You are here:ਮੁਖ ਪੰਨਾ»ਰਚਨਾ ਅਧਿਐਨ»ਸ਼ਬਦਾਂ ਦੀ ਚੋਣ ਹੀ ਉਨ੍ਹਾਂ ਦੀ ਕੀਮਤ ਪੈਣ ਅਤੇ ਚੁਕਾਉਣ ਦਾ ਫੈਸਲਾ ਕਰਦੀ ਹੈ
Coming soon: A new and improved Global Punjabi site!!!

ਲੇਖ਼ਕ

Friday, 27 March 2026 11:23

ਸ਼ਬਦਾਂ ਦੀ ਚੋਣ ਹੀ ਉਨ੍ਹਾਂ ਦੀ ਕੀਮਤ ਪੈਣ ਅਤੇ ਚੁਕਾਉਣ ਦਾ ਫੈਸਲਾ ਕਰਦੀ ਹੈ

Written by
Rate this item
(0 votes)

ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ਬਾਨ ’ਚੋਂ ਨਿਕਲਕੇ ਸਾਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕੀਮਤ ਪੈਣਾ ਜਾਂ ਅਦਾ ਕਰਨਾ ਮਨੁੱਖ ਵੱਲੋਂ ਸ਼ਬਦਾਂ ਦੀ ਚੋਣ ਕਰਨ ਉੱਤੇ ਨਿਰਭਰ ਕਰਦਾ ਹੈ। ਸ਼ਬਦ ਦੀ ਚੋਣ, ਪੇਸ਼ਕਾਰੀ ਦਾ ਲਹਿਜਾ ਅਤੇ ਪਾਕੀਜ਼ਗੀ ਮਨੁੱਖ ਦੀ ਸੂਝਬੂਝ, ਸੰਗਤ, ਸਹਿਜਤਾ, ਸੁਭਾਅ, ਸਿਆਣਪ, ਜ਼ਿੰਦਗੀ ਪ੍ਰਤੀ ਪ੍ਰਤੀਬੱਧਤਾ ਅਤੇ ਜ਼ਿੰਦਗੀ ਜਿਊਣ ਦੇ ਤਰੀਕੇ ਨੂੰ ਦਰਸਾਉਂਦੇ ਹਨ। ਨਿਰਥਕ ਸ਼ਬਦ ਵੀ ਸਾਰਥਕ ਸ਼ਬਦਾਂ ਨਾਲ ਜੁੜਕੇ ਆਪਣੀ ਕੀਮਤ ਪੁਆ ਲੈਂਦੇ ਹਨ। ਆਪਣੇ ਮਨੋਭਾਵਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਮੌਕਿਆਂ ਉੱਤੇ ਬੋਲਕੇ ਅਤੇ ਲਿਖਕੇ ਪੇਸ਼ ਕਰਨ ਲਈ ਸ਼ਬਦਾਂ ਦੀ ਚੋਣ ਕਰਨਾ ਇੱਕ ਅਨਮੋਲ ਕਲਾ ਹੈ। ਇਹ ਕਲਾ ਹਰ ਵਿਅਕਤੀ ਕੋਲ ਨਹੀਂ ਹੁੰਦੀ। ਜਿਸ ਵਿਅਕਤੀ ਵਿੱਚ ਸਮੇਂ ਅਤੇ ਵਿਅਕਤੀ ਅਨੁਸਾਰ ਸ਼ਬਦਾਂ ਦੀ ਚੋਣ ਕਰਨ ਦੀ ਕਲਾ ਹੁੰਦੀ ਹੈ, ਉਹ ਲੋਕ ਮਨਾਂ ਵਿੱਚ ਵਸ ਜਾਂਦਾ ਹੈ। ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੇ ਨਿਭਣ ਦੀ ਬੁਨਿਆਦ ਸ਼ਬਦਾਂ ਦੀ ਚੋਣ ਹੀ ਹੁੰਦੀ ਹੈ। ਡਾਕਟਰ ਏ.ਪੀ.ਜੇ ਅਬਦੁੱਲ ਕਲਾਮ ਨੇ ਰਾਸ਼ਟਰਪਤੀ ਦੇ ਅਹੁਦੇ ਉੱਤੇ ਹੁੰਦਿਆਂ ਦੇਸ਼ ਭਰ ਦੇ ਅਧਿਆਪਕਾਂ ਨੂੰ ਮਿਲਦੇ ਹੋਏ ਕਿਹਾ ਸੀ ਕਿ ਬੱਚੇ ਉਨ੍ਹਾਂ ਅਧਿਆਪਕਾਂ ਨੂੰ ਸਦਾ ਹੀ ਯਾਦ ਰੱਖਦੇ ਹਨ, ਜਿਨ੍ਹਾਂ ਦੀ ਆਪਣੇ ਵਿਸ਼ੇ ਵਿੱਚ ਮੁਹਾਰਤ ਹੋਣ ਦੇ ਨਾਲ-ਨਾਲ ਬੱਚਿਆਂ ਨਾਲ ਚੰਗਾ ਵਿਵਹਾਰ ਕਰਨ ਲਈ ਸ਼ਬਦ ਚੋਣ ਦੀ ਕਲਾ ਵੀ ਹੁੰਦੀ ਹੈ, ਕਿਉਂਕਿ ਬੱਚਿਆਂ ਦੇ ਮਨ ਬਹੁਤ ਕੋਮਲ ਹੁੰਦੇ ਹਨ, ਉਹ ਸਦਾ ਹੀ ਆਪਣੇ ਅਧਿਆਪਕਾਂ ਤੋਂ ਚੰਗੇ ਵਿਵਹਾਰ ਦੀ ਉਮੀਦ ਰੱਖਦੇ ਹਨ।

ਸ਼ਬਦ ਉਹੀ ਹੁੰਦੇ ਹਨ ਪਰ ਉਨ੍ਹਾਂ ਨੂੰ ਬੋਲਣ ਅਤੇ ਪੇਸ਼ ਕਰਨ ਦਾ ਸਲੀਕਾ ਸਭ ਦਾ ਵੱਖਰਾ-ਵੱਖਰਾ ਹੁੰਦਾ ਹੈ। ਸ਼ਬਦਾਂ ਵਿੱਚ ਹੀ ਪਿਆਰ, ਲਗਾਓ, ਆਪਣਾਪਨ, ਹਮਦਰਦੀ, ਅਧੀਨਗੀ ਅਤੇ ਨਿਮਰਤਾ ਹੁੰਦੇ ਹਨ। ਉਹੀ ਸ਼ਬਦ ਘਮੰਡ, ਹਉਮੈਂ, ਖ਼ੁਦੀ ਅਤੇ ਜ਼ਬਾਨ ਦੇ ਖਰ੍ਹਵੇਪਨ ਨਾਲ ਲਬਰੇਜ਼ ਹੁੰਦੇ ਹਨ। ਫਰਕ ਸਿਰਫ ਮਨੁੱਖ ਦੀ ਸਮਝ ਦਾ ਹੁੰਦਾ ਹੈ। ਸ਼ਬਦ ਹੀ ਰਾਜ ਗੱਦੀ ਉੱਤੇ ਬਿਠਾ ਦਿੰਦੇ ਹਨ, ਸ਼ਬਦ ਹੀ ਜੇਲ੍ਹਾਂ ਅਤੇ ਅਦਾਲਤਾਂ ਤਕ ਪਹੁੰਚਾ ਦਿੰਦੇ ਹਨ। ਸ਼ਾਂਤ, ਨਿਮਰ, ਸਹਿਣਸ਼ੀਲ ਸੁਭਾਅ, ਤਹੱਮਲ ਰੱਖਣ ਵਾਲੇ, ਦੂਰ ਅੰਦੇਸ਼ ਅਤੇ ਫਰਾਖ ਦਿਲ ਲੋਕ ਸ਼ਬਦ ਚੋਣ ਕਲਾ ਦੇ ਧਨੀ ਹੁੰਦੇ ਹਨ। ਗੁਸੈਲ਼ੇ, ਖੁਦਗਰਜ਼, ਤੰਗਦਿਲ, ਹੰਕਾਰੀ, ਜ਼ਬਾਨ ਦੇ ਕੌੜੇ ਅਤੇ ਲੋਭੀ ਲੋਕ ਸ਼ਬਦ ਚੋਣ ਦੀ ਕਲਾ ਤੋਂ ਵਿਹੂਣੇ ਹੁੰਦੇ ਹਨ। ਚੰਗੇ ਦੁਕਾਨਦਾਰ, ਕਾਮਯਾਬ ਅਧਿਕਾਰੀ, ਸਿਆਣੇ ਮਾਪੇ, ਸੁੱਘੜ ਸਿਆਸਤਦਾਨ, ਹਰਮਨ ਪਿਆਰੇ ਅਧਿਆਪਕ ਹੋਣ ਲਈ ਸ਼ਬਦ ਚੋਣ ਦੀ ਕਲਾ ਵਿੱਚ ਮੁਹਾਰਤ ਹੋਣਾ ਲਾਜ਼ਮੀ ਹੁੰਦਾ ਹੈ। ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੇ ਭਾਸ਼ਣ ਪਹਿਲਾਂ ਇਸ ਲਈ ਲਿਖਕੇ ਦਿੱਤੇ ਜਾਂਦੇ ਹਨ ਤਾਂਕਿ ਉਨ੍ਹਾਂ ਤੋਂ ਕੁਝ ਗਲਤ ਨਾ ਬੋਲਿਆ ਜਾਵੇ। ਜਿਹੜੇ ਸਿਆਸਤਦਾਨ ਕੋਈ ਸ਼ਬਦ ਗਲਤ ਬੋਲ ਬੈਠਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਠੀਕ ਸਾਬਤ ਕਰਨ ਲਈ ਜਾਂ ਤਾਂ ਇਹ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਾਂ ਫਿਰ ਆਪਣੇ ਸ਼ਬਦ ਵਾਪਸ ਲੈਣੇ ਪੈਂਦੇ ਹਨ। ਦੁਨੀਆ ਦਾ ਨਾਮਵਰ ਚਿੰਤਕ ਮਾਰਟਿਨ ਲੂਥਰ ਕਹਿੰਦਾ ਹੈ ਕਿ ਭੈੜੇ ਸ਼ਬਦ ਬੋਲਣ ਲਈ ਜੀਭ ਨਹੀਂ ਸਗੋਂ ਗਲਤ ਸ਼ਬਦਾਂ ਦੀ ਚੋਣ ਕਰਨ ਲਈ ਮਨੁੱਖ ਖੁਦ ਹੀ ਕਸੂਰ ਵਾਰ ਹੁੰਦਾ ਹੈ।

ਗਲਤੀ ਹੋਣ ’ਤੇ ਮੁਆਫੀ ਚਾਹੁੰਦਾ ਹਾਂ, ਗੁਸਤਾਖੀ ਹੋ ਗਈ, ਮੈਂ ਆਪਣੀ ਗਲਤੀ ਉੱਤੇ ਬਹੁਤ ਸ਼ਰਮਿੰਦਾ ਹਾਂ, ਮੁੜ ਅਜਿਹਾ ਨਹੀਂ ਹੋਵੇਗਾ ਅਤੇ ਇਹ ਮੇਰੀ ਭੁੱਲ ਸੀ। ਇਹ ਸਾਰੇ ਵਾਕ ਮਨੁੱਖ ਵੱਲੋਂ ਉਦੋਂ ਬੋਲੇ ਜਾਂਦੇ ਹਨ ਜਦੋਂ ਉਹ ਕੋਈ ਗਲਤੀ ਕਰ ਬੈਠਦਾ ਹੈ ਪਰ ਇਨ੍ਹਾਂ ਸਾਰੇ ਵਾਕਾਂ ਦੇ ਸ਼ਬਦ ਗੁੱਸਾ ਸ਼ਾਂਤ ਕਰ ਦਿੰਦੇ ਹਨ, ਹੋਈ ਗਲਤੀ ਨੂੰ ਨਜ਼ਰ ਅੰਦਾਜ਼ ਕਰਨ ਲਈ ਮਜਬੂਰ ਕਰ ਦਿੰਦੇ ਹਨ। ਇਹ ਸ਼ਬਦ ਕਿਸੇ ਵਿਦਵਾਨ ਵਿਅਕਤੀ ਨੇ ਸੋਚ ਸਮਝ ਕੇ ਹੀ ਘੜੇ ਹੋਣਗੇ।

ਇੱਕ ਕਰਮਚਾਰੀ ਨੂੰ ਕਿਸੇ ਜ਼ਰੂਰੀ ਕੰਮ ਪੈ ਜਾਣ ਕਾਰਨ ਛੁੱਟੀ ਤੋਂ ਦੋ ਘੰਟੇ ਪਹਿਲਾਂ ਘਰ ਜਾਣਾ ਪੈ ਗਿਆ। ਉਹ ਛੁੱਟੀ ਤੋਂ ਪਹਿਲਾਂ ਜਾਣ ਲਈ ਆਪਣੇ ਅਫਸਰ ਦੀ ਇਜਾਜ਼ਤ ਲੈਣ ਗਿਆ। ਉਸਨੇ ਆਪਣੇ ਅਫਸਰ ਨੂੰ ਕਿਹਾ, ਕੀ ਮੈਂ ਛੁੱਟੀ ਤੋਂ ਦੋ ਘੰਟੇ ਪਹਿਲਾਂ ਘਰ ਜਾ ਸਕਦਾ ਹਾਂ? ਅਫਸਰ ਨੇ ਉਸ ਕਰਮਚਾਰੀ ਨੂੰ ਬਹੁਤ ਹੀ ਪਿਆਰ ਨਾਲ ਕਿਹਾ, “ਜਨਾਬ, ਤੁਸੀਂ ਛੁੱਟੀ ਤੋਂ ਪਹਿਲਾਂ ਘਰ ਤਾਂ ਚਲੇ ਜਾਓ ਪਰ ਇਹ ਦੱਸੋ ਕਿ ਤੁਸੀਂ ਮੈਥੋਂ ਇਜਾਜ਼ਤ ਲੈ ਰਹੇ ਹੋ ਜਾਂ ਮੈਨੂੰ ਹੁਕਮ ਜਾਰੀ ਕਰ ਰਹੇ ਹੋ?” ਉਹ ਕਰਮਚਾਰੀ ਘਰ ਤਾਂ ਚਲਾ ਗਿਆ ਪਰ ਉਸ ਨੂੰ ਆਪਣੇ ਆਪ ਉੱਤੇ ਪਛਤਾਵਾ ਬਹੁਤ ਹੋ ਰਿਹਾ ਸੀ।

ਸ਼ਬਦਾਂ ਦੀ ਚੋਣ ਵਿੱਚ ਮੁਹਾਰਤ ਹਾਸਲ ਹੋਣਾ ਇਸ ਗੱਲ ਉੱਤੇ ਬਹੁਤ ਨਿਰਭਰ ਕਰਦਾ ਹੈ ਕਿ ਮਨੁੱਖ ਨੂੰ ਆਪਣੇ ਪਰਿਵਾਰ ਤੋਂ ਕਿਸ ਤਰ੍ਹਾਂ ਦੇ ਸੰਸਕਾਰ ਮਿਲੇ ਹਨ, ਉਸਦੀ ਸੰਗਤ ਕਿਹੋ ਜਿਹੇ ਲੋਕਾਂ ਨਾਲ ਹੈ, ਉਸਨੇ ਕਿਹੋ ਜਿਹੇ ਅਧਿਆਪਕਾਂ ਕੋਲ ਸਿੱਖਿਆ ਪ੍ਰਾਪਤ ਕੀਤੀ ਹੈ। ਉਸਦੀ ਚੰਗਾ ਸਾਹਿਤ ਪੜ੍ਹਨ ਦੀ ਰੂਚੀ ਕਿਸ ਪੱਧਰ ਦੀ ਹੈ?

ਇੱਕ ਕੁੜੀ ਨੂੰ ਦੇਖਣ ਆਏ ਮੁੰਡੇ, ਉਸਦੀ ਭੈਣ ਅਤੇ ਮਾਂ ਨੇ ਕੁੜੀ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕੁੜੀ ਮੁੰਡਾ ਦੋਨੋ ਕਾਫੀ ਪੜ੍ਹੇ-ਲਿਖੇ ਸਨ। ਮੁੰਡੇ ਵਾਲਿਆਂ ਨੂੰ ਕੁੜੀ ਅਤੇ ਘਰ ਦੋਵੇਂ ਪਸੰਦ ਆ ਗਏ। ਮੁੰਡੇ ਵਾਲਿਆਂ ਨੇ ਵਿਚੋਲੇ ਹੱਥ ਕੁੜੀ ਵਾਲਿਆਂ ਨੂੰ ਸੁਨੇਹਾ ਭੇਜਿਆ ਕਿ ਉਹ ਰਿਸ਼ਤਾ ਕਰਨ ਲਈ ਤਿਆਰ ਹਨ, ਉਹ ਆਪਣੀ ਸਲਾਹ ਦੱਸਣ। ਕੁੜੀ ਦੇ ਪਿਤਾ ਨੇ ਜਵਾਬ ਦਿੱਤਾ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਦੂਜੇ ਦੇ ਘਰ ਆਕੇ ਬੋਲਣ ਦਾ ਹੀ ਨਹੀਂ ਪਤਾ। ਸਾਡੀ ਨਾਂਹ ਹੈ।

ਮਨੁੱਖ ਦੀ ਲਿਆਕਤ ਅਤੇ ਨਜ਼ਾਕਤ ਵਿੱਚ ਸ਼ਬਦ ਚੋਣ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਬਹੁਤ ਸਾਰੇ ਲੋਕ ਸਾਰੀ ਉਮਰ ਲੰਘ ਜਾਣ ਦੇ ਬਾਵਜੂਦ ਵੀ ਠੀਕ ਸ਼ਬਦਾਂ ਦੀ ਚੋਣ ਕਰਨਾ ਨਹੀਂ ਸਿੱਖ ਪਾਉਂਦੇ। ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਭਰਤੀ ਕਰਨ ਸਮੇਂ ਇੰਟਰਵਿਊ ਵਿੱਚ ਉਨ੍ਹਾਂ ਦੀ ਬੋਲ-ਚਾਲ ਦਾ ਸਲੀਕਾ ਵੀ ਦੇਖਦੇ ਹਨ। ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਇੰਟਰਵਿਊ ਵਿੱਚ ਉਨ੍ਹਾਂ ਦਾ ਬੋਲ ਚਾਲ ਦਾ ਢੰਗ ਵੀ ਦੇਖਿਆ ਜਾਂਦਾ ਹੈ। ਮਰੀਜ਼ਾਂ ਨਾਲ ਪਿਆਰ ਨਾਲ ਪੇਸ਼ ਆਉਣ ਵਾਲੇ ਡਾਕਟਰ, ਉਨ੍ਹਾਂ ਦੀ ਅੱਧੀ ਬਿਮਾਰੀ ਆਪਣੀ ਬੋਲ ਚਾਲ ਨਾਲ ਠੀਕ ਕਰ ਦਿੰਦੇ ਹਨ। ਮਨੁੱਖ ਦੀ ਜ਼ਿੰਦਗੀ ਦੀ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਚੰਗੇ ਸ਼ਬਦ ਹੀ ਦੂਜਿਆਂ ਦਾ ਦਿਲ ਜਿੱਤ ਸਕਦੇ ਹਨ। ਕੌੜੇ ਅਤੇ ਭੈੜੇ ਸ਼ਬਦ ਉਸਦਾ ਅਕਸ ਵਿਗਾੜ ਸਕਦੇ ਹਨ, ਲੜਾਈ ਝਗੜੇ ਦਾ ਕਾਰਨ ਬਣ ਸਕਦੇ ਹਨ। ਪਰ ਫਿਰ ਵੀ ਸਾਡੇ ਸਮਾਜ ਵਿੱਚ ਉਨ੍ਹਾਂ ਲੋਕਾਂ ਦੀ ਕੋਈ ਘਾਟ ਨਹੀਂ, ਜਿਹੜੇ ਚੰਗੇ ਮਾੜੇ ਸ਼ਬਦਾਂ ਵਿੱਚ ਫਰਕ ਕਰਨਾ ਭੁੱਲ ਬੈਠਦੇ ਹਨ।

* * * * *

Read 220 times
ਪ੍ਰਿੰ. ਵਿਜੈ ਕੁਮਾਰ

Phone: 91 - 98726 - 27136

Email: vijaykumarbehki@gmail.com