You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»12 - ਬੰਗਾਲ ਦਾ ਪੰਜਾਬੀ ਫੁੱਲ ਬੈਕ

ਲੇਖ਼ਕ

Thursday, 15 October 2009 17:43

12 - ਬੰਗਾਲ ਦਾ ਪੰਜਾਬੀ ਫੁੱਲ ਬੈਕ

Written by
Rate this item
(0 votes)

ਗੁਰਬਖ਼ਸ਼ ਸਿੰਘ ਜੰਮਿਆਂ ਭਾਵੇਂ ਪਿਸ਼ਾਵਰ ਵਿੱਚ ਸੀ ਪਰ ਵੱਜਦਾ ਉਹ ਬੰਗਾਲ ਦਾ ਹੈ। ਬੰਗਾਲ ਲਈ ਉਹ ਲਗਾਤਾਰ ਪੰਦਰਾਂ ਵਰ੍ਹੇ ਹਾਕੀ ਖੇਡਿਆ। ਜਿੰਨਾ ਨਾਮਣਾ ਬੰਗਾਲ ਵਿੱਚ ਜਰਨੈਲ ਸਿੰਘ ਪਨਾਮੀਏ ਨੇ ਫੁੱਟਬਾਲ ਖੇਡ ਕੇ ਕਮਾਇਆ ਉਨਾ ਹੀ ਜੱਸ ਗੁਰਬਖ਼ਸ਼ ਸਿੰਘ ਨੇ ਹਾਕੀ ਖੇਡ ਕੇ ਖੱਟਿਆ। ਸੱਠਵਿਆਂ ਵਿੱਚ ਉਹਦੀ ਗੁੱਡੀ ਸਿਖ਼ਰ ਉੱਤੇ ਸੀ ਤੇ ਕੋਈ ਵੀ ਭਾਰਤੀ ਹਾਕੀ ਟੀਮ ਗੁਰਬਖ਼ਸ਼ ਸਿੰਘ ਦੀ ਸ਼ਮੂਲੀਅਤ ਤੋਂ ਬਿਨਾਂ ਮੁਕੰਮਲ ਨਹੀਂ ਸੀ ਸਮਝੀ ਜਾਂਦੀ। ਉਦੋਂ ਉਹ ਪ੍ਰਿਥੀਪਾਲ ਸਿੰਘ ਨਾਲ ਹਾਕੀ ਦਾ ਦੂਜਾ ਫੁੱਲ ਬੈਕ ਹੁੰਦਾ ਸੀ। 1968 ਦੀਆਂ ਓਲੰਪਿਕ ਖੇਡਾਂ ਸਮੇਂ ਉਹ ਤੇ ਪ੍ਰਿਥੀਪਾਲ ਸਿੰਘ ਜੁੜਵੇਂ ਕਪਤਾਨ ਸਨ।

ਹਾਕੀ ਦੀ ਖੇਡ ਨਾਲ ਜਿੰਨੇ ਪਾਸਿਆਂ ਤੋਂ ਗੁਰਬਖ਼ਸ਼ ਸਿੰਘ ਜੁੜਿਆ ਆ ਰਿਹਾ ਹੈ ਉਨੇ ਪਾਸਿਆਂ ਤੋਂ ਸ਼ਾਇਦ ਹੀ ਕੋਈ ਹੋਰ ਖਿਡਾਰੀ ਜੁੜਿਆ ਹੋਵੇ। ਉਹ ਫਾਰਵਰਡ ਵੀ ਖੇਡਿਆ, ਹਾਫ਼ ਬੈਕ ਵੀ ਤੇ ਫੁੱਲ ਬੈਕ ਵੀ ਖੇਡਿਆ। ਭਾਰਤੀ ਹਾਕੀ ਟੀਮਾਂ ਦਾ ਮੈਂਬਰ ਬਣਨ ਤੇ ਟੀਮਾਂ ਦੀਆਂ ਕਪਤਾਨੀਆਂ ਕਰਨ ਪਿੱਛੋਂ ਉਹ ਭਾਰਤੀ ਹਾਕੀ ਟੀਮਾਂ ਦਾ ਕੋਚ ਵੀ ਬਣਿਆਂ ਤੇ ਮੈਨੇਜਰ ਵੀ ਰਿਹਾ। ਉਹਨੇ ਕੌਮੀ ਤੇ ਕੌਮਾਂਤਰੀ ਪੱਧਰ `ਤੇ ਅੰਪਾਇਰ ਬਣ ਕੇ ਮੈਚ ਵੀ ਖਿਡਾਏ। ਉਹ ਦੋ ਵਾਰ ਛੇ ਛੇ ਮਹੀਨਿਆਂ ਲਈ ਫਰਾਂਸ ਦੀ ਹਾਕੀ ਟੀਮ ਨੂੰ ਕੋਚਿੰਗ ਦੇਣ ਵੀ ਗਿਆ ਤੇ ਦਿਲਚਸਪ ਗੱਲ ਹੈ ਕਿ ਉਹਨੇ ਪੱਤਰਕਾਰ ਬਣ ਕੇ ਮਿੳਨਿਖ਼ ਦੀਆਂ ਓਲੰਪਿਕ ਖੇਡਾਂ ਦੇ ਹਾਕੀ ਮੈਚ ਕਲਕੱਤੇ ਦੇ ਅਖ਼ਬਾਰਾਂ ਲਈ ਕਵਰ ਕੀਤੇ। ਜਦੋਂ ਮੈਂ 1981 ਵਿੱਚ ਬੰਬਈ ਦਾ ਵਿਸ਼ਵ ਹਾਕੀ ਕੱਪ ਟੂਰਨਾਮੈਂਟ ਪੰਜਾਬੀ ਟ੍ਰਿਬਿਊਨ ਲਈ ਕਵਰ ਕਰਨ ਗਿਆ ਤਾਂ ਉਹ ਸਪੋਰਟਸ ਵੀਕ ਦਾ ਨੁਮਾਇੰਦਾ ਬਣ ਕੇ ਆਪਣੀ ਟਿੱਪਣੀਆਂ ਭੇਜ ਰਿਹਾ ਸੀ।

ਬੰਬਈ ਵਿੱਚ ਉਹ ਕਈ ਫਰੰਟਾਂ `ਤੇ ਕੰਮ ਕਰ ਰਿਹਾ ਸੀ। ਕਦੇ ਉਹ ਮੈਦਾਨ `ਚ ਦਿਸਦਾ, ਕਦੇ ਖੇਡ ਅਧਿਕਾਰੀਆਂ ਦੀਆਂ ਮੀਟਿੰਗਾਂ ਵਿਚ, ਕਦੇ ਕੋਚਾਂ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹੁੰਦਾ ਤੇ ਕਦੇ ਕੁਮੈਂਟਰੀ ਬੌਕਸ ਵਿੱਚ ਵਿਸ਼ੇਸ਼ਗ ਵਜੋਂ ਬੋਲਦਾ। ਕਦੇ ਕੰਟੀਨ `ਚ ਹੁੰਦਾ, ਕਦੇ ਖਿਡਰੀਆਂ ਦੇ ਰਿਹਾਇਸ਼ੀ ਹੋਟਲਾਂ `ਚ ਤੇ ਕਦੇ ਉਹ ਸਾਡੇ ਕੋਲ ਪ੍ਰੈੱਸ ਸੈਂਟਰ ਵਿੱਚ ਓਕੜੂ ਜਿਹਾ ਖੜ੍ਹਾ ਹੁੰਦਾ। ਨਿੱਠ ਕੇ ਬੈਠਾਂ ਤਾਂ ਮੈਂ ਉਹਨੂੰ ਕਦੇ ਵੇਖਿਆ ਈ ਨਹੀਂ ਸੀ। ਪਲ `ਚ ਇਥੇ ਪਲ `ਚ ਉਥੇ, ਐਨ ਉਵੇਂ ਜਿਵੇਂ ਹਾਕੀ ਖੇਡਦਿਆਂ ਹਾਕੀ ਦੇ ਗਰਾਊਂਡ ਵਿੱਚ ਘੁੰਮਦਾ ਹੁੰਦਾ ਸੀ। ਪੰਦਰਾਂ ਦਿਨ ਮੈਂ ਉਹਨੂੰ ਪੱਬਾਂ ਭਾਰ ਈ ਵੇਖਿਆ ਤੇ ਆਪਣੇ ਇੱਕ ਤਬਸਰੇ ਵਿੱਚ ਲਿਖਿਆ, “ਗੁਰਬਖ਼ਸ਼ ਸਿੰਘ ਇਥੇ ਵਿਆਹ `ਚ ਨੈਣ ਵਾਂਗ ਫਿਰਦਾ ਹੈ।”

ਗੁਰਬਖ਼ਸ਼ ਸਿੰਘ ਉਂਜ ਦੇਖਣੀ ਪਾਖਣੀ `ਚ ਖਿਡਾਰੀ ਨਹੀਂ ਲੱਗਦਾ। ਐਨਕਾਂ ਲਾਈ ਉਹ ਕਿਸੇ ਦਫ਼ਤਰ ਦਾ ਬਾਬੂ ਪਰਤੀਤ ਹੁੰਦਾ ਹੈ। ਕੱਦ ਤਾਂ ਵਾਹਵਾ ਲੰਮਾ ਹੈ ਪਰ ਜੁੱਸਾ ਇਕਹਿਰਾ ਜਿਹਾ ਹੀ ਹੈ ਜਿਵੇਂ ਅਮਲੀ ਹੋਵੇ। ਉਸ ਦਾ ਕੱਦ ਪੰਜ ਫੁੱਟ ਦਸ ਇੰਚ ਹੈ ਪਰ ਸਰੀਰਕ ਵਜ਼ਨ ਚੌ੍ਹਂਟ ਕਿਲੋਗਰਾਮ ਹੀ ਹੈ। ਵਿਰਲੀ ਜਿਹੀ ਦਾੜ੍ਹੀ ਹੈ ਤੇ ਉਹ ਵੀ ਡੋਰੀ ਪਾ ਕੇ ਕਸੀ ਤੇ ਫਿਕਸੋ ਨਾਲ ਜਮਾਈ ਹੁੰਦੀ ਹੈ। ਉਹ ਅੰਦਰੋਂ ਤੇ ਬਾਹਰੋਂ ਸ਼ਰਧਾਵਾਨ ਗੁਰਸਿੱਖ ਹੈ। ਜਿੰਨੀ ਕਾਮਯਾਬੀ ਉਸ ਨੂੰ ਮਿਲੀ ਉਸ ਬਾਰੇ ਉਸ ਦਾ ਇਹੋ ਕਹਿਣਾ ਹੁੰਦਾ ਸੀ, “ਸਭ ਵਾਹਿਗੁਰੂ ਦੀ ਕਿਰਪਾ।”

ਹਾਕੀ ਦੀ ਖੇਡ ਵਿੱਚ ਉਹ ਉੱਚ ਕੋਟੀ ਦਾ ਸ਼ਾਇਦ ਇਕੋ ਇੱਕ ਖਿਡਾਰੀ ਹੈ ਜੋ ਹਮੇਸ਼ਾਂ ਐਨਕਾਂ ਲਾ ਕੇ ਖੇਡਿਆ ਹੋਵੇ। ਸ਼ੁਰੂ ਸ਼ੁਰੂ ਵਿੱਚ ਅਸੀਂ ਜਦੋਂ ਉਸ ਨੂੰ ਐਨਕਾਂ ਲਈ ਹਾਕੀ ਖੇਡਦਾ ਵੇਖਦੇ ਤਾਂ ਆਪਸ ਵਿੱਚ ਗੱਲਾਂ ਕਰਦੇ, “ਜੇ ਬਾਲ ਸਿੱਧੀ ਐਨਕਾਂ `ਤੇ ਵੱਜੇ, ਫੇਰ ਕੀ ਹੋਵੇ?” ਪਰ ਉਹਦੇ ਵੀਹ ਸਾਲਾਂ ਦੇ ਹਾਕੀ ਕੈਰੀਅਰ ਵਿੱਚ ਇੱਕ ਵਾਰ ਵੀ ਹਾਕੀ ਜਾਂ ਗੇਂਦ ਉਹਦੀਆਂ ਐਨਕਾਂ `ਚ ਨਹੀਂ ਵੱਜੀ।

ਗੁਰਬਖ਼ਸ਼ ਸਿੰਘ ਦੀ ਗਰਦਨ ਪਤਲੀ ਹੈ ਤੇ ਉਹਦੀ ਘੰਡੀ ਗੇਂਦ ਵਾਂਗ ਗੇੜੇ ਖਾਂਦੀ ਦਿੱਸਦੀ ਹੈ। ਰੰਗ ਕਣਕਵੰਨਾ ਹੈ ਤੇ ਪੱਗ ਦਾ ਬੰਨ੍ਹੇਜ ਭਾਪਿਆਂ ਵਾਲਾ। ਉਹ ਕਸਵੀਂ ਟੂਟੀਦਾਰ ਪੱਗ ਬੰਨ੍ਹਦਾ ਹੈ। ਗੱਲ ਬਾਤ ਦਾ ਲਹਿਜਾ ਪੋਠੋਹਾਰੀ ਹੈ। ਉਹਦਾ ਜੱਦੀ ਪਿੰਡ ਜ਼ਿਲ੍ਹਾ ਜਿਹਲਮ ਵਿੱਚ ਮੰਗਵਾਲ ਸੀ। ਉਹਦੇ ਪਿਤਾ ਸ.ਕਰਤਾਰ ਸਿੰਘ ਫੌਜ ਵਿੱਚ ਮੇਜਰ ਸਨ। ਜਦੋਂ ਉਹ ਪਿਸ਼ਾਵਰ ਵਿੱਚ ਤਾਇਨਾਤ ਸਨ ਤਾਂ ਉਥੇ 11 ਫਰਵਰੀ 1936 ਨੂੰ ਗੁਰਬਖ਼ਸ਼ ਸਿੰਘ ਦਾ ਜਨਮ ਹੋਇਆ ਸੀ। ਮੇਜਰ ਕਰਤਾਰ ਸਿੰਘ ਖ਼ੁਦ ਹਾਕੀ ਦੇ ਤਕੜੇ ਖਿਡਾਰੀ ਸਨ ਤੇ ਉਹ ਵੀ ਫੁੱਲ ਬੈਕ ਖੇਡਦੇ ਸਨ।

ਦੇਸ਼ ਦੀ ਵੰਡ ਪਿੱਛੋਂ ਕਰਤਾਰ ਸਿੰਘ ਦੇ ਪਰਿਵਾਰ ਨੂੰ ਲਖਨਊ ਆਉਣਾ ਪਿਆ ਜਿਥੇ ਗੁਰਬਖ਼ਸ਼ ਪੜ੍ਹਨ ਲੱਗਾ ਤੇ ਆਪਣੇ ਸਕੂਲ ਦੀ ਹਾਕੀ ਟੀਮ ਵਿੱਚ ਚੁਣਿਆ ਗਿਆ। ਸਕੂਲ ਦੀ ਟੀਮ `ਚ ਉਹ ਕਦੇ ਰਾਈਟ ਇਨ ਤੇ ਕਦੇ ਲੈਫਟ ਇਨ ਖੇਡਦਾ ਸੀ। ਫਿਰ ਇੰਦੌਰ ਕਾਲਜ ਵਿੱਚ ਪੜ੍ਹਨ ਲੱਗਾ ਤੇ ਆਗਰਾ ਯੂਨੀਵਰਸਿਟੀ ਵੱਲੋਂ ਫੁੱਲ ਬੈਕ ਖੇਡਿਆ। ਬੀ.ਏ.ਦਾ ਇਮਤਿਹਾਨ ਉਸ ਨੇ ਪ੍ਰਾਈਵੇਟ ਵਿਦਿਆਰਥੀ ਵਜੋਂ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤਾ। 1957 ਵਿੱਚ ਉਹ ਮੋਟਰ ਪਾਰਟਸ ਦਾ ਕੰਮ ਸਿੱਖਣ ਲਈ ਕਲਕੱਤੇ ਚਲਾ ਗਿਆ ਤੇ ਉਥੇ ਵਿਆਹ ਕਰਵਾ ਕੇ ਉਥੋਂ ਦਾ ਹੀ ਹੋ ਗਿਆ। ਕਲਕੱਤੇ ਉਸ ਨੇ ਪਹਿਲੇ ਅੱਠ ਸਾਲ ਕਸਟਮ ਦੀ ਨੌਕਰੀ ਕੀਤੀ ਤੇ ਕਸਟਮ ਦੀ ਹਾਕੀ ਟੀਮ ਬਣਾਈ। 1965 ਵਿੱਚ ਕਸਟਮ ਦੀ ਨੌਕਰੀ ਛੱਡ ਕੇ ਆਪਣੇ ਸਹੁਰਿਆਂ ਦਾ ਮੋਟਰ ਪਾਰਟਸ ਦਾ ਕਾਰੋਬਾਰ ਸੰਭਾਲ ਲਿਆ। ਹੁਣ ਉਹ ਸਫਲ ਵਪਾਰੀ ਹੈ ਤੇ ਆਪਣੇ ਬੱਚਿਆਂ ਦੇ ਰਿਸ਼ਤੇ ਨਾਤੇ ਨਿਊਯਾਰਕ ਤਕ ਬਣਾਈ ਬੈਠਾ ਹੈ। ਉਸ ਦੇ ਚਾਰ ਧੀਆਂ ਹਨ ਤੇ ਇੱਕ ਪੁੱਤਰ ਹੈ।

1959 ਵਿੱਚ ਅਫਰੀਕਾ ਦੇ ਟੂਰ ਲਈ ਭਾਰਤੀ ਹਾਕੀ ਟੀਮ ਦਾ ਕੋਚਿੰਗ ਕੈਂਪ ਲੱਗਾ ਤਾਂ ਗੁਰਬਖ਼ਸ਼ ਸਿੰਘ ਨੂੰ ਸਟੈਂਡ ਬਾਈ ਰੱਖਿਆ ਗਿਆ। ਰੋਮ ਦੀਆਂ ਓਲੰਪਿਕ ਖੇਡਾਂ ਲਈ ਉਹਦਾ ਦਾਅ ਨਾ ਲੱਗਾ। ਉਦੋਂ ਬੰਗਾਲ ਦਾ ਹੀ ਕਲਾਡੀਅਸ ਭਾਰਤੀ ਟੀਮ ਦਾ ਕਪਤਾਨ ਬਣਿਆ। 1961 ਵਿੱਚ ਨਿਊਜ਼ੀਲੈਂਡ ਦੇ ਟੂਰ ਸਮੇਂ ਉਹ ਪਹਿਲੀ ਵਾਰ ਭਾਰਤੀ ਹਾਕੀ ਟੀਮ ਦਾ ਮੈਂਬਰ ਬਣਿਆਂ। 1962 ਵਿੱਚ ਉਹ ਅਹਿਮਦਾਬਾਦ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਿਆ। ਉਦੋਂ ਉਹਦੇ ਨਾਲ ਪ੍ਰਿਥੀਪਾਲ ਸਿੰਘ ਤੇ ਝਮਨ ਲਾਲ ਫੁੱਲ ਬੈਕ ਸਨ। 1963 ਵਿੱਚ ਉਹ ਲਿਓਂਸ ਦਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਖੇਡਣ ਗਿਆ ਜਿਥੇ ਭਾਰਤੀ ਟੀਮ ਜੇਤੂ ਰਹੀ।

1964 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਵਿੱਚ ਲੈਫਟ ਹਾਫ਼ ਖੇਡਿਆ। ਪ੍ਰਿਥੀਪਾਲ ਸਿੰਘ ਨਾਲ ਦੂਜਾ ਫੁੱਲ ਬੈਕ ਧਰਮ ਸਿੰਘ ਸੀ। ਫਾਈਨਲ ਮੈਚ ਪਾਕਿਸਤਾਨ ਦੀ ਟੀਮ ਵਿਰੁੱਧ ਖੇਡਿਆ ਗਿਆ ਜੋ ਭਾਰਤੀ ਟੀਮ ਨੇ 1-0 ਗੋਲ ਨਾਲ ਜਿੱਤਿਆ। ਚਾਰ ਸਾਲ ਪਹਿਲਾਂ ਰੋਮ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤੀ ਟੀਮ ਨੂੰ 1-0 ਗੋਲ ਨਾਲ ਹਰਾਇਆ ਸੀ।

ਉਹਨੀਂ ਦਿਨੀਂ ਭਾਰਤ-ਪਾਕਿ ਹਾਕੀ ਮੈਚਾਂ ਵਿੱਚ ਜਿਹੜਾ ਮੁਲਕ ਜਿੱਤ ਜਾਂਦਾ ਉਹ ਏਨੀ ਖ਼ੁਸ਼ੀ ਮਨਾਉਂਦਾ ਜਿਵੇਂ ਜੰਗ ਜਿੱਤ ਗਿਆ ਹੋਵੇ।

ਟੋਕੀਓ ਵਿੱਚ ਗੁਰਬਖ਼ਸ਼ ਸਿੰਘ ਹੋਰਾਂ ਦੀ ਜਿੱਤ ਉਤੇ ਭਾਰਤਵਾਸੀ ਏਨੇ ਖ਼ੁਸ਼ ਹੋਏ ਕਿ ਜੇਤੂ ਖਿਡਾਰੀਆਂ ਲਈ ਵੱਡੇ ਵੱਡੇ ਇਨਾਮ ਐਲਾਨੇ ਗਏ। ਇਹ ਵੱਖਰੀ ਗੱਲ ਹੈ ਕਿ ਕਈ ਐਲਾਨਾਂ ਉਤੇ ਹੁਣ ਤਕ ਅਮਲ ਨਹੀਂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਸ.ਪਰਤਾਪ ਸਿੰਘ ਕੈਰੋਂ ਨੇ ਜੇਤੂ ਖਿਡਾਰੀਆਂ ਨੂੰ ਚੰਡੀਗੜ੍ਹ ਵਿੱਚ ਪਲਾਟ ਅਲਾਟ ਕਰਨ ਦਾ ਐਲਾਨ ਕੀਤਾ ਸੀ ਪਰ ਪ੍ਰਿਥੀਪਾਲ ਸਿੰਘ ਹੋਰੀਂ ਪਲਾਟ ਉਡੀਕਦੇ ਇਸ ਜਹਾਨ ਤੋਂ ਕੂਚ ਕਰ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਕੀਹਨੇ ਪਲਾਟ ਦੇਣੇ ਹਨ? ਸ.ਦਰਬਾਰਾ ਸਿੰਘ ਦੀ ਸਰਕਾਰ ਨੇ ਵੀ 1982 ਵਿੱਚ ਦਿੱਲੀ ਦੀਆਂ ਏਸ਼ਿਆਈ ਖੇਡਾਂ ਦੇ ਜੇਤੂ ਪੰਜਾਬੀ ਖਿਡਾਰੀਆਂ ਨੂੰ ਲੱਖ ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਸੀ ਜੋ ਅੱਧ ਪਚੱਧ ਹੀ ਪੂਰਾ ਹੋ ਸਕਿਆ। ਅਕਸਰ ਵੇਖਿਆ ਗਿਆ ਹੈ ਕਿ ਮੁੱਖ ਮੰਤਰੀ ਤੇ ਮੰਤਰੀ ਐਲਾਨ ਤਾਂ ਵੱਡੇ ਵੱਡੇ ਕਰ ਦਿੰਦੇ ਹਨ ਪਰ ਅਮਲ ਕਰਨਾ ਭੁੱਲ ਜਾਂਦੇ ਹਨ।

1966 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਗੁਰਬਖ਼ਸ਼ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਮੀਤ ਕਪਤਾਨ ਬਣਾਇਆ ਗਿਆ। ਇਸ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਇਹ ਟੀਮ ਲਗਭਗ ਸਾਰੀ ਹੀ ਸਰਦਾਰ ਖਿਡਾਰੀਆਂ ਨਾਲ ਲੈਸ ਸੀ ਜਿਨ੍ਹਾਂ ਦੇ ਜੂੜਿਆਂ ਉਤੇ ਸਫੈਦ ਰੁਮਾਲ ਸੋਂਹਦੇ ਸਨ। ਇਸ ਪ੍ਰਾਪਤੀ ਉਤੇ ਭਾਰਤ ਸਰਕਾਰ ਨੇ ਗੁਰਬਖ਼ਸ਼ ਸਿੰਘ ਨੂੰ ਦੇਸ਼ ਦੇ ਸਰਵੋਤਮ ਖੇਡ ਪੁਰਸਕਾਰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ।

1966 ਵਿੱਚ ਹੀ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਹਾਕੀ ਦਾ ਕੌਮਾਂਤਰੀ ਟੂਰਨਾਮੈਂਟ ਹੋਇਆ। ਗੁਰਬਖ਼ਸ਼ ਸਿੰਘ ਨੂੰ ਉਸ ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਸੇ ਸਾਲ ਜਪਾਨ ਦੇ ਟੂਰ ਸਮੇਂ ਵੀ ਭਾਰਤੀ ਹਾਕੀ ਟੀਮ ਦੀ ਅਗਵਾਈ ਗੁਰਬਖ਼ਸ਼ ਸਿੰਘ ਨੂੰ ਹੀ ਸੌਂਪੀ ਗਈ। ਫਿਰ ਸ੍ਰੀਲੰਕਾ ਦੇ ਟੂਰ ਵੇਲੇ ਵੀ ਉਹ ਕਪਤਾਨ ਬਣਿਆਂ। 1967 ਵਿੱਚ ਉਹ ਲੰਡਨ ਦਾ ਪ੍ਰੀ ਓਲੰਪਿਕ ਹਾਕੀ ਟੂਰਨਾਮੈਂਟ ਖੇਡਿਆ।

 

1968 ਵਿੱਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਸਥਿਤੀ ਅਜਿਹੀ ਬਣੀ ਕਿ ਦੋ ਸੀਨੀਅਰ ਖਿਡਾਰੀਆਂ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਦੋਹਾਂ ਨੂੰ ਭਾਰਤੀ ਹਾਕੀ ਟੀਮ ਦੇ ਜਾਇੰਟ ਕਪਤਾਨ ਬਣਾਉਣਾ ਪਿਆ। ਅਜਿਹਾ ਪਹਿਲੀ ਵਾਰ ਹੋਇਆ। ਗੱਲ ਵਿਚੋਂ ਇਹ ਸੀ ਕਿ ਦੋਵੇਂ ਖਿਡਾਰੀ ਮੈਰਿਟ ਪੱਖੋਂ ਓਲੰਪਿਕ ਖੇਡਾਂ ਦੀ ਕਪਤਾਨੀ ਕਰਨ ਦੇ ਹੱਕਦਾਰ ਸਨ ਪਰ ਉਮਰ ਪੱਖੋਂ ਅਗਲੀ ਓਲੰਪਿਕਸ ਖੇਡ ਸਕਣਾ ਦੋਹਾਂ ਲਈ ਹੀ ਮੁਸ਼ਕਲ ਸੀ। ਸੋ ਦੋਹਾਂ ਨੂੰ ਹੀ ਕਪਤਾਨ ਬਣਾ ਦਿੱਤਾ ਗਿਆ ਤੇ ਟੀਮ ਮਸੀਂ ਤਾਂਬੇ ਦਾ ਤਮਗ਼ਾ ਜਿੱਤ ਸਕੀ।

ਮੈਕਸੀਕੋ ਖੇਡ ਕੇ ਗੁਰਬਖ਼ਸ਼ ਸਿੰਘ ਕੌਮਾਂਤਰੀ ਹਾਕੀ ਤੋਂ ਰਿਟਾਇਰ ਹੋ ਗਿਆ ਪਰ ਕੌਮੀ ਪੱਧਰ `ਤੇ ਬੰਗਾਲ ਵੱਲੋਂ 1972 ਤਕ ਖੇਡਦਾ ਰਿਹਾ। ਬੰਗਾਲ ਵਿੱਚ ਉਹ ਕਸਟਮਜ਼, ਮੋਹਨ ਬਾਗਾਨ ਤੇ ਈਸਟ ਬੰਗਾਲ ਕਲੱਬਾਂ ਦੀਆਂ ਟੀਮਾਂ ਦਾ ਮੈਂਬਰ ਰਿਹਾ। 1973 ਵਿੱਚ ਉਹਨੂੰ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਟੀਮ ਦੀ ਮੈਨੇਜਰੀ ਵੀ ਸੌਂਪੀ ਗਈ। 1974 ਤੇ 75 ਵਿੱਚ ਉਹ ਛੇ ਛੇ ਮਹੀਨਿਆਂ ਲਈ ਫਰਾਂਸ ਦੀ ਕੌਮੀ ਟੀਮ ਨੂੰ ਕੋਚਿੰਗ ਦੇਣ ਜਾਂਦਾ ਰਿਹਾ।

1976 ਵਿੱਚ ਮਾਂਟਰੀਅਲ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਭਾਰਤੀ ਟੀਮ ਦਾ ਕੋਚ ਸੀ। 1980 ਤੋਂ 84 ਤਕ ਉਹ ਫੇਰ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਰਿਹਾ। 1983 ਵਿੱਚ ਉਹ ਕਰਾਚੀ ਦੀ ਚੈਂਪੀਅਨਜ਼ ਟਰਾਫੀ ਸਮੇਂ ਫਿਰ ਭਾਰਤੀ ਟੀਮ ਦਾ ਮੈਨੇਜਰ ਸੀ। 1973 ਵਿੱਚ ਉਹ ਨੈਸ਼ਨਲ ਅੰਪਾਇਰ ਬਣਿਆਂ ਸੀ ਤੇ 1981 ਵਿੱਚ ਇੰਟਰਨੈਸ਼ਨਲ ਅੰਪਾਇਰ ਬਣ ਗਿਆ ਸੀ। 1982 ਦੀਆਂ ਏਸ਼ਿਆਈ ਖੇਡਾਂ ਸਮੇਂ ਉਸ ਨੇ ਕਈ ਮੈਚ ਖਿਡਾਏ।

ਇਕ ਵਾਰ ਅਸੀਂ ਦਿੱਲੀ ਦੇ ਨਹਿਰੂ ਹਾਕੀ ਟੂਰਨਾਮੈਂਟ ਉਤੇ `ਕੱਠੇ ਹੋਏ ਤਾਂ ਪੰਜਾਬ ਪੁਲਿਸ ਦਾ ਮੈਚ ਦੱਖਣ ਵੱਲ ਦੀ ਕਿਸੇ ਟੀਮ ਨਾਲ ਚੱਲ ਰਿਹਾ ਸੀ। ਪੰਜਾਬੀ ਹਾਕੀ ਖਿਡਾਰੀਆਂ ਦੇ ਢਿੱਲੇ ਪੈ ਜਾਣ `ਤੇ ਉਸ ਨੇ ਦਿਲੀ ਦੁੱਖ ਪਰਗਟ ਕੀਤਾ। ਉਸ ਨੇ ਕਿਹਾ, “ਸਾਡੇ ਨਵੇਂ ਮੁੰਡਿਆਂ ਦੀ ਖੇਡ ਵਿੱਚ ਉਹ ਜਾਨ ਨਹੀਂ ਰਹੀ ਜਿਹੜੀ ਹੋਣੀ ਚਾਹੀਦੀ ਏ। ਇਹਨਾਂ `ਚੋਂ ਵਧੇਰੇ ਨਸ਼ਿਆਂ ਵੱਲ ਪੈ ਗਏ ਨੇ। ਸਾਡੇ ਵੇਲੇ ਪੰਜਾਬੀ ਖਿਡਾਰੀ ਮੁਲਕ ਦੀ ਹਰੇਕ ਟੀਮ ਵਿੱਚ ਸਨ। ਪੰਜਾਬ ਹਾਕੀ ਦਾ ਘਰ ਏ ਤੇ ਉਥੋਂ ਹੋਰ ਚੰਗੇ ਖਿਡਾਰੀ ਉੱਠਣੇ ਚਾਹੀਦੇ ਨੇ।”

ਮੈਂ ਪੁੱਛਿਆ, “ਕੀ ਸਾਡੇ ਖਿਡਾਰੀ ਹੀ ਮਾਂਦੇ ਪੈ ਗਏ ਨੇ ਜਾਂ ਹੋਰ ਦੁਨੀਆਂ ਤਕੜੀ ਹੋ ਗਈ ਐ?” ਗੁਰਬਖ਼ਸ਼ ਸਿੰਘ ਨੇ ਆਖਿਆ, “ਇਹ ਠੀਕ ਏ ਕਿ ਦੂਜੇ ਮੁਲਕਾਂ ਦੇ ਖਿਡਾਰੀ ਹਾਕੀ ਖੇਡਣ `ਚ ਪਹਿਲਾਂ ਨਾਲੋਂ ਵਧੇਰੇ ਮਾਹਿਰ ਹੋ ਗਏ ਨੇ ਪਰ ਸਾਡੇ ਖਿਡਾਰੀਆਂ ਨੂੰ ਵੀ ਬਦਲਦੇ ਸਮੇਂ ਨਾਲ ਆਪਣੀ ਟੈਕਨੀਕ `ਚ ਸੁਧਾਰ ਲਿਆਉਂਦੇ ਰਹਿਣਾ ਚਾਹੀਦੈ। ਸਾਡੇ ਮੁੰਡੇ ਹਾਲਾਂ ਵੀ ਗਰਾਸ ਹਾਕੀ ਖੇਡਦੇ ਨੇ ਤੇ ਐਸਟਰੋ ਟਰਫ ਦੀ ਟੈਕਨੀਕ ਨੂੰ ਨਹੀਂ ਅਪਨਾ ਰਹੇ। ਇਹੋ ਵਜ਼ਾ ਏ ਕਿ ਇੰਟਰਨੈਸ਼ਨਲ ਮੈਚਾਂ `ਚ ਹਾਰ ਖਾਂਦੇ ਨੇ।”

ਮੈਂ ਬੱਚਿਆਂ ਨੂੰ ਕੋਈ ਸੰਦੇਸ਼ ਦੇਣ ਲਈ ਕਿਹਾ ਤਾਂ ਉਸ ਨੇ ਆਖਿਆ, “ਬੱਚਿਆਂ ਨੂੰ ਖੇਡਾਂ ਸ਼ਿੱਦਤ ਨਾਲ ਅਪਨਾਉਣੀਆਂ ਚਾਹੀਦੀਆਂ ਨੇ। ਖੇਡਾਂ ਦੀ ਲਗਨ ਵਿਦਿਆਰਥੀ ਜੀਵਨ ਵਿੱਚ ਈ ਲੱਗੇ ਤਦ ਹੀ ਚੰਗੇ ਨਤੀਜੇ ਨਿਕਲ ਸਕਦੇ ਨੇ। ਕਿਸੇ ਵੀ ਖੇਡ `ਚ ਮਾਹਿਰ ਹੋਣ ਲਈ ਲਗਨ ਤੇ ਸਿਰੜ ਦੀ ਲੋੜ ਏ। ਜੀਹਦੇ ਵਿੱਚ ਲਗਨ ਤੇ ਸਿਰੜ ਐ ਉਹ ਜ਼ਰੂਰ ਕੁੱਝ ਨਾ ਕੁੱਝ ਕਰ ਕੇ ਈ ਦਮ ਲਵੇਗਾ।”

ਮੈਂ ਪੁੱਛਿਆ, “ਤੁਹਾਨੂੰ ਅਕਸਰ ਹੀ ਹਾਕੀ ਟੂਰਨਾਮੈਂਟਾਂ ਉਤੇ ਤੁਰੇ ਫਿਰਦੇ ਵੇਖੀਦਾ। ਪਿੱਛੇ ਤੁਹਾਡਾ ਕਾਰੋਬਾਰ ਕਿਵੇਂ ਚੱਲਦੈ। ਬਿਜ਼ਨਸ ਸਫਰ ਨਹੀਂ ਕਰਦਾ?”

ਗੁਰਬਖ਼ਸ਼ ਸਿੰਘ ਨੇ ਮੁਸਕਰਾਉਂਦਿਆਂ ਕਿਹਾ, “ਬਿਜ਼ਨਸ ਤਾਂ ਜ਼ਰੂਰ ਸਫਰ ਕਰਦਾ ਪਰ ਤੁਹਾਨੂੰ ਪਤਾ ਈ ਏ ਪਈ ਇੱਕ ਵਾਰ ਜਿਹੜਾ ਝੱਸ ਬੰਦੇ ਨੂੰ ਪੈ ਜਾਏ ਉਹ ਮਰਦੇ ਦਮ ਤਕ ਛੁੱਟਦਾ ਵੀ ਤੇ ਨਹੀਂ। ਇਹ ਹਾਕੀ ਵਾਲਾ ਸ਼ੌਕ ਤਾਂ ਹੁਣ ਉਮਰ ਭਰ ਈ ਰਹੇਗਾ ਭਾਵੇਂ ਕਿੰਨੇ ਘਾਟੇ ਪਈ ਜਾਣ।”

Read 3544 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।