You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»13 - ਬਾਲਕ ਬੁਧੀਆ ਤੇ ਬਿਰਧ ਫੌਜਾ ਸਿੰਘ

ਲੇਖ਼ਕ

Thursday, 15 October 2009 17:50

13 - ਬਾਲਕ ਬੁਧੀਆ ਤੇ ਬਿਰਧ ਫੌਜਾ ਸਿੰਘ

Written by
Rate this item
(0 votes)

ਬੁਧੀਆ ਸਿੰਘ ਪੰਜ ਛੇ ਸਾਲ ਦਾ ਹੈ ਤੇ ਫੌਜਾ ਸਿੰਘ ਚੁਰੰਨਵੇਂ ਪਚੰਨਵੇਂ ਸਾਲਾਂ ਦਾ। ਬੁਧੀਆ ਸੱਤ ਘੰਟੇ ਦੋ ਮਿੰਟਾਂ ਵਿੱਚ ਪੈਂਟ੍ਹ ਕਿਲੋਮੀਟਰ ਦੌੜਿਆ ਤੇ ਫੌਜਾ ਸਿੰਘ ਨੇ 42.2 ਕਿਲੋਮੀਟਰ ਦੀ ਮੈਰਾਥਨ ਪੰਜ ਘੰਟੇ ਚਾਲੀ ਮਿੰਟਾਂ `ਚ ਲਾਈ ਹੈ। ਉਮਰ ਦੇ ਹਿਸਾਬ ਦੋਹਾਂ ਨੇ ਵਿਸ਼ਵ ਰਿਕਾਰਡ ਰੱਖੇ ਹਨ। ਉਹ ਖ਼ਬਰਾਂ ਵਿੱਚ ਨਾ ਹੁੰਦੇ ਤੇ ਨਾ ਰਿਕਾਰਡਾਂ ਦੀਆਂ ਕਿਤਾਬਾਂ ਉਤੇ, ਜੇ ਬੁਧੀਆ ਬਾਲਕਾਂ ਵਾਂਗ ਸ਼ਰਾਰਤਾਂ ਕਰੀ ਜਾਂਦਾ ਤੇ ਫੌਜਾ ਸਿੰਘ ਬਿਰਧਾਂ ਵਾਂਗ ਮੰਜੇ `ਤੇ ਪਿਆ ਰਹਿੰਦਾ। ਫਿਰ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ। ਮਸ਼ਹੂਰੀ ਉਨ੍ਹਾਂ ਦੀ ਕਾਹਦੀ ਹੁੰਦੀ? ਉਹ ਸਾਧਾਰਨ ਬਾਲਕਾਂ ਤੇ ਬੁੱਢਿਆਂ ਦੀ ਭੀੜ ਵਿੱਚ ਰਲੇ ਰਹਿੰਦੇ ਤੇ ਉਨ੍ਹਾਂ ਦੀ ਕੋਈ ਵੱਖਰੀ ਪਛਾਣ ਨਾ ਬਣਦੀ। ਉਨ੍ਹਾਂ ਦੀ ਪਛਾਣ ਬਣਾਈ ਹੈ ਲੰਮੀਆਂ ਦੌੜਾਂ ਨੇ ਜੋ ਉਹ ਜਾਨਾਂ ਹੂਲ ਕੇ ਦੌੜੇ। ਉਨ੍ਹਾਂ ਨੇ ਉਹ ਕ੍ਰਿਸ਼ਮਾ ਕਰ ਵਿਖਾਇਆ ਕਿ ਕੰਪਨੀਆਂ ਉਨ੍ਹਾਂ ਦੀ ਮਸ਼ਹੂਰੀ ਨਾਲ ਆਪਣੇ ਮਾਲ ਦੀ ਮਸ਼ਹੂਰੀ ਕਰਨ ਲੱਗੀਆਂ ਹਨ। ਫੌਜਾ ਸਿੰਘ ਦੀ ਐਡ ਲੱਗ ਗਈ ਹੈ ਤੇ ਲੱਗਦੈ ਬੁਧੀਏ ਦੀ ਵੀ ਲੱਗੇਗੀ।

ਖੇਡਾਂ ਦਾ ਸਮਾਨ ਬਣਾਉਣ ਵਾਲੀ ਕੰਪਨੀ ਐਡੀਦਾਸ ਨੇ ਮੈਰਾਥਨ ਦੌੜਨ ਲਈ ਬਣਾਏ ਬੂਟਾਂ ਦਾ ਨਾਂ ਫੌਜਾ ਸਿੰਘ ਰੱਖ ਦਿੱਤਾ ਹੈ। ਇੱਕ ਬੂਟ ਉਤੇ ‘ਫੌਜਾ’ ਲਿਖਿਆ ਹੈ ਤੇ ਦੂਜੇ ਉਤੇ ‘ਸਿੰਘ’। ਵੈਸੇ ਉਹਦੇ ਨਾਂ ਨਾਲ ਅਲਸੀ ਦੀਆਂ ਪਿੰਨੀਆਂ ਬੜੀਆਂ ਵੇਚੀਆਂ ਜਾ ਸਕਦੀਆਂ ਕਿਉਂਕਿ ਉਹ ਸੱਚੀਂ ਮੁੱਚੀਂ ਅਲਸੀ ਦੀ ਪਿੰਨੀ ਖਾਂਦਾ ਤੇ ਅਦਰਕ ਦੀ ਤਰੀ ਪੀਂਦਾ ਹੈ। ਮੈਨੂੰ ਲੱਗਦੈ ਕਿ ਇਹ ਗੁਰ ਕਿਸੇ ਦੇਸੀ ਵਪਾਰੀ ਨੇ ਜ਼ਰੂਰ ਵਰਤ ਲੈਣੈ। ਜ਼ੋਰ ਫੌਜਾ ਸਿੰਘ ਦਾ ਲੱਗੇਗਾ ਪਰ ਪਿੰਨੀਆਂ ਉਸ ਵਪਾਰੀ ਦੀਆਂ ਵਿਕਣਗੀਆਂ। ਬੱਚਿਆਂ ਦੇ ਸੀਰੀਅਲ ਤੇ ਸਾਫਟ ਡਰਿੰਕ ਵੇਚਣ ਵਾਲੇ ਬੁਧੀਆ ਸਿੰਘ ਦੇ ਚੱਬੇ ਦਾਣੇ ਤੇ ਪੀਤੀ ਲੱਸੀ ਵੇਚ ਸਕਦੇ ਹਨ। ਉਹ ਪਰਚਾਰ ਕਰ ਸਕਦੇ ਨੇ ਕਿ ਇਨ੍ਹਾਂ ਦੇ ਖਾਣ ਪੀਣ ਨਾਲ ਤਾਕਤ ਵਧਦੀ, ਦਮ ਪੱਕਦਾ ਤੇ ਸਰੀਰ ਦੀ ਹੰਢਣਸਾਰੀ ਹੋਰ ਤਕੜੀ ਹੁੰਦੀ ਹੈ। ਬੁਧੀਆ ਸਿੰਘ ਨੂੰ ਵੇਖ ਲਓ ਇਹੋ ਕੁੱਝ ਖਾ ਪੀ ਕੇ ਪੈ੍ਹਂਟ ਕਿਲੋਮੀਟਰ ਦੌੜਿਆ! ਜਿਵੇਂ ਐਡੀਦਾਸ ਵਾਲੇ ਕਹਿੰਦੇ ਨੇ ਕਿ ਉਹਨਾਂ ਦੇ ਬਣਾਏ ਦੌੜਨ ਵਾਲੇ ਬੂਟ ਪਾ ਕੇ ਵੇਖੋ ਬੁੱਢਾ ਫੌਜਾ ਸਿੰਘ ਵੀ ਉਡਿਆ ਜਾਂਦੈ! !

ਬੁਧੀਆ ਸਿੰਘ ਦੀ ਲੰਮੀ ਦੌੜ ਨੇ ਮੀਡੀਏ ਦਾ ਧਿਆਨ ਵੱਡੀ ਪੱਧਰ ਉਤੇ ਖਿੱਿਚਆ ਹੈ। ਜਦੋਂ ਵੀ ਕੋਈ ਜਾਨ ਜੋਖੋਂ ਵਾਲਾ ਅਦਭੁੱਤ ਕਾਰਨਾਮਾ ਕਰ ਵਿਖਾਉਂਦਾ ਹੈ ਤਾਂ ਉਹ ਲੋਕਾਂ ਦਾ ਧਿਆਨ ਖਿੱਚ ਹੀ ਲੈਂਦਾ ਹੈ। ਮਾਊਂਟ ਐਵਰੈੱਸਟ ਉਤੇ ਚੜ੍ਹਨ ਵਾਲੇ ਵੀ ਖਿੱਚਦੇ ਰਹੇ ਨੇ ਤੇ ਚੰਦ ਉਤੇ ਚੜ੍ਹਨ ਵਾਲੇ ਵੀ। ਸਰਕਸ ਦੇ ਉਹੀ ਸ਼ੋਅ ਬਹੁਤੇ ਲੋਕ ਵੇਖਦੇ ਨੇ ਜਿਨ੍ਹਾਂ ਵਿੱਚ ਵਧੇਰੇ ਜਾਨ ਜੋਖੋਂ ਵਾਲੇ ਕਰਤਬ ਵਿਖਾਏ ਜਾਂਦੇ ਨੇ। ਪੰਜਾਬ ਦੇ ਪਿੰਡਾਂ ਵਿੱਚ ਪੈਂਦੀਆਂ ਬਾਜ਼ੀਆਂ ਸਮੇਂ ਸੂਲੀ ਦੀ ਛਾਲ ਸਭ ਤੋਂ ਵੱਧ ਖਿੱਚਪਾਊ ਸੀ ਕਿਉਂਕਿ ਉਸ ਛਾਲ `ਚ ਬਾਜ਼ੀਗਰ ਦੀ ਜਾਨ ਦਾ ਜੋਖਮ ਸੀ। ਕਈ ਪਿੰਡਾਂ ਵਾਲੇ ਬਾਜ਼ੀਗਰ ਨੂੰ ਇਹ ਛਾਲ ਨਹੀਂ ਸਨ ਲਾਉਣ ਦਿੰਦੇ ਤੇ ਪਟੜੀ ਉਤੇ ਖੜ੍ਹੇ ਨੂੰ ਹੀ ਕੈਂਠਾ ਇਨਾਮ ਦੇ ਕੇ ਭੁੰਜੇ ਉਤਾਰ ਲੈਂਦੇ ਸਨ। ਪਰ ਇੰਜ ਕਰਨ ਨਾਲ ਉਹਦੀ ਉਹ ਪੈ੍ਹਂਠ ਨਹੀਂ ਸੀ ਬੱਝਦੀ ਜਿਹੜੀ ਸੂਲੀ ਦੀ ਛਾਲ ਲਾ ਕੇ ਬੱੜਦੀ ਸੀ। ਬਾਜ਼ੀਗਰਾਂ ਜਿੱਦ ਕਰਦੇ ਸਨ ਕਿ ਅਸੀਂ ਬਾਜ਼ੀਗਰ ਕਾਹਦੇ ਹੋਏ ਜੇ ਸੂਲੀ ਦੀ ਛਾਲ ਲਾ ਕੇ ਨਾ ਵਿਖਾਈ? ਅਸਲੀ ਖਿੱਚ ਹੀ ਖ਼ਤਰੇ ਭਰੇ ਅਨੋਖੇ ਕਰਤਬ ਦੀ ਹੁੰਦੀ ਹੈ।

ਆਓ ਪਹਿਲਾਂ ਫੌਜਾ ਸਿੰਘ ਦੀਆਂ ਦੌੜਾਂ ਦੀ ਗੱਲ ਕਰੀਏ ਤੇ ਫਿਰ ਬੁਧੀਆ ਸਿੰਘ ਦੀ ਕਰਾਂਗੇ। ਫੌਜਾ ਸਿੰਘ ਨੂੰ ਮੈਂ ਲੰਡਨ, ਬਰਮਿੰਘਮ, ਟੋਰਾਂਟੋ ਤੇ ਵੈਨਕੂਵਰ ਵਿੱਚ ਮਿਲ ਚੁੱਕਾਂ ਤੇ ਉਹਦੀਆਂ ਕਈ ਗੱਲਾਂ ਨੋਟ ਕੀਤੀਆਂ ਹਨ। ਵੇਖਣ ਨੂੰ ਉਹ ਅਜਿਹਾ ਨਹੀਂ ਲੱਗਦਾ ਕਿ ਲਗਾਤਾਰ ਛੱਬੀ ਮੀਲ ਦੌੜ ਸਕਦਾ ਹੋਵੇਗਾ। ਮਾੜੂਆ ਜਿਹਾ ਬੁਢੜਾ ਹੈ ਉਹ। ਲੱਤਾਂ ਉਹਦੀਆਂ ਡੰਡਿਆਂ ਵਰਗੀਆਂ ਹਨ। ਪਿੰਡ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਅੱਲ ਈ ‘ਡੰਡੇ’ ਪਈ ਹੋਈ ਹੈ। ਮੈਂ ਉਸ ਬਾਰੇ ਲੰਮਾ ਲੇਖ ਲਿਖ ਚੁੱਕਾਂ ਜੋ ਮੇਰੀ ਪੁਸਤਕ ‘ਖੇਡ ਮੇਲੇ ਵੇਖਦਿਆਂ’ ਵਿੱਚ ਸ਼ਾਮਲ ਹੈ। ਉਸ ਵਿਚਲਾ ਇੱਕ ਪੈਰਾ ਹੈ:

-ਉਹ ਕਮਾਲ ਦੀ ਸ਼ੈਅ ਹੈ। ਇੱਕ ਅਜੂਬਾ, ਕੁਦਰਤ ਦਾ ਕ੍ਰਿਸ਼ਮਾ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਬੁੱਢਿਆਂ ਦਾ ਉਹ ਰੋਲ ਮਾਡਲ ਹੋ ਸਕਦਾ ਹੈ। ਰਤਾ ਸੋਚੋ, ਕੋਈ ਬੰਦਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦਾ ਜੰਮਿਆ ਹੋਵੇ, ਕਿਰਤੀ ਕਿਸਾਨ ਹੋਵੇ, ਕੋਰਾ ਅਨਪੜ੍ਹ ਤੇ ਕੁਲ ਦਸ ਗਿਣਨ ਜਾਣਦਾ ਹੋਵੇ। ਸਰੀਰਕ ਵਜ਼ਨ ਸਿਰਫ ਬਵੰਜਾ ਕਿਲੋਗਰਾਮ ਹੋਵੇ ਪਰ ਭੱਜਣ ਲੱਗਾ ਲੁਧਿਆਣੇ ਤੋਂ ਫਗਵਾੜਾ ਲੰਘ ਕੇ ਖੜ੍ਹੇ ਤੇ ਅਗਲੀ ਝੁੱਟੀ ਆਪਣੇ ਪਿੰਡ ਬਿਆਸ ਜਾ ਅਪੜੇ। ਕੌਣ ਐ ਜਿਹੜਾ ਫਿਰ ਅਜਿਹੇ ਅਫਲਾਤੂਨ ਨੂੰ ਸਲਾਮ ਨਾ ਕਰੇ?

ਫੌਜਾ ਸਿੰਘ ਲੰਡਨ, ਟੋਰਾਂਟੋ, ਨਿਊਯਾਰਕ, ਲਾਹੌਰ ਤੇ ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਦੀਆਂ ਮੈਰਾਥਨਾਂ ਦੌੜਿਆ ਹੈ। ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਦੀ ਖੱਬੀ ਲੱਤ ਸੱਜੀ ਨਾਲੋਂ ਕਮਜ਼ੋਰ ਹੈ। ਉਹ ਦੌੜਦਿਆਂ ਖੱਬੀ ਲੱਤ ਉਤੇ ਘੱਟ ਭਾਰ ਦਿੰਦਾ ਹੈ। ਢਾਲ ਅਤੇ ਚੜ੍ਹਾਈ ਉਤੇ ਔਖਾ ਦੌੜਦਾ ਹੈ ਤੇ ਪੱਧਰੇ ਉਤੇ ਸੌਖਾ। ਪਹਿਲੇ ਪੰਦਰਾਂ ਮੀਲ ਸੌਖੇ ਦੌੜ ਲੈਂਦਾ ਹੈ, ਪੰਜ ਮੀਲ ਔਖੇ ਤੇ ਅਖ਼ੀਰਲੇ ਛੇ ਮੀਲਾਂ `ਚ ਹਾਲਤ ਅਜਿਹੀ ਹੋ ਜਾਂਦੀ ਹੈ ਜਿਵੇਂ ਜੁੱਸਾ ਆਰੀ ਨਾਲ ਚੀਰਿਆ ਜਾ ਰਿਹਾ ਹੋਵੇ। ਉਸ ਦੇ ਪੈਰਾਂ ਦੇ ਨਹੁੰ ਸੁੱਕ ਗਏ ਸਨ ਪਰ ਹੁਣ ਫਿਰ ਉੱਗ ਆਏ ਹਨ। ਕਹਿੰਦਾ ਹੈ ਜੇ ਜੀਂਦਾ ਰਿਹਾ ਅਠੰਨਵੇਂ ਸਾਲ ਦੀ ਉਮਰ ਵਿੱਚ ਲੰਡਨ ਦੀ ਮੈਰਾਥਨ ਫਿਰ ਲਾਵਾਂਗਾ ਭਾਵੇਂ ਰਾਹ `ਚ ਈ ਪੂਰਾ ਹੋ ਜਾਂ। ਉਸ ਦੇ ਇਸ ਜਜ਼ਬੇ ਬਾਰੇ ਕੀ ਕਿਹਾ ਜਾਵੇ? ਡਾਕਟਰ ਤੇ ਹੋਰ ਲੋਕ ਉਸ ਨੂੰ ਸਲਾਹ ਦੇਣਗੇ ਕਿ ਉਹ ਬੁੱਢੇਬਾਰੇ ਏਨਾ ਔਖਾ ਨਾ ਹੋਵੇ ਤੇ ਆਪਣੀ ਜਾਨ ਜੋਖਮ ਵਿੱਚ ਨਾ ਪਾਵੇ। ਕੀ ਉਹ ਅਜਿਹੀ ਸਲਾਹ ਮੰਨ ਲਵੇਗਾ ਤੇ ਚੁੱਪ ਕਰ ਕੇ ਘਰ ਬਹਿ ਜਾਵੇਗਾ? ਲੱਗਦਾ ਹੈ ਉਹ ਅਜਿਹਾ ਨਹੀਂ ਕਰੇਗਾ। ਫਿਰ ਉਹ ਬੁੱਢਿਆਂ ਦਾ ਰੋਲ ਮਾਡਲ ਨਹੀਂ ਰਹੇਗਾ। ਸਾਧਾਰਨ ਬਜ਼ੁਰਗ ਹੋਵੇਗਾ ਜਿਸ ਦੇ ਚਲਾਣਾ ਕਰ ਜਾਣ ਦਾ ਵੀ ਲੋਕਾਂ ਨੂੰ ਪਤਾ ਨਹੀਂ ਲੱਗੇਗਾ।

ਅਸੀਂ ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਦੇ ਮੁਕਾਬਲੇ ਵੇਖਦਿਆਂ ਅਕਸਰ ਵੇਖਦੇ ਹਾਂ ਕਿ ਕਈ ਖਿਡਾਰੀ ਵਿਤੋਂ ਬਾਹਰਾ ਜ਼ੋਰ ਲਾ ਕੇ ਡਿੱਗ ਪੈਂਦੇ ਹਨ ਤੇ ਬੇਹੋਸ਼ ਵੀ ਹੋ ਜਾਂਦੇ ਹਨ। ਮਿਲਖਾ ਸਿੰਘ ਦੱਸਦਾ ਹੈ ਕਿ ਦੌੜਨ ਦਾ ਸਖਤ ਅਭਿਆਸ ਕਰਦਿਆਂ ਉਹ ਕਈ ਵਾਰ ਬੇਹੋਸ਼ ਹੋ ਕੇ ਡਿੱਗਿਆ ਸੀ। ਖੂਨ ਦੀਆਂ ਉਲਟੀਆਂ ਵੀ ਆ ਜਾਂਦੀਆਂ ਸਨ। ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ 1960 ਦੀਆਂ ਨੈਸ਼ਨਲ ਖੇਡਾਂ ਸਮੇਂ ਉਹ 400 ਮੀਟਰ ਦੀ ਦੌੜ ਨਵੇਂ ਨੈਸ਼ਨਲ ਰਿਕਾਰਡ ਨਾਲ ਜਿੱਤ ਕੇ ਬੇਹੋਸ਼ ਹੋਇਆ ਤਾਂ ਉਹਦੀ ਭੈਣ ਰੋਣ ਕੁਰਲਾਉਣ ਲੱਗੀ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਉਸ ਦੀ ਭੈਣ ਕਹਿਣ ਲੱਗੀ, “ਵੀਰਾ ਦੌੜਨਾ ਛੱਡ ਦੇ। ਮੈਂ ਤੈਨੂੰ ਏਨਾ ਔਖਿਆਂ ਹੁੰਦਿਆਂ ਨਹੀਂ ਵੇਖ ਸਕਦੀ।” ਮਿਲਖਾ ਸਿੰਘ ਦਾ ਉੱਤਰ ਸੀ, “ਭੈਣੇ ਜੇ ਮੈਂ ਦੌੜਨਾ ਛੱਡ ਦਿਆਂ ਤਾਂ ਮੈਨੂੰ ਕੌਣ ਵੇਖੇਗਾ? ਹੁਣ ਵੇਖ ਲੈ ਕਿੰਨੇ ਲੋਕ ਮੇਰੀ ਦੌੜ ਵੇਖਣ ਆਏ ਨੇ?”

1978 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਹਾਕਮ ਸਿੰਘ ਨੇ ਵੀਹ ਕਿਲੋਮੀਟਰ ਦੀ ਵਾਕ ਜਿੱਤਣ ਲਈ ਏਨਾ ਜ਼ੋਰ ਲਾਇਆ ਕਿ ਉਸ ਨੂੰ ਉਲਟੀ ਵੀ ਆਈ ਤੇ ਉਹ ਬੇਹੋਸ਼ ਵੀ ਹੋਇਆ। ਉਸ ਨੂੰ ਤੁਰਤ ਡਾਕਟਰੀ ਸਹਾਇਤਾ ਦਿੱਤੀ ਗਈ। ਵੀਹ ਮਿੰਟਾਂ ਬਾਅਦ ਹੋਸ਼ ਪਰਤੀ ਤਾਂ ਉਸ ਨੇ ਜਾਣਨਾ ਚਾਹਿਆ, “ਫਸਟ ਕੌਣ ਆਇਆ?” ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਫਸਟ ਹੈ ਤਾਂ ਉਸ ਨੂੰ ਜਾਨ ਦਾ ਖ਼ਤਰਾ ਸਹੇੜਨਾ ਵੀ ਮਾੜਾ ਨਾ ਲੱਗਾ। ਖੇਡ ਖੇਤਰ ਦੀਆਂ ਸੈਂਕੜੇ ਮਿਸਾਲਾਂ ਹਨ ਜਿਨ੍ਹਾਂ ਵਿੱਚ ਖਿਡਾਰੀਆਂ ਨੇ ਜਾਨ ਦੀਆਂ ਬਾਜ਼ੀਆਂ ਲਾਈਆਂ। ਉਹ ਜਿੱਤੇ ਵੀ ਤੇ ਹਾਰੇ ਵੀ। ਪਰ ਖ਼ਤਰੇ ਸਹੇੜਨ ਤੋਂ ਤੋਬਾ ਨਹੀਂ ਕੀਤੀ।

ਸਪੇਨ ਦੀ ਇੱਕ ਖੇਡ ਵਿੱਚ ਬੰਦੇ ਤੇ ਭੂਸਰੇ ਸਾਨ੍ਹ ਦਾ ਟਾਕਰਾ ਹੁੰਦਾ ਹੈ ਤੇ ਕਈ ਵਾਰ ਬੰਦਾ ਜ਼ਖਮੀ ਹੋ ਜਾਂਦਾ ਹੈ। ਮੌਤ ਹੁੰਦੀ ਵੀ ਸੁਣੀ ਹੈ। ਪਰ ਇਹ ਖੇਡ ਅਜੇ ਵੀ ਚੱਲੀ ਜਾਂਦੀ ਹੈ। ਸੁਰੱਖਿਆ ਜ਼ਰੂਰ ਵਧਾਈ ਗਈ ਹੈ। ਪੁਰਾਤਨ ਓਲੰਪਿਕ ਖੇਡਾਂ ਵਿੱਚ ਪੰਕਰਾਸ਼ਨ ਨਾਂ ਦੀ ਕੁਸ਼ਤੀ ਵਿੱਚ ਉਦੋਂ ਤਕ ਕੋਈ ਪਹਿਲਵਾਨ ਢੱਠਾ ਨਹੀਂ ਸੀ ਮੰਨਿਆਂ ਜਾਂਦਾ ਜਦੋਂ ਤਕ ਉਹ ਹੱਥ ਉਠਾ ਕੇ ਹਾਰ ਨਾ ਮੰਨਦਾ। ਇੱਕ ਵਾਰ ਦੋ ਮੱਲ ਅਜਿਹੇ ਗੁਥਮਗੁੱਥਾ ਹੋਏ ਕਿ ਇੱਕ ਮੱਲ ਮਰ ਗਿਆ। ਦੂਜੇ ਦੀ ਜਾਨ ਨਿਕਲਣ ਲੱਗੀ ਤਾਂ ਉਸ ਨੇ ਹੱਥ ਉਠਾ ਦਿੱਤਾ। ਜਦੋਂ ਉਨ੍ਹਾਂ ਦੀ ਕੁਸ਼ਤੀ ਛੁਡਾਈ ਗਈ ਤਾਂ ਅਰੈਸ਼ਨ ਨਾਂ ਦਾ ਪਹਿਲਵਾਨ ਮਰ ਚੁੱਕਾ ਸੀ। ਕਿਉਂਕਿ ਉਸ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ ਇਸ ਲਈ ਮੋਏ ਮੱਲ ਨੂੰ ਹੀ ਜੇਤੂ ਕਰਾਰ ਦਿੱਤਾ ਗਿਆ ਤੇ ਉਹਦੇ ਸਿਰ ਉਤੇ ਜੈਤੂਨ ਦੀਆਂ ਲਗਰਾਂ ਦਾ ਮੁਕਟ ਸਜਾਇਆ ਗਿਆ। ਕਈ ਐਸੇ ਸਿਰੜੀ ਹੁੰਦੇ ਹਨ ਕਿ ਉਹ ਹਾਰ ਕੇ ਵੀ ਨਹੀਂ ਹਾਰਦੇ ਤੇ ਅੰਤਲੇ ਸਾਹ ਤਕ ਜੂਝਦੇ ਰਹਿੰਦੇ ਹਨ। ਅਰਨੈਸਟ ਹੈਮਿੰਗਵੇ ਦਾ ਨਾਵਲ ‘ਬੁੱਢਾ ਤੇ ਸਮੁੰਦਰ’ ਇਹੋ ਸੰਦੇਸ਼ ਦਿੰਦਾ ਹੈ।

ਆਓ ਹੁਣ ਬੁਧੀਆ ਸਿੰਘ ਦੀ ਗੱਲ ਕਰੀਏ। ਖ਼ਬਰਾਂ ਅਨੁਸਾਰ ਉਹ ਉੜੀਸਾ ਦੇ ਗਰੀਬ ਮਾਪਿਆਂ ਦਾ ਬੱਚਾ ਹੈ ਜੀਹਨੂੰ ਉਨ੍ਹਾਂ ਨੇ ਮਜਬੂਰੀ ਵੱਸ ਵੇਚ ਦਿੱਤਾ ਸੀ। ਉੜੀਸਾ ਦੇ ਇੱਕ ਫਿਜ਼ੀਕਲ ਟ੍ਰੇਨਰ ਅਥਵਾ ਕੋਚ ਨੇ ਉਸ ਨੂੰ ਲੰਮੀ ਦੌੜ ਲਈ ਤਿਆਰ ਕੀਤਾ। ਇਹੋ ਜਿਹੇ ਬੱਚਿਆਂ ਤੋਂ ਆਮ ਕਰ ਕੇ ਭਾਂਡੇ ਮੰਜਵਾਏ ਜਾਂਦੇ ਹਨ ਤੇ ਗੋਹਾ ਕੂੜਾ ਕਰਵਾਇਆ ਜਾਂਦਾ ਹੈ। ਦੌੜਾਂ ਦੌੜਨ ਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਕੋਈ ਉਨ੍ਹਾਂ ਅੰਦਰ ਛਿਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਸ ਕੋਚ ਨੇ ਕੋਸ਼ਿਸ਼ ਕੀਤੀ ਤੇ ਉਹ ਕਾਮਯਾਬ ਵੀ ਹੋਇਆ। ਸੱਤਰ ਕਿਲੋਮੀਟਰ ਦੀ ਦੌੜ ਵਿੱਚ ਉਸ ਦਾ ਚੰਡਿਆ ਬਾਲ ਪੈ੍ਹਂਟ ਕਿਲੋਮੀਟਰ ਦੌੜ ਕੇ ਡਿੱਗ ਪਿਆ ਜਿਵੇਂ ਲੰਮੀਆਂ ਦੌੜਾਂ ਦੇ ਮੁਕਾਬਲਿਆਂ ਵਿੱਚ ਕਦੇ ਕਦੇ ਜੁਆਨ ਦੌੜਾਕ ਵੀ ਡਿੱਗ ਪੈਂਦੇ ਹਨ। ਸਪੱਸ਼ਟ ਹੈ ਕਿ ਦੌੜ ਪੂਰੀ ਕਰਨ ਤੇ ਰਿਕਾਰਡ ਰੱਖਣ ਲਈ ਉਸ ਨੇ ਵਿਤੋਂ ਵੱਧ ਜ਼ੋਰ ਲਾਇਆ ਹੋਵੇਗਾ। ਇਹ ਵੀ ਹਕੀਕਤ ਹੈ ਕਿ ਉਸ ਦਾ ਵਿਤੋਂ ਵੱਧ ਲੱਗਾ ਜ਼ੋਰ ਹੀ ਉਸ ਨੂੰ ਹੀਰੋ ਬਣਾ ਸਕਿਆ ਹੈ। ਜੇ ਉਹ ਦੌੜਦਾ ਹੀ ਨਾ ਜਾਂ ਰਤਾ ਕੁ ਥੱਕਣ ਨਾਲ ਈ ਰੁਕ ਜਾਂਦਾ ਤਾਂ ਉਹ ਜ਼ੀਰੋ ਬਣਿਆ ਰਹਿੰਦਾ।

ਦੌੜ ਤੋਂ ਬਾਅਦ ਸੁਆਲ ਉਠਾਇਆ ਗਿਆ ਹੈ ਕਿ ਕੋਚ ਨੇ ਛੋਟੇ ਜਿਹੇ ਬੱਚੇ ਨੂੰ ਲੰਮੀ ਦੌੜ ਦੌੜਾ ਕੇ ਉਹਦੀ ਸਿਹਤ ਨਾਲ ਖਿਲਵਾੜ ਕੀਤਾ ਹੈ। ਦੌੜ ਦੇ ਪ੍ਰਬੰਧਕਾਂ ਨੇ ਵੀ ਨਹੀਂ ਵੇਖਿਆ ਕਿ ਏਨਾ ਛੋਟਾ ਬੱਚਾ ਏਨੀ ਲੰਮੀ ਦੌੜ ਕਿਵੇਂ ਦੌੜੇਗਾ? ਡਾਕਟਰਾਂ ਨੇ ਬੱਚੇ ਦਾ ਮੈਡੀਕਲ ਟੈੱਸਟ ਕਰ ਕੇ ਉਸ ਦੇ ਲੰਮੀ ਦੌੜ ਦੌੜਨ ਉਤੇ ਪਾਬੰਦੀ ਲਾ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਦੇ ਖੇਡ ਪ੍ਰੇਮੀਆਂ ਨੇ ਉਸ ਨੂੰ ਉਚੇਚੀ ਸਿਖਲਾਈ ਦੇਣ ਤੇ ਉਮਰ ਭਰ ਦੀਆਂ ਰੋਟੀਆਂ ਪ੍ਰੋਸਣ ਦੀ ਪੇਸ਼ਕਸ਼ ਕੀਤੀ ਹੈ। ਪੀ.ਟੀ.ਊਸ਼ਾ ਕਹਿੰਦੀ ਹੈ ਕਿ ਇਹ ਬੱਚਾ ਦੌੜ ਦੇ ਭਵਿੱਖ ਦੀ ਦੌਲਤ ਹੈ ਇਹਨੂੰ ਸੰਭਾਲ ਕੇ ਰੱਖਣਾ ਚਾਹੀਦੈ। ਕੋਚ ਕਹਿੰਦਾ ਹੈ ਮੈਂ ਸੰਭਾਲ ਹੀ ਤਾਂ ਰਿਹਾਂ ਤੇ ਸਾਣ ਉਤੇ ਵੀ ਚਾੜ੍ਹ ਰਿਹਾਂ। ਬੱਚਿਆਂ ਦੇ ਹੱਕਾਂ ਲਈ ਬਣੀ ਇੱਕ ਸਭਾ ਨੇ ਕੋਚ ਉਤੇ ਕੇਸ ਕਰ ਦਿੱਤਾ ਹੈ। ਮਾਮਲਾ ਅਦਾਲਤ ਵਿੱਚ ਹੈ। ਕੋਚ ਕਹਿੰਦਾ ਹੈ ਕਿ ਬੱਚੇ `ਚ ਦਮ ਸੀ ਤਦ ਹੀ ਉਹ ਪੈ੍ਹਂਟ ਕਿਲੋਮੀਟਰ ਦੌੜ ਸਕਿਆ। ਮੈਂ ਉਸ ਦਾ ਦਮ ਹੋਰ ਵੀ ਪਕਾਵਾਂਗਾ ਤਾਂ ਜੋ ਉਹ ਹੋਰ ਵੀ ਲੰਮੀ ਦੌੜ ਦੌੜ ਸਕੇ ਤੇ ਹੋਰ ਵੱਡੇ ਰਿਕਾਰਡ ਰੱਖ ਸਕੇ। ਜੇ ਉੜੀਸਾ ਵਿੱਚ ਰੋਕ ਲੱਗੇਗੀ ਤਾਂ ਮੈਂ ਬੱਚੇ ਨੂੰ ਲੈ ਕੇ ਕਿਤੇ ਹੋਰ ਚਲਾ ਜਾਵਾਂਗਾ।

ਮਾਮਲਾ ਪੇਚੀਦਾ ਹੈ। ਸੁਆਲ ਐ ਕਿ ਇੱਕ ਬੱਚੇ ਨੂੰ ਕਿਥੇ ਤਕ ਦੌੜਨ ਦੀ ਆਗਿਆ ਹੋਵੇ ਤੇ ਨਾਲ ਹੀ ਇੱਕ ਬੁੱਢੇ ਨੂੰ ਵੀ? ਅੱਜ ਬੁਧੀਏ ਨੂੰ ਲੰਮੀਆਂ ਦੌੜਾਂ ਤੋਂ ਰੋਕਿਆ ਗਿਆ ਤਾਂ ਕੱਲ੍ਹ ਨੂੰ ਫੌਜਾ ਸਿੰਘ ਨੂੰ ਵੀ ਰੋਕਣਾ ਪਵੇਗਾ। ਜੇਕਰ ਬਾਲਕ ਦੀ ਸਿਹਤ ਨਾਲ ਖਿਲਵਾੜ ਹੈ ਤਾਂ ਬਿਰਧ ਨਾਲ ਕਿਹੜਾ ਘੱਟ ਹੈ? ਜਾਨ ਜੋਖੋਂ ਵਾਲੇ ਸਾਰੇ ਹੀ ਕਰਤਬ ਰੋਕਣੇ ਪੈ ਸਕਦੇ ਹਨ। ਜਿਹੜਾ ਵੀ ਅਥਲੀਟ ਜਾਂ ਖਿਡਾਰੀ ਬੇਹੋਸ਼ ਹੋ ਕੇ ਡਿੱਗੇ ਉਹਦੇ ਮੁੜ ਦੌੜਨ ਜਾਂ ਖੇਡਣ ਉਤੇ ਪਾਬੰਦੀ ਲਗਾਉਣੀ ਪੈ ਸਕਦੀ ਹੈ। ਕੀ ਇਹ ਕੁੱਝ ਕਰਨਾ ਸੰਭਵ ਹੋਵੇਗਾ? ਦੌੜਨ ਵਿੱਚ ਤਾਂ ਏਨਾ ਖ਼ਤਰਾ ਨਹੀਂ ਜਿੰਨਾ ਹੋਰਨਾਂ ਖੇਡਾਂ ਤੇ ਕਰਤਬਾਂ ਵਿੱਚ ਹੈ। ਦੌੜਨ ਨਾਲ ਤਾਂ ਕੋਈ ਥੱਕ ਕੇ ਡਿੱਗੇਗਾ ਹੀ ਤੇ ਕੁੱਝ ਸਮੇਂ ਪਿੱਛੋਂ ਫਿਰ ਖੜ੍ਹਾ ਹੋ ਜਾਵੇਗਾ ਜਿਵੇਂ ਬੁਧੀਆ ਹੋਇਆ ਹੈ। ਅਨੇਕਾਂ ਖੇਡਾਂ ਹਨ ਜਿਹੜੀਆਂ ਸੱਟਾਂ ਫੇਟਾਂ ਦੇ ਖ਼ਤਰਿਆਂ ਨਾਲ ਭਰੀਆਂ ਪਈਆਂ ਹਨ। ਪੰਜਾਬ ਦੀ ਦੇਸੀ ਖੇਡ ਕਬੱਡੀ ਬਾਰੇ ਕੀ ਕਿਹਾ ਜਾਵੇ?

ਬੁਧੀਆ ਪੈ੍ਹਂਟ ਕਿਲੋਮੀਟਰ ਦੌੜ ਕੇ ਤੁਰਿਆ ਫਿਰਦਾ ਹੈ ਤੇ ਬਿਮਾਰ ਨਹੀਂ ਹੋਇਆ। ਉਹ ਹੋਰ ਵੀ ਲੰਮੀ ਦੌੜ ਦੌੜਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਫੌਜਾ ਸਿੰਘ ਕਹਿੰਦਾ ਹੈ ਜੇ ਮੈਂ ਜੀਂਦਾ ਰਿਹਾ ਤਾਂ ਅਠੰਨਵੇਂ ਸਾਲ ਦੀ ਉਮਰ ਵਿੱਚ ਫਿਰ ਮੈਰਾਥਨ ਲਾਵਾਂਗਾ। ਅਠੰਨਵੇਂ ਸਾਲ ਦੀ ਉਮਰ ਪਿਛੋਂ ਉਹ ਕਹਿ ਸਕਦੈ ਕਿ ਮੈਂ ਸੌ ਸਾਲ ਦੀ ਉਮਰ ਵਿੱਚ ਵੀ ਦੌੜਾਂਗਾ। ਕਲਪਨਾ ਚਾਵਲਾ ਪੁਲਾੜ ਵਿੱਚ ਉਡਦੀ ਹੋਈ ਮੁੱਕ ਗਈ। ਪਰ ਪੁਲਾੜ ਯਾਤਰੀਆਂ ਦਾ ਚੰਦ ਤਾਰਿਆਂ ਵੱਲ ਉਡਣ ਦਾ ਜਜ਼ਬਾ ਮਾਂਦਾ ਨਹੀਂ ਪਿਆ। ਅਨੇਕਾਂ ਲੋਕ ਹਨ ਜੋ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣ ਲਈ ਅਹੁਲ ਰਹੇ ਹਨ। ਜਾਨ ਜੋਖੋਂ ਵਾਲੇ ਕਾਰਨਾਮੇ ਕਰਨ ਵਾਲਿਆਂ ਨੂੰ ਰੋਕਣ ਦੀ ਨਹੀਂ ਸਗੋਂ ਸੁਰੱਖਿਆ ਦੇਣ ਦੀ ਲੋੜ ਹੈ। ਕਈ ਬੱਚਿਆਂ ਦੇ ਮਨ ਮਚਲਦੇ ਹੋਣਗੇ ਕਿ ਅਸੀਂ ਬੁਧੀਆ ਸਿੰਘ ਤੋਂ ਵੀ ਵੱਧ ਦੌੜੀਏ ਤੇ ਉਹਦਾ ਰਿਕਾਰਡ ਤੋੜੀਏ। ਤੇ ਬੁਧੀਆ ਸਿੰਘ ਦੀ ਵੀ ਕਿਹੜਾ ਬੱਸ ਹੈ?

ਬੁਧੀਏ ਤੇ ਫੌਜਾ ਸਿੰਘ ਦੀਆਂ ਮਾਰੀਆਂ ਮੱਲਾਂ ਨੇ ਦਰਸਾ ਦਿੱਤਾ ਹੈ ਕਿ ਬਾਲਕਾਂ ਤੇ ਬੁੱਢਿਆਂ ਵਿੱਚ ਅਸੀਮ ਸੰਭਾਵਨਾਵਾਂ ਹਨ। ਭਾਰਤ ਵਰਗੇ ਪੱਛੜੇ ਮੁਲਕ ਦੇ ਪੱਛੜੇ ਇਲਾਕਿਆਂ ਵਿੱਚ ਅਨੇਕਾਂ ਬੁਧੀਏ ਤੇ ਫੌਜੇ ਪਏ ਹਨ। ਲੋੜ ਉਨ੍ਹਾਂ ਨੂੰ ਪਛਾਣਨ ਦੀ ਹੈ। ਉਨ੍ਹਾਂ ਨੂੰ ਪਾਲਣ, ਸੰਭਾਲਣ ਤੇ ਸਿਖਿਅਤ ਕਰਨ ਦੀ ਹੈ। ਜੇਕਰ ਉਹ ਆਪਣੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਉਮਰ ਵਾਲਿਆਂ ਵਿੱਚ ਵਿਸ਼ਵ ਰਿਕਾਰਡ ਰੱਖ ਸਕਦੇ ਹਨ ਤਾਂ ਉਹ ਯੋਗ ਸਿਖਲਾਈ ਨਾਲ ਜੁਆਨੀ ਵਿੱਚ ਵੀ ਵਿਸ਼ਵ ਵਿਜੇਤਾ ਬਣ ਸਕਦੇ ਹਨ। ਭਾਰਤ ਵਿੱਚ ਪ੍ਰਤਿਭਾ ਦਾ ਘਾਟਾ ਨਹੀਂ। ਘਾਟਾ ਉਸ ਪ੍ਰਤਿਭਾ ਨੂੰ ਨਿਖਾਰਨ ਤੇ ਸਾਣ ਚਾੜ੍ਹਨ ਵਾਲਿਆਂ ਦਾ ਹੈ। ਵੇਖਦੇ ਆਂ ਇਹ ਘਾਟਾ ਕਦੋਂ ਦੂਰ ਹੋਵੇਗਾ?

Read 3329 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।