ਟੋਰਾਂਟੋ ਵਿੱਚ 6 ਅਗੱਸਤ 2006 ਤੋਂ ਲੱਗੀ ਕਬੱਡੀ ਦੀ ਔੜ 27 ਮਈ 2007 ਨੂੰ ਟੁੱਟੀ। ਟੁੱਟੀ ਵੀ ਅਜਿਹੀ ਕਿ ਨਾਲ ਮੀਂਹ ਵੀ ਲੈ ਆਈ। ਮੀਂਹ ਕਾਰਨ ਦਰਸ਼ਕ ਵੱਡੀ ਗਿਣਤੀ ਵਿੱਚ ਤਾਂ ਨਾ ਪਹੁੰਚ ਸਕੇ ਪਰ ਜਿਹੜੇ ਪਹੁੰਚੇ ਉਨ੍ਹਾਂ ਨੇ ਟਿਕਟਾਂ ਲੈ ਕੇ ਵੇਖੀ ਕਾਂਟੇਦਾਰ ਕਬੱਡੀ ਦਾ ਪੂਰਾ ਅਨੰਦ ਮਾਣਿਆਂ। ਕਬੱਡੀ ਪ੍ਰੇਮੀਆਂ ਨੂੰ ਖ਼ਦਸ਼ਾ ਸੀ ਕਿ ਐਤਕੀਂ ਪੰਜਾਬ ਦੇ ਖਿਡਾਰੀਆਂ ਨੂੰ ਵੀਜ਼ੇ ਘੱਟ ਮਿਲੇ ਹੋਣ ਕਾਰਨ ਸ਼ਾਇਦ ਕਬੱਡੀ ਮੈਚ ਓਨੇ ਨਜ਼ਾਰੇਦਾਰ ਨਾ ਹੋਣ। ਪਰ ਜਿੰਨੇ ਵੀ ਮੈਚ ਖੇਡੇ ਗਏ ਉਹ ਬੜੇ ਫਸਵੇਂ ਹੋਏ ਤੇ ਦਰਸ਼ਕਾਂ ਨੂੰ ਕਬੱਡੀ ਦੀ ਖੇਡ ਵੇਖਣ ਦਾ ਪੂਰਾ ਸਰੂਰ ਆਇਆ।
ਪਿਛਲੇ ਸਾਲ ਕੁੱਝ ਕਬੱਡੀ ਖਿਡਾਰੀਆਂ ਨੇ ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਨੂੰ ਚੋਰ ਭੁਲਾਈ ਨਾ ਦਿੱਤੀ ਹੁੰਦੀ ਤਾਂ ਇਸ ਵਾਰ ਭਾਵੇਂ ਸੌ ਤੋਂ ਵੱਧ ਖਿਡਾਰੀ ਕੈਨੇਡਾ ਦੇ ਵੀਜ਼ੇ ਲੈ ਲੈਂਦੇ। ਪਰ ਅਜੇ ਤਕ ਪੈਂਤੀ ਕੁ ਖਿਡਾਰੀਆਂ ਨੂੰ ਵੀਜ਼ੇ ਮਿਲੇ ਹਨ। ਕਬੱਡੀ ਦੇ ਕੁੱਝ ਖਿਡਾਰੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੇ ਆਪ ਹੀ ਆਪਣੇ ਠੂਠੇ ਲੱਤ ਮਾਰੀ ਹੈ ਅਤੇ ਕਈਆਂ ਦਾ ਅੱਗਾ ਮਾਰਨ ਵਿੱਚ ਵੀ ਕਸਰ ਨਹੀਂ ਛੱਡੀ। ਵੈਸੇ ਕੈਨੇਡਾ ਕੋਲ ਆਪਣੇ ਤੀਹ ਪੈਂਤੀ ਸਰਗਰਮ ਕਬੱਡੀ ਖਿਡਾਰੀ ਮੌਜੂਦ ਹਨ ਜਿਨ੍ਹਾਂ `ਚੋਂ ਬਹੁਤੇ ਵਿਆਹ ਸ਼ਾਦੀਆਂ ਦੇ ਜ਼ਰੀਏ ਪੱਕੇ ਹੋਏ ਹਨ। ਪੰਦਰਾਂ ਕੁ ਖਿਡਾਰੀ ਟੋਰਾਂਟੋ ਵੱਲ ਦੇ ਹਨ ਤੇ ਪੰਦਰਾਂ ਵੀਹ ਵੈਨਕੂਵਰ ਤੇ ਕੈਲਗਰੀ ਵੱਲ ਦੇ। ਜੇਕਰ ਪੰਜਾਹ ਕੁ ਖਿਡਾਰੀ ਹਰ ਸਾਲ ਪੰਜਾਬ ਤੋਂ ਆਉਂਦੇ ਜਾਂਦੇ ਰਹਿਣ ਤਾਂ ਕਬੱਡੀ ਦੀਆਂ ਅੱਠ ਦਸ ਤਕੜੀਆਂ ਟੀਮਾਂ ਬਣਦੀਆਂ ਰਹਿ ਸਕਦੀਆਂ ਹਨ। ਕੈਨੇਡਾ ਦੇ ਕਬੱਡੀ ਟੂਰਨਾਮੈਂਟਾਂ ਲਈ ਏਦੂੰ ਵੱਧ ਟੀਮਾਂ ਦੀ ਲੋੜ ਵੀ ਨਹੀਂ ਪੈਂਦੀ। ਕਬੱਡੀ ਦੇ ਨਾਂ `ਤੇ ਦੋ ਨੰਬਰ ਦੇ ਖਿਡਾਰੀ ਕਬੂਤਰ ਬਣਾ ਕੇ ਲਿਆਉਣੇ ਕਬੱਡੀ ਨੂੰ ਕਲੰਕ ਲਾਉਣਾ ਹੈ।
ਹੁਣ ਤਕ ਪੰਜਾਬ ਤੋਂ ਜਿਹੜੇ ਕਬੱਡੀ ਖਿਡਾਰੀ ਕੈਨੇਡਾ ਪਹੁੰਚੇ ਹਨ ਉਨ੍ਹਾਂ ਦੇ ਨਾਂ ਇਸ ਪਰਕਾਰ ਹਨ। ਦੁੱਲਾ ਸੁਰਖਪੁਰੀਆ, ਬਲਜੀਤ ਸੈਦੋਕੇ, ਗੋਪੀ ਧੂਲਕੋਟੀਆ, ਬਿੰਟੂ ਸੁਨੇਤ, ਲਾਡੀ ਉਟਾਲਾ, ਕੁਲਜੀਤਾ ਮਲਸੀਹਾਂ, ਕਿੰਦਾ ਕਕਰਾਲਾ, ਘੁੱਦਾ, ਕਰਮੀ, ਮੰਗੀ, ਸੋਨੂੰ ਜੰਪ, ਸ਼ੀਰਾ ਹਠੂਰ, ਨੀਲਾ, ਏਕਮ, ਮੱਖਣ ਸੈਦੋਕੇ, ਬਬਲੀ ਚੜਿੱਕ, ਅਮਨ ਕੁੰਡੀ, ਨਿੱਕਾ, ਕਾਲਾ, ਸੋਨੂੰ ਚੱਕਵਾਲਾ, ਪੰਮਾ ਭਲਵਾਨ, ਮਨਜੀਤ, ਕਾਲੂ ਰਸੂਲਪੁਰੀਆ, ਕੀਪਾ ਬੱਧਨੀ, ਲਾਲੀ ਅੜੈਚਾਂ, ਗੱਗੀ ਲੋਪੋਂ, ਜੱਸਾ ਸਿੱਧਵਾਂ, ਸੁੱਖੀ ਲੱਖਣਕੇ ਪੱਡੇ, ਗਾਮਾ, ਜਿੰਦੂ, ਗੋਗੋ ਰੁੜਕੀ, ਡਮਰੂ, ਸੋਹਣ ਤੇ ਸਿਕੰਦਰ ਕਾਂਜਲੀ ਹਨ।
ਚੰਗਾ ਹੋਵੇ ਜੇਕਰ ਕੈਨੇਡਾ ਦੇ ਕਬੱਡੀ ਕਲੱਬ ਖ਼ੁਦ ਆਪਣੇ ਖਿਡਾਰੀ ਤਿਆਰ ਕਰਨ। ਹੁਣ ਤਾਂ ਕੈਨੇਡਾ `ਚ ਪੰਜਾਬੀਆਂ ਦੀ ਵਸੋਂ ਵੀ ਚੋਖੀ ਹੈ। ਉਹ ਆਪਣੇ ਖੇਡ ਮੇਲਿਆਂ ਲਈ ਹੋਰ ਕਿੰਨਾ ਕੁ ਚਿਰ ਪੰਜਾਬ ਦੇ ਖਿਡਾਰੀਆਂ `ਤੇ ਨਿਰਭਰ ਰਹਿਣਗੇ? ਪੰਜਾਬ ਤੋਂ ਵੱਖੋ ਵੱਖਰੇ ਖਿਡਾਰੀ ਸੱਦਣ ਦੀ ਥਾਂ ਕਬੱਡੀ ਟੀਮਾਂ ਸੱਦਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਬਤੌਰ ਟੀਮ ਖਿਡਾਉਣਾ ਚਾਹੀਦੈ। ਕੁੱਝ ਦਿਨ ਪਹਿਲਾਂ ਨਿਊਯਾਰਕ ਵਾਲਿਆਂ ਨੇ ਇਸ ਤਰ੍ਹਾਂ ਹੀ ਕੀਤਾ ਸੀ। ਪੂਰੀ ਦੀ ਪੂਰੀ ਟੀਮ ਆਈ ਤੇ ਖੇਡ ਕੇ ਵਾਪਸ ਮੁੜ ਗਈ।
ਟੋਰਾਂਟੋ ਦਾ ਪਹਿਲਾ ਕਬੱਡੀ ਟੂਰਨਾਮੈਂਟ ਐਤਕੀਂ ਸਪਰਿੰਗਡੇਲ ਸਪੋਰਟਸ ਕਲੱਬ ਵੱਲੋਂ ਪਾਵਰੇਡ ਸੈਂਟਰ ਦੇ ਖੁੱਲ੍ਹੇ ਪਾਰਕ ਵਿੱਚ ਆਰਜ਼ੀ ਸਟੇਡੀਅਮ ਬਣਾ ਕੇ ਕਰਵਾਇਆ ਗਿਆ। ਦੋ ਪਾਸੀਂ ਸਟੈਂਡ ਲਾਏ ਗਏ ਸਨ ਤੇ ਦੋ ਪਾਸੀਂ ਘਾਹ ਵਾਲੀਆਂ ਢਲਾਣਾਂ ਸਨ। ਕਬੱਡੀ ਦੇ ਦਾਇਰੇ ਦੁਆਲੇ ਜੰਗਲਾ ਲਾਇਆ ਹੋਇਆ ਸੀ। ਲੱਗਦਾ ਸੀ ਖਰਚ ਵਾਹਵਾ ਹੀ ਆਇਆ ਹੋਵੇਗਾ। ਅੰਦਰ ਜਾਣ ਦੀ ਟਿਕਟ ਪੰਦਰਾਂ ਡਾਲਰ ਸੀ ਪਰ ਬੱਚਿਆਂ ਤੇ ਬਜ਼ੁਰਗਾਂ ਲਈ ਦਾਖਲਾ ਮੁਫ਼ਤ ਸੀ। ਇਹ ਗੱਲ ਸਪਰਿੰਗਡੇਲ ਕਲੱਬ ਨੇ ਵਧੀਆ ਕੀਤੀ ਕਿਉਂਕਿ ਸਰਫੇਹੱਥੇ ਬਾਬੇ ਪੈਨਸ਼ਨ ਲੈਣ ਦੇ ਬਾਵਜੂਦ ਵੀ ਟਿਕਟ ਨਹੀਂ ਲੈਂਦੇ। ਉਂਜ ਕਬੱਡੀ ਮੇਲੇ ਦੀ ਰੌਣਕ ਵੀ ਬਾਬਿਆਂ ਨੇ ਹੀ ਵਧਾਉਣੀ ਹੁੰਦੀ ਹੈ। ਕਬੱਡੀ ਦੇ ਅਸਲੀ ਪ੍ਰੇਮੀ ਹੈਨ ਵੀ ਓਹੀ। ਹੈਮਿਲਟਨ ਦਾ ਖੂੰਡੇ ਵਾਲਾ ਲਾਹੌਰੀਆ ਚਾਚਾ ਕੋਈ ਖੇਡ ਮੇਲਾ ਨਹੀਂ ਛੱਡਦਾ। ਉਹਦੇ ਟੌਰਾ ਰੱਖਿਆ ਹੁੰਦੈ, ਚਿੱਟਾ ਚਾਦਰਾ ਲਾਇਆ ਹੁੰਦੈ, ਕੱਢਵੀਂ ਜੁੱਤੀ ਪਾਈ ਹੁੰਦੀ ਐ ਤੇ ਗਾਨੀ ਨਾਲ ਸੁਰਮਾ ਵੀ ਪਾਇਆ ਹੁੰਦੈ। ਸੋਨੇ ਦਾ ਦੰਦ ਤੇ ਮੱਥੇ `ਤੇ ਚੰਦ ਵੀ ਖੁਣਵਾਇਆ ਹੁੰਦੈ। ਘੁੱਟ ਲਾਉਂਦਾ ਵੀ ਹੋਵੇ ਤਾਂ ਉਹਦਾ ਪਤਾ ਨਹੀਂ ਲੱਗਣ ਦਿੰਦਾ। ਕੈਨੇਡਾ `ਚ ਬਥੇਰੇ ਬਾਬੇ ਨੇ ਜਿਹੜੇ ਡੱਬ `ਚ ਮਾਲ ਰੱਖਦੇ ਨੇ।
ਟੂਰਨਾਮੈਂਟ ਦਾ ਪਹਿਲਾ ਮੈਚ ਕਿਣਮਿਣ ਵਿੱਚ ਮੈਟਰੋ ਤੇ ਹੈਮਿਲਟਨ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਮੈਟਰੋ ਕਲੱਬ ਨੇ 32-26 ਅੰਕਾਂ ਨਾਲ ਜਿੱਤ ਲਿਆ। ਮੈਟਰੋ ਦੀ ਟੀਮ ਵਿੱਚ ਮੁਗਦਰ ਵਰਗਾ ਲਾਲੀ, ਲਟੈਣ ਵਰਗਾ ਲਾਡੀ, ਥੰਮ੍ਹਲੇ ਵਰਗਾ ਕੁਲਜੀਤਾ ਤੇ ਸ਼ਤੀਰਾਂ ਵਰਗੇ ਜਾਫੀ ਕਿੰਦਾ ਕਕਰਾਲਾ, ਫਿੰਡੀ, ਬਾਜ, ਮੰਗੀ ਤੇ ਘੁੱਦਾ ਮੌਜੂਦ ਸਨ। ਅਖ਼ੀਰ ਵਿੱਚ ਇਸੇ ਟੀਮ ਨੇ ਟੂਰਨਾਮੈਂਟ ਦਾ ਕੱਪ ਚੁੰਮਿਆ। ਦੂਜਾ ਮੈਚ ਯੰਗ ਸਪੋਰਟਸ ਕਲੱਬ ਤੇ ਇੰਟਰਨੈਸ਼ਨਲ ਕਲੱਬ ਵਿਚਾਲੇ ਖੇਡਿਆ ਗਿਆ ਜੋ ਯੰਗ ਕਲੱਬ ਨੇ 36-32 ਅੰਕਾਂ ਨਾਲ ਹੂੰਝਿਆ। ਯੰਗ ਕਲੱਬ ਦੀ ਟੀਮ ਵਿੱਚ ਸਵਰਨਾ ਵੈੱਲੀ, ਉਪਕਾਰ, ਸੰਦੀਪ ਸੁਰਖਪੁਰੀਆ, ਤੀਰਥ ਗਾਖਲ, ਮਾਣ੍ਹਾ, ਬੀਰ੍ਹਾ ਸਿੱਧਵਾਂ ਤੇ ਸੋਨੀ ਸੁਨੇਤ ਸਨ। ਇੰਟਰਨੈਸ਼ਨਲ ਕਲੱਬ `ਚ ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ, ਦੁੱਲਾ, ਮੀਕਾ, ਠਾਣੇਦਾਰ, ਕੀਪਾ ਤੇ ਬਲਜੀਤ ਹੋਰੀਂ ਖੇਡੇ।
ਟੂਰਨਾਮੈਂਟ ਦਾ ਸਭ ਤੋਂ ਦਿਲਚਸਪ ਮੈਚ ਮੈਗਾ ਸਿਟੀ ਤੇ ਇੰਟਰਨੈਸ਼ਨਲ ਕਲੱਬਾਂ ਵਿਚਾਲੇ ਸੀ। ਪੂਰੇ ਸਮੇਂ ਤਕ ਦੋਵੇਂ ਟੀਮਾਂ ਦੇ ਅੰਕ ਬਰਾਬਰ ਸਨ। ਅੱਗੇ ਤਾਂ ਪਹਿਲਾ ਪੈ੍ਹਂਟ ਹਾਸਲ ਕਰਨ ਵਾਲੀ ਟੀਮ ਨੂੰ ਅੱਧੇ ਅੰਕ ਦਾ ਵਾਧਾ ਦੇ ਕੇ ਜੇਤੂ ਕਰਾਰ ਦੇ ਦਿੱਤਾ ਜਾਂਦਾ ਸੀ ਪਰ ਐਤਕੀਂ ਓਨਟਾਰੀਓ ਸਪੋਰਟਸ ਫੈਡਰੇਸ਼ਨ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ। ਹਾਕੀ ਵਿੱਚ ਪੈਨਲਟੀ ਸਟਰੋਕਾਂ ਵਾਂਗ ਦੋਹਾਂ ਟੀਮਾਂ ਦੇ ਤਿੰਨ ਤਿੰਨ ਖਿਡਾਰੀਆਂ ਦੀਆਂ ਕਬੱਡੀਆਂ, ਫਿਰ ਦੋ ਦੋ ਕਬੱਡੀਆਂ, ਜੇਕਰ ਅੰਕ ਫਿਰ ਵੀ ਬਰਾਬਰ ਰਹਿ ਜਾਣ ਤਾਂ ਇੱਕ ਇਕ ਕਬੱਡੀ ਉਦੋਂ ਤਕ ਪੈਂਦੀ ਰਹਿਣੀ ਸੀ ਜਦ ਤਕ ਟਾਈ ਨਾ ਟੁੱਟੇ। ਜਿਸ ਖਿਡਾਰੀ ਨੇ ਇੱਕ ਵਾਰ ਕਬੱਡੀ ਪਾਈ ਹੋਵੇ ਉਹ ਪੂਰੀ ਟੀਮ ਭੁਗਤ ਜਾਣ ਤੋਂ ਪਹਿਲਾਂ ਦੂਜੀ ਕਬੱਡੀ ਨਹੀਂ ਸੀ ਪਾ ਸਕਦਾ। ਇਹ ਬੜਾ ਦਿਲਚਸਪ ਮੁਕਾਬਲਾ ਸੀ ਜਿਸ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆਂ। ਤਿੰਨ ਤਿੰਨ ਕਬੱਡੀਆਂ ਪਾ ਕੇ ਜਦੋਂ ਫਿਰ ਵੀ ਅੰਕ ਬਰਾਬਰ ਰਹੇ ਤਾਂ ਦੋ ਦੋ ਕਬੱਡੀਆਂ ਹੋਰ ਪਾਈਆਂ ਗਈਆਂ। ਇੱਕ ਇਕ ਕਬੱਡੀ ਪੈਣ ਲੱਗੀ ਤਾਂ ਉਪਰੋਂ ਮੋਹਲੇਧਾਰ ਮੀਂਹ ਵੀ ਆ ਗਿਆ। ਏਨੇ ਨੂੰ ਇੰਟਰਨੈਸ਼ਨਲ ਕਲੱਬ ਨੇ 39-38 ਅੰਕਾਂ ਨਾਲ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ। ਮੈਗਾ ਸਿਟੀ ਕਲੱਬ ਵਿੱਚ ਸੁੱਖੀ ਲੱਖਣਕੇ ਪੱਡੇ, ਜੱਸਾ ਸਿੱਧਵਾਂ, ਸਿਕੰਦਰ, ਸੋਹਣ ਤੇ ਗੋਗੋ ਹੋਰੀਂ ਖੇਡੇ।
ਮੀਂਹ ਹਟਿਆ ਤਾਂ ਘੰਟੇ ਕੁ ਪਿੱਛੋਂ ਪਹਿਲਾ ਸੈਮੀ ਫਾਈਨਲ ਮੈਟਰੋ ਤੇ ਯੰਗ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਅੱਧੇ ਸਮੇਂ ਤਕ ਯੰਗ ਦੇ 17 ਅੰਕ ਬਣੇ ਤੇ ਮੈਟਰੋ ਵਾਲੇ 22 ਅੰਕ ਲੈ ਗਏ। ਮੈਚ ਮੁੱਕਣ ਦੀ ਵਿਸਲ ਵੱਜੀ ਤਾਂ ਮੈਟਰੋ ਕਲੱਬ 39-30 ਅੰਕਾਂ ਨਾਲ ਜੇਤੂ ਰਿਹਾ। ਦੂਜਾ ਸੈਮੀ ਫਾਈਨਲ ਇੰਟਰਨੈਸ਼ਨਲ ਕਲੱਬ ਨੇ ਹੈਮਿਲਟਨ ਪੰਜਾਬੀ ਕਲੱਬ ਨੂੰ 38-32 ਅੰਕਾਂ ਨਾਲ ਹਰਾ ਕੇ ਜਿੱਤ ਲਿਆ। ਹੈਮਿਲਟਨ ਦੀ ਟੀਮ ਵਿੱਚ ਹਠੂਰ ਵਾਲਾ ਸ਼ੀਰਾ, ਰਾਜਾ, ਬੱਬੂ, ਗੋਵਿੰਦਾ, ਸ਼ਿੰਦਾ, ਅਮਨ ਤੇ ਏਕਮ ਹੋਰੀਂ ਖੇਡੇ। ਇਸ ਮੈਚ ਵਿੱਚ ਮੱਖਣ ਸਿੰਘ ਨੂੰ ਸਾਹ ਦੁਆਉਣ ਲਈ ਮੈਂ ਵੀ ਮਾਈਕ ਫੜਿਆ ਤੇ ਪੁਰਾਣੇ ਖਿਡਾਰੀਆਂ ਨੂੰ ਯਾਦ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਸਵਰਨੇ ਬਾਰੇਆਲੀਏ ਤੇ ਅੰਗਰੇਜ਼ ਬਿੱਲੇ ਹੋਰਾਂ ਦੇ ਤਿਆਰ ਕੀਤੇ ਨਿੱਕੇ ਬੱਚਿਆਂ ਦਾ ਕਬੱਡੀ ਮੈਚ ਖਿਡਾਇਆ ਗਿਆ। ਉਨ੍ਹਾਂ ਨੇ ਹੀ ਭਲਕ ਦੇ ਹਰਜੀਤ ਬਾਜਾਖਾਨਾ ਤੇ ਬਲਵਿੰਦਰ ਫਿੱਡੂ ਬਣਨਾ ਹੈ। ਕੌਂਸਲਰ ਵਿੱਕੀ ਢਿੱਲੋਂ ਨੇ ਐਲਾਨ ਕੀਤਾ ਕਿ ਬਰੈਂਪਟਨ ਦੇ ਸਿਟੀ ਸੈਂਟਰ ਵਿੱਚ ਕਬੱਡੀ ਦੇ ਬਾਲ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਥੇ ਗੁਰਬਖ਼ਸ਼ ਸਿੰਘ ਮੱਲ੍ਹੀ ਐੱਮ.ਪੀ.ਤੇ ਵਿੱਕ ਢਿੱਲੋਂ ਐੱਮ.ਪੀ.ਪੀ.ਨੇ ਵੀ ਹਾਜ਼ਰੀ ਲੁਆਈ। ਸਪਰਿੰਗਡੇਲ ਕਲੱਬ ਨੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਰੁਪਿੰਦਰ ਸਿੰਘ ਮੱਲ੍ਹੀ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ। ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਭਰਵਾਂ ਖੇਡ ਮੇਲਾ ਲੁਆਉਣ ਵਾਲਾ ਇੰਦਰਜੀਤ ਸਿੰਘ ਸੇਖੋਂ ਵੀ ਐਡਮਿੰਟਨ ਤੋਂ ਟੋਰਾਂਟੋ ਦੇ ਖੇਡ ਮੇਲੇ `ਚ ਅੱਪੜ ਗਿਆ। ਉਸ ਨੇ ਐਲਾਨ ਕਰਵਾਇਆ ਕਿ 2 ਜੁਲਾਈ ਨੂੰ ਐਡਮਿੰਟਨ ਵਿੱਚ ਕਬੱਡੀ ਮੇਲਾ ਭਰੇਗਾ ਤੇ ਅਗਲੇ ਸਾਲ ਉਥੇ ਕਬੱਡੀ ਦਾ ਵਰਲਡ ਕੱਪ ਵੀ ਕਰਵਾਇਆ ਜਾਵੇਗਾ।
ਸਪਰਿੰਗਡੇਲ ਦੇ ਟੂਰਨਾਮੈਂਟ ਦਾ ਫਾਈਨਲ ਮੈਚ ਮੈਟਰੋ ਤੇ ਇੰਟਰਨੈਸ਼ਨਲ ਕਲੱਬ ਦੀਆਂ ਟੀਮਾਂ ਵਿਚਕਾਰ ਸ਼ਾਮ ਦੇ ਸਾਢੇ ਸੱਤ ਵਜੇ ਸ਼ੁਰੂ ਹੋਇਆ। ਤਦ ਤਕ ਮੇਲੀ ਗੇਲੀ ਕਬੱਡੀ ਦੇ ਪੁਰਾਣੇ ਖਿਡਾਰੀ ਗੁਰਦਿਲਬਾਗ ਬਾਘੇ ਦੇ ‘ਬਾਘਾ ਫਿਸ਼ ਐਂਡ ਚਿਕਨ ਕਾਰਨਰ’ ਤੋਂ ਗਰਮਾ ਗਰਮ ਮੱਛੀ ਤੇ ਭੁੰਨੇ ਹੋਏ ਮੁਰਗੇ ਖਾ ਕੇ ਤਰਾਰੇ `ਚ ਹੋ ਚੁੱਕੇ ਸਨ। ਫਾਈਨਲ ਮੈਚ ਵਿੱਚ ਕਿੰਦਾ ਵੀ ਡੱਕਿਆ ਗਿਆ, ਲਾਲੀ ਵੀ, ਕੁਲਜੀਤਾ ਵੀ ਤੇ ਇੱਕ ਵਾਰ ਸੰਦੀਪ ਲੱਲੀਆਂ ਵੀ। ਜੱਫਿਆਂ ਨਾਲ ਕਬੱਡੀ ਦਾ ਮੈਚ ਹੋਰ ਵੀ ਦਿਲਚਸਪ ਹੋ ਜਾਂਦਾ ਹੈ। ਦੁੱਲਾ ਬਿਮਾਰ ਹੋ ਜਾਣੇ ਕੋਈ ਕਬੱਡੀ ਨਾ ਪਾ ਸਕਿਆ ਜਿਸ ਕਰਕੇ ਇੰਟਰਨੈਸ਼ਨਲ ਕਲੱਬ ਦੀ ਟੀਮ 33-42 ਅੰਕਾਂ ਉਤੇ ਹਾਰ ਗਈ। ਸੰਦੀਪ ਨੂੰ ਉੱਤਮ ਧਾਵੀ, ਘੁੱਦੇ ਨੂੰ ਉੱਤਮ ਜਾਫੀ ਤੇ ਕੁਲਜੀਤ ਨੂੰ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ।
ਟੋਰਾਂਟੋ ਦਾ ਦੂਜਾ ਕਬੱਡੀ ਟੂਰਨਾਮੈਂਟ ਇੰਟਰਨੈਸ਼ਨਲ ਕਲੱਬ ਨੇ 3 ਜੂਨ ਨੂੰ ਫਿਰ ਪਾਵਰੇਡ ਸੈਂਟਰ ਵਿੱਚ ਹੀ ਕਰਵਾਇਆ। ਇਸ ਵਾਰ ਟੀਮਾਂ ਤੇ ਮੈਚਾਂ ਦੀ ਗਿਣਤੀ ਵਧ ਗਈ ਤੇ ਪੰਜਾਬ ਤੋਂ ਕੁੱਝ ਨਵੇਂ ਖਿਡਾਰੀ ਵੀ ਪਹੁੰਚ ਗਏ। ਗਿਆਰਾਂ ਵਜੇ ਪਹਿਲਾ ਕਬੱਡੀ ਮੈਚ ਸ਼ੁਰੂ ਹੋਇਆ ਤੇ ਕੁਲ ਨੌਂ ਮੈਚ ਖੇਡੇ ਗਏ। ਫਾਈਨਲ ਮੈਚ ਫਿਰ ਇੰਟਰਨੈਸ਼ਨਲ ਕਲੱਬ ਤੇ ਮੈਟਰੋ ਸਪੋਰਟਸ ਕਲੱਬਾਂ ਦੀਆਂ ਟੀਮਾਂ ਦਰਮਿਆਨ ਪੈ ਗਿਆ। ਸੰਦੀਪ ਦੀਆਂ ਤਿੰਨ ਰੇਡਾਂ `ਤੇ 1350 ਡਾਲਰ ਲੱਗ ਗਏ ਜੋ ਉਸ ਨੇ ਲਗਾਤਾਰ ਤਿੰਨ ਰੇਡਾਂ ਕੱਢ ਕੇ ਜਿੱਤ ਲਏ। ਨਾ ਸੰਦੀਪ ਰੁਕਿਆ ਤੇ ਨਾ ਹੀ ਕਿੰਦਾ ਜਦ ਕਿ ਦੁੱਲੇ ਨੂੰ ਫਿੰਡੀ ਤੇ ਮੰਗੀ ਦੇ ਜੱਫੇ ਲੱਗ ਗਏ। ਲਾਲੀ ਰਾਣੀਪੁਰੀਆ ਵੀ ਦੋ ਜੱਫੇ ਖਾ ਗਿਆ। ਕੁਲਜੀਤੇ ਨੂੰ ਬਲਜੀਤ ਨੇ ਜੱਫਾ ਲਾ ਕੇ ਧੰਨ ਧੰਨ ਕਰਵਾ ਦਿੱਤੀ। ਸੰਦੀਪ ਲੱਲੀਆਂ ਨੂੰ ਉੱਤਮ ਧਾਵੀ ਤੇ ਗੋਪੀ ਧੂਲਕੋਟੀਏ ਨੂੰ ਉੱਤਮ ਜਾਫੀ ਐਲਾਨਿਆ ਗਿਆ।
ਇਸ ਟੂਰਨਾਮੈਂਟ ਵਿੱਚ ਵੀ ਯੰਗ ਸਪੋਰਟਸ ਕਲੱਬ ਤੇ ਟੋਰਾਂਟੋ ਸਪੋਰਟਸ ਕਲੱਬ ਦਾ ਮੈਚ ਪੂਰੇ ਸਮੇਂ ਉਤੇ ਬਰਾਬਰ ਰਹਿ ਗਿਆ ਸੀ। ਤਿੰਨ ਤਿੰਨ ਕਬੱਡੀਆਂ ਪਾਉਣ ਪਿਛੋਂ ਵੀ ਬਰਾਬਰ ਰਿਹਾ ਤਾਂ ਜਾਫੀਆਂ ਨੂੰ ਕਬੱਡੀਆਂ ਪਾਉਣੀਆਂ ਪਈਆਂ। ਯੰਗ ਦੇ ਜਾਫੀ ਸੋਨੀ ਸੁਨੇਤ ਨੇ ਕਬੱਡੀ ਪਾਈ ਤਾਂ ਟੋਰਾਂਟੋ ਦੇ ਧਾਵੀ ਸੋਨੂੰ ਜੰਪ ਨੇ ਜੱਫਾ ਲਾ ਦਿੱਤਾ ਤੇ ਆਪਣੀ ਟੀਮ ਨੂੰ ਸੈਮੀ ਫਾਈਨਲ ਵਿੱਚ ਲੈ ਗਿਆ। ਇੱਕ ਮੈਚ ਕੈਨੇਡਾ ਦੇ ਜੰਮਪਲ ਜੂਨੀਅਰ ਖਿਡਾਰੀਆਂ ਵਿਚਕਾਰ ਕਰਵਾਇਆ ਗਿਆ। ਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ ਪੰਦਰਾਂ ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤਿਆ। ਇਹਦਾ ਇੱਕ ਕਾਰਨ ਇਹ ਵੀ ਰਿਹਾ ਕਿ ਇੰਟਰਨੈਸ਼ਨਲ ਕਲੱਬ ਵਿੱਚ ਪੰਜਾਬ ਤੋਂ ਬਿੱਟੂ ਤੇ ਗੋਪੀ ਦੋ ਹੋਰ ਤਕੜੇ ਖਿਡਾਰੀ ਆ ਰਲੇ ਸਨ।
ਟੋਰਾਂਟੋ ਦਾ ਅਗਲਾ ਕਬੱਡੀ ਟੂਰਨਾਮੈਂਟ 10 ਜੂਨ ਨੂੰ ਹੈਮਿਲਟਨ ਪੰਜਾਬੀ ਸਪੋਰਟਸ ਕਲੱਬ ਨੇ ਹੈਮਿਲਟਨ ਦੇ ਖੁੱਲ੍ਹੇ ਸਟੇਡੀਅਮ ਵਿੱਚ ਕਰਵਾਇਆ ਜਿਸ ਦਾ ਕੱਪ ਫਿਰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਹੀ ਜਿੱਤਿਆ। ਉਸ ਤੋਂ ਅਗਲੇ ਹਫ਼ਤੇ ਦਾ ਟੂਰਨਾਮੈਂਟ 16, 17 ਜੂਨ ਨੂੰ ਦੇਸ਼ਭਗਤ ਸਪੋਰਟਸ ਕਲੱਬ ਵੱਲੋਂ ਮਾਲਟਨ ਦੇ ਵਾਈਲਡਵੁੱਡ ਪਾਰਕ ਵਿੱਚ ਕਰਵਾਇਆ ਜਾ ਰਿਹੈ। ਓਧਰ ਨਾਲ ਹੀ ਰਿਚਮੰਡ ਦਾ ਕਬੱਡੀ ਟੂਰਨਾਮੈਂਟ ਹੋਵੇਗਾ ਅਤੇ ਐਬਟਸਫੋਰਡ, ਕੈਲਗਰੀ, ਐਡਮਿੰਟਨ, ਕਲ੍ਹੋਨਾ, ਸੱਰੀ ਤੇ ਵਿਨੀਪੈੱਗ ਦੇ ਟੂਰਨਾਮੈਂਟਾਂ ਦੀ ਚੱਲ ਸੋ ਚੱਲ ਹੋ ਜਾਵੇਗੀ।