You are here:ਮੁਖ ਪੰਨਾ»ਵਿਚਾਰਨਾਮਾ»ਜ਼ਹਿਰੀਲੀ ਸ਼ਰਾਬ ਕਾਰਨ ਹੋਰ ਭਾਣਾ ਵਰਤਣ ਦਾ ਡਰ
Coming soon: A new and improved Global Punjabi site!!!

ਲੇਖ਼ਕ

Saturday, 23 May 2026 11:02

ਜ਼ਹਿਰੀਲੀ ਸ਼ਰਾਬ ਕਾਰਨ ਹੋਰ ਭਾਣਾ ਵਰਤਣ ਦਾ ਡਰ

Written by
Rate this item
(0 votes)

ਪੰਜਾਬ ਬਹੁ ਪੱਖੀ ਅਤੇ ਬਹੂ ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਨਸ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਕਿਰਸਾਨੀ ਸੰਕਟ, ਗੈਂਗਸਟਰਵਾਦ, ਸਰਕਾਰੀ ਹਸਪਤਾਲਾਂ ਦਾ ਨਿਘਾਰ, ਗਰੀਬੀ, ਲੱਕ ਤੋੜਵੀਂ ਮਹਿੰਗਾਈ, ਭ੍ਰਿਸ਼ਟਾਚਾਰ, ਭੁੱਖਮਰੀ, ਬਲਾਤਕਾਰ, ਵਿਉਪਾਰਿਕ ਸੰਕਟ, ਦਿਨ-ਬ-ਦਿਨ ਬੋਝਲ ਹੁੰਦੀ ਕਰਜ਼ੇ ਦੀ ਪੰਡ, ਮਿਲਾਵਟਖੋਰੀ, ਪਾਣੀ ਸੰਕਟ ਅਤੇ ਫਿਰੌਤੀ ਲਈ ਆ ਰਹੀਆਂ ਧਮਕੀਆਂ ਨੇ ਲੋਕਾਂ ਅੰਦਰ ਖੌਫ ਦੀਆਂ ਦਿਵਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਸ਼ਰਾਬ ਪੰਜਾਬ ਸਰਕਾਰ ਦਾ ਮਾਨਤਾ ਪ੍ਰਾਪਤ ਨਸ਼ਾ ਹੈ। 2025-26 ਵਿੱਚ ਪੰਜਾਬੀਆਂ ਨੂੰ ਸ਼ਰਾਬ ਪਰੋਸਕੇ 11020 ਕਰੋੜ ਦੀ ਰਾਸ਼ੀ ਇਕੱਠੀ ਕਰਨ ਦਾ ਟੀਚਾ ਮਿਥਿਆ ਗਿਆ ਸੀ। ਚਾਲੂ ਵਿੱਤੀ ਵਰ੍ਹੇ ਵਿੱਚ 12800 ਕਰੋੜ ਦੀ ਸ਼ਰਾਬ ਵੇਚ ਕੇ ‘ਪੰਜਾਬ ਦਾ ਵਿਕਾਸ’ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇੱਥੇ ਵਰਨਨ ਯੋਗ ਹੈ ਕਿ ਸਾਲ 2015-16 ਵਿੱਚ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਰਾਹੀਂ 4796 ਕਰੋੜ ਇਕੱਠੇ ਕਰਨ ਦਾ ਟੀਚਾ ਮਿਥਿਆ ਗਿਆ ਸੀ। ਜਿਸ ਤਰੀਕੇ ਨਾਲ ਅੰਦਾਜ਼ਨ 10800 ਸ਼ਰਾਬ ਦੇ ਠੇਕਿਆਂ ਤੋਂ ਰਾਸ਼ੀ ਇਕੱਠੀ ਕਰਨ ਦੀ ਯੋਜਨਾ ਉਲੀਕੀ ਗਈ ਹੈ ਉਸ ਅਨੁਪਾਤ ਨਾਲ ਪੰਜਾਬੀਆਂ ਦੀ ਆਮਦਨ ਵਿੱਚ ਵਾਧਾ ਨਹੀਂ ਹੋਇਆ।

ਸਰਵੇਖਣ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਚਾਰ ਕੁ ਹਜ਼ਾਰ ਦੀ ਅਬਾਦੀ ਵਾਲੇ ਪਿੰਡ ਵਿੱਚ ਅੰਦਾਜ਼ਨ 30 ਹਜ਼ਾਰ ਰੁਪਏ ਦੀ ਸ਼ਰਾਬ ਰੋਜ਼ਾਨਾ ਪੀਤੀ ਜਾਂਦੀ ਹੈ। ਇਸ ਹਿਸਾਬ ਨਾਲ ਉਸ ਪਿੰਡ ਵਿੱਚੋਂ ਮਹੀਨੇ ਦੇ 9 ਲੱਖ ਅਤੇ ਸਾਲ ਦੇ 1.08 ਕਰੋੜ ਰੁਪਏ ਸ਼ਰਾਬ ਦੇ ਲੇਖੇ ਲੱਗ ਕੇ ਲੋਕ ਰੁੰਡ-ਮਰੁੰਡ ਹੋ ਰਹੇ ਹਨ। ਇਹੋ ਰਾਸ਼ੀ ਪਿੰਡ ਦੇ ਸਰਬਪੱਖੀ ਵਿਕਾਸ ’ਤੇ ਖਰਚਕੇ ਵਿੱਦਿਅਕ ਅਤੇ ਸਿਹਤ ਸੇਵਾਵਾਂ ਵਿੱਚ ਨਿਖਾਰ ਲਿਆਂਦਾ ਜਾ ਸਕਦਾ ਹੈ। ਲੋਕਾਂ ਵੱਲੋਂ ਘਰ ਦੀ ਕੱਢੀ ਸ਼ਰਾਬ ਅਤੇ ਗੁਆਂਢੀ ਪ੍ਰਾਂਤਾਂ ਤੋਂ ਲਿਆਂਦੀ ਸ਼ਰਾਬ ਤੋਂ ਬਿਨਾਂ ਅੰਦਾਜ਼ਨ 41 ਕਰੋੜ ਸ਼ਰਾਬ ਦੀਆਂ ਬੋਤਲਾਂ ਮਾਨਤਾ ਪ੍ਰਾਪਤ ਸ਼ਰਾਬ ਦੇ ਠੇਕਿਆਂ ਤੋਂ ਪੰਜਾਬੀ ਡਕਾਰ ਜਾਂਦੇ ਹਨ। ਇਨ੍ਹਾਂ 41 ਕਰੋੜ ਬੋਤਲਾਂ ਨੂੰ ਜੇ ਪਟਰੋਲ ਪੰਪ ਵਾਲੇ 12 ਹਜ਼ਾਰ ਲੀਟਰ ਦੀ ਸਮਰੱਥਾ ਵਾਲੇ ਟੈਂਕਰਾਂ ਵਿੱਚ ਭਰ ਦਿੱਤਾ ਜਾਵੇ ਤਾਂ 15291 ਟੈਂਕਰ ਭਰ ਜਾਣਗੇ ਅਤੇ ਜੇਕਰ ਇਨ੍ਹਾਂ ਟੈਂਕਰਾਂ ਨੂੰ ਲੰਬੀ ਕਤਾਰ ਵਿੱਚ ਖੜ੍ਹਾ ਕੀਤਾ ਜਾਵੇ ਤਾਂ 152 ਕਿਲੋਮੀਟਰ ਲੰਬੀ ਲਾਈਨ ਲੱਗ ਜਾਵੇਗੀ। ਦੂਜੇ ਸ਼ਬਦਾਂ ਵਿੱਚ ਸੰਗਰੂਰ ਤੋਂ ਜਲੰਧਰ ਦਾ ਫਾਸਲਾ 135 ਕਿਲੋਮੀਟਰ ਹੈ ਅਤੇ ਇਹ ਟੈਂਕਰ ਜਲੰਧਰ ਤੋਂ 17 ਕਿਲੋਮੀਟਰ ਬਾਹਰ ਤਕ ਪੁੱਜ ਜਾਣਗੇ।

ਇਨ੍ਹਾਂ ਸ਼ਰਾਬ ਪੀਣ ਵਾਲਿਆਂ ਵਿੱਚੋਂ 30% ਹੈਪੇਟਾਈਟਸ ਸੀ, 20% ਹੈਪੇਟਾਈਟਸ ਬੀ ਅਤੇ 10% ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਬਹੁਤ ਸਾਰੇ ਸ਼ਰਾਬੀਆਂ ਦੀਆਂ ਕਿਡਨੀਆਂ ਖਰਾਬ, ਤਣਾਅ, ਅਨੀਮੀਆ, ਗੰਠੀਆ, ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਣ ਕਾਰਨ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਖੋਖਲੇ ਹੋ ਕੇ ਸੁੱਕੇ ਬੇਰਾਂ ਵਾਂਗ ਝੜ ਰਹੇ ਹਨ। ਗਿਲਾਸ ਅਤੇ ਗੰਡਾਸੀ ਦੇ ਮੇਲ ਕਾਰਨ 60% ਦੁਰਘਟਨਾਵਾਂ, 90% ਤੇਜ਼ਧਾਰ ਹਥਿਆਰਾਂ ਨਾਲ ਹਮਲੇ, 69% ਬਲਾਤਕਾਰ, 74% ਡਕੈਤੀਆਂ ਅਤੇ 80% ਦੁਸ਼ਮਣੀ ਕੱਢਣ ਵਾਲੇ ਹਮਲਿਆਂ ਨੇ ਲੋਕਾਂ ਦਾ ਕਚੂਮਰ ਕੱਢ ਰੱਖਿਆ ਹੈ। ਭਲਾ ਆਤਮਿਕ ਸ਼ਕਤੀ, ਦ੍ਰਿੜ੍ਹ ਇੱਛਾ ਸ਼ਕਤੀ, ਜ਼ਿੰਦਗੀ ਜਿਊਣ ਦਾ ਚਾਅ, ਗੈਰਤ, ਸ਼ਰਮ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਆਸ ਨਸ਼ੇੜੀ ਤੋਂ ਕਿਵੇਂ ਰੱਖੀ ਜਾ ਸਕਦੀ ਹੈ? ਸ਼ਰਾਬ ਦੇ ਵਹਿੰਦੇ ਦਰਿਆ ਕਾਰਨ ਹੁਣ ਭਾਈ ਲਾਲੋ ਦੇ ਵਾਰਸ ਨਹੀਂ, ਸਗੋਂ ਮਲਿਕ ਭਾਗੋ ਦੇ ਵਾਰਸਾਂ ਦੀ ਗਿਣਤੀ ਵਧਦੀ ਜਾ ਰਹੀ ਅਤੇ ਸ਼ਰਾਬ ਕਾਰਨ ਪੰਜਾਬ ਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ:

ਪਿੰਡਾਂ ਵਿੱਚ ਰਹੇ ਨਾ ਏਕੇ।

ਥਾਂ ਥਾਂ ਗਲੀ ਗਲੀ ਵਿੱਚ ਠੇਕੇ।

ਬੰਦਾ ਜਿਹੜੇ ਪਾਸੇ ਵੇਖੇ,

ਰੰਗ ਗੁਲਾਬੀ ਹੁੰਦਾ ਹੈ।

ਹੁਣ ਤਾਂ ਅੱਥਣ ਵੇਲੇ,

ਸਾਰਾ ਪਿੰਡ ਸ਼ਰਾਬੀ ਹੁੰਦਾ ਹੈ।

ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਰਾਬ ਰਾਹੀਂ ਇਕੱਠੇ ਕੀਤੇ ਮਾਲੀਏ ਤੋਂ ਕਿਤੇ ਵੱਧ ਖਰਚ ਇਨਾਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ, ਵੱਖ-ਵੱਖ ਢੰਗਾਂ ਨਾਲ ਇਸਦੀ ਵਰਤੋਂ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਅਤੇ ਇਸ ਤੋਂ ਵੱਧ ਇਸਦੀ ਵਰਤੋਂ ਕਾਰਨ ਅਸਥਿਰਤਾ ਅਤੇ ਰੋਕਥਾਮ ’ਤੇ ਖਰਚ ਹੋ ਜਾਂਦਾ ਹੈ।

ਇਹ ਤਾਂ ਸਰਕਾਰੀ ਮਾਨਤਾ ਪ੍ਰਾਪਤ ਸ਼ਰਾਬ ਦੇ ਠੇਕਿਆਂ ਦਾ ਕਹਿਰ ਹੈ ਜਿਸ ਕਾਰਨ ਅੰਦਾਜ਼ਨ ਹਰ ਪਿੰਡ ਵਿੱਚ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਅੰਦਾਜ਼ਨ 18 ਤਲਾਕ ਦੇ ਕੇਸ ਰੋਜ਼ਾਨਾ ਪੰਜਾਬ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਦਾਖਲ ਹੋ ਰਹੇ ਹਨ, ਜਿਨ੍ਹਾਂ ਵਿੱਚ ਵਿਆਹੀਆਂ ਵਰੀਆਂ ਕੁੜੀਆਂ ਸ਼ਰਾਬੀ ਪਤੀ ਤੋਂ ਪੋਟਾ ਪੋਟਾ ਦੁਖੀ ਹੋ ਕੇ ਤਲਾਕ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਰਹੀਆਂ ਹਨ।

ਇਨ੍ਹਾਂ ਠੇਕਿਆਂ ਤੋਂ ਬਿਨਾਂ ਸ਼ਰਾਬ ਦਾ ਕਾਲਾ ਧੰਦਾ ਕਰਨ ਵਾਲਿਆਂ ਨੇ ਜ਼ਹਿਰੀਲੇ ਰਸਾਇਣਕ ਪਦਾਰਥਾਂ ਨਾਲ ਘਰ ਹੀ ਤਿਆਰ ਕੀਤੀ ਸ਼ਰਾਬ ‘ਸਸਤੀ ਅਤੇ ਵਧੀਆ ਸ਼ਰਾਬ’ ਦਾ ਹੋਕਾ ਦੇ ਕੇ ਮੌਤ ਦਾ ਸਮਾਨ ਵੰਡਣਾ ਸ਼ੁਰੂ ਕੀਤਾ ਹੈ। ਪਿਛਲੇ ਇੱਕ ਦਹਾਕੇ ਵਿੱਚ ਇਨ੍ਹਾਂ ਤੁਰਦੀਆਂ ਫਿਰਦੀਆਂ ਜ਼ਹਰੀਲੀ ਸ਼ਰਾਬ ਦੀਆਂ ਦੁਕਾਨਾਂ ਨੇ ਅੰਦਾਜ਼ਨ 200 ਘਰਾਂ ਵਿੱਚ ਸੱਥਰ ਵਿਛਾਏ ਹਨ। ਇਸ ਸ਼ਰਾਬ ਦੇ ਮਾਰੂ ਅਸਰ ਕਾਰਨ ਕਈ ਆਪਣੀਆਂ ਅੱਖਾਂ ਦੀ ਨਜ਼ਰ ਗਵਾ ਚੁੱਕੇ ਹਨ। 27-28 ਅਕਤੂਬਰ 2010 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿਖੇ ਇਸ ਜ਼ਹਿਰੀਲੀ ਸ਼ਰਾਬ ਕਾਰਨ 16 ਮੌਤਾਂ ਹੋਈਆਂ। ਕੁਝ ਦੇਰ ਪੰਜਾਬ ਵਿੱਚ ਸੰਨਾਟਾ ਜਿਹਾ ਛਾਇਆ ਰਿਹਾ। ਮ੍ਰਿਤਕ ਪਰਿਵਾਰਾਂ ਨੂੰ ਸਰਕਾਰ ਨੇ ਕੁਝ ਸਹਾਇਤਾ ਰਾਸ਼ੀ ਦੇ ਕੇ ਚੁੱਪ ਕਰਵਾ ਦਿੱਤਾ।

ਜੁਲਾਈ ਅਗਸਤ 2020 ਵਿੱਚ ਕਰੋਨਾ ਕਾਲ ਦੇ ਸਮੇਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਦੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਨੇ 121 ਲੋਕਾਂ ਦੀ ਬਲੀ ਲੈ ਲਈ ਸੀ। ਕਈ ਵਿਅਕਤੀ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜਦੇ ਰਹੇ। 16 ਲੋਕ ਅੱਖਾਂ ਦੀ ਜੋਤ ਤੋਂ ਵੀ ਵਾਂਝੇ ਹੋ ਗਏ। ਸਿਆਸੀ ਲੋਕਾਂ ਦੀਆਂ ਰਾਜਪੁਰਾ ਅਤੇ ਖੰਨਾ ਵਿੱਚ ਨਜਾਇਜ਼ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਉਸ ਸਮੇਂ ਪੰਜਾਬ ਦੇ ਈ.ਡੀ. ਅਧਿਕਾਰੀ ਨੇ ਆਪਣੇ ਪੱਧਰ ’ਤੇ ਗੰਭੀਰ ਨੋਟਿਸ ਲੈਂਦਿਆਂ ਜਦੋਂ ਪੜਤਾਲ ਅਰੰਭ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੌਤ ਦਾ ਸਮਾਨ ਵੰਡਣ ਵਾਲੇ ਕੁਝ ਸਿਆਸੀ ਆਗੂ, ਆਬਕਾਰੀ ਅਤੇ ਪੁਲਿਸ ਵਿਭਾਗ ਦੇ ਕੁਝ ਅਧਿਕਾਰੀ ਅਤੇ ਨਸ਼ੇ ਦੇ ਤਸਕਰਾਂ ਨੇ ਇਸ ਕਾਲੇ ਧੰਦੇ ਰਾਹੀਂ 5 ਹਜ਼ਾਰ ਕਰੋੜ ਦਾ ਘਪਲਾ ਕੀਤਾ ਸੀ। ਸਿਆਸੀ ਆਗੂਆਂ, ਤਸਕਰਾਂ ਅਤੇ ਅਧਿਕਾਰੀਆਂ ਨੇ ਮਾਮਲਾ ਰਫਾ ਦਫਾ ਕਰਨ ਲਈ ਉੱਚ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਇਸ ਘਪਲੇ ਦੀ ਫਾਈਲ ਈ.ਡੀ. ਦੇ ਹੈੱਡ ਆਫਿਸ ਵਿੱਚ ਮੰਗਵਾ ਲਈ। ਸਤੰਬਰ 2020 ਤੋਂ ਬਾਅਦ ਇਸ ਫਾਈਲ ਦੀ ਕੋਈ ਉੱਘ-ਸੁੱਘ ਨਹੀਂ ਮਿਲੀ।

8 ਅਪਰੈਲ 2023 ਨੂੰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ। 20 ਮਾਰਚ 2024 ਨੂੰ ਸੁਨਾਮ ਤਹਿਸੀਲ ਦੇ ਪਿੰਡ ਗੁਜਰਾਂ ਅਤੇ ਟਿੱਬੀ ਰਵੀਦਾਸਪੁਰਾ ਵਿੱਚ ਇਸ ਤੁਰਦੀ ਫਿਰਦੀ ਜ਼ਹਿਰੀਲੀ ਸ਼ਰਾਬ ਦੀ ਵੰਡ ਕਾਰਨ 21 ਮੌਤਾਂ ਹੋਈਆਂ, ਚਾਰ ਵਿਅਕਤੀਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ 49 ਵਿਅਕਤੀ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹੋਏ। ਪਿੰਡ ਵਾਲੇ ਅਤੇ ਪੰਚਾਇਤ ਨੇ ਸ਼ਰੇਆਮ ਦੁਹਾਈ ਦਿੱਤੀ ਕਿ ਇਸ ਕਾਲੇ ਧੰਦੇ ਨੂੰ ਰੋਕਣ ਲਈ ਅਸੀਂ ਵੱਖ ਵੱਖ ਅਧਿਕਾਰੀਆਂ ਤਕ ਪਹੁੰਚ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਹੈਰਾਨੀ ਇਸ ਗੱਲ ਦੀ ਵੀ ਸੀ ਕਿ ਜਿੱਥੇ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਦੀ ਮਿਨੀ ਫੈਕਟਰੀ ਲਾਈ ਗਈ ਸੀ, ਉੱਥੋਂ ਪੁਲਿਸ ਥਾਣਾ ਸਿਰਫ ਦੋ ਕਿਲੋਮੀਟਰ ਦੀ ਵਿੱਥ ’ਤੇ ਸੀ। ਇਸ ਤਰ੍ਹਾਂ ਹੀ ਮਈ 2025 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੀਆ ਇਲਾਕੇ ਦੇ ਨੇੜੇ ਤੇੜੇ ਦੇ ਪੰਜ ਪਿੰਡਾਂ ਦੇ 24 ਘਰਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਸੱਥਰ ਵਿਛੇ। ਦਸ ਵਿਅਕਤੀਆਂ ਨੂੰ ਗੰਭੀਰ ਸਥਿਤੀ ਵਿੱਚ ਦਾਖਲ ਕਰਵਾਇਆ ਗਿਆ।

ਹੁਣ ਕਣਸੋਅ ਮਿਲੀ ਹੈ ਕਿ ਮਜੀਠਾ ਇਲਾਕੇ ਵਿੱਚ ਜ਼ਹਿਰੀਲੇ ਰਸਾਇਣਕ ਪਦਾਰਥ ਮੈਥਾਨਿਲ ਦੀ ਵਰਤੋਂ ਕਰਕੇ ਸ਼ਰਾਬ ਘਰਾਂ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ ਅਤੇ ਪਲਾਸਟਿਕ ਦੀਆਂ ਥੈਲੀਆਂ ਵਿੱਚ ਇਹ ਮੌਤ ਦਾ ਸਮਾਨ 80 ਤੋਂ 100 ਰੁਪਏ ਵਿੱਚ ਪ੍ਰਤੀ ਥੈਲੀ ਵੇਚਿਆ ਜਾ ਰਿਹਾ ਹੈ। ਕਿਉਂਕਿ ਸਰਕਾਰੀ ਮਾਨਤਾ ਪ੍ਰਾਪਤ ਠੇਕੇ ਤੋਂ ਸ਼ਰਾਬ ਦੀ ਬੋਤਲ 300 ਰੁਪਏ ਵਿੱਚ ਮਿਲਦੀ ਹੈ, ਇਹ ਜ਼ਹਿਰੀਲੀ ਸ਼ਰਾਬ ਸਸਤੀ ਹੋਣ ਕਾਰਨ ਮਜ਼ਦੂਰ ਅਤੇ ਗਰੀਬ ਤਬਕਾ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕਰ ਰਿਹਾ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ 13-13 ਸਾਲਾਂ ਦੇ ਨਾਬਾਲਗ ਬੱਚੇ ਇਹ ਜ਼ਹਿਰੀਲੀ ਸ਼ਰਾਬ ਪਲਾਸਟਿਕ ਦੇ ਲਿਫਾਫਿਆਂ ਵਿੱਚ ਭਰ ਕੇ ਵੇਚ ਰਹੇ ਹਨ।

ਸਰਕਾਰ ਦਾ ਮੁਢਲਾ ਕੰਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਹੈ। ਪਹਿਲਾਂ ਹੋਏ ਸ਼ਰਾਬ ਦੇ ਕਾਂਡਾਂ ਵਾਂਗ ਇੱਕ ਹੋਰ ਕਾਂਡ ਲੋਕਾਂ ਦੀ ਬਲੀ ਨਾ ਲੈ ਲਵੇ, ਇਸ ਸੰਬੰਧੀ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ।

* * * * *

Read 341 times
ਮੋਹਨ ਸ਼ਰਮਾ

Project Director, Drug de-addiction Centre

Sangroor, Punjab, India

Email: fularamanish@gmail.com

Phone: +91-94171-48866