ਟਾਰਜਨ ਫਿਲਮਾਂ ਵੇਖਣ ਵਾਲਿਆਂ ਦਾ ਮਹਿਬੂਬ ਪਾਤਰ ਹੈ। ਉਸ ਦੇ ਕਾਰਨਾਮੇ ਦਰਸ਼ਕਾਂ ਨੂੰ ਦੰਗ ਕਰਨ ਵਾਲੇ ਹੁੰਦੇ ਹਨ। ਉਹ ਅਖ਼ਬਾਰਾਂ ਰਸਾਲਿਆਂ ਤੋਂ ਲੈ ਕੇ ਫਿਲਮਾਂ ਤਕ ਛਾਇਆ ਹੋਇਆ ਹੈ। ਫਿਲਮਾਂ ਵਿੱਚ ਇਸ ਪਾਤਰ ਦਾ ਰੋਲ ਕਈ ਓਲੰਪਿਕ ਚੈਂਪੀਅਨ ਵੀ ਕਰਦੇ ਰਹੇ ਹਨ। ਓਲੰਪਿਕ ਖੇਡਾਂ ਵਿਚੋਂ ਸੋਨੇ ਦੇ ਪੰਜ ਤਮਗ਼ੇ ਜਿੱਤਣ ਵਾਲਾ ਪਾਣੀਆਂ ਦਾ ਚੈਂਪੀਅਨ ਜਾਨ੍ਹੀ ਵੇਜਮੂਲਰ ਸਭ ਤੋਂ ਪਹਿਲਾਂ ਟਾਰਜਨ ਦੇ ਰੋਲ ਵਿੱਚ ਫਿਲਮੀ ਪਰਦੇ ਉਤੇ ਆਇਆ। ਉਸ ਨੇ ਗਿਆਰਾਂ ਫਿਲਮਾਂ ਵਿੱਚ ਉਹ ਅਦਭੁਤ ਕਾਰਨਾਮੇ ਵਿਖਾਏ ਕਿ ਲੋਕ ਹੁਣ ਉਹਨੂੰ ਟਾਰਜਨ ਕਰ ਕੇ ਹੀ ਜਾਣਦੇ ਹਨ ਓਲੰਪਿਕ ਖੇਡਾਂ ਦੇ ਪੰਜ ਗੋਲਡ ਮੈਡਲ ਜਿੱਤਣ ਕਰਕੇ ਨਹੀਂ।
ਜਾਨ੍ਹੀ ਵੇਜਮੂਲਰ ਦਾ ਜਨਮ ਆਸਟਰੀਆ ਵਿੱਚ ਵਿੰਡਵਰ ਵਿਖੇ 2 ਜੂਨ 1904 ਨੂੰ ਹੋਇਆ ਸੀ। ਉਸ ਦਾ ਪਿਤਾ ਕੋਲਾ ਖਾਣ ਵਿੱਚ ਕੰਮ ਕਰਦਾ ਸੀ ਤੇ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਫਿਰ ਉਹ ਆਸਟਰੀਆ ਤੋਂ ਅਮਰੀਕਾ ਜਾ ਵਸੇ। ਵੇਜਮੂਲਰ ਬਚਪਨ ਵਿੱਚ ਅਕਸਰ ਹੀ ਬਿਮਾਰ ਹੋ ਜਾਂਦਾ ਤੇ ਕਮਜ਼ੋਰ ਪੈ ਜਾਂਦਾ। ਉਸ ਨੂੰ ਇੱਕ ਡਾਕਟਰ ਨੇ ਦੱਸਿਆ ਕਿ ਜੇ ਉਹ ਐਰਨ ਦੀ ਕਸਰਤ ਕਰਿਆ ਕਰੇ ਤਾਂ ਬਿਮਾਰ ਹੋਣ ਤੋਂ ਬਚ ਸਕਦਾ ਹੈ। ਨੇੜੇ ਹੀ ਮਿਸ਼ੀਗਨ ਲੇਕ ਸੀ। ਵੇਜਮੂਲਰ ਉਸ ਝੀਲ ਵਿੱਚ ਤੈਰਨ ਦੀ ਕਸਰਤ ਕਰਨ ਲੱਗਾ। ਇੱਕ ਦਿਨ ਉਹ ਤੈਰਾਕੀ ਦੇ ਪ੍ਰਸਿੱਧ ਕੋਚ ਵਿਲੀਅਮ ਬਾਕਰਚ ਦੀ ਨਜ਼ਰੀਂ ਪੈ ਗਿਆ ਤੇ ਉਸ ਨੇ ਉਹਦੇ ਅੰਦਰ ਹੋਣਹਾਰ ਤੈਰਾਕ ਨੂੰ ਪਛਾਣ ਕੇ ਉਸ ਨੂੰ ਆਪਣਾ ਸ਼ਗਿਰਦ ਬਣਾ ਲਿਆ। ਉਸ ਨੂੰ ਗ਼ਲਤ ਤਰ੍ਹਾਂ ਤੈਰਨੋਂ ਹਟਾ ਕੇ ਠੀਕ ਤਰ੍ਹਾਂ ਤੈਰਨ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।
ਵੇਜਮੂਲਰ ਦਾ ਕੱਦ ਛੇ ਫੁੱਟ ਤਿੰਨ ਇੰਚ ਉੱਚਾ ਨਿਕਲ ਗਿਆ ਤੇ ਉਹ ਲੰਮੀਆਂ ਬਾਹਾਂ ਨਾਲ ਪਾਣੀ ਉਤੇ ਸ਼ੁਕਾਟ ਪਾਉਂਦਾ ਤੈਰਨ ਲੱਗਾ। ਉਹਦੇ ਤੈਰਨ ਦਾ ਤਰੀਕਾ ਵੀ ਨਿਆਰਾ ਸੀ। ਉਹ ਆਪਣੇ ਸਰੀਰ ਨੂੰ ਪਾਣੀ ਵਿੱਚ ਡੋਬਣ ਦੀ ਥਾਂ ਉਹਦੇ ਉਪਰ ਹੀ ਤੈਰਨ ਦਾ ਅਭਿਆਸ ਕਰਨ ਲੱਗਾ। ਇੰਜ ਪਾਣੀ ਉਹਦੀ ਗਤੀ ਨੂੰ ਘੱਟ ਰੋਕ ਸਕਦਾ ਸੀ। ਫਰੀ ਸਟਾਈਲ ਤੈਰਦਿਆਂ ਉਹ ਆਪਣਾ ਸਿਰ ਬਾਜ਼ੂਆਂ ਨਾਲ ਸੱਜੇ ਖੱਬੇ ਘੁੰਮਾਉਂਦਾ। ਇੰਜ ਉਸ ਨੂੰ ਦੂਜੇ ਤੈਰਾਕਾਂ ਦੇ ਅੱਗੇ ਪਿੱਛੇ ਹੋਣ ਦਾ ਆਪ ਮੁਹਾਰੇ ਪਤਾ ਲੱਗਦਾ ਰਹਿੰਦਾ। ਤੈਰਾਕੀ ਵਿੱਚ ਉਹ ਅਜਿਹਾ ਚੱਲਿਆ ਕਿ ਉਸ ਨੇ ਸਤਾਰਾਂ ਸਾਲ ਦੀ ਉਮਰ ਵਿੱਚ ਹੀ 100 ਮੀਟਰ ਫਰੀ ਸਟਾਈਲ ਤਾਰੀ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ।
1924 `ਚ ਹੋਈਆਂ ਪੈਰਿਸ ਦੀਆਂ ਓਲੰਪਿਕ ਖੇਡਾਂ ਜਿਥੇ ਅਥਲੈਟਿਕਸ ਵਿੱਚ ਪਾਵੋ ਨੁਰਮੀ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ ਉਥੇ ਤੈਰਾਕੀ ਵਿੱਚ ਇਨ੍ਹਾਂ ਨੂੰ ਜਾਨ੍ਹੀ ਵੇਜਮੂਲਰ ਦੀਆਂ ਖੇਡਾਂ ਦਾ ਨਾਂ ਦਿੱਤਾ ਗਿਆ ਹੈ। ਪੈਰਿਸ ਵਿੱਚ 100 ਮੀਟਰ ਫਰੀ ਸਟਾਈਲ ਤਾਰੀ ਦਾ ਅਸਲ ਮੁਕਾਬਲਾ ਤਿੰਨੇ ਅਮਰੀਕੀ ਤੈਰਾਕਾਂ ਵਿਚਾਲੇ ਸੀ। ਡਿਊਕ ਕਾਹਨਾਮੋਕੂ 1912 ਤੇ 1920 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਸੀ ਤੇ ਤੀਜੀ ਵਾਰ ਲਗਾਤਾਰ ਜਿੱਤ ਕੇ ਹੈਟ ਟ੍ਰਿਕ ਮਾਰਨਾ ਚਾਹੁੰਦਾ ਸੀ। ਤਾਰੀ ਸ਼ੁਰੂ ਹੋਈ ਤਾਂ 75 ਮੀਟਰ ਤਕ ਡਿਊਕ ਹੀ ਅੱਗੇ ਰਿਹਾ ਪਰ ਅਖ਼ੀਰਲੇ ਪੱਚੀ ਮੀਟਰਾਂ ਵਿੱਚ ਵੇਜਮੂਲਰ ਉਸ ਨੂੰ ਪੈ ਗਿਆ ਤੇ ਨਾਲ ਦੀ ਨਾਲ ਉਹਨੇ ਇੱਕ ਮਿੰਟ ਸਮੇਂ ਦੀ ਹੱਦ ਵੀ ਤੋੜ ਦਿੱਤੀ। ਉਸ ਨੇ 59 ਸੈਕੰਡ ਦੇ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ। ਦੂਜਾ ਗੋਲਡ ਮੈਡਲ ਉਸ ਨੇ 400 ਮੀਟਰ ਦੀ ਫਰੀ ਸਟਾਈਲ ਤਾਰੀ ਵਿਚੋਂ ਹਾਸਲ ਕੀਤਾ। ਤੀਜਾ ਸੋਨੇ ਦਾ ਤਮਗ਼ਾ ਉਸ ਨੂੰ 4+200 ਮੀਟਰ ਰਿਲੇਅ ਤਾਰੀ ਵਿਚੋਂ ਮਿਲਿਆ। ਕੁਲ ਮਿਲਾ ਕੇ ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਦਾ ਸਭ ਤੋਂ ਤਕੜਾ ਤੈਰਾਕ ਸਿੱਧ ਹੋਇਆ।
ਚਾਰ ਸਾਲ ਬਾਅਦ ਐਮਸਟਰਡਮ ਦੀਆਂ ਓਲੰਪਿਕ ਖੇਡਾਂ ਸਮੇਂ ਵੀ ਉਹ ਪੂਰੀ ਤਿਆਰੀ ਵਿੱਚ ਸੀ। ਅਮਰੀਕਾ ਦੇ ਤੈਰਾਕਾਂ ਦੀ ਉਂਜ ਵੀ ਗੱਡੀ ਚੜ੍ਹੀ ਹੋਈ ਸੀ। ਬਾਕੀ ਮੁਲਕਾਂ ਦੇ ਤੈਰਾਕ ਉਨ੍ਹਾਂ ਤੋਂ ਕੰਨ ਭੰਨਦੇ ਸਨ। ਐਮਸਟਰਡਮ ਵਿੱਚ ਉਹ 100 ਮੀਟਰ ਫਰੀ ਸਟਾਈਲ ਤਾਰੀ ਫਿਰ ਨਵੇਂ ਓਲੰਪਿਕ ਰਿਕਾਰਡ 58.6 ਸਕਿੰਟ ਵਿੱਚ ਲਾ ਕੇ ਜੇਤੂ ਰਿਹਾ। ਆਪਣਾ ਪੰਜਵਾਂ ਸੋਨ ਤਮਗ਼ਾ ਉਸ ਨੇ 4+200 ਮੀਟਰ ਰਿਲੇਅ ਤਾਰੀ ਵਿਚੋਂ ਜਿੱਤਿਆ। 1924 ਦੀਆਂ ਓਲੰਪਿਕ ਖੇਡਾਂ ਵਿੱਚ ਇੱਕ ਤਾਂਬੇ ਦਾ ਤਮਗ਼ਾ ਉਸ ਨੇ ਵਾਟਰ ਪੋਲੋ ਵਿਚੋਂ ਜਿੱਤਿਆ ਸੀ।
ਜਾਨ੍ਹੀ ਵੇਜਮੂਲਰ 1932 ਵਿਚਲੀਆਂ ਲਾਸ ਏਂਜਲਸ ਦੀਆਂ ਓਲਮਪਿਕ ਖੇਡਾਂ ਲਈ ਤਿਆਰ ਹੋ ਰਿਹਾ ਸੀ ਕਿ ਉਹਦਾ ਕੱਦਾਵਰ ਤੇ ਸਡੌਲ ਗੁੰਦਵਾਂ ਜੁੱਸਾ ਹਾਲੀਵੁੱਡ ਫਿਲਮਾਂ ਦੇ ਇੱਕ ਨਿਰਮਾਤਾ ਦੀ ਨਜ਼ਰੀਂ ਪੈ ਗਿਆ। ਤੈਰਾਕੀ ਦੀ ਪੁਸ਼ਾਕ ਵਿੱਚ ਉਹ ਫਿਲਮ ਨਿਰਮਾਤਾ ਨੂੰ ਬਹੁਤ ਸੁਨੱਖਾ ਤੇ ਬੇਹੱਦ ਸ਼ਕਤੀਸ਼ਾਲੀ ਪੁਰਸ਼ ਦਿਸਿਆ। ਉਸ ਨੂੰ ਉਹਦਾ ਜੁੱਸਾ ਜੱਚ ਗਿਆ। ਉਹ ਟਾਰਜਨ ਦਾ ਰੋਲ ਕਰਾਉਣ ਲਈ ਕਿਸੇ ਅਜਿਹੇ ਮਰਦ ਦੀ ਹੀ ਭਾਲ ਵਿੱਚ ਸੀ। ਟਾਰਜਨ ਦੇ ਅਦਾਕਾਰ ਤੋਂ ਸੁਪਰਮੈਨ ਦਾ ਰੋਲ ਅਦਾ ਕਰਾਉਣਾ ਸੀ। ਫਿਲਮ ਨਿਰਮਾਤਾ ਨੇ ਵੇਜਮੂਲਰ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਓਲੰਪਿਕ ਚੈਂਪੀਅਨ ਟਰਜਨ ਦਾ ਰੋਲ ਅਦਾ ਕਰਨ ਲਈ ਤਿਆਰ ਹੋ ਗਿਆ।
ਟਾਰਜਨ ਦੇ ਰੂਪ ਵਿੱਚ ਫਿਰ ਉਸ ਨੇ ਮਗਰਮੱਛਾਂ ਨਾਲ ਘੋਲ ਕੀਤੇ, ਜੰਗਲਾਂ ਵਿੱਚ ਜੰਗਲੀ ਜਾਨਵਰਾਂ ਨਾਲ ਭਿੜਿਆ ਤੇ ਪਾਣੀ ਦੇ ਹੇਠਾਂ ਹੈਰਾਨਕੁਨ ਕਰਤਬ ਵਿਖਾਏ। ਉਹ ਫਿਲਮੀ ਦਰਸ਼ਕਾਂ ਦਾ ਸਭ ਤੋਂ ਮਨਭਾਉਂਦਾ ਹੀਰੋ ਬਣ ਗਿਆ। ਉਹਨੀਂ ਦਿਨੀਂ ਓਲੰਪਿਕ ਚੈਂਪੀਅਨ ਨੂੰ ਕੋਈ ਮਾਇਕ ਇਨਾਮ ਨਹੀਂ ਸੀ ਦਿੱਤਾ ਜਾ ਸਕਦਾ। ਉਹ ਨਿਰੋਲ ਸ਼ੌਕੀਆ ਖਿਡਾਰੀ ਹੁੰਦੇ ਸਨ। ਟਾਰਜਨ ਦਾ ਰੋਲ ਅਦਾ ਕਰਨ ਨਾਲ ਵੇਜਮੂਲਰ ਦੀ ਕਦਰ ਕੀਮਤ ਲੱਖਾਂ ਡਾਲਰਾਂ ਤਕ ਅੱਪੜ ਗਈ। ਉਸ ਦੀ ਮਾਲੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਤਿੰਨ ਹੋਰ ਓਲੰਪੀਅਨ ਬਸਟਰ ਕਰੈਬ, ਹਰਮਨ ਬਰਿਕਸ ਤੇ ਗਲੈੱਨ ਮੌਰਿਸ ਵੀ ਟਾਰਜਨ ਦਾ ਰੋਲ ਅਦਾ ਕਰਨ ਲੱਗੇ।
ਜਾਨ੍ਹੀ ਵੇਜਮੂਲਰ ਨੇ ਆਪਣੇ ਤੇਰਨ ਦੇ ਦਿਨਾਂ ਵਿੱਚ ਕੁਲ ਜੋੜ ਕੇ 67 ਵਾਰ ਵਿਸ਼ਵ ਰਿਕਾਰਡ ਰੱਖੇ ਜੋ ਆਪਣੇ ਆਪ ਵਿੱਚ ਵਿਸ਼ਵ ਰਿਕਾਰਡ ਹੈ। ਉਸ ਨੇ ਪੰਜ ਵਾਰ ਆਪਣਾ ਅਸਲੀ ਵਿਆਹ ਕਰਾਇਆ ਤੇ ਫਿਲਮੀ ਵਿਆਹਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਇਸ ਪਾਸੇ ਵੀ ਉਸ ਰਿਕਾਰਡ ਰੱਖਣ ਵਾਲਿ ਗੱਲ ਕੀਤੀ। ਅਖ਼ੀਰ ਉਹ 20 ਜਨਵਰੀ 1984 ਨੂੰ ਮੈਕਸੀਕੋ ਵਿੱਚ ਮਰਿਆ ਤੇ ਹੁਣ ਸਾਡੇ ਕੋਲ ਉਹਦੇ ਲਾਸਾਨੀ ਕਾਰਨਾਮਿਆਂ ਦੀਆਂ ਗੱਲਾਂ ਹੀ ਰਹਿ ਗਈਆਂ ਹਨ।