You are here:ਮੁਖ ਪੰਨਾ»ਰਚਨਾ ਅਧਿਐਨ»ਡਿਸਲੈਕਸੀਆ: ਸਿੱਖਣ ਨਾਲ ਜੁੜੀ ਇੱਕ ਲੁਕਵੀਂ ਸਮੱਸਿਆ
Coming soon: A new and improved Global Punjabi site!!!

ਲੇਖ਼ਕ

Sunday, 01 March 2026 11:41

ਡਿਸਲੈਕਸੀਆ: ਸਿੱਖਣ ਨਾਲ ਜੁੜੀ ਇੱਕ ਲੁਕਵੀਂ ਸਮੱਸਿਆ

Written by
Rate this item
(0 votes)

ਮੌਜੂਦਾ ਵਿੱਦਿਅਕ ਢਾਂਚੇ ਵਿੱਚ ਬੱਚਿਆਂ ਦੀ ਬੁੱਧੀਮਤਾ ਨੂੰ ਮਾਪਣ ਦਾ ਆਧਾਰ ਸਮੇਂ-ਸਮੇਂ ’ਤੇ ਲਈ ਜਾਂਦੀ ਪ੍ਰੀਖਿਆਵਾਂ ਦੌਰਾਨ ਅੰਕਾਂ ਦੀ ਪ੍ਰਾਪਤੀ ਤੋਂ ਹੈ। ਜਦੋਂ ਕੋਈ ਬੱਚਾ ਪੜ੍ਹਨ-ਲਿਖਣ ਵਿੱਚ ਪਿੱਛੇ ਰਹਿ ਜਾਂਦਾ ਹੈ ਤਾਂ ਅਕਸਰ ਉਸ ਨੂੰ ਆਲਸੀ, ਲਾਪਰਵਾਹ ਜਾਂ ਨਾਲਾਇਕ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਬੱਚਾ ਕਿਸ ਸਮਰੱਥਾ ਨਾਲ ਪੜ੍ਹ-ਲਿਖ ਰਿਹਾ ਹੈ, ਉਸ ਦੀ ਬੌਧਿਕ ਸ਼ਖਸੀਅਤ ਦਾ ਆਧਾਰ ਹੈ। ਪਰ ਕਈ ਵਾਰ ਇਹ ਵੇਖਣ ਵਿੱਚ ਆਇਆ ਹੈ ਕਿ ਤੇਜ਼ ਮਾਨਸਿਕ ਸਮਰੱਥਾ ਵਾਲੇ ਬੱਚੇ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਹਨ, ਜਿਸਦਾ ਮੁੱਖ ਕਾਰਨ ਡਿਸਲੈਕਸੀਆ (Dyslexia) ਸਿੱਧ ਹੁੰਦਾ ਹੈ। ਡਿਸਲੈਕਸੀਆ ਅਜਿਹੀ ਸਿੱਖਣ ਸਮੱਸਿਆ ਹੈ ਜਿਹੜੀ ਬਾਹਰੀ ਪੱਖ ਤੋਂ ਦਿਖਾਈ ਨਹੀਂ ਦਿੰਦੀ, ਸਗੋਂ ਅੰਦਰੂਨੀ ਲੁਕਵੀਂ ਹੁੰਦੀ ਹੈ।

ਡਿਸਲੈਕਸੀਆ ਕੀ ਹੈ?

ਡਿਸਲੈਕਸੀਆ ਨਿਓਰੋਲੌਜੀਕਲ ਭਾਵ ਮਾਨਸਿਕ ਸਿੱਖਣ ਸਮੱਸਿਆ ਹੈ। ਇਹ ਅਜਿਹੀ ਸਮੱਸਿਆ ਹੈ ਜਿਸ ਵਿੱਚ ਬੱਚੇ ਨੂੰ ਪੜ੍ਹਨ-ਲਿਖਣ, ਅੱਖਰਾਂ ਦੀ ਪਛਾਣ, ਸ਼ਬਦ-ਜੋੜ ਉਚਾਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਹ ਕਿਸੇ ਕਿਸਮ ਦੀ ਬੀਮਾਰੀ ਜਾਂ ਘੱਟ ਬੌਧਿਕ ਪੱਧਰ ਦੀ ਸੂਚਕ ਨਹੀਂ ਹੈ। ਇਸ ਸਮੱਸਿਆ ਨਾਲ ਜੂਝ ਰਹੇ ਬੱਚੇ ਸਿਰਜਣਾਤਮਕ, ਸੁਪਨਸ਼ੀਲ ਤਾਰਕਿਕ ਹੁੰਦੇ ਹਨ ਪਰ ਪਰੰਪਰਾਗਤ ਸਿੱਖਣ ਢੰਗ ਉਨ੍ਹਾਂ ਲਈ ਚੁਣੌਤੀਪੂਰਨ ਬਣ ਜਾਂਦਾ ਹੈ। ਮੌਜੂਦਾ ਵਿੱਦਿਅਕ ਢਾਂਚਾ ਡਿਸਲੈਕਸੀਆ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਬੱਚੇ ਵਿੱਚ ਗੁਣਾਂ ਦੀ ਪਛਾਣ ਕਰਨ ਵਿੱਚ ਅਸਫਲ ਸਿੱਧ ਹੋਇਆ ਹੈ। ਸਿੱਖਿਆ ਢਾਂਚੇ ਵਿੱਚ ‘ਇੱਕੋ ਤੱਕੜੀ ਸਭਨਾਂ ਲਈ’ ਹੋਣ ਕਰਕੇ ਅਜਿਹੇ ਬੱਚੇ ਹਾਸ਼ੀਏ ’ਤੇ ਚਲੇ ਜਾਂਦੇ ਹਨ।

ਡਿਸਲੈਕਸੀਆ ਦੇ ਲੱਛਣ:

ਡਿਸਲੈਕਸੀਆ ਦੇ ਲੱਛਣ ਹਰੇਕ ਬੱਚੇ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ। ਬੱਚਾ ਅੱਖਰਾਂ ਨੂੰ ਗਲਤ ਲਿਖ ਦਿੰਦਾ ਹੈ ਜਾਂ ਲਿਖਣ ਸਮੇਂ ਅੱਖਰਾਂ ਨੂੰ ਛੱਡ ਜਾਂਦਾ ਹੈ, ਅੱਖਰਾਂ ਜਾਂ ਸ਼ਬਦਾਂ ਦਾ ਗਲਤ ਉਚਾਰਨ ਕਰਦਾ ਹੈ, ਪਾਠ ਪੜ੍ਹਨ ਸਮੇਂ ਬੱਚਾ ਕਾਫੀ ਸਮਾਂ ਲੈਂਦਾ ਹੈ ਜਾਂ ਸੌਖੇ ਸ਼ਬਦ ਵੀ ਭੁੱਲ ਜਾਂਦਾ ਹੈ। ਬੱਚੇ ਨੂੰ ਗਣਿਤ ਵਿਸ਼ੇ ਵਿੱਚ ਅੰਕਾਂ ਦੀ ਲੜੀਵਾਰਤਾ ਨੂੰ ਸਮਝਣ ਵਿੱਚ ਔਖਿਆਈ ਆਉਂਦੀ ਹੈ। ਇਨ੍ਹਾਂ ਮੁਸ਼ਕਲਾਂ ਕਰਕੇ ਬੱਚੇ ਵਿੱਚ ਆਤਮ-ਵਿਸ਼ਵਾਸ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸ ਕਰਕੇ ਬੱਚਾ ਆਪਣੇ-ਆਪ ਨੂੰ ਹੋਰਨਾਂ ਮੁਕਾਬਲੇ ਹੀਣ ਸਮਝਣ ਲੱਗ ਜਾਂਦਾ ਹੈ। ਡਿਸਲੈਕਸੀਆ ਪ੍ਰਭਾਵਿਤ ਬੱਚਿਆਂ ਨੂੰ ਆਮ ਤੌਰ ’ਤੇ ਅਧਿਆਪਕਾਂ, ਮਾਪਿਆਂ ਅਤੇ ਸਮਾਜ ਵੱਲੋਂ ਹੀਣਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਕਮਜ਼ੋਰ ਵਿਦਿਆਰਥੀ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਜਿਸ ਨਾਲ ਬੱਚਿਆਂ ਦਾ ਮਨੋਬਲ ਟੁੱਟ ਜਾਂਦਾ ਹੈ। ਲਗਾਤਾਰ ਅਕਾਦਮਿਕ ਅਸਫਲਤਾ ਅਤੇ ਘਰੇਲੂ ਝਿੜਕਾਂ ਬੱਚਿਆਂ ਅੰਦਰ ਭੈਅ, ਨਿਰਾਸ਼ਤਾ ਅਤੇ ਤਣਾਅ ਦਾ ਮਾਹੌਲ ਸਿਰਜਦੇ ਹਨ।

ਡਿਸਲੈਕਸੀਆ ਦੇ ਕਾਰਨ:

ਡਿਸਲੈਕਸੀਆ ਦੀ ਸਮੱਸਿਆ ਆਮਤੌਰ ’ਤੇ ਜੈਨੇਟਿਕ ਹੁੰਦੀ ਹੈ। ਜੇਕਰ ਮਾਤਾ-ਪਿਤਾ ਜਾਂ ਨਜ਼ਦੀਕੀ ਸਕੇ-ਸੰਬੰਧੀ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਅੱਗੇ ਵਿਰਾਸਤੀ ਤੌਰ ’ਤੇ ਬੱਚੇ ਵਿੱਚ ਵੀ ਹੋ ਸਕਦੀ ਹੈ। ਇਸ ਤੋਂ ਬਿਨਾਂ ਦਿਮਾਗ ਦੇ ਉਹ ਹਿੱਸੇ ਜੋ ਪੜ੍ਹਨ ਅਤੇ ਭਾਸ਼ਾ ਨਾਲ ਸੰਬੰਧਿਤ ਹੁੰਦੇ ਹਨ, ਉਨ੍ਹਾਂ ਦੀ ਕਿਰਿਆ ਸ਼ਕਤੀ ਵੱਖਰੀ ਹੁੰਦੀ ਹੈ। ਧੁਨਾਤਮਕ/ਫੋਨੌਲੋਜੀਕਲ ਜਾਗਰੂਕਤਾ - ਅੱਖਰਾਂ ਦੀਆਂ ਧੁਨੀਆਂ ਦੀ ਸਮਝ, ਜੋੜ ਅਤੇ ਪਛਾਣ ਵਿੱਚ ਔਖਿਆਈ ਵੀ ਇੱਕ ਕਾਰਨ ਹੈ। ਗਰਭ ਅਵਸਥਾ ਦੌਰਾਨ ਪੋਸ਼ਣ ਦੀ ਘਾਟ, ਬਿਮਾਰੀਆਂ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਡਿਸਲੈਕਸੀਆ ਦਾ ਕਾਰਨ ਹੋ ਸਕਦਾ ਹੈ। ਪ੍ਰੀਮੈਚਿਉਰ ਜਨਮ, ਜਨਮ ਸਮੇਂ ਆਕਸੀਜਨ ਦੀ ਘਾਟ ਨਾਲ ਵੀ ਬੱਚੇ ਦਾ ਮਾਨਸਿਕ ਪੱਧਰ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਬਿਨਾਂ ਮੁੱਢਲੀ ਅਵਸਥਾ ਵਿੱਚ ਢੁਕਵੇਂ ਸਿੱਖਣ ਦੀ ਘਾਟ ਜਾਂ ਭਾਸ਼ਾਈ ਵਖਰੇਵੇਂ ਕਰਕੇ ਵੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ।

ਡਿਸਲੈਕਸੀਆ ਦੀ ਪਛਾਣ ਅਤੇ ਛੁਟਕਾਰਾ:

ਜੇਕਰ ਸਮੇਂ ਸਿਰ ਡਿਸਲੈਕਸੀਆ ਦੀ ਪਛਾਣ ਕਰ ਲਈ ਜਾਵੇ ਤਾਂ ਇਹ ਬੱਚੇ ਦੇ ਸੁਨਹਿਰੀ ਭਵਿੱਖ ਲਈ ਵਰਦਾਨ ਸਾਬਤ ਹੋ ਸਕਦੀ ਹੈ। ਮੁੱਢਲੇ ਸਿੱਖਣ ਪੱਧਰ ’ਤੇ ਹੀ ਇਸਦੀ ਪਛਾਣ ਕਰਕੇ ਬੱਚੇ ਨੂੰ ਲੋੜੀਂਦੀ ਸਹਾਇਤਾ ਅਤੇ ਵਿਸ਼ੇਸ਼ ਸਿੱਖਣ ਸਮੱਗਰੀ ਰਾਹੀਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਮਨੋਵਿਗਿਆਨੀ ਅਤੇ ਸਪੈਸ਼ਲ ਟੀਚਰ ਆਡੀਓ ਵਿਜ਼ੂਅਲ, ਟਾਈਪਿੰਗ, ਪਠਨ-ਸਮੱਗਰੀ, ਕੰਪਿਊਟਰ ਆਧਾਰਿਤ ਟੂਲਜ਼, ਟੈਕਸਟ-ਟੂ-ਸਪੀਚ, ਓਪਨ ਡਾਇਲੈਕਸਿਕ ਫੌਂਟ ਆਦਿ ਟੈਸਟਾਂ ਰਾਹੀਂ ਡਿਸਲੈਕਸੀਆ ਦੀ ਪਛਾਣ ਕਰਕੇ, ਨਿਦਾਨਾਤਮਕ ਰਣਨੀਤੀ ਬਣਾਈ ਜਾ ਸਕਦੀ ਹੈ।

ਮੌਜੂਦਾ ਸਿੱਖਿਆ ਢਾਂਚਾ ‘ਸਭਨਾਂ ਲਈ ਇੱਕੋ ਮਾਪ’ ਆਧਾਰਿਤ ਹੈ, ਜੋ ਠੀਕ ਨਹੀਂ। ਡਿਸਲੈਕਸੀਆ ਦੀ ਸਮੱਸਿਆ ਨਾਲ ਜੂਝ ਰਹੇ ਬੱਚਿਆਂ ਲਈ ਵਿਸ਼ੇਸ਼ ਉਪਰਾਲੇ ਦੀ ਲੋੜ ਹੁੰਦੀ ਹੈ। ਉਹਨਾਂ ਲਈ ਸਿੱਖਣ ਦੇ ਵੱਖਰੇ ਢੰਗ/ਨੁਕਤੇ, ਵਾਧੂ ਸਮਾਂ, ਮੌਖਿਕ ਪ੍ਰੀਖਿਆਵਾਂ ਅਤੇ ਆਡੀਓ-ਵਿਜ਼ੂਅਲ ਸਾਧਨਾਂ ਦੀ ਵਰਤੋਂ ਜਿਆਦਾ ਲਾਭਦਾਇਕ ਸਿੱਧ ਹੋ ਸਕਦੀ ਹੈ। ਮਾਪਿਆਂ ਨੂੰ ਇਸ ਬਾਬਤ ਜਾਗਰੂਕ ਕਰਨ ਦੇ ਨਾਲ-ਨਾਲ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦਾ ਸਹੀ ਮਾਰਗਦਰਸ਼ਨ ਹੋ ਸਕੇ। ਬਲਾਕ ਪੱਧਰ ਉੱਤੇ ਨਿਯੁਕਤ ਵਿਸ਼ੇਸ਼ ਅਧਿਆਪਕ ਇਸ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਮਾਪਿਆਂ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਵੱਲ ਖਾਸ ਧਿਆਨ ਦੇਣ। ਉਹ ਹੋਰਨਾਂ ਬੱਚਿਆਂ ਨਾਲ ਤੁਲਨਾ ਤੋਂ ਗੁਰੇਜ਼ ਕਰਨ। ਮਾਪੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਵਿੱਚ ਆਤਮ-ਵਿਸ਼ਵਾਸ ਦਿਖਾਉਣ ਤਾਂ ਜੋ ਉਹ ਸਮਾਜ ਵਿੱਚ ਆਪਣੀ ਹੋਂਦ ਬਣਾ ਸਕਣ। ਬੱਚਿਆਂ ਉੱਤੇ ਕਿਸੇ ਵੀ ਤਰ੍ਹਾ ਦਾ ਮਾਨਸਿਕ ਦਬਾਅ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਬੱਚਿਆਂ ਦੇ ਸਕਾਰਾਤਮਕ ਪੱਖਾਂ ਨੂੰ ਉਜਾਗਰ ਕਰਨਾ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ।

ਡਿਸਲੈਕਸੀਆ ਕਮੀਂ ਨਹੀਂ ਹੈ, ਵੱਖਰੀ ਯੋਗਤਾ ਹੈ:

ਡਿਸਲੈਕਸੀਆ ਕਿਸੇ ਕਿਸਮ ਦੀ ਕਮੀਂ ਨਹੀਂ ਸਗੋਂ ਇਹ ਇੱਕ ਵੱਖਰੀ ਯੋਗਤਾ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਡਿਸਲੈਕਸੀਆ ਨਾਲ ਪ੍ਰਭਾਵਿਤ ਲੋਕਾਂ ਨੇ ਆਪਣੇ ਖੇਤਰ ਵਿੱਚ ਜਗਤ ਪ੍ਰਸਿੱਧੀ ਹਾਸਲ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਮਹਾਨ ਸਾਇੰਸਦਾਨ ਅਲਬਰਟ ਆਇਨਸਟਾਈਨ, ਥਾਮਸ ਐਡੀਸਨ, ਲਿਓਨਾਰਡੋ ਦਾ ਵਿੰਚੀ, ਪਹਿਲੇ ਅਮਰੀਕੀ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ, ਮਸ਼ਹੂਰ ਕਲਾਕਾਰ ਟਾਮ ਕਰੂਜ਼, ਪ੍ਰਸਿੱਧ ਖਿਡਾਰੀ ਲੁਇਸ ਹੈਮਿਲਟਨ, ਐਪਲ ਦੇ ਸੰਸਥਾਪਕ ਸਟੀਵ ਜਾਬਸ ਡਿਸਲੈਕਸੀਆ ਦੀ ਸਮੱਸਿਆ ਨਾਲ ਪ੍ਰਭਾਵਿਤ ਰਹੇ ਹਨ। ਇਨ੍ਹਾਂ ਦੀਆਂ ਪ੍ਰਾਪਤੀਆਂ ਦਸਰਸਾਉਂਦੀਆਂ ਹਨ ਕਿ ਡਿਸਲੈਕਸੀਆ ਵਿਅਕਤੀ ਦੀ ਕਾਮਯਾਬੀ ਵਿੱਚ ਅਸਫਲਤਾ ਦੀ ਸੂਚਕ ਨਹੀਂ। ਜੇਕਰ ਪਰਿਵਾਰ, ਸਕੂਲ ਅਤੇ ਸਮਾਜ ਮਿਲ ਕੇ ਨਿਰਧਾਰਿਤ ਟੀਚੇ ਵੱਲ ਚੱਲਣ ਤਾਂ ਇਸ “ਅਦਿੱਖ ਚੁਣੌਤੀ” ਨੂੰ ਨਵੀਂ ਸੰਭਾਵਨਾ ਵਿੱਚ ਬਦਲਿਆ ਜਾ ਸਕਦਾ ਹੈ।

Read 467 times
ਪ੍ਰਿੰ. ਕੁਸੁਮ ਟਾਕ

Whatsapp: 91 - 99880-01978

Email: kusumtaak2006@gmail.com