You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»21 - ਖਿਡਾਰੀਆਂ ਵਿਚਕਾਰ ਵਿਤਕਰਾ

ਲੇਖ਼ਕ

Thursday, 15 October 2009 18:29

21 - ਖਿਡਾਰੀਆਂ ਵਿਚਕਾਰ ਵਿਤਕਰਾ

Written by
Rate this item
(0 votes)

2007 ਦੇ ਸ਼ੁਰੂ ਵਿੱਚ ਪੰਜਾਹ ਓਵਰਾਂ ਵਾਲਾ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਪਹਿਲੇ ਹੀ ਰਾਊਂਡ ਵਿੱਚ ਹਾਰ ਗਈ ਸੀ। ਬੰਗਲਾ ਦੇਸ਼ ਦੀ ਕਮਜ਼ੋਰ ਗਿਣੀ ਜਾਂਦੀ ਟੀਮ ਨੇ ਉਸ ਨੂੰ ਕੱਪ ਦੇ ਮੁਕਾਬਲੇ `ਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪਹਿਲੇ ਰਾਊਂਡ ਵਿੱਚ ਹੀ ਆਊਟ ਹੋ ਗਈ ਸੀ। ਉਦੋਂ ਹਾਰ ਗਿਆਂ ਦੀ ‘ਹਾਰਡ ਲੱਕ’ ਕਹਿ ਕੇ ਦਿਲਜੋਈ ਕਰਨੀ ਤਾਂ ਇੱਕ ਬੰਨੇ ਰਹੀ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੀ ਬਹੁਤ ਤੋਏ ਤੋਏ ਹੋਈ। ਉਨ੍ਹਾਂ ਦੇ ਘਰਾਂ `ਤੇ ਪਹਿਰੇ ਲਾਏ ਗਏ ਤਾਂ ਜੋ ਕ੍ਰਿਕਟ ਦੇ ਜਨੂੰਨੀ ਉਨ੍ਹਾਂ ਨੂੰ ਅੱਗ ਈ ਨਾ ਲਾ ਦੇਣ! ਸਟਾਰ ਕਹੇ ਜਾਂਦੇ ਖਿਡਾਰੀ ਆਪੋ ਆਪਣੇ ਘਰੀਂ ਲੁਕ ਛਿਪ ਕੇ ਆਏ। ਥਾਂ ਪੁਰ ਥਾਂ ਉਨ੍ਹਾਂ ਨੂੰ ਲ੍ਹਾਅਣਤਾਂ ਪਾਈਆਂ ਗਈਆਂ। ਉਨ੍ਹਾਂ ਦੀਆਂ ਬੋਰਡਾਂ `ਤੇ ਲੱਗੀਆਂ ਤਸਵੀਰਾਂ ਪਾੜ ਦਿੱਤੀਆਂ, ਪੁਤਲੇ ਸਾੜੇ ਗਏ ਤੇ ਮੁਰਦਾਬਾਦ ਕੀਤੀ ਗਈ। ਅਜਿਹਾ ਮਾੜਾ ਸਲੂਕ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ। ਖੇਡਾਂ ਵਿੱਚ ਜਿੱਤ ਤੇ ਹਾਰ ਖੇਡ ਦੀ ਭਾਵਨਾ ਨਾਲ ਹੀ ਲੈਣੀ ਚਾਹੀਦੀ ਹੈ। ਕਿਸੇ ਵੀ ਟੂਰਨਾਮੈਂਟ ਵਿੱਚ ਆਖ਼ਰ ਨੂੰ ਇੱਕ ਟੀਮ ਹੀ ਜਿੱਤਦੀ ਹੈ ਜਦ ਕਿ ਬਾਕੀ ਸਭ ਟੀਮਾਂ ਹਾਰਦੀਆਂ ਹਨ।

ਉਹਨੀਂ ਦਿਨੀਂ ਮੈ ਇੱਕ ਆਰਟੀਕਲ ਲਿਖਿਆ ਸੀ-ਕ੍ਰਿਕਟ ਦਾ ਕਹਿਰ। ਲਿਖਿਆ ਸੀ ਕਿ ਚੰਗਾ ਹੋਇਆ ਭਾਰਤ ਦੀ ਕ੍ਰਿਕਟ ਟੀਮ ਹਾਰ ਗਈ। ਜਿੱਤ ਜਾਂਦੀ ਤਾਂ ਭਾਰਤ ਵਿੱਚ ਕਹਿਰ ਆ ਜਾਂਦਾ। ਕੰਮ ਦੇ ਅਰਬਾਂ ਘੰਟੇ ਬਰਬਾਦ ਹੁੰਦੇ। ਵਿਦਿਆਰਥੀ ਪੜ੍ਹਾਈਆਂ ਛੱਡ ਕੇ ਟੀ.ਵੀ.ਮੂਹਰੇ ਬੈਠੇ ਕ੍ਰਿਕਟ ਦੇ ਲੰਮੇ ਮੈਚ ਵੇਖਦੇ ਰਹਿੰਦੇ ਤੇ ਇਮਤਿਹਾਨਾਂ `ਚ ਫੇਲ੍ਹ ਹੁੰਦੇ। ਦਫਤਰਾਂ ਦੇ ਪਛੜੇ ਕੰਮ ਹੋਰ ਪਛੜ ਜਾਂਦੇ ਤੇ ਗੁੱਠੇ ਲੱਗੀਆਂ ਦੇਸ਼ ਦੀਆਂ ਹੋਰ ਖੇਡਾਂ ਹੋਰ ਗੁੱਠੇ ਲੱਗ ਜਾਂਦੀਆਂ। ਕਾਰਪੋਰੇਟ ਅਦਾਰਿਆਂ ਨੇ ਮੀਡੀਏ ਦੀ ਮਿਲੀਭੁਗਤ ਨਾਲ ਕ੍ਰਿਕਟ ਦਾ ਜਨੂੰਨ ਜਿਸ ਤਰ੍ਹਾਂ ਭਾਰਤੀਆਂ ਦੇ ਸਿਰਾਂ `ਤੇ ਸਵਾਰ ਕੀਤਾ ਹੈ ਹਾਰਨ ਨਾਲੋਂ ਜਿੱਤਣ ਨਾਲ ਇਸ ਨੇ ਹੋਰ ਵੀ ਕਹਿਰ ਵਰਤਾਉਣਾ ਸੀ!

ਆਖ਼ਰ ਉਹ ਕਹਿਰ ਸਤੰਬਰ 2007 ਵਿੱਚ ਵੀਹ ਓਵਰਾਂ ਵਾਲੇ ਵਰਲਡ ਕ੍ਰਿਕਟ ਕੱਪ ਦੀ ਜਿੱਤ ਨੇ ਵਰਤਾ ਦਿੱਤਾ। ਕਰੋੜਾਂ ਭਾਰਤੀ ਕਈ ਦਿਨ ਹਾਕਲ ਬਾਕਲ ਹੋਏ ਰਹੇ। ਜਿੱਤ ਦੇ ਅਫਰੇਵੇਂ ਨਾਲ ਮੂੰਹਾਂ `ਚੋਂ ਝੱਗ ਸੁੱਟਣ ਤਕ ਗਏ। ਮੀਡੀਏ ਨੇ ਕ੍ਰਿਕਟ ਨੂੰ ਭਾਰਤ ਦਾ ਧਰਮ ਕਿਹਾ ਤੇ ਕ੍ਰਿਕਟ ਦੇ ਫਾਈਨਲ ਮੈਚ ਨੂੰ ਹਿੰਦ-ਪਾਕਿ ਦੀ ਜੰਗ! ਰਤਾ ਸੋਚੋ ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਫਾਈਨਲ ਮੈਚ ਸਮੇਂ ਆਖ਼ਰੀ ਦੋ ਓਵਰ ਸੁੱਟੇ ਜਾ ਰਹੇ ਸਨ ਤਾਂ ਸਥਿਤੀ ਕੀ ਸੀ?

ਪਾਕਿਸਤਾਨ ਦੇ ਮਿਸਬਾ-ਉਲ-ਹੱਕ ਤੇ ਗੁਲ ਨੇ ਦੋ ਓਵਰਾਂ ਵਿੱਚ ਵੀਹ ਦੌੜਾਂ ਬਣਾਉਣੀਆਂ ਸਨ। ਇਹ ਸੰਭਵ ਜਾਪਦੀਆਂ ਸਨ ਕਿਉਂਕਿ ਭਾਰਤੀ ਬੱਲੇਬਾਜ਼ਾਂ ਨੇ ਆਖ਼ਰੀ ਦੋ ਓਵਰਾਂ ਵਿੱਚ ਵਧੇਰੇ ਦੌੜਾਂ ਬਣਾਈਆਂ ਸਨ। ਪਰ ਆਰ.ਪੀ.ਸਿੰਘ ਨੇ 19ਵੇਂ ਓਵਰ ਵਿੱਚ ਕੇਵਲ ਸੱਤ ਦੌੜਾਂ ਬਣਨ ਦਿੱਤੀਆਂ ਤੇ ਗੁਲ ਨੂੰ ਬੋਲਡ ਆਊਟ ਕਰ ਦਿੱਤਾ। ਗੁਲ ਦੀ ਥਾਂ ਆਖ਼ਰੀ ਬੱਲੇਬਾਜ਼ ਆ ਗਿਆ। ਆਖ਼ਰੀ ਓਵਰ ਵਿੱਚ ਪਾਕਿਸਤਾਨੀਆਂ ਨੂੰ ਮੈਚ ਬਰਾਬਰ ਕਰਨ ਲਈ 12 ਤੇ ਜਿੱਤਣ ਲਈ 13 ਦੌੜਾਂ ਦੀ ਲੋੜ ਸੀ। ਜੋਗਿੰਦਰ ਸ਼ਰਮਾ ਵੱਲੋਂ ਸੁੱਟੀ 20ਵੇਂ ਓਵਰ ਦੀ ਪਹਿਲੀ ਗੇਂਦ ਵਾਈਡ ਹੋ ਗਈ। ਇੱਕ ਦੌੜ ਮੁਫ਼ਤ ਜਾਂਦੀ ਰਹੀ। ਪਹਿਲੀ ਸਹੀ ਗੇਂਦ ਉਤੇ ਫਿਰ ਇੱਕ ਦੌੜ ਦਿੱਤੀ ਗਈ। ਦੂਜੀ ਗੇਂਦ ਉਤੇ ਮਿਸਬਾ-ਉਲ ਦਾ ਛੱਕਾ ਲੱਗ ਗਿਆ! ਭਾਰਤੀਆਂ ਦਾ ਸਾਹ ਅੰਦਰ ਦਾ ਅੰਦਰ ਤੇ ਬਾਹਰ ਦਾ ਬਾਹਰ ਰਹਿ ਗਿਆ! !

ਪਿੱਛੇ ਗੇਂਦਾਂ ਰਹਿ ਗਈਆਂ ਚਾਰ ਤੇ ਦੌੜਾਂ ਬਣਾਉਣੀਆਂ ਸਨ ਛੇ। ਹੁਣ ਹੋਰ ਸੋਚੋ। ਕੀ ਫਰਕ ਸੀ ਦੋਹਾਂ ਟੀਮਾਂ ਵਿਚ? ਕਿਹੜੀ ਤਕੜੀ ਸੀ ਤੇ ਕਿਹੜੀ ਮਾੜੀ? ਜੋਗਿੰਦਰ ਸ਼ਰਮਾ ਨੇ ਤੀਜੀ ਗੇਂਦ ਸੁੱਟੀ ਜੋ ਮਿਸਬਾ-ਉਲ ਨੇ ਛੱਕੇ ਲਈ ਉਪਰ ਚੁੱਕ ਦਿੱਤੀ। ਗੇਂਦ ਬਾਹਰਲੀ ਲਾਈਨ ਤੋਂ ਬਾਹਰ ਵੀ ਜਾ ਸਕਦੀ ਸੀ ਤੇ ਉਰੇ ਵੀ ਡਿੱਗ ਸਕਦੀ ਸੀ। ਬਾਹਰ ਡਿੱਗਣ ਨਾਲ ਪਾਕਿਸਤਾਨੀ ਟੀਮ ਨੇ ਜਿੱਤ ਜਾਣਾ ਸੀ ਤੇ ਅੰਦਰ ਬੁੱਚੀ ਜਾਣ ਨਾਲ ਭਾਰਤੀ ਟੀਮ ਨੇ। ਚਾਨਸ ਨਾਲ ਗੇਂਦ ਬਾਹਰਲੀ ਲਾਈਨ ਤੋਂ ਕੁੱਝ ਹੱਥ ਪਿੱਛੇ ਰਹਿ ਗਈ ਜੋ ਸ਼੍ਰੀਸਾਂਥ ਦੇ ਹੱਥਾਂ ਵਿੱਚ ਆ ਗਈ! ਬੱਸ ਏਨਾਂ ਹੀ ਫਰਕ ਸੀ ਦੋਹਾਂ ਟੀਮਾਂ ਵਿਚ। ਦੋਵੇਂ ਟੀਮਾਂ ਬਰਾਬਰ ਸਨ। ਚਾਨਸ ਨਾਲ ਕੋਈ ਵੀ ਟੀਮ ਜਿੱਤ-ਹਾਰ ਸਕਦੀ ਸੀ। ਦੋਹਾਂ ਟੀਮਾਂ ਵਿੱਚ ਕਿਸੇ ਨੂੰ ਬਹੁਤੀ ਵਡਿਆਉਣ ਜਾਂ ਛੁਟਿਆਉਣ ਵਾਲੀ ਕੋਈ ਗੱਲ ਨਹੀਂ ਸੀ। ਖੇਡ ਭਾਵਨਾ ਨਾਲ ਜਿੱਤ-ਹਾਰ ਇਕੋ ਜਿਹੀ ਜਾਣਨੀ ਬਣਦੀ ਸੀ। ਮੁੱਢਲੇ ਇੱਕ ਮੈਚ ਵਿੱਚ ਵੀ ਹਿੰਦ-ਪਾਕਿ ਟੀਮਾਂ ਦੀਆਂ ਦੌੜਾਂ 141-141 ਸਨ।

ਹੁਣ ਗੰਭੀਰ ਹੋ ਕੇ ਸੋਚੋ। ਜੇ ਮਿਸਬਾ ਦੀ ਉਛਾਲੀ ਗੇਂਦ ਕੁੱਝ ਹੱਥ ਅਗਾਂਹ ਜਾ ਡਿਗਦੀ ਤਾਂ ਭਾਰਤ ਵਿੱਚ ਕੀ ਹੁੰਦਾ? ਕੋਈ ਪਤਾ ਨਹੀਂ ਕਿੰਨਿਆਂ ਨੂੰ ਦਿਲ ਦੇ ਦੌਰੇ ਪੈਂਦੇ ਤੇ ਕਿਹੜੇ ਕਿਹੜੇ ਖਿਡਾਰੀ ਦਾ ਪੁਤਲੇ ਸਾੜੇ ਜਾਂਦੇ? ਹਾਰ ਤੇ ਉਹ ਵੀ ਪਾਕਿਸਤਾਨੀਆਂ ਹੱਥੋਂ ਹਾਰ ਨੂੰ ਮਜ਼੍ਹਬੀ ਤੁਅੱਸਬ ਵਾਲੇ ਪਤਾ ਨਹੀਂ ਕਿਵੇਂ ਲੈਂਦੇ? ਕੀਹਦੀ ਕੀਹਦੀ ਮੁਰਦਾਬਾਦ ਕਰਦੇ? ਕੀਹਦੇ ਕੀਹਦੇ ਘਰ `ਤੇ ਇੱਟਾਂ ਰੋੜੇ ਮਾਰਦੇ? ਸ਼ਾਇਦ ਕਿਸੇ ਖਿਡਾਰੀ ਨੂੰ ਪਾਕਿਸਤਾਨ ਨਾਲ ਰਲਿਆ ਈ ਗਰਦਾਨ ਦਿੰਦੇ ਜਿਵੇਂ 1982 ਦੀਆਂ ਏਸ਼ਿਆਈ ਖੇਡਾਂ `ਚ ਹਾਕੀ ਦਾ ਮੈਚ ਹਾਰ ਜਾਣ ਉਤੇ ਗੋਲਚੀ ਮੀਰ ਚੰਦਨ ਨੇਗੀ ਨੂੰ ਗਰਦਾਨਿਆ ਸੀ। ਉਸੇ ਘਟਨਾ `ਤੇ ਆਧਾਰਿਤ ਫਿਰ `ਚੱਕ ਦੇ ਇੰਡੀਆ’ ਫਿਲਮ ਬਣੀ ਜਿਸ ਨੇ ਬਾਕਸ ਆਫਿਸ `ਤੇ ਫੱਟੇ ਚੱਕ ਦਿੱਤੇ। ਭਾਰਤੀ ਟੀਮ ਦੇ ਹਾਰ ਜਾਣ ਉਤੇ ਭਾਰਤ ਦੇ ਕ੍ਰਿਕਟ ਪ੍ਰੇਮੀਆਂ ਨੇ ਪੂਰਾ ਪਿੱਟ ਸਿਆਪਾ ਕਰਨਾ ਸੀ।

ਦੱਖਣੀ ਅਫਰੀਕਾ ਦੇ ਕ੍ਰਿਕਟ ਸਟੇਡੀਅਮ ਵਿੱਚ ਗੇਂਦ ਦੇ ਕੁੱਝ ਹੱਥ ਪਿਛਾਂਹ ਡਿੱਗਣ ਨਾਲ ਖੇਡਾਂ ਦੇ ਵਪਾਰੀਆਂ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਪਾ ਦਿੱਤਾ ਗਿਆ। ਜੇ ਨੀਝ ਨਾਲ ਵੇਖਿਆ ਜਾਵੇ ਤਾਂ ਖਿਡਾਰੀ ਵੀ ਇਕੋ ਜਿਹੇ ਸਨ ਤੇ ਮੈਚ ਵੀ ਲਗਭਗ ਬਰਾਬਰ ਸੀ। ਪਰ ਮਿਸਬਾ ਦੀ ਉਠਾਈ ਗੇਂਦ ਕੁੱਝ ਹੱਥ ਪਿੱਛੇ ਰਹਿ ਜਾਣ ਕਾਰਨ ਭਾਰਤੀ ਖਿਡਾਰੀ ਕਰੋੜਾਂ ਦੇ ਇਨਾਮ ਲੈ ਗਏ ਤੇ ਪਾਕਿਸਤਾਨੀ ਖਿਡਾਰੀਆਂ ਦੇ ਪੱਲੇ ਲਾਅ੍ਹਣਤ ਤੇ ਨਮੋਸ਼ੀ ਪਈ। ਖੇਡਾਂ `ਚ ਅਜਿਹਾ ਵਰਤਾਰਾ ਜਾਇਜ਼ ਨਹੀਂ। ਭਾਰਤੀ ਖਿਡਾਰੀਆਂ ਉਪਰ ਭਾਰਤੀ ਕ੍ਰਿਕਟ ਬੋਰਡ ਨੇ ਤਾਂ ਨੋਟਾਂ ਦੀ ਵਰਖਾ ਕਰਨੀ ਹੀ ਸੀ, ਕਈ ਸੂਬਾਈ ਸਰਕਾਰਾਂ ਨੇ ਵੀ ਜਨਤਾ ਦੇ ਖ਼ਜ਼ਾਨੇ `ਚੋਂ ਕ੍ਰਿਕਟ ਖਿਡਾਰੀਆਂ ਉਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ! ਯਾਨੀ ਕਿ ਰੱਜੇ ਹੋਇਆਂ ਦੇ ਉਤੋਂ ਦੀ ਡੋਲ੍ਹ ਦਿੱਤਾ।

ਜਦੋਂ ਦਸ ਬਾਰਾਂ ਮੁਲਕਾਂ ਦੀ ਖੇਡ ਕ੍ਰਿਕਟ ਦੇ ਖਿਡਾਰੀਆਂ ਉਤੇ ਕਰੋੜਾਂ ਰੁਪਿਆਂ ਦਾ ਮੀਂਹ ਵਰ੍ਹਦਾ ਵੇਖਿਆ ਤਾਂ ਸੌ ਸਵਾ ਸੌ ਮੁਲਕਾਂ ਦੀ ਓਲੰਪਿਕ ਖੇਡ ਹਾਕੀ ਦੇ ਖਿਡਾਰੀਆਂ ਨੂੰ ਆਪਣਾ ਸੋਕਾ ਯਾਦ ਗਿਆ। ਰੱਜਿਆਂ ਨੂੰ ਹੋਰ ਰਜਾਉਣ ਵਾਲੇ ਭਾਰਤੀ ਸਿਸਟਮ ਵਿੱਚ ਜਿਵੇਂ ਭੁੱਖੇ ਲੋਕ ਭੁੱਖ ਹੜਤਾਲਾਂ ਕਰਦੇ ਹਨ ਉਵੇਂ ਏਸ਼ੀਆ ਦਾ ਹਾਕੀ ਕੱਪ ਜਿੱਤਣ ਵਾਲੇ ਕਰਨਾਟਕ ਦੇ ਖਿਡਾਰੀਆਂ ਨੇ ਭੁੱਖ ਹੜਤਾਲ ਦੀ ਧਮਕੀ ਦੇ ਦਿੱਤੀ। ਮਗਰੇ ਹੋਰ ਖਿਡਾਰੀ ਤੇ ਕੋਚ ਕੂਕ ਉੱਠੇ। ਭਾਰਤੀ ਓਲੰਪਿਕ ਕਮੇਟੀ ਨੇ ਵੀ ਹਾਕੀ ਖਿਡਾਰੀਆਂ ਲਈ ਹਾਅ ਦਾ ਨਾਅ੍ਹਰਾ ਮਾਰਿਆ। ਇੱਕ ਵਾਰ ਫਿਰ ਸਭ ਨੂੰ ਪਤਾ ਲੱਗ ਗਿਆ ਕਿ ਭਾਰਤ ਵਿੱਚ ਕ੍ਰਿਕਟ ਦੇ ਮੁਕਾਬਲੇ ਹਾਕੀ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹੈ। ਕੁੱਝ ਸਾਲ ਪਹਿਲਾਂ ਮੈਂ ਇੱਕ ਲੇਖ ਲਿਖਿਆ ਸੀ-ਭਾਰਤ ਵਿੱਚ ਹਾਕੀ ਬਨਾਮ ਕ੍ਰਿਕਟ। ਉਹ ਮੇਰੀ ਪੁਸਤਕ ‘ਖੇਡ ਪਰਿਕਰਮਾ’ ਵਿੱਚ ਸ਼ਾਮਲ ਹੈ। ਉਸ ਵਿੱਚ ਵੇਰਵੇ ਸਹਿਤ ਦੱਸਿਆ ਹੈ ਕਿ ਕਿਵੇਂ ਵਿਹਲੜ ਲਾਰਡਾਂ ਦੀ ਖੇਡ ਹਿੰਦ ਮਹਾਂਦੀਪ ਦੇ ਗ਼ਰੀਬ ਮੁਲਕਾਂ ਦੀ ਪਟਰਾਣੀ ਬਣੀ? ਕਿਵੇਂ ਕ੍ਰਿਕਟ ਰਾਹੀਂ ਹਿੰਦੋਸਤਾਨ ਨੂੰ ਧਰਮਾਂ ਵਿੱਚ ਵੰਡਣ ਦੀ ਚਾਲ ਚੱਲੀ ਗਈ ਤੇ ਹੁਣ ਲੋਕਾਂ ਨੂੰ ਵਿਹਲੜ ਬਣਾਇਆ ਜਾ ਰਿਹੈ?

ਖੇਡਾਂ ਦੇ ਮਾਹਿਰ ਕਹਿੰਦੇ ਹਨ ਕਿ ਬੱਚੇ ਨੂੰ ਉਹਦੀ ਰੁਚੀ ਤੇ ਸਰੀਰਕ ਬਣਤਰ ਦੇ ਅਨਕੂਲ ਖੇਡ ਵਿੱਚ ਪਾਇਆ ਜਾਵੇ। ਪਰ ਖੇਡਾਂ ਦੀ ਖੁੱਲ੍ਹੀ ਤੇ ਬੇਮੁਹਾਰੀ ਮੰਡੀ ਨੇ ਸਾਰਾ ਮਾਮਲਾ ਹੀ ਗੜਬੜ ਕਰ ਦਿੱਤਾ ਹੈ। ਹੁਣ ਭਾਰਤ ਵਿੱਚ ਕੁੱਝ ਖੇਡਾਂ ਭੁੱਖੇ ਮਾਰਨ ਵਾਲੀਆਂ ਹਨ ਤੇ ਕੁੱਝ ਰੱਜੇ ਰੱਖਣ ਵਾਲੀਆਂ ਹਨ। ਕਿਤੇ ਡੋਬਾ ਹੈ ਕਿਤੇ ਸੋਕਾ। ਕ੍ਰਿਕਟ, ਟੈਨਿਸ ਤੇ ਗੌਲਫ਼ `ਚ ਪੈਸਾ ਸਭ ਤੋਂ ਵੱਧ ਹੈ। ਸੁਭਾਵਿਕ ਹੈ ਕਿ ਅਮੀਰਾਂ ਤੇ ਸਰਦਿਆਂ ਪੁੱਜਦਿਆਂ ਦੇ ਬੱਚੇ ਇਹੋ ਜਿਹੀਆਂ ਖੇਡਾਂ ਹੀ ਖੇਡਣ ਲੱਗਦੇ ਹਨ। ਅਥਲੈਟਿਕਸ, ਹਾਕੀ ਤੇ ਹੋਰ ਕਈ ਖੇਡਾਂ ਵਿੱਚ ਨਿਰੀ ਭੁੱਖ ਨੰਗ ਹੈ।

ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਪਤਾ ਸੀ ਕਿ ਜੇ ਉਸ ਨੇ ਆਪਣੇ ਪੁੱਤਰ ਚਿਰੰਜੀਵ ਸਿੰਘ ਨੂੰ ਦੌੜਾਂ `ਚ ਪਾਇਆ ਤਾਂ ਉਹ ਭੁੱਖ ਨੰਗ ਨਾਲ ਹੀ ਦੌੜੇਗਾ। ਉਸ ਨੇ ਖ਼ੁਦ ਦੌੜਾਂ `ਚੋਂ ਉਨਾ ਧਨ ਨਹੀਂ ਕਮਾਇਆ ਜਿੰਨਾ ਉਸ ਦੇ ਪੁੱਤਰ ਜੀਵ ਮਿਲਖਾ ਸਿੰਘ ਨੂੰ ਗੌਲਫ਼ `ਚੋਂ ਸ਼ੁਰੂ ਵਿੱਚ ਹੀ ਮਿਲ ਚੁੱਕੈ। ਬਲਬੀਰ ਸਿੰਘ ਵਰਗੇ ਹਾਕੀ ਖਿਡਾਰੀ ਓਲੰਪਿਕ ਖੇਡਾਂ ਦੇ ਤਿੰਨ ਤਿੰਨ ਗੋਲਡ ਮੈਡਲ ਜਿੱਤ ਕੇ ਵੀ ਲੱਖ ਰੁਪਏ ਦਾ ਇਨਾਮ ਨਹੀਂ ਲੈ ਸਕੇ। ਸ਼ਾਇਦ ਇਸੇ ਕਾਰਨ ਬਲਬੀਰ ਸਿੰਘ ਨੇ ਆਪਣਾ ਕੋਈ ਪੁੱਤਰ ਹਾਕੀ ਖੇਡਣ ਨਹੀਂ ਲਾਇਆ। ਯੁਵਰਾਜ ਸਿੰਘ ਨੂੰ ਛੇ ਛੱਕਿਆਂ ਦਾ ਕਰੋੜ ਰੁਪਿਆ ਮਿਲ ਗਿਆ ਹੈ। ਕੌਣ ਹੈ ਜੀਹਦਾ ਬੱਚਾ ਕ੍ਰਿਕਟ ਖੇਡਣ ਲਈ ਨਹੀਂ ਤਾਂਘੇਗਾ?

ਏਸ਼ਿਆਈ ਖੇਡਾਂ ਵਿੱਚ ਅਥਲੈਟਿਕਸ ਤੇ ਓਲੰਪਿਕ ਖੇਡਾਂ ਵਿੱਚ ਹਾਕੀ `ਚੋਂ ਸੋਨੇ ਦੇ ਮੈਡਲ ਜਿੱਤਣ ਵਾਲਿਆਂ ਨੂੰ ਵੀ ਕਦੇ ਵੱਡੇ ਇਨਾਮਾਂ ਨਾਲ ਨਹੀਂ ਸਨਮਾਨਿਆ ਗਿਆ। ਜਿਹੜੇ ਮਾੜੇ ਮੋਟੇ ਇਨਾਮ ਐਲਾਨੇ ਜਾਂਦੇ ਰਹੇ ਉਹ ਵੀ ਕਈਆਂ ਨੂੰ ਨਹੀਂ ਮਿਲੇ। ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਜੋਗਿੰਦਰ ਸਿੰਘ ਵਰਗੇ ਸੁਟਾਵੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜਿੱਤ ਕੇ ਵੀ ਅਣਗੌਲੇ ਤੁਰਦੇ ਬਣੇ। ਪ੍ਰਿਥੀਪਾਲ ਸਿੰਘ ਨੇ ਤਾਂ 1982 ਵਿੱਚ ਸ਼ਰ੍ਹੇਆਮ ਐਲਾਨ ਕੀਤਾ ਸੀ ਕਿ ਜੇ ਪੰਜਾਬ ਸਰਕਾਰ ਆਪਣੇ ਹੀ ਐਲਾਨ ਕੀਤੇ ਇਨਾਮ ਹਾਕੀ ਦੇ ਖਿਡਾਰੀਆਂ ਨੂੰ ਦੇ ਦੇਵੇ ਤਾਂ ਉਹ ਆਪਣਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਮੁੱਖ ਮੰਤਰੀ ਨੂੰ ਦੇ ਦੇਵੇਗਾ।

ਸਾਨੀਆ ਮਿਰਜ਼ਾ ਟੈਨਿਸ ਦੀ ਦੁਨੀਆਂ ਦੇ ਦਰਜਨਾਂ ਖਿਡਾਰੀਆਂ ਤੋਂ ਪਿੱਛੇ ਰਹਿਣ ਦੇ ਬਾਵਜੂਦ ਵੀ ਭਾਰਤੀ ਮੀਡੀਏ ਵਿੱਚ ਚੋਟੀ ਦੀ ਖਿਡਾਰਨ ਪਰਚਾਰੀ ਜਾਂਦੀ ਹੈ। ਜੇ ਉਹ 400 ਮੀਟਰ ਦੀ ਦੌੜ ਲਾਉਂਦੀ ਹੁੰਦੀ ਤਾਂ ਸ਼ਾਇਦ ਏਸ਼ੀਆ ਦੀ ਚੈਂਪੀਅਨ ਮਨਜੀਤ ਕੌਰ ਦਾ ਮੁਕਾਬਲਾ ਨਾ ਕਰ ਸਕਦੀ। ਹੁਣ ਪੈਸਿਆਂ ਤੇ ਮਸ਼ਹੂਰੀ ਪੱਖੋਂ ਵੇਖ ਲਓ ਕਿਥੇ ਸਾਨੀਆ ਤੇ ਕਿਥੇ ਵਿਚਾਰੀ ਮਨਜੀਤ! ਖੇਡਾਂ ਦੇ ਵਪਾਰੀਆਂ ਨੇ ਵੱਖ ਵੱਖ ਖੇਡਾਂ ਨੂੰ ਸਾਵਾਂ ਨਹੀਂ ਰਹਿਣ ਦਿੱਤਾ। ਕਿਸੇ ਖੇਡ ਨੂੰ ਉਤਾਂਹ ਚੁੱਕਿਆ ਹੋਇਐ ਤੇ ਕਿਸੇ ਨੂੰ ਹਿਠਾਂਹ ਸੁੱਟਿਆ ਹੋਇਐ। ਖੇਡਾਂ ਦੇ ਖੇਤਰ ਵਿੱਚ ਅਜਿਹਾ ਵਿਤਕਰਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਘੱਟੋ ਘੱਟ ਸਰਕਾਰਾਂ ਤੇ ਸਾਂਝੀਆਂ ਖੇਡ ਸੰਸਥਾਵਾਂ ਨੂੰ ਤਾਂ ਅਜਿਹੇ ਪੱਖ ਪਾਤੀ ਵਰਤਾਰੇ ਤੋਂ ਲਾਜ਼ਮੀ ਗੁਰੇਜ਼ ਕਰਨਾ ਚਾਹੀਦੈ। ਲੋਕਾਂ ਤੋਂ ਟੈਕਸਾਂ ਰਾਹੀਂ `ਕੱਠੇ ਕੀਤੇ ਪੈਸੇ ਸਾਰੀਆਂ ਖੇਡਾਂ ਲਈ ਬਰਾਬਰੀ ਦੇ ਅਧਾਰ `ਤੇ ਵੰਡਣੇ ਚਾਹੀਦੇ ਹਨ।

ਕਿਹਾ ਜਾਂਦੈ ਕਿ ਰੋਏ ਬਿਨਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ। ਹਾਕੀ ਦੇ ਖਿਡਾਰੀਆਂ ਦਾ ਹੁਣ ਰੋਣ ਨਿਕਲ ਗਿਆ ਹੈ। ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਬੜੀ ਹੁੱਬ ਨਾਲ ਏਸ਼ੀਆ ਦਾ ਹਾਕੀ ਕੱਪ ਜਿੱਤਿਆ ਸੀ ਪਰ ਉਨ੍ਹਾਂ ਨੂੰ ਕੋਈ ਖਾਸ ਇਨਾਮ ਸਨਮਾਨ ਨਹੀਂ ਸੀ ਮਿਲਿਆ। ਇੱਕ ਗੋਲ ਕਰਨ ਬਦਲੇ ਇੱਕ ਹਜ਼ਾਰ ਰੁਪਏ ਯਾਨੀ ਪੱਚੀ ਡਾਲਰ ਦਾ ਇਨਾਮ ਹੀ ਮਿਲਿਆ ਸੀ। ਉਹਦੇ ਵਿਚੋਂ ਵੀ ਗੋਲ ਕਰਾਉਣ ਦੇ ਕੱਟੇ ਜਾਣੇ ਸਨ। ਕਿਥੇ ਹਾਕੀ ਦੇ ਗੋਲ ਦਾ ਇੱਕ ਹਜ਼ਾਰ ਰੁਪਿਆ ਤੇ ਕਿਥੇ ਕ੍ਰਿਕਟ ਦੇ ਛੱਕਿਆਂ ਦਾ ਕਰੋੜ ਰੁਪਿਆ?

ਕ੍ਰਿਕਟ ਦੇ ਕਰੋੜਾਂ ਰੁਪਿਆਂ ਨੇ ਹਾਕੀ ਤੇ ਹੋਰਨਾਂ ਖੇਡਾਂ ਵਾਲਿਆਂ ਨੂੰ ਇੱਕ ਵਾਰ ਫਿਰ ਅਹਿਸਾਸ ਕਰਵਾ ਦਿੱਤਾ ਹੈ ਕਿ ਭਾਰਤ ਵਿੱਚ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹੈ। ਉਨ੍ਹਾਂ ਦੇ ਰੋਸ ਨੇ ਕੁੱਝ ਸਰਕਾਰਾਂ ਨੂੰ ਅਹਿਸਾਸ ਕਰਾਇਆ ਹੈ ਤੇ ਉਹ ਏਸ਼ੀਆ ਕੱਪ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੂੰ ਵੀ ਇਨਾਮ ਦੇਣ ਲਈ ਮਜਬੂਰ ਹੋਏ ਹਨ। ਕੋਈ ਮੁੱਖ ਮੰਤਰੀ ਇੱਕ ਲੱਖ ਰੁਪਏ ਦਾ ਐਲਾਨ ਕਰ ਰਿਹੈ, ਕੋਈ ਦੋ ਲੱਖ ਦਾ ਤੇ ਕੋਈ ਪੰਜ ਲੱਖ ਦਾ। ਇਹ ਹੁਣ ਖੇਡਾਂ ਤੋਂ ਅਗਾਂਹ ਖਿਡਾਰੀਆਂ ਵਿੱਚ ਵਿਤਕਰੇ ਵਾਲੀ ਗੱਲ ਹੈ। ਇਕੋ ਟੀਮ ਵਿੱਚ ਖੇਡਣ ਵਾਲੇ ਪੰਜਾਬ ਦੇ ਖਿਡਾਰੀ ਨੂੰ ਇੱਕ ਲੱਖ ਮਿਲੇ ਤੇ ਕਿਸੇ ਹੋਰ ਸੂਬੇ ਦਾ ਖਿਡਾਰੀ ਪੰਜ ਲੱਖ ਲੈ ਜਾਵੇ ਇਹ ਵੀ ਕੋਈ ਇਨਸਾਫ਼ ਨਹੀਂ।

ਭਾਵੇਂ ਖੇਡਾਂ ਤੇ ਖਿਡਾਰੀਆਂ ਨੂੰ ਬਰਾਬਰੀ ਦੇ ਆਧਾਰ `ਤੇ ਰੱਖਣਾ ਤੇ ਇਕੋ ਪੱਲੜੇ ਵਿੱਚ ਤੋਲਣਾ ਗੁੰਝਲਦਾਰ ਕਾਰਜ ਹੈ ਪਰ ਖੇਡਾਂ ਤੇ ਖਿਡਾਰੀਆਂ ਵਿਚਕਾਰ ਸਾਫ ਦਿਸਦੇ ਵਿਤਕਰੇ ਨੂੰ ਜੇ ਚਾਹੀਏ ਤਾਂ ਘਟਾਇਆ ਜ਼ਰੂਰ ਜਾ ਸਕਦੈ। ਨਕਦ ਇਨਾਮਾਂ ਬਾਰੇ ਕੇਂਦਰੀ ਤੇ ਸੂਬਾਈ ਸਰਕਾਰਾਂ ਨੂੰ ਕੋਈ ਅਜਿਹਾ ਫਾਰਮੂਲਾ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਸਾਰੀਆਂ ਖੇਡਾਂ ਵਿਕਸਤ ਹੋਣ ਤੇ ਹਰੇਕ ਖੇਡ ਦੇ ਖਿਡਾਰੀਆਂ ਨੂੰ ਯੋਗ ਮਾਨ ਸਨਮਾਨ ਮਿਲ ਸਕੇ।

ਜਿਸ ਤਰ੍ਹਾਂ ਭਾਰਤ ਵਿੱਚ ਹਾਕੀ ਦੇ ਖਿਡਾਰੀਆਂ ਨੇ ਰੋਸ ਪ੍ਰਗਟ ਕੀਤਾ ਹੈ ਉਸੇ ਤਰ੍ਹਾਂ ਕੈਨੇਡਾ ਦੇ ਹਾਕੀ ਖਿਡਾਰੀ ਵੀ ਆਪਣਾ ਰੋਸ ਜਤਾ ਸਕਦੇ ਹਨ। ਕੈਨੇਡਾ ਦਾ ਪੰਜਾਬੀ ਭਾਈਚਾਰਾ ਕੇਵਲ ਕਬੱਡੀ ਦੇ ਖਿਡਾਰੀਆਂ `ਤੇ ਹੀ ਡਾਲਰ ਲਾ ਰਿਹੈ ਜਦ ਕਿ ਆਪਣੇ ਫੀਲਡ ਹਾਕੀ ਦੇ ਖਿਡਾਰੀਆਂ ਨੂੰ ਅੱਖੋਂ ਉਹਲੇ ਰੱਖ ਰਿਹੈ। ਬਰੈਂਪਟਨ ਹਾਕੀ ਕਲੱਬ ਦੀ ਨਿਰੋਲ ਪੰਜਾਬੀ ਖਿਡਾਰੀਆਂ ਦੀ ਟੀਮ ਨੇ ਦੋ ਵਾਰ ਕੈਨੇਡਾ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਪਰ ਕਿਸੇ ਪੰਜਾਬੀ ਅਦਾਰੇ ਨੇ ਕੋਈ ਮਾਨ ਸਨਮਾਨ ਨਹੀਂ ਦਿੱਤਾ। ਪੰਜਾਬੀ ਮੂਲ ਦੇ ਖਿਡਾਰੀ ਕੈਨੇਡਾ ਦੀਆਂ ਨੈਸ਼ਨਲ ਟੀਮਾਂ ਵਿੱਚ ਕਾਫੀ ਦੇਰ ਤੋਂ ਖੇਡਦੇ ਆ ਰਹੇ ਹਨ। ਉਹ ਓਲੰਪਿਕ ਵੀ ਖੇਡੇ ਹਨ ਤੇ ਵਰਲਡ ਹਾਕੀ ਕੱਪ ਵੀ ਖੇਡੇ ਹਨ।

ਕੈਨੇਡਾ ਦੀ ਫੀਲਡ ਹਾਕੀ ਟੀਮ ਪਾਨ ਅਮੈਰਕਿਨ ਹਾਕੀ ਚੈਂਪੀਅਨਸ਼ਿਪ ਜਿੱਤ ਕੇ 2008 ਦੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੀ ਹੈ। ਭਾਰਤੀ ਹਾਕੀ ਟੀਮ ਨੇ ਅਜੇ ਪਤਾ ਨਹੀਂ ਕਰ ਸਕਣਾ ਹੈ ਕਿ ਨਹੀਂ? ਇਸ ਸਮੇਂ ਤਿੰਨ ਪੰਜਾਬੀ ਖਿਡਾਰੀ ਕੈਨੇਡਾ ਦੀ ਹਾਕੀ ਟੀਮ ਵਿੱਚ ਖੇਡਦੇ ਹਨ। ਜੇਕਰ ਕਬੱਡੀ ਖਿਡਾਰੀਆਂ ਜਿੰਨਾ ਥਾਪੜਾ ਕੈਨੇਡਾ ਦੇ ਹਾਕੀ ਖਿਡਾਰੀਆਂ ਨੂੰ ਵੀ ਮਿਲੇ ਤਾਂ ਹੋਰ ਵੀ ਪੰਜਾਬੀ ਖਿਡਾਰੀ ਕੈਨੇਡਾ ਦੀ ਟੀਮ ਦੇ ਮੈਂਬਰ ਬਣ ਕੇ ਓਲੰਪਿਕ ਖੇਡ ਸਕਦੇ ਹਨ ਤੇ ਕਿਸੇ ਦਿਨ ਮੈਡਲ ਵੀ ਜਿੱਤ ਸਕਦੇ ਹਨ। ਖੇਡ ਪ੍ਰੇਮੀਆਂ ਤੇ ਸਰਕਾਰਾਂ ਨੂੰ ਸਾਰੀਆਂ ਹੀ ਖੇਡਾਂ ਦੇ ਖਿਡਾਰੀਆਂ ਲਈ ਸੰਤੁਲਤ ਪਹੁੰਚ ਅਪਨਾਉਣੀ ਚਾਹੀਦੀ ਹੈ।

Read 3205 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।