You are here:ਮੁਖ ਪੰਨਾ»ਰਚਨਾ ਅਧਿਐਨ»ਨਸ਼ਿਆਂ ਕਾਰਨ ਪੰਜਾਬ ਦੀ ਪਛਾਣ ਮੱਧਮ
Coming soon: A new and improved Global Punjabi site!!!

ਲੇਖ਼ਕ

Wednesday, 13 May 2026 13:37

ਨਸ਼ਿਆਂ ਕਾਰਨ ਪੰਜਾਬ ਦੀ ਪਛਾਣ ਮੱਧਮ

Written by
Rate this item
(0 votes)

ਪੰਜਾਬ ਦੇ 12673 ਪਿੰਡਾਂ ਅਤੇ 237 ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕ ਵਸਦੇ ਹਨ। ਨਸ਼ਿਆਂ ਕਾਰਨ ਹਰ ਪਾਸਿਉਂ ਸੋਗੀ ਹਵਾ ਦੇ ਨਾਲ ਨਾਲ ਨਿਪੁੱਤੀਆਂ ਮਾਵਾਂ ਦੇ ਦਿਲ ਕੰਬਾਊ ਕੀਰਨੇ, ਭੈਣਾਂ ਦੇ ਦਿਲ ਕੰਬਾਊ ਵੈਣ, ਬਾਪਾਂ ਦੇ ਨੈਣਾਂ ਵਿੱਚੋਂ ਪਰਲ ਪਰਲ ਵਹਿੰਦੇ ਹੰਝੂ ਅਤੇ ਮਾਸੂਮ ਬੱਚਿਆਂ ਦੇ ਚਿਹਰਿਆਂ ’ਤੇ ਛਾਈ ਘੋਰ ਉਦਾਸੀ ਪ੍ਰਗਟਾਵਾ ਕਰਦੀ ਹੈ ਕਿ ਚਿੱਟੇ ਦੇ ਕਹਿਰ ਨੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿਛਲੇ ਦਿਨੀਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਹਰੀਕੇ ਕਲਾਂ ਵਿੱਚ ਇੱਕ ਨਸ਼ਈ ਨੌਜਵਾਨ ਪਿੰਡ ਦੇ ਹੀ ਤਸਕਰ ਕੋਲ ਚਿੱਟਾ ਲੈਣ ਗਿਆ। ਤਸਕਰ ਨੇ ਨਸ਼ਈ ਦੀ ਮੰਗ ਅਨੁਸਾਰ ਚਿੱਟੇ ਦੇ ਨਾਲ ਉਸਨੂੰ ਸਰਿੰਜ ਵੀ ਦੇ ਦਿੱਤੀ। ਨਸ਼ਈ ਨੇ ਤਸਕਰ ਦੀ ਹਵੇਲੀ ਦੇ ਵਿਹੜੇ ਵਿੱਚ ਹੀ ਚਿੱਟੇ ਦਾ ਟੀਕਾ ਲਾ ਲਿਆ। ਕੁਝ ਪਲਾਂ ਬਾਅਦ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਉਪਰੰਤ ਤਸਕਰ ਤਾਂ ਆਪਣੇ ਪਰਿਵਾਰ ਸਮੇਤ ਭੱਜ ਗਿਆ ਪਰ ਅੱਕੇ ਹੋਏ ਲੋਕਾਂ ਨੇ ਉਸ ਤਸਕਰ ਦੇ ਘਰ ਅੱਗੇ ਹੀ ਰੋਸ ਧਰਨਾ ਦੇ ਦਿੱਤਾ। ਰੋਸ ਧਰਨੇ ਵਿੱਚ ਪਿੰਡ ਦੀ ਪੰਚਾਇਤ, ਔਰਤਾਂ, ਭਾਰੀ ਗਿਣਤੀ ਵਿੱਚ ਮਰਦ ਅਤੇ ਨੌਜਵਾਨ ਸ਼ਾਮਲ ਹੋਏ। ਪਿੰਡ ਦੇ ਸਰਪੰਚ ਨੇ ਭਰੇ ਮਨ ਨਾਲ ਪ੍ਰਗਟਾਵਾ ਕੀਤਾ ਕਿ ਪਿੰਡ ਵਿੱਚ ਚਿੱਟਾ ਰਿਉੜੀਆਂ ਦੀ ਤਰ੍ਹਾਂ ਵਿਕ ਰਿਹਾ ਹੈ। ਪਿਛਲੇ ਕੁਝ ਸਮੇਂ ਅੰਦਰ ਹੀ ਪਿੰਡ ਦੇ 30 ਨੌਜਵਾਨਾਂ ਨੂੰ ਚਿੱਟੇ ਨੇ ਨਿਗਲ ਲਿਆ ਹੈ ਅਤੇ ਅੰਦਾਜ਼ਨ 150 ਨੌਜਵਾਨ ਚਿੱਟੇ ਕਾਰਨ ਸਿਵਿਆਂ ਦੇ ਰਾਹ ਪਏ ਹੋਏ ਹਨ। ਉਸਨੇ ਇਹ ਵੀ ਦੱਸਿਆ ਕਿ ਨਸ਼ੇ ਦੀ ਰੋਕਥਾਮ ਲਈ ਅਤੇ ਤਸਕਰਾਂ ਉੱਤੇ ਕਾਨੂੰਨੀ ਕਾਰਵਾਈ ਲਈ ਥਾਣੇ ਅਤੇ ਦਫਤਰਾਂ ਵਿੱਚ ਬਹੁਤ ਵਾਰ ਧੱਕੇ ਖਾਧੇ ਹਨ ਪਰ ਪੰਚਾਇਤ ਦੀ ਕੋਈ ਸੁਣਵਾਈ ਨਹੀਂ ਹੋਈ। ਰੋਸ ਧਰਨਾ ਰਾਤ ਭਰ ਚਲਦਾ ਰਿਹਾ। ਅਗਲੇ ਦਿਨ ਪੁਲਿਸ ਵੀ ਪਹੁੰਚ ਗਈ। ਲੋਕਾਂ ਦੇ ਏਕੇ ਅਤੇ ਵਿਦਰੋਹ ਸਾਹਮਣੇ ਪੁਲਿਸ ਵੀ ਬੇਵੱਸ ਸੀ। ਤਸਕਰ ਦੀ ਕੋਠੀ ਮੋਹਰੇ ਖੂਨ ਦੇ ਅੱਥਰੂ ਕੇਰਦੇ ਮਾਪੇ, ਲੋਕਾਂ ਦੀ ਪ੍ਰਸ਼ਾਸਨ ਅਤੇ ਤਸਕਰਾਂ ਵਿਰੁੱਧ ਬੁਲੰਦ ਆਵਾਜ਼ ਅਤੇ ਤਸਕਰ ਦੇ ਵਿਹੜੇ ਵਿੱਚ ਪਈ ਨੌਜਵਾਨ ਦੀ ਲਾਸ਼ ਇੱਕ ਦਰਦਨਾਕ ਮੰਜ਼ਰ ਪੇਸ਼ ਕਰ ਰਹੀ ਸੀ। ਦੋ ਦਿਨ ਦੇ ਰੋਸ ਧਰਨੇ ਤੋਂ ਬਾਅਦ ਪੁਲਿਸ ਵੱਲੋਂ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਉਪਰੰਤ ਹੀ ਨੌਜਵਾਨ ਲੜਕੇ ਦਾ ਸੰਸਕਾਰ ਕੀਤਾ ਗਿਆ। ਅਜਿਹੀ ਕਹਾਣੀ ਸਿਰਫ ਇੱਕ ਪਿੰਡ ਦੀ ਨਹੀਂ। ਕਈ ਪਿੰਡਾਂ ਦੇ ਲੋਕਾਂ ਨੇ ਤਾਂ ਉੱਪਰੋਥਲੀ ਹੋਈਆਂ ਤਿੰਨ ਚਾਰ ਮੌਤਾਂ ਕਰਨ ਲਾਸ਼ਾਂ ਨੂੰ ਸੜਕਾਂ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਸ਼ੇ ਨੂੰ ਨਕੇਲ ਪਾਉਣ ਦੀ ਦੁਹਾਈ ਵੀ ਦਿੱਤੀ। ਅਜਿਹੇ ਭਾਣੇ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਾਪਰੇ ਹਨ। ਪੀੜਿਤ ਲੋਕ ਖੁੱਲ੍ਹੇ ਤੌਰ ’ਤੇ ਕਹਿੰਦੇ ਹਨ ਕਿ ਦੁਕਾਨ ਤੋਂ ਜ਼ਰੂਰੀ ਸਮਾਨ ਲਿਆਉਣ ਲੱਗਿਆਂ ਦੇਰ ਲੱਗ ਸਕਦੀ ਹੈ, ਪਰ ਨਸ਼ਾ ਘਰਾਂ ਤਕ ਪੁੱਜਦਾ ਕਰਨ ਲਈ ਜੁਮੈਟੋ ਬੁਆਏ ਵਾਂਗ ਤੇਜ਼ ਸਰਵਿਸ ਹੋ ਰਹੀ ਹੈ।

ਇਸ ਤਰ੍ਹਾਂ ਹੀ ਜਗਰਾਵਾਂ ਤਹਿਸੀਲ ਦੇ ਇੱਕ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਅੱਧੇ ਘਰਾਂ ਦੇ ਲੋਕ ਚਿੱਟਾ ਵੇਚਦੇ ਹਨ। ਚਿੱਟਾ ਖਰੀਦਣ ਵਾਲਿਆਂ ਦੀਆਂ ਧਾੜਾਂ ਦੂਰ ਦੂਰ ਤੋਂ ਆਉਂਦੀਆਂ ਹਨ। ਉਸਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਨਸ਼ਾ ਵੇਚਣ ਵਾਲੇ ਕੰਡਾ ਅਤੇ ਚਿੱਟਾ ਜੇਬਾਂ ਵਿੱਚ ਪਾ ਕੇ ਸ਼ਰੇਆਮ ਫਿਰ ਰਹੇ ਹਨ ਅਤੇ ਕਈ ਥਾਂਵਾਂ ’ਤੇ ਤਾਂ ਰੇਲਵੇ ਸਟੇਸ਼ਨ ਉੱਤੇ ਟਿਕਟਾਂ ਲੈਣ ਵਾਂਗ ਲੰਬੀਆਂ ਕਤਾਰਾਂ ਵਿੱਚ ਖੜੋਕੇ ਨਸ਼ਈ ਚਿੱਟਾ ਖਰੀਦਦੇ ਹਨ।

ਅਜਿਹੇ ਦੁਖਾਂਤ ਵੀ ਸਾਹਮਣੇ ਆਏ ਹਨ। ਜਿੱਥੇ ਬਾਪ ਨੌਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਉਪਰੰਤ ਭੁੱਬਾਂ ਮਾਰ ਕੇ ਦੱਸਦਾ ਹੈ, “ਇਸ ਪੁੱਤ ਦਾ ਸਿਵਾ ਹਾਲੇ ਠੰਢਾ ਨਹੀਂ ਹੋਣਾ, ਮੇਰਾ ਦੂਜਾ ਪੁੱਤ ਵੀ ਚਿੱਟੇ ਕਾਰਨ ਬੱਸ ਦੋ ਚਾਰ ਦਿਨ ਹੀ ਕੱਟੇਗਾ। ਅਸੀਂ ਤਾਂ ਕੱਖੋਂ ਹੌਲੇ ਹੋ ਗਏ।”

ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਬਦਨਸੀਬ ਔਰਤ ਦਾ ਪਤੀ ਸ਼ਰਾਬ ਨੇ ਨਿਗਲ ਲਿਆ। ਵਿਧਵਾ ਨਸੀਬ ਕੌਰ ਦੇ ਪੰਜ ਪੁੱਤਾਂ ਨੂੰ ਥੋੜ੍ਹੇ ਥੋੜ੍ਹੇ ਫਰਕ ਨਾਲ ਚਿੱਟੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਪੁੱਤਾਂ ਅਤੇ ਪਤੀ ਤੋਂ ਸੱਖਣੇ, ਭਾਂਅ ਭਾਂਅ ਕਰਦੇ ਘਰ ਵਿੱਚ ਨਸੀਬ ਕੌਰ ਤੁਰਦੀ ਫਿਰਦੀ ਲਾਸ਼ ਜਿਹੀ ਬਣ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਇੱਕ ਪੁਲਿਸ ਕਰਮਚਾਰੀ ਦਾ ਇੱਕਲੌਤਾ ਪੁੱਤ ਚਿੱਟੇ ਦੀ ਭੇਟ ਚੜ੍ਹ ਗਿਆ। ਪੁਲਿਸ ਕਰਮਚਾਰੀ ਦੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਸਨੇ ਪ੍ਰਗਟਾਵਾ ਕੀਤਾ, “ਅੰਮ੍ਰਿਤਸਰ ਦੇ ਕਈ ਮੁਹੱਲਿਆਂ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਆਪਣੇ ਬੱਚਿਆਂ ਨੂੰ ਜੇਕਰ ਸੁਰੱਖਿਅਤ ਰੱਖਣਾ ਹੈ ਤਾਂ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਭੇਜ ਦਿਉ।”

ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਤਾਂ ਸਰਪੰਚ ਦੀ ਅਗਵਾਈ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਤਸਕਰ ਨੂੰ ਪਿੰਡ ਛੱਡ ਕੇ ਜਾਣ ਅਤੇ ਜਾਂ ਮੁੱਖ ਧਾਰਾ ਵਿੱਚ ਆਉਣ ਦੀ ਵਾਰਨਿੰਗ ਦੇ ਕੇ ਆਇਆ ਸੀ। ਸਰਪੰਚ ਨੇ ਦ੍ਰਿੜ੍ਹ ਵਿਸ਼ਵਾਸ ਨਾਲ ਪ੍ਰਗਟਾਵਾ ਕੀਤਾ, “ਹੁਣ ਭਵਿੱਖ ਵਿੱਚ ਨਸ਼ਿਆਂ ਕਾਰਨ ਜਵਾਨੀ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ।”

ਦੁਖਾਂਤਕ ਪੱਖ ਇਹ ਵੀ ਹੈ ਕਿ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਪਿੰਡ ਦੇ ਸਰਪੰਚ ਨੂੰ ਉਸ ਕਮੇਟੀ ਦਾ ਮੁਖੀ ਲਾਇਆ ਗਿਆ ਹੈ। ਨਸ਼ੇ ਦੀ ਰੋਕਥਾਮ ਲਈ ਪਿੰਡਾਂ ਵਿੱਚ ਵਲੰਟੀਅਰ ਵੀ ਲਾਏ ਗਏ ਹਨ। ਪਰ ਕਈ ਪਿੰਡਾਂ ਦੇ ਸਰਪੰਚਾਂ ਨੂੰ ਨਸ਼ਾ ਵੇਚਦੇ ਰੰਗੇ ਹੱਥੀਂ ਫੜਿਆ ਗਿਆ। ਖੇਮਕਰਨ ਇਲਾਕੇ ਦੇ ਇੱਕ ਪਿੰਡ ਦੇ ਸਰਪੰਚ ਕੋਲੋਂ ਕੇਂਦਰੀ ਏਜੰਸੀ ਨਾਰਕੌਟਿਕਸ ਕੰਟਰੋਲ ਬਿਉਰੋ ਨੇ 18 ਕਿਲੋ ਹੈਰੋਇਨ ਉਸਦੇ ਘਰੋਂ ਬਰਾਮਦ ਕੀਤੀ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 90 ਕਰੋੜ ਹੈ। ਰਿਪੋਰਟਾਂ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ ‘ਡਿਫੈਂਸ ਕਮੇਟੀ’ ਦਾ ਇਹ ਪ੍ਰਧਾਨ ਡਰੋਨ ਰਾਹੀਂ ਪਾਕਿਸਤਾਨ ਦੇ ਤਸਕਰਾਂ ਤੋਂ ਹੈਰੋਇਨ ਸਪਲਾਈ ਕਰਵਾਉਂਦਾ ਸੀ। ਦਰਅਸਲ ਜਦੋਂ ਅਜਿਹੇ ਸਰਪੰਚ ਵਾਂਗ ਦਰਬਾਨਾ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਮਾਲਕ ਦੀ ਜਾਨ ਅਤੇ ਮਾਲ, ਦੋਨਾਂ ਨੂੰ ਹੀ ਗੰਭੀਰ ਖਤਰਾ ਪੈਦਾ ਹੋ ਜਾਂਦਾ ਹੈ। ਜਦੋਂ ਬਾਗ ਦੇ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ।

ਦੂਸਰੇ ਪਾਸੇ ਭੂਤਰੇ ਹੋਏ ਕਈ ਤਸਕਰਾਂ ਨੇ ਪੁਲਿਸ ਪਾਰਟੀਆਂ ਅਤੇ ਸਰਪੰਚਾਂ ਉੱਤੇ ਵੀ ਹਮਲੇ ਕੀਤੇ ਹਨ ਅਤੇ ਕਈਆਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਹੈ। ਇੱਕ ਪਾਸੇ ਸਰਹੱਦ ’ਤੇ ਰਾਖੀ ਕਰਦਿਆਂ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਦੂਜੇ ਪਾਸੇ ਚਿੱਟੇ ਦੀ ਰੋਕਥਾਮ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਨਸ਼ੇ ਦੇ ਤਸਕਰ ਸ਼ਹੀਦ ਕਰ ਰਹੇ ਹਨ। ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਭਾਣੇ ਵਰਤ ਚੁੱਕੇ ਹਨ। ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਤਾਂ ਨਸ਼ੇ ਦੇ ਤਸਕਰਾਂ ਤੋਂ ਅੱਕੇ ਹੋਏ ਲੋਕਾਂ ਨੇ “ਸਾਡਾ ਪਿੰਡ ਵਿਕਾਊ ਹੈ” ਦੇ ਬੋਰਡ ਵੀ ਲਾ ਦਿੱਤੇ ਸਨ।

ਨਸ਼ੇ ਦੀ ਮਾਰ ਕਾਰਨ ਕਿਸਾਨੀ ਸੰਕਟ ਵੀ ਵਧਿਆ ਹੈ। ਕਿਸਾਨਾਂ ਦੀਆਂ ਮੋਟਰਾਂ, ਟਰਾਂਸਫਾਰਮ ਅਤੇ ਕੇਬਲ ਤਾਰਾਂ ਦੀ ਚੋਰੀ ਵੀ ਤਿੰਨ ਚਾਰ ਨਸ਼ਈ ਮਿਲ ਕੇ ਕਰਦੇ ਹਨ। ਟਰਾਂਸਫਾਰਮ ਦਾ ਅੰਦਾਜ਼ਨ 90 ਲੀਟਰ ਤੇਲ 100 ਰੁਪਏ ਪ੍ਰਤੀ ਲੀਟਰ ਵੇਚ ਕੇ ਅਤੇ ਕੇਵਲ ਤਾਰਾਂ ਵਿੱਚੋਂ ਤਾਂਬਾ ਕੱਢ ਕੇ ਇਹ ਸਮਾਨ ਕਬਾੜੀਆਂ ਨੂੰ ਵੇਚਿਆ ਜਾਂਦਾ ਹੈ। ਫੜੇ ਜਾਣ ’ਤੇ ਨਸ਼ਈ ਕਿਸਾਨ ਉੱਤੇ ਜਾਨਲੇਵਾ ਹਮਲਾ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਤਰ੍ਹਾਂ ਨਸ਼ਿਆਂ ਕਾਰਨ ਜਵਾਨੀ ਅਤੇ ਕਿਸਾਨੀ ਦੋਨੋਂ ਹੀ ਗੰਭੀਰ ਸੰਕਟ ਵਿੱਚ ਹਨ। ਅਬਾਦੀ ਦੇ ਪੱਖੋਂ ਭਾਰਤ ਦੀ ਕੁੱਲ ਅਬਾਦੀ ਦਾ 2.23% ਅਬਾਦੀ ਪੰਜਾਬ ਦੀ ਹੈ ਪਰ ਨਸ਼ਿਆਂ ਦੇ ਪੱਖ ਤੋਂ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ ਦੇਸ਼ ਦਾ 21% ਇਕੱਲੇ ਪੰਜਾਬ ਦਾ ਹੈ। ਇਸ ਤਰ੍ਹਾਂ ਹੀ ਹੈਰੋਇਨ ਬਰਾਮਦਗੀ ਸਾਰੇ ਦੇਸ਼ ਦੀ ਬਰਾਮਦਗੀ ਦਾ 45% ਪੰਜਾਬ ਵਿੱਚੋਂ ਹੁੰਦੀ ਹੈ।

ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਪੰਜਾਬ ਦੀਆਂ 25 ਜੇਲ੍ਹਾਂ, ਜਿਨ੍ਹਾਂ ਵਿੱਚ 26 ਹਜ਼ਾਰ ਕੈਦੀ ਰੱਖਣ ਦੀ ਸਮਰਥਾ ਹੈ, ਪਰ ਇਨ੍ਹਾਂ ਜੇਲ੍ਹਾਂ ਵਿੱਚ ਅੰਦਾਜ਼ਨ 31 ਹਜ਼ਾਰ ਕੈਦੀ ਅਤੇ ਬੰਦੀ ਰੱਖੇ ਹੋਏ ਹਨ। ਇਨ੍ਹਾਂ ਵਿੱਚੋਂ 45% ਨਸ਼ਾ ਤਸਕਰੀ ਨਾਲ ਸਬੰਧਿਤ ਹਨ। ਸਰਕਾਰੀ ਅੰਕੜਿਆਂ ਅਨੁਸਾਰ 163 ਨਸ਼ਾ ਤਸਕਰੀ ਕਰਨ ਵਾਲਿਆਂ ਉੱਤੇ ਹਰ ਰੋਜ਼ ਕਾਨੂੰਨੀ ਕਾਰਵਾਈ ਹੁੰਦੀ ਹੈ। ਇਸ ਤੋਂ ਬਿਨਾਂ 177 ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਅਤੇ 706 ਓਟ ਕਲੀਨਿਕਾਂ ਨੇ ਅੰਦਾਜ਼ਨ 10 ਲੱਖ ਨਸ਼ਈ ਮਰੀਜ਼ਾਂ ਨੂੰ ਇਲਾਜ ਲਈ ਦਾਖਲ ਕੀਤਾ ਹੋਇਆ ਹੈ। ਓਟ ਕਲੀਨਿਕਾਂ ਰਾਹੀਂ ਅੰਦਾਜ਼ਨ 102 ਕਰੋੜ ਰੁਪਏ ਸਲਾਨਾ ਦਵਾਈਆਂ ਉੱਤੇ ਖਰਚ ਹੁੰਦੇ ਹਨ। ਸਰਹੱਦੀ ਖੇਤਰ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਨੌਂ ਐਂਟੀ ਡਰੋਨ ਯੂਨਿਟਸ ਵੀ ਲਾਏ ਗਏ ਹਨ ਜਿਨਾਂ ਤੇ 54.41 ਕਰੋੜ ਖਰਚ ਹੋਇਆ ਹੈ।

ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਪੰਜਾਬ ਵਿੱਚ ਨਸ਼ੇ ਦੀ ਮੰਗ ਅਤੇ ਉਪਲਬਧਤਾ ਨੂੰ ਖੋਰਾ ਨਹੀਂ ਲੱਗਿਆ। ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਸ਼ੇ ਦੀ ਰੋਕਥਾਮ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਸਬੰਧੀ ਆਯੋਜਿਤ ਵੱਖ-ਵੱਖ ਸੈਮੀਨਾਰਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਮਹਾਂਮਾਰੀ ਤੋਂ ਬਚਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਹਰ ਨਾਗਰਿਕ ਦਾ ਸ਼ਾਮਲ ਹੋਣਾ ਜ਼ਰੂਰੀ ਹੈ, ਤਦ ਹੀ ਨਸ਼ਿਆਂ ਕਾਰਨ ਨਸਲਾਂ ’ਤੇ ਮੰਡਲਾਉਂਦਾ ਗੰਭੀਰ ਖ਼ਤਰਾ ਟਾਲਿਆ ਜਾ ਸਕਦਾ ਹੈ।

* * * * *

Read 320 times
ਮੋਹਨ ਸ਼ਰਮਾ

Project Director, Drug de-addiction Centre

Sangroor, Punjab, India

Email: fularamanish@gmail.com

Phone: +91-94171-48866