ਅੰਦਾਜ਼ਨ 1980 ਤੋਂ ਪੰਜਾਬ ਨਸ਼ਿਆਂ ਦੇ ਸੰਤਾਪ ਨੂੰ ਭੋਗ ਰਿਹਾ ਹੈ। ਰਾਜਨੀਤਿਕ ਪਾਰਟੀਆਂ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਦਾਅਵਿਆਂ ਅਤੇ ਵਾਅਦਿਆਂ ਦੀ ਝੜੀ ਵਿੱਚ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਅਤੇ ਨਸ਼ਿਆਂ ਦਾ ਲੱਕ ਤੋੜਨ ਵਾਲੇ ਮੁੱਦਿਆਂ ਨੂੰ ਉਭਾਰ ਕੇ ਸੱਤਾ ਪ੍ਰਾਪਤੀ ਦੇ ਯਤਨ ਹੁੰਦੇ ਰਹੇ। ਖੁਸ਼ਹਾਲੀ ਤਾਂ ਰਾਜਨੀਤਿਕ ਲੋਕਾਂ ਦੇ ਹਿੱਸੇ ਹੀ ਆਈ ਹੈ। ਹਾਂ, ਨਸ਼ਿਆਂ ਦੀ ਮਾਰੂ ਹਨੇਰੀ ਨੇ ਲੋਕਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਨਾਲ ਨਾਲ ਸਿਵਿਆਂ ਦੀ ਅੱਗ ਨੂੰ ਪ੍ਰਚੰਡ ਕੀਤਾ ਹੈ। ਨਸ਼ਿਆਂ ਕਾਰਨ ਜਿੱਥੇ ਜਵਾਨੀ ਦਾ ਘਾਣ ਹੋਇਆ ਹੈ, ਉੱਥੇ ਹੀ ਮਾਵਾਂ, ਭੈਣਾਂ ਦੇ ਵਹਿੰਦੇ ਖੂਨ ਦੇ ਅੱਥਰੂ, ਬਾਪ ਦੇ ਚਿਹਰੇ ਤੇ ਛਾਈ ਘੋਰ ਉਦਾਸੀ ਅਤੇ ਮਸੂਮ ਬੱਚਿਆਂ ਦੀਆਂ ਚੀਕਾਂ ਨੇ ਸਮੁੱਚੇ ਪੰਜਾਬ ਦੀ ਹਵਾ ਨੂੰ ਸੋਗੀ ਕਰ ਦਿੱਤਾ ਹੈ।
ਵਰਤਮਾਨ ਸਰਕਾਰ ਛੇ ਮਹੀਨਿਆਂ ਦੇ ਅੰਦਰ ਨਸ਼ੇ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਮਾਰਚ 2022 ਨੂੰ ਹੋਂਦ ਵਿੱਚ ਆਈ ਸੀ। ਸਰਕਾਰ ਵੱਲੋਂ ਨਸ਼ਾ ਅੰਦਰ ਤਸਕਰਾਂ ਦੀ ਗ੍ਰਿਫਤਾਰੀ, ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਖੇਪਾਂ ਨੂੰ ਫੜ ਕੇ ਸਪਲਾਈ ਲਾਈਨ ਨੂੰ ਰੋਕਣ ਅਤੇ ਨਸ਼ਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਤਾਂ ਹੁੰਦੇ ਰਹੇ, ਪਰ ‘ਚਿੱਟੇ’ ਦਾ ਮਾਰੂ ਕਹਿਰ ਘਟਿਆ ਨਹੀਂ। ਮੈਡੀਕਲ ਨਸ਼ਾ ਵੀ ਚੋਰੀ ਛੁਪੇ ਵਿਕਦਾ ਰਿਹਾ ਹੈ। ਪੰਜਾਬ ਸਰਕਾਰ ਨੇ ਪਹਿਲਾਂ ਇੱਕ ਮਾਰਚ 2025 ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਅਤੇ ਫਿਰ ‘ਯੁੱਧ ਨਸ਼ਿਆਂ ਵਿਰੁੱਧ-2’ 10 ਜਨਵਰੀ 2026 ਤੋਂ ਸ਼ੁਰੂ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਵਲੰਟੀਅਰਾਂ ਦੇ ਨਾਲ ਨਾਲ ਪੰਜਾਬ ਦੇ 13241 ਸਰਪੰਚਾਂ ਨੂੰ ‘ਪਿੰਡ ਬਚਾਓ ਕਮੇਟੀ’ ਦੇ ਮੁਖੀ ਬਣਾ ਕੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ‘ਪਿੰਡ ਬਚਾਓ ਕਮੇਟੀ’ ਦੇ ਮੁਖੀਆਂ ਨੂੰ ਨਸ਼ਿਆਂ ਵਿਰੁੱਧ ਯੁੱਧ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ। ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਵੱਖ-ਵੱਖ ਥਾਂਵਾਂ ’ਤੇ ਸੈਮੀਨਾਰ ਵੀ ਆਯੋਜਿਤ ਕੀਤੇ ਗਏ। ਤਸਕਰਾਂ ਦੀ ਫੜੋ ਫੜੀ ਨਾਲ ਥਾਣਿਆਂ ਦੇ ਰੋਜ਼ਨਾਮਚੇ ਵਿੱਚ ਰਿਪੋਰਟਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ। ਪੰਜਾਬ ਦੀਆਂ ਜੇਲ੍ਹਾਂ ਵਿੱਚ ਪੁਰਸ਼ ਕੈਦੀ ਰੱਖਣ ਦੀ ਸਮਰੱਥਾ 21790 ਹੈ ਪਰ 26481 ਕੈਦੀ ਜੇਲ੍ਹਾਂ ਵਿੱਚ ਡੱਕੇ ਗਏ। ਇਸ ਤਰ੍ਹਾਂ ਹੀ ਔਰਤ ਕੈਦੀਆਂ ਨੂੰ ਰੱਖਣ ਦੀ ਸਮਰੱਥਾ 1408 ਹੈ। ਪਰ ਅੰਦਾਜ਼ਨ 1600 ਔਰਤ ਕੈਦੀ ਜੇਲ੍ਹ ਦੀ ਹਵਾ ਖਾ ਰਹੀਆਂ ਹਨ।
ਧੂੰਆਂਧਾਰ ਪ੍ਰਚਾਰ, ਨਸ਼ੇ ਦੀ ਭਾਰੀ ਮਾਤਰਾ ਵਿੱਚ ਬਰਾਮਦਗੀ, ਤਸਕਰਾਂ ਦੀ ਫੜੋ ਫੜੀ ਅਤੇ ਨਸ਼ਈਆਂ ਦਾ ਇਲਾਜ ਕਰਵਾ ਕੇ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਜੰਗੀ ਪੱਧਰ ’ਤੇ ਜਾਰੀ ਹਨ। ਇਨਾਂ ਯਤਨਾਂ ’ਤੇ ਉਸ ਵੇਲੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦੋਂ ਨਸ਼ੇ ਦੀ ਰੋਕਥਾਮ ਕਰਨ ਵਾਲਿਆਂ ਕੋਲੋਂ ਹੀ ਨਸ਼ੇ ਦੀ ਭਾਰੀ ਬਰਾਮਦਗੀ ਹੋਈ। ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦਾ ਸਰਪੰਚ 18 ਕਿਲੋ ਹੈਰੋਇਨ ਨਾਲ 15 ਮਾਰਚ ਨੂੰ ਫੜਿਆ ਗਿਆ। ਸਰਪੰਚ ਕੋਲੋਂ ਇਹ ਬਰਾਮਦਗੀ ਰਾਸ਼ਟਰੀ ਨਾਰਕੋਟਿਸ ਕੰਟਰੋਲ ਬਿਊਰੋ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਉਸਦੇ ਘਰੋਂ ਹੀ ਕੀਤੀ ਗਈ। ਦੁੱਖ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਉਸਨੂੰ ਸਰਕਾਰ ਵੱਲੋਂ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਦਾ ਚੇਅਰਮੈਨ ਲਾਇਆ ਹੋਇਆ ਸੀ ਅਤੇ ਇਸ ਸਰਪੰਚ ਦੇ ਰਾਜਸੀ ਨੇਤਾਵਾਂ ਨਾਲ ਨੇੜਲੇ ਸਬੰਧ ਸਨ। ਸੱਤ ਮਾਰਚ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੀ ਅਮਰਕੋਟ ਦਾਣਾ ਮੰਡੀ ਵਿੱਚ ਇਸ ਵੱਲੋਂ ਉਸ ਇਲਾਕੇ ਦੇ ਵਿਧਾਇਕ ਦੀ ਫੋਟੋ ਸਮੇਤ ਲਾਏ ਗਏ ਸਵਾਗਤੀ ਪੋਸਟਰ ਇਸ ਗੱਲ ਦੀ ਗਵਾਹੀ ਭਰਦੇ ਹਨ। ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ ਕਿ ਕੀ ਇਸਦੀ ਸੂਚਨਾ ਕੁਝ ਮੀਲਾਂ ’ਤੇ ਸਥਿਤ ਥਾਣੇ ਦੇ ਕਰਮਚਾਰੀਆਂ ਨੂੰ ਨਹੀਂ ਮਿਲੀ? ਸਥਾਨਕ ਵਿਧਾਇਕ ਵੀ ਉਸਦੀ ਨਸ਼ਾ ਤਸਕਰੀ ਦੇ ਕਾਲੇ ਧੰਦੇ ਤੋਂ ਅਨਜਾਣ ਸੀ? ਪੰਜਾਬ ਪੁਲਿਸ ਦੀ ਥਾਂ ਕੇਂਦਰੀ ਨਾਰਕੌਟਿਸ ਕੰਟਰੋਲ ਬਿਊਰੋ ਨੂੰ ਸਰਪੰਚ ਦੀ ਗ੍ਰਿਫਤਾਰੀ ਕਿਉਂ ਕਰਨੀ ਪਈ? 90 ਕਰੋੜ ਮੁੱਲ ਦੀ ਇਸ ਹੈਰੋਇਨ ਨੇ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾਉਣੇ ਸਨ। ਅਨੇਕਾਂ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਲਈ ਪਾਂਡੀ ਵਜੋਂ ਵਰਤੇ ਜਾਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਭਲਾ, ਦੁੱਧ ਦੀ ਰਾਖੀ ਬਿੱਲੇ ਨੂੰ ਬਿਠਾ ਕੇ ਦੁੱਧ ਦਾ ਬਚਾਊ ਕਿੰਜ ਹੋਵੇਗਾ? ਦਰਅਸਲ ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਜਾਨ ਅਤੇ ਮਾਲ ਦੋਨਾਂ ਨੂੰ ਹੀ ਗੰਭੀਰ ਖਤਰਾ ਹੁੰਦਾ ਹੈ। ਮਾਲੀ ਦਗਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ। ਅਜਿਹੀਆਂ ਕਾਲੀਆਂ ਭੇਡਾਂ ਦੀ ਕਰਤੂਤ ਕਾਰਨ ਹੀ ਲੋਕਾਂ ਦੇ ਚੁੱਲ੍ਹੇ ਠੰਢੇ, ਜਵਾਨੀ ਦਾ ਘਾਣ ਅਤੇ ਸਿਵਿਆਂ ਦੀ ਅੱਗ ਪ੍ਰਚੰਡ ਹੋ ਰਹੀ ਹੈ।
17 ਮਾਰਚ 2026 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਥਾਣੇ ਦੀ ਪੁਲਿਸ ਨੇ ਨੌਂ ਕਿਲੋਮੀਟਰ ਪਿੱਛਾ ਕਰਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਜਿਨ੍ਹਾਂ ਕੋਲੋਂ ਚਾਰ ਕਿਲੋ 300 ਗ੍ਰਾਮ ਹੈਰੋਇਨ, ਨਜਾਇਜ਼ ਪਿਸਤੌਲ, ਚਾਰ ਜਿੰਦਾ ਕਾਰਤੂਸ ਅਤੇ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਪੁਲਿਸ ਵਿਭਾਗ ਵਿੱਚ ਨਿਯੁਕਤ ਸਬ ਇੰਸਪੈਕਟਰ ਦਾ ਪੁੱਤਰ ਹੈ। ਉਸਦੀ ਸਕੀ ਚਾਚੀ ਪਿੰਡ ਦੀ ਸਰਪੰਚ ਹੈ ਅਤੇ ਉਹ ਸਿਆਸੀ ਅਸਰ ਰਸੂਖ ਦੇ ਦਮਗਜ਼ੇ ਵੀ ਮਾਰਦਾ ਹੈ। ਉਪਰੋਕਤ ਕੇਸ ਭਾਵੇਂ ਹਾਲੇ ਜਾਂਚ ਦਾ ਵਿਸ਼ਾ ਹਨ, ਪਰ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹੋਣ ਸਬੰਧੀ ਸ਼ੱਕ ਦੇ ਘੇਰੇ ਵਿੱਚ ਹਨ। ਅਜਿਹੇ ਵਿਅਕਤੀ ਅਮਨ ਕਾਨੂੰਨ ਲਈ ਖਤਰਾ, ਸਮਾਜ ਲਈ ਘਾਤਕ ਅਤੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੁੰਦੇ ਹਨ।
14 ਫਰਵਰੀ 2026 ਨੂੰ ਪੁਲਿਸ ਵਿਭਾਗ ਵਿੱਚ ਸੇਵਾ ਕਰਦੇ ਕਰਮਚਾਰੀ ਦਾ ਨੌਜਵਾਨ ਪੁੱਤਰ ਨਸ਼ੇ ਦੀ ਓਵਰਡੋਜ਼ ਨਾਲ ਅੰਮ੍ਰਿਤਸਰ ਵਿਖੇ ਮਰ ਗਿਆ। ਬਾਪ ਨੇ ਭੁੱਬਾਂ ਮਾਰਦਿਆਂ ਪ੍ਰਗਟਾਵਾ ਕੀਤਾ ਕਿ ਅੰਮ੍ਰਿਤਸਰ ਦੇ ਕਈ ਮੁਹੱਲਿਆਂ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਇਸ ਪੱਖ ਤੋਂ ਪੰਜਾਬ ਹੁਣ ਰਹਿਣ ਵਾਸਤੇ ਸੁਰੱਖਿਅਤ ਨਹੀਂ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ ਕਈ ਵਾਰ ਆਵਾਜ਼ ਉਠਾਈ ਹੈ। ਅਨੰਦਪੁਰ ਸਾਹਿਬ ਇਲਾਕੇ ਦੀ ਲੋਕ ਸਭਾ ਮੈਂਬਰ ਵਜੋਂ ਪ੍ਰਤੀਨਿਧਤਾ ਕਰਕੇ ਰਹੇ ਮਾਲਵਿੰਦਰ ਕੰਗ ਨੇ ਵੀ ਪਿਛਲੇ ਦਿਨੀਂ ਇੱਕ ਪ੍ਰੈੱਸ ਵਾਰਤਾ ਵਿੱਚ ਮੰਨਿਆ ਕਿ ਰਾਜ ਸੱਤਾ ਨਾਲ ਸੰਬੰਧਿਤ ਪਾਰਟੀ ਦੇ ਕਈ ਆਗੂ ਨਜਾਇਜ਼ ਮਾਈਨਿੰਗ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ੱਕੀ ਭੂਮਿਕਾ ਨਿਭਾ ਰਹੇ ਹਨ।
ਪਿਛਲੇ ਦਿਨੀਂ ਹੀ ਐੱਸ.ਐੱਸ. ਪੀ. ਫਰੀਦਕੋਟ ਵੱਲੋਂ ਕਾਲਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਵਿਰੁੱਧ ਲਹਿਰ ਦਾ ਹਿੱਸਾ ਬਣਾਉਣ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਪੁਲਿਸ ਵਿਭਾਗ ਦੇ ਆਈ.ਜੀ. ਵੀ ਸੈਮੀਨਾਰ ਵਿੱਚ ਸ਼ਾਮਲ ਹੋਏ। ਉਸ ਸਮੇਂ ਵਿਦਿਆਰਥੀ ਆਗੂ ਨੇ ਸੰਬੋਧਨ ਕਰਦਿਆਂ ਸਪਸ਼ਟ ਸ਼ਬਦਾਂ ਵਿੱਚ ਤੱਥਾਂ ਸਹਿਤ ਕਿਹਾ ਕਿ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਅਤੇ ਸਿਆਸੀ ਲੋਕਾਂ ਦੇ ਆਲੇ ਦੁਆਲੇ ਮੰਡਲਾਉਂਦੇ ਲੋਕਾਂ ਕਾਰਨ ‘ਯੁੱਧ ਨਸ਼ਿਆਂ ਵਿਰੁੱਧ’ ਸਫਲ ਨਹੀਂ ਹੋ ਰਿਹਾ। ਉਸਨੇ ਕਈ ਪੁਲਿਸ ਕਰਮਚਾਰੀਆਂ ਅਤੇ ਸਿਆਸੀ ਵਿਅਕਤੀਆਂ ਦੇ ਨਾਂ ਲੈ ਕੇ ਅਧਿਕਾਰੀਆਂ ਤੋਂ ਪੁੱਛਿਆ ਕਿ ਨਸ਼ੇ ਦੇ ਧੰਦੇ ਵਿੱਚ ਜੁੜੇ ਹੋਏ ਇਨ੍ਹਾਂ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ?
ਸਰਹੱਦੀ ਪਿੰਡ ਤਲਵੰਡੀ ਕਲਾਂ ਦੇ ਸਰਪੰਚ ਨੇ ਭਰੇ ਮਨ ਨਾਲ ਪ੍ਰਗਟਾਵਾ ਕੀਤਾ ਕਿ ਅੰਦਾਜ਼ਨ ਅੱਧਾ ਪਿੰਡ ਨਸ਼ੇ ਦੇ ਕਾਲੇ ਧੰਦੇ ਨਾਲ ਜੁੜਿਆ ਹੋਇਆ ਹੈ। 13-13 ਸਾਲ ਦੇ ਬੱਚੇ ਵੀ ਨਸ਼ੇ ਦੀ ਮਾਰ ਹੇਠ ਆ ਗਏ ਹਨ। ਉਸਨੇ ਇਹ ਵੀ ਕਿਹਾ ਕਿ ਦੂਜੇ ਪਿੰਡਾਂ ਦੇ ਲੋਕ ਵੀ ਮੋਟਰਸਾਈਕਲ ਅਤੇ ਕਾਰਾਂ ’ਤੇ ਇੱਥੋਂ ਨਸ਼ਾ ਲੈਣ ਲਈ ਆਉਂਦੇ ਹਨ। ਉਸਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਦੇਣ ਦਾ ਸ਼ਿਕਵਾ ਵੀ ਕੀਤਾ। ਅੱਕੇ ਹੋਏ ਲੋਕਾਂ ਨੇ ਨਿਹੰਗ ਸਿੰਘਾਂ ਦਾ ਸਹਾਰਾ ਲਿਆ। ਉਨ੍ਹਾਂ ਨੇ ਤਸਕਰਾਂ ਨੂੰ ਭਜਾਇਆ ਅਤੇ ਐਲਾਨ ਕੀਤਾ ਕਿ ਉਹ ਨਸ਼ੇ ਦੇ ਤਸਕਰਾਂ ਨੂੰ ਸੋਧਣਗੇ।
ਕੁਝ ਸਰਪੰਚਾਂ ਅਤੇ ਨੰਬਰਦਾਰਾਂ ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸਕਰਾਂ ਦੀ ਜ਼ਮਾਨਤ ਕਰਵਾਉਣ ਦੇ ਕੇਸ ਵੀ ਸਾਹਮਣੇ ਆਏ ਹਨ ਅਤੇ ਹੁਣ ਉਹ ਕਾਨੂੰਨ ਦਾ ਸਾਹਮਣਾ ਕਰ ਰਹੇ ਹਨ। ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਕੇ ਉਨ੍ਹਾਂ ਤੋਂ ਉਗਰਾਹੀ ਕਰਨ ਵਾਲੇ ਪੁਲਿਸ ਅਤੇ ਵੱਖ-ਵੱਖ ਜੇਲ੍ਹਾਂ ਦੇ ਕਈ ਕਰਮਚਾਰੀ ਵੀ ਕਾਨੂੰਨੀ ਸ਼ਿਕੰਜੇ ਵਿੱਚ ਜਕੜੇ ਗਏ ਹਨ। ਦੂਜੇ ਪਾਸੇ ਭੂਤਰੇ ਹੋਏ ਨਸ਼ਾ ਤਸਕਰਾਂ ਨੇ ਹਿੰਸਕ ਹੋ ਕੇ ਪੁਲਿਸ ਕਰਮਚਾਰੀਆਂ, ਸਰਪੰਚਾਂ ਅਤੇ ਨਸ਼ਾ ਰੋਕੂ ਕਮੇਟੀਆਂ ਉੱਤੇ ਜਾਨਲੇਵਾ ਹਮਲੇ ਵੀ ਕੀਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੂਟੇ ਦੀਆਂ ਛੰਨਾਂ ਦੇ ਸਰਪੰਚ ਨੂੰ ਤਸਕਰਾਂ ਨੇ ਇਸ ਆਧਾਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਕਿ ਉਸਨੇ ਉਹਨਾਂ ਦੇ ਕਾਲੇ ਧੰਦੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।
ਇਸ ਤਰ੍ਹਾਂ ਹੀ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਨਸ਼ਾ ਵਿਰੋਧੀ ਲਹਿਰ ਦੇ ਆਗੂ ਨੂੰ ਰਾਤ ਸਮੇਂ ਨਸ਼ੇ ਦੇ ਤਸਕਰਾਂ ਨੇ ਘੇਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਭਾਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਫਿਰ ਵੀ ਅਜਿਹੇ ਦੋਸ਼ੀ ਇੱਕ ਪਾਸੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ’ਤੇ ਹਮਲੇ ਕਰ ਰਹੇ ਹਨ ਅਤੇ ਦੂਜੇ ਪਾਸੇ ਮੌਤ ਦਾ ਸਮਾਨ ਵੰਡਦੇ ਹੋਏ ਦਨਦਨਾਉਂਦੇ ਫਿਰਦੇ ਹਨ।
ਅਬਾਦੀ ਦੇ ਪੱਖੋਂ ਪੰਜਾਬ ਭਾਰਤ ਦੀ ਅਬਾਦੀ ਦਾ 2.3% ਹੈ, ਹੈਰੋਇਨ ਬਰਾਮਦਗੀ ਵਿੱਚ ਭਾਰਤ ਵਿੱਚੋਂ ਹੋਈ ਕੁੱਲ ਬਰਾਮਦਗੀ ਵਿੱਚੋਂ 44% ਇਕੱਲੇ ਪੰਜਾਬ ਦੀ ਹੈ ਅਤੇ ਨਸ਼ੇ ਕਾਰਨ ਓਵਰਡੋਜ਼ ਨਾਲ ਹੋਈਆਂ ਕੁੱਲ ਮੌਤਾਂ ਵਿੱਚੋਂ 22% ਇਕੱਲੇ ਪੰਜਾਬ ਵਿੱਚੋਂ ਹੋਈਆਂ ਹਨ।
ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਧੱਬਾ ਲਾਹੁਣ ਲਈ ਸਮੂਹਿਕ ਸੁਹਿਰਦ ਯਤਨਾਂ ਦੀ ਲੋੜ ਹੈ।
* * * * *