You are here:ਮੁਖ ਪੰਨਾ»ਕਵਿਤਾਵਾਂ»ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
Coming soon: A new and improved Global Punjabi site!!!

ਲੇਖ਼ਕ

Friday, 15 May 2026 13:05

ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ

Written by
Rate this item
(0 votes)

ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ

ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ

ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ

ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ

ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ

ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ

ਖੁਰਦੇ ਨੇ ਖੁਦ ਕਿਨਾਰੇ ਪਰ ਸੋਚਦੇ ਵਿਚਾਰੇ

ਅਸੀਂ ਬੰਨ੍ਹ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ

ਇਹ ਪਰਬਤਾਂ ਦੀ ਜਾਈ ਕੀ ਜਾਣਦੀ ਏ ਚੋਟਾਂ

ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ

ਵੁਹ ਦੇਸ਼ ਹੈ ਬੇਗਾਨਾ ਉਸ ਮੇਂ ਕਭੀ ਨਾ ਜਾਨਾ

ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ

ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ

ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂੰ

Read 292 times
ਸੁਰਜੀਤ ਪਾਤਰ

(ਛਪਿਆ ਅਕਤੂਬਰ 08, 2009 ਸੀਰਤ ਅਗਸਤ 2009 ਵਿੱਚੋਂ ਧੰਨਵਾਦ ਸਹਿਤ)
ਫ਼ੋਨ ਨੰਬਰ: 98145-04272