You are here:ਮੁਖ ਪੰਨਾ»ਸਫ਼ਰਨਾਮਾ»ਭੁੱਖ, ਖਾਲੀ ਜੇਬ ਅਤੇ ਗੁਰਬਤ ਦਾ ਸਫਰ

ਲੇਖ਼ਕ

Sunday, 01 February 2026 13:29

ਭੁੱਖ, ਖਾਲੀ ਜੇਬ ਅਤੇ ਗੁਰਬਤ ਦਾ ਸਫਰ

Written by
Rate this item
(0 votes)

ਅਤੀਤ ਦੇ ਪੰਨੇ ਫਰੋਲਦਿਆਂ ਜਦੋਂ ਮੈਂ ਬਚਪਨ ਦੀ ਦਹਿਲੀਜ਼ ’ਤੇ ਦਸਤਕ ਦਿੰਦਾ ਹਾਂ ਤਾਂ ਭੁੱਖ, ਗੁਰਬਤ ਅਤੇ ਖਾਲੀ ਜੇਬ ਨਾਲ ਹੰਢਾਇਆ ਸਫਰ ਸਾਹਮਣੇ ਆ ਜਾਂਦਾ ਹੈ। ਇਹ ਸਫਰ ਸਿਦਕਦਿਲੀ, ਮਿਹਨਤ ਅਤੇ ਕਰੜੀ ਤਪੱਸਿਆ ਕਰਦਿਆਂ ਪੌੜੀ ਦਰ ਪੌੜੀ ਮੰਜ਼ਲ ਪ੍ਰਾਪਤ ਕਰਨ ਅਤੇ ਡਾਢੇ ਸਕੂਨ ਦੇ ਨਾਲ ਨਾਲ ਆਪਣੇ ਆਪ ’ਤੇ ਫਖ਼ਰ ਵੀ ਮਹਿਸੂਸ ਹੁੰਦਾ ਹੈ।

ਪਿਤਾ ਜੀ ਅੱਖਾਂ ਤੋਂ ਮੁਨਾਖੇ ਸਨ। 5 ਨਾਬਾਲਗ ਪੁੱਤਾਂ ਅਤੇ ਤਿੰਨ ਧੀਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ’ਤੇ ਸੀ। ਮਾਂ ਨੇ ਇਸ ਜੀਵਨ ਸੰਗਰਾਮ ਵਿੱਚ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ। ਘਰ ਵਿੱਚ ਦੋ ਤਿੰਨ ਗਊਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦਾ ਦੁੱਧ ਵੇਚ ਕੇ ਚੁੱਲ੍ਹਾ ਬਲਦਾ ਰੱਖਣ ਲਈ ਸਿਰ ਤੋੜ ਯਤਨ ਕੀਤੇ ਜਾਂਦੇ ਸਨ। ਛੇਵੀਂ, ਸੱਤਵੀਂ ਵਿੱਚ ਪੜ੍ਹਦਿਆਂ ਖੁਰਪਾ ਅਤੇ ਪੱਲੀ ਲੈ ਕੇ ਜ਼ਿਮੀਂਦਾਰਾਂ ਦੇ ਖੇਤਾਂ ਵਿੱਚੋਂ ਘਾਹ ਖੋਤ ਕੇ ਗਊਆਂ ਨੂੰ ਪਾਉਣ ਦੀ ਜ਼ਿੰਮੇਵਾਰੀ ਮੇਰੇ ਹਿੱਸੇ ਆ ਗਈ। ਦੁਪਹਿਰ ਦੀ ਰੋਟੀ ਬਣਨ ਉਪਰੰਤ ਸ਼ਾਮ ਦੀ ਰੋਟੀ ਬਣਾਉਣ ਦੀ ਚਿੰਤਾ ਨੇ ਮੇਰੀ ਮਾਂ ਦੀਆਂ ਝੁਰੜੀਆਂ ਵਿੱਚ ਢੇਰ ਵਾਧਾ ਕਰ ਦਿੱਤਾ। ਆਟੇ ਵਾਲਾ ਖਾਲੀ ਪੀਪਾ ਮਾਂ ਬਾਪ ਦੀਆਂ ਚਿੰਤਾਵਾਂ ਦੇ ਨਾਲ ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਵੀ ਮਾਯੂਸੀ ਅਤੇ ਬੇਵਸੀ ਦਾ ਕਾਰਨ ਬਣਿਆ। ਇਹੋ ਜਿਹਾ ਗੁਰਬਤ ਦਾ ਸਫਰ ਹੰਡਾਉਂਦਿਆਂ ਮਾਂ ਬਾਪ ਦੀ ਇਹ ਉਸਾਰੂ ਸੋਚ ਰਹੀ ਕਿ ਬੱਚੇ ਪੜ੍ਹ ਲਿਖ ਜਾਣ; ਫਿਰ ਆਪਣੇ ਪੈਰਾਂ ’ਤੇ ਖੜੋ ਇਹ ਗਰੀਬੀ ਦੀ ਦਲਦਲ ਵਿੱਚੋਂ ਆਪੇ ਨਿਕਲ ਜਾਣਗੇ।

1962 ਵਿੱਚ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਸਰਕਾਰੀ ਹਾਈ ਸਕੂਲ ਪਿੰਡ ਦੇ ਬਾਹਰਵਾਰ ਦੂਜੇ ਸਿਰੇ ’ਤੇ ਬਣਿਆ ਹੋਇਆ ਸੀ। ਸਾਡਾ ਕੱਚਾ ਘਰ ਪਿੰਡ ਦੇ ਸ਼ੁਰੂ ਵਿੱਚ ਹੀ ਸੀ। ਵਿਚਕਾਰ ਦੋ ਕੁ ਕਿਲੋਮੀਟਰ ਦਾ ਫਾਸਲਾ ਸੀ। ਪੰਜ ਸੱਤ ਗੁਆਂਢੀ ਪਿੰਡਾਂ ਦੇ ਵਿਦਿਆਰਥੀ ਵੀ ਉਸ ਸਕੂਲ ਵਿੱਚ ਪੜ੍ਹਦੇ ਸਨ। ਅੱਧੀ ਛੁੱਟੀ ਦੀ ਘੰਟੀ ਵੱਜਣ ’ਤੇ ਗੁਆਂਢੀ ਪਿੰਡਾਂ ਦੇ ਵਿਦਿਆਰਥੀ ਅਤੇ ਕਈ ਉਸੇ ਪਿੰਡ ਦੇ ਵਿਦਿਆਰਥੀ ਝੋਲੇ ਵਿੱਚੋਂ ਪਰਾਉਂਠੇ ਜਾਂ ਚੂਰੀ ਵਾਲਾ ਡੱਬਾ ਕੱਢ ਕੇ ਖਾਣ ਲੱਗ ਜਾਂਦੇ। ਮੇਰੇ ਵਰਗੇ ਹੋਰ ਕਈ ਵਿਦਿਆਰਥੀ ਘਰ ਰੋਟੀ ਖਾਣ ਲਈ ਕਾਹਲੀ ਕਾਹਲੀ ਤੁਰ ਪੈਂਦੇ। ਇੱਕ ਦਿਨ ਅੱਧੀ ਛੁੱਟੀ ਵੇਲੇ ਮੈਂ ਅਤੇ ਮੇਰਾ ਜਮਾਤੀ ਘਰ ਰੋਟੀ ਖਾਣ ਲਈ ਚੱਕਵੇਂ ਪੈਰੀਂ ਤੁਰ ਪਏ। ਜਮਾਤੀ ਦਾ ਘਰ ਪਹਿਲਾ ਆਉਂਦਾ ਸੀ ਅਤੇ ਮੇਰਾ ਘਰ ਬਾਅਦ ਵਿੱਚ। ਜਦੋਂ ਮੈਂ ਆਪਣੇ ਘਰ ਗਿਆ ਤਾਂ ਮੇਰੀ ਮਾਂ ਘਰ ਦੇ ਅੱਗੇ ਹੀ ਦੇਹਲੀ ’ਤੇ ਬੈਠੀ ਸੀ। ਅੰਦਰ ਜਾਣ ਤੋਂ ਰੋਕਦਿਆਂ ਮਾਂ ਨੇ ਭਰੇ ਮਨ ਨਾਲ ਕਿਹਾ, “ਪੁੱਤ, ਰੋਟੀ ਨਹੀਂ ਬਣੀ। ਆਟਾ ਨਹੀਂ ਸੀ।”

ਮੈਂ ਕੁਝ ਨਹੀਂ ਬੋਲਿਆ। 13 ਕੁ ਸਾਲ ਦੀ ਉਸ ਵੇਲੇ ਮੇਰੀ ਉਮਰ ਸੀ। ਆਪਣੇ ਜਮਾਤੀ ਨੂੰ ਬੁਲਾਉਣ ਲਈ ਉਹਦੇ ਘਰ ਅੱਗੇ ਰੁਕਿਆ। ਉਸਨੇ ਰੋਟੀ ਖਾਂਦਿਆਂ ਹੀ ਮੈਨੂੰ ਪੁੱਛਿਆ, “ਐਨੀ ਛੇਤੀ ਖਾ ਵੀ ਆਇਆ ਰੋਟੀ?”

ਮੇਰੇ ਹਾਂ ਵਿੱਚ ਜਵਾਬ ਦੇਣ ’ਤੇ ਉਹ ਤਾਂ ਕੁਝ ਨਹੀਂ ਬੋਲਿਆ, ਪਰ ਉਸ ਨੂੰ ਰੋਟੀ ਖੁਆ ਰਹੀ ਉਸਦੀ ਮਾਂ ਨੇ ਜੋ ਸ਼ਬਦ ਕਹੇ, ਉਸ ਨਾਲ ਮੇਰਾ ਆਪਣਾ ਆਪ ਵਲੂੰਧਰਿਆ ਗਿਆ। ਉਸਨੇ ਮੇਰੇ ਵੱਲ ਮੂੰਹ ਕਰਕੇ ਕਿਹਾ, “ਮੋਹਨ, ਤੂੰ ਰੋਟੀ ਕਿੱਥੋਂ ਖਾ ਆਇਆ, ਤੇਰੀ ਮਾਂ ਤਾਂ ਸਾਡੇ ਘਰ ਆਟਾ ਲੈਣ ਆਈ ਸੀ?”

ਮੈਂ ਕੁਝ ਨਹੀਂ ਬੋਲਿਆ। ਰੋਟੀ ਖਾਣ ਉਪਰੰਤ ਮੇਰਾ ਜਮਾਤੀ ਮੇਰੇ ਨਾਲ ਚੱਲ ਪਿਆ। ਰਾਹ ਵਿੱਚ ਉਹ ਕੀ ਕਹਿੰਦਾ ਰਿਹਾ, ਮੈਨੂੰ ਪਤਾ ਨਹੀਂ। ਮੇਰੇ ਅੰਦਰ ਪੈ ਰਹੇ ਖੌਰੂ ਕਾਰਨ ਮੈਂ ਹੱਦੋਂ ਵੱਧ ਪਰੇਸ਼ਾਨ ਸੀ। ਮੇਰੇ ਜਮਾਤੀ ਅਤੇ ਸਾਡੇ ਘਰ ਦਰਮਿਆਨ ਅੰਦਾਜ਼ਨ ਦਸ ਘਰਾਂ ਦਾ ਫਾਸਲਾ ਸੀ। ਮੇਰੀ ਮਾਂ ਮੈਨੂੰ ਰੋਟੀ ਖਵਾਉਣ ਲਈ ਦਰ ਦਰ ਤੋਂ ਆਟੇ ਦੀ ਖ਼ੈਰ ਮੰਗਦੀ ਰਹੀ। ਪਰ ਕਿਸੇ ਨੇ ਵੀ ਉਸਦੀ ਫਰਿਆਦ ਨਹੀਂ ਸੁਣੀ। ਇਸੇ ਗੱਲ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। ਰਾਹ ਵਿੱਚ ਜਾਂਦਿਆਂ ਮੈਂ ਦ੍ਰਿੜ੍ਹ ਨਿਸ਼ਚਾ ਕਰ ਲਿਆ ਕਿ ਅੱਗੇ ਤੋਂ ਅੱਧੀ ਛੁੱਟੀ ਵੇਲੇ ਘਰ ਰੋਟੀ ਖਾਣ ਨਹੀਂ ਜਾਵਾਂਗਾ। ਭੁੱਖਾ ਰਹਿ ਲਵਾਂਗਾ, ਪਰ ਮਾਂ ਨੂੰ ਪਰੇਸ਼ਾਨ ਨਹੀਂ ਕਰਾਂਗਾ। ਅਗਲੇ ਦਿਨ ਜਦੋਂ ਅੱਧੀ ਛੁੱਟੀ ਦੀ ਘੰਟੀ ਵੱਜੀ ਤਾਂ ਜਿੱਥੇ ਵਿਦਿਆਰਥੀ ਚੂਰੀਆਂ ਅਤੇ ਪਰਾਉਂਠਿਆਂ ਦੇ ਦੁਆਲੇ ਹੋ ਗਏ, ਉੱਥੇ ਮੈਂ ਨਲਕੇ ਵੱਲ ਦੌੜਿਆ। ਰੱਜ ਕੇ ਪਾਣੀ ਪੀਤਾ ਅਤੇ ਫਿਰ ਕਿਤਾਬ ਚੁੱਕ ਕੇ ਸਕੂਲ ਦੇ ਲਾਗੇ ਦਰੱਖਤ ਹੇਠ ਬੈਠ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਇਹ ਮੇਰਾ ਨਿੱਤਨੇਮ ਹੀ ਬਣ ਗਿਆ। ਵਿਹਲੇ ਸਮੇਂ ਦੀ ਵਿਉਂਤਬੰਦੀ ਇਸ ਤਰ੍ਹਾਂ ਦੀ ਕੀਤੀ ਕਿ ਕੁਝ ਸਮਾਂ ਗਊਆਂ ਦੀ ਸੰਭਾਲ, ਖੇਤਾਂ ਵਿੱਚੋਂ ਘਾਹ ਲਿਆਉਣਾ ਅਤੇ ਜਾਂ ਫਿਰ ਸਮਰਪਿਤ ਹੋ ਕੇ ਪੜ੍ਹਾਈ ਕਰਨੀ। ਸਕੂਲ ਸਮੇਂ ਤੋਂ ਬਾਅਦ ਵੀ ਪੰਜ ਛੇ ਘੰਟੇ ਲਗਾਤਾਰ ਮੈਂ ਪੜ੍ਹਦਾ ਰਹਿੰਦਾ ਸੀ।

ਉਨ੍ਹਾਂ ਦਿਨਾਂ ਵਿੱਚ ਅੱਠਵੀਂ ਦੀ ਪ੍ਰੀਖਿਆ ਜ਼ਿਲ੍ਹਾ ਪੱਧਰ ’ਤੇ ਬੋਰਡ ਵੱਲੋਂ ਲਈ ਜਾਂਦੀ ਸੀ। ਪ੍ਰੀਖਿਆ ਦੇਣ ਲਈ ਪੰਜ ਕੁ ਕਿਲੋਮੀਟਰ ’ਤੇ ਬਣੇ ਸੈਂਟਰ ਵਿੱਚ ਪੈਦਲ ਹੀ ਜਾਂਦਾ ਸੀ। ਪ੍ਰੀਖਿਆ ਖਤਮ ਹੋਣ ਤੋਂ ਅੰਦਾਜ਼ਨ ਡੇਢ ਕੁ ਮਹੀਨੇ ਬਾਅਦ ਇੱਕ ਦਿਨ ਮੈਂ ਖੁਰਪਾ ਅਤੇ ਪੱਲੀ ਲੈ ਕੇ ਘਾਹ ਖੋਤਣ ਗਿਆ ਹੋਇਆ ਸੀ, ਪਿੱਛੋਂ ਮੁੱਖ ਅਧਿਆਪਕ ਸਮੇਤ ਸਕੂਲ ਦਾ ਸਾਰਾ ਸਟਾਫ ਹੀ ਘਰ ਆ ਗਿਆ। ਸਕੂਲ ਦੇ ਸਾਰੇ ਸਟਾਫ ਸਬੰਧੀ ਜਦੋਂ ਜੋਤਹੀਣ ਪਿਤਾ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਘਬਰਾ ਕੇ ਪੁੱਛਿਆ, “ਸੁੱਖ ਐ, ਮੁੰਡੇ ਨੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ?”

ਅੱਗਿਓਂ ਮੁੱਖ ਅਧਿਆਪਕ ਨੇ ਬੜੇ ਆਦਰ ਨਾਲ ਕਿਹਾ, “ਨਹੀਂ ਬਜ਼ੁਰਗੋ, ਅਸੀਂ ਤਾਂ ਤੁਹਾਨੂੰ ਮੁਬਾਰਕਾਂ ਦੇਣ ਆਏ ਹਾਂ। ਅੱਜ ਹੀ ਅੱਠਵੀਂ ਦਾ ਨਤੀਜਾ ਆਇਆ ਹੈ। ਤੁਹਾਡੇ ਲੜਕੇ ਨੇ ਇਲਾਕੇ ਦੇ ਸਕੂਲਾਂ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ।”

ਉਸ ਦਿਨ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਸਕੂਲ ਅਤੇ ਕਾਲਜ ਵਿੱਚ ਬੋਰਡ ਉੱਤੇ ‘ਸਾਡੇ ਹੋਣਹਾਰ ਸਿਤਾਰੇ’ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫਲ ਰਿਹਾ। ਸਰਵਿਸ ਦਰਮਿਆਨ ਇੱਕ ਅਧਿਆਪਕ ਵਜੋਂ ਕੰਮ ਕਰਦਿਆਂ ਸਟੇਟ ਦੇ ਉੱਤਮ ਅਧਿਆਪਕ ਦੇ ਤੌਰ ’ਤੇ ਸਟੇਟ ਐਵਾਰਡ, ਜ਼ਿਲ੍ਹਾ ਅਧਿਕਾਰੀ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਅਤੇ ਫਿਰ ਨਸ਼ਾ ਛਡਾਊ ਹਸਪਤਾਲ ਦੇ ਡਾਇਰੈਕਟਰ ਹੁੰਦਿਆਂ ਸਮਾਜਿਕ, ਸੱਭਿਆਚਾਰਕ, ਵਿੱਦਿਅਕ ਅਤੇ ਭਾਈਚਾਰਕ ਤੰਦਾਂ ਨੂੰ ਜੋੜਨ ਦੇ ਸੁਹਿਰਦ ਉਪਰਾਲਿਆਂ ਕਾਰਨ ਪੰਜਾਬ ਸਰਕਾਰ ਵੱਲੋਂ ਫਿਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੋ ਦਰਜਨ ਸਾਹਿਤਕ ਪੁਸਤਕਾਂ ਵੀ ਮੇਰੀ ਜ਼ਿੰਦਗੀ ਦਾ ਸਰਮਾਇਆ ਬਣੀਆਂ। ਜਲੰਧਰ ਦੂਰਦਰਸ਼ਨ ਵੱਲੋਂ ਮੇਰੀ ਜ਼ਿੰਦਗੀ ’ਤੇ ਡਾਕੂਮੈਂਟਰੀ ਫਿਲਮ ਵੀ ਤਿਆਰ ਕੀਤੀ ਗਈ। ਉਮਰ ਦੇ ਅੱਠਵੇਂ ਦਹਾਕੇ ਵਿੱਚ ਪੈਰ ਰੱਖਣ ਵਾਲਾ ਹਾਂ, ਪਰ ਬੁਢਾਪੇ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਉਸਾਰੂ ਸੋਚ ਨਾਲ ਵਾਤਾਵਰਣ ਦੀ ਸ਼ੁੱਧਤਾ, ਬਿਰਧ ਆਸ਼ਰਮ ਦੇ ਸੰਚਾਲਕ ਵਜੋਂ ਆਸ਼ਰਤ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਿਰ ਤੋੜ ਯਤਨ ਮੇਰੀ ਜ਼ਿੰਦਗੀ ਦਾ ਹਿੱਸਾ ਹਨ। ਜੇਕਰ ਮਿਹਨਤ ਦਾ ਪੱਲਾ ਘੁੱਟ ਕੇ ਫੜ ਲਿਆ ਜਾਵੇ ਤਾਂ ਭੁੱਖ, ਖਾਲੀ ਜੇਬ ਅਤੇ ਗੁਰਬਤ ਵੀ ਮੰਜ਼ਿਲ ਪ੍ਰਾਪਤੀ ਲਈ ਵਰਦਾਨ ਸਾਬਤ ਹੋ ਸਕਦੀ ਹੈ।

* * * * *

Read 235 times
ਮੋਹਨ ਸ਼ਰਮਾ

Project Director, Drug de-addiction Centre

Sangroor, Punjab, India

Email: fularamanish@gmail.com

Phone: +91-94171-48866