆਂ ਗੁੰਝਲਾਂ ਨੂੰ ਜਾਣਨ, ਸਮਝਣ ਅਤੇ ਖੋਲ੍ਹਣ ਵਾਲੀ ਖੋਜ ਨਾਲ ਮਾਨਸਿਕ ਬਿਮਾਰੀਆਂ ਨੂੰ ਸਮਝਿਆ ਗਿਆ ਅਤੇ ਇਨ੍ਹਾਂ ਦੇ ਹੱਲ ਲੱਭਣ ਵੱਲ ਦੁਨੀਆਂ ਨੇ ਪਲਾਂਘ ਪੁੱਟੀ। ਇਸੇ ਦੀ ਬਦੌਲਤ ਦੁਨੀਆਂ ਵਿੱਚੋਂ ਪਾਗਲਖਾਨੇ ਖਤਮ ਕਰ ਦਿੱਤੇ ਗਏ ਕਿਉਂਕਿ ਪਾਗਲਪਣ ਦਾ ਹੁਣ ਪੂਰੀ ਤਰ੍ਹਾਂ ਇਲਾਜ ਸੰਭਵ ਹੈ।

ਲੂਈਸ ਪਾਸਚਰ ਨਾਮ ਦੇ ਮਹਾਨ ਵਿਗਿਆਨੀ ਨੇ ਦੁਨੀਆਂ ਨੂੰ ਪਹਿਲੀ ਵਾਰ ਇਹ ਦੱਸਿਆ ਕਿ ਸਾਡੇ ਆਲੇ ਦੁਆਲੇ ਜਿਵਾਣੂਆਂ, ਕਿਟਾਣੂਆਂ, ਵਿਸ਼ਾਣੂਆਂ ਦਾ ਇੱਕ ਸੰਸਾਰ ਹੈ ਜੋ ਧਰਤੀ ਦੇ ਜੀਵ ਜੰਤੂਆਂ, ਰੁੱਖਾਂ, ਦਰੱਖਤਾਂ, ਬਨਸਪਤੀਆਂ ਅਤੇ ਮਨੁੱਖਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਬਿਮਾਰੀਆਂ, ਦੁਸ਼ਵਾਰੀਆਂ, ਮਹਾਂਮਾਰੀਆਂ ਫੈਲਦੀਆਂ ਹਨ। ਉਸਦੀ ਇਸ ਖੋਜ ਨਾਲ ਦੁਨੀਆਂ ਭਰ ਦੇ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡਾ ਇਨਕਲਾਬ ਆਇਆ। ਹਜ਼ਾਰਾਂ ਸਾਲਾਂ ਤੋਂ ਫੈਲਦੀਆਂ ਆ ਰਹੀਆਂ ਬਿਮਾਰੀਆਂ ਦੇ ਕਾਰਨਾਂ ਨੂੰ ਜਾਣਿਆ, ਸਮਝਿਆ ਜਾਣ ਲੱਗਾ ਅਤੇ ਇਨ੍ਹਾਂ ਦੇ ਇਲਾਜ ਖੋਜੇ ਗਏ। ਇਹੋ ਹੀ ਮਹਾਨ ਵਿਗਿਆਨੀ ਸੀ ਜਿਸਨੇ ਰੇਬੀਜ਼ ਦੇ ਟੀਕੇ ਦੀ ਖੋਜ ਕਰਕੇ ਦੁਨੀਆਂ ਦੇ ਲੱਖਾਂ ਲੋਕਾਂ ਨੂੰ ਹਲਕਾਅ ਨਾਲ ਹੋਣ ਵਾਲੀਆਂ ਮੌਤਾਂ ਤੋਂ ਨਿਜਾਤ ਦਿਵਾਈ।

ਨਿਊਟਨ, ਆਈਨਸਟਾਈਨ ਅਤੇ ਬਿਜਲੀ ਖੋਜ ਦੇ ਮੋਢੀ ਬੈਜਾਮਿਨ ਫਰੈਂਕਲਿਨ ਅਜਿਹੇ ਮਹਾਨ ਵਿਗਿਆਨੀ ਹੋਏ ਹਨ ਜਿਨ੍ਹਾਂ ਦੀ ਬਦੌਲਤ ਇਹ ਦੁਨੀਆਂ ਤਬਦੀਲ ਹੋਈ। ਭਵਿੱਖ ਵਿੱਚ ਅਸੀਂ ਇਸ ਧਰਤੀ ਦੇ ਵਾਸੀ ਇੱਕ ਅਜਿਹੇ ਪੜਾਅ ’ਤੇ ਆਣ ਖੜ੍ਹੇ ਹੋਏ ਹਾਂ ਜਿੱਥੇ ਦੁਨੀਆਂ ਉੱਕਾ ਹੀ ਤਬਦੀਲ ਹੋ ਜਾਵੇਗੀ। ਅਗਲੇ ਦਸ ਸਾਲਾਂ ਤਕ ਦੁਨੀਆਂ ਵਿੱਚ ਏ ਆਈ ਦਾ ਪ੍ਰਭਾਵ ਵਿਆਪਕ ਹੋ ਜਾਵੇਗਾ। ਇਹ ਦੁਨੀਆਂ ਬੜੀ ਵਿਲੱਖਣ ਬਣ ਜਾਵੇਗੀ। ਵਿਚਾਰਨ ਵਾਲੀ ਗੱਲ ਇਹ ਹੈ ਕਿ ਮਨੁੱਖੀ ਸੱਭਿਅਤਾ ਨੂੰ ਏ ਆਈ ਦੇ ਦੌਰ ਤਕ ਲੈ ਕੇ ਆਉਣ ਵਿੱਚ ਪੜਾਅ ਦਰ ਪੜਾਅ ਕੁਝ ਕੁ ਲੋਕਾਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਇਹ ਮਹਾਨ ਲੋਕ ਸਨ, ਜਿਨ੍ਹਾਂ ਨੇ ਭੀੜ ਤੋਂ ਅਲੱਗ ਹੋ ਕੇ ਸੋਚਿਆ ਅਤੇ ਕੁਝ ਅਸਲੋਂ ਨਵਾਂ ਕਰ ਵਿਖਾਇਆ।

ਇਸ ਕਾਇਨਾਤ ਵਿੱਚ ਸਭ ਕੁਝ ਬਦਲ ਰਿਹਾ ਹੈ। ਇਹ ਬਦਲਾਅ ਸਦੀਵੀ ਹੈ। ਜੋ ਅੱਜ ਨਹੀਂ ਉਹ ਕੱਲ੍ਹ ਹੋ ਸਕਦਾ ਹੈ। ਸਮੇਂ ਦੇ ਬਦਲਣ ਦੇ ਨਾਲ ਨਾਲ ਵਿਚਾਰਾਂ ਦਾ ਵਿਕਾਸ ਵੀ ਬੜਾ ਜ਼ਰੂਰੀ ਹੁੰਦਾ ਹੈ। ਦੁਨੀਆਂ ਦੇ ਜਿਹੜੇ ਜਿਹੜੇ ਖਿੱਤਿਆਂ ਵਿੱਚ ਬਦਲਾਅ ਦਾ ਵਿਰੋਧ ਹੁੰਦਾ ਹੈ, ਉਹ ਖਿੱਤੇ ਦੁਨੀਆਂ ਨਾਲੋਂ ਪਛੜ ਜਾਂਦੇ ਹਨ। ਵਿਚਾਰਸ਼ੀਲ ਅਤੇ ਵਿਵੇਕਸ਼ੀਲ ਹੋਣ ਦਾ ਇੱਕੋ ਇੱਕ ਰਾਹ ਹੈ ਵਿਗਿਆਨਕ ਸੋਚ। ਵਿਗਿਆਨਕ ਢੰਗ ਅਤੇ ਵਿਗਿਆਨਕ ਸੋਚ ਨਾਲ ਹੀ ਮਨੁੱਖ ਆਪਣੇ ਦੌਰ ਦੀਆਂ ਮੁਸ਼ਕਲਾਂ, ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ।

* * * * *

Read 417 times