You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»14 - ਖਾਲਸਾ ਦੀਵਾਨ ਸੁਸਾਇਟੀ ਦਾ ਖੇਡ ਮੇਲਾ

ਲੇਖ਼ਕ

Thursday, 15 October 2009 17:53

14 - ਖਾਲਸਾ ਦੀਵਾਨ ਸੁਸਾਇਟੀ ਦਾ ਖੇਡ ਮੇਲਾ

Written by
Rate this item
(0 votes)

ਖਾਲਸਾ ਦੀਵਾਨ ਸੁਸਾਇਟੀ ਦਾ ਬਤਾਲੀਵਾਂ ਖੇਡ ਮੇਲਾ ਸੀ। ਬਤਾਲੀ ਸਾਲ ਕਹਿ ਦੇਣੀ ਗੱਲ ਹੈ। ਏਨੇ ਸਮੇਂ `ਚ ਦੋ ਪੀੜ੍ਹੀਆਂ ਬੀਤ ਜਾਂਦੀਆਂ ਹਨ। ਪਹਿਲੀ ਵਾਰ ਇਹ ਖੇਡ ਮੇਲਾ ਮੈਂ 1990 ਵਿੱਚ ਵੇਖਿਆ ਸੀ ਤੇ ਉਸ ਦਾ ਵਰਣਨ ਆਪਣੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਵੀ ਕੀਤਾ ਸੀ। ਉਹ ਸਫ਼ਰਨਾਮਾ ਬੀ.ਏ.ਦੀ ਪੰਜਾਬੀ ਜਮਾਤ ਨੂੰ ਪੜ੍ਹਾਇਆ ਜਾਂਦਾ ਰਿਹਾ। ਉਦੋਂ ਮੈਂ ਤੇ ਸੰਤੋਖ ਮੰਡੇਰ ਨੇ ਵਿਸਲਾਂ ਫੜ ਕੇ ਕਬੱਡੀ ਦੇ ਕੁੱਝ ਮੈਚ ਖਿਡਾਏ ਸਨ। ਰੌਲਾ ਪੈਣ ਵਾਲੇ ਮੈਚਾਂ ਸਮੇਂ ਪ੍ਰਬੰਧਕ ਅਕਸਰ ਮੈਨੂੰ ਵਿਸਲ ਫੜਾ ਦਿੰਦੇ ਸਨ ਤੇ ਖਿਡਾਰੀ ਇਸੇ ਡਰੋਂ ਸਾਊ ਬਣੇ ਰਹਿੰਦੇ ਸਨ ਕਿ ਰੋਂਦ ਮਾਰਨ ਵਾਲਿਆਂ ਦੀ ਭੰਡੀ ਅਖ਼ਬਾਰਾਂ ਵਿੱਚ ਵੀ ਹੋ ਜਾਵੇਗੀ। ਦੇਸ ਪਰਦੇਸ ਦਾ ਐਡੀਟਰ ਤਰਸੇਮ ਪੁਰੇਵਾਲ ਤੇ ਰੇਸ਼ਮ ਸਿੰਘ ਮੰਡੇਰ ਇੰਗਲੈਂਡ ਤੋਂ ਕਬੱਡੀ ਦੀ ਟੀਮ ਲੈ ਕੇ ਆਏ ਸਨ। ਉਹ ਦੋਵੇਂ ਪਰਲੋਕ ਸਿਧਾਰ ਚੁੱਕੇ ਹਨ ਤੇ ਪਿੱਛੇ ਉਨ੍ਹਾਂ ਦੀਆਂ ਯਾਦਾਂ ਹੀ ਬਚੀਆਂ ਹਨ। ਤਰਸੇਮ ਪੁਰੇਵਾਲ ਕਬੱਡੀ ਦੇ ਖਿਡਾਰੀਆਂ ਵਾਂਗ ਹੀ ਭੱਜਦਾ ਤੇ ਵਿੰਗਾ ਸਿੱਧਾ ਹੁੰਦਾ ਕੈਮਰੇ ਨਾਲ ਕਬੱਡੀਆਂ ਪਾ ਰਿਹਾ ਸੀ। ਪੰਜਾਬ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਬਲਬੀਰ ਸਿੰਘ ਕਾਲੀਆਂ ਐਨਕਾਂ ਲਾਈ ਉਹਨੂੰ ਹੱਲਾਸ਼ੇਰੀ ਦੇ ਰਿਹਾ ਸੀ। ਬਲਵਿੰਦਰ ਫਿੱਡਾ ਕਿਸੇ ਤੋਂ ਵੀ ਡੱਕਿਆ ਨਹੀਂ ਸੀ ਜਾ ਰਿਹਾ। ਮੈਨੂੰ ਉਹ ਦ੍ਰਿਸ਼ ਅੱਜ ਵੀ ਚੇਤੇ ਹੈ ਜਦੋਂ ਇੱਕ ਬਜ਼ੁਰਗ ਦਾਰੂ ਖੇੜਦਾ ਰੁੱਖ ਨੂੰ ਜੱਫੇ ਪਾਉਂਦਾ ਕਹਿ ਰਿਹਾ ਸੀ, “ਮੈਂ ਆਪਣੇ ਮੁੰਡੇ ਨੂੰ ਮਣ ਘਿਓ ਖੁਆਊਂ ਤੇ ਅਗਲੇ ਸਾਲ ਫਿੱਡੂ ਨੂੰ ਅਏਂ ਜੱਫੇ ਲੁਆਊਂ।”

ਬੱਬਰ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਜਾ ਰਹੇ ਇਸ ਖੇਡ ਮੇਲੇ ਦੀ ਵਿਲੱਖਣ ਪਛਾਣ ਬਣ ਚੁੱਕੀ ਹੈ। ਇਹ ਮੇਲਾ ਹਰ ਸਾਲ ਮਈ ਦੇ ਲੌਂਗ ਵੀਕਐਂਡ ਉਤੇ ਭਰਦਾ ਹੈ। ਇਹਦੇ ਨਾਲ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਦਾ ਬਤਾਲੀਵਾਂ ਸਾਲਾਨਾ ਖੇਡ ਮੇਲਾ 19, 20 ਤੇ 21 ਮਈ ਨੂੰ ਪਹਿਲਾਂ ਵਾਂਗ 8000 ਰੌਸ ਸਟਰੀਟ ਗੁਰਦਵਾਰੇ ਦੇ ਕੋਲ ਹੀ ਸਾਊਥ ਮੈਮੋਰੀਅਲ ਪਾਰਕ ਵਿੱਚ ਭਰਿਆ। ਜਦੋਂ ਇਹ ਖੇਡ ਮੇਲਾ ਸ਼ੁਰੂ ਹੋਇਆ ਸੀ ਤਾਂ ਸੌ ਤੋਂ ਵੀ ਘੱਟ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਪਰ ਹੁਣ ਬੱਚਿਆਂ ਤੋਂ ਲੈ ਕੇ ਬੁੱਢਿਆਂ ਤਕ ਲਗਭਗ ਪੰਜ ਹਜ਼ਾਰ ਖਿਡਾਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੁੰਦੇ ਹਨ। ਐਤਕੀਂ ਸੌਕਰ ਦੀਆਂ ਦੋ ਸੌ ਤੋਂ ਵੱਧ ਟੀਮਾਂ ਸਨ ਤੇ ਦੋ ਸਪਤਾਹ ਅੰਤਾਂ ਉਤੇ ਅਨੇਕਾਂ ਖੇਡ ਮੈਦਾਨਾਂ ਵਿੱਚ ਸੌਕਰ ਦੇ ਮੈਚ ਕਰਾਏ ਗਏ। ਬੱਚਿਆਂ ਤੇ ਜੁਆਨਾਂ ਦੀ ਹੌਂਸਲਾ ਅਫਜ਼ਾਈ ਲਈ ਦੋ ਹਜ਼ਾਰ ਤੋਂ ਵੱਧ ਟਰਾਫੀਆਂ ਵੰਡੀਆਂ ਗਈਆਂ। ਪੰਜਾਬੀ ਮੂਲ ਦੇ ਹਜ਼ਾਰਾਂ ਬੱਚਿਆਂ ਨੂੰ ਸੌਕਰ ਦੇ ਮੈਦਾਨ ਵਿੱਚ ਲੈ ਆਉਣਾ ਬੜੀ ਵੱਡੀ ਗੱਲ ਹੈ। ਇਸ ਤੋਂ ਆਸ ਰੱਖੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਭਾਰਤੀ ਭਾਈਚਾਰੇ ਦੇ ਖਿਡਾਰੀ ਕੈਨੇਡੀਅਨ ਟੀਮਾਂ ਦੀਆਂ ਵਰਦੀਆਂ ਵੀ ਪਾ ਸਕਦੇ ਹਨ।

ਮੇਲੇ ਤੋਂ ਹਫ਼ਤਾ ਕੁ ਪਹਿਲਾਂ ਮੈਨੂੰ ਟੂਰਨਾਮੈਂਟ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਹੋਰਾਂ ਦਾ ਸੱਦਾ ਮਿਲਿਆ ਕਿ ਵੈਨਕੂਵਰ ਵਿੱਚ ਉਨ੍ਹਾਂ ਦਾ ਖੇਡ ਮੇਲਾ ਵੇਖਾਂ ਤੇ ਉਹਦਾ ਜ਼ਿਕਰ ਆਪਣੀ ਕਲਮ ਨਾਲ ਕਰਾਂ। ਮੇਰੀ ਉਮਰ ਭਾਵੇਂ ਕੁੱਝ ਵਡੇਰੀ ਹੋ ਗਈ ਹੈ ਪਰ ਮੈਂ ਖੇਡ ਮੇਲੇ ਵੇਖਣ ਅਤੇ ਖੇਡਾਂ ਤੇ ਖਿਡਾਰੀਆਂ ਬਾਰੇ ਬੋਲਣ ਤੇ ਲਿਖਣ ਦਾ ਸ਼ੌਕ ਨਹੀਂ ਤਿਆਗਿਆ। ਜਿਥੇ ਕੋਈ ਸੱਜਣ ਮਿੱਤਰ ਸੱਦੇ ਅਜੇ ਵੀ ਪਹੁੰਚ ਜਾਈਦੈ। ਕਦੇ ਕਦੇ ਲੱਗਦੈ ਕਿ ਖੇਡ ਮੇਲਿਆਂ ਨੇ ਹੀ ਮੈਨੂੰ ਕਾਇਮ ਰੱਖਿਆ ਹੋਇਐ। ਪੈਂਤੀ ਸਾਲ ਕਾਲਜਾਂ ਵਿੱਚ ਪੜ੍ਹਾਉਣ ਤੇ ਪ੍ਰਿੰਸੀਪਲ ਦੀ ਪਦਵੀ ਤੋਂ ਰਿਟਾਇਰ ਹੋਣ ਪਿੱਛੋਂ ਹਰ ਸਾਲ ਖੇਡਾਂ ਤੇ ਖਿਡਾਰੀਆਂ ਬਾਰੇ ਇੱਕ ਨਵੀਂ ਕਿਤਾਬ ਲਿਖੀ ਜਾ ਰਿਹਾਂ। 2000 ਵਿੱਚ ਰਿਟਾਇਰ ਹੋਇਆ ਸਾਂ ਤੇ ਸੱਤਾਂ ਸਾਲਾਂ ਵਿੱਚ ਅੱਠ ਕਿਤਾਬਾਂ, ਖੇਡ ਜਗਤ ਦੀਆਂ ਬਾਤਾਂ, ਓਲੰਪਿਕ ਖੇਡਾਂ ਦੀ ਸਦੀ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਪੰਜਾਬ ਦੇ ਚੋਣਵੇਂ ਖਿਡਾਰੀ, ਕਬੱਡੀ ਕਬੱਡੀ ਕਬੱਡੀ ਤੇ ਫੇਰੀ ਵਤਨਾਂ ਦੀ ਛਾਪ ਦਿੱਤੀਆਂ ਹਨ। ਅਗਲੇ ਸਾਲ ਉਮੀਦ ਹੈ ‘ਮੇਰੀ ਖੇਡ ਕਥਾ’ ਨਾਂ ਦੀ ਸਵੈਜੀਵਨੀ ਪਾਠਕਾਂ ਦੇ ਦਰਾਂ `ਤੇ ਦਸਤਕ ਦੇਵੇਗੀ। ਬੰਦਾ ਆਹਰੇ ਲੱਗਾ ਰਹੇ ਤਾਂ ਬੁੱਢਾ ਹੋਣ ਤੋਂ ਬਚਿਆ ਰਹਿੰਦੈ। ਰਿਟਾਇਰ ਹੋਣ ਪਿੱਛੋਂ ਮੈਂ ਖੇਡ ਮੇਲਿਆਂ `ਤੇ ਜਾਣਾ ਤੇ ਖੇਡਾਂ ਬਾਰੇ ਲਿਖਣਾ ਹੀ ਆਪਣੀ ਨਵੀਂ ਨੌਕਰੀ ਸਮਝ ਲਈ ਹੈ।

ਵੈਨਕੂਵਰ ਆਉਣ ਜਾਣ ਬਣਿਆ ਹੋਣ ਕਾਰਨ ਹੁਣ ਮੈਨੂੰ ਦੂਰ ਨਹੀਂ ਲੱਗਦਾ ਤੇ ਉਥੇ ਮੇਰੇ ਯਾਰ ਬੇਲੀ ਵੀ ਬੜੇ ਨੇ। ਐਬਟਸਫੋਰਡ ਰਹਿੰਦਾ ਮੇਰਾ ਜਿਗਰੀ ਯਾਰ ਬੰਤ ਸਿੰਘ ਸਿੱਧੂ ਬੇਸ਼ਕ ਚਲਾਣਾ ਕਰ ਗਿਐ ਪਰ ਹੁਣ ਹੋਰ ਨਵੀਆਂ ਠਾਹਰਾਂ ਬਣ ਗਈਆਂ ਨੇ। ਟੋਰਾਂਟੋ ਤੋਂ ਉਡਿਆ ਜਹਾਜ਼ ਮੈਨੂੰ ਸਾਢੇ ਚਹੁੰ ਘੰਟਿਆਂ ਵਿੱਚ ਵੈਨਕੂਵਰ ਲੈ ਗਿਆ। ਹਵਾ ਵਿੱਚ ਇਹ ਫਾਸਲਾ ਚੌਂਤੀ ਸੌ ਕਿਲੋਮੀਟਰ ਦੇ ਕਰੀਬ ਹੈ। ਟਰੱਕਾਂ ਵਾਲਿਆਂ ਨੂੰ ਤਾਂ ਸੜਕਾਂ ਉਤੇ ਚਾਰ ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਪੈਂਦੈ। ਜਹਾਜ਼ ਧਰਤੀ ਤੋਂ ਦਸ ਕੁ ਕਿਲੋਮੀਟਰ ਉੱਚਾ ਉੱਡ ਰਿਹਾ ਸੀ ਤੇ ਉਹਦੀ ਪਰਵਾਜ਼ ਨੌਂ ਕੁ ਸੌ ਕਿਲੋਮੀਟਰ ਪ੍ਰਤੀ ਘੰਟਾ ਸੀ। ਉਪਰਲਾ ਤਾਪਮਾਨ ਧਰਤੀ ਦੇ ਤਾਪਮਾਨ ਤੋਂ ਕਿਤੇ ਠੰਢਾ ਸੀ ਪਰ ਜਹਾਜ਼ ਦੇ ਏ.ਸੀ.ਨੇ ਸਵਾਰੀਆਂ ਨੂੰ ਸੁਖਾਵੇਂ ਨਿੱਘ ਵਿੱਚ ਬਿਠਾਇਆ ਹੋਇਆ ਸੀ। ਬਾਰੀ ਵਿੱਚ ਦੀ ਬਾਹਰ ਨੀਲਾ ਅੰਬਰ ਤੇ ਹੇਠਾਂ ਰੂ ਦੇ ਗੋੜ੍ਹਿਆਂ ਵਰਗੇ ਬੱਦਲ ਦਿਸਦੇ ਸਨ। ਉਥੇ ਕੋਈ ਚਿੜੀ ਜਨੌਰ ਨਜ਼ਰੀਂ ਨਹੀਂ ਸੀ ਪੈਂਦਾ। ਟੋਰਾਂਟੋ ਤੋਂ ਚੱਲਿਆ ਤਾਂ ਮੀਂਹ ਵਰ੍ਹ ਰਿਹਾ ਸੀ ਪਰ ਵੈਨਕੂਵਰ `ਚ ਧੁੱਪ ਖਿੜੀ ਹੋਈ ਸੀ। ਅੱਗੇ ਮੇਰਾ ਮੇਜ਼ਬਾਨ ਸੰਤੋਖ ਮੰਡੇਰ ਮੈਨੂੰ ਲੈਣ ਆਇਆ ਖੜ੍ਹਾ ਸੀ। ਉਥੇ ਹੀ ਹਕੀਮਪੁਰੀਆ ਚਰਨ ਸਿੰਘ ਪੁਰੇਵਾਲ ਮਿਲ ਗਿਆ ਜਿਸ ਨੇ ਪਿਟਮੀਡੋਜ਼ ਦੇ ਪੁਰੇਵਾਲ ਫਾਰਮ ਦੀਆਂ ਰੌਣਕਾਂ ਵਿਖਾਉਣ ਦਾ ਸੱਦਾ ਦੇ ਦਿੱਤਾ।

19 ਮਈ ਦਾ ਦਿਨ ਬੱਦਲਵਾਈ ਵਾਲਾ ਚੜ੍ਹਿਆ। ਅਸੀਂ ਮੈਮੋਰੀਅਲ ਪਾਰਕ ਪਹੁੰਚੇ ਤਾਂ ਹਰਿਆਲੇ ਲਾਅਨ ਤੇ ਨਿੰਮਾਂ ਵਰਗੇ ਰੁੱਖ ਵਿਖਾਈ ਦਿੱਤੇ। ਕੁਦਰਤ ਵੈਨਕੂਵਰ ਦੇ ਬਾਗਾਂ ਤੇ ਪਾਰਕਾਂ ਉਤੇ ਬਲਿਹਾਰ ਸੀ। ਟੀਮਾਂ ਸੌਕਰ ਖੇਡ ਰਹੀਆਂ ਸਨ, ਮੇਲੀ ਗੇਲੀ ਟਹਿਲ ਰਹੇ ਸਨ ਅਤੇ ਇੱਕ ਬੰਨੇ ਬੱਚਿਆਂ ਦਾ ਭੰਗੜਾ ਤੇ ਗਿੱਧਾ ਪੈ ਰਿਹਾ ਸੀ। ਅਸੀਂ ਭੰਗੜੇ ਦੀ ਸਟੇਜ ਵੱਲ ਗਏ ਤਾਂ ਬਿਕਰ ਸਿੰਘ ਢਿੱਲੋਂ ਹੋਰੀਂ ਚਾਹ ਤੇ ਜਲੇਬੀਆਂ ਦਾ ਲੰਗਰ ਵਰਤਾਉਂਦੇ ਮਿਲੇ। ਕਸ਼ਮੀਰ ਸਿੰਘ ਨੇ ਜੀ ਆਇਆਂ ਕਿਹਾ ਤੇ ਅਸੀਂ ਸਕੂਲੀ ਬੱਚਿਆਂ ਦੇ ਗਿੱਧੇ ਭੰਗੜੇ ਦਾ ਅਨੰਦ ਮਾਣਨ ਲੱਗੇ। ਬੱਚਿਆਂ ਦਾ ਚਾਅ ਨਹੀਂ ਸੀ ਮਿਓਂਦਾ ਤੇ ਉਹ ਅਣਮੁੱਲੀਆਂ ਮੁਸਕਰਾਹਟਾਂ ਵੰਡ ਰਹੇ ਸਨ। ਬਹੁਤ ਸਾਰੇ ਸੇਵਾਦਾਰ ਨਿਸ਼ਕਾਮ ਸੇਵਾ ਵਿੱਚ ਮਗਨ ਸਨ। ਬੜੇ ਪਿੰਡ ਵਾਲਾ ਸਨੀ ਸਹੋਤਾ ਤੇ ਲਾਲੀ ਢੇਸੀ ਊਰੀ ਵਾਂਗ ਘੁੰਮ ਰਹੇ ਸਨ। ਸਨਕੀ ਬੰਦਿਆਂ ਨੂੰ ਸਾਡੇ ਲੋਕਾਂ ਦੇ ਸਿਰਫ਼ ਐਬ ਵੇਖਣ ਦੀ ਹੀ ਆਦਤ ਹੈ ਪਰ ਉਹ ਇਹ ਨਹੀਂ ਵੇਖਦੇ ਕਿ ਲੰਗਰ ਲਾਉਣ, ਮੇਲੇ ਮਨਾਉਣ, ਮਹਿਮਾਨ ਨਿਵਾਜ਼ੀ ਤੇ ਦਾਨ ਪੁੰਨ ਕਰਨ ਵਿੱਚ ਸਾਡੇ ਭਾਈਚਾਰੇ ਦਾ ਕੋਈ ਸਾਨੀ ਨਹੀਂ।

ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 1906 ਵਿੱਚ ਹੋਈ ਸੀ। ਸੌ ਸਾਲਾਂ ਦੇ ਸਮੇਂ ਵਿੱਚ ਇਸ ਨੇ ਇੰਡੋ-ਕੈਨੇਡੀਅਨ ਭਾਈਚਾਰੇ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਹਨ। ਸੁਸਾਇਟੀ ਭਾਈਚਾਰੇ ਦੀ ਭਲਾਈ ਲਈ ਰਾਜਨੀਤਕ, ਆਰਥਿਕ, ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਫਰੰਟਾਂ ਉਤੇ ਲਗਾਤਾਰ ਜੂਝਦੀ ਆ ਰਹੀ ਹੈ। ਸੁਸਾਇਟੀ ਦਾ ਸੰਵਿਧਾਨ ਲਿਖਣ ਵਾਲੇ ਪ੍ਰੋ: ਤੇਜਾ ਸਿੰਘ ਨੇ ਜਿਥੇ ਸਿੱਖ ਭਾਈਚਾਰੇ ਦੀ ਭਲਾਈ ਦੇ ਕਈ ਉਦੇਸ਼ ਉਲੀਕੇ ਸਨ ਉਥੇ ਸਿਹਤ ਸੰਭਾਲ ਦਾ ਉਦੇਸ਼ ਵੀ ਮਿਥਿਆ ਸੀ। ਕਿਸੇ ਵਿਅਕਤੀ ਦੀ ਅਸਲੀ ਦੌਲਤ ਮਹਿਲ ਮਾੜੀਆਂ ਜਾਂ ਜ਼ਮੀਨਾਂ ਜਾਇਦਾਦਾਂ ਨਹੀਂ ਹੁੰਦੀ ਸਗੋਂ ਨਰੋਈ ਸਿਹਤ ਹੁੰਦੀ ਹੈ। ਨਰੋਏ ਮਨ ਤੇ ਨਰੋਏ ਜੁੱਸੇ ਨਾਲ ਹੀ ਜ਼ਿੰਦਗੀ ਜੀਣ ਜੋਗੀ ਲੱਗਦੀ ਹੈ। ਗੁਰੂਘਰਾਂ ਵਿੱਚ ਸੰਗਤ ਜੁੜਦੀ ਤਾਂ ਕਥਾ ਕੀਰਤਨ ਦੇ ਨਾਲ ਮਨ ਨੂੰ ਨਿਰਮਲ ਰੱਖਣ ਅਤੇ ਸਰੀਰ ਨੂੰ ਨਰੋਆ ਰੱਖਣ ਦੀਆਂ ਵਿਚਾਰਾਂ ਵੀ ਹੁੰਦੀਆਂ। ਸੰਗਤ ਨੇ ਮਤਾ ਪਕਾਇਆ ਕਿ ਬੱਚਿਆਂ ਤੇ ਨੌਜੁਆਨਾਂ ਦੇ ਖੇਡ ਮੁਕਾਬਲੇ ਕਰਾਏ ਜਾਣ। ਸਬੱਬ ਨਾਲ ਖੇਡਾਂ ਦਾ ਪ੍ਰੇਮੀ ਸੋਹਣ ਸਿੰਘ ਦਿਓ ਮਾਹਲਪੁਰ ਤੋਂ ਕੈਨੇਡਾ ਆ ਪੁੱਜਾ। ਉਸ ਦਾ ਖਾਲਸਾ ਦੀਵਾਨ ਸੁਸਾਇਟੀ ਨਾਲ ਮੇਲ ਹੋ ਗਿਆ ਤੇ ਸੁਸਾਇਟੀ ਨੇ ਉਹਦੇ ਜ਼ਿੰਮੇ ਖੇਡਾਂ ਕਰਾਉਣ ਦੀ ਡਿਊਟੀ ਲਾ ਦਿੱਤੀ। ਪਰਲਾਦ ਸਿੰਘ ਗਿੱਲ ਪਹਿਲਾਂ ਹੀ ਸਰਗਰਮ ਸੀ। ਸੁਸਾਇਟੀ ਨੇ ਬੱਬਰ ਸ਼ਹੀਦਾਂ ਦੀ ਯਾਦ ਵਿੱਚ ਆਪਣਾ ਪਹਿਲਾ ਖੇਡ ਮੇਲਾ 1965 ਵਿੱਚ ਮਨਾਇਆ ਤੇ ਫਿਰ ਚੱਲ ਸੋ ਚੱਲ ਹੋ ਗਈ।

ਇਸ ਵਾਰ ਦੇ ਖੇਡ ਮੇਲੇ ਵਿੱਚ ਕਬੱਡੀ ਓਪਨ, ਸੌਕਰ ਓਪਨ, ਸੌਕਰ ਚਾਲੀ ਸਾਲਾ, ਸੌਕਰ ਜੂਨੀਅਰ, ਸੌਕਰ ਕੁੜੀਆਂ, ਘੋਲ, ਭਾਰ ਚੁੱਕਣ, ਰੱਸੇ ਤੇ ਅਥਲੈਟਿਕਸ ਦੇ ਮੁਕਾਬਲੇ ਰੱਖੇ ਗਏ ਸਨ। ਨਾਲ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਦਾ ਮੁਕਾਬਲਾ ਸੀ। ਕਬੱਡੀ ਦੀਆਂ 16 ਟੀਮਾਂ, ਸੌਕਰ ਦੀਆਂ 235 ਟੀਮਾਂ, 200 ਪਹਿਲਵਾਨਾਂ ਤੇ ਸੈਂਕੜੇ ਅਥਲੀਟਾਂ ਨੇ ਖੇਡ ਮੇਲੇ ਵਿੱਚ ਭਾਗ ਲਿਆ। ਦੋ ਤਿੰਨ ਸੌ ਬੱਚੇ ਗਿੱਧਾ ਤੇ ਭੰਗੜਾ ਪਾਉਣ ਵਾਲੇ ਸਨ। ਖੇਡ ਮੁਕਾਬਲੇ ਕਰਾਉਣ ਵਾਲੇ ਰੈਫਰੀਆਂ ਦਾ ਕੋਈ ਲੇਖਾ ਨਹੀਂ ਸੀ। ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਸੋਹਣ ਸਿੰਘ ਦਿਓ ਤੇ ਸਹਾਇਕ ਸਰਪ੍ਰਸਤ ਦਰਸ਼ਨ ਸਿੰਘ ਸੰਧੂ ਸਨ। ਚੇਅਰਮੈਨ ਸਲਵਿੰਦਰ ਸਿੰਘ ਉੱਪਲ, ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਤੇ ਸਹਾਇਕ ਚੇਅਰਮੈਨ ਸੁਖਚੈਨ ਸਿੰਘ ਗਿੱਲ ਸੀ। ਕਮੇਟੀ ਵਿੱਚ ਰਣਜੀਤ ਸਿੰਘ ਗਿੱਲ, ਗੁਰਪਾਲ ਸਿੰਘ ਵਿਰਕ, ਮਲਕੀਤ ਸਿੰਘ ਸਮਰਾ, ਸਰਵਣ ਸਿੰਘ ਰੰਧਾਵਾ, ਸਨੀ ਸਹੋਤਾ ਤੇ ਬਲਜੀਤ ਸਿੰਘ ਗਿੱਲ ਸ਼ਾਮਲ ਸਨ। ਸਲਾਹਕਾਰ ਕਮੇਟੀ ਵਿੱਚ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਗੁਰਦੀਪ ਸਿੰਘ ਗਿੱਲ, ਜਰਨੈਲ ਸਿੰਘ ਭੰਡਾਲ, ਬਲਵੰਤ ਸਿੰਘ ਗਿੱਲ, ਗੁਰਦਰਸ਼ਨ ਸਿੰਘ ਸਿੱਧੂ, ਅਵਤਾਰ ਗੋਸਲ, ਰਤਨ ਸਿੰਘ ਗਿਰਨ, ਬਿੱਲ ਬਸਰਾ, ਅਮਰੀਕ ਸਿੰਘ, ਹਰਜਿੰਦਰ ਸਿੰਘ ਢਿੱਲੋਂ ਤੇ ਤਰਲੋਕ ਸਿੰਘ ਗਿੱਧਾ ਸਨ। ਲੰਗਰ ਦੀ ਸੇਵਾ ਜਰਨੈਲ ਸਿੰਘ ਰੰਧਾਵਾ, ਬਲਜੀਤ ਸਿੰਘ ਗਿੱਲ, ਮਹਿੰਦਰ ਸਿੰਘ ਸਿੱਧੂ ਤੇ ਚੂਹੜ ਸਿੰਘ ਢਿੱਲੋਂ ਨੇ ਸੰਭਾਲੀ ਸੀ। ਫਸਟ ਏਡ ਦੀ ਸੇਵਾ ਗੁਰਦਿਆਲ ਸਿੰਘ ਕਲੇਰ, ਜੋਗਿੰਦਰ ਸਿੰਘ ਸੁੰਨੜ ਤੇ ਦਵਿੰਦਰ ਸਿੰਘ ਬੈਂਸ ਦੇ ਜ਼ਿੰਮੇ ਸੀ।

19 ਮਈ ਬੇਸ਼ਕ ਮੀਂਹ ਕਣੀ ਦਾ ਦਿਨ ਸੀ ਪਰ ਮਿਥੇ ਹੋਏ ਮੈਚ ਫਿਰ ਵੀ ਖੇਡੇ ਗਏ। ਕਬੱਡੀ ਦੇ ਮੈਚਾਂ ਤੇ ਘੋਲਾਂ ਨੇ ਦੂਰੋਂ ਨੇੜਿਓਂ ਆਏ ਦਰਸ਼ਕਾਂ ਦਾ ਦਿਲ ਰਾਜ਼ੀ ਕਰ ਦਿੱਤਾ। ਪਹਿਲਾ ਮੈਚ ਰਾਜੂ ਤੇ ਆਜ਼ਾਦ ਕਲੱਬ ਵਿਚਕਾਰ ਖੇਡਿਆ ਗਿਆ ਅਤੇ ਦੂਜਾ ਯੰਗ ਤੇ ਐਬਟਸਫੋਰਡ ਕਲੱਬਾਂ ਵਿਚਾਲੇ ਹੋਇਆ। ਤੀਜਾ ਮੈਚ ਕੈਲਗਰੀ ਤੇ ਪ੍ਰਿੰਸ ਜਾਰਜ ਦੀਆਂ ਕਲੱਬਾਂ ਨੇ ਖੇਡਿਆ ਅਤੇ ਚੌਥਾ ਮੈਚ ਸ਼ਾਨੇ ਪੰਜਾਬ ਤੇ ਹਰਜੀਤ ਕਲੱਬ ਦਰਮਿਆਨ ਹੋਇਆ। ਪਹਿਲੇ ਰਾਊਂਡ ਵਿੱਚ ਆਜ਼ਾਦ, ਕੈਲਗਰੀ, ਐਬਟਸਫੋਰਡ ਤੇ ਹਰਜੀਤ ਕਲੱਬ ਦੀਆਂ ਟੀਮਾਂ ਜੇਤੂ ਰਹੀਆਂ। ਕਬੱਡੀ ਐਸੋਸੀਏਸ਼ਨ ਵਾਲੇ ਰਾਜ ਬੱਧਨੀ, ਸੈਂਡੀ ਪਵਾਰ, ਸੰਤੋਖ ਢੇਸੀ ਤੇ ਉਨ੍ਹਾਂ ਦੇ ਸਾਥੀ ਮੈਦਾਨ ਵਿੱਚ ਹਾਜ਼ਰ ਰਹੇ। ਹਕੀਮਪੁਰੀਏ ਮੱਖਣ ਸਿੰਘ ਨੇ ਕਬੱਡੀ ਦੀ ਕੁਮੈਂਟਰੀ ਦਾ ਜਲਵਾ ਵਿਖਾਇਆ। ਉਸ ਨੂੰ ਸਾਹ ਦੁਆਉਣ ਲਈ ਮੈਂ ਵੀ ਮਾਈਕ ਫੜਿਆ ਅਤੇ ਸਟੇਜ ਤੋਂ ਕਸ਼ਮੀਰ ਸਿੰਘ ਤੇ ਗੁਰਦੇਵ ਸਿੰਘ ਬਰਾੜ ਆਲਮਵਾਲਾ ਸੂਚਨਾਵਾਂ ਦਿੰਦੇ ਰਹੇ। ਗੁਰਦੇਵ ਬਰਾੜ ਖ਼ੁਦ ਕਬੱਡੀ ਦਾ ਤਕੜਾ ਖਿਡਾਰੀ ਰਿਹਾ ਹੈ ਤੇ ਅਖ਼ਬਾਰਾਂ ਲਈ ਲਿਖਦਾ ਵੀ ਹੈ। ਕਸ਼ਮੀਰ ਸਿੰਘ ਮੀਟ ਦੀ ਦੁਕਾਨ ਚਲਾ ਰਹੇ ਆਪਣੇ ਮਿੱਤਰ ਨੂੰ ਮਾਈਕ ਤੋਂ ਮਖੌਲ ਕਰਦਾ ਰਿਹਾ ਅਖੇ ਉਹ ਜਿਹੜੇ ਭਾਅ ਮੀਟ ਲਿਆਉਂਦੈ ਓਸੇ ਭਾਅ ਗਾਹਕਾਂ ਨੂੰ ਵੇਚਦੈ। ਬੱਸ ਮਾੜਾ ਜਿਹਾ ਪਾਣੀ ਓ ਲਾਉਂਦਾ ਤੇ ਓਸੇ ਨਾਲ ਨਿੱਕੇ ਨਿਆਣੇ ਪਾਲਦੈ। ਪਾਣੀ ਈ ਉਹਦਾ ਪਾਸਕੂ ਐ!

20 ਮਈ ਨੂੰ ਸਾਰਾ ਦਿਨ ਮੀਂਹ ਪੈਂਦਾ ਰਿਹਾ ਜਿਸ ਕਰਕੇ ਕਬੱਡੀ ਦੇ ਮੈਚ ਨਾ ਹੋ ਸਕੇ ਪਰ ਸੌਕਰ ਖੇਡੀ ਜਾਂਦੀ ਰਹੀ। ਕੈਨੇਡਾ ਵਿੱਚ ਕਿਹਾ ਜਾਂਦੈ ਕਿ ਤਿੰਨ ਡਬਯੂਆਂ ਯਾਨੀ ਵਰਕ, ਵੋਮੈੱਨ ਤੇ ਵੈਦਰ ਦਾ ਕੋਈ ਵਿਸਾਹ ਨਹੀਂ ਕਦੋਂ ਬਦਲ ਜਾਣ। ਸਿਆਟਲ ਤੋਂ ਆਏ ਚੰਨੇ ਆਲਮਗੀਰੀਏ, ਕੁਲਵੰਤ ਸ਼ਾਹ ਤੇ ਉਹਨਾਂ ਦੇ ਸਾਥੀਆਂ ਨੂੰ ਬਿਨਾਂ ਮੈਚ ਵੇਖੇ ਵਾਪਸ ਮੁੜਨਾ ਪਿਆ। 21 ਮਈ ਵੀ ਛੁੱਟੀ ਦਾ ਦਿਨ ਸੀ ਤੇ ਮੀਂਹ ਹਟ ਚੁੱਕਾ ਸੀ। ਅਸੀਂ ਪਹਿਲਾਂ ਰੌਸ ਸਟਰੀਟ ਗੁਰੂਘਰ ਗਏ ਜਿਥੇ ਜੇਤੂਆਂ ਨੂੰ ਇਨਾਮ ਵੰਡੇ ਜਾਣੇ ਸਨ। ਟਰਾਫੀਆਂ ਦੇ ਢੇਰ ਲੱਗੇ ਹੋਏ ਸਨ ਤੇ ਬੱਚੇ ਉਨ੍ਹਾਂ ਨੂੰ ਪ੍ਰਾਪਤ ਕਰ ਕੇ ਖ਼ੁਸ਼ ਹੋ ਰਹੇ ਸਨ। ਇਨਾਮ ਵੰਡ ਤੋਂ ਬਾਅਦ ਅਸੀਂ ਮੈਮੋਰੀਅਲ ਪਾਰਕ ਨੂੰ ਚਾਲੇ ਪਾਏ ਜਿਥੇ ਕਬੱਡੀ ਦੇ ਮੈਚ ਤੇ ਘੋਲ ਚੱਲ ਰਹੇ ਸਨ। ਮੱਖਣ ਸਿੰਘ ਦੀ ਕਰਾਰੀ ਕੁਮੈਂਟਰੀ ਗੂੰਜਾਂ ਪਾ ਰਹੀ ਸੀ ਤੇ ਦਰਸ਼ਕ ਬਹੁਤ ਵੱਡੀ ਗਿਣਤੀ ਵਿੱਚ ਦਾਇਰਾ ਬੰਨ੍ਹੀ ਖੜ੍ਹੇ ਸਨ। ਐਬਟਸਫੋਰਡ ਤੇ ਸ਼ਾਨੇ ਪੰਜਾਬ ਕਲੱਬ ਦਾ ਮੈਚ ਹੋ ਰਿਹਾ ਸੀ। ਸ਼ਿੰਦਾ ਅੱਚਵਾਲੀਆ ਆਪਣੇ ਕਲੱਬ ਦੇ ਖਿਡਾਰੀਆਂ ਨੂੰ ਪਾਣੀ ਪਿਆ ਰਿਹਾ ਸੀ ਤੇ ਗੋਲੇਵਾਲੇ ਦਾ ਪੰਮੀ ਸਿੱਧੂ ਤਕੜੇ ਖਿਡਾਰੀਆਂ ਤੋਂ ਸੌ ਸੌ ਡਾਲਰ ਦੇ ਨੋਟ ਵਾਰ ਰਿਹਾ ਸੀ। ਸ਼ਹੀਦ ਮੇਵਾ ਸਿੰਘ ਸੁਸਾਇਟੀ ਨੇ ਪੰਜ ਸੌ ਡਾਲਰ ਕਬੱਡੀ ਦੇ ਕੁਮੈਂਟੇਟਰਾਂ ਲਈ ਐਲਾਨ ਦਿੱਤੇ।

ਮੇਲੇ ਵਿੱਚ ਕਬੱਡੀ ਦੇ ਕਈ ਪੁਰਾਣੇ ਖਿਡਾਰੀਆਂ ਦੇ ਦਰਸ਼ਨ ਹੋਏ ਜਿਨ੍ਹਾਂ ਵਿੱਚ ਸਿਮਰੂ, ਮੱਘਰ, ਘੁੱਗਾ, ਸ਼ਿੰਦਾ, ਮੰਦਰ ਤੇ ਹੋਰ ਬਹੁਤ ਸਾਰੇ ਸਨ। ਕਬੱਡੀ ਦੇ ਪੁਰਾਣੇ ਸਰਪ੍ਰਸਤ ਗੁਰਦੇਵ ਸਿੰਘ ਜੌਹਲ ਵੀ ਖੂੰਡੀ ਦੇ ਸਹਾਰੇ ਹਾਜ਼ਰ ਸਨ ਤੇ ਸਾਧੂ ਸਿੰਘ ਸਮਰਾ ਇਕਹਿਰੇ ਜੁੱਸੇ ਨਾਲ ਵੈਟਰਨ ਅਥਲੀਟ ਲੱਗਦਾ ਸੀ। ਗੁਰਪਾਲ ਸਿੱਧੂ, ਬਲਜੀਤ ਗਿੱਲ, ਸੁੱਖੀ ਵਾਇਰਨ, ਬੌਬ ਸਿੱਧੂ, ਬਿੱਟੂ ਸੰਧੂ, ਸੰਤੋਖ ਢੇਸੀ, ਮਨਜੀਤ ਬਾਸੀ, ਰਾਣਾ ਗਿੱਲ, ਗੱਲ ਕੀ ਕਹਿੰਦੇ ਕਹਾਉਂਦੇ ਸੇਵਾਭਾਵੀ ਸੱਜਣ ਪੁੱਜੇ ਹੋਏ ਸਨ। ਮੱਖਣ ਸਿੰਘ ਬੀਲ੍ਹੇ ਵਾਲੇ ਪਰਮ ਗਰੇਵਾਲ ਤੇ ਵਿੰਦਰ ਨੂੰ ਜੀਅ ਆਇਆਂ ਕਹਿ ਰਿਹਾ ਸੀ। ਭਰੇ ਮੇਲੇ ਵਿੱਚ ਜੀਹਦਾ ਨਾਂ ਬੋਲ ਦਿੱਤਾ ਜਾਂਦਾ ਉਹਦਾ ਖ਼ੁਸ਼ ਹੋਣਾ ਸੁਭਾਵਿਕ ਸੀ। ਭਾਈ ਵੀਰ ਸਿੰਘ ਵਾਂਗ ਭਾਵੇਂ ਕੋਈ ਲੱਖ ਕਹੀ ਜਾਵੇ-ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ … ਪਰ ਆਪਣੇ ਨਾਂ ਦਾ ਵਾਜਾ ਹਰ ਕੋਈ ਵਜਵਾਉਣਾ ਚਾਹੁੰਦੈ। ਇਹ ਵੱਖਰੀ ਗੱਲ ਐ ਕਿ ਕਈਆਂ ਦਾ ਵਾਜਾ ਵੱਜਣੋਂ ਫਿਰ ਵੀ ਰਹਿ ਜਾਂਦੈ। ਰੇਡੀਓ ਹੋਸਟ ਤੇ ਢੁੱਡੀਕੇ ਕਾਲਜ ਦਾ ਸਾਡਾ ਪੁਰਾਣਾ ਵਿਦਿਆਰਥੀ ਹਰਜਿੰਦਰ ਸਿੰਘ ਥਿੰਦ ਵੀ ਕਬੱਡੀ ਦੀਆਂ ਪਕੜਾਂ ਵੇਖ ਰਿਹਾ ਸੀ ਤੇ ਗਾਇਕ ਜੈਜੀ ਬੈਂਸ ਵੀ ਗੇੜਾ ਮਾਰ ਗਿਆ ਸੀ। ਮੇਲੇ ਵਿੱਚ ਕਈਆਂ ਦੇ ਨਿਆਣੇ ਨਿੱਖੜ ਜਾਂਦੇ ਤੇ ਮਾਈਕ ਤੋਂ ਹੋਕਾ ਦੇ ਕੇ ਉਨ੍ਹਾਂ ਦੇ ਮਾਪੇ ਲੱਭਣੇ ਪੈਂਦੇ।

ਕਬੱਡੀ ਦੇ ਟੂਰਨਾਮੈਂਟ ਵਿੱਚ ਦਸ ਓਪਨ ਟੀਮਾਂ, ਪੰਜ 155 ਪੌਂਡ ਭਾਰ ਵਾਲੀਆਂ ਤੇ ਇੱਕ ਛੋਟੇ ਬੱਚਿਆਂ ਦੀ ਟੀਮ ਨੇ ਕਬੱਡੀ ਦੇ ਕੌਤਕ ਵਿਖਾਏ। ਹਰਜੀਤ ਕਲੱਬ ਨੇ ਫਾਈਨਲ ਮੈਚ ਵਿੱਚ ਐਬਟਸਫੋਰਡ ਕਲੱਬ ਨੂੰ ਹਰਾ ਕੇ ਕਬੱਡੀ ਦਾ ਕੱਪ ਜਿੱਤਿਆ। ਬੱਚਿਆਂ ਦਾ ਮੈਚ ਐਬਟਸਫੋਰਡ ਕਲੱਬ ਨੇ ਜਿੱਤ ਲਿਆ ਤੇ ਵਜ਼ਨ ਵਾਲੀ ਕਬੱਡੀ ਵਿੱਚ ਐਬਟਸਫੋਰਡ ਤੇ ਆਜ਼ਾਦ ਕਲੱਬ ਦੇ ਪੈਂਟ੍ਹ ਬਰਾਬਰ ਰਹੇ। ਟੂਰਨਾਮੈਂਟ ਦਾ ਸਭ ਤੋਂ ਖਹਿਵਾਂ ਮੈਚ ਹਰਜੀਤ ਕਲੱਬ ਤੇ ਰਿਚਮੰਡ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਦੋਹਾਂ ਟੀਮਾਂ ਦੇ 27-27 ਅੰਕ ਬਣੇ। ਅੰਕ ਬਰਾਬਰ ਰਹਿ ਜਾਣ ਉਤੇ ਅੱਗੇ ਪਹਿਲਾ ਪੈਂਟ੍ਹ ਲੈਣ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਸੀ ਪਰ ਵੈਨਕੂਵਰ ਵਿੱਚ ਐਤਕੀਂ ਪਹਿਲਾ ਜੱਫਾ ਲਾਉਣ ਵਾਲੀ ਟੀਮ ਨੂੰ ਅੱਧੇ ਅੰਕ ਦਾ ਵਾਧਾ ਦੇਣ ਦਾ ਨਵਾਂ ਨਿਯਮ ਲਾਗੂ ਕੀਤਾ ਗਿਆ। ਸਭ ਤੋਂ ਤੇਜ਼ਤਰਾਰ ਮੈਚ ਐਬਟਸਫੋਰਡ ਤੇ ਕੈਲਗਰੀ ਦੀਆਂ ਕਲੱਬਾਂ ਵਿਚਾਲੇ ਹੋਇਆ ਜੋ ਐਬਟਸਫੋਰਡ ਕਲੱਬ ਨੇ 52-51 ਅੰਕਾਂ ਨਾਲ ਜਿੱਤਿਆ। ਕੈਲਗਰੀ ਤੋਂ ਮੇਜਰ ਸਿੰਘ ਭਲੂਰ ਤੇ ਰਾਮ ਸਿੰਘ ਸੋਹੀ ਟੀਮ ਲੈ ਕੇ ਆਏ ਸਨ।

ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ, ਉਪਕਾਰ, ਕੁਲਜੀਤਾ, ਵੈੱਲੀ, ਬਾਜ, ਮੰਗੀ, ਬੀਰ੍ਹਾ, ਸੋਨੀ ਸੁਨੇਤ, ਮੀਕਾ, ਕਿੰਦਾ ਕਕਰਾਲਾ, ਥਾਂਦੀ, ਗਾਮਾ, ਜਿੰਦੂ, ਲਾਡੀ, ਜਤਿੰਦਰ, ਭੂਰਾ, ਤਾਰਾ, ਰਣਜੀਤ, ਜਗਰੂਪ, ਗੀਚਾ, ਫੌਜੀ, ਜੀਤਾ, ਜੋਗਾ, ਦਾਰਾ, ਸ਼ਿੰਦਰ, ਸੁੱਖਾ, ਸਾਹਬੀ, ਇੰਦਰਜੀਤ, ਗੁਰਜੀਤ, ਦੁੱਲਾ, ਮੀਕਾ, ਸ਼ਿੰਦਾ, ਵਿੰਦਰ, ਜੰਟਾ, ਕਾਲਾ ਤੇ ਰੌਕੀ ਵਰਗੇ ਸੌ ਦੇ ਕਰੀਬ ਕਬੱਡੀ ਖਿਡਾਰੀਆਂ ਨੇ ਕਬੱਡੀਆਂ ਪਾਈਆਂ ਤੇ ਜੱਫੇ ਲਾਏ। ‘ਖੇਡ ਸੰਸਾਰ’ ਮੈਗਜ਼ੀਨ ਦਾ ਐਡੀਟਰ ਤੇ ਫੋਟੋਗਰਾਫਰ ਸੰਤੋਖ ਸਿੰਘ ਮੰਡੇਰ ਕੈਮਰੇ ਨੂੰ ਏ.ਕੇ.ਸੰਤਾਲੀ ਵਾਂਗ ਚਲਾਉਂਦਾ ਰਿਹਾ। ਲੱਗਦਾ ਸੀ ਸੁਸਾਇਟੀ ਵਾਲਿਆਂ ਨੇ ਉਹਦੇ ਕੈਮਰੇ ਦੀਆਂ ਬੈਟਰੀਆਂ ਤਾਜ਼ੀਆਂ ਹੀ ਭਰੀਆਂ ਹੋਣਗੀਆਂ।

ਵੈਨਕੂਵਰ ਵੱਲ ਪੰਜਾਬੀ ਮੂਲ ਦੇ ਬੱਚਿਆਂ ਨੂੰ ਕੁਸ਼ਤੀਆਂ ਦੇ ਲੜ ਲਾਉਣ ਲਈ ਪੰਜ ਅਖਾੜੇ ਚੱਲ ਰਹੇ ਹਨ। ਉਨ੍ਹਾਂ ਸਭਨਾਂ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਕੋਚਾਂ ਦੀ ਅਗਵਾਈ ਵਿੱਚ ਖੇਡ ਮੇਲੇ ਨੂੰ ਰੰਗ ਭਾਗ ਲਾਏ। ਉਥੇ ਬਲਬੀਰ ਸਿੰਘ ਸ਼ੀਰੀਂ ਪਹਿਲਵਾਨ ਵੀ ਹਾਜ਼ਰ ਸੀ, ਸਤਨਾਮ ਸਿੰਘ ਜੌਹਲ ਵੀ ਤੇ ਬੂਟਾ ਪਹਿਲਵਾਨ ਵੀ। ਪਹਿਲਵਾਨ ਅਵਤਾਰ ਭੁੱਲਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਲ ਕੇਸਰੀ ਦਾ ਪਟਕਾ ਗੁਰਦੀਪ ਬੀਸਲਾ ਨੇ ਜਿੱਤਿਆ ਤੇ ਵੱਡੀ ਕੁਸ਼ਤੀ ਦੀ ਝੰਡੀ ਜਗਰੂਪ ਭੁੱਲਰ ਨੇ ਮਨਵੀਰ ਸਹੋਤੇ ਨੂੰ ਢਾਹ ਕੇ ਜਿੱਤੀ। ਕਈ ਸਾਲ ਪਹਿਲਾਂ ਦਰਸ਼ਨ ਸਿੰਘ ਸੰਧੂ ਨੇ ਵੈਨਕੂਵਰ ਵਿੱਚ ਕੁਸ਼ਤੀਆਂ ਦਾ ਮੁੱਢ ਬੰਨ੍ਹਿਆ ਸੀ। ਪਿਟਮੀਡੋਜ਼ ਦੇ ਪੁਰੇਵਾਲ ਭਰਾਵਾਂ ਦਾ ਵੀ ਕੁਸ਼ਤੀਆਂ ਵਿੱਚ ਬੜਾ ਯੋਗਦਾਨ ਹੈ। ਗੁਰਜੀਤ ਸਿੰਘ ਪੁਰੇਵਾਲ ਦੇ ਪੁੱਤਰ ਤੇਜਿੰਦਰ ਪੁਰੇਵਾਲ ਦਾ ਭਾਰਤ ਕੁਮਾਰ ਟਾਈਟਲ ਜਿੱਤਣ ਕਰਕੇ ਵੈਨਕੂਵਰ ਦੇ ਖੇਡ ਮੇਲੇ ਵਿੱਚ ਉਚੇਚਾ ਸਨਮਾਨ ਕੀਤਾ ਗਿਆ।

ਕੁਸ਼ਤੀਆਂ ਕਰਾਉਣ ਵਿੱਚ ਪਹਿਲਵਾਨ ਕਰਤਾਰ ਸਿੰਘ ਦੇ ਭਰਾ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਨੇ ਵੀ ਪ੍ਰਬੰਧਕਾਂ ਦਾ ਸਾਥ ਦਿੱਤਾ ਤੇ ਉਸ ਦਾ ਵੀ ਮਾਣ ਸਨਮਾਨ ਹੋਇਆ। ਅਜਿਹੇ ਖੇਡ ਮੇਲੇ ਜਿਥੇ ਬੱਚਿਆਂ ਤੇ ਜੁਆਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਤ ਕਰਦੇ ਹਨ ਉਥੇ ਪੱਛਮ ਦੇ ਮਸ਼ੀਨੀ ਜੀਵਨ ਵਿੱਚ ਆਏ ਤਣਾਅ ਨੂੰ ਵੀ ਘਟਾਉਂਦੇ ਤੇ ਜ਼ਿੰਦਗੀ ਵਿੱਚ ਰਸ ਭਰਦੇ ਹਨ। ਖੇਡਾਂ ਦੀ ਸਦਵਰਤੋਂ ਨਾਲ ਜੀਵਨ ਨੂੰ ਸਿਹਤਮੰਦ, ਸੋਹਣਾ, ਨੇਕ, ਫਿੱਟ, ਫੁਰਤੀਲਾ ਅਤੇ ਮਿਲਵਰਤਣ ਤੇ ਮੁਕਾਬਲੇ ਵਾਲਾ ਬਣਾਇਆ ਜਾ ਸਕਦੈ। ਇਨ੍ਹਾਂ ਗੁਣਾਂ ਦੀ ਸਫਲ ਜੀਵਨ ਲਈ ਹਮੇਸ਼ਾਂ ਹੀ ਲੋੜ ਹੈ। ਆਸ ਹੈ 43ਵਾਂ ਖੇਡ ਮੇਲਾ ਹੋਰ ਵੀ ਸ਼ਿੱਦਤ ਨਾਲ ਮਨਾਇਆ ਜਾਵੇਗਾ।

Read 3250 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।