You are here:ਮੁਖ ਪੰਨਾ»ਕਵਿਤਾਵਾਂ»ਕੱਚ ਦਾ ਗਲਾਸ
Coming soon: A new and improved Global Punjabi site!!!

ਲੇਖ਼ਕ

Wednesday, 03 June 2026 14:00

ਕੱਚ ਦਾ ਗਲਾਸ

Written by
Rate this item
(0 votes)

ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ

ਤੇ ਮੈਨੂੰ ਅੰਮੜੀ ਨੇ

ਮੈਨੂੰ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ

ਤੇ ਮੇਰੇ ਨੈਣਾ ਵਿਚੋਂ

ਮੇਰੇ ਨੈਣਾ ਵਿਚੋਂ ਛਮ ਛਮ ਨੀਰ ਫੁਟਿਆ

ਮੇਰੇ ਨੈਣਾ ਵਿਚੋਂ

ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸ ਦੇ

ਲੋਕੀਂ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੇ

ਲੋਕੀਂ ਦਿਲ ਤੋੜ ਦਿੰਦੇ

ਏਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀਂ

ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀਂ ਅਤੇ ਹਜ਼ਾਰੀਂ

ਕਿਰ ਜਾਂਦੇ ਨੈਣਾਂ ਦੇ ਮੋਤੀ ਮਾਏ ਝਿੜਕ ਨਾ ਮਾਰੀਂ

ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ

ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿਚ ਕੱਚ ਦੇ ਟੁਕੜੇ ਚਮਕਣ

ਦਿਲ ਟੁੱਟੇ ਟਾਂ ਚੋਰੀ ਚੋਰੀ ਅਖੀਉਂ ਅੱਥਰੂ ਬਰਸਣ

ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ

ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ

ਸਸਤੀਆਂ ਏਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ

ਮਹਿੰਗਾ ਰਾਣੀ-ਹਾਰ ਤੇ ਸਸਤਾ ਸੱਧਰਾਂ ਭਰਿਆ ਸੀਨਾ

ਦਿਲ ਦਾ ਨਿੱਘ ਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ

ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ

ਮਾਏ ਨੀ ਸੁਣ ਮੇਰੀਏ ਮਾਏ ਕਰਮ ਏਨਾ ਹੀ ਕਰਦੇ

ਨਾ ਦੇ ਨੀ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰਦੇ

ਮਾਏ ਨੀ ਕੁਝ ਹੋਰ ਨਾ ਮੰਗਾਂ ਰਾਂਝਾ ਮੈਨੂੰ ਵਰਦੇ

ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ

Read 277 times
ਸੁਰਜੀਤ ਪਾਤਰ

(ਛਪਿਆ ਅਕਤੂਬਰ 08, 2009 ਸੀਰਤ ਅਗਸਤ 2009 ਵਿੱਚੋਂ ਧੰਨਵਾਦ ਸਹਿਤ)
ਫ਼ੋਨ ਨੰਬਰ: 98145-04272