ਸੂਚਨਾ: ਪੁਸਤਕ ਦਾ ਨਾਂ ਅਢੁਕਵਾਂ ਹੀ ਨਹੀਂ ਸਗੋਂ ਲੇਖਕ ਦੀ ਸੋਚ ਦਾ ਅਨੋਖਾ ਹੀ ਪ੍ਰਗਟਾਵਾ ਕਰਦਾ ਹੈ। ਜਿਵੇਂ: ਸੰਬੋਧਨ ਹੋਣ ਲੱਗਿਆਂ ਲਿਖੀਦਾ ਹੈ, ‘ਪਿਆਰੇ ਸਪੁੱਤਰ ਸੇਖੋਂ’, ਇਸ ਭਿਅੰਕਰ ਅਵੱਗਿਆ ਲਈ ਕੌਣ ਜ਼ੁੰਮੇਵਾਰ ਹੈ? ਲੇਖਕ, ਪਰਕਾਸ਼ਕ ਜਾਂ ਸਲਾਹਕਾਰ। ਇਸ ਦੋਸ ਤੋਂ ਤਾਂ ਰੀਵੀਊਕਾਰ ਵੀ ਮੁਕਤ ਨਹੀਂ ਕੀਤਾ ਜਾ ਸਕਦਾ। ਜਿਸ ਨੇ ਚਾਰ ਸਫਿਆਂ ਦੇ ਵਿਸਥਾਰ ਵਿੱਚ ਇਸ ਸਬੰਧੀ ਇੱਕ ਵੀ ਸ਼ਬਦ ਨਹੀਂ ਲਿਖਿਆ। ਪੁਸਤਕ ਦਾ ਨਾਂ ਚਾਹੀਦਾ ਸੀ: ਮੁੱਖ ਪੰਨੇ ਦੇ ਧੁਰ ਉੱਪਰ, ‘ਪੰਜ ਪਿਆਰੇ’ ਅਤੇ ਧੁਰ ਥੱਲੇ ਲੇਖਕ ਦਾ ਨਾਂ, ‘ਜਸਵੰਤ ਸਿੰਘ ਸੇਖੋਂ’। ਕਹਿੰਦੇ ਹਨ ਕਿ ‘ਚਿਹਰਾ ਮਨ ਦਾ ਪ੍ਰਗਟਾਵਾ ਹੁੰਦਾ ਹੈ’ ਇਸੇ ਤਰ੍ਹਾਂ ਹੀ ਕਿਤਾਬ ਦਾ ਨਾਂ ਵੀ ਅੰਦਰਲੀ ਸਾਰੀ ਕਹਾਣੀ ਵਰਨਣ ਕਰ ਦਿੰਦਾ ਹੈ।
ਤਿੱਖੀ ਪਰ ਅਤੀ ਲੋੜੀਂਦੀ ਟਿੱਪਣੀ ਕਰਨ ਲਈ ਖਿਮਾ ਦਾ ਜਾਚਕ ਹਾਂ।
-ਕਿਰਪਾਲ ਸਿੰਘ ਪੰਨੂੰ
ਇਤਿਹਾਸ ਨੂੰ ਪੜ੍ਹਨਾ ਅਤੇ ਸਮਝਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਿਹਾ ਹੈ ਅਤੇ ਇਤਿਹਾਸ ਦੀਆਂ ਮਹਾਨ ਸ਼ਖਸ਼ੀਅਤਾਂ ਤੋਂ ਹਰ ਸਮੇਂ ਦੇ ਸਮਾਜ ਨੇ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਸ਼ਖਸ਼ੀਅਤਾਂ ਦੇ ਕਿਰਦਾਰ ਮੁੜ ਮੁੜ ਕਿਤੇ ਵੱਧ, ਕਿਤੇ ਘੱਟ ਮਾਤਰਾ ਵਿੱਚ ਪ੍ਰਗਟ ਹੁੰਦੇ ਰਹਿੰਦੇ ਹਨ। ਇਤਿਹਾਸ ਦੀ ਇਸ ਦੁਹਰਾਅਮਈ ਅਵਸਥਾ ਨੂੰ ਲਿਆਉਣ ਵਿੱਚ ਉਸ ਇਤਿਹਾਸ ਨੂੰ ਲਿਖਣ ਵਾਲੇ ਲਿਖਾਰੀ, ਇਤਿਹਾਸ ਨੂੰ ਸੁਣਾਉਣ ਵਾਲੇ ਕਥਾ ਵਾਚਕ, ਗਾ ਕੇ ਸੁਣਾਉਣ ਵਾਲੇ ਕਵੀਸ਼ਰਾਂ ਅਤੇ ਢਾਡੀਆਂ ਦਾ ਖਾਸ ਯੋਗਦਾਨ ਹੁੰਦਾ ਹੈ। ਜਦੋਂ ਕੋਈ ਕਵੀਸ਼ਰੀ ਜਾਂ ਢਾਡੀ ਜੱਥਾ ਕਿਸੇ ਘਟਨਾ ਨੂੰ ਕਵਿਤਾ ਵਿੱਚ ਗਾਉਂਦਾ ਹੈ ਤਾਂ ਉਹ ਸਰੋਤਿਆਂ ਨੂੰ ਉਸ ਸਮੇਂ ਦੇ ਦ੍ਰਿਸ਼ ਅੱਖਾਂ ਅੱਗੇ ਹੂਬਹੂ ਪੇਸ਼ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਗਾ ਦਿੰਦਾ ਹੈ ਅਤੇ ਇਸ ਤਰ੍ਹਾਂ ਪੈਦਾ ਹੋਇਆ ਜੋਸ਼, ਪ੍ਰੇਮ, ਬੈਰਾਗ ਕੋਈ ਵੀ ਚਮਤਕਾਰੀ ਘਟਨਾ ਨੂੰ ਜਨਮ ਦੇ ਸਕਦਾ ਹੈ।
ਅੱਜ ਅਸੀਂ ਅਜਿਹੀ ਹੀ ਪੁਸਤਕ ‘ਪਿਆਰੇ ਸੇਖੋਂ’ ਬਾਰੇ ਗੱਲ ਕਰਨ ਲੱਗੇ ਹਾਂ, ਜਿਸ ਨੂੰ ਲਿਖਿਆ ਹੈ ਕੈਲਗਰੀ ਨਿਵਾਸੀ ਸ. ਜਸਵੰਤ ਸਿੰਘ ਸੇਖੋਂ ਨੇ, ਜਿਹੜਾ ਸਿਰਫ ਇੱਕ ਲੇਖਕ ਹੀ ਨਹੀਂ, ਸਗੋਂ ਇੱਕ ਕਾਮਲ ਕਵੀਸ਼ਰ ਵੀ ਹੈ। ਇੱਕ ਲੇਖਕ ਵਜੋਂ ਕਵੀਸ਼ਰੀ ਗੁਲਦਸਤਾ, ਸੇਖੋਂ ਪ੍ਰਸੰਗ, ਸੇਖੋਂ ਲਹਿਰਾਂ ਤੋਂ ਬਾਅਦ ਇਹ ਉਸ ਦੀ ਚੌਥੀ ਪੁਸਤਕ ਹੈ। ਉਸ ਨੇ ਛੰਦਾ ਬੰਦੀ ਵਿੱਚ ਕਵਿਤਾਵਾਂ ਅਤੇ ਕਿੱਸੇ ਸਿਰਫ ਲਿਖੇ ਹੀ ਨਹੀਂ, ਸਗੋਂ ਬੇਅੰਤ ਸਟੇਜਾਂ ਉੱਤੇ ਆਪਣੇ ਸਾਥੀਆਂ ਸਮੇਤ ਬੁਲੰਦ ਆਵਾਜ਼ ਵਿੱਚ ਗਾ ਕੇ ਸੁਣਾਇਆ ਵੀ ਹੈ। ਇਸ ਪੁਸਤਕ ਵਿੱਚ ਮੁੱਖ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਸਮੇਂ ਜਿਨ੍ਹਾਂ ਪੰਜ ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ ਸਨ, ਉਹਨਾਂ ਦੇ ਜੀਵਨ ਬਿਰਤਾਂਤ ਕਵੀਸ਼ਰੀ ਅੰਦਾਜ ਵਿੱਚ ਪੇਸ਼ ਕੀਤੇ ਗਏ ਹਨ।
ਪੁਸਤਕ ‘ਪਿਆਰੇ ਸੇਖੋਂ’ ਦੇ ਕੁੱਲ 8 ਅਧਿਆਇ ਹਨ। ਪਰੰਪਰਾ ਅਨੁਸਾਰ ਹੀ ਆਰੰਭ ਵਿੱਚ ਬੰਦਨਾ ਸਿਰਲੇਖ ਹੇਠ ਤਿੰਨ ਕਵਿਤਾਵਾਂ ਰਾਹੀਂ ਲੇਖਕ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ। ਪਹਿਲੇ ਅਧਿਆਇ ਵਿੱਚ ‘ਪਿਆਰਾ’ ਸ਼ਬਦ ਦੀ ਕਾਵਿਮਈ ਪਰਿਭਾਸ਼ਾ ਹੈ। ਦੂਸਰੇ ਅਧਿਆਇ ਵਿੱਚ ਲੇਖਕ ਦਾਅਵਾ ਕਰਦਾ ਹੈ ਕਿ ਪੰਜ ਪਿਆਰੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਇਕੱਲਿਆਂ ਦੇ ਹੀ ਨਹੀਂ ਸਨ, ਸਗੋਂ ਗੁਰੂ ਨਾਨਕ ਜੀ ਤੋਂ ਆਰੰਭ ਹੋ ਕੇ ਸਾਰੇ ਗੁਰੂਆਂ ਦੇ ਪੰਜ ਲਾਡਲੇ ਸਿੱਖ, ਜਿਨ੍ਹਾਂ ਨੂੰ ਉਹ ਪੰਜ ਪਿਆਰੇ ਆਖਦਾ ਹੈ, ਸਨ ਉਹ ਸਭਨਾਂ ਦੇ ਨਾਮ ਵੀ ਦੱਸਦਾ ਹੈ। ਇਸਤਰਾਂ ਪੰਜਾਂ ਨੂੰ ਵਡਿਆਈ ਗੁਰੂ ਘਰ ਵਿੱਚ ਬਹੁਤ ਆਰੰਭ ਤੋਂ ਹੀ ਸੀ। ਤੀਸਰਾ ਅਧਿਆਇ ਦਲਵੀਰ ਸਿੰਘ ਗਿੱਲ ਦੁਆਰਾ ਲਿਖਤ ਬੰਦਨਾ ਦਾ ਹੈ, ਜੋ ਕਿ ਪੁਸਤਕ ਦੇ ਆਰੰਭ ਵਿੱਚ ਹੋਣੀ ਜਿਆਦਾ ਠੀਕ ਲੱਗਣੀ ਸੀ। ਬਾਕੀ ਦੇ ਪੰਜ ਅਧਿਆਇ ਪੰਜਾਂ ਪਿਆਰਿਆਂ ਨੂੰ ਸਮਰਪਿਤ ਹਨ। ਪੁਸਤਕ ਦੀ ਭੂਮਿਕਾ ਪ੍ਰਸਿੱਧ ਕਵੀਸ਼ਰ ਅਤੇ ਲੇਖਕ ਸ. ਗੁਰਸੇਵਕ ਸਿੰਘ ਢਿੱਲੋਂ ਵੱਲੋਂ ‘ਅਨਮੋਲ ਕਵੀਸ਼ਰੀ ਦਾ ਸਿਰਜਕ’ ਵਜੋਂ, ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ‘ਮੇਰੇ ਵੱਲੋਂ ਦੋ ਸ਼ਬਦ’ ਅਤੇ ਕੁਲਦੀਪ ਸਿੰਘ ਬਰਮਾਲੀਪੁਰ ਵੱਲੋਂ ‘ਇਤਿਹਾਸ ਦੇ ਅਧਿਐਨ ਦੀ ਲੋਅ -ਪਿਆਰੇ ਸੇਖੋਂ’ ਅਧੀਨ ਲਿਖੀ ਗਈ ਹੈ ਜਿੱਥੇ ਇਹਨਾਂ ਸਭ ਨੇ ਆਪੋ ਆਪਣੇ ਅੰਦਾਜ ਵਿੱਚ ਸੇਖੋਂ ਕਾਵਿ ਦੀਆਂ ਖੂਬੀਆਂ ਦਾ ਜ਼ਿਕਰ ਕੀਤਾ ਹੈ।
ਕਵੀ ਇਤਿਹਾਸਕਾਰ ਨਹੀਂ ਹੁੰਦਾ, ਉਸਦਾ ਇਤਿਹਾਸ ਵਰਣਨ ਮੁੱਖ ਰੂਪ ਵਿੱਚ ਭਾਵਨਾ ਕੇਂਦਰਿਤ ਹੁੰਦਾ ਹੈ। ਉਹ ਨਾ ਤਾਂ ਇਤਿਹਾਸਕ ਵਿਅਕਤੀਆਂ, ਤਾਰੀਖਾਂ, ਜਾਂ ਘਟਨਾਵਾਂ ਦੇ ਬਿਲਕੁਲ ਸੱਚੇ ਹੋਣ ਦਾ ਦਾਅਵਾ ਕਰਦਾ ਹੈ ਅਤੇ ਨਾ ਹੀ ਕਰਾਮਾਤਾਂ ਵਰਗੀਆਂ ਘਟਨਾਵਾਂ ਦੇ ਅਸਲ ਵਿੱਚ ਵਾਪਰਨ ਜਾਂ ਨਾ ਵਾਪਰਨ ਤੇ ਵਿਚਾਰ ਕਰਦਾ ਹੈ। ਉਸਦਾ ਮਨੋਰਥ ਪਰੰਪਰਾਗਤ ਇਤਿਹਾਸ ਜੋ ਲੋਕ-ਮਾਨਸਿਕਤਾ ਵਿੱਚ ਘਰ ਕਰ ਚੁੱਕਿਆ ਹੁੰਦਾ ਹੈ, ਉਸ ਦੀ ਵੇਦਨਾ ਨੂੰ ਤੀਬਰ ਕਰਨਾ ਹੁੰਦਾ ਹੈ। ਇੱਥੇ ਮੁੱਖ ਰੂਪ ਵਿੱਚ ਇਤਿਹਾਸ ਦੀ ਇੱਕ ਇਨਕਲਾਬੀ ਘਟਨਾ ‘ਖਾਲਸਾ ਸਾਜਣ’ ਦੁਆਲੇ ਪੂਰੀ ਪੁਸਤਕ ਘੁੰਮ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੀਸ ਮੰਗਣ ਤੇ ਵੱਖ ਵੱਖ ਥਾਵਾਂ ਤੋਂ ਉੱਠੇ ਪੰਜ ਸਿੱਖਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਰੂਪ ਦਿੱਤਾ ਅਤੇ ‘ਪੰਜ ਪਿਆਰੇ’ ਆਖ ਕੇ ਸਤਿਕਾਰਿਆ। ਇਹ ਇਤਿਹਾਸ ਸਾਰੇ ਜਾਣਦੇ ਹਨ, ਪਰ ਸੀਸ ਭੇਟਾ ਕਰਨ ਵਾਲੇ ਇਹ ਪੰਜ ਪਿਆਰੇ ਕ੍ਰਮਵਾਰ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੁਹਕਮ ਸਿੰਘ ਅਤੇ ਸਾਹਿਬ ਸਿੰਘ ਕੌਣ ਸਨ? ਉਹਨਾਂ ਦਾ ਪਰਿਵਾਰਿਕ ਪਿਛੋਕੜ ਕੀ ਸੀ? ਕਿਵੇਂ ਉਹ ਸਿੱਖੀ ਦੇ ਦਾਇਰੇ ਵਿੱਚ ਆਏ? ਸੀਸ ਭੇਟ ਕਰਨ ਵਾਲਾ ਸਿਦਕ ਕੋਈ ਪਲਾਂ ਵਿੱਚ ਹੀ ਨਹੀਂ ਸੀ ਬਣ ਗਿਆ। ਉਹਨਾਂ ਦੇ ਮਨ ਦੀ ਘਾੜਤ ਕਿਵੇਂ ਘੜੀ ਗਈ? ਲੇਖਕ ਅਨੁਸਾਰ ਉਹ ਸਾਰੇ ਕਾਫੀ ਸਮੇਂ ਤੋਂ (ਘੱਟੋ ਘੱਟ 4 ਸਾਲ ਤੋਂ ਲੈ ਕੇ 21 ਸਾਲ ਤੱਕ) ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਸਨ। ਗੁਰਮਤਿ ਸਿਧਾਂਤਾਂ ਤੋਂ ਪੂਰੀ ਤਰਾਂ ਵਾਕਫ਼ ਸਨ ਅਤੇ ਇੱਕ ਗੁਰਸਿੱਖ ਵਾਲਾ ਜੀਵਨ ਉਹ ਜਿਊ ਰਹੇ ਸਨ। ਜਸਵੰਤ ਸਿੰਘ ਸੇਖੋਂ ਨੇ ਉਹਨਾਂ ਦੇ ਪਰਿਵਾਰਿਕ ਪਿਛੋਕੜ ਨੂੰ ਲੱਭਿਆ ਹੈ। ਲੇਖਕ ਦੀ ਇਮਾਨਦਾਰੀ ਹੈ ਕਿ ਉਸਨੇ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਪੁਸਤਕਾਂ ਅਤੇ ਉਹਨਾਂ ਦੇ ਲੇਖਕਾਂ ਦੇ ਨਾਮ ਵੀ ਦੱਸੇ ਹਨ, ਜਿੱਥੋਂ ਉਸਨੇ ਇਹ ਇਤਿਹਾਸ ਪ੍ਰਾਪਤ ਕੀਤਾ ਹੈ। ਉਸ ਨੂੰ ਛੰਦਾਂ ਵਿੱਚ ਪ੍ਰਗਟਾਉਣਾ ਕਵੀ ਦੀ ਪ੍ਰਾਪਤੀ ਹੈ ਜਿਸ ਨਾਲ ਉਹ ਪਾਠਕਾਂ ਵਿੱਚ ਕਾਵਿਕ ਸੁਹਜ ਪੈਦਾ ਕਰਨ ਦੇ ਨਾਲ ਉਹਨਾਂ ਦੇ ਗਿਆਨ ਦੀ ਪਿਆਸ ਵੀ ਬੁਝਾਉਂਦਾ ਹੈ ਅਤੇ ਸੀਸ ਭੇਟ ਕਰਨ ਵਾਲਾ ਜਜ਼ਬਾ ਵੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਰੂਪਕ ਪੱਖ ਦੀ ਗੱਲ ਕਰੀਏ ਤਾਂ ਪੁਸਤਕ ਪਿੰਗਲ ਸ਼ਾਸ਼ਤਰ ਦੇ ਛੰਦਾਂ ਵਿੱਚ ਰਚੀਆਂ ਹੋਈਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਵਰਤੇ ਗਏ ਛੰਦ ਬਹੁਤ ਜਿਆਦਾ ਕਿਸਮ ਦੇ ਹਨ। ਕੋਰੜਾ ਛੰਦ, ਕਬਿੱਤ ਛੰਦ, ਝੋਕ ਛੰਦ, ਲਹਿਰੀਆ ਛੰਦ, ਦਵਈਆ ਛੰਦ, ਦੋਤਾਰਾ ਛੰਦ, ਬੈਂਤ ਛੰਦ, ਡਿਉਢਾ ਛੰਦ, ਭਵਾਨੀ ਛੰਦ ਆਮ ਪ੍ਰਚੱਲਿਤ ਛੰਦਾਂ ਵਿੱਚੋਂ ਹਨ ਜਦਕਿ ਲਲਤ ਪਦਾ ਛੰਦ, ਔੜਾ ਛੰਦ, ਜੱਗਾ ਗੱਡੀ, ਨਵੀਨ ਛੰਦ, ਤਰਜ਼, ਤਰਜ਼ ਮਿਰਜ਼ਾ, ਟਰਨ ਛੰਦ ਆਦਿ ਅਜਿਹੇ ਛੰਦ ਹਨ ਜਿਹਨਾਂ ਬਾਰੇ ਹਰ ਕੋਈ ਨਹੀਂ ਜਾਣਦਾ, ਪਿੰਗਲ ਦੇ ਵਧੇਰੇ ਮਾਹਰ ਹੀ ਇਹਨਾਂ ਬਾਰੇ ਜਾਣਦੇ ਹੋਣਗੇ। ਵਾਰ ਅਤੇ ਕਲੀ ਵਿੱਚ ਵੀ ਕਵਿਤਾ ਲਿਖੀ ਗਈ ਮਿਲਦੀ ਹੈ। ਇੱਕ ਖੂਬੀ ਕਵੀਸ਼ਰੀ ਪਰੰਪਰਾ ਵਾਲੀ ਕਾਇਮ ਹੈ ਕਿ ਲੱਗਭੱਗ ਹਰ ਛੰਦ ਦੇ ਅੱਗੇ ਇੱਕ ਦੋਹਰਾ ਜਰੂਰ ਦਿੱਤਾ ਗਿਆ ਹੈ। ਵੱਖ ਵੱਖ ਸਮੇਂ ਤੇ ਇਹਨਾਂ ਛੰਦਾਂ ਦੀ ਰਵਾਨੀ ਅਤੇ ਲੈਅ ਆਦਿ ਇਹਨਾਂ ਨੂੰ ਪੜ੍ਹਨ ਵਾਲੇ ਸਧਾਰਨ ਪਾਠਕ ਨੂੰ ਵੀ ਹੁਲਾਰਾ ਦੇ ਜਾਂਦੀ ਹੈ। ਜਦੋਂ ਉਹ ਜੱਥੇ ਸਮੇਤ ਖੁਦ ਕਵੀਸ਼ਰੀ ਪੇਸ਼ ਕਰਦੇ ਨੇ, ਉਦੋਂ ਸੁਣ ਕੇ ਤਾਂ ਨਿਹਾਲ ਹੋਣਾ ਹੀ ਹੈ। ਸਿਰਫ ਝਲਕ ਦੇਖਣ ਲਈ ਟਰਨ ਛੰਦ ਦੀ ਰਵਾਨੀ ਦੇਖੋ
ਪੰਜ ਪੰਜ ਘੁੱਟ ਪਿਲਾ ਕੇ ਗੱਜ ਕੇ ਫਤਹਿ ਬੁਲਾ ਦਿੰਦੇ।
ਪੰਜ ਪੰਜ ਚੂਲੇ ਅੱਖੀਂ ਪੰਜ ਪੰਜ ਕੇਸੀਂ ਪਾ ਦਿੰਦੇ।
ਆਬਿ ਹਯਾਤੀ ਬੂੰਦਾਂ ਤਪਦੇ ਮਨ ਤਨ ਠਾਰ ਦੀਆਂ।
ਅੰਮ੍ਰਿਤ ਪਾਨ ਕਰਾਇਆ ਮਿਹਰਾਂ ਕਲਗੀ ਧਾਰ ਦੀਆਂ।… (ਪੰਨਾ 76, ਟਰਨ ਛੰਦ)
ਆਪਣੇ ਵਿਸ਼ੇ ਨੂੰ ਖੂਬ ਡੂੰਘਾਈ ਨਾਲ ਪੇਸ਼ ਕੀਤਾ ਗਿਆ ਹੈ। ਗੁਰੂ ਨਾਨਕ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਹਰੇਕ ਗੁਰੂ ਸਾਹਿਬ ਦੇ ਪੰਜ ਲਾਡਲੇ ਸਿੱਖ ਜਾਂ ਪੰਜ ਪਿਆਰੇ ਪੜ੍ਹ ਕੇ ਖੁਸ਼ੀ ਅਤੇ ਹੈਰਾਨੀ ਦੇ ਭਾਵ ਜਾਗਦੇ ਹਨ। ਭਾਈ ਦਇਆ ਸਿੰਘ ਜੀ ਦੇ ਪ੍ਰਸੰਗ ਵਿੱਚ ਭਾਈ ਪਾਰੋ ਦੇ ਬੇਟੇ ਗੁਰੀਆ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਭਾਵਨਾ ਸਹਿਤ ਕੌਡੀ ਭੇਟ ਕੀਤੇ ਜਾਣ ਦੀ ਵਾਰਤਾ ਸਿੱਖ ਅਤੇ ਗੁਰੂ ਦੀ ਪ੍ਰੀਤ ਪ੍ਰਗਟਾਉਂਦੀ ਹੈ। ਭਾਈ ਧਰਮ ਸਿੰਘ ਵੱਲੋਂ ਇੱਕ ਗਰੀਬ ਪੰਡਤ ਦੀ ਮੱਦਦ ਕੀਤੀ ਜਾਣੀ ਅਤੇ ਉਸਦੇ ਆਖਣ ਤੇ ਧਰਮ ਸਿੰਘ ਵੱਲੋਂ ਵਿੱਦਿਆ ਦੀ ਮੰਗ ਕਰਨੀ, ਪੰਡਿਤ ਦਾ ਜਾਤ ਪਾਤ ਨੂੰ ਛੱਡ ਕੇ, ਸਾਥੀ ਪੰਡਿਤਾਂ ਦੇ ਵਿਰੋਧ ਦੇ ਬਾਵਜੂਦ ਧਰਮ ਸਿੰਘ ਨੂੰ ਵਿੱਦਿਆ ਦੇਣੀ ਭਾਵਪੂਰਤ ਬਿਰਤਾਂਤ ਹੈ। ਗੁਰੂ ਹਰਿ ਕ੍ਰਿਸ਼ਨ ਜੀ ਵੱਲੋਂ ਛੱਜੂ ਰਾਮ ਤੋਂ ਗੀਤਾ ਦੇ ਅਰਥ ਕਰਵਾਏ ਜਾਣਾ ਤਾਂ ਸਾਰੇ ਹੀ ਜਾਣਦੇ ਹਾਂ, ਪਰ ਇਹ ਅਸੀਂ ਨਹੀਂ ਜਾਣਦੇ ਕਿ ਭਾਈ ਹਿੰਮਤ ਸਿੰਘ ਜੀ ਇਸੇ ਛੱਜੂ ਰਾਮ ਦੇ ਪੋਤੇ ਸਨ। ਇਸੇ ਤਰਾਂ ਚਮਨ ਲਾਲ ਸੇਠ ਵੱਲੋਂ ਸੇਵਾ ਕਰਵਾਉਣੀ, ਔਲਾਦ ਹੋਣੀ, ਭੁੱਲ ਜਾਣਾ ਅਤੇ ਫੇਰ ਸੇਵਾ ਪੂਰੀ ਕਰਵਾਉਣ ਦੀ ਘਟਨਾ ਅਜੋਕੇ ਸਮੇਂ ਵਿੱਚ ਵੀ ਕਿੰਨੇ ਹੀ ਘਰਾਂ ਅਤੇ ਵਿਅਕਤੀਆਂ ਨਾਲ ਵਾਪਰਦੀ ਪੜ੍ਹਦੇ ਸੁਣਦੇ ਹਾਂ। ਇਸ ਰਾਹੀਂ ਸਿੱਖੀ ਸੇਵਾ ਅਤੇ ਸ਼ਰਧਾ ਵਿਸ਼ਵਾਸ ਨੂੰ ਪੱਕਾ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਭਾਈ ਮੁਹਕਮ ਚੰਦ ਜੀ ਦੇ ਦਰਜੀਪੁਣੇ ਦਾ ਕਮਾਲ ਦਾ ਹੁਨਰ ਪੇਸ਼ ਕਰਨਾ। ਰਾਜੇ ਯਸ਼ਵੰਤ ਰਾਇ ਦੀ ਪੁਸ਼ਾਕ ਤਿਆਰ ਕਰਨੀ। ਰਾਜੇ ਦੇ ਇਨਾਮ ਦੇਣ ਦੀ ਪੇਸ਼ਕਸ਼ ਤੇ ਭਾਈ ਮੁਹਕਮ ਚੰਦ ਵਲੋਂ ਗੁਰੂ ਗੋਬਿੰਦ ਸਿੰਘ ਜੀ ਲਈ ਪੁਸ਼ਾਕ ਤਿਆਰ ਕਰਨਾ। ਅਨੰਦਪੁਰ ਪੁੱਜ ਕੇ ਯਸ਼ਵੰਤ ਰਾਇ ਵੱਲੋਂ ਮੁਹਕਮ ਚੰਦ ਦੀ ਭਰੇ ਦਰਬਾਰ ਵਿੱਚ ਪ੍ਰਸੰਸਾ ਅਤੇ ਸੰਗਤ ਵਿਚੋਂ ਹੀ ਉਹਨਾਂ ਲਈ ਰਿਸ਼ਤੇ ਦੀ ਪੇਸ਼ਕਸ਼ ਹੋਣੀ ਸਭ ਘਟਨਾਵਾਂ ਇੱਕ ਤਰਤੀਬ ਵਿੱਚ ਤੁਰਦੀਆਂ ਜਾਂਦੀਆਂ ਹਨ ਅਤੇ ਪਾਠਕ ਨੂੰ ਉਂਗਲੀ ਫੜ ਕੇ ਨਾਲ ਤੋਰ ਲੈਂਦੀਆਂ ਹਨ। ਭਾਈ ਸਾਹਿਬ ਸਿੰਘ ਜੀ ਦੇ ਕਿੱਸੇ ਨੂੰ ਦੱਸਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵਲੋਂ ਭ੍ਰਿਸ਼ਟ ਮਸੰਦਾਂ ਦੇ ਖਾਤਮੇ ਦਾ ਵਰਣਨ ਜਿਕਰਯੋਗ ਹੈ। ਸਾਰੇ ਪਿਆਰਿਆਂ ਦੇ ਪ੍ਰਸੰਗ ਵਿੱਚ ਵਿਸਾਖੀ ਦੇ ਖਾਲਸਾ ਸਾਜਣ ਦੀ ਘਟਨਾ ਦਾ ਵੇਰਵਾ ਅਤੇ ਉਸ ਪਿਆਰੇ ਦੇ ਸੀਸ ਭੇਟ ਕਰਨ ਦਾ ਕਿੱਸਾ ਦਿਲ ਖਿੱਚਵਾਂ ਹੈ। ਹਰ ਪਿਆਰੇ ਦਾ ਜਨਮ, ਮਾਤਾ ਪਿਤਾ, ਵਿਆਹ, ਸੰਤਾਨ ਗੁਰੂ ਘਰ ਨਾਲ ਸੰਬੰਧ ਜੁੜਨ ਤੋਂ ਲੈ ਕੇ ਤੋੜ ਨਿਭਣ ਤੱਕ ਵਿਸਥਾਰ ਵਿੱਚ ਦੱਸਿਆ ਗਿਆ ਹੈ।
ਉਦਾਹਰਣ ਲਈ ਧਰਮ ਚੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਛੱਡਣ ਸਮੇਂ ਉਸਦੇ ਪਿਤਾ ਨੇ ਜੋ ਧਰਮ ਚੰਦ ਨੂੰ ਕਿਹਾ, ਉਸ ਵਿਚੋਂ ਇੱਕ ਝਲਕ ਤੱਕੋ -
ਪੁੱਤ ਨੂੰ ਸਮਝਾ ਕੇ ਪਿਤਾ ਨੇ ਛੱਡਿਆ ਜੈਕਾਰਾ ਹੈ।
ਗੁਰੂ ਤੋਂ ਬਿਨ ਹੁੰਦਾ ਨਾਹੀ ਪਾਰ ਉਤਾਰਾ ਹੈ।
ਮੁੜ ਨਾ ਮਨੁੱਖਾ ਦੇਹੀ ਮਿਲਣੀ ਦੁਬਾਰਾ ਹੈ।
ਖੁਸ਼ੀਆਂ ਇਹ ਮੇਰੀਆਂ ਬੱਚਾ ਵੱਸੇਂ ਗੁਰੂ ਕੋਲ ਤੂੰ।
ਸਤਿਗੁਰ ਦੀ ਸ਼ਰਨ 'ਚ ਬੱਚਾ ਰਹਿਣੈ ਅਡੋਲ ਤੂੰ।
ਸੱਚੇ ਦੀ ਸ਼ਰਨ ਬੇਟਾ… (ਪੰਨਾ 130, ਝੋਕ ਛੰਦ)
ਪੁਸਤਕ ਵਿੱਚ ਕੁਝ ਹੋਰ ਖੂਬੀਆਂ ਬਾਰੇ ਗੱਲ ਕਰਨੀ ਵੀ ਜਰੂਰੀ ਹੈ। ਪਹਿਲੀ ਗੱਲ ਕਵਿਤਾਵਾਂ ਵਿਚਕਾਰ ਵਾਰਤਕ ਵਿੱਚ ਕਿੱਸਾ ਲਿਖਣਾ। ਜਿਸ ਨੂੰ ਬਿਆਨ ਕਰਦੇ ਹੋਏ ਲੇਖਕ ਨੇ ਗੁਰਬਾਣੀ ਹਵਾਲੇ ਅਤੇ ਭਾਈ ਗੁਰਦਾਸ ਜੀ ਦੇ ਹਵਾਲੇ ਵੀ ਦਿੱਤੇ ਹਨ। ਪੁਰਾਤਨ ਇਤਿਹਾਸਕ ਸਰੋਤਾਂ ਬਾਰੇ ਵੀ ਸਾਫ ਸਾਫ ਲਿਖਿਆ ਗਿਆ ਹੈ। ਕਵਿਤਾਵਾਂ ਵਿੱਚ ਵਰਤੇ ਗਏ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਗਏ ਹਨ। ਕਿਤੇ ਕਿਤੇ ਨਵਾਂ ਗਿਆਨ ਦੇ ਕੇ ਜਾਣਕਾਰੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਪਾਠਕ ਨੂੰ ਹੈਰਾਨ ਕਰ ਦਿੰਦਾ ਹੈ। ਛੰਦ ਦੀਆਂ ਕਿਸਮਾਂ ਦੱਸਣ ਦੀ ਤਾਂ ਭਲਾ ਕਵੀਸ਼ਰ ਤੋਂ ਆਸ ਹੀ ਕੀਤੀ ਜਾਂਦੀ ਹੈ, ਪਰ ਕਿਤੇ ਉਹ ਬਾਜ ਦੀਆਂ ਕਿਸਮਾਂ ਦੱਸਦਾ ਹੈ, ਕਿਤੇ ਦਰੱਖਤਾਂ ਦੀਆਂ। ਸਾਰ ਰੂਪ ਵਿੱਚ ਆਖੀਏ ਤਾਂ ਲੇਖਕ ਨੇ ਪੂਰੀ ਮਿਹਨਤ ਨਾਲ ਜੋ ਉਸ ਦੇ ਕੋਲ ਹੈ, ਉਹ ਪੁਸਤਕ ਰਾਹੀਂ ਪੇਸ਼ ਕਰ ਦਿੱਤਾ ਹੈ। ਅਤੇ ਪਾਠਕ ਇੱਕ ਵਾਰ ਪੜ੍ਹਨਾ ਸ਼ੁਰੂ ਕਰੇਗਾ, ਤਾਂ ਦਿਲਚਸਪੀ ਬਣੀ ਰਹੇਗੀ ਅਤੇ ਉਹ ਅੰਤ ਤੱਕ ਪੜ੍ਹ ਕੇ ਹੀ ਦਮ ਲਵੇਗਾ। ਮੈਂ ਇਸ ਖੂਬਸੂਰਤ ਪੁਸਤਕ ਲਿਖਣ ਲਈ ਲੇਖਕ ਨੂੰ ਮੁਬਾਰਕ ਦਿੰਦਾ ਹਾਂ ਅਤੇ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਸਿਫਾਰਿਸ਼ ਕਰਦਾ ਹਾਂ।
***