You are here:ਮੁਖ ਪੰਨਾ»ਰਚਨਾ ਅਧਿਐਨ»ਅੰਧਵਿਸ਼ਵਾਸ ਨਾਲ ਹੁੰਦੀ ਹੈ ਲੋਕਾਂ ਦੇ ਵਿਵੇਕ ਦੀ ਹੱਤਿਆ
Coming soon: A new and improved Global Punjabi site!!!

ਲੇਖ਼ਕ

Wednesday, 29 April 2026 11:25

ਅੰਧਵਿਸ਼ਵਾਸ ਨਾਲ ਹੁੰਦੀ ਹੈ ਲੋਕਾਂ ਦੇ ਵਿਵੇਕ ਦੀ ਹੱਤਿਆ

Written by
Rate this item
(0 votes)

ਅੰਧਵਿਸ਼ਵਾਸ ਕਿਸੇ ਵੀ ਸਮਾਜ ਲਈ ਸੰਘਣੇ ਹਨੇਰੇ ਵਰਗੀ ਸਥਿਤੀ ਹੁੰਦੀ ਹੈ। ਅੰਧਵਿਸ਼ਵਾਸਾਂ ਦੇ ਗਲਬੇ ਵਿੱਚ ਲੋਕਾਂ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਬੌਣੀ ਹੋ ਜਾਂਦੀ ਹੈ। ਜਿਸ ਸਮਾਜ ਵਿੱਚ ਅੰਧਵਿਸ਼ਵਾਸ ਵਧੇਰੇ ਹੁੰਦੇ ਹਨ ਉਸ ਸਮਾਜ ਵਿੱਚ ਜੀਵਨ ਪਛੜ ਜਾਂਦਾ ਹੈ। ਲੋਕ ਆਪਣੇ ਘਰਾਂ ਦੇ ਦੁੱਖਾਂ, ਕਲੇਸ਼ਾਂ, ਗਰੀਬੀ, ਮੰਦਹਾਲੀ ਲਈ ਕਿਸੇ ਗੈਬੀ ਤਾਕਤ ਨੂੰ ਜ਼ਿੰਮੇਵਾਰ ਮੰਨਦੇ ਹਨ। ਲੋਕਾਂ ਦਾ ਜੀਵਨ ਮਨੋਰਥ ਗਵਾਚ ਜਾਂਦਾ ਹੈ। ਸੋਚ ਵਿਚਾਰ ਪੱਖੋਂ ਕੰਗਾਲ ਹੋਏ ਲੋਕ ਆਪਣੇ ਹਾਲਾਤ ਠੀਕ ਕਰਨ ਲਈ ਅਖੌਤੀ ਕਰਮ ਕਾਂਡਾਂ ਵਿੱਚ ਫਸਦੇ ਹਨ। ਕਿਸੇ ਅਖੌਤੀ ਸਾਧ ਸੰਤ ਸਿਆਣੇ ਦੇ ਦਰ ’ਤੇ ਮੱਥੇ ਰਗੜਦੇ ਹਨ। ਚੜ੍ਹਾਵੇ ਚੜ੍ਹਾਉਂਦੇ ਹਨ।

ਸਾਡੇ ਮੁਲਕ ਵਿੱਚ ਹਰ ਪਿੰਡ ਗਲੀ ਮੁਹੱਲੇ ਪੁੱਛਾਂ ਦੇਣ ਵਾਲੇ, ਚੌਕੀਆਂ ਲਾਉਣ ਵਾਲੇ, ਰੂਹਾਂ-ਬਦਰੂਹਾਂ ਅਤੇ ਕੀਤੇ ਕਰਾਏ ਦਾ ਹੱਲ ਕਰਨ ਵਾਲੇ ਅਖੌਤੀ ਸਿਆਣੇ ਆਮ ਮਿਲ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤੇ ਆਪ ਮਨੋਵਿਕਾਰਾਂ ਦੇ ਸ਼ਿਕਾਰ ਹੁੰਦੇ ਹਨ। ਅਖੌਤੀ ਜੰਤਰ-ਮੰਤਰ ਅਤੇ ਤੰਤਰ ਮਾਹਿਰ ਅੰਧਵਿਸ਼ਵਾਸ ਦੇ ਹਨੇਰੇ ਵਿੱਚ ਅਜਿਹੇ ਕਾਰਿਆਂ ਨੂੰ ਸਰ-ਅੰਜਾਮ ਦਿੰਦੇ ਹਨ ਜਿਹਨਾਂ ਨਾਲ ਗਿਆਨ ਵਿਗਿਆਨ ਦੇ ਇਸ ਯੁੱਗ ਵਿੱਚ ਮਨੁੱਖਤਾ ਸ਼ਰਮਸ਼ਾਰ ਹੋ ਜਾਂਦੀ ਹੈ। ਪਿਛਲੇ ਦਿਨੀਂ ਖਡੂਰ ਸਹਿਬ ਨੇੜਲੇ ਪਿੰਡ ਕੱਲ੍ਹਾ ਦੇ ਇੱਕ ਤਾਂਤਰਿਕ ਨੇ ਆਪਣੇ ਹੀ ਰਿਸ਼ਤੇਦਾਰ ਦੇ ਢਾਈ ਸਾਲ ਦੇ ਮਾਸੂਮ ਬੱਚੇ ਦੀ ਬਲੀ ਲੈਣ ਲਈ ਜ਼ਮੀਨ ਉੱਤੇ ਪਟਕ ਪਟਕ ਕੇ ਉਸਦੀ ਜਾਨ ਲੈ ਲਈ। ਇਸ ਘਟਨਾ ਤੋਂ ਕੁਝ ਦਿਨ ਬਾਅਦ ਇੱਕ ਅਖੌਤੀ ਤਾਂਤਰਿਕ ਦੇ ਚੱਕਰ ਵਿੱਚ ਲਾਂਬੜਾ ਥਾਣੇ ਅਧੀਨ ਪੈਂਦੇ ਪਿੰਡ ਮਲਕੋ ਵਿੱਚ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਅੱਜ ਦੇ ਵਿਗਿਆਨ ਦੇ ਯੁੱਗ ਵਿੱਚ ਵੀ ਜੇਕਰ ਅਜਿਹੀਆਂ ਵਹਿਸ਼ਤ ਭਰੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਾਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਬੇਹੱਦ ਚਿੰਤਤ ਹੋਣ ਦੀ ਲੋੜ ਹੈ। ਇਹ ਸਭ ਕੁਝ ਦਰਸਾਉਂਦਾ ਹੈ ਕਿ ਸਾਡੇ ਸਮਾਜ ਦਾ ਵੱਡਾ ਹਿੱਸਾ ਅਜੇ ਵੀ ਮੱਧਯੁੱਗ ਵਿੱਚ ਵਿਚਰ ਰਿਹਾ ਹੈ।

ਇਹ ਦੋਵੇਂ ਘਟਨਾਵਾਂ ਪੰਜਾਬ ਨਾਲ ਸਬੰਧਤ ਹਨ। ਪਰ ਪੂਰੇ ਭਾਰਤ ਵਿੱਚ ਤਾਂ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ। ਕਿਸੇ ਜਾਨਵਰ ਦੀ ਬਲੀ ਲੈਣੀ ਵੀ ਨਿੰਦਣਯੋਗ ਵਰਤਾਰਾ ਹੈ ਪਰ ਕਿਸੇ ਬੱਚੇ ਦੀ ਬਲੀ ਲੈਣੀ ਤਾਂ ਅਤਿ ਨੀਚ ਹਰਕਤ ਹੈ, ਜਿਸ ਨੂੰ ਸੱਭਿਆ ਸਮਾਜ ਵਿੱਚ ਕਿਵੇਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਰਅਸਲ ਬਲੀ ਦੇਣ ਪਿੱਛੇ ਵੀ ਕਈ ਤਰ੍ਹਾਂ ਦੀਆਂ ਰੂੜੀਵਾਦੀ ਧਾਰਨਾਵਾਂ ਬਣੀਆਂ ਹੋਈਆਂ ਹਨ। ਪੁਰਾਣੇ ਸਮੇਂ ਦਾ ਮਨੁੱਖ, ਜਿਸ ਦੀ ਸੋਚ ਦਾ ਦਾਇਰਾ ਬੜਾ ਸੀਮਤ ਸੀ, ਉਹ ਸ਼ਿਕਾਰ ਕਰਕੇ ਆਪਣਾ ਨਿਰਬਾਹ ਕਰਦਾ ਸੀ। ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਚੰਗਾ ਸ਼ਿਕਾਰ ਮਾਰਨਾ ਅਤੇ ਇਸ ਨੂੰ ਖਾਣਾ ਹੁੰਦਾ ਸੀ। ਸ਼ਿਕਾਰ ਮਾਰਕੇ ਕਿਸੇ ਗੈਬੀ ਤਾਕਤ ਨੂੰ ਭੇਂਟ ਕਰਨ ਨੂੰ ਉਸ ਦੀ ਪੂਜਾ ਸਮਝਿਆ ਜਾਂਦਾ ਸੀ ਇਸੇ ਮਾਨਸਿਕਤਾ ਤਹਿਤ ਅੱਜ ਵੀ ਲੋਕ ਸਮਝਦੇ ਹਨ ਕਿਸੇ ਓਪਰੀ ਤਾਕਤ ਨੂੰ ਖੁਸ਼ ਕਰਨ ਲਈ ਬਲੀ ਦੇ ਕੇ ਉਸ ਤੋਂ ਮਨਮਰਜ਼ੀ ਦਾ ਕੰਮ ਕਰਵਾਇਆ ਜਾ ਸਕਦਾ ਹੈ। ਟੂਣੇ ਟਾਮਣ ਕਰਨ ਪਿੱਛੇ ਵੀ ਅਜਿਹੀ ਮਾਨਸਿਕਤਾ ਹੀ ਕੰਮ ਕਰ ਰਹੀ ਹੁੰਦੀ ਹੈ। ਜਦਕਿ ਅਜਿਹਾ ਕੁਝ ਕਰਨ ਨਾਲ ਕੁਝ ਵੀ ਨਹੀਂ ਹੋਣਾ ਹੁੰਦਾ।

ਇੱਕ ਤਾਂ ਅਜਿਹੇ ਅੰਧਵਿਸ਼ਵਾਸ਼ੀ ਕਰਮ ਕਾਂਡ ਕਰਨ ਵਾਲੇ ਤਾਂਤਰਿਕ ਹਨ ਜੋ ਕਈ ਵਾਰ ਕਿਸੇ ਮਾਸੂਮ ਦੀ ਹੱਤਿਆ ਕਰਨ ਤੱਕ ਚਲੇ ਜਾਂਦੇ ਹਨ। ਦੂਜੇ ਉਹ ਹਨ ਜੋ ਅੱਜ ਵੱਡੀ ਪੱਧਰ ’ਤੇ ਅੰਧਵਿਸ਼ਵਾਸ ਦਾ ਕਾਰੋਬਾਰ ਕਰਦੇ ਹਨ। ਇਹ ਲੋਕਾਂ ਦੀ ਸਰੀਰਕ ਹੱਤਿਆ ਭਾਵੇਂ ਨਹੀਂ ਕਰਦੇ ਪਰ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਅੰਧਵਿਸ਼ਵਾਸ਼ੀ ਗਤੀਵਿਧੀਆਂ ਨਾਲ ਲੱਖਾਂ ਲੋਕਾਂ ਦੇ ਵਿਵੇਕ ਦੀ ਹੱਤਿਆ ਜ਼ਰੂਰ ਹੁੰਦੀ ਹੈ। ਅੱਜ ਵੀ ਕਰੋੜਾਂ ਲੋਕ ਗੈਬੀ ਤਾਕਤਾਂ ਵਿੱਚ ਅੰਨ੍ਹੀ ਸ਼ਰਧਾ ਰੱਖਦੇ ਹਨ ਅਤੇ ਸਮਝਦੇ ਹਨ ਕਿ ਘਰ ਵਿੱਚ ਚੰਗੇ ਮਾੜੇ ਕਾਰਜਾਂ ਲਈ ਕੋਈ ਓਪਰੀ ਗੈਬੀ ਤਾਕਤ ਜ਼ਿੰਮੇਵਾਰ ਹੈ। ਲੋਕ ਸਮਝਦੇ ਹਨ ਕਿ ਕਿਸੇ ਸਾਧ ਸੰਤ ਜਾਂ ਸਿਆਣੇ ਦੇ ਲੜ ਲੱਗ ਕੇ ਮਾੜੀਆਂ ਹਾਲਤਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਘਰਬਾਰ ਅਤੇ ਕਾਰੋਬਾਰ ਦੀ ਭਲਾਈ, ਬਿਮਾਰੀਆਂ ਦੁਸ਼ਵਾਰੀਆਂ ਤੋਂ ਨਿਜਾਤ ਪਾਉਣ ਲਈ ਲੱਖਾਂ ਲੋਕ ਮੱਠਾਂ, ਡੇਰਿਆਂ, ਸੰਪਰਦਾਵਾਂ ਵਿੱਚ ਜਾ ਕੇ ਸੇਵਾ ਕਰਦੇ ਹਨ। ਸਾਡੇ ਮੁਲਕ ਵਿੱਚ ਰੋਜ਼ਾਨਾਂ ਲੱਖਾਂ ਲੀਟਰ ਪੈਟਰੋਲ, ਡੀਜ਼ਲ ਅਜਿਹੀਆਂ ਯਾਤਰਾਵਾਂ ਲਈ ਫੂਕਿਆ ਜਾਂਦਾ ਹੈ। ਲੱਖਾਂ ਮਨੁੱਖਾਂ ਦੀ ਐਨਰਜੀ ਫਜੂਲ ਕੰਮਾਂ ’ਤੇ ਵਿਆਰਥ ਖਰਚ ਹੁੰਦੀ ਹੈ। ਅੰਧਵਿਸ਼ਵਾਸ ਦਾ ਕਾਰੋਬਾਰ ਕਰਨ ਵਾਲੇ ਸਾਧ, ਸੰਤ, ਸੁਆਮੀ ਲੋਕਾਂ ਦੀ ਅੰਧਵਿਸ਼ਵਾਸ਼ੀ ਮਨੋਬਿਰਤੀ ਸਦਕਾ ਐਸ਼ਮਈ ਜਿੰਦਗੀ ਜਿਉਂਦੇ ਹਨ। ਆਲੀਸ਼ਾਨ ਇਮਾਰਤਾਂ ਅਤੇ ਮਹਿੰਗੀਆਂ ਗੱਡੀਆਂ ਵਿੱਚ ਰਹਿਣ ਵਾਲੇ ਅਖੌਤੀ ਸਾਧ ਸੰਤ ਹੁਣ ਆਪਣੀ ਸੰਗਤ ਦੀ ਗਿਣਤੀ ਮੁਤਾਬਿਕ ਲੁਕਵੇਂ ਰੂਪ ਵਿੱਚ ਸੱਤਾ ਦੇ ਹਿੱਸੇਦਾਰ ਵੀ ਬਣਨ ਲੱਗ ਪਏ ਹਨ। ਗਰੀਬੀ, ਮੰਦਹਾਲੀ ਦੇ ਸਤਾਏ ਗਰੀਬ ਲੋਕ ਆਪਣੇ ਘਰਾਂ ਦੇ ਧੋਣੇ ਧੋਣ ਲਈ ਇਹਨਾਂ ਸ਼ਹਿਨਸ਼ਾਹਾਂ ਵਰਗੇ ਸਾਧਾਂ ਬਾਬਿਆਂ ਦੇ ਦੇ ਦਰਾਂ ’ਤੇ ਬੱਚਿਆਂ ਸਮੇਤ ਮੱਥੇ ਰਗੜਦੇ ਹਨ, ਡੰਡੌਂਤਾ ਕਰਦੇ ਹਨ। ਜਿਵੇਂ ਇਸ ਧਰਤੀ ’ਤੇ ਪੈਦਾ ਹੋ ਕੇ ਉਹਨਾਂ ਨੇ ਕੋਈ ਵੱਡਾ ਗੁਨਾਹ ਕਰ ਲਿਆ ਹੋਵੇ। ਇਹ ਭੋਲੇ ਭਾਲੇ ਲੋਕ ਇਹ ਨਹੀਂ ਜਾਣਦੇ ਕਿ ਮੰਦਹਾਲੀ ਲਈ ਉਹਨਾਂ ਦੀ ਕਿਸਮਤ ਨਹੀਂ ਬਲਕਿ ਦੇਸ਼ ਦਾ ਭ੍ਰਿਸ਼ਟ ਪ੍ਰਸ਼ਾਸਨਿਕ ਤੰਤਰ ਜ਼ਿੰਮੇਵਾਰ ਹੈ। ਇਹਨਾਂ ਸੰਸਥਾਵਾਂ ’ਤੇ ਇਕੱਠੇ ਹੋਏ ਲੱਖਾਂ ਲੋਕਾਂ ਨੂੰ ਅਖੌਤੀ ਅਗਲੀ ਪਿਛਲੇ ਦੁਨੀਆਂ ਦੇ ਨਕਸ਼ੇ ਦਿਖਾ ਦਿਖਾ ਕੇ ਡਰਾਇਆ ਜਾਂਦਾ ਹੈ ਕਿ ਨਰਕ ਕੁੰਡ ਤੋਂ ਪਾਰ ਉਤਾਰਾ ਕਰਨ ਲਈ ਸਾਧਾਂ ਸੰਤਾਂ ਦੇ ਲੜ ਲੱਗ ਜਾਓ। ਇਹਨਾਂ ਦੀ ਸੰਗਤ ਕਰੋ, ਇਹਨਾਂ ਨੂੰ ਦਿੱਤੀ ਮਾਇਆ ਅੱਗੇ ਜਾ ਕੇ 72 ਗੁਣਾ ਹੋ ਕੇ ਤੁਹਾਨੂੰ ਮਿਲਣੀ ਹੈ। ਹਰ ਹਾਲਤ ਵਿੱਚ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ ਅਤੇ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾ। ਅਜਿਹੀਆਂ ਧਾਰਨਾਵਾਂ ਦਾ ਪ੍ਰਚਾਰ ਕਰਕੇ ਜਿੱਥੇ ਆਪਣੇ ਡੇਰੇ ਜਾਂ ਸੰਪਰਦਾ ਨਾਲ ਲੋਕਾਂ ਨੂੰ ਬੰਨ੍ਹਿਆ ਜਾਂਦਾ ਹੈ, ਉੱਥੇ ਅਜਿਹੀ ਵਿਚਾਰਧਾਰਾ ਲੋਕਾਂ ਦੇ ਵਿਵੇਕਸ਼ੀਲ ਹੋਣ ਵਿੱਚ ਰੁਕਾਵਟ ਬਣਦੀ ਹੈ। ਅਸੀਂ ਗੁਰੂ ਨਾਨਕ ਦੇਵ ਜੀ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪੜ੍ਹੀਏ ਤਾਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਆਪਣਾ ਜੀਵਨ ਕਿਸੇ ਹੋਰ ਦੁਨੀਆਂ ਲਈ ਨਹੀਂ ਬਲਕਿ ਇਸ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਕੀਤਾ। ਉਹ ਸੁਖਮਈ ਜਿੰਦਗੀ ਬਤੀਤ ਕਰ ਸਕਦੇ ਸਨ ਪਰ ਉਹਨਾਂ ਨੇ ਆਮ ਮਨੁੱਖ ਦੇ ਦੁੱਖਾਂ, ਦਰਦਾਂ, ਕਸ਼ਟਾਂ ਲਈ ਆਪਣੇ ਸੁਖ ਆਰਾਮ ਦੀ ਕੁਰਬਾਨੀ ਦਿੱਤੀ। ਇਸ ਦੇ ਉਲਟ ਅੱਜ ਦੇ ਸਾਧ ਸੰਤ, ਸੁਆਮੀ, ਡੇਰੇਦਾਰ ਆਦਿ ਆਤਮਾ-ਪ੍ਰਮਾਤਮਾ, ਨਰਕ ਸਵਰਗ ਆਦਿ ਦੇ ਨਾਮ ’ਤੇ ਵੱਡੇ ਕਾਰੋਬਾਰ ਕਰਕੇ ਮਾਲਾਮਾਲ ਹੋ ਰਹੇ ਹਨ, ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਦੇ ਹਨੇਰੇ ਨੂੰ ਹੋਰ ਸੰਘਣਾ ਕਰ ਰਹੇ ਹਨ। ਅੰਧਵਿਸ਼ਵਾਸਾਂ ਦੇ ਸ਼ਿਕਾਰ ਸਮਾਜ ਕਈ ਦਹਾਕੇ ਪਛੜ ਜਾਂਦੇ ਹਨ। ਅੰਧਵਿਸ਼ਵਾਸਾਂ ਵਿੱਚ ਗ੍ਰਸਤ ਸਮਾਜਾਂ ਵਿੱਚ ਨਵੀਆਂ ਸੋਚਾਂ ਅਤੇ ਨਵੇਂ ਵਿਚਾਰਾਂ ਵਾਲੇ ਲੋਕ ਪੈਦਾ ਨਹੀਂ ਹੁੰਦੇ। ਅਸੀਂ ਦੁਨੀਆਂ ਭਰ ਦਾ ਨਕਸ਼ਾ ਦੇਖੀਏ ਤਾਂ ਪਤਾ ਚਲਦਾ ਹੈ ਕਿ ਦੁਨੀਆਂ ਵਿੱਚ ਜਿੱਥੇ ਜਿੱਥੇ ਕਰਮ ਕਾਂਡ, ਪਾਠ ਪੂਜਾ, ਵਹਿਮ ਭਰਮ ਦੇ ਜਾਲੇ ਵਧੇਰੇ ਸੰਘਣੇ ਹੁੰਦੇ ਹਨ, ਉੱਥੇ ਲੋਕਾਂ ਵਿੱਚ ਸੋਚ ਵਿਚਾਰ ਕਰਨ ਦੀ ਤਾਕਤ ਵੀ ਨਿਗੁਣੀ ਹੋ ਜਾਂਦੀ ਹੈ। ਇਸ ਦੇ ਉਲਟ ਜਿਹੜੇ ਦੇਸ਼ਾਂ ਵਿੱਚ ਅੰਧਵਿਸ਼ਵਾਸਾਂ ਦਾ ਗਲਬਾ ਘੱਟ ਹੈ, ਉੱਥੇ ਨਵੀਆਂ ਲੱਭਤਾਂ ਲੱਭੀਆਂ ਗਈਆਂ। ਉੱਥੇ ਉੱਚੀ ਸਮਝ ਵਾਲੇ ਵਿਚਾਰਕ, ਦਾਰਸ਼ਨਿਕ, ਵਿਦਵਾਨ ਅਤੇ ਮਹਾਨ ਖੋਜਾਂ ਕਰਨ ਵਾਲੇ ਮਹਾਨ ਵਿਗਿਆਨੀ ਪੈਦਾ ਹੋਏ। ਕਿਸੇ ਵੀ ਮੁਲਕ ਦੀ ਤਰੱਕੀ ਲਈ ਇਹ ਬੜਾ ਜ਼ਰੂਰੀ ਹੈ ਕਿ ਅੰਧਵਿਸ਼ਵਾਸਾਂ ਖਿਲਾਫ ਵੱਡੀ ਮੁਹਿੰਮ ਵਿੱਡੀ ਜਾਵੇ।

ਗਿਆਨ ਵਿਗਿਆਨ ਅਤੇ ਵਿੱਦਿਆ ਦੇ ਪ੍ਰਸਾਰ ਦੇ ਬਾਵਜੂਦ ਵੀ ਅੰਧਵਿਸ਼ਵਾਸ ਹੋਰ ਤੇਜ਼ੀ ਨਾਲ ਵਧਣਾ ਲੱਗ ਹੈ। ਇਸ ਦੇ ਪਿੱਛੇ ਬਰੀਕ ਕਾਰਨ ਹਨ। ਵਿਗਿਆਨ ਦੀ ਹਰ ਖੋਜ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਹਰ ਤਰ੍ਹਾਂ ਦੀਆਂ ਪੁਰਾਤਨ ਰੂੜੀਵਾਦੀ ਧਾਰਨਾਵਾਂ ਨੂੰ ਤਿਆਗ ਦਿੱਤਾ ਜਾਂਦਾ ਹੈ। ਬਲਕਿ ਹਰ ਪੁਰਾਤਨ ਧਾਰਨਾ ਨੂੰ ਤਿਆਗਣ ਤੋਂ ਬਾਅਦ ਵਿਗਿਆਨ ਦਾ ਜਨਮ ਹੁੰਦਾ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵਿਗਿਆਨ ਵੱਲੋਂ ਪੈਦਾ ਕੀਤੀਆਂ ਵਸਤਾਂ ਨੂੰ ਲਾਲਚੀ ਮਨੋਬਿਰਤੀ ਤਹਿਤ ਅੰਧਵਿਸ਼ਵਾਸ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ। ਕੰਪਿਊਟਰ ਲੈਪਟੋਪ ’ਤੇ ਅਪਲੋਡ ਕੀਤੇ ਪ੍ਰੋਗਰਾਮਾਂ ਰਾਹੀਂ ਹੁਣ ਮਨੁੱਖ ਦਾ ਭਵਿੱਖ ਦੱਸਿਆ ਜਾਣ ਲੱਗਿਆ ਹੈ। ਕੁੰਡਲੀਆਂ ਤਿਆਰ ਕੀਤੀਆਂ ਜਾਣ ਲੱਗੀਆਂ ਹਨ। ਇੰਟਰਨੈੱਟ ਅਤੇ ਮੋਬਾਇਲ ਫੋਨ ਦੀ ਮਦਦ ਨਾਲ ਵੀ ਹਰ ਰੋਜ਼ ਅੰਧਵਿਸ਼ਵਾਸਾਂ ਦਾ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ। ਕਰਮਕਾਂਡ ਕਰਨ ਲਈ ਵਿਗਿਆਨਕ ਤਕਨੀਕ ਦੀ ਮਦਦ ਲਈ ਜਾ ਰਹੀ ਹੈ।

ਸਾਡੇ ਮੁਲਕ ਵਿੱਚ ਬੇਰੁਜ਼ਗਾਰੀ ਹੈ, ਗਰੀਬੀ ਹੈ, ਬਹੁਗਿਣਤੀ ਲੋਕਾਂ ਦੀ ਹਾਲਤ ਬਦਤਰ ਹੈ। ਇਸ ਦਾ ਲਾਹਾ ਅਖੌਤੀ ਅਧਿਆਤਮਵਾਦੀ ਲੋਕ ਵੀ ਲੈਂਦੇ ਹਨ ਅਤੇ ਇਹ ਵਿਵਸਥਾ ਸਾਡੇ ਬਹੁਗਿਣਤੀ ਰਾਜਨੀਤਕਾਂ ਦੇ ਵੀ ਬੜੀ ਫਿੱਟ ਬੈਠਦੀ ਹੈ। ਲੋਕਾਂ ਨੂੰ ਭਵਜਲੋਂ ਪਾਰ ਕਰਨ ਦਾ ਦਾਅਵਾ ਕਰਨ ਵਾਲੇ ਆਮ ਮਨੁੱਖ ਨੂੰ ਸਮਝਾਈ ਰੱਖਦੇ ਹਨ ਕਿ ਤੁਹਾਡੀ ਇਹ ਹਾਲਤ ਮਾੜੇ ਸਿਸਟਮ ਦੀ ਨਹੀਂ ਬਲਕਿ ਤੁਹਾਡੇ ਪਿਛਲੇ ਕਰਮਾਂ ਦਾ ਫਲ ਹੈ। ਜੇਕਰ ਅਗਲਾ ਜਨਮ ਸੁਆਰਨਾ ਹੈ ਤਾਂ ਸਾਧਾਂ ਸੰਤਾਂ ਦੇ ਲੜ ਲੱਗੋ। ਕਿਸਮਤਵਾਦ ਦੇ ਗਲਬੇ ਅਧੀਨ ਹੋਏ ਲੋਕ ਆਪਣੇ ਆਲੇ ਦੁਆਲੇ ਫੈਲੀ ਭ੍ਰਿਸ਼ਟਤਾ ਪ੍ਰਤੀ ਸੰਵੇਦਨਹੀਣ ਹੋਏ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਰਾਜਨੇਤਾਵਾਂ ਦੇ ਕਾਰੋਬਾਰਾਂ ਦਾ ਵਿਸਥਾਰ ਹੁੰਦਾ ਰਹਿੰਦਾ ਹੈ। ਲੱਖਾਂ ਲੋਕ ਆਪਣੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਵੱਖ ਵੱਖ ਦਿਨਾਂ, ਵਾਰਾਂ, ਸੰਗਰਾਂਦ, ਮੱਸਿਆ, ਪੁੰਨਿਆ ਨੂੰ ਟਰੱਕਾਂ ਟਰਾਲੀਆਂ ਦੀਆਂ ਡਬਲ ਛੱਤਾਂ ਬਣਾ ਕੇ ਇੱਧਰ ਉੱਧਰ ਯਾਤਰਾਵਾਂ ਕਰਦੇ ਰਹਿੰਦੇ ਹਨ। ਲੋਕਾਂ ਦੀ ਗਰੀਬੀ, ਮੰਦਹਾਲੀ ਦੂਰ ਕਰਨ ਵਾਲੇ ਡੇਰਿਆਂ, ਸੰਪਰਦਾਵਾਂ ਅਤੇ ਅਸਥਾਨਾਂ ਦੀਆਂ ਜਾਇਦਾਦਾਂ ਵਿੱਚ ਬੇਸ਼ੁਮਾਰ ਵਾਧਾ ਹੁੰਦਾ ਹੈ, ਜਿਸ ਸਦਕਾ ਕਰੋੜਾਂ ਗਰੀਬ ਲੋਕਾਂ ਦੇ ਖਰਬਪਤੀ ਭਗਵਾਨਾਂ ਵਾਲੇ ਇਸ ਦੇਸ਼ ਵਿੱਚ ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ।

ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਬਿਹਤਰ ਬਣੇ, ਇਹ ਸਹੀ ਅਰਥਾਂ ਵਿੱਚ ਵਿਕਾਸ ਅਤੇ ਤਰੱਕੀ ਕਰੇ ਤਾਂ ਇਸ ਲਈ ਜ਼ਰੂਰੀ ਹੈ ਕਿ ਇੱਥੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਦਾ ਖਾਤਮਾ ਹੋਵੇ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਚੰਗੇ ਵਿਚਾਰਕ, ਵਿਦਵਾਨ ਅਤੇ ਚੰਗੇ ਵਿਗਿਆਨੀ ਪੈਦਾ ਹੋਣ ਤਾਂ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਅੰਧਵਿਸ਼ਵਾਸਾਂ ਦੇ ਗਲਬੇ ਵਿੱਚੋਂ ਕੱਢਣ ਲਈ ਯਤਨਸ਼ੀਲ ਹੋਇਆ ਜਾਵੇ। ਲੋੜ ਹੈ ਕਿ ਸਕੂਲਾਂ ਕਾਲਜਾਂ ਦੇ ਸਲੇਬਸਾਂ ਦੀਆਂ ਕਿਤਾਬਾਂ ਵਿੱਚ ਤਰਕਸ਼ੀਲ ਅਤੇ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਵਾਲੇ ਪਾਠ ਸ਼ਾਮਲ ਕੀਤੇ ਜਾਣ। ਚੰਗੇ ਅਖਬਾਰਾਂ ਅਤੇ ਟੀ ਵੀ ਚੈਨਲਾਂ ਨੂੰ ਵੀ ਇਸ ਸਬੰਧੀ ਉਸਾਰੂ ਯਤਨ ਕਰਨੇ ਚਾਹੀਦੇ ਹਨ।

*****

Read 211 times