You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»06 - ਓਲੰਪਿਕ ਖੇਡਾਂ ਦਾ ਪਿੰਡ ਵਿਸਲਰ

ਲੇਖ਼ਕ

Thursday, 15 October 2009 17:20

06 - ਓਲੰਪਿਕ ਖੇਡਾਂ ਦਾ ਪਿੰਡ ਵਿਸਲਰ

Written by
Rate this item
(1 Vote)

ਪਹਾੜਾਂ ਦੀ ਓਟ ਵਿੱਚ ਵਿਸਲਰ ਭਾਵੇਂ ਛੋਟਾ ਜਿਹਾ ਪਿੰਡ ਹੈ ਪਰ ਇਹ ਓਲੰਪਿਕ ਖੇਡਾਂ ਦਾ ਸਥਾਨ ਚੁਣਿਆਂ ਜਾਣ ਕਾਰਨ ਵਿਸ਼ਵ ਭਰ `ਚ ਪ੍ਰਸਿੱਧ ਹੋ ਗਿਆ ਹੈ। ਉਥੇ 2010 ਵਿੱਚ 12 ਫਰਵਰੀ ਤੋਂ 28 ਫਰਵਰੀ ਤਕ ਸਰਦੀਆਂ ਦੀਆਂ ਓਲੰਪਿਕ ਖੇਡਾਂ ਤੇ 12 ਤੋਂ 21 ਮਾਰਚ ਤਕ ਅਪਾਹਜਾਂ ਦੀਆਂ ਪੈਰਾਲਿੰਪਿਕ ਖੇਡਾਂ ਹੋਣਗੀਆਂ। ਖੇਡਾਂ ਸ਼ੁਰੂ ਹੋਣ `ਚ 1000 ਦਿਨ ਰਹਿ ਗਏ ਹਨ ਤੇ ਇਨ੍ਹਾਂ ਦਿਨਾਂ `ਚ ਖੇਡਾਂ ਦੀਆਂ ਤਿਆਰੀਆਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਵੈਨਕੂਵਰ ਤੋਂ ਵਿਸਲਰ ਨੂੰ ਜਾਂਦਾ ਹਾਈਵੇ-99 ਹੋਰ ਚੌੜਾ ਕੀਤਾ ਜਾ ਰਿਹੈ, ਰੇਲ ਗੱਡੀ ਚਲਾਈ ਜਾ ਰਹੀ ਹੈ ਤੇ ਖੇਡ ਭਵਨ ਉਸਾਰੇ ਜਾ ਰਹੇ ਹਨ। ਅਨੇਕਾਂ ਹੋਟਲ, ਮੋਟਲ ਤੇ ਰੈਸਟੋਰੈਂਟ ਵਜੂਦ ਵਿੱਚ ਆ ਰਹੇ ਹਨ। ਵੱਡੀ ਗਿਣਤੀ ਵਿੱਚ ਕਾਮਿਆਂ ਨੂੰ ਰੁਜ਼ਗਾਰ ਮਿਲਿਆ ਹੋਇਐ। 2008 ਤੋਂ ਵਲੰਟੀਅਰਾਂ ਦੀ ਭਰਤੀ ਵੀ ਸ਼ੁਰੂ ਹੋ ਜਾਵੇਗੀ। ਓਲੰਪਿਕ ਖੇਡਾਂ ਲਈ ਪੱਚੀ ਹਜ਼ਾਰ ਸੇਵਾਦਾਰਾਂ ਦੀ ਲੋੜ ਪਵੇਗੀ। ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਓਲੰਪਿਕ ਖੇਡਾਂ ਵੇਖਣ ਆਉਣਗੇ।

ਮੈਂ 1990 ਵਿੱਚ ਪਹਿਲੀ ਵਾਰ ਵਿਸਲਰ ਵੇਖਿਆ ਸੀ। ਕੈਲੇਫੋਰਨੀਆਂ ਤੋਂ ਮੇਰਾ ਭਰਾ ਭਜਨ ਸੰਧੂ ਮੈਨੂੰ ਤੇ ਮੇਰੀ ਪਤਨੀ ਨੂੰ ਕਾਰ ਰਾਹੀਂ ਕੈਨੇਡਾ ਲਿਆਇਆ ਸੀ। ਉਦੋਂ ਮੇਰਾ ਮਰਹੂਮ ਮਿੱਤਰ ਬੰਤ ਸਿੰਘ ਸਿੱਧੂ ਵੀ ਨਾਲ ਸੀ ਤੇ ਚਕਰ ਵਾਲਾ ਨਾਹਰ ਸਿੰਘ ਸਿੱਧੂ ਵੀ ਇੰਗਲੈਂਡ ਤੋਂ ਪਹੁੰਚਿਆ ਹੋਇਆ ਸੀ। ਐਬਟਸਫੋਰਡ ਤੋਂ ਦੌਧਰ ਦਾ ਜਗਤਾਰ ਸਿੰਘ ਤੇ ਤਲਵੰਡੀ ਦੁਸਾਂਝ ਦੇ ਚਰਨ ਸੰਘੇ ਹੋਰੀਂ ਪੂਰੀ ਵੈਨ ਭਰ ਕੇ ਚੱਲੇ ਸਨ। ਅਸੀਂ ਸਾਰਾ ਦਿਨ ਪਿਕਨਿਕ ਮਨਾਈ ਸੀ ਤੇ ਮੈਂ ਆਪਣੇ ਸਫਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ‘ਵਿਸਲਰ ਦੇ ਹੁਸੀਨ ਨਜ਼ਾਰੇ’ ਨਾਂ ਦਾ ਇੱਕ ਲੇਖ ਲਿਖਿਆ ਸੀ। ਲਿਖਿਆ ਸੀ:

-ਵਿਸਲਰ ਤੇ ਬਲੈਕੌਂਬ ਜੌੜੇ ਪਰਬਤ ਹਨ ਜਿਨ੍ਹਾਂ ਦੀ ਸੁੰਦਰਤਾ ਲਾਮਿਸਾਲ ਹੈ। ਇਨ੍ਹਾਂ ਦੀ ਕੁੱਖ ਵਿੱਚ ਵਿਸਲਰ ਨਾਂ ਦਾ ਪਿੰਡ ਵਸਿਆ ਹੋਇਆ ਹੈ। ਬ੍ਰਿਟਿਸ਼ ਕਲੰਬੀਆ ਦੇ ਇਸ ਪਹਾੜੀ ਪਿੰਡ ਦਾ ਇੱਕ ਹੁਸੀਨ ਸੈਰਗਾਹ ਵਜੋਂ ਵਿਕਾਸ ਕੀਤਾ ਗਿਆ ਹੈ। ਕੁਦਰਤ ਨੇ ਵਿਸਲਰ ਨੂੰ ਦੁੱਧ ਚਿੱਟੀਆਂ ਬਰਫ਼ਾਂ ਬਖਸ਼ੀਆਂ ਹਨ ਅਤੇ ਨੀਲੀਆਂ ਨਿਰਮਲ ਝੀਲਾਂ ਤੇ ਹਰੀਆਂ ਭਰੀਆਂ ਵਾਦੀਆਂ ਦਾ ਵਿਸਮਾਦ ਛਾਇਆ ਹੋਇਆ ਹੈ। ਮਨੁੱਖ ਦੀ ਕਾਰੀਗਰੀ ਨੇ ਕੁਦਰਤੀ ਹੁਸਨ ਨੂੰ ਆਪਣੀਆਂ ਛੋਹਾਂ ਨਾਲ ਹੋਰ ਵੀ ਹੁਸੀਨ ਬਣਾ ਦਿੱਤਾ ਹੈ। ਵਿਸਲਰ ਰਿਸਾਰਟ ਨਾਂ ਦੀ ਇਹ ਸੈਰਗਾਹ ਦੁਨੀਆਂ ਭਰ ਦੇ ਸੈਲਾਨੀਆਂ ਦਾ ਮੱਕਾ ਗਿਣੀ ਜਾਂਦੀ ਹੈ।

ਵਿਸਲਰ ਦੀ ਗੱਲ ਮੈਂ ਇਸ ਤਰ੍ਹਾਂ ਮੁਕਾਈ ਸੀ-ਵਿਸਲਰ ਵਿੱਚ ਬੜਾ ਕੁੱਝ ਵੇਖਣ ਵਾਲਾ ਸੀ। ਰੰਗ ਸਨ, ਤਮਾਸ਼ੇ ਸਨ, ਹੁਸਨ ਸੀ, ਖੇਡਾਂ ਸਨ ਤੇ ਪ੍ਰਕਿਰਤੀ ਦਾ ਗਦਰਾਇਆ ਹੋਇਆ ਜੋਬਨ ਸੀ। ਬਰਫ਼ਾਂ ਦੇ ਜਲਵੇ ਸਨ ਤੇ ਪਾਣੀਆਂ ਦੇ ਜਾਦੂ। ਵਿਸਲਰ ਵਿੱਚ ਕੋਈ ਟੂਣੇਹਾਰੀ ਖਿੱਚ ਸੀ। ਉਥੋਂ ਦੀਆਂ ਰੰਗੀਨੀਆਂ ਨੂੰ ਛੇਤੀ ਕੀਤੇ ਭੁਲਾਇਆ ਨਹੀਂ ਜਾ ਸਕਦਾ। ਵਿਸਲਰ ਦੀ ਸੈਰ ਸਤਰੰਗੀ ਪੀਂਘ ਦੇ ਝੂਟੇ ਵਰਗੀ ਸੀ, ਰੰਗ ਬਰੰਗੀ ਫੁੱਲਝੜੀ ਵਰਗੀ, ਮਤਾਬੀ ਡੱਬੀ ਦੇ ਚਾਨਣ ਵਰਗੀ ਤੇ ਸੁਫ਼ਨਿਆਂ `ਚ ਨੱਚਦੀਆਂ ਪਰੀਆਂ ਵਰਗੀ। ਇਹ ਸੈਰ ਦੇਰ ਤਕ ਚੇਤੇ ਰਹੇਗੀ।

ਉਦੋਂ ਸਾਡੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਕੁੱਝ ਸਾਲਾਂ ਬਾਅਦ ਇਸ ਪਿੰਡ ਵਿੱਚ ਸਿਆਲੂ ਓਲੰਪਿਕ ਖੇਡਾਂ ਹੋਣਗੀਆਂ। 2003 ਵਿੱਚ 2010 ਦੀਆਂ ਇੱਕੀਵੀਆਂ ਸਿਆਲੂ ਖੇਡਾਂ ਵਿਸਲਰ ਯਾਨੀ ਵੈਨਕੂਵਰ ਨੂੰ ਸੌਂਪੀਆਂ ਗਈਆਂ। ਜਦ ਪਰਾਗ ਵਿੱਚ ਓਲੰਪਿਕ ਖੇਡਾਂ ਵਿਸਲਰ ਨੂੰ ਅਲਾਟ ਕਰਨ ਦਾ ਐਲਾਨ ਹੋਇਆ ਤਦ ਵੈਨਕੂਵਰ ਦੇ ਜੀ.ਐੱਮ.ਪਲੇਸ ਵਿੱਚ ਜਸ਼ਨ ਸ਼ੁਰੂ ਹੋ ਗਏ ਸਨ। ਓਲੰਪਿਕ ਖੇਡਾਂ ਮਿਲ ਜਾਣ ਦੀ ਖ਼ੁਸ਼ੀ ਨੇ `ਕੇਰਾਂ ਤਾਂ ਕੈਨੇਡਾ ਦਿਵਸ ਦੇ ਜਸ਼ਨਾਂ ਨੂੰ ਵੀ ਮਾਤ ਪਾ ਦਿੱਤਾ ਸੀ। ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ ਉਰਫ਼ ਤੂਫ਼ਾਨ ਸਿੰਘ ਨੇ ਕਿਹਾ ਸੀ, “ਮੈਂ ਜਦੋਂ ਦਸ ਸਾਲ ਦਾ ਸਾਂ ਤਾਂ ਸੁਫ਼ਨਾ ਲਿਆ ਸੀ ਕਿ ਓਲੰਪਿਕ ਖੇਡਾਂ ਏਥੇ ਹੋਣ। ਅੱਜ ਮੇਰਾ ਸੁਫ਼ਨਾ ਪੂਰਾ ਹੋਇਆ ਹੈ ਤੇ ਮੈਂ ਬੇਹੱਦ ਖ਼ੁਸ਼ ਹਾਂ।”

ਗਰਮੀਆਂ ਦੀਆਂ ਨਵੀਨ ਓਲੰਪਿਕ ਖੇਡਾਂ 1896 ਤੋਂ ਸ਼ੁਰੂ ਹੋਈਆਂ ਸਨ ਜਦ ਕਿ ਸਰਦੀਆਂ ਦੀਆਂ ਬਰਫ਼ ਵਾਲੀਆਂ ਖੇਡਾਂ 1924 ਵਿੱਚ ਸ਼ੁਰੂ ਹੋਈਆਂ। ਉਦੋਂ ਤੋਂ ਇਹ ਹਰ ਚਾਰ ਸਾਲ ਬਾਅਦ ਹੁੰਦੀਆਂ ਆ ਰਹੀਆਂ ਹਨ। ਹੁਣ ਗਰਮੀਆਂ ਦੀਆਂ ਓਲੰਪਿਕ ਖੇਡਾਂ 2008 ਵਿੱਚ ਚੀਨ ਦੇ ਸ਼ਹਿਰ ਬੀਜਿੰਗ ਵਿੱਚ ਹੋਣਗੀਆਂ ਤੇ ਸਰਦੀਆਂ ਦੀਆਂ ਵਿਸਲਰ ਵਿਚ। ਕੁੱਝ ਸਾਲ ਪਹਿਲਾਂ ਵੈਨਕੂਵਰ ਬੀ.ਸੀ.ਦੀ ਨੁਮਾਇਸ਼ ਵੇਖਣ ਲਈ ਦੋ ਕਰੋੜ ਸੈਲਾਨੀ ਪੁੱਜੇ ਸਨ। ਆਸ ਕੀਤੀ ਜਾਂਦੀ ਹੈ ਕਿ 2010 ਦੀਆਂ ਓਲੰਪਿਕ ਖੇਡਾਂ ਵੇਲੇ ਵੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਦੇ ਖੇਡ ਪ੍ਰੇਮੀ ਕੈਨੇਡਾ ਆਉਣਗੇ। ਕੁਦਰਤੀ ਗੱਲ ਹੈ ਕਿ ਪੰਜਾਬ ਦੇ ਖੇਡ ਪ੍ਰੇਮੀ ਵੀ ਕੈਨੇਡਾ ਦੇ ਵਿਜ਼ਟਰ ਵੀਜ਼ੇ ਲੈਣ ਦੀ ਦੌੜ ਲਾਉਣਗੇ ਅਤੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਨੂੰ ਵੀ ਮਿਲ ਜਾਣਗੇ। ਸੰਭਵ ਹੈ ਪੰਜਾਬ ਦੇ ਕਬੂਤਰ ਵੀ ਉਡਾਰੀ ਮਾਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਖੇਡਾਂ ਦੀਆਂ ਟਿਕਟਾਂ ਲੈਣ ਦਾ ਪ੍ਰਬੰਧ ਕਰਨਾ ਪਵੇਗਾ। ਟਿਕਟਾਂ ਦੀ ਸੇਲ 2008 ਦੀ ਪਤਝੜ ਤੋਂ ਸ਼ੁਰੂ ਹੋਵੇਗੀ ਤੇ ਲੱਗਦਾ ਹੈ ਕਿ ਤੁਰਤ ਹੀ ਟਿਕਟਾਂ ਮੁੱਕ ਜਾਣਗੀਆਂ ਜਿਵੇਂ ਕਿ ਬੀਜਿੰਗ ਓਲੰਪਿਕਸ ਦੀਆਂ ਮੁੱਕ ਵੀ ਚੁੱਕੀਆਂ ਹਨ।

ਮੈਨੂੰ ਪ੍ਰੋਫੈਸਰੀ ਤੇ ਪ੍ਰਿੰਸੀਪਲੀ ਕਰਨ ਦਾ ਵੱਡਾ ਫਾਇਦਾ ਇਹ ਵੀ ਹੋਇਆ ਹੈ ਕਿ ਮੈਂ ਜਿਥੇ ਵੀ ਜਾਂਦਾ ਹਾਂ ਮੈਨੂੰ ਕੋਈ ਨਾ ਕੋਈ ਪੁਰਾਣਾ ਵਿਦਿਆਰਥੀ ਮਿਲ ਜਾਂਦਾ ਹੈ ਤੇ ਸੈਰ ਸਪਾਟਾ ਕਰਾਉਣ ਦੀ ਪੇਸ਼ਕਸ਼ ਕਰਦਾ ਹੈ। ਐਤਕੀਂ ਮੈਂ ਵੈਨਕੂਵਰ ਗਿਆ ਤਾਂ ਢੁੱਡੀਕੇ ਕਾਲਜ ਦੇ ਤਿੰਨ ਚਾਰ ਪੁਰਾਣੇ ਵਿਦਿਆਰਥੀ ਮਿਲੇ। ਦੌਧਰ ਦਾ ਕੰਵਰ ਸਿੰਘ ‘ਕੌਰਾ’ ਵਧੇਰੇ ਹੀ ਜ਼ੋਰ ਦੇਣ ਲੱਗਾ ਕਿ ਚਲੋ ਵਿਸਲਰ ਵਿਖਾ ਕੇ ਲਿਆਈਏ। ਖੇਡ ਲੇਖਕ ਲਈ ਏਦੂੰ ਢੁੱਕਵੀਂ ਥਾਂ ਹੋਰ ਕਿਹੜੀ ਹੋ ਸਕਦੀ ਸੀ? ਮੈਂ ਹਾਂ ਕਰ ਦਿੱਤੀ। ਸੁਆਲ ਹੁਣ ਮੌਸਮ ਦਾ ਸੀ। ਗਿੱਲ ਗਲੌਲੇ ਵਿੱਚ ਵਿਸਲਰ ਜਾਣ ਦਾ ਕੋਈ ਅਨੰਦ ਨਹੀਂ ਸੀ। ਮੇਰੇ ਕੋਲ ਤਿੰਨ ਦਿਨ ਸਨ। ਸਲਾਹ ਬਣੀ ਕਿ ਜਿੱਦਣ ਦਿਨ ਸਾਫ ਹੋਇਆ ਉੱਦਣ ਚੱਲਾਂਗੇ। ਕਰਨੀ ਕੁਦਰਤ ਦੀ ਕਿ ਅਗਲਾ ਹੀ ਦਿਨ ਚਮਕਦੀ ਧੁੱਪ ਵਾਲਾ ਸੀ। ਕੌਰਾ ਆਪਣੇ ਪੁੱਤਰਾਂ ਹਰਪ੍ਰੀਤ ਤੇ ਤਰਨਪ੍ਰੀਤ ਨੂੰ ਨਾਲ ਲੈ ਕੇ ਤੇ ਮੈਨੂੰ ਸੰਤੋਖ ਸਿੰਘ ਮੰਡੇਰ ਦੇ ਘਰੋਂ ਚੁੱਕ ਕੇ ਹਾਈਵੇ-99 ਉਤੇ ਜਾ ਚੜ੍ਹਿਆ। ਉਹਦੀ ਨਵੀਂ ਨੁੱਕ ਕਾਰ ਲਿਸ਼ਕਾਂ ਮਾਰ ਰਹੀ ਸੀ ਜਿਸ ਵਿੱਚ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਗੂੰਜ ਰਹੀਆਂ ਸਨ।

ਵੈਨਕੂਵਰ ਤੋਂ ਵਿਸਲਰ 135 ਕਿਲੋਮੀਟਰ ਹੈ। ਕੌਰੇ ਨੇ ਦਰਿਆ ਫਰੇਜ਼ਰ ਦਾ ਤਾਰਾਂ ਵਾਲਾ ਪੁਲ ਲੰਘ ਕੇ ਗੱਡੀ ਪੱਛਮੀ ਵੈਨਕੂਵਰ ਵੱਲ ਮੋੜੀ ਤੇ ਖਾੜੀ ਹਾਰਸ ਸ਼ੂਅ ਕੋਲ ਜਾ ਰੁਕਿਆ। ਇੱਕ ਬੰਨੇ ਪਹਾੜ ਸਨ ਜਿਨ੍ਹਾਂ ਦੇ ਪੱਥਰਾਂ ਵਿੱਚ ਵੀ ਰੁੱਖ ਉੱਗੇ ਹੋਏ ਸਨ। ਦੂਜੇ ਬੰਨੇ ਨੀਲ ਭਾਅ ਮਾਰਦੇ ਪਾਣੀ ਸਨ ਜਿਨ੍ਹਾਂ `ਚ ਟਾਪੂ ਵਿਖਾਈ ਦਿੰਦੇ ਸਨ। ਹਾਈਵੇ ਦੇ ਨਾਲ ਪਹਾੜੀਆਂ ਦੇ ਪੱਥਰਾਂ ਨੂੰ ਲੋਹੇ ਦੇ ਜਾਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਤਾਂ ਕਿ ਖਰਾਬ ਮੌਸਮ ਵਿੱਚ ਉਹ ਰੁੜ੍ਹ ਕੇ ਸੜਕ `ਤੇ ਨਾ ਆ ਡਿੱਗਣ। ਪਹਾੜੀਆਂ ਦੀ ਮਿੱਟੀ ਪਤਾ ਨਹੀਂ ਕਿਹੋ ਜਿਹੀ ਸੀ ਕਿ ਰੁੱਖ ਸਿਰ ਦੇ ਵਾਲਾਂ ਵਾਂਗ ਸੰਘਣੇ ਸਨ। ਥਾਂ ਪੁਰ ਥਾਂ ਸੜਕ ਦੇ ਕਾਮੇ ਕੰਮ ਲੱਗੇ ਹੋਏ ਸਨ ਜਿਸ ਕਰਕੇ ਕਿਤੇ ਕਿਤੇ ਟ੍ਰੈਫਿਕ ਹੌਲੀ ਹੋ ਜਾਂਦਾ ਸੀ।

ਕਾਰ ਦੇ ਸਟੀਰੀਓ ਉਤੇ ਕੀਰਤਨ ਤੋਂ ਪਿੱਛੋਂ ਪਾਪੂਲਰ ਹੋਇਆ ਰੁਮਾਂਟਿਕ ਗਾਣਾ ਵੱਜਣ ਲੱਗ ਪਿਆ ਸੀ-ਚੌਕੀਦਾਰ ਅਜੇ ਨਹੀਂ ਸੁੱਤਾ, ਨੀਂ ਸੋਹਣਾ ਆਉਣ ਨੂੰ ਫਿਰੇ …। ਖੋਲ੍ਹ ਚੁਬਾਰੇ ਵਾਲੀ ਬਾਰੀ, ਨੀਂ ਮੈਂ ਵੇਖਿਆ ਸੌ ਸੌ ਵਾਰੀ, ਗੇੜੇ ਮਾਰ ਗਿਆ ਚੰਨ ਚਾਲੀ, ਨੀਂ ਮੁੱਖ ਵਿਖਾਉਣ ਨੂੰ ਫਿਰੇ …। ਪੰਜਾਬੀ ਧੁਨਾਂ ਦਿਲਾਂ ਨੂੰ ਧੂਹਾਂ ਪਾ ਰਹੀਆਂ ਸਨ। ਵਿਚੇ ਕੌਰਾ ਹਾਸੇ ਮਖੌਲ ਦੀਆਂ ਕੁਤਕੁਤਾੜੀਆਂ ਕੱਢੀ ਜਾਂਦਾ ਸੀ ਤੇ ਦੌਧਰ ਦੇ ਅਮਲੀਆਂ ਦੀਆਂ ਛੱਡੀ ਜਾਂਦਾ ਸੀ। ਮੈਨੂੰ ਦੌਧਰ ਦੀ ਨਹਿਰ ਦੇ ਨਜ਼ਾਰੇ ਯਾਦ ਆ ਰਹੇ ਸਨ ਜਿਥੋਂ ਦੀ ਮੈਂ ਅਨੇਕਾਂ ਵਾਰ ਗੁਜ਼ਰਿਆ ਸਾਂ।

ਰਸਤੇ ਦੇ ਦ੍ਰਿਸ਼ ਤਾਂ ਬਥੇਰੇ ਹੁਸੀਨ ਸਨ ਪਰ ਵਿਸਲਰ ਪਹੁੰਚਣ ਦੀ ਤਾਂਘ ਵਿੱਚ ਕੌਰਾ ਗੱਡੀ ਦਾ ਐਕਸੀਲੇਟਰ ਦੱਬੀ ਗਿਆ। ਇੱਕ ਪਾਸੇ ਪਾਣੀ ਸੀ ਤੇ ਦੂਜੇ ਪਾਸੇ ਪਹਾੜੀਆਂ। ਕਿਤੇ ਕਿਤੇ ਸੈਲਾਨੀ ਮਦ ਮਸਤੀਆਂ ਕਰਦੇ ਵਿਖਾਈ ਦਿੰਦੇ। ਰਸਤੇ ਵਿੱਚ ਸ਼ਹਿਰ ਸੁਕੈਮਿਸ਼ ਆਇਆ ਜੋ ਲੱਕੜ ਦੀਆਂ ਮਿੱਲਾਂ ਕਾਰਨ ਪ੍ਰਸਿੱਧ ਹੈ। ਪਹਿਲਾਂ ਗਏ ਪੰਜਾਬੀਆਂ ਨੇ ਆਪਣਾ ਰੁਜ਼ਗਾਰ ਸੁਕੈਮਿਸ਼ ਦੀਆਂ ਲੱਕੜ ਮਿੱਲਾਂ `ਚੋਂ ਹੀ ਸ਼ੁਰੂ ਕੀਤਾ ਸੀ। ਮੇਰਾ ਇੱਕ ਵਿਦਿਆਰਥੀ ਸੁਰਿੰਦਰ ਸਿੰਘ ਦੌਧਰ ਹਾਲੇ ਵੀ ਉਥੇ ਹੀ ਕੰਮ ਕਰਦਾ ਹੈ। ਉਥੇ ਲਕੜੀ ਦਾ ਬੜਾ ਸੁੰਦਰ ਸੁਕੈਮਿਸ਼ ਐਡਵੈਂਚਰ ਸੈਂਟਰ ਉਸਾਰਿਆ ਗਿਆ ਹੈ ਜਿਸ ਦੀ ਸ਼ਾਨ ਨਿਰਾਲੀ ਹੈ। ਉਹਤੋਂ ਥੋੜ੍ਹੀ ਦੂਰ ਹੀ ਮਿਊਜ਼ਮ ਹੈ ਜਿਥੇ ਸੈਂਕੜੇ ਪ੍ਰਕਾਰ ਦੇ ਪੱਥਰਾਂ ਦੇ ਨਮੂਨੇ ਪਏ ਹਨ। ਅੱਗੇ ਵਧੇ ਤਾਂ ਇੱਕ ਪਾਸੇ ਐਲਿਸ ਲੇਕ ਸੀ ਤੇ ਨਾਲ ਬੜਾ ਸੁੰਦਰ ਪਾਰਕ ਸੀ। ਕਈ ਸੈਲਾਨੀ ਉਥੇ ਹੀ ਤੰਬੂ ਗੱਡੀ ਬੈਠੇ ਸਨ। ਮਨੁੱਖ ਦੇ ਮਨ ਪਰਚਾਵਿਆਂ ਦਾ ਵੀ ਕੋਈ ਅੰਤ ਨਹੀਂ। ਕੋਈ ਤੈਰ ਰਿਹਾ ਸੀ, ਕੋਈ ਧੁੱਪ ਸੇਕਦਾ ਤੇ ਕੋਈ ਬੈਠਾ ਮੱਛੀਆਂ ਫੜੀ ਜਾਂਦਾ ਸੀ। ਪਾਰਕ ਵਿੱਚ ਖਿੜੇ ਫੁੱਲਾਂ `ਚੋਂ ਸੁਗੰਧਾਂ ਆ ਰਹੀਆਂ ਸਨ ਤੇ ਝੂੰਮਦੇ ਹੋਏ ਰੁੱਖ ਸਵਾਗਤ ਕਰਦੇ ਜਾਪਦੇ ਸਨ।

ਅੱਗੇ ਗਏ ਤਾਂ ਹਾਈਵੇ ਦੇ ਨਾਲ ਹੀ ਲੰਮ ਸਲੰਮੀ ਡੇਜ਼ੀ ਲੇਕ ਆਈ। ਫਿਰ ਲਾਸਟ ਲੇਕ ਤੇ ਗਰੀਨ ਲੇਕ। ਅਸੀਂ ਦੁਪਹਿਰ ਤੋਂ ਪਹਿਲਾਂ ਵਿਸਲਰ ਪਹੁੰਚ ਗਏ। ਇਹ ਪਹਾੜਾਂ ਦੇ ਪੈਰਾਂ ਵਿੱਚ ਪੱਧਰੀ ਵਾਦੀ `ਚ ਪਸਰਿਆ ਬੜਾ ਪਿਆਰਾ ਪਿੰਡ ਹੈ। ਸਾਫ ਸੁਥਰੀਆਂ ਸੜਕਾਂ ਉਤੇ ਰੰਗ ਬਰੰਗੇ ਸੈਲਾਨੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਕੋਈ ਪੈਦਲ ਸੀ, ਕੋਈ ਸਾਈਕਲ ਉਤੇ, ਕੋਈ ਘੋੜੇ ਉਤੇ ਤੇ ਕੋਈ ਪੁਰਾਣੇ ਮਾਡਲ ਦੀ ਕਾਰ ਨਾਲ ਹੋਰਨਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਅਸੀਂ ਖੁੱਲ੍ਹੀ ਪਬਲਿਕ ਪਾਰਕਿੰਗ ਵੇਖ ਕੇ ਗੱਡੀ ਉਥੇ ਜਾ ਲਾਈ। ਹਰਪ੍ਰੀਤ ਨੂੰ ਉਥੇ ਹੀ ਕਿਸੇ ਦੀ ਡਿੱਗੀ ਚਾਬੀ ਦਿਸ ਪਈ। ਉਸ ਨੇ ਚਾਬੀ ਚੁੱਕੀ ਜਿਸ ਦੇ ਛੱਲੇ ਨਾਲ ਫੋਨ ਨੰਬਰ ਵੀ ਲਿਖਿਆ ਹੋਇਆ ਸੀ। ਉਸ ਨੇ ਉਸੇ ਵੇਲੇ ਆਪਣੇ ਸੈੱਲ ਫੋਨ ਤੋਂ ਨੰਬਰ ਡਾਇਲ ਕੀਤਾ। ਚਾਬੀ ਦਾ ਮਾਲਕ ਕਿਤੇ ਦੂਰ ਝੀਲ ਕੰਢੇ ਮੌਜ ਮੇਲਾ ਕਰ ਰਿਹਾ ਸੀ। ਉਸ ਨੇ ਧੰਨਵਾਦ ਸਹਿਤ ਬੇਨਤੀ ਕੀਤੀ ਕਿ ਚਾਬੀ ਪੁਲਿਸ ਸਟੇਸ਼ਨ `ਤੇ ਜਮ੍ਹਾਂ ਕਰਵਾ ਦਿੱਤੀ ਜਾਵੇ ਜੋ ਉਹ ਵਾਪਸੀ `ਤੇ ਹਾਸਲ ਕਰ ਲਵੇਗਾ। ਮੈਨੂੰ ਲੱਗਾ ਇਓਂ ਤਾਂ ਕਿਸੇ ਦੀ ਕੋਈ ਚੀਜ਼ ਗੁਆਚੇਗੀ ਹੀ ਨਹੀਂ!

ਸਭ ਤੋਂ ਪਹਿਲਾਂ ਅਸੀਂ ਓਲੰਪਿਕ ਖੇਡਾਂ ਦੇ ਸੂਚਨਾ ਕੇਂਦਰ ਵਿੱਚ ਗਏ ਤੇ ਲੋੜੀਂਦੀ ਜਾਣਕਾਰੀ ਹਾਸਲ ਕੀਤੀ। ਸਾਨੂੰ ਦੱਸਿਆ ਗਿਆ ਕਿ ਰਿਚਮੰਡ ਤੋਂ ਵਿਸਲਰ ਤਕ 120 ਕਿਲੋਮੀਟਰ ਦਾ ਖੇਤਰ ਹੈ ਜਿਥੇ ਵੱਖ ਵੱਖ ਸਥਾਨਾਂ ਉਤੇ ਦਰਜਨਾਂ ਖੇਡਾਂ ਦੇ ਮੁਕਾਬਲੇ ਹੋਣਗੇ। ਬਰਫ਼ ਦੀਆਂ ਖੇਡਾਂ ਵਿੱਚ ਹਾਕੀ, ਸਕੇਟਿੰਗ, ਸਕੀਂਗ, ਸੱਕੀ ਜੰਪਿੰਗ, ਬੌਬ ਸਲੇਅ, ਕਰਲਿੰਗ ਤੇ ਕਰਾਸ ਕੰਟਰੀ ਆਦਿ ਅਨੇਕਾਂ ਖੇਡਾਂ ਹਨ ਜੋ ਬਰਫ਼ੀਲੇ ਮੁਲਕਾਂ ਵਿੱਚ ਬੜੀਆਂ ਹਰਮਨ ਪਿਆਰੀਆਂ ਹਨ। ਉਥੇ ਓਲੰਪਿਕ ਖੇਡਾਂ ਦੇ ਨਿਸ਼ਾਨ ਤੇ ਝੰਡਿਆਂ ਦੇ ਮੂਹਰੇ ਆਰਜ਼ੀ ਵਿਕਟਰੀ ਸਟੈਂਡ ਰੱਖਿਆ ਹੋਇਆ ਸੀ ਜਿਸ ਉਤੇ ਖੜ੍ਹ ਕੇ ਸੈਲਾਨੀ ਆਪੋ ਆਪਣੇ ਫੋਟੋ ਖਿਚਵਾ ਰਹੇ ਸਨ। ਕਈ ਓਲੰਪਿਕ ਖੇਡਾਂ ਦੇ ਸੋਵੀਨਾਰ ਯਾਨੀ ਨਿਸ਼ਾਨੀਆਂ ਖਰੀਦ ਰਹੇ ਸਨ।

ਉਥੋਂ ਅਸੀਂ ਉਦਘਾਟਨੀ ਰਸਮਾਂ ਵਾਲਾ ਸਟੇਡੀਅਮ ਉਸਰਦਾ ਵੇਖਿਆ ਜੋ ਅਗਲੇ ਸਾਲ ਤਕ ਤਿਆਰ ਹੋ ਜਾਵੇਗਾ। 2008 ਦੇ ਅੰਤ ਤਕ ਖੇਡ ਸਥਾਨ ਖੇਡਾਂ ਦੀ ਸਿਖਲਾਈ ਲਈ ਤਿਆਰ ਕੀਤੇ ਜਾਣ ਦਾ ਟਾਈਮ ਟੇਬਲ ਹੈ। ਦਸ ਹਜ਼ਾਰ ਮੀਡੀਆਕਾਰਾਂ ਲਈ ਐਕਰੀਡੇਸ਼ਨ ਦਾ ਕਾਰਜ ਵੀ 2008 ਤੋਂ ਸ਼ੁਰੂ ਹੋ ਜਾਵੇਗਾ। ਜਿਸ ਮੀਡੀਏ ਨੇ ਆਪਣੇ ਨੁਮਾਇੰਦੇ ਓਲੰਪਿਕ ਖੇਡਾਂ ਕਵਰ ਕਰਨ ਲਈ ਭੇਜਣੇ ਹਨ ਉਨ੍ਹਾਂ ਨੂੰ ਸਮੇਂ ਸਿਰ ਅਰਜ਼ੀਆਂ ਭੇਜਣੀਆਂ ਚਾਹੀਦੀਆਂ ਹਨ। ਖੇਡਾਂ ਦੇ ਮੁੱਖ ਕੇਂਦਰ ਸਪੀਡ ਸਕੇਟਿੰਗ ਓਵਲ ਰਿਚਮੰਡ, ਵਿਸਲਰ ਸਲਾਈਡਿੰਗ ਸੈਂਟਰ, ਵਿਸਲਰ ਕਰੀਕਸਾਈਡ, ਸਾਈਪ੍ਰੈੱਸ ਮਾਊਂਟੇਨ, ਕਲੱਗਨ ਵੈੱਲੀ ਤੇ ਨਾਰਡਿਕ ਵੀਨੂ ਹੋਣਗੇ। ਓਲੰਪਿਕ ਖੇਡਾਂ ਦੇ ਦਿਨਾਂ ਵਿੱਚ ਕੁਲ ਦੁਨੀਆਂ ਦੀਆਂ ਨਜ਼ਰਾਂ ਵੈਨਕੂਵਰ ਤੇ ਵਿਸਲਰ ਵੱਲ ਹੋਣਗੀਆਂ। ਵਿਸਲਰ ਵਿਸ਼ਵ ਦੀ ਸਭ ਤੋਂ ਹੁਸੀਨ ਸੈਰਗਾਹ ਮੰਨੀ ਹੀ ਗਈ ਹੈ ਤੇ ਇਸ ਸਾਲ ਵੈਨਕੂਵਰ ਨੂੰ ਵੀ ਵਿਸ਼ਵ ਦਾ ਸਭ ਤੋਂ ਵਧੀਆ ਸ਼ਹਿਰ ਐਲਾਨਿਆ ਗਿਆ ਹੈ।

ਵਿਸਲਰ ਦੀ ਸੈਰ ਕਰਦਿਆਂ ਜਿਥੇ ਅਸੀਂ ਸੁੰਦਰ ਪਾਰਕ, ਬਾਗ ਬਗੀਚੇ, ਅਜਾਇਬ ਘਰ ਤੇ ਮਸਤੀ `ਚ ਮੇਲ੍ਹਦੇ ਸੈਲਾਨੀ ਵੇਖੇ ਉਥੇ ਇੱਕ ਸਾਈਕਲ ਸਵਾਰ ਦੇ ਹੈਰਾਨਕੁਨ ਕਰਤਬ ਵੀ ਤੱਕੇ। ਉਹ ਸਾਈਕਲ ਦੀ ਸਵਾਰੀ ਕਰਦਿਆਂ ਉਹਦੀਆਂ ਬਾਚੀਆਂ ਪੁਆਉਂਦਾ ਸਾਈਕਲ ਦੀਆਂ ਛਾਲਾਂ ਮਰਵਾ ਰਿਹਾ ਸੀ ਜਿਵੇਂ ਜਿਮਨਾਸਟਿਕਸ ਕਰਦਾ ਹੋਵੇ। ਉਹਦਾ ਸਾਈਕਲ ਉਤੇ ਕੰਟਰੋਲ ਅਚੰਭੇ `ਚ ਪਾਉਣ ਵਾਲਾ ਸੀ। ਉਹ ਮਦਾਰੀਆਂ ਵਾਂਗ ਤਮਾਸ਼ਾ ਵਿਖਾ ਕੇ ਦਰਸ਼ਕਾਂ ਤੋਂ ਪੈਸੇ ਵੀ `ਕੱਠੇ ਕਰ ਰਿਹਾ ਸੀ। ਤੁਰਦਿਆਂ ਫਿਰਦਿਆਂ ਸਾਡੀ ਭੁੱਖ ਚਮਕ ਪਈ ਤੇ ਅਸੀਂ ਇੱਕ ਪੰਜਾਬੀ ਰੈਸਟੋਰੈਂਟ ਵਿੱਚ ਜਾ ਵੜੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਰੈਸਟੋਰੈਂਟ ਹਰ ਥਾਂ ਮਿਲ ਜਾਂਦੇ ਹਨ। ਇੱਕ ਹੁਸ਼ਿਆਰਪੁਰੀਆ ਨੌਜੁਆਨ ਕਾਊਂਟਰ ਪਿੱਛੇ ਖੜ੍ਹਾ ਸੀ ਤੇ ਉਹਦੇ ਪਿੱਛੇ ਭਾਰਤੀ ਵਿਸਕੀਆਂ ਤੇ ਬੀਅਰਾਂ ਦੀ ਲਾਈਨ ਲੱਗੀ ਹੋਈ ਸੀ। ਰਸੋਈ ਵਿਚੋਂ ਪਿਆਜ਼ ਤੇ ਧਨੀਏ ਦੇ ਤੜਕੇ ਦੀਆਂ ਮਹਿਕਾਂ ਆ ਰਹੀਆਂ ਸਨ। ਹੁਸ਼ਿਆਰਪੁਰੀਆ ਰੋਟੀ ਪਰੋਸਦਾ ਸਾਡੇ ਨਾਲ ਗੱਲਾਂ ਵੀ ਕਰੀ ਗਿਆ ਜਿਵੇਂ ਪੰਜਾਬੀ ਵਿੱਚ ਗੱਲਾਂ ਕਰਨ ਦੀ ਭੁੱਖ ਪੂਰੀ ਕਰਦਾ ਹੋਵੇ।

ਜਿਨ੍ਹਾਂ ਸੈਲਾਨੀਆਂ ਨੇ ਪਹਾੜਾਂ ਦੇ ਧੁਰ ਉਪਰ ਜਾ ਕੇ ਬਰਫ਼ਾਂ ਦੇ ਨਜ਼ਾਰੇ ਮਾਨਣੇ ਸਨ ਉਹ ਗੰਡੋਲਿਆਂ ਉਤੇ ਚੜ੍ਹ ਰਹੇ ਸਨ। ਮੈਂ ਕਿਉਂਕਿ ਪਹਿਲਾਂ ਹੀ ਗੰਡੋਲੇ ਉਤੇ ਝੂਟੇ ਲੈਣ ਦਾ ਅਨੰਦ ਮਾਣ ਚੁੱਕਾ ਸਾਂ ਇਸ ਲਈ ਦੁਬਾਰਾ ਝੂਟੇ ਲੈਣਾ ਫਜ਼ੂਲ ਖਰਚੀ ਸਮਝਿਆ। ਨਾਲੇ ਸਾਡੇ ਕੋਲ ਸਮੇਂ ਦੀ ਵੀ ਘਾਟ ਸੀ। ਸ਼ਾਮ ਨੂੰ ਕੌਰੇ ਨੇ ਢੁੱਡੀਕੇ ਕਾਲਜ ਦੇ ਕੁੱਝ ਪੁਰਾਣੇ ਵਿਦਿਆਰਥੀ ਮੈਨੂੰ ਮਿਲਾਉਣ ਲਈ ਆਪਣੇ ਘਰ ਬੁਲਾਏ ਸਨ। ਮੁੜਦਿਆਂ ਅਸੀਂ ਫਿਰ ਕੁਦਰਤ ਦੇ ਨਜ਼ਾਰੇ ਮਾਣਦੇ ਆਏ। ਪੱਛਮੀ ਮੁਲਕਾਂ ਵਿੱਚ ਸੈਰ ਸਪਾਟੇ ਦਾ ਬੜਾ ਸ਼ੌਕ ਹੈ। ਜਿਵੇਂ ਸਾਡੇ ਲੋਕ ਤੀਰਥਾਂ `ਤੇ ਜਾਂਦੇ ਹਨ ਉਵੇਂ ਗੋਰੇ ਲੋਕ ਸੈਲ ਸਪਾਟੇ `ਤੇ ਚੜ੍ਹੇ ਰਹਿੰਦੇ ਹਨ।

ਮੁੜਦਿਆਂ ਅਸੀਂ ਝੀਲਾਂ ਦੇ ਕੰਢਿਆਂ ਉਤੇ ਰੁਕਦੇ ਆਏ। ਵਿਸਲਰ ਦੇ ਆਲੇ ਦੁਆਲੇ ਪੰਜ ਨਿੱਕੀਆਂ ਵੱਡੀਆਂ ਝੀਲਾਂ ਹਨ। ਗਰੀਨ ਲੇਕ ਸਭ ਤੋਂ ਵੱਡੀ ਹੈ ਤੇ ਲਾਸਟ ਲੇਕ ਸਭ ਤੋਂ ਛੋਟੀ। ਉਥੇ ਮੱਛੀਆਂ ਫੜਨ ਤੇ ਝੀਲਾਂ ਦੇ ਪੱਤਣਾਂ ਉਤੇ ਇਸ਼ਨਾਨ ਕਰਨ ਵਾਲਿਆਂ ਨੇ ਕੰਢੇ ਮੱਲੇ ਹੋਏ ਸਨ। ਗੋਰੀਆਂ ਰੇਤੇ ਉਤੇ ਲੇਟੀਆਂ ਧੁੱਪ ਇਸ਼ਨਾਨ ਕਰ ਰਹੀਆਂ ਸਨ। ਜਿਵੇਂ ਪੰਜਾਬੀਆਂ ਨੂੰ ਗੋਰੇ ਹੋਣ ਦਾ ਚਾਅ ਹੈ ਉਵੇਂ ਗੋਰੀਆਂ ਮੇਮਾਂ ਨੂੰ ਸਾਂਵਲੀਆਂ ਹੋਣ ਦੀ ਰੀਝ ਹੈ। ਝੀਲਾਂ ਵਿੱਚ ਪਾਣੀਆਂ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਸਨ। ਕੋਈ ਮੋਟਰ ਕਿਸ਼ਤੀ ਲਈ ਫਿਰਦਾ ਸੀ ਤੇ ਕੋਈ ਬਾਦਵਾਨੀ ਕਿਸ਼ਤੀ। ਵਧੇਰੇ ਕਿਸ਼ਤੀਆਂ ਵਿੱਚ ਔਰਤ ਤੇ ਮਰਦ ਜੋੜਿਆਂ ਦੇ ਰੂਪ ਵਿੱਚ ਸਵਾਰ ਸਨ। ਇਹ ਤਾਂ ਰੱਬ ਜਾਣੇ ਕਿ ਉਹ ਪਤੀ ਪਤਨੀ ਸਨ ਜਾਂ ਦੋਸਤ ਸਹੇਲੀਆਂ? ਪਰ ਉਹ ਬੁੱਲੇ ਜ਼ਰੂਰ ਲੁੱਟ ਰਹੇ ਸਨ। ਉਨ੍ਹਾਂ ਦੀ ਤਾਂ ਉਹ ਗੱਲ ਸੀ-ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ …।

ਛਿਪਦੇ ਸੂਰਜ ਦੀ ਲਾਲੀ ਨੇ ਪਹਾੜੀਆਂ ਨੂੰ ਸੁਨਹਿਰੀ ਰੰਗ ਚਾੜ੍ਹ ਦਿੱਤਾ ਸੀ। ਸਾਹਮਣੇ ਵੈਨਕੂਵਰ ਦੀਆਂ ਉੱਚੀਆਂ ਇਮਾਰਤਾਂ ਵੀ ਸੂਰਜ ਦੀ ਲਿਸ਼ਕੋਰ ਨਾਲ ਰੰਗੀਆਂ ਗਈਆਂ ਸਨ। ਅਸੀਂ ਫਿਰ ਫਰੇਜ਼ਰ ਦਾ ਪੁਲ ਲੰਘੇ ਤੇ ਕੌਰੇ ਦੇ ਘਰ ਜਾ ਮੇਲਾ ਲਾਇਆ। ਕਹਿੰਦੇ ਹਨ:

-ਨਿੱਤ ਨਿੱਤ ਵਗਦੇ ਰਹਿਣਗੇ ਪਾਣੀ ਨਿੱਤ ਪੱਤਣ `ਤੇ ਮੇਲਾ,

ਬਚਪਨ ਨਿੱਤ ਜੁਆਨੀ ਬਣਸੀ ਨਿੱਤ ਕੱਤਣ ਦਾ ਵੇਲਾ,

ਜੋ ਪਾਣੀ ਅੱਜ ਪੱਤਣੋਂ ਲੰਘਿਆ ਉਹ ਫੇਰ ਨਾ ਆਵੇ ਭਲਕੇ,

ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਫੇਰ ਨਾ ਬੈਠਣ ਰਲ ਕੇ।

ਕੋਈ ਪਤਾ ਨਹੀਂ ਵਿਸਲਰ ਦੀ ਤੀਜੀ ਸੈਰ ਦਾ ਸਬੱਬ ਕਦ ਬਣੇ ਤੇ ਕਦ ਮੁੜ ਕੇ ਨਿਖੜੇ ਹੋਏ ਸਾਥੀ ਮਿਲਣ?

Read 4606 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।