You are here:ਮੁਖ ਪੰਨਾ»ਰਚਨਾ ਅਧਿਐਨ»ਰੂਪ ਢਿੱਲੋਂ ਦਾ ‘ਰਾਂਝਾ’ ਨਾਵਲ ਬਰਤਾਨਵੀ ਤੇ ਪੰਜਾਬੀ ਸਭਿਆਚਾਰ ਦਾ ਸੁਮੇਲ

ਲੇਖ਼ਕ

Thursday, 12 February 2026 13:13

ਰੂਪ ਢਿੱਲੋਂ ਦਾ ‘ਰਾਂਝਾ’ ਨਾਵਲ ਬਰਤਾਨਵੀ ਤੇ ਪੰਜਾਬੀ ਸਭਿਆਚਾਰ ਦਾ ਸੁਮੇਲ

Written by
Rate this item
(0 votes)

ਰੂਪ ਢਿੱਲੋਂ ਪਰਵਾਸੀ ਪੰਜਾਬੀ ਸਾਹਿਤਕਾਰ ਹੈ। ਉਸਦੀਆਂ ਨੌਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਕਵਿਤਾ/ਕਹਾਣੀ ਅਤੇ ਅੱਠ ਨਾਵਲ ਸ਼ਾਮਲ ਹਨ। ਉਸਦੀ ਪੁਸਤਕ ‘ਭਰਿੰਡ’ 2011 ਅਤੇ ਬਾਕੀ ਅੱਠ ਨਾਵਲਾਂ ਵਿੱਚ ‘ਨੀਲਾ ਨੂਰ’ 2007, ‘ਬਾਬੇਲੋਨਾ : ਘਰ ਵਾਪਸੀ ‘ 2009, ‘ਓ’ 2013, 2014, ‘ਸਮੁਰਾਈ’ 2015, 2018, ‘ਸਿੰਧਬਾਦ 2020, ‘ਚਿੱਟਾ ਤੇ ਕਾਲਾ’ 2021, ‘ਹੌਲ’ 2023 ਅਤੇ ‘ਨਾਗਾਂ ਦੀ ਖੇਡ’ 2025 ਵਿੱਚ ਪ੍ਰਕਾਸ਼ਤ ਹੋਈਆਂ ਹਨ। 2007 ਤੋਂ ਲੈ ਕੇ ਜਦੋਂ ਉਸਦੀ ਪਹਿਲੀ ਪੁਸਤਕ ਛਪੀ ਸੀ, ਲਗਪਗ ਹਰ ਸਾਲ ਉਸਦੀ ਇੱਕ ਨਵੀਂ ਪੁਸਤਕ ਜਾਂ ਕਿਸੇ ਪੁਸਤਕ ਦਾ ਦੂਜਾ ਐਡੀਸ਼ਨ ਪ੍ਰਕਾਸ਼ਤ ਹੋ ਰਿਹਾ ਹੈ, ਭਾਵ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ।‘ਰਾਂਝਾ’ ਨਾਵਲ ਉਸਦੀ ਦਸਵੀਂ ਪੁਸਤਕ ਹੈ। ਇਹ ਨਾਵਲ ਪੰਜਾਬੀ ਸਭਿਆਚਾਰ ਅਤੇ ਬਰਤਾਨੀਆਂ ਦੇ ਸਭਿਆਚਾਰ ਦਾ ਸੁਮੇਲ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਪੰਜਾਬੀ ਪਰਿਵਾਰ ਬਰਤਾਨੀਆਂ ਵਿੱਚ ਜਾ ਕੇ ਭਾਵੇਂ ਉਥੋਂ ਦੇ ਸਭਿਆਚਾਰ, ਕਾਨੂੰਨ ਅਤੇ ਕਦਰਾਂ ਕੀਮਤਾਂ ਅਨੁਸਾਰ ਵਿਚਰਨ ਦੀ ਕੋਸ਼ਿਸ਼ ਕਰਦੇ ਹਨ, ਪ੍ਰੰਤੂ ਇਸਦੇ ਬਾਵਜੂਦ ਵੀ ਉਹ ਆਪਣੀ ਵਿਰਾਸਤ ਨੂੰ ਨਹੀਂ ਭੁੱਲ ਸਕਦੇ, ਅੰਗਰੇਜ਼ੀ ਤੇ ਪੰਜਾਬੀ ਭਾਸ਼ਾਵਾਂ ਨੂੰ ਰਲਗਡ ਕਰਕੇ ਬੋਲਦੇ ਹਨ। ਉਹ ਦੋਹਾਂ ਸਭਿਆਚਾਰਾਂ ਵਿੱਚ ਵਿਚਰਦਿਆਂ ਪੂਰੀ ਤਰੀਕੇ ਨਾਲ ਕਿਸੇ ਵੀ ਸਭਿਆਚਾਰ ‘ਤੇ ਪਹਿਰਾ ਨਹੀਂ ਦਿੰਦੇ। ਇਹ ਨਾਵਲ ਇੱਕ ਕਿਸਮ ਨਾਲ ਬਰਤਾਨੀਆਂ ਵਿੱਚ ਰਹਿ ਰਹੇ ਚਾਰ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਇਸ਼ਕ ਦੀ ਦਾਸਤਾਂ ਮਾਡਰਨ ਹੀਰ ਰਾਂਝੇ ਦੇ ਰੂਪ ਵਿੱਚ ਹੈ। ਨਾਵਲ ਦੇ ਸਾਰੇ ਪਾਤਰਾਂ ਦੇ ਨਾਂ ਹੀਰ ਰਾਂਝੇ ਦੇ ਕਿੱਸੇ ਦੇ ਪਾਤਰਾਂ ਵਾਲੇ ਹਨ। ਜਿਵੇਂ ਹੀਰ, ਰਾਂਝਾ, ਚੂਚਕ, ਕੈਦੋ, ਸੈਦੋ, ਸਹਿਤੀ ਆਦਿ। ਰੂਪ ਢਿੱਲੋਂ ਨੇ ਇਸ ਨਾਵਲ ਨੂੰ ਇਤਨਾ ਦਿਲਚਸਪ ਬਣਾਕੇ ਲਿਖਿਆ ਹੈ ਕਿ ਪਾਠਕ ਇੱਕ ਬੈਠਕ ਵਿੱਚ ਹੀ ਪੜ੍ਹਕੇ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹੋ ਨਾਵਲਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਨਾਵਲ ਵਿੱਚ ਪੰਜਾਬੀਆਂ ਦੇ ਪਰਵਾਸ ਵਿੱਚ ਜਾ ਕੇ ਜਦੋ ਜਹਿਦ ਕਰਕੇ ਸੈਟਲ ਹੋਣ ਅਤੇ ਆਪਣੀਆਂ ਪੁਰਾਣੀਆਂ ਆਦਤਾਂ ਅਤੇ ਨਵੇਂ ਸਭਿਆਚਾਰ ਵਿੱਚ ਅਡਜਸਟ ਹੋਣ ਦੀ ਕਹਾਣੀ ਵੀ ਦਿਲਚਸਪ ਬਣਾਕੇ ਵਿਖਾਈ ਹੈ। ਪੰਜਾਬੀ ਭਾਵੇਂ ਸੰਸਾਰ ਵਿੱਚ ਕਿਸੇ ਵੀ ਕੋਨੇ ਵਿੱਚ ਰਹਿਣ, ਪ੍ਰੰਤੂ ਆਪਣੀ ਬਿਮਾਰ ਮਾਨਸਿਕਤਾ ਤੋਂ ਖਹਿੜਾ ਨਹੀਂ ਛੁਡਾ ਸਕਦੇ। ਪਰਵਾਸ ਵਿੱਚ ਖੁਲ੍ਹਾ ਡੁਲ੍ਹਾ ਜੀਵਨ ਹੈ, ਮਰਦ ਔਰਤ ਦੇ ਆਪਸੀ ਵਿਚਰਣ ਤੇ ਕੋਈ ਸ਼ੱਕ ਨਹੀਂ ਕੀਤੀ ਜਾਂਦੀ, ਪ੍ਰੰਤੂ ਪਰਵਾਸ ਵਿੱਚ ਗਏ ਪੰਜਾਬੀ ਦੋਹਾਂ ਸਭਿਅਚਾਰਾਂ ਵਿੱਚ ਉਲਝੇ ਹੋਏ ਹਨ।

ਇਸ ਨਾਵਲ ਵਿੱਚ ਮੋਹਨ ਸਿੰਘ ਰਾਂਝਾ ਦੇ ਇੱਕ ਪਰਿਵਾਰ ਦੀ ਜਦੋ ਜਹਿਦ ਵਾਲੀ ਜ਼ਿੰਦਗੀ ਦਾ ਵਰਣਨ ਕੀਤਾ ਗਿਆ ਹੈ, ਦੂਜੇ ਪਾਸੇ ‘ਸਿਆਲ ਈਕੂਏਸਟਰੀਅਣ ਕੇਂਦਰ’ ਦੇ ਮਾਲਕ (ਚੂਚਕ) ਪਰਿਵਾਰ ਦੇ ਘਰੇਲੂ ਕਲੇਸ਼ ਤੋਂ ਬਾਅਦ ਇੰਗਲੈਂਡ ਵਿੱਚ ਜਦੋ ਜਹਿਦ ਤੋਂ ਬਾਅਦ ਖ਼ੁਸ਼ਹਾਲ ਜ਼ਿੰਦਗੀ ਦਾ ਪ੍ਰਗਟਾਵਾ ਹੈ, ਤੀਜੇ ਅਰਜਨ ਸਿੰਘ ਖੇੜਾ ਦੇ ਪਰਿਵਾਰ ਜਿਸ ਵਿੱਚ ਪਤਨੀ ਜੀਤੋ, ਸਪੁੱਤਰ (ਸਾਧੂ ਸਿੰਘ) ਸੈਦੋ ਤੇ ਲੜਕੀ ਸਹਿਤੀ, ਚੌਥੇ ਮੁਰਾਦ ਬਲੋਚ ਦਾ ਪਰਿਵਾਰ ਸ਼ਾਮਲ ਹਨ। ਚਾਰ ਪਰਿਵਾਰਾਂ ਦੀਆਂ ਕਹਾਣੀਆਂ ਬਰਾਬਰ ਚਲਦੀਆਂ ਹਨ। ਮੋਹਨ ਸਿੋੰਘ ਰਾਂਝਾ ਦੇ ਪਰਿਵਾਰ ਵਿੱਚ ਤਿੰਨ ਪੁਤਰ ਰਣਧੀਰ, ਅਜ਼ੀਮ ਤੇ ਸਭ ਤੋਂ ਛੋਟਾ ਧੀਦੋ ਸਿੰਘ ਰਾਂਝਾ, ਰਣਧੀਰ ਦੀ ਪਤਨੀ ਵੀਣਾ ਤੇ ਅਜ਼ੀਮ ਦੀ ਪਤਨੀ ਸੁਖੀ। ਧੀਦੋ ਸਿੰਘ ਰਾਂਝੇ ਦਾ ਉਥੋਂ ਦੇ ਕਾਨੂੰਨ ਦੇ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣਾ ਆਦਿ ਦਰਸਾਇਆ ਹੈ। ਨਾਵਲ ਦੀ ਕਹਾਣੀ ਰੂਪ ਢਿੱਲੋਂ, ਅਜ਼ੀਮ ਦੇ ਪਾਤਰ ਰਾਹੀਂ ਫਸਟ ਪਰਸਨ ਵਿੱਚ ਸਣਾਉਂਦਾ ਹੈ।

ਜਿਵੇਂ ਪੰਜਾਬ ਵਿੱਚ ਸਾਂਝੇ ਪਰਿਵਾਰਾਂ ਦੀ ਆਪਸੀ ਖਿਚੋਤਾਣ, ਰਹਿਣ ਸਹਿਣ, ਦਰਾਣੀ ਜਠਾਣੀ, ਦਿਓਰ/ਜੇਠ ਭਰਜਾਈ ਦਾ ਇਸ਼ਕ ਮੁਸ਼ਕ ਅਤੇ ਸਕੇ ਭੈਣ ਭਰਾਵਾਂ ਵਿੱਚ ਪਿਆਰ ਤੇ ਖਟਾਸ ਅਤੇ ਪਰਿਵਾਰਾਂ ਦੀ ਜਾਇਦਾਦ ਦੇ ਮਸਲਿਆਂ ਦਾ ਵੇਰਵਾ ਦ੍ਰਿਸ਼ਟਾਂਤਿਕ ਢੰਗ ਨਾਲ ਦਿੱਤਾ ਗਿਆ ਹੈ। ਰੂਪ ਢਿੱਲੋਂ ਹਰ ਗੱਲ, ਘਟਨਾ ਅਤੇ ਹਰ ਪਰਿਵਾਰ ਦਾ ਵੇਰਵਾ ਦੇਣ ਸਮੇਂ ਅਜਿਹਾ ਚਿਤਰਣ ਕਰਦਾ ਹੈ ਕਿ ਸੀਨ ਸਾਹਮਣੇ ਵਿਖਾਈ ਦੇਣ ਲੱਗ ਜਾਂਦਾ ਹੈ, ਜਿਵੇਂ ਪਾਠਕ ਖੁਦ ਸਾਰਾ ਕੁਝ ਵੇਖ ਰਿਹਾ ਹੈ। ਸ਼ਾਇਦ ਕੁਝ ਚੈਪਟਰ ਨਾਵਲ ਦਾ ਸਾਈਜ਼ ਵਧਾਉਣ ਲਈ ਬਣਾਏ ਗਏ ਲਗਦੇ ਹਨ। ਮੈਨੂੰ ਲੱਗਦਾ ਹੈ ਕਿ ਕਈ ਵਾਰ ਉਹ ਮੁੱਖ ਵਿਸ਼ੇ ਤੋਂ ਦੂਰ ਚਲਾ ਜਾਂਦਾ ਹੈ ਅਤੇ ਇਨ੍ਹਾਂ ਅਧਿਆਵਾਂ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਚਲਾ ਜਾਂਦਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਸਾਰੇ ਵਿਸ਼ਿਆਂ ਨੂੰ ਇੱਕ ਕਿਤਾਬ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ।

ਇਸੇ ਤਰ੍ਹਾਂ ਮਾਪਿਆਂ ਦਾ ਆਪਣੀ ਔਲਾਦ ਨਾਲ ਪਿਆਰ ਦੀ ਵੀ ਬਿਹਤਰੀਨ ਪ੍ਰਗਟਾਵਾ ਵਿਖਾਇਆ ਗਿਆ ਹੈ। ਮਾਪਿਆਂ ਲਈ ਸਾਰੀ ਔਲਾਦ ਬਰਾਬਰ ਹੁੰਦੀ ਹੈ, ਪ੍ਰੰਤੂ ਫਿਰ ਵੀ ਥੋੜ੍ਹਾ ਬਹੁਤਾ ਫ਼ਰਕ ਰੱਖਦੇ ਹਨ। ਪਰਿਵਾਰ ਵਿੱਚ ਇੱਕ ਨਾ ਇੱਕ ਮੈਂਬਰ ਜ਼ਰੂਰ ਬਾਕੀਆਂ ਨਾਲੋਂ ਵਿਲੱਖਣ ਕਿਸਮ ਦਾ ਹੁੰਦਾ ਹੈ, ਜਿਵੇਂ ਸਭ ਤੋਂ ਛੋਟਾ ਧੀਦੋ ਸਿੰਘ ਰਾਂਝਾ, ਜਿਸਨੂੰ ਨਿਖੱਟੂ ਵੀ ਕਹਿੰਦੇ ਹਨ, ਪ੍ਰੰਤੂ ਵੰਝਲੀ ਕਮਾਲ ਦੀ ਵਜਾਉਂਦਾ ਹੈ। ਇੱਕ ਕਿਸਮ ਨਾਲ ਹੀਰ ਰਾਂਝੇ ਦੀ ਕਹਾਣੀ ਮਾਡਰਨ ਹੀਰ ਰਾਂਝੇ ਦੇ ਰੂਪ ਵਿੱਚ ਦਰਸਾਈ ਗਈ ਹੈ। ਧੀਦੋ ਸਿੰਘ ਰਾਂਝਾ ਭਰਜਾਈਆਂ ਦੇ ਮਿਹਣਿਆਂ ਅਤੇ ਜ਼ਿੰਦਗੀ ਵਿੱਚ ਸਫਲ ਹੋ ਕੇ ਸੁੰਦਰ ਪਤਨੀ ਲਿਆਉਣ ਨੂੰ ਪੂਰਾ ਕਰਨ ਲਈ ਹੀਰ ਦੀ ਭਾਲ ਵਿੱਚ ਜਦੋ ਜਹਿਦ ਕਰਦਾ ਹੈ। ਉਸ ਵਿੱਚ ਰਾਂਝੇ ਵਾਲੇ ਸਾਰੇ ਗੁਣ ਵਿਖਾਏ ਗਏ ਹਨ। ਉਸਨੂੰ ਅਣਖੀ ਤੇ ਹੀਰ ਨੂੰ ਪਾਉਣ ਲਈ ਮਿਹਨਤ ਤੇ ਜਦੋ ਜਹਿਦ ਕਰਦਾ ਵਿਖਾਇਆ ਗਿਆ ਹੈ। ਰੂਪ ਢਿੱਲੋਂ ਦੀ ਇੱਕ ਹੋਰ ਕਮਾਲ ਹੈ ਕਿ ਉਹ ਜੋ ਵੀ ਲਿਖਦਾ ਹੈ, ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਸਾਰਾ ਕੁਝ ਵਾਪਰਦਾ ਪਾਠਕ ਵੇਖ ਰਿਹਾ ਹੋਵੇ।ਇਸ ਕਰਕੇ ਨਾਵਲ ਭਾਵੇਂ ਠੇਠ ਪੰਜਾਬੀ ਵਿੱਚ ਹੈ, ਪ੍ਰੰਤੂ ਕਈ ਵਾਰ ਉਸਦੀ ਗੱਲ ਪੱਲੇ ਨਹੀਂ ਪੈਂਦੀ ਕਿ ਉਹ ਕਹਿਣਾ ਕੀ ਚਾਹੁੰਦਾ ਹੈ, ਮੇਰੀ ਸਮਝ ਅਨੁਸਾਰ, ਪੰਜਾਬੀ ਉਸਦੀ ਦੂਜੀ ਭਾਸ਼ਾ ਹੋਣ ਅਤੇ ਗੁੰਝਲਦਾਰ ਵਾਕਾਂ ਨੂੰ ਧਿਆਨ ਨਾਲ ਲਿਖਣ ਦਾ ਮਿਸ਼ਰਣ ਹੈ ਜੋ ਅੰਗਰੇਜ਼ੀ ਸਾਹਿਤ ਅਤੇ ਭਾਸ਼ਾ ਦੇ ਵਧੇਰੇ ਆਮ ਹਨ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਪਾਠਕ ਹਰ ਚੀਜ਼ ਨੂੰ ਆਸਾਨੀ ਨਾਲ ਸਮਝਣ ਲਈ ਤਿਆਰ ਨਹੀਂ ਹੈ ਪਰ ਉਸਨੂੰ ਇਸ ‘ਤੇ ਕੰਮ ਕਰਨਾ ਪੈਂਦਾ ਹੈ।ਕਿਉਂਕਿ ਪਰਵਾਸ ਵਿੱਚ ਰਹਿਣ ਕਰਕੇ ਲਿਖਣ ਦਾ ਥੋੜ੍ਹਾ ਅੰਤਰ ਹੈ, ਕੁਝ ਫ਼ਿਕਰੇ ਅਸ਼ਪਸ਼ਟ ਜਿਹੇ ਹੁੰਦੇ ਹਨ? ਭਾਵੇਂ ਸ਼ਬਦਾਵਲੀ ਵੀ ਉਹ ਠੇਠ ਪੰਜਾਬੀ ਵਰਤਦਾ ਹੈ, ਜਿਵੇਂ ਹਿੜਹਿੜਾਉਣਾ, ਭੋਂਡੀ ਤੀਵੀਂ, ਜਨੌਰ, ਸਾਝਰਾ, ਤਿਹਾਕਾਲ, ਨਿੰਬਲ, ਬੇਦਾਗ਼, ਛੜਾ ਛਾਂਟ ਸਿਆਪਾ, ਪ੍ਰੇਮ ਕੁੱਠਾ, ਸ਼ੀਸ਼ ਡੱਬ, ਹਿੰਡ, ਹਾਜਰੀ, ਤੱੜਕਖ਼ੋਰੀ, ਕੰਡ, ਲੂੰਬੜ, ਤਸਕਰੀ, ਚੰਬਲਦਾ, ਝਾੜ ਝੜਨਾ, ਦੁਸਾਂਘਿਆਂ, ਖੜੀਚ, ਪੈਂਤੜਾ, ਸੁਰਾਖੀਆਂ, ਘਾਤੜਿਆ, ਟਟਵਾਣੀਆਂ, ਕੜਤਲ, ਉਮੰਗ, ਝੁੰਜਲ, ਬਿਲਬਿਲਾਉਂਦਾ, ਝੰਜਟ, ਹੇਰਵੇ, ਅੱਖ ਮਟੱਕਾ, ਝਾਕੀ ਝਾਕੀ, ਖੁਤਖੁਤੀਆਂ, ਦਕਿਆਨੂਸੀ, ਮੁਖਾਲਫ਼ਤ, ਸ਼ਰੀਕ, ਆੜੀ, ਕਾੜ੍ਹਨੀ, ਚੁੜੇਲ, ਕਸੋਹਣਾ, ਹਰਾਰਤ ਅਤੇ ਪਿਛਲਪੈਰੇ ਆਦਿ।

ਇੰਗਲੈਂਡ ਵਿੱਚ ਵੀ ਜਾਤੀਵਾਦ, ਵੱਖਰੇ ਗੁਰਦੁਆਰੇ, ਡੇਰੇ ਹਨ ਤੇ ਗੋਰਿਆਂ ਵਿੱਚ ਵੀ ਪਰਿਵਾਰਿਕ ਕਲੇਸ਼, ਜਾਇਦਾਦ ਦੇ ਝਗੜੇ ਤੇ ਤਰਫਦਾਰੀ ਵਿਖਾਈ ਗਈ ਹੈ। ਭਾਰਤ ਦੀਆਂ ਪਰੰਪਰਾਵਾਂ ਨਾਲੋਂ ਬਰਤਾਨੀਆਂ ਦੇ ਸਭਿਆਚਾਰ ਦਾ ਫ਼ਰਕ ਵੀ ਦਰਸਾਇਆ ਗਿਆ ਹੈ, ਲੜਕੇ ਅਤੇ ਲੜਕੀਆਂ ਨੂੰ ਆਪਣੇ ਵਰ ਆਪ ਲੱਭਣੇ ਪੈਂਦੇ ਹਨ, ਇਥੇ ਵਿਚੋਲਗਿਰੀ ਦਾ ਰਿਵਾਜ਼ ਨਹੀਂ ਹੈ। ਹੀਰ ਦੇ ਪਾਤਰ ਨੂੰ ਅਦਰਸ਼ਕ ਵਿਖਾਇਆ ਗਿਆ ਹੈ, ਜੋ ਵਿਆਹ ਤੋਂ ਬਾਅਦ ਵੀ ਆਪਣੇ ਪਤੀ ਨਾਲ ਹਮਬਿਸਤਰ ਨਹੀਂ ਹੁੰਦੀ। ਬੜੀ ਕਸ਼ਮਕਸ਼ ਤੋਂ ਬਾਅਦ ਰਾਂਝਾ ਹੀਰ ਦੀਆਂ ਸਹੇਲੀਆਂ ਬਰਾਸਤਾ ਸਹਿਤੀ ਹੀਰ ਨੂੰ ਮਿਲਣ ਵਿੱਚ ਸਫਲ ਹੋ ਜਾਂਦਾ ਹੈ। ਰਾਂਝਾ ਸਹਿਤੀ ਦੇ ਪ੍ਰੇਮੀ ਮੁਰਾਦ ਬਲੋਚ ਨੂੰ ਮਿਲਦਾ ਹੈ ਤੇ ਫਿਰ ਉਹ ਦੋਵੇਂ ਯੋਜਨਾ ਬਣਾਕੇ ਹੀਰ ਨੂੰ ਰਾਂਝਾ ਤੇ ਸਹਿਤੀ ਨੂੰ ਮੁਰਾਦ ਬਲੋਚ ਭਜਾ ਕੇ ਲੈ ਜਾਂਦੇ ਹਨ। ਵੈਸੇ ਕਹਾਣੀ ਤਾਂ ਜਾਣੀਏ ਹੀਰ ਰਾਂਝੇ ਦੀ ਕਥਾ ਦੇ ਹਿਸਾਬ ਨਾਲ ਤੁਰਦੀ ਹੀ ਹੈ। ਬਹੁਤੇ ਵੇਵਰੇ ਨਹੀਂ ਇੱਥੇ ਦੇਣੇ ਕਿਉਂਕਿ ਪਾਠਕ ਵਾਸਤੇ ਕਈ ਕੁਝ ਪੜ੍ਹਨਯੋਗ ਹੈ। ਖ਼ੁਦ ਪਾਠਕ ਦੇ ਤੌਰ ‘ਤੇ ਆਪਣੇ ਲਈ ਇਹ ਖੋਜਣ ਲਈ ਕਿ ਬਹੁਤ ਕੁਝ ਹੈ, ਜੋ ਇਸਨੂੰ ਮਜ਼ੇਦਾਰ ਬਣਾ ਦੇਵੇਗਾ।ਇਸ ਸਾਰੇ ਬ੍ਰਿਤਾਂਤ ਨੂੰ ਅਜਿਹੇ ਢੰਗ ਨਾਲ ਲਿਖਿਆ ਹੈ ਕਿ ਪਾਠਕ ਦੀ ਦਿਲਚਸਪੀ ਵੱਧ ਜਾਂਦੀ ਹੈ ਕਿ ਅੱਗੇ ਕੀ ਹੋਵੇਗਾ।

ਨਾਵਲ ਦਾ ਅੰਤ ਦੁਖਾਂਤਕ ਹੁੰਦਾ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਬਰਤਾਨੀਆ ਵਿੱਚ ਬੈਠਕੇ ਅਜਿਹਾ ਦਿਲਚਸਪ ਨਾਵਲ ਲਿਖਣਾ ਇੱਕ ਵਿਲੱਖਣ ਪ੍ਰਾਪਤੀ ਹੈ।

Read 303 times