You are here:ਮੁਖ ਪੰਨਾ»ਰਚਨਾ ਅਧਿਐਨ»ਮਨੁੱਖ ਜੇਕਰ ਸ਼ੋਕ ਸਭਾਵਾਂ ਦੇ ਸੁਨੇਹਿਆਂ ਉੱਤੇ ਅਮਲ ਕਰ ਲਵੇ ਤਾਂ ..
Coming soon: A new and improved Global Punjabi site!!!

ਲੇਖ਼ਕ

Saturday, 02 May 2026 11:21

ਮਨੁੱਖ ਜੇਕਰ ਸ਼ੋਕ ਸਭਾਵਾਂ ਦੇ ਸੁਨੇਹਿਆਂ ਉੱਤੇ ਅਮਲ ਕਰ ਲਵੇ ਤਾਂ ..

Written by
Rate this item
(0 votes)

ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ਵਿੱਚੋਂ ਪ੍ਰੋਫੈਸਰ ਸੇਵਾ ਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸਦੀ ਪਤਨੀ ਨੂੰ ਸੇਵਾ ਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੌਰ ਵਸਣਾ ਪਿਆ ਸੀ ਪਰ ਉਹ ਆਪਣੇ ਪਿਛੋਕੜ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਉਹ ਆਪਣੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਦੁੱਖਾਂ-ਸੁੱਖਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦਾ ਸੀ। ਉਸਦੀ ਮੌਤ ਅਤੇ ਦਾਹ ਸੰਸਕਾਰ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਦੇ ਮਿੱਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸੁਝਾਅ ਨੂੰ ਮੰਨਕੇ ਉਸਦੀ ਸ਼ੋਕ ਸਭਾ ਉਸ ਸ਼ਹਿਰ ਵਿੱਚ ਕਰਨ ਦਾ ਫੈਸਲਾ ਕੀਤਾ ਜਿੱਥੇ ਉਸਨੇ ਜ਼ਿੰਦਗੀ ਦਾ ਕਾਫੀ ਸਮਾਂ ਗੁਜ਼ਾਰਿਆ ਸੀ। ਲੋਕਾਂ ਦੇ ਮੂੰਹ ਤੋਂ ਅਕਸਰ ਹੀ ਇਹ ਸ਼ਬਦ ਸੁਣਨ ਨੂੰ ਮਿਲਦੇ ਹਨ ਕਿ ਲੋਕ ਉਦੋਂ ਤਕ ਤੁਹਾਡੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਤੁਹਾਡੇ ਨਾਲ ਵਾਹ ਹੁੰਦਾ ਹੈ ਪਰ ਮੇਰੇ ਮਿੱਤਰ ਦੀ ਉਸ ਸ਼ੋਕ ਸਭਾ ਵਿੱਚ ਇਕੱਠੇ ਹੋਏ ਲੋਕਾਂ ਦਾ ਹਜ਼ਾਰਾਂ ਦਾ ਇਕੱਠ ਇਹ ਸੁਨੇਹਾ ਦੇ ਰਿਹਾ ਸੀ ਕਿ ਤੁਹਾਡਾ ਮਿਲਵਰਤਨ, ਚੰਗਾ ਸੁਭਾਅ, ਕਿਰਦਾਰ, ਤੁਹਾਡੀ ਨੇਕ ਨੀਤੀ ਅਤੇ ਸ਼ਖਸੀਅਤ ਤੁਹਾਡੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਦੇ ਹਨ।

ਉਸ ਸ਼ੋਕ ਸਭਾ ਵਿੱਚ ਉਸ ਨਾਲ ਕੰਮ ਕਰ ਚੁੱਕੇ ਦੂਰ ਦੁਰਾਡੇ ਥਾਂਵਾਂ ਤੋਂ ਸੇਵਾ ਮੁਕਤ ਪ੍ਰੋਫੈਸਰਾਂ, ਕਰਮਚਾਰੀਆਂ, ਪ੍ਰਿੰਸੀਪਲਾਂ, ਅਧਿਆਪਕ ਜਥੇਬੰਦੀਆਂ ਦੇ ਅਹੁਦੇਦਾਰਾਂ ਦਾ ਆਉਣਾ ਇਹ ਸੁਨੇਹਾ ਦੇ ਰਿਹਾ ਸੀ ਕਿ ਮੌਤ ਤੋਂ ਬਾਅਦ ਵੀ ਮਨੁੱਖ ਦੀ ਪਛਾਣ ਦਾ ਪਤਾ ਚੱਲ ਜਾਂਦਾ ਹੈ। ਉਸ ਸ਼ੋਕ ਸਭਾ ਵਿੱਚ ਆਏ ਲੋਕਾਂ ਵੱਲੋਂ ਉਸਦੇ ਬਤੌਰ ਪ੍ਰੋਫੈਸਰ ਕੰਮ ਕਰਨ ਦੇ ਢੰਗ ਦਾ ਜ਼ਿਕਰ ਕਰਦਿਆਂ ਇਹ ਕਹਿਣਾ ਕਿ ਉਹ ਬਹੁਤ ਹੀ ਇਮਾਨਦਾਰ, ਨੇਕ ਦਿਲ, ਗਰੀਬਾਂ ਦਾ ਭਲਾ ਕਰਨ ਵਾਲਾ ਅਤੇ ਬਹੁਤ ਹੀ ਨਿਮਰਤਾ ਨਾਲ ਭਰਿਆ ਹੋਇਆ ਇਨਸਾਨ ਸੀ, ਇਹ ਸੁਨੇਹਾ ਦੇ ਰਿਹਾ ਸੀ ਕਿ ਮਨੁੱਖ ਨੂੰ ਆਪਣੇ ਅਹੁਦੇ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ। ਸ਼ੋਕ ਸਭਾ ਵਿੱਚ ਲੋਕਾਂ ਦੇ ਉਦਾਸ ਚਿਹਰੇ ਇਹ ਦੱਸ ਰਹੇ ਸਨ ਕਿ ਲੋਕ ਦਿਲੋਂ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹੋਏ ਹਨ। ਉਸ ਨੂੰ ਸ਼ਰਧਾਂਜ਼ਲੀ ਦੇਣ ਵਾਲੇ ਲੋਕਾਂ ਦੇ ਸ਼ਬਦ ਸੱਚਮੁੱਚ ਹੀ ਉਸਦੇ ਇਸ ਦੁਨੀਆ ਤੋਂ ਤੁਰ ਜਾਣ ਨਾਲ ਉਸਦੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ, ਜਾਣਕਾਰਾਂ ਅਤੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਪੈਦਾ ਹੋਏ ਖਲਾਅ ਦਾ ਸੁਨੇਹਾ ਦੇ ਰਹੇ ਸਨ। ਉਸ ਦਰਵੇਸ਼ ਇਨਸਾਨ ਵੱਲੋਂ ਰਿਸ਼ਤੇ ਵਿੱਚ ਇੱਕ ਚੰਗੇ ਪੁੱਤਰ, ਪਤੀ, ਪਿਤਾ, ਭਰਾ, ਮਿੱਤਰ ਅਤੇ ਸਹੁਰੇ ਵਜੋਂ ਨਿਭਾਈ ਗਈ ਭੂਮਿਕਾ ਇਹ ਸੁਨੇਹਾ ਦਿੰਦੀ ਹੈ ਕਿ ਮਨੁੱਖ ਨੂੰ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ। ਕੇਵਲ ਰਸਮ ਨਿਭਾਉਣ ਅਤੇ ਆਪਣੀ ਹਾਜ਼ਰੀ ਲਾਉਣ ਆਏ ਲੋਕਾਂ ਨੂੰ ਸ਼ੋਕ ਸਭਾਵਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਉਨ੍ਹਾਂ ਦੀ ਵੀ ਇੱਕ ਦਿਨ ਸ਼ੋਕ ਸਭਾ ਹੋਣੀ ਹੈ। ਸ਼ੋਕ ਸਭਾ ਵਿੱਚ ਹੱਸਣਾ, ਗੱਲਾਂ ਕਰਨੀਆਂ, ਫੋਨ ਚਲਾਈ ਜਾਣਾ ਅਤੇ ਫੋਨ ਉੱਤੇ ਗੱਲਾਂ ਕਰੀ ਜਾਣਾ ਸ਼ੋਕ ਸਭਾ ਵਿੱਚ ਬੈਠਣ ਦਾ ਸਲੀਕਾ ਸਿੱਖਣ ਦਾ ਸੁਨੇਹਾ ਦਿੰਦਾ ਹੈ। ਸ਼ੋਕ ਸਭਾ ਵਿੱਚ ਪੰਜ ਜਾਂ ਦਸ ਮਿੰਟ ਪਹਿਲਾਂ ਆਉਣ ਵਾਲੇ, ਸ਼ਕਲ ਵਿਖਾਕੇ ਚਲੇ ਜਾਣ ਵਾਲੇ ਜਾਂ ਫਿਰ ਕੇਵਲ ਲੰਗਰ ਛਕਣ ਆਏ ਲੋਕਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹੋਣਗੇ। ਉਨ੍ਹਾਂ ਦਾ ਸਮਾਜ ਵਿੱਚ ਕਿਹੋ ਜਿਹਾ ਪ੍ਰਭਾਵ ਬਣੇਗਾ। ਮੌਤ ਨਾਲੋਂ ਸਮੇਂ ਦੀ ਅਹਿਮੀਅਤ ਵਧੇਰੇ ਨਹੀਂ ਹੋ ਸਕਦੀ।

ਸ਼ੋਕ ਸਭਾ ਵਿੱਚ ਲੋਕਾਂ ਦੇ ਬੜੇ ਇਕੱਠ ਅਤੇ ਉਸ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਵਾਲੇ ਲੋਕਾਂ ਵੱਲੋਂ ਉਸ ਬਾਰੇ ਕਹੀਆਂ ਜਾਣ ਵਾਲੀਆਂ ਗੱਲਾਂ ਮਨੁੱਖ ਨੂੰ ਇਹ ਸੋਚਣ ਦਾ ਸੁਨੇਹਾ ਦਿੰਦੀਆਂ ਸਨ ਕਿ ਕੀ ਉਸਦਾ ਕਿਰਦਾਰ ਉਸ ਮਨੁੱਖ ਵਰਗਾ ਹੈ? ਉਸ ਨੂੰ ਉਸ ਜਿਹਾ ਬਣਨ ਲਈ ਆਪਣੇ ਵਿੱਚ ਕੀ ਸੁਧਾਰ ਕਰਨ ਦੀ ਲੋੜ ਹੈ। ਇੱਕ ਸ਼ੋਕ ਸਭਾ ਵਿੱਚ ਇੱਕ ਪ੍ਰੇਰਕ ਪ੍ਰਸੰਗ ਸੁਣਾਇਆ ਗਿਆ। ਇੱਕ ਅਮੀਰ ਆਦਮੀ ਵੱਲੋਂ ਇੱਕ ਅਖਬਾਰ ਵਿੱਚ ਇਹ ਇਸ਼ਤਿਹਾਰ ਦਿੱਤਾ ਗਿਆ ਕਿ ਜਿਹੜਾ ਵਿਅਕਤੀ ਮੈਨੂੰ ਆਪਣੀ ਸਾਰੀ ਕਮਾਈ ਮੌਤ ਤੋਂ ਬਾਅਦ ਨਾਲ ਲਿਜਾਣ ਦਾ ਢੰਗ ਦੱਸ ਦੇਵੇਗਾ, ਉਸ ਨੂੰ ਮੈਂ ਪੰਜ ਲੱਖ ਰੁਪਏ ਇਨਾਮ ਦੇਵਾਂਗਾ। ਇੱਕ ਬਹੁਤ ਹੀ ਸੁਲਝੇ ਹੋਏ ਵਿਅਕਤੀ ਨੇ ਉਸ ਨੂੰ ਢੰਗ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਦੂਜੇ ਦੇਸ਼ਾਂ ਵਿੱਚ ਜਾ ਕੇ ਆਪਣੇ ਦੇਸ਼ ਦੀ ਕਰੰਸੀ ਉਸ ਦੇਸ਼ ਦੀ ਕਰੰਸੀ ਵਿੱਚ ਬਦਲਾਉਣੀ ਪੈਂਦੀ ਹੈ, ਉਸੇ ਤਰ੍ਹਾਂ ਹੀ ਉੱਪਰ ਜਾਕੇ ਸਾਡੇ ਚੰਗੇ ਕਰਮਾਂ ਦੀ ਹੀ ਕਰੰਸੀ ਹੀ ਚਲਦੀ ਹੈ। ਉਹ ਅਮੀਰ ਆਦਮੀ ਉਸ ਵਿਅਕਤੀ ਦੀ ਗੱਲ ਤੋਂ ਜ਼ਿੰਦਗੀ ਜਿਊਣ ਦਾ ਅਰਥ ਸਮਝ ਗਿਆ। ਇੱਕ ਸ਼ੋਕ ਸਭਾ ਵਿੱਚ ਇੱਕ ਪਾਠੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਜੇਕਰ ਸ਼ੋਕ ਸਭਾ ਵਿੱਚ ਅਸੀਂ ਆਪਣੀ ਹਉਮੈਂ, ਸੰਸਾਰ ਵਿੱਚੋਂ ਕਦੇ ਵੀ ਨਾ ਜਾਣ ਦਾ ਭੁਲੇਖਾ, ਲਾਲਚ ਅਤੇ ਸਵਾਰਥ ਨੂੰ ਭੁਲਾਕੇ ਆਈਏ ਤਾਂ ਸਾਨੂੰ ਸ਼ੋਕ ਸਭਾ ਵਿੱਚ ਆਉਣ ਦਾ ਅਰਥ ਸਮਝ ਆ ਸਕਦਾ ਹੈ। ਜੇਕਰ ਇਨ੍ਹਾਂ ਸ਼ੋਕ ਸਭਾਵਾਂ ਦੇ ਸੁਨੇਹਿਆਂ ਨੂੰ ਗੱਠੜੀ ਵਿੱਚ ਬੰਨ੍ਹ ਲਿਆ ਜਾਵੇ ਤਾਂ ਬੰਦੇ ਨੂੰ ਰੱਬ ਯਾਦ ਰਹਿ ਸਕਦਾ ਹੈ। ਉਸ ਨੂੰ ਜ਼ਿੰਦਗੀ ਜਿਊਣ ਦੇ ਅਰਥ ਸਮਝ ਆ ਸਕਦੇ ਹਨ। ਉਹ ਇਨਸਾਨੀਅਤ ਦੀ ਪਰਿਭਾਸ਼ਾ ਸਿੱਖ ਸਕਦਾ ਹੈ।

* * * * *

Read 189 times
ਪ੍ਰਿੰ. ਵਿਜੈ ਕੁਮਾਰ

Phone: 91 - 98726 - 27136

Email: vijaykumarbehki@gmail.com