You are here:ਮੁਖ ਪੰਨਾ»ਰਚਨਾ ਅਧਿਐਨ»ਧਰਤੀ ਹੇਠਲੇ ਪਾਣੀ ਦੀ ਸੰਭਾਲ ਜ਼ਰੂਰੀ - ਡਾ. ਖੁਸ਼
Coming soon: A new and improved Global Punjabi site!!!

ਲੇਖ਼ਕ

Sunday, 12 April 2026 16:52

ਧਰਤੀ ਹੇਠਲੇ ਪਾਣੀ ਦੀ ਸੰਭਾਲ ਜ਼ਰੂਰੀ - ਡਾ. ਖੁਸ਼

Written by
Rate this item
(0 votes)

ਡਾ. ਗੁਰਦੇਵ ਸਿੰਘ ਖੁਸ਼ ਜਿਹੜੇ ਸੰਸਾਰ ਦੇ ਪ੍ਰਮੁੱਖ ਝੋਨਾ ਵਿਗਿਆਨੀ ਹਨ, ਨੇ 33 ਸਾਲ ਫਿਲਪੀਨਜ਼ ਸਥਿਤ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ (ਇਰੀ) ਵਿੱਚ ਝੋਨਾ ਖੋਜ ਦੀ ਅਗਵਾਈ ਕੀਤੀ। ਡਾ. ਖੁਸ਼ ਹੋਰਾਂ ਵੱਲੋਂ ਵਿਕਸਿਤ ਕੀਤੀਆਂ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਸਦਕਾ ਸੰਸਾਰ ਵਿੱਚ ਚੌਲਾਂ ਦੀ ਉਪਜ ਦੁੱਗਣੀ ਹੋ ਗਈ ਹੈ, ਜਿਸ ਨਾਲ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕਿਆ ਹੈ। ਸੰਸਾਰ ਦੀ ਅੱਧੀਉਂ ਵੱਧ ਵਸੋਂ ਦੀ ਮੁੱਖ ਖੁਰਾਕ ਹੋਣ ਕਾਰਨ ਚੌਲਾਂ ਨੂੰ ਜੀਵਨ, ਦੌਲਤ ਅਤੇ ਉਤਪਤੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ।

ਡਾ. ਖੁਸ਼ ਨੇ 1967 ਵਿੱਚ ਝੋਨਾ ਖੋਜ ਸੰਸਥਾ ਵਿੱਚ ਬਤੌਰ ਪਲਾਂਟ ਬਰੀਡਰ ਨੌਕਰੀ ਸ਼ੁਰੂ ਕੀਤੀ ਅਤੇ 1972 ਵਿੱਚ ਆਪਣੇ ਵਿਭਾਗ ਤੇ ਮੁਖੀ ਬਣ ਗਏ। ਇਸ ਸੰਸਥਾ ਵੱਲੋਂ ਉਨ੍ਹਾਂ ਨੂੰ 1986 ਵਿੱਚ ਪ੍ਰਮੁੱਖ ਵਿਗਿਆਨੀ ਬਣਾ ਦਿੱਤਾ ਗਿਆ। ਜਦੋਂ ਤੋਂ ਡਾ. ਖੁਸ਼ ਇਸ ਸੰਸਥਾ ਵਿੱਚ ਆਏ, ਉਨ੍ਹਾਂ ਝੋਨੇ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਨ੍ਹਾਂ ਦਾ ਝਾੜ ਵੱਧ, ਪੱਕਣ ਸਮਾਂ ਘੱਟ, ਚੌਲ ਵਧੀਆ ਅਤੇ ਉਨ੍ਹਾਂ ਵਿੱਚ ਕੀੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਹੁਣ ਤੀਕ ਡਾ. ਖੁਸ਼ ਵੱਲੋਂ ਕੀਤੇ ਕੰਮ ਉੱਤੇ ਅਧਾਰਿਤ 300 ਤੋਂ ਵੀ ਵੱਧ ਨਵੀਂਆਂ ਕਿਸਮਾਂ ਵੱਖੋ-ਵੱਖਰੇ ਦੇਸ਼ਾਂ ਵਿੱਚ ਕਾਸ਼ਤ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।

ਜਦੋਂ ਵੀ ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਝੋਨੇ ਦੇ ਕਿਸੇ ਖੇਤ ਕੋਲੋਂ ਲੰਘਦੇ ਹੋ ਤਾਂ ਤੁਸੀਂ ਡਾ. ਖੁਸ਼ ਦੀ ਵਿਕਸਿਤ ਕੀਤੀ ਹੋਈ ਕਿਸਮ ਨੂੰ ਹੀ ਵੇਖਦੇ ਹੋ। ਇਹ ਠੀਕ ਹੀ ਆਖਿਆ ਗਿਆ ਹੈ ਕਿ ਏਸ਼ੀਆ ਵਿੱਚ ਕਰੋੜਾਂ ਲੋਕ ਭੁੱਖ ਮਰੀ ਨਾਲ ਮਰ ਜਾਂਦੇ ਜੇਕਰ ਝੋਨੇ ਦੀ ਪੈਦਾਵਾਰ ਦੁੱਗਣੀ ਨਾ ਹੋ ਗਈ ਹੁੰਦੀ। ਏਸ਼ੀਆ ਵਿੱਚ ਜਿਹੜਾ ਵਿਕਾਸ ਵੇਖਣ ਨੂੰ ਮਿਲ ਰਿਹਾ ਹੈ, ਸ਼ਾਇਦ ਇਹ ਕਦੇ ਵੀ ਨਾ ਹੁੰਦਾ ਜੇਕਰ ਇਹ ਦੇਸ਼ ਅਨਾਜ ਵਿੱਚ ਆਤਮ ਨਿਰਭਰ ਹੋ ਕੇ ਭੁੱਖਮਰੀ ਤੋਂ ਬੇਫ਼ਿਕਰ ਨਾ ਹੋ ਗਏ ਹੁੰਦੇ।

ਗੁਰਦੇਵ ਸਿੰਘ ਖੁਸ਼ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਰੁੜਕੀ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਹਨ। ਮਾਪਿਆਂ ਦੀ ਪਹਿਲੀ ਸੰਤਾਨ ਹੋਣ ਕਰਕੇ ਰਵਾਇਤ ਅਨੁਸਾਰ ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਖਟਕੜ ਕਲਾਂ (ਜ਼ਿਲ੍ਹਾ ਜਲੰਧਰ), ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਹੈ, ਵਿਖੇ 22 ਅਗਸਤ 1935 ਨੂੰ ਹੋਇਆ। ਉਨ੍ਹਾਂ ਦੇ ਪਿਤਾ ਸਰਦਾਰ ਕਰਤਾਰ ਸਿੰਘ ਕੂਨਰ ਪਿੰਡ ਵਿੱਚੋਂ ਪਹਿਲੇ ਵਿਅਕਤੀ ਸਨ, ਜਿਨ੍ਹਾਂ ਦਸਵੀਂ ਪਾਸ ਕੀਤੀ। ਉਨ੍ਹਾਂ ਦੀ ਖਾਹਿਸ਼ ਸੀ ਕਿ ਬੱਚੇ ਉਚੇਰੀ ਵਿੱਦਿਆ ਪ੍ਰਾਪਤ ਕਰਨ। ਡਾ. ਗੁਰਦੇਵ ਸਿੰਘ ਵਿੱਚ ਪੜ੍ਹਾਈ ਦੀ ਲਗਨ ਲਗਾਉਣ ਵਾਲੇ ਉਨ੍ਹਾਂ ਦੇ ਪਿਤਾ ਜੀ ਹੀ ਸਨ। ਡਾ. ਖੁਸ਼ ਨੇ ਆਪ ਵੀ ਵੇਖਿਆ ਸੀ ਕਿ ਪੜ੍ਹੇ ਲਿਖੇ ਹੋਣ ਕਰਕੇ ਪਿੰਡ ਵਿੱਚ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਮਾਣ ਅਤੇ ਸਤਕਾਰ ਸੀ। ਬਾਲ ਗੁਰਦੇਵ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਤਾਂ ਜੋ ਉਹ ਵੱਡੇ ਹੋ ਕੇ ਸਮਾਜ ਦੇ ਭਲੇ ਲਈ ਕੁਝ ਕਰ ਸਕਣ। ਉਨ੍ਹਾਂ ਦੇ ਆਪਣੇ ਪਿੰਡ ਹਾਈ ਸਕੂਲ ਨਹੀਂ ਸੀ, ਉਹ ਰੋਜ਼ ਕਈ ਮੀਲ ਪੈਦਲ ਤੁਰ ਕੇ ਖ਼ਾਲਸਾ ਹਾਈ ਸਕੂਲ ਬੰਡਾਲਾ ਵਿਖੇ ਪੜ੍ਹਨ ਜਾਂਦੇ ਸਨ, ਜਿੱਥੋਂ ਕਿ ਉਨ੍ਹਾਂ ਦਸਵੀਂ ਪਾਸ ਕੀਤੀ। ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਆਪਣੇ ਸਕੂਲ ਵਿੱਚ ਪਹਿਲੇ ਨੰਬਰ ਉੱਤੇ ਰਹੇ। ਗੁਰਦੇਵ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਖੇਤੀਬਾੜੀ ਕਾਲਿਜ ਵਿੱਚ ਦਾਖਲ ਹੋਵੇ ਤਾਂ ਜੋ ਕਿਸਾਨਾਂ ਦੇ ਭਲੇ ਲਈ ਕੰਮ ਕਰ ਸਕੇ, ਜਿਨ੍ਹਾਂ ਦੀ ਗਰੀਬੀ ਅਤੇ ਸਖ਼ਤ ਮਿਹਨਤ ਨੂੰ ਉਹ ਨਿੱਤ ਵੇਖਦੇ ਸਨ। ਆਪਣੇ ਪਿਤਾ ਜੀ ਦੀ ਖਾਹਿਸ਼ ਅਨੁਸਾਰ ਦਸਵੀਂ ਪਿੱਛੋਂ ਗੁਰਦੇਵ ਲੁਧਿਆਣੇ ਸਥਿਤ ਸਰਕਾਰੀ ਖੇਤੀਬਾੜੀ ਕਾਲਿਜ ਵਿੱਚ ਦਾਖਲ ਹੋ ਗਿਆ। ਕਾਲਿਜ ਵਿੱਚ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਅਤੇ ਹਮੇਸ਼ਾ ਪਹਿਲੇ ਤਿੰਨ ਵਿਦਿਆਰਥੀਆਂ ਵਿੱਚ ਰਿਹਾ। ਕਾਲਿਜ ਵਿੱਚੋਂ ਉਨ੍ਹਾਂ ਬੀ.ਐੱਸ.ਸੀ. (ਐਗਰੀ.) ਦੀ ਡਿਗਰੀ 1955 ਵਿੱਚ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਮੁੱਖ ਵਿਸ਼ਾ ਪਲਾਂਟ ਬਰੀਡਿੰਗ ਸੀ। ਉਨ੍ਹਾਂ ਨੂੰ ਇਸ ਕਾਲਿਜ ਦੇ ਸਰਵਪੱਖੀ ਵਧੀਆ ਵਿਦਿਆਰਥੀ ਹੋਣ ਦਾ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਨੂੰ ਜੀਵਨ ਵਿੱਚ ਖੇਤੀ ਦੀ ਪੜ੍ਹਾਈ ਕਰਨ ਦਾ ਕਦੇ ਅਫ਼ਸੋਸ ਨਹੀਂ ਹੋਇਆ, ਕਿਉਂਕਿ ਜਿਹੜੀਆਂ ਬੁਲੰਦੀਆਂ ਉਨ੍ਹਾਂ ਨੇ ਬਤੌਰ ਖੇਤੀ ਵਿਗਿਆਨੀ ਛੋਹੀਆਂ ਹਨ, ਸ਼ਾਇਦ ਡਾਕਟਰ ਬਣ ਕੇ ਅਜਿਹਾ ਨਾ ਹੋ ਸਕਦਾ। ਸਾਰੇ ਹੁਸ਼ਿਆਰ ਵਿਦਿਆਰਥੀਆਂ ਦੀ ਇਹੋ ਲੋਚਾ ਰਹਿੰਦੀ ਸੀ ਕਿ ਅਮਰੀਕਾ ਵਿੱਚ ਜਾ ਕੇ ਉਚੇਰੀ ਪੜ੍ਹਾਈ ਕੀਤੀ ਜਾਵੇ। ਉਨ੍ਹਾਂ ਵਾਂਗ ਹੀ ਗੁਰਦੇਵ ਸਿੰਘ ਹੋਰੀਂ ਵੀ ਇਹੋ ਚਾਹੁੰਦੇ ਸਨ ਕਿ ਅਮਰੀਕਾ ਦੀ ਕਿਸੇ ਪ੍ਰਸਿੱਧ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ ਜਾਵੇ। ਪਰ ਉਨ੍ਹਾਂ ਕੋਲ ਅਮਰੀਕਾ ਜਾਣ ਲਈ ਪੈਸੇ ਨਹੀਂ ਸਨ।

ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਨੇ ਆਪਣੇ ਦਰਵਾਜ਼ੇ ਭਾਰਤੀਆਂ ਲਈ ਖੋਲ੍ਹੇ ਸਨ, ਕਿਉਂਕਿ ਉੱਥੇ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸ ਮੌਕੇ ਦਾ ਲਾਭ ਉਠਾਉਂਦਿਆਂ ਹੋਇਆਂ ਗੁਰਦੇਵ ਹੋਰਾਂ ਵੀ ਇੰਗਲੈਂਡ ਜਾਣ ਦਾ ਫ਼ੈਸਲਾ ਕੀਤਾ। ਭਾਵੇਂ ਉਨ੍ਹਾਂ ਦੇ ਪਿਤਾ ਜੀ ਪਿੰਡ ਵਿੱਚ ਚੰਗੇ ਖਾਂਦੇ ਪੀਂਦੇ ਮੰਨੇ ਜਾਂਦੇ ਸਨ ਪਰ ਉਨ੍ਹਾਂ ਕੋਲ ਵੀ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਦੀ ਇੰਗਲੈਂਡ ਲਈ ਟਿਕਟ ਖਰੀਦ ਸਕਦੇ। ਗੁਰਦੇਵ ਹੋਰਾਂ ਦਾ ਵਿਦੇਸ਼ ਜਾਣ ਦਾ ਦ੍ਰਿੜ੍ਹ ਇਰਾਦਾ ਸੀ। ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਤੇ ਇੰਗਲੈਂਡ ਪੁੱਜ ਗਏ। ਉਨ੍ਹਾਂ ਦਾ ਅਸਲ ਨਿਸ਼ਾਨਾ ਤਾਂ ਅਮਰੀਕਾ ਪੁੱਜਣਾ ਹੀ ਸੀ। ਇਸ ਕਰਕੇ ਉਨ੍ਹਾਂ ਨੇ ਡੇਢ ਸਾਲ ਇੰਗਲੈਂਡ ਰੱਜ ਕੇ ਮਿਹਨਤ ਕੀਤੀ, ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਕਰਜ਼ਾ ਹੀ ਨਾ ਮੋੜ ਸਕੇ ਸਗੋਂ ਅਮਰੀਕਾ ਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਜੋੜ ਲਏ ਅਤੇ ਉਚੇਰੀ ਪੜ੍ਹਾਈ ਲਈ ਅਮਰੀਕਾ ਪੁੱਜ ਗਏ।

ਗੁਰਦੇਵ ਸਿੰਘ ਨੇ ਜੂਨ 1957 ਵਿੱਚ ਕੈਲੇਫੋਰਨੀਆ ਯੂਨੀਵਰਸਿਟੀ ਡੇਵਿਸ ਪੁੱਜ ਐੱਮ.ਐੱਸ.ਸੀ. ਜੈਨੇਟਿਕਸ ਵਿੱਚ ਦਾਖ਼ਲਾ ਲੈ ਲਿਆ। ਪਹਿਲੇ ਦੋ ਸਮੈਸਟਰਾਂ ਵਿੱਚ ਵਧੀਆ ਨੰਬਰ ਆਉਣ ਕਰਕੇ ਉਨ੍ਹਾਂ ਦੇ ਪ੍ਰੋਫੈਸਰ ਨੇ ਐੱਮ.ਐੱਸ.ਸੀ. ਕੀਤੇ ਬਗੈਰ ਸਿੱਧੇ ਹੀ ਪੀ.ਐੱਚ.ਡੀ. ਕਰਨ ਦੀ ਆਗਿਆ ਦੇ ਦਿੱਤੀ। ਇੰਝ ਉਨ੍ਹਾਂ ਨੇ 1960 ਵਿੱਚ ਜੈਨੇਟਿਕਸ ਵਿਸ਼ੇ ਵਿੱਚ ਪੀ.ਐੱਚ.ਡੀ. ਤਿੰਨ ਸਾਲ ਤੋਂ ਵੀ ਘਟ ਸਮੇਂ ਦੌਰਾਨ ਪ੍ਰਾਪਤ ਕਰ ਲਈ। ਉਸ ਸਮੇਂ ਉਨ੍ਹਾਂ ਦੀ ਉਮਰ ਮਸਾਂ 25 ਕੁ ਸਾਲ ਦੀ ਸੀ। ਪੜ੍ਹਾਈ ਪਿੱਛੋਂ ਉਨ੍ਹਾਂ ਨੂੰ ਉਸੇ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ, ਜਿਸ ਉੱਤੇ ਉਨ੍ਹਾਂ ਨੇ 1967 ਤੀਕ ਕੰਮ ਕੀਤਾ।

ਡਾ. ਗੁਰਦੇਵ ਸਿੰਘ ਖੁਸ਼ ਆਪਣੇ ਕਿੱਤੇ ਅਤੇ ਪਰਿਵਾਰਿਕ ਜੀਵਨ ਵਿੱਚ ਬਹੁਤ ਹੀ ਸਫ਼ਲ ਇਨਸਾਨ ਹਨ। ਆਪਣੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਦਾ ਕਾਰਨ ਉਹ ਸਹੀ ਕਿੱਤਾ, ਸਹੀ ਸਮੇਂ ਉੱਤੇ ਅਤੇ ਸਹੀ ਥਾਂ ਮਿਲਣ ਨੂੰ ਸਮਝਦੇ ਹਨ। ਚੁੱਪ ਚੁਪੀਤਾ, ਸਾਦ ਮੁਰਾਦਾ ਅਤੇ ਚਿਹਰੇ ਉੱਤੇ ਹਮੇਸ਼ਾ ਮੁਸਕਾਨ ਵਿਖੇਰੀ ਰੱਖਣ ਵਾਲੇ ਇਸ ਇਨਸਾਨ ਨੇ ਹਰ ਰੋਜ਼ ਘੱਟੋ ਘੱਟ 12 ਘੰਟੇ ਕੰਮ ਕੀਤਾ ਹੈ। ਉਹ ਆਖਦੇ ਹਨ ਕਿ ਇਨਸਾਨ ਕੋਲ ਸਮੇਂ ਦੀ ਘਾਟ ਹੈ ਜਦੋਂ ਕਿ ਉਸਦੇ ਦਿਮਾਗ਼ ਦੀ ਥਾਹ ਅਥਾਹ ਹੈ। ਆਪਣੀ ਅਥਾਹ ਦਿਮਾਗੀ ਸ਼ਕਤੀ ਦੀ ਪੂਰੀ ਵਰਤੋਂ ਕਰਨ ਲਈ ਜ਼ਰੂਰੀ ਹੈ ਕਿ ਸਮੇਂ ਦਾ ਠੀਕ ਅਤੇ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਵੇ। ਜਿਹੜੇ ਇਨਸਾਨ ਆਪਣੀ ਮਦਦ ਆਪ ਕਰਦੇ ਹਨ, ਪ੍ਰਮਾਤਮਾ ਵੀ ਹਮੇਸ਼ਾ ਉਨ੍ਹਾਂ ਦੀ ਮਦਦ ਕਰਦਾ ਹੈ। ਮਿਹਨਤੀ, ਨੇਕ ਅਤੇ ਸੱਚੇ ਇਨਸਾਨ ਦੀ ਸਾਰੀ ਦੁਨੀਆਂ ਉਸਤਤ ਕਰਦੀ ਹੈ ਅਤੇ ਪ੍ਰਮਾਤਮਾ ਉਨ੍ਹਾਂ ਉੱਤੇ ਆਪਣੀ ਮਿਹਰ ਕਰਦਾ ਹੈ। ਇਸੇ ਮਿਹਰ ਸਦਕਾ ਡਾ. ਖੁਸ਼ ਨੇ ਆਪਣੀ ਸਾਰੀ ਨੌਕਰੀ ਦੌਰਾਨ ਕਦੇ ਵੀ ਬਿਮਾਰੀ ਦੀ ਕੋਈ ਛੁੱਟੀ ਨਹੀਂ ਲਈ। ਆਪਣੇ ਧਾਰਮਿਕ ਅਕੀਦੇ ਉੱਤੇ ਚੱਲਣ ਵਾਲਾ ਇਹ ਇਨਸਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਸਰਬੱਤ ਦੇ ਭਲੇ ਲਈ ਯਤਨਸ਼ੀਲ ਰਹਿੰਦਾ ਹੈ। ਆਪਣੀ ਸੇਵਾ ਮੁਕਤੀ ਪਿੱਛੋਂ ਵੀ ਉਹ ਕੈਲੇਫ਼ੋਰਨੀਆ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ।

ਪ੍ਰਸਿੱਧੀ ਦੀਆਂ ਬੁਲੰਦੀਆਂ ਉੱਤੇ ਪੁੱਜ ਕੇ ਵੀ ਡਾ. ਖੁਸ਼ ਆਪਣੀ ਧਰਤੀ ਅਤੇ ਮਿੱਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮਿਲੇ ਇਨਾਮੀ ਪੈਸਿਆਂ ਨਾਲ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੁਸ਼ ਫਾਊਂਡੇਸ਼ਨ ਬਣਾਈ ਹੈ, ਜਿਹੜੀ ਯੂਨੀਵਰਸਿਟੀ ਵਿਖੇ ਪੜ੍ਹਦੇ ਪੇਂਡੂ ਬੱਚਿਆਂ ਦੀ ਮਾਇਕ ਸਹਾਇਤਾ ਕਰਦੀ ਹੈ। ਨੌਜਵਾਨ ਵਿਗਿਆਨੀਆਂ ਨੂੰ ਅੰਤਰਰਾਸ਼ਟਰੀ ਸੈਮੀਨਾਰਾਂ ਵਿੱਚ ਜਾਣ ਲਈ ਵੀ ਮਾਇਕ ਸਹਾਇਤਾ ਦਿੱਤੀ ਜਾਂਦੀ ਹੈ। ਆਪਣੇ ਸਹਿਯੋਗੀ ਸਵਰਗਵਾਸੀ ਦਰਸ਼ਨ ਸਿੰਘ ਬਰਾੜ ਦੇ ਨਾਮ ਉੱਤੇ ਤਿੰਨ ਲੱਖ ਦਾ ਖੋਜ ਲਈ ਵਿਗਿਆਨੀਆਂ ਨੂੰ ਇਨਾਮ ਦਿੱਤਾ ਜਾਂਦਾ ਹੈ।

ਉਨ੍ਹਾਂ ਵੱਲੋਂ ਕੀਤੇ ਮਹਾਨ ਕਾਰਜ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਾਰ ਦਾ ਕੋਈ ਵੀ ਅਜਿਹਾ ਇਨਾਮ ਸਨਮਾਨ ਨਹੀਂ ਹੈ ਜਿਹੜਾ ਕਿਸੇ ਖੇਤੀ ਵਿਗਿਆਨੀ ਨੂੰ ਮਿਲ ਸਕਦਾ ਹੋਵੇ, ਉਹ ਡਾ. ਖੁਸ਼ ਨੂੰ ਨਾ ਮਿਲਿਆ ਹੋਵੇ। ਸੰਸਾਰ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆ ਵੱਲੋਂ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੂੰ ਅਮਰੀਕਾ, ਜਪਾਨ, ਇੰਗਲੈਂਡ, ਇਜ਼ਰਾਈਲ, ਚੀਨ, ਫਿਲੀਪੀਨ, ਈਰਾਨ, ਭਾਰਤ, ਪਾਕਿਸਤਾਨ ਆਦਿ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਉੱਚ ਸਨਮਾਨਾਂ ਨਾਲ ਉਨ੍ਹਾਂ ਦਾ ਸਨਮਾਨਤ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਆ ਗਿਆ ਹੈ। ਭੋਜਨ ਦੇ ਖੇਤਰ ਦਾ ਸਭ ਤੋਂ ਵੱਡਾ ਇਨਾਮ ਵਰਡ ਫੂਡ ਪਰਾਈਜ਼ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਉਨ੍ਹਾਂ ਦੇ ਨਾਮ ਉੱਤੇ ਇੱਕ ਆਧੁਨਿਕ ਖੋਜ ਕੇਂਦਰ ਉਸਾਰਿਆ ਹੈ ਜਿਸ ਵਿੱਚ ਖੁਸ਼ ਅਜਾਇਬ ਘਰ ਵੀ ਬਣਾਇਆ ਗਿਆ ਹੈ। ਪੀ ਏ ਯੂ ਅਤੇ ਪੰਜਾਬ ਯੂਨੀਵਰਸਿਟੀ ਨੇ ਵੀ ਆਨਰੇਰੀ ਡਾਇਰੈਕਟੋਰੇਟ ਦੀ ਡਿਗਰੀ ਦਿੱਤੀ ਹੈ। ਆਪਣੇ ਇਸ ਪੰਜਾਬੀ ਸਪੂਤ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਹੈ।

ਡਾ. ਗੁਰਦੇਵ ਸਿੰਘ ਖੁਸ਼ ਹਰ ਸਾਲ ਮਾਰਚ ਮਹੀਨੇ ਭਾਰਤ ਆਉਂਦੇ ਹਨ। ਉਦੋਂ ਹੀ ਖੁਸ਼ ਫਾਊਂਡੇਸ਼ਨ ਦਾ ਵਾਰਸ਼ਿਕ ਸਮਾਗਮ ਹੁੰਦਾ ਹੈ। ਮੈਨੂੰ ਉਨ੍ਹਾਂ ਨੂੰ ਫਿਲੀਪੀਨ ਜਾ ਕੇ ਨੇੜਿਉਂ ਵੇਖਣ ਦਾ ਮੌਕਾ ਮਿਲਿਆ ਹੈ। ਹੁਣ ਉਹ ਜਦੋਂ ਆਏ ਤਾਂ ਮੈਨੂੰ ਉਨ੍ਹਾਂ ਨਾਲ ਪੰਜਾਬ ਦੀ ਖੇਤੀ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪੰਜਾਬ ਦੀ ਖੇਤੀ ਵਿੱਚ ਆਈ ਖੜੋਤ, ਕਿਸਾਨਾਂ ਦੀ ਘਟ ਰਹੀ ਆਮਦਨ ਅਤੇ ਧਰਤੀ ਹੇਠ ਘਟ ਰਹੇ ਪਾਣੀ ਲਈ ਉਹ ਬਹੁਤ ਚਿੰਤਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ, ਇਸ ਕਰਕੇ ਸਰਕਾਰ ਨੂੰ ਖੇਤੀ ਦੇ ਵਿਕਾਸ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪਾਣੀ ਦੀ ਬੱਚਤ ਲਈ ਦਾਲਾਂ, ਤੇਲ ਬੀਜ, ਬਾਸਮਤੀ, ਬਾਜਰਾ ਅਤੇ ਦੂਜੇ ਮੋਟੇ ਅਨਾਜਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਾਡੀ ਖੇਤੀ ਖੋਜ ਨੂੰ ਵੀ ਇਨ੍ਹਾਂ ਫ਼ਸਲਾਂ ਦੀਆਂ ਵਧ ਝਾੜ ਦੇਣ ਵਾਲੀਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਨੂੰ ਵਿਕਸਿਤ ਕਰਨ ਵਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਕਣਕ-ਝੋਨੇ ਦੇ ਫ਼ਸਲ ਚੱਕਰ ਵਿੱਚੋਂ ਕੁਝ ਰਕਬਾ ਦੂਜੀਆਂ ਫ਼ਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵਲ ਮੋੜਨ ਦੀ ਲੋੜ ਹੈ। ਰਾਜ ਸਰਕਾਰ ਜੇਕਰ ਚਾਹੇ ਤਾਂ ਅਜਿਹਾ ਕਰ ਸਕਦੀ ਹੈ। ਜੀਵਨ ਦੇ ਨੌਂ ਦਹਾਕੇ ਪੂਰੇ ਕਰਨ ਵਾਲਾ ਇਹ ਵਿਗਿਆਨੀ ਹੁਣ ਵੀ ਪੰਜਾਬ ਅਤੇ ਖੇਤੀ ਵਿਕਾਸ ਲਈ ਯਤਨਸ਼ੀਲ ਹੈ।

* * * * *

Read 229 times