ਅੱਜ ਇੱਕ ਇਸ਼ਤਿਹਾਰ ਪੜ੍ਹਿਐ-ਵਾਕ ਇਨਟੂ ਹੈੱਲਥ। ਯਾਨੀ ਤੁਰੋ ਤੇ ਤੰਦਰੁਸਤ ਰਹੋ। ਇਸ ਨੇ ਮੈਨੂੰ ਵੀਹ ਸਾਲ ਪਹਿਲਾਂ ਦੀ ਹੱਡਬੀਤੀ ਯਾਦ ਕਰਾ ਦਿੱਤੀ ਹੈ। ਉਦੋਂ ਮੈਂ ਲੇਖ ਲਿਖਿਆ ਸੀ-ਪੈਰੀਂ ਤੁਰਨ ਦਾ ਅਨੰਦ। ਲੇਖ ਪੜ੍ਹ ਕੇ ਵੈਨਕੂਵਰ ਤੋਂ ਗੁਰਚਰਨ ਰਾਮਪੁਰੀ ਨੇ ਚਿੱਠੀ ਲਿਖੀ ਸੀ ਕਿ ਉਹ ਆਰਟੀਕਲ ਕੱਟ ਕੇ ਉਸ ਨੇ ਆਪਣੇ ਮੇਜ਼ ਦੇ ਸਾਹਮਣੇ ਚਿਪਕਾ ਲਿਆ ਹੈ ਤਾਂ ਕਿ ਤੁਰਨਾ ਸਦਾ ਯਾਦ ਰਹੇ। ਉਨ੍ਹਾਂ ਦਿਨਾਂ ਵਿੱਚ ਮੈਂ ਖ਼ੁਦ ਲੰਮੀਆਂ ਤੋਰਾਂ ਦਾ ਅਭਿਆਸ ਕੀਤਾ ਸੀ ਤੇ ਤੁਰਨ ਦਾ ਅਨੰਦ ਮਾਣਨ ਦੇ ਨਾਲ ਮਨਇੱਛਤ ਫਲ ਪਾਇਆ ਸੀ। ਮੈਂ ਚਾਹੁੰਦਾ ਸਾਂ ਕਿ ਮੇਰਾ ਭਾਰ ਅੱਸੀ ਕਿੱਲੋ ਤੋਂ ਕਦੇ ਨਾ ਵਧੇ। ਪਰ ਉਹ ਵਧ ਗਿਆ ਸੀ ਤੇ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ।
ਵਧੇਰੇ ਖਾਣ ਦੀ ਬਾਣ ਮੈਨੂੰ ਬਚਪਨ ਤੋਂ ਹੀ ਪਈ ਹੋਈ ਸੀ ਤੇ ਉਹ ਮੈਥੋਂ ਛੱਡੀ ਨਹੀਂ ਸੀ ਜਾਂਦੀ। ਮੈਂ ਉਦੋਂ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਂਦਾ ਸਾਂ ਜਿਥੇ ਖਾਣ ਪੀਣ ਵਾਧੂ ਸੀ। ਪਿੰਡੋਂ ਦੇਸੀ ਘਿਉ ਆ ਜਾਂਦਾ ਸੀ ਤੇ ਗੁਆਂਢੋਂ ਮੱਝਾਂ ਦਾ ਦੁੱਧ ਮਿਲਦਾ ਰਹਿੰਦਾ ਸੀ। ਦਾਲ ਸਬਜ਼ੀ `ਚ ਮੱਖਣ ਘਿਓ ਪਾਏ ਬਿਨਾਂ ਰੋਟੀ ਸੁਆਦ ਨਹੀਂ ਸੀ ਲੱਗਦੀ। ਭਾਰ ਵਧਦਾ ਨਾ ਤਾਂ ਹੋਰ ਕੀ ਕਰਦਾ?
ਅਸੀਂ ਪੰਜ ਭਰਾ ਹਾਂ। ਮੈਥੋਂ ਬਿਨਾਂ ਸਾਰੇ ਹੀ ਨੱਬੇ ਕਿੱਲੋ ਤੋਂ ਉਤੇ ਹਨ ਤੇ ਮੈਥੋਂ ਵੱਡਾ ਤਾਂ ਕੁਇੰਟਲ ਤੋਂ ਵੀ ਉਤੇ ਹੈ। ਉਹ ਸਮਝਦੇ ਹਨ ਕਿ ਸਾਨੂੰ ਵਿਰਾਸਤ ਹੀ ਭਾਰੇ ਹੋਣ ਦੀ ਮਿਲੀ ਹੈ। ਪਰ ਵੱਡੇ ਭਰਾ ਨੂੰ ਵੇਖ ਕੇ ਮੈਂ ਸੁਚੇਤ ਸਾਂ ਕਿਤੇ ਮੈਂ ਵੀ ਕੁਇੰਟਲ ਤੋਂ ਟੱਪ ਨਾ ਜਾਵਾਂ। ਮੈਂ ਤਾਂ ਕਾਲਜ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਸਾਹਮਣੇ ਵੀ ਵਿਚਰਨਾ ਸੀ। ਅੱਸੀ ਕਿੱਲੋ ਤਕ ਤਾਂ ਮੈਂ ਤੀਹ ਸਾਲ ਦੀ ਉਮਰ `ਚ ਹੀ ਅੱਪੜ ਗਿਆ ਸਾਂ। ਫਿਰ ਮੈਂ ਭਾਰ ਵਧਣ ਦਾ ਫਿਕਰ ਕਰਨ ਲੱਗਾ। ਕਸਰਤ ਵਧਾਈ ਗਿਆ ਪਰ ਖੁਰਾਕ ਨਾ ਘਟਾਈ। ਕਸਰਤ ਕਰਦਾ ਮਹੀਨੇ `ਚ ਸੌ ਮੀਲ ਦੌੜਨ ਦੀ ਔਸਤ ਪਾ ਜਾਂਦਾ। ਕਈ ਸਾਲ ਭਾਰ ਅੱਸੀ ਕਿੱਲੋ ਦੇ ਆਲੇ ਦੁਆਲੇ ਘੁੰਮਦਾ ਰਿਹਾ।
ਉਮਰ ਪੰਤਾਲੀ ਛਿਆਲੀ ਸਾਲ ਦੀ ਹੋਈ ਤਾਂ ਸੂਈ ਚੁਰਾਸੀ ਪੰਜਾਸੀ ਕਿੱਲੋ ਤਕ ਜਾਣ ਲੱਗ ਪਈ। ਉਹਨੀਂ ਦਿਨੀ ਮੈ ‘ਸੀਕਰਟ ਆਫ਼ ਸਲਿੰਮਿੰਗ’ ਨਾਂ ਦੀ ਇੱਕ ਕਿਤਾਬ ਪੜ੍ਹੀ ਜਿਸ ਦਾ ਤੱਤਸਾਰ ਸੀ ਕਿ ਪਹਿਲਾਂ ਨਾਲੋਂ ਖੁਰਾਕ ਤੀਜਾ ਹਿੱਸਾ ਘਟਾਓ ਤੇ ਕਸਰਤ ਡੇਢੀ ਕਰ ਲਓ। ਮਤਲਬ ਜੇ ਤਿੰਨ ਹਜ਼ਾਰ ਕਲੋਰੀਆਂ ਢਿੱਡ `ਚ ਪਾਉਂਦੇ ਹੋ ਤਾਂ ਦੋ ਹਜ਼ਾਰ ਕਰ ਲਓ ਤੇ ਜੇ ਦੋ ਹਜ਼ਾਰ ਕਲੋਰੀਆਂ ਬਾਲਦੇ ਓ ਤਾਂ ਤਿੰਨ ਹਜ਼ਾਰ ਬਾਲਣ ਲੱਗ ਪਓ। ਜਦੋਂ ਭਾਰ ਮਿਥੇ ਟੀਚੇ `ਤੇ ਆ ਟਿਕੇ ਤਾਂ ਓਨੀਆਂ ਕਲੋਰੀਆਂ ਈ ਢਿੱਡ `ਚ ਪਾਓ ਜਿੰਨੀਆਂ ਬਾਲ ਸਕੋ।
ਮੈਨੂੰ ਨੁਸਖ਼ਾ ਲੱਭ ਗਿਆ। ਭਾਰ ਹਵਾ ਨਾਲ ਤਾਂ ਵਧਦਾ ਨਹੀਂ, ਖਾਧੇ ਪੀਤੇ ਹੀ ਵਧਦਾ। ਮੈਂ ਸਮਝ ਗਿਆ ਕਿ ਹੁਣ ਘਟੂ ਵੀ ਖੁਰਾਕ ਘਟਾ ਕੇ, ਤੁਰ ਫਿਰ ਕੇ ਤੇ ਨੱਠ ਭੱਜ ਕੇ। ਮੈਂ ਬੈਠ ਕੇ ਜਾਂ ਲੇਟ ਕੇ ਪੜ੍ਹਨ ਦੀ ਥਾਂ ਵਿਹੜੇ `ਚ ਤੁਰ ਫਿਰ ਕੇ ਪੜ੍ਹਨ ਲੱਗਾ ਤੇ ਕਾਲਜ ਵੀ ਤੁਰ ਕੇ ਜਾਣ ਲੱਗ ਪਿਆ। ਜਮਾਤ ਨੂੰ ਪੜ੍ਹਾਉਣ ਵੇਲੇ ਵੀ ਮੈਂ ਕਮਰੇ `ਚ ਟਹਿਲਦਾ ਰਹਿੰਦਾ। ਕਾਲਜ ਦੀ ਕੰਟੀਨ ਤੋਂ ਚਾਹ ਦੇ ਤਿੰਨ ਚਾਰ ਕੱਪ ਪੀ ਜਾਂਦਾ ਸਾਂ ਉਹ ਵੀ ਕੁੱਝ ਘਟਾਏ। ਪਰ ਭਾਰ ਫਿਰ ਵੀ ਘਟ ਨਹੀਂ ਸੀ ਰਿਹਾ। ਇਹ ਅਪਰੈਲ 1986 ਦੀ ਗੱਲ ਹੈ। ਉਹਨੀਂ ਦਿਨੀਂ ਮੇਰੀ ਡਿਊਟੀ ਸਾਇੰਸ ਕਾਲਜ ਜਗਰਾਓਂ ਦੇ ਇਮਤਿਹਾਨੀ ਕੇਂਦਰ ਵਿੱਚ ਲੱਗ ਗਈ। ਮੈਂ ਮਿਥ ਲਿਆ ਕਿ ਢੁੱਡੀਕੇ ਤੋਂ ਬੱਸ `ਤੇ ਜਾਇਆ ਕਰਾਂਗਾ ਤੇ ਮੁੜਦਿਆਂ ਤੁਰ ਕੇ ਆਇਆ ਕਰਾਂਗਾ। ਮੈਂ ਆਪਣੀਆਂ ਸਾਰੀਆਂ ਡਿਊਟੀਆਂ ਦੋ ਤੋਂ ਪੰਜ ਵਜੇ ਵਾਲੇ ਸ਼ਾਮ ਦੇ ਸੈਸ਼ਨ ਵਿੱਚ ਲੁਆ ਲਈਆਂ। ਲਗਭਗ ਇੱਕ ਮਹੀਨਾ ਇਮਤਿਹਾਨ ਚੱਲਣਾ ਸੀ ਤੇ ਮੈਨੂੰ ਵੀਹ ਪੱਚੀ ਵਾਰ ਲੰਮੀਆਂ ਤੋਰਾਂ ਤੁਰਨ ਦਾ ਮੌਕਾ ਮਿਲ ਜਾਣਾ ਸੀ। ਇਹ ਮੇਰੇ ਭਾਰ ਘਟਾਉਣ ਦਾ ਵੀ ਇਮਤਿਹਾਨ ਹੋਣਾ ਸੀ।
ਮੈਂ ਪਰਾਉਂਠੇ ਖਾਣੇ ਬੰਦ ਕਰ ਦਿੱਤੇ ਤੇ ਨਾਸ਼ਤਾ ਦੁੱਧ ਦੇ ਗਲਾਸ `ਤੇ ਲੈ ਆਇਆ। ਦੁੱਧ ਵੀ ਮਲਾਈ ਰਹਿਤ ਕਰ ਲਿਆ। ਦਾਲ ਸਬਜ਼ੀ `ਚ ਮੱਖਣ ਘਿਓ ਪਾਉਣਾ ਛੱਡ ਦਿੱਤਾ। ਚਾਹ ਫਿੱਕੀ ਕਰ ਲਈ। ਲੂਣ ਮਿੱਠੇ ਤੋਂ ਪ੍ਰਹੇਜ਼ ਕਰ ਲਿਆ। ਦੁੱਧ ਦੀ ਜਿਹੜੀ ਗੜਬੀ ਸਿਰ੍ਹਾਣੇ ਰੱਖ ਕੇ ਸੌਂਦਾ ਸੀ ਉਹ ਚੁਕਾ ਦਿੱਤੀ। ਰੋਟੀਆਂ ਪੰਜਾਂ ਤੋਂ ਤਿੰਨਾਂ `ਤੇ ਆ ਗਿਆ ਪਰ ਆਇਆ ਬੜੇ ਸਿਦਕ ਨਾਲ। ਹਰ ਵੇਲੇ ਲੱਗੀ ਜਾਂਦਾ ਜਿਵੇਂ ਭੁੱਖ ਲੱਗੀ ਹੋਈ ਐ। ਚਾਰਟ ਤੋਂ ਪਤਾ ਲੱਗ ਜਾਂਦਾ ਸੀ ਕਿ ਕਿੰਨੀਆਂ ਕਲੋਰੀਆਂ ਪੇਟ `ਚ ਪਾਈਆਂ ਨੇ ਤੇ ਕਸਰਤ ਨਾਲ ਕਿੰਨੀਆਂ ਬਾਲੀਆਂ ਨੇ? ਨਿੱਤ ਕਲੋਰੀਆਂ ਬਾਲਣ ਵਾਲਾ ਪਲੜਾ ਨੀਵਾਂ ਰੱਖਦਾ। ਜਗਰਾਓਂ ਤੋਂ ਢੁੱਡੀਕੇ ਤਕ ਤੁਰ ਕੇ ਆਉਣ ਨਾਲ ਵਾਹਵਾ ਕਸਰਤ ਹੋਣੀ ਸੀ। ਮੈਂ ਹਿਸਾਬ ਲਾਇਆ ਕਿ ਦੋ ਹਜ਼ਾਰ ਕਲੋਰੀਆਂ ਤਾਂ ਮੈਂ ਰਾਹ `ਚ ਈ ਬਾਲ ਦਿਆਂ ਕਰਾਂਗਾ।
ਪੰਜ ਵਜੇ ਇਮਤਿਹਾਨ ਮੁੱਕਦਾ ਤਾਂ ਮੈਂ ਸਾਇੰਸ ਕਾਲਜ ਦੀ ਚਾਰ ਫੁੱਟੀ ਕੰਧ ਟੱਪ ਕੇ ਚੂਹੜਚੱਕ ਵੱਲ ਜਾਂਦੇ ਸੂਏ ਪੈ ਜਾਂਦਾ। ਪੱਕੇ ਸੂਏ ਦੇ ਤੇਜ਼ ਵਗਦੇ ਪਾਣੀ ਨਾਲ ਮੈਂ ਵੀ ਵਗਿਆ ਜਾਂਦਾ ਤੇ ਮੇਰੇ ਨਾਲ ਈ ਵਗੀ ਜਾਂਦੇ ਪਾਣੀ `ਚ ਡਿੱਗੇ ਕੱਖ ਕਾਣ। ਕਦੇ ਕਦੇ ਪੈਰ ਠੰਢੇ ਕਰਨ ਲਈ ਪਾਣੀ `ਚ ਪੈਰ ਲਮਕਾਉਂਦਾ। ਅੱਖਾਂ `ਚ ਛਿੱਟੇ ਮਾਰਦਾ। ਸ਼ਾਮ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪਾਣੀ ਨਾਲ ਕਲੋਲਾਂ ਕਰਦੀਆਂ ਦਿਸਦੀਆਂ। ਮੇਰੀ ਕਲਪਣਾ ਨੂੰ ਖੰਭ ਲੱਗ ਜਾਂਦੇ। ਪਾਣੀ `ਚ ਚੁੰਝਾਂ ਡੁਬੋਅ ਕੇ ਖੰਭ ਫਟਕਾਉਂਦੀਆਂ ਘੁੱਗੀਆਂ ਗੁਟਾਰਾਂ ਮੇਰੀਆਂ ਨਜ਼ਰਾਂ ਬੰਨ੍ਹ ਲੈਂਦੀਆਂ। ਉਹਨਾਂ ਦੀ ਗੁਟਰਗੂੰ ਮੈਨੂੰ ਕਵੀਸ਼ਰੀ ਕਰਦੀ ਲੱਗਦੀ। ਝੂੰਮਦੇ ਹੋਏ ਕਾਹ ਦੇ ਬੂਝੇ ਮੇਰਾ ਸਵਾਗਤ ਕਰਦੇ ਲੱਗਦੇ। ਖੇਤਾਂ `ਚ ਖਿਲਰੇ ਦਾਣੇ ਚੁਗ ਕੇ ਉਡਦੀਆਂ ਚਿੜੀਆਂ ਹੋਰ ਵੀ ਪਿਆਰੀਆਂ ਲੱਗਦੀਆਂ। ਸੂਏ ਦੀ ਪਟੜੀ `ਤੇ ਤੁਰਨ ਦਾ ਅਨੰਦ ਆਉਣ ਲੱਗਦਾ।
ਉਦੋਂ ਮੈਨੂੰ ਇਕੋ ਈ ਡਰ ਮਾਰਦਾ ਸੀ ਕਿ ਕੋਈ ਮੇਰਾ ਜਾਣੂੰ ਮੈਨੂੰ ਜਗਰਾਵਾਂ ਤੋਂ ਢੁੱਡੀਕੇ ਤਕ ਤੁਰਦਿਆਂ ਨਾ ਵੇਖ ਲਵੇ ਤੇ ਚੰਗੇ ਭਲੇ ਪ੍ਰੋਫੈਸਰ ਦਾ ਦਿਮਾਗ਼ ਹਿੱਲਿਆ ਨਾ ਸਮਝ ਬਹੇ! ਰਾਹ `ਚ ਜਿਥੇ ਪੁਲ ਆਉਂਦਾ ਮੈਂ ਆਸੇ ਪਾਸੇ ਵੇਖ ਕੇ ਤੇਜ਼ੀ ਨਾਲ ਲੰਘਦਾ ਕਿ ਕੋਈ ਵੇਖ ਨਾ ਲਵੇ। ਇੱਕ ਪੁਲ ਡੱਲੇ ਨੂੰ ਜਾਂਦੀ ਸੜਕ ਦਾ ਸੀ ਤੇ ਦੋ ਪੁਲ ਕੌਂਕਿਆਂ ਨੂੰ ਜਾਣ ਵਾਲੀਆਂ ਸੜਕਾਂ ਦੇ ਸਨ। ਚੂਹੜਚੱਕ ਵਾਲੇ ਪੁਲ ਤੋਂ ਪਹਿਲਾਂ ਈ ਮੈਂ ਕੱਚੇ ਰਾਹ ਉੱਤਰ ਪੈਂਦਾ ਸੀ। ਅਗਾਂਹ ਕੋਈ ਮਿਲਦਾ ਤਾਂ ਆਖਦਾ, “ਐਥੋਂ ਚੂਹੜਚੱਕੋਂ ਈ ਆਇਆਂ।”
ਉਦੋਂ ਸਕੂਟਰ ਹੁੰਦਿਆਂ ਤੁਰਨ ਦੀ ਨਵੀਂ ਨਵੀਂ ਸੰਗ ਸੀ ਜੋ ਹੌਲੀ ਹੌਲੀ ਖੁੱਲ੍ਹੀ। ਆਹ ਐਥੇ ਟੋਰਾਂਟੋ `ਚ ਤਾਂ ਕਾਰਾਂ ਵਾਲੀਆਂ ਤੀਵੀਆਂ ਵੀ ਗੋਰੇ ਪੱਟ ਕੱਢੀ ਫੁੱਟਪਾਥਾਂ `ਤੇ ਨਿਸ਼ੰਗ ਦੌੜੀਆਂ ਫਿਰਦੀਆਂ ਹਨ। ਮੈਂ ਆਪਣੇ ਪੇਂਡੂਆਂ ਦੀਆਂ ਨਜ਼ਰਾਂ ਸਾਹਮਣੇ ਇਸ ਲਈ ਵੀ ਤੁਰਨੋਂ ਝਕਦਾ ਸਾਂ ਕਿ ਕੋਈ ਮੈਨੂੰ ਬੱਸ ਦਾ ਕਿਰਾਇਆ ਬਚਾਉਣ ਵਾਲਾ ਚੀਪੜ ਹੀ ਨਾ ਸਮਝ ਲਵੇ? ਕਦੇ ਕਦੇ ਮੈਂ ਮਨ ਨੂੰ ਸਮਝਾਉਂਦਾ, “ਸ਼ਰਮ ਕਾਹਦੀ ਮੰਨਦੈਂ? ਆਪਾਂ ਯਾਰ ਆਪ ਦੇ ਪੈਰੀਂ ਤੁਰਦੇ ਆਂ, ਕੋਈ ਚੋਰੀ ਯਾਰੀ ਤਾਂ ਨ੍ਹੀ ਕਰਦੇ? ਐਵੇਂ ਈ ਕਿਸੇ ਤੋਂ ਸੰਗਣ ਝਿਜਕਣ ਦਾ ਕੀ ਮਤਲਬ?”
ਪਹਿਲੇ ਦਿਨ ਮੈਂ ਪੌਣੇ ਤਿੰਨ ਘੰਟਿਆਂ `ਚ ਘਰ ਪੁੱਜਾ। ਫਿਰ ਤੋਰ ਹੋਰ ਤੇਜ਼ ਕਰ ਲਈ ਤੇ ਢਾਈ ਘੰਟਿਆਂ `ਚ ਸੋਲਾਂ ਕਿਲੋਮੀਟਰ ਤੁਰਨ ਲੱਗ ਪਿਆ। ਸਾਇੰਸ ਕਾਲਜ ਤੋਂ ਸੜਕ ਰਾਹੀਂ ਵਾਟ ਵੀਹ ਕਿਲੋਮੀਟਰ ਬਣਦੀ ਸੀ ਪਰ ਸੂਏ ਪੈ ਕੇ ਸਿੱਧੀ ਇਹ ਸੋਲਾਂ ਕਿਲੋਮੀਟਰ ਈ ਸੀ। ਉਹਨੀਂ ਦਿਨੀਂ ਸਾਢੇ ਸੱਤ ਵਜੇ ਟੀ.ਵੀ.`ਤੇ ਖ਼ਬਰਾਂ ਆਉਂਦੀਆਂ ਸਨ ਤੇ ਮੈਂ ਖ਼ਬਰਾਂ ਵੇਲੇ ਨੂੰ ਘਰ ਆ ਪਹੁੰਚਦਾ ਸੀ। ਮਹੀਨੇ ਮਗਰੋਂ ਭਾਰ ਤੋਲਿਆ ਤਾਂ ਮੈਂ ਸੱਚਮੁੱਚ ਹੀ ਅੱਸੀ ਕਿਲੋਗਰਾਮ `ਤੇ ਆ ਗਿਆ ਸਾਂ। ਫਿਰ ਮੈਂ ਆਰਟੀਕਲ ਲਿਖਿਆ-ਪੈਰੀਂ ਤੁਰਨ ਦਾ ਅਨੰਦ।
ਮੈਂ ਕਈ ਵਾਰ ਸੋਚਿਆ ਕਿ ਉਸ ਆਰਟੀਕਲ ਨੂੰ ਸੋਧ ਕੇ ਲਿਖਾਂ ਕਿਉਂਕਿ ਵੀਹ ਸਾਲਾਂ `ਚ ਮੈਂ ਹੋਰ ਬਹੁਤ ਕੁੱਝ ਪੜ੍ਹ ਲਿਆ ਹੈ। ਚੰਗੀ ਗੱਲ ਹੋਰਨਾਂ ਨੂੰ ਵੀ ਦੱਸਣੀ ਚਾਹੀਦੀ ਹੈ ਜੀਹਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋਵੇ। ਮੈਂ ਸ਼ਾਇਦ ਘੌਲ ਈ ਕਰੀ ਜਾਂਦਾ ਜੇਕਰ ਅੱਜ ਦੇ ਅਖ਼ਬਾਰ ਵਿੱਚ ਉਨਟਾਰੀਓ ਸਰਕਾਰ ਦਾ ਇਸ਼ਤਿਹਾਰ ਨਾ ਪੜ੍ਹਦਾ। ਇਸ ਇਸ਼ਤਿਹਾਰ ਦਾ ਸਿਰਲੇਖ ਹੈ-ਵਾਕ ਇਨਟੂ ਹੈੱਲਥ। ਅੱਗੇ ਲਿਖਿਆ ਹੈ, “ਸਡੌਲਤਾ ਤੇ ਸਿਹਤਯਾਬੀ ਲਈ ਤੁਰਨਾ ਸਭ ਤੋਂ ਸੁਖਾਲਾ ਤਰੀਕਾ ਹੈ। ਹਰ ਕਦਮ ਮਹੱਤਵਪੂਰਨ ਹੈ। ਤੁਸੀਂ ਲਾਏਬ੍ਰੇਰੀਆਂ `ਚੋਂ ਪੀਡੋਮੀਟਰ ਇਸ਼ੂ ਕਰਵਾ ਸਕਦੇ ਓ।” ਪੀਡੋਮੀਟਰ ਉਸ ਜੰਤਰ ਦਾ ਨਾਂ ਹੈ ਜਿਹੜਾ ਕਦਮਾਂ ਦੀ ਗਿਣਤੀ ਤੇ ਕਲੋਰੀਆਂ ਬਲਣ ਦਾ ਹਿਸਾਬ ਕਿਤਾਬ ਦੱਸਦਾ ਹੈ। ਕੁਦਰਤ ਨੇ ਮਨੁੱਖ ਨੂੰ ਲੱਤਾਂ ਤੇ ਪੈਰ ਤੁਰਨ ਲਈ ਦਿੱਤੇ ਹਨ ਪਰ ਉਹ ਪਹੀਆਂ `ਤੇ ਸਵਾਰ ਹੋਇਆ ਤੁਰਨਾ ਭੁੱਲੀ ਜਾਂਦਾ ਹੈ ਤੇ ਉਹਦੀ ਸਿਹਤ ਦਿਨੋ ਦਿਨ ਵਿਗੜੀ ਜਾਂਦੀ ਹੈ।
ਪਹੀਆਂ ਦੀ ਸਵਾਰੀ ਕਰਨ ਲਈ ਬਹੁਤ ਕੁੱਝ ਚਾਹੀਦਾ ਹੈ ਜਦ ਕਿ ਤੁਰਨ `ਤੇ ਕੁੱਝ ਵੀ ਨਹੀਂ ਲੱਗਦਾ। ਸਿਰਫ ਦੌੜਨ ਵਾਲੇ ਬੂਟ ਹੀ ਚਾਹੀਦੇ ਹਨ ਜੋ ਇੱਕ ਵਾਰ ਲਏ ਕਾਫੀ ਸਮਾਂ ਕਢਾਅ ਦਿੰਦੇ ਹਨ। ਪੰਜਾਹ ਸਾਲ ਪਹਿਲਾਂ ਲੋਕ ਹੁਣ ਨਾਲੋਂ ਦਸ ਗੁਣਾਂ ਵੱਧ ਤੁਰਦੇ ਸਨ ਤੇ ਬਿਮਾਰੀਆਂ ਹੁਣ ਨਾਲੋਂ ਦਸਵਾਂ ਹਿੱਸਾ ਵੀ ਨਹੀਂ ਸਨ। ਪੰਜ ਹਜ਼ਾਰ ਦੀ ਆਬਾਦੀ ਵਾਲੇ ਸਾਡੇ ਪਿੰਡ `ਚ ਦਸ ਬੰਦੇ ਵੀ ਨਹੀਂ ਸਨ ਹੁੰਦੇ ਜਿਨ੍ਹਾਂ ਦਾ ਭਾਰ ਦੋ ਮਣ ਤੋਂ ਉਤੇ ਹੋਵੇ। ਹੁਣ ਸੌ ਹੋਣਗੇ ਜਿਨ੍ਹਾਂ ਦਾ ਭਾਰ ਕੁਇੰਟਲ ਦੇ ਗੇੜ `ਚ ਹੋਵੇਗਾ। ਦੋ ਦੋ ਮਣ ਦੀਆਂ ਤਾਂ ਜ਼ਨਾਨੀਆਂ ਹੀ ਹੋਈਆਂ ਪਈਆਂ ਹਨ। ਚੱਕੀ, ਚਰਖਾ, ਮਧਾਣੀ ਤੇ ਖੇਤ ਰੋਟੀ ਲੈ ਕੇ ਜਾਣ ਦੀਆਂ ਕਸਰਤਾਂ ਕਦੋਂ ਦੀਆਂ ਮੁੱਕ ਚੁੱਕੀਆਂ ਹਨ। ਪੱਠੇ ਹੁਣ ਕੋਈ ਹੱਥੀਂ ਨਹੀਂ ਕੁਤਰਦਾ। ਕਈਆਂ ਤੋਂ ਬੈਠ ਕੇ ਪੱਠੇ ਵੱਢ ਹੀ ਨਹੀਂ ਹੁੰਦੇ।
ਬੇਲੋੜੇ ਸਰੀਰਕ ਭਾਰ ਨਾਲ ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦੇ ਦਰਦ, ਪੇਟ ਤੇ ਦਿਲ ਦੇ ਰੋਗਾਂ ਦਾ ਕੋਈ ਅੰਤ ਨਹੀਂ। ਹਰੇਕ ਘਰ ਦਾ ਦਵਾਈਆਂ ਦਾ ਖਰਚਾ ਈ ਸੈਂਕੜੇ ਹਜ਼ਾਰਾਂ ਵਿੱਚ ਹੈ। ਉਨ੍ਹਾਂ ਨੂੰ ਕੌਣ ਦੱਸੇ ਕਿ ਭਾਰ ਘਟਾਉਣ ਤੇ ਸਰੀਰ ਨੂੰ ਹੌਲਾ ਫੁੱਲ ਬਣਾਈ ਰੱਖਣ ਲਈ ਲੰਮੀਆਂ ਤੇ ਤੇਜ਼ ਤੋਰਾਂ ਬੜੀਆਂ ਕਾਰਗਰ ਸਿੱਧ ਹੋ ਸਕਦੀਆਂ ਹਨ। ਸ਼ਹਿਰਾਂ ਦੀਆਂ ਸੁਆਣੀਆਂ ਬੈਠੀਆਂ ਬਰਫੀਆਂ ਪਕੌੜੇ ਤੇ ਚਾਟ ਭੱਲੇ ਖਾਈ ਜਾਂਦੀਆਂ ਹਨ। ਫਿਰ ਭੱਸ ਡਕਾਰ ਤੇ ਔਖੇ ਸਾਹ ਲੈਂਦੀਆਂ ਹਨ। ਨਾਲ ਦੇ ਮਹੱਲੇ ਵੀ ਜਾਣਾ ਹੋਵੇ ਤਾਂ ਕਾਰ ਜਾਂ ਰਿਕਸ਼ਾ ਭਾਲਦੀਆਂ ਹਨ। ਜੇਕਰ ਉਹ ਪੇਟ `ਚ ਕਲੋਰੀਆਂ ਗਿਣ ਮਿਥ ਕੇ ਪਾਉਣ ਤੇ ਤੁਰ ਫਿਰ ਕੇ ਬਾਲੀ ਜਾਣ ਤਾਂ ਉਨ੍ਹਾਂ ਦੀ ਜਾਨ ਸੁਖਾਲੀ ਹੋ ਸਕਦੀ ਹੈ। ਅੰਗਰੇਜ਼ੀ ਦੇ ਲਫ਼ਜ਼ ‘ਕਲੋਰੀ ਕਾਨਸ਼ੈੱਸ਼’ ਹੋਣਾ ਹਰ ਵਿਅਕਤੀ ਦੀ ਲੋੜ ਹੈ।
ਕਈ ਬੰਦੇ ਬਹਾਨੇ ਈ ਮਾਰਦੇ ਰਹਿੰਦੇ ਹਨ ਕਿ ਉਨ੍ਹਾਂ ਕੋਲ ਤੁਰਨ ਜਾਂ ਕਸਰਤ ਕਰਨ ਦਾ ਕੋਈ ਵਕਤ ਨਹੀਂ। ਕੀ ਉਹਨਾਂ ਕੋਲ ਸੱਚਮੁੱਚ ਈ ਸਿਹਤ ਲਈ ਵਕਤ ਨਹੀਂ? ਕਸਰਤ ਜੋਗਾ ਸਮਾਂ ਤਾਂ ਉਹ ਨ੍ਹਾਉਣ ਧੌਣ ਤੇ ਵਾਧੂ ਦੀ ਸ਼ੁਕੀਨੀ ਲਾਉਣ `ਚੋਂ ਹੀ ਬਚਾ ਸਕਦੇ ਹਨ। ਸਮਾਂ ਸੱਚਮੁੱਚ ਹੀ ਘੱਟ ਹੋਵੇ ਤਾਂ ਤੇਜ਼ ਤੁਰਿਆ ਜਾ ਸਕਦੈ, ਤੁਰਦਿਆਂ ਡੂੰਘੇ ਸਾਹ ਲਏ ਜਾ ਸਕਦੇ ਹਨ। ਧੌਣ, ਮੋਢੇ, ਬਾਹਾਂ ਤੇ ਲੱਕ ਦੀਆਂ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ। ਘਰ ਦੋ ਛੱਤਾ ਹੋਵੇ ਤਾਂ ਵੀਹ ਤੀਹ ਵਾਰ ਪੌੜੀਆਂ ਚੜ੍ਹਿਆ ਜਾ ਸਕਦੈ। ਸੌ ਕੁ ਵਾਰ ਰੱਸੀ ਟੱਪੀ ਜਾ ਸਕਦੀ ਐ। ਖੜ੍ਹੇ ਖੜ੍ਹੇ ਦੋ ਮਿੰਟ ਦੀ ਤੇਜ਼ ਦੌੜ ਪਾਣੀ ਕੱਢ ਦਿੰਦੀ ਹੈ। ਨਹੀਂ ਯਕੀਨ ਤਾਂ ਕੋਈ ਕਰ ਕੇ ਵੇਖ ਲਵੇ।
ਗੱਲ ਤਾਂ ਖਾਧੀਆਂ ਪੀਤੀਆਂ ਕਲੋਰੀਆਂ ਬਾਲਣ ਦੀ ਹੈ। ਕਲੋਰੀ ਕਾਨਸੈ਼ੱਸ਼ ਹੋਣ ਦੀ ਹੈ। ਜਿਥੇ ਘਰ ਬਾਰ ਹੋਰ ਸਾਮਾਨ ਨਾਲ ਤੂੜੇ ਪਏ ਹਨ ਉਥੇ ਬੂਹੇ ਜਾਂ ਬਾਥ ਰੂਮ `ਚ ਭਾਰ ਤੋਲਣ ਵਾਲੀ ਨਿੱਕੀ ਜਿਹੀ ਮਸ਼ੀਨ ਵੀ ਰੱਖ ਲੈਣੀ ਚਾਹੀਦੀ ਹੈ। ਭਾਰ ਦੋਂਹ ਚਹੁੰ ਦਿਨਾਂ ਵਿੱਚ ਨਹੀਂ ਵਧਦਾ। ਬੰਦਾ ਦੋ ਚਾਰ ਦਿਨਾਂ ਬਾਅਦ ਈ ਮਸ਼ੀਨ `ਤੇ ਚੜ੍ਹਦਾ ਰਹੇ ਤਾਂ ਵੀ ਆਪਣੇ ਭਾਰ ਤੋਂ ਸੁਚੇਤ ਰਹਿ ਸਕਦੈ। ਜਿੱਦਣ ਸੂਈ ਅੱਗੇ ਨੂੰ ਵਧੇ ਉੱਦਣ ਘੱਟ ਖਾਵੇ ਤੇ ਵੱਧ ਕਸਰਤ ਕਰੇ।
ਕੁਦਰਤ ਦਾ ਅਸੂਲ ਹੈ ਕਿ ਜਿਨ੍ਹਾਂ ਅੰਗਾਂ ਨੂੰ ਚਲਾਉਂਦੇ ਰਹੀਏ ਉਹ ਚਲਦੇ ਰਹਿੰਦੇ ਨੇ ਤੇ ਜਿਨ੍ਹਾਂ ਅੰਗਾਂ ਦੀ ਵਰਤੋਂ ਨਾ ਕਰੀਏ ਉਹ ਜਾਮ ਹੋ ਜਾਂਦੇ ਨੇ। ਚਲਦੀ ਦਾ ਨਾਂ ਗੱਡੀ ਐਵੇਂ ਨਹੀਂ ਕਿਹਾ ਜਾਂਦੈ। ਜਿਹੜੇ ਬੰਦੇ ਗਿੱਟੇ ਗੋਡਿਆਂ ਦੇ ਖੜ੍ਹ ਜਾਣ ਦਾ ਰੋਣਾ ਰੋਂਦੇ ਨੇ ਉਹਨਾਂ `ਚੋਂ ਬਹੁਤਿਆਂ ਨੇ ਤੋਰਾ ਫੇਰਾ ਆਪ ਹੀ ਛੱਡਿਆ ਹੁੰਦੈ। ਯੋਗਾ ਕਰਾਉਣ ਵਾਲੇ ਭਰਵਾਂ ਸਾਹ ਲੈਣ, ਪੂਰਾ ਸਾਹ ਬਾਹਰ ਕੱਢਣ ਅਤੇ ਹੱਡੀਆਂ ਤੇ ਪੱਠਿਆਂ ਨੂੰ ਲਚਕਦਾਰ ਬਣਾਈ ਰੱਖਣ ਉਤੇ ਜ਼ੋਰ ਦਿੰਦੇ ਹਨ। ਜਦੋਂ ਤਕ ਸਰੀਰ ਵਿੱਚ ਲਚਕ ਹੈ ਬੰਦਾ ਜੁਆਨ ਹੈ ਤੇ ਜਦੋਂ ਤਕ ਕੋਈ ਭਰਵਾਂ ਸਾਹ ਲੈ ਰਿਹੈ ਉਹ ਸਮਝੋ ਵਧੇਰੇ ਆਕਸੀਜ਼ਨ ਲੈ ਰਿਹੈ।
ਆਕਸੀਜ਼ਨ ਹੀ ਸਰੀਰ ਦੇ ਗੰਦ ਮੰਦ ਨੂੰ ਬਾਲਦੀ ਤੇ ਚਰਬੀ ਨੂੰ ਢਾਲਦੀ ਹੈ। ਜਦੋਂ ਤਕ ਕੋਈ ਆਪਣੇ ਅੰਦਰਲੇ ਅੰਗਾਂ ਨੂੰ ਸੰਗੋੜ ਕੇ ਸਾਹ ਬਾਹਰ ਕੱਢ ਰਿਹੈ ਉਹ ਅੰਦਰਲੇ ਅੰਗਾਂ ਦੀ ਵਰਜਿਸ਼ ਕਰਵਾ ਰਿਹੈ ਤੇ ਅੰਦਰਲੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਿਹੈ। ਪ੍ਰਾਣਾਯਾਮ ਤੇ ਕਪਾਲਭਾਤੀ ਨਾਲ ਇਹੋ ਕੁੱਝ ਹੁੰਦੈ। ਯੋਗਾ ਦੇ ਇਹ ਆਸਣ ਕਰਨ ਲਈ ਕਿਸੇ ਕੋਲ ਵਿਹਲ ਨਾ ਹੋਵੇ ਤਾਂ ਇਹ ਕੁਰਸੀ `ਤੇ ਬੈਠੇ, ਮੰਜੇ `ਤੇ ਲੇਟੇ ਤੇ ਤੁਰਦੇ ਫਿਰਦੇ ਵੀ ਕੀਤੇ ਜਾ ਸਕਦੇ ਨੇ। ਸਾਹ ਦੀਆਂ ਕਸਰਤਾਂ ਤਾਂ ਕੋਈ ਕਿਤੇ ਵੀ ਖੜ੍ਹੇ ਬੈਠਿਆਂ ਕਰ ਸਕਦੈ।
ਸਭ ਤੋਂ ਸੌਖਾ ਤਰੀਕਾ ਹੈ ਕਿ ਕਬੱਡੀ ਕਬੱਡੀ ਉਦੋਂ ਤਕ ਕਹਿੰਦੇ ਜਾਓ ਜਦੋਂ ਤਕ ਸਾਹ ਨਹੀਂ ਟੁੱਟਦਾ। ਵੀਹ ਸਾਹਾਂ ਦੀ ਕਬੱਡੀ ਨਾਲ ਫੇਫੜਿਆਂ ਤੇ ਅੰਦਰਲੇ ਅੰਗਾਂ ਦੀ ਪੂਰੀ ਕਸਰਤ ਕੀਤੀ ਜਾ ਸਕਦੀ ਹੈ। ਤੇ ਜੇ ਭੱਜ ਨੱਠ ਕੇ ਵੀਹ ਕਬੱਡੀਆਂ ਪਾ ਲਈਆਂ ਜਾਣ ਤਾਂ ਸੋਨੇ `ਤੇ ਸੁਹਾਗਾ ਹੈ। ਸੁਆਲ ਤਾਜ਼ੀ ਨਰੋਈ ਹਵਾ ਨੂੰ ਵੱਧ ਤੋਂ ਵੱਧ ਅੰਦਰ ਖਿੱਚਣ ਤੇ ਅੰਦਰਲੀ ਗੰਦੀ ਹਵਾ ਨੂੰ ਬਾਹਰ ਕੱਢਦਿਆਂ ਅੰਦਰਲੇ ਅੰਗ ਨਿਚੋੜ ਕੇ ਉਨ੍ਹਾਂ ਦੀ ਕਸਰਤ ਕਰਾਉਣ ਦਾ ਹੈ। ਇੰਜ ਕਰਦਿਆਂ ਲਹੂ ਦਾ ਦੌਰਾ ਵੀ ਤੇਜ਼ ਹੁੰਦਾ ਹੈ। ਹੱਡੀਆਂ ਨੂੰ ਲਿਫਾਉਣ ਝੁਕਾਉਣ ਨਾਲ ਉਹ ਲਚਕਦਾਰ ਬਣੀਆਂ ਰਹਿੰਦੀਆਂ ਹਨ। ਇਹੋ ਯੋਗਾ ਦੀ ਕਰਾਮਾਤ ਹੈ। ਜਿਹੜਾ ਬੰਦਾ ਤੁਰਦਾ, ਵਗਦਾ ਤੇ ਨੱਠਦਾ ਹੈ ਉਹਦੇ ਲਹੂ ਤੇ ਸਾਹ ਦਾ ਦੌਰਾ ਆਪਣੇ ਆਪ ਹੀ ਤੇਜ਼ ਹੁੰਦਾ ਰਹਿੰਦਾ ਹੈ। ਇਸ ਲਈ ਕੁਦਰਤ ਵੱਲੋਂ ਬਖ਼ਸ਼ੀ ਤੋਰ ਤੁਰਨ ਤੋਂ ਕਿਸੇ ਨੂੰ ਵੀ ਮੁੱਖ ਨਹੀਂ ਮੋੜਨਾ ਚਾਹੀਦਾ।
ਕੋਈ ਚਾਹੇ ਤਾਂ `ਕੱਲਾ ਵੀ ਤੁਰ ਸਕਦਾ ਹੈ ਤੇ ਤੁਰਦਿਆਂ ਸੰਗੀਤ ਦਾ ਅਨੰਦ ਵੀ ਮਾਣ ਸਕਦਾ ਹੈ। ਉਹ ਕਲਪਣਾ ਦੀਆਂ ਉਡਾਰੀਆਂ ਭਰ ਸਕਦਾ ਹੈ। ਮੈਂ ਲਿਖਣ ਵਾਲੀਆਂ ਬਹੁਤੀਆਂ ਗੱਲਾਂ ਸੈਰ ਕਰਦਿਆਂ ਹੀ ਚਿਤਵਦਾ ਰਿਹਾ ਹਾਂ। ਦੋ ਜਣੇ ਗੱਲਾਂ ਕਰਦਿਆਂ ਵਧੀਆ ਸੈਰ ਕਰ ਸਕਦੇ ਹਨ ਤੇ ਵਿਚਾਰ ਵਟਾਂਦਰਾ ਵੀ ਕੀਤਾ ਜਾ ਸਕਦੈ। ਟੋਲੀਆਂ ਵਿੱਚ ਹੱਸਦਿਆਂ ਖੇਡਦਿਆਂ ਵੀ ਸੈਰਾਂ ਕੀਤੀਆਂ ਜਾ ਸਕਦੀਆਂ ਹਨ। ਸੈਲਾਨੀ ਕਈ ਤਰ੍ਹਾਂ ਦੇ ਟੂਰ ਉਲੀਕ ਸਕਦੇ ਹਨ, ਉਹ ਸਾਈਕਲ ਚਲਾਉਣ ਜਾਂ ਪੈਦਲ ਚੱਲਣ ਦੇ ਟੂਰ ਵੀ ਵਿਓਂਤ ਸਕਦੇ ਹਨ। ਆਲਡੈਕਸ ਹਕਸਲੇ ਨੇ ‘ਵਾਕਿੰਗ ਟੂਰਜ਼’ ਨਾਂ ਦਾ ਬੜਾ ਵਧੀਆ ਲੇਖ ਲਿਖਿਆ ਸੀ ਜੋ ਸਾਡੀ ਕਾਲਜ ਦੀ ਇੱਕ ਪਾਠ ਪੁਸਤਕ ਵਿੱਚ ਸ਼ਾਮਲ ਸੀ। ਲਿਖਿਆ ਸੀ ਕਿ ਤੁਰਦਿਆਂ ਕੁਦਰਤ ਦੇ ਨਜ਼ਾਰੇ ਲਏ ਜਾ ਸਕਦੇ ਹਨ। ਸਾਨੂੰ ਤਾਂ ਸਾਡੇ ਪ੍ਰੋਫੈਸਰ ਨੇ ਪੜ੍ਹਾ ਕੇ ਈ ਨਜ਼ਾਰੇ ਲਿਆ ਦਿੱਤੇ ਸਨ।
ਕਈ ਕਹਿੰਦੇ ਹਨ ਕਿ ਤੁਰਨ ਨੂੰ ਥਾਂ ਨਹੀਂ ਲੱਭਦੀ। ਭਲੇ ਲੋਕੋ ਤੁਰਨ ਨੂੰ ਤਾਂ ਵਿਹੜੇ ਵਿੱਚ ਈ ਗੇੜੇ ਕੱਢੇ ਜਾ ਸਕਦੇ ਨੇ, ਛੱਤ ਉਤੇ ਘੁੰਮਿਆ ਜਾ ਸਕਦੈ ਤੇ ਕਮਰੇ `ਚ ਈ ਮਸ਼ੀਨ ਦੇ ਪਟੇ ਉਤੇ ਜਿੰਨੇ ਮੀਲ ਕੋਈ ਤੁਰਨਾ ਚਾਹੇ ਤੁਰ ਸਕਦੈ। ਤੁਰਿਆ ਛੱਡ ਕੇ ਦੌੜਿਆ ਵੀ ਜਾ ਸਕਦੈ। ਵੈਸੇ ਤੁਰਨ ਦਾ ਜੋ ਅਨੰਦ ਹਰੇ ਪਾਰਕਾਂ, ਬਾਗਾਂ, ਕੱਚੇ ਪਹਿਆਂ, ਖੇਤਾਂ, ਪਗਡੰਡੀਆਂ, ਰਜਬਾਹਿਆਂ ਤੇ ਨਹਿਰਾਂ ਦੀਆਂ ਪਟੜੀਆਂ ਉਤੇ ਆੳਂੁਦੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਸਵੇਰੇ ਸਾਹਝਰੇ ਉੱਠ ਕੇ ਤੁਰਨ ਲਈ ਥੋੜ੍ਹੀ ਜਿਹੀ ਹਿੰਮਤ ਹੀ ਚਾਹੀਦੀ ਹੈ। ਉਹੀ ਵੇਲਾ ਜਿਸ ਬਾਰੇ ਵਾਰਸ ਸ਼ਾਹ ਨੇ ਲਿਖਿਐ-ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਨੇ …। ਉਦੋਂ ਰੁੱਖਾਂ ਉਤੇ ਪੰਛੀ ਚਹਿਚਹਾਉਂਦੇ ਹੁੰਦੇ ਨੇ, ਪੈਲੀਆਂ `ਚੋਂ ਤਿੱਤਰ ਸੁਬਹਾਨ ਤੇਰੀ ਕੁਦਰਤ ਦੇ ਗੀਤ ਗਾਉਂਦੇ ਜਾਪਦੇ ਨੇ ਤੇ ਪੂਰਬ ਦੀ ਕੁੱਖ ਚੋਂ ਸੋਨਰੰਗਾ ਸੂਰਜ ਉਗਮ ਰਿਹਾ ਹੁੰਦੈ। ਉਹਦੀਆਂ ਸੁਨਹਿਰੀ ਕਿਰਨਾਂ `ਚ ਬਨਸਪਤੀ `ਤੇ ਪਏ ਤ੍ਰੇਲ ਤੁਪਕੇ ਹੀਰੇ ਮੋਤੀਆਂ ਵਾਂਗ ਚਮਕਣ ਲੱਗ ਪੈਂਦੇ ਨੇ ਤੇ ਸਵੇਰ ਦੀ ਸੱਜਰੀ ਹਵਾ ਦੇ ਬੁੱਲੇ ਉਨ੍ਹਾਂ ਦਾ ਸਿਰ ਪਲੋਸਦੇ ਲੱਗਦੇ ਨੇ। ਤੁਸੀਂ ਤੁਰਨ ਦਾ ਤਹੱਈਆ ਕਰੋ ਚੰਗੇਰੀ ਸਿਹਤ ਤੁਹਾਨੂੰ `ਵਾਜ਼ਾਂ ਪਈ ਮਾਰਦੀ ਏ। ਬੱਚਾ, ਬੁੱਢਾ, ਜੁਆਨ ਕੋਈ ਵੀ ਹੋਵੇ ਉਹ ਤੁਰ ਕੇ ਤੰਦਰੁਸਤੀ ਤਕ ਪਹੁੰਚ ਸਕਦੈ। ਹੱਸ ਸਕਦੈ, ਖੇਡ ਸਕਦੈ ਤੇ ਖ਼ੁਸ਼ੀ ਦੇ ਮੌਕੇ `ਤੇ ਨੱਚ ਟੱਪ ਵੀ ਸਕਦੈ। ਚੰਗੀ ਸਿਹਤ ਹੀ ਜੀਵਨ ਦੀ ਅਸਲੀ ਦੌਲਤ ਹੈ। ਬੰਦਾ ਬਿਮਾਰ ਰਵ੍ਹੇ ਤਾਂ ਕੁੱਝ ਵੀ ਚੰਗਾ ਨਹੀਂ ਲੱਗਦਾ। ਵਿਗੜੀ ਸਿਹਤ ਨਾਲ ਤਾਂ ਮਾਇਆ ਦੀਆਂ ਤਿਜੌਰੀਆਂ ਵੀ ਮਿੱਟੀ ਲੱਗਦੀਆਂ ਹਨ।