ਸੱਠਵਿਆਂ ਤਕ ਸਿੱਖ ਖਿਡਾਰੀ ਸਿੱਖ ਸਰੂਪ ਵਿੱਚ ਖੇਡਣਾ ਮਾਣ ਦੀ ਗੱਲ ਸਮਝਦੇ ਸਨ। ਉਦੋਂ ਕਿਸੇ ਸਿੱਖ ਖਿਡਾਰੀ ਦਾ ਮੂੰਹ ਸਿਰ ਮੁੰਨਿਆ ਹੋਣਾ ਘਾਟੇ ਦੀ ਗੱਲ ਸੀ। ਵਿਰੋਧੀ ਖਿਡਾਰੀ ਉਸ ਨੂੰ ਰੋਡਾ ਭੋਡਾ ਜਿਹਾ ਸਮਝ ਕੇ ਪੈ ਜਾਂਦੇ! ਉਦੋਂ ਭਾਰਤ ਵਿੱਚ ਕੇਸ ਦਾੜ੍ਹੀ ਵਾਲਿਆਂ ਨੂੰ ਹੀ ਖਿਡਾਰੀ ਮੰਨਿਆ ਜਾਂਦਾ ਸੀ। ਇਹਦੇ ਪਿੱਛੇ ਕੇਸ ਦਾੜ੍ਹੀ ਵਾਲੇ ਖਿਡਾਰੀਆਂ ਦੀਆਂ ਮਾਰੀਆਂ ਮੱਲਾਂ ਸਨ। 1951 `ਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ `ਚੋਂ ਭਾਰਤ ਨੇ ਜਿੰਨੇ ਤਮਗ਼ੇ ਜਿੱਤੇ ਉਨ੍ਹਾਂ `ਚੋਂ ਨੱਬੇ ਫੀਸਦੀ ਕੇਸ ਦਾੜ੍ਹੀ ਵਾਲੇ ਖਿਡਾਰੀਆਂ ਦੇ ਸਨ। ਦੂਜੀਆਂ ਤੇ ਤੀਜੀਆਂ ਏਸ਼ਿਆਈ ਖੇਡਾਂ `ਚੋਂ ਸੋਨੇ ਦੇ ਤਮਗ਼ੇ ਜਿੱਤਣ ਵਾਲੇ ਸਾਰੇ ਭਾਰਤੀ ਜੇਤੂਆਂ ਦੇ ਸਿਰਾਂ ਉਤੇ ਜੂੜੇ ਸੋਂਹਦੇ ਸਨ।
1966 ਦੀਆਂ ਏਸ਼ਿਆਈ ਖੇਡਾਂ `ਚੋਂ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਦਸ ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬੰਨ੍ਹੇ ਹੋਏ ਸਨ। ਕੇਵਲ ਇੱਕ ਖਿਡਾਰੀ ਲਕਸ਼ਮਣ ਸਿਰ ਤੇ ਹੈਟ ਪਹਿਨੀ ਗੋਲਚੀ ਬਣਿਆਂ ਹੋਇਆ ਸੀ ਤੇ ਮੈਦਾਨ ਵਿੱਚ ਖੇਡਣ ਵਾਲੇ ਪ੍ਰਿਥੀਪਾਲ ਸਿੰਘ, ਧਰਮ ਸਿੰਘ, ਬਲਬੀਰ ਸਿੰਘ ਫੌਜ, ਜਗਜੀਤ ਸਿੰਘ, ਹਰਮੀਕ ਸਿੰਘ, ਬਲਬੀਰ ਸਿੰਘ ਰੇਲਵੇ, ਬਲਬੀਰ ਸਿੰਘ ਪੁਲਿਸ, ਹਰਬਿੰਦਰ ਸਿੰਘ, ਇੰਦਰ ਸਿੰਘ ਤੇ ਤਰਸੇਮ ਸਿੰਘ ਸਾਰੇ ਜੂੜਿਆਂ ਵਾਲੇ ਸਨ। ਉਹਨੀਂ ਦਿਨੀਂ ਕੀਨੀਆ ਦੀ ਹਾਕੀ ਟੀਮ ਵੀ ਪੂਰੀ ਦੀ ਪੂਰੀ ਜੂੜਿਆਂ ਵਾਲੇ ਖਿਡਾਰੀਆਂ ਨਾਲ ਲੈਸ ਸੀ।
ਮਿਲਖਾ ਸਿੰਘ ਦੀ ਮਸ਼ਹੂਰੀ ਪਿੱਛੇ ਇੱਕ ਤੱਥ ਇਹ ਵੀ ਸੀ ਕਿ ਉਹ ਓਲੰਪਿਕ ਖੇਡਾਂ ਦੀ ਦੌੜ ਜੂੜੇ ਨਾਲ ਦੌੜਿਆ ਸੀ ਤੇ ਹੋਰਨਾਂ ਨਾਲੋਂ ਨਿਆਰਾ ਵਿਖਾਈ ਦਿੰਦਾ ਸੀ। ਉਸ ਨੇ ਦੁਨੀਆਂ ਨੂੰ ਸਿੱਖ ਸਰੂਪ ਦੀ ਪਛਾਣ ਕਰਾਈ ਤੇ ਫਲਾਈਂਗ ਸਿੱਖ ਅਖਵਾਇਆ। ਬਿਸ਼ਨ ਸਿੰਘ ਬੇਦੀ ਬੱਧੀ ਦਾੜ੍ਹੀ ਤੇ ਪਟਕੇ ਨਾਲ ਕੁਲ ਦੁਨੀਆਂ `ਚ ਪਟਕੇ ਵਾਲਾ ਸਰਦਾਰ ਅਖਵਾਇਆ। ਬਲਬੀਰ ਸਿੰਘ ਤੇ ਊਧਮ ਸਿੰਘ ਹੋਰਾਂ ਨੇ ਓਲੰਪਿਕ ਖੇਡਾਂ ਦੇ ਤਿੰਨ ਤਿੰਨ ਗੋਲਡ ਮੈਡਲ ਜਿੱਤਦਿਆਂ ਸਿੱਖ ਸਰੂਪ ਦਾ ਜਿੱਤ-ਮੰਚਾਂ ਉਤੇ ਪ੍ਰਦਰਸ਼ਨ ਕੀਤਾ। ਪਹਿਲਾਂ ਪਹਿਲ ਸਿੱਖ ਫੌਜੀਆਂ ਤੇ ਸਿੱਖ ਖਿਡਾਰੀਆਂ ਨੇ ਹੀ ਇੱਕ ਸਿੱਖ ਦੇ ਚਿਹਰੇ ਮੋਹਰੇ ਦੀ ਸਿਆਣ ਬਾਕੀ ਦੁਨੀਆਂ ਨਾਲ ਕਰਵਾਈ ਸੀ।
1954 ਤੇ 56 ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਵਿਚਾਲੇ ਜਿਹੜੇ ਮੈਚ ਹੋਏ ਉਹ ਏਧਰਲੇ ਖਿਡਾਰੀਆਂ ਨੇ ਸਿੱਖ ਸਰੂਪ ਵਿੱਚ ਖੇਡੇ ਸਨ। ਉਦੋਂ ਕਬੱਡੀ ਦੇ ਖਿਡਾਰੀ ਮੂੰਹ ਸਿਰ ਨਹੀਂ ਸੀ ਮੁਨਾਇਆ ਕਰਦੇ ਤੇ ਜਾਂਘੀਏ ਲਾ ਕੇ ਹੀ ਕਬੱਡੀ ਖੇਡਦੇ ਸਨ। ਮਿੱਟੀ ਵਿੱਚ ਮਿੱਟੀ ਹੋਣ ਵਾਲੇ ਪਹਿਲਵਾਨਾਂ ਦੇ ਵੀ ਸਿਰਾਂ ਉਤੇ ਟੋਪੇ ਬੰਨ੍ਹੇ ਹੁੰਦੇ ਸਨ। ਕੇਸ ਦਾੜ੍ਹੀ ਨੂੰ ਕਿਸੇ ਨੇ ਖੇਡ ਵਿੱਚ ਅੜਿੱਕਾ ਨਹੀਂ ਸੀ ਸਮਝਿਆ।
ਪਰ ਅਜੋਕੇ ਸਾਲਾਂ `ਚ ਬਹੁਤ ਸਾਰੇ ਸਿੱਖ ਖਿਡਾਰੀਆਂ ਦਾ ਚਿਹਰਾ ਮੋਹਰਾ ਏਨਾ ਬਦਲ ਗਿਐ ਕਿ ਹੁਣ ਉਹ ਸਿੱਖ ਨਹੀਂ ਜਾਪਦੇ। ਉਨ੍ਹਾਂ ਦੇ ਨਾਵਾਂ ਨਾਲ ਸਿੰਘ ਜ਼ਰੂਰ ਲਿਖਿਆ ਹੁੰਦੈ ਪਰ ਇਹ ਪਤਾ ਨਹੀਂ ਲੱਗਦਾ ਕਿ ਉਹ ਹਰਿਆਣੇ, ਹਿਮਾਚਲ, ਰਾਜਸਥਾਨ ਜਾਂ ਮੱਧ ਭਾਰਤ ਦੇ ਸਿੰਘ ਹਨ ਜਾਂ ਪੰਜਾਬ ਦੇ ਸਿੰਘ ਹਨ। ਸ਼ਕਲ ਤੋਂ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੋਵੇਗੀ ਜਾਂ ਕੋਈ ਹੋਰ? ਕੇਸ ਦਾੜ੍ਹੀ ਤੋਂ ਇਹ ਪਛਾਣ ਪੱਕੀ ਹੋ ਜਾਂਦੀ ਹੈ ਕਿ ਖਿਡਾਰੀ ਸਿੱਖ ਹੈ ਤੇ ਇਹਦੇ ਨਾਲ ਪੰਜਾਬੀ `ਚ ਗੱਲ ਬਾਤ ਕੀਤੀ ਜਾ ਸਕਦੀ ਹੈ।
ਕੋਈ ਸੁਆਲ ਕਰ ਸਕਦੈ ਕਿ ਖੇਡ `ਚ ਕੀ ਫਰਕ ਪੈਂਦੈ ਜੇ ਕੋਈ ਸਿੱਖ ਖਿਡਾਰੀ ਕੇਸ ਦਾੜ੍ਹੀ ਨਾ ਵੀ ਰੱਖੇ? ਜੁਆਬ ਹੈ ਕਿ ਖੇਡ ਦੀ ਕਾਰਗੁਜ਼ਾਰੀ ਵਿੱਚ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਦਿੱਖ ਦਾ ਪ੍ਰਭਾਵ ਉਹਦੇ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰ ਪ੍ਰਭਾਵਤ ਕਰਦਾ ਹੈ। ਦੁਨੀਆਂ ਦੀ ਹਰ ਕੌਮੀਅਤ ਆਪਣੀ ਵਿਲੱਖਣ ਪਛਾਣ ਨੂੰ ਪਿਆਰ ਕਰਦੀ ਹੈ ਤੇ ਉਹਦਾ ਮਾਣ ਵੀ ਕਰਦੀ ਹੈ। ਸਿੱਖ ਪੱਗ ਦੀ ਖ਼ਾਤਰ ਐਵੇਂ ਤਾਂ ਨਹੀਂ ਮਰਦੇ ਖਪਦੇ।
ਮੈਂ ਕੋਈ ਧਰਮੀ ਬੰਦਾ ਨਹੀਂ ਪਰ ਖੁੱਲ੍ਹ-ਦਿਲਾ ਸਿੱਖ ਜ਼ਰੂਰ ਹਾਂ। ਸਮਝਦਾ ਹਾਂ ਕਿ ਖੇਡ ਦੇ ਮੈਦਾਨ ਵਿੱਚ ਕਿਸੇ ਧਰਮ, ਜਾਤੀ, ਨਸਲ ਜਾਂ ਰੰਗ ਦਾ ਕੋਈ ਭਿੰਨ ਭੇਦ ਨਹੀਂ ਹੁੰਦਾ। ਖੇਡ ਖੇਤਰ ਵਿੱਚ ਕੋਈ ਊਚ ਨੀਚ ਜਾਂ ਦੂਈ ਦਵੈਖ ਦੀ ਗੱਲ ਨਹੀਂ ਹੁੰਦੀ। ਗੱਲ ਖਿਡਾਰੀ ਦੇ ਵਿਰਸੇ ਦੀ ਨਵੇਕਲੀ ਦਿੱਖ ਦੀ ਹੈ। ਕੁੱਝ ਖਿਡਾਰੀ ਇਸ ਦਿੱਖ ਨੂੰ ਮਾਣ ਨਾਲ ਸੰਭਾਲੀ ਰੱਖਦੇ ਹਨ ਤੇ ਕੁੱਝ ਤਿਲਾਂਜਲੀ ਦੇ ਜਾਂਦੇ ਹਨ। ਸੁਆਲ ਹੈ ਕਿ ਐਵੇਂ ਹੀ ਤਿਲਾਂਜਲੀ ਦੇਈ ਜਾਣ ਵਾਲੇ ਖਿਡਾਰੀਆਂ ਨੂੰ ਉਹਦਾ ਭਾਈਚਾਰਾ ਕਿਵੇਂ ਆਪਣੇ ਵਿਰਸੇ ਨਾਲ ਜੋੜ ਸਕਦਾ ਹੈ?
ਕੁਝ ਸੱਜਣਾਂ ਨੇ ਇਸ ਪਾਸੇ ਯਤਨ ਕਰਨੇ ਸ਼ੁਰੂ ਕੀਤੇ ਹਨ। ਉਨ੍ਹਾਂ `ਚੋਂ ਕੈਲੇਫੋਰਨੀਆਂ `ਚ ਰਹਿੰਦੇ ਗੁਰਪਾਲ ਸਿੰਘ ਹੰਸਰਾ ਦਾ ਨਾਂ ਜ਼ਿਕਰਯੋਗ ਹੈ। ਉਸ ਦੇ ਪਿਤਾ ਪ੍ਰਿੰ: ਬਲਬੀਰ ਸਿੰਘ ਜਗਰਾਓਂ ਅਧਿਆਪਕ ਸਨ ਤੇ ਉਨ੍ਹਾਂ ਦਾ ਪਰਿਵਾਰ ਨਾਨਕਸਰ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਸ਼ਰਧਾਲੂ ਹੈ। ਹੰਸਰਾ ਪਰਿਵਾਰ ਨੇ ਕੁੱਝ ਸਾਲ ਪਹਿਲਾਂ ਸੰਤ ਈਸ਼ਰ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਝੋਰੜਾਂ ਵਿਖੇ ਟੂਰਨਾਮੈਂਟ ਕਰਾਉਣਾ ਸ਼ੁਰੂ ਕੀਤਾ। ਉਸ ਵਿੱਚ ਕੇਸਾਧਾਰੀ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣ ਲੱਗੇ। ਇਸ ਤਰ੍ਹਾਂ ਹਰੇਕ ਸਾਲ ਕੇਸਾਧਾਰੀ ਖਿਡਾਰੀਆਂ ਦੀ ਗਿਣਤੀ ਵਧਣ ਲੱਗੀ।
ਫਰਵਰੀ 2007 ਵਿੱਚ ਗੁਰਪਾਲ ਸਿੰਘ ਹੰਸਰਾ ਨੇ ਝੋਰੜਾਂ ਵਿੱਚ ਸ਼ਾਨੇ ਪੰਜਾਬ ਨਾਂ ਦਾ ਕੇਵਲ ਕੇਸਾਧਾਰੀ ਖਿਡਾਰੀਆਂ ਦਾ ਕਬੱਡੀ ਟੂਰਨਾਮੈਂਟ ਕਰਵਾਇਆ। ਮੌਸਮ ਦੀ ਖਰਾਬੀ ਵਿੱਚ ਵੀ ਕੇਸਾਧਾਰੀ ਖਿਡਾਰੀਆਂ ਦੇ ਉਤਸ਼ਾਹ ਵਿੱਚ ਕੋਈ ਫਰਕ ਨਹੀਂ ਪਿਆ। ਉਨ੍ਹਾਂ ਨੇ ਕੇਸਰੀ ਝੰਡੇ ਲੈ ਕੇ ਦੇਹੁ ਸ਼ਿਵਾ ਬਰ ਮੋਹੇ ਇਹੈ ਗਾਉਂਦੇ ਹੋਏ ਖਾਲਸਈ ਮਾਰਚ ਪਾਸਟ ਕੀਤਾ। ਕਬੱਡੀ ਟੀਮਾਂ ਦੇ ਨਾਂ ਮਾਝਾ, ਮਾਲਵਾ, ਦੁਆਬਾ ਤੇ ਪੈਪਸੂ ਸਨ। ਹਰੇਕ ਟੀਮ ਸਿੱਖ ਸਰੂਪ ਵਿੱਚ ਸਜੀ ਹੋਈ ਸੀ। ਇਹ ਨਜ਼ਾਰਾ ਮੁੜ ਕੇ ਸੱਠਵਿਆਂ ਦੇ ਖੇਡ ਨਜ਼ਾਰਿਆਂ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ।
ਹੰਸਰਾ ਨੇ ਦੱਸਿਆ ਕਿ ਉਹ ਸਿੱਖ ਖਿਡਾਰੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਜੋ ਨਹੀ ਸੋ ਕਰੇਗਾ। ਕੇਸਾਧਾਰੀ ਖਿਡਾਰੀਆਂ ਨੂੰ ਸੋਨੇ ਦੇ ਕੜਿਆਂ ਤੇ ਮੈਡਲਾਂ ਨਾਲ ਸਨਮਾਨਿਆ ਜਾਵੇਗਾ। ਆਲਮਵਾਲੇ ਦੇ ਮਨਜਿੰਦਰ ਸੀਪੇ ਨੇ ਚਾਲੀ ਪੰਜਾਹ ਬੱਚਿਆਂ ਨੂੰ ਜੂੜੇ ਰੱਖਵਾਏ ਹਨ ਤੇ ਬੱਚਿਆਂ ਦੀਆਂ ਕਬੱਡੀ ਟੀਮਾਂ ਲੈ ਕੇ ਖੇਡ ਮੇਲਿਆਂ `ਤੇ ਜਾਂਦਾ ਹੈ। ਲੱਗਦਾ ਹੈ ਇਹ ਲਹਿਰ ਜ਼ੋਰ ਫੜ ਰਹੀ ਹੈ। ਜਦੋਂ ਕੋਈ ਖਿਡਾਰੀ ਆਪਣੇ ਭਾਈਚਾਰੇ ਦੀ ਦਿੱਖ ਨਾਲ ਖੇਡਦਾ ਹੈ ਤਾਂ ਉਸ ਦੇ ਭਾਈਚਾਰੇ ਨੂੰ ਖ਼ੁਸ਼ੀ ਹੋਣੀ ਸੁਭਾਵਿਕ ਹੈ। ਮੌਂਟੀ ਪਨੇਸਰ ਭਾਵੇਂ ਇੰਗਲੈਂਡ ਵੱਲੋਂ ਕ੍ਰਿਕਟ ਖੇਡਦਾ ਹੈ ਪਰ ਕੇਸ ਦਾੜ੍ਹੀ ਕਾਰਨ ਉਹਦਾ ਸਮੁੱਚੇ ਸਿੱਖ ਭਾਈਚਾਰੇ ਨੂੰ ਮਾਣ ਹੈ।
ਅੰਤਰਰਾਸ਼ਟਰੀ ਪੱਧਰ ਦੇ ਸਿੱਖ ਖਿਡਾਰੀ, ਕਲਾਕਾਰ ਤੇ ਅਦਾਕਾਰ ਭਾਵੇਂ ਨਿੱਕੀ ਦਾੜ੍ਹੀ ਤੇ ਸਿਰ ਉਤੇ ਨਿੱਕਾ ਜੂੜਾ ਹੀ ਰੱਖਣ ਉਹ ਸਿੱਖ ਪਛਾਣ ਨੂੰ ਸਾਰੀ ਦੁਨੀਆਂ ਦੇ ਸਨਮੁੱਖ ਕਰ ਸਕਦੇ ਹਨ। ਜਿਹੜਾ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਹੋਰ ਨੂੰ ਵੀ ਪਿਆਰ ਨਹੀਂ ਕਰ ਸਕਦਾ। ਜੇ ਜਰਨੈਲ ਸਿੰਘ ਤੇ ਇੰਦਰ ਸਿੰਘ ਵਰਗੇ ਫੁਟਬਾਲਰ ਜੂੜੇ ਰੱਖ ਕੇ ਹੈੱਡਰ ਮਾਰਦੇ ਰਹੇ ਨੇ ਤੇ ਏਸ਼ੀਆ ਆਲ ਸਟਾਰ ਟੀਮਾਂ ਦੀਆਂ ਕਪਤਾਨੀਆਂ ਕਰ ਗਏ ਨੇ ਤਾਂ ਹੁਣ ਦੇ ਫੁਟਬਾਲਰਾਂ ਦੇ ਇਹ ਬਹਾਨੇ ਨਹੀਂ ਜੱਚਦੇ ਕਿ ਜੂੜਾ ਰੱਖ ਕੇ ਸਿਰ ਨਾਲ ਨਹੀਂ ਖੇਡਿਆ ਜਾ ਸਕਦਾ। ਵਿਦੇਸ਼ਾਂ ਵਿੱਚ ਕੇਸਾਧਾਰੀ ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦੇਣ ਦਾ ਤੋਰਾ ਤੁਰ ਪਿਆ ਹੈ। ਗੁਰੂਘਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕੇਸਾਧਾਰੀ ਖਿਡਾਰੀਆਂ ਲਈ ਇਨਾਮ ਤੇ ਮਾਣ ਸਨਮਾਨ ਸ਼ੁਰੂ ਕਰਨੇ ਚਾਹੀਦੇ ਹਨ।