ਗਿਆਰਾਂ ਅਗੱਸਤ 2007 ਦਾ ਖਿੜੀ ਧੁੱਪ ਵਾਲਾ ਦਿਨ ਸੀ। ਸਵੇਰ ਦਾ ਤਾਪਮਾਨ ਇੱਕੀ ਸੈਂਟੀਗਰੇਡ, ਦੁਪਹਿਰ ਦਾ ਇਕੱਤੀ ਤੇ ਸ਼ਾਮ ਦਾ ਛੱਬੀ ਦਰਜੇ ਸੀ। ਪਰ ਮੌਸਮ ਦੀ ਕਿਸ ਨੂੰ ਪਰਵਾਹ ਸੀ? ਮੀਂਹ ਪੈਂਦਾ ਹੁੰਦਾ ਤਦ ਵੀ ਕੋਈ ਫਰਕ ਨਹੀਂ ਸੀ ਪੈਣਾ। ਵਰਲਡ ਕਬੱਡੀ ਕੱਪ ਤਾਂ ਛੱਤੇ ਹੋਏ ਵਾਤਾਨਕੂਲ ਕੌਪਿਸ ਕੌਲੀਜ਼ੀਅਮ ਵਿੱਚ ਹੋਣਾ ਸੀ ਜਿਸ ਦੀ ਅਗਾਊਂ ਟਿਕਟ ਚਾਲੀ ਡਾਲਰ ਤੇ ਗੇਟ ਉਤੇ ਪੰਤਾਲੀ ਡਾਲਰ ਸੀ। ਭਾਰਤੀ ਰੁਪਈਆਂ ਵਿੱਚ ਇਹ ਟਿਕਟ ਡੇਢ ਹਜ਼ਾਰ ਰੁਪਏ ਤੋਂ ਉਪਰ ਬਣਦੀ ਹੈ। ਪੰਜਾਬ ਵਿੱਚ ਜੇ ਕਿਸੇ ਨੂੰ ਕਿਹਾ ਜਾਵੇ ਕਿ ਡੂਢ ਹਜ਼ਾਰ ਦੀ ਟਿਕਟ ਲੈ ਕੇ ਕਬੱਡੀ ਵੇਖਣੀ ਹੈ ਤਾਂ ਸ਼ਾਇਦ ਕੋਈ ਵੀ ਨਾ ਵੇਖੇ। ਉਥੇ ਤਾਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਬੱਡੀ ਕੱਪ ਕਰਾਉਣ ਵਾਲੇ ਇਸ਼ਤਿਹਾਰ ਦਿੰਦੇ ਹਨ ਕਿ ਜਿਹੜੇ ਬਾਰਾਂ ਵਜੇ ਤੋਂ ਪਹਿਲਾਂ ਸਟੇਡੀਅਮ ਵਿੱਚ ਆਉਣਗੇ ਉਨ੍ਹਾਂ ਨੂੰ ਕੂਪਨ ਦਿੱਤੇ ਜਾਣਗੇ ਤੇ ਲਾਟਰੀ ਨਾਲ ਮੋਟਰ ਸਾਈਕਲਾਂ ਦੇ ਇਨਾਮ ਕੱਢੇ ਜਾਣਗੇ। ਰਿਕਸ਼ੇ ਚਲਾਉਣ ਵਾਲੇ ਭੱਈਏ ਪਹਿਲਾਂ ਆ ਕੇ ਕੂਪਨ ਲੈ ਜਾਂਦੇ ਹਨ, ਫੇਰ ਬਾਹਰ ਜਾ ਕੇ ਰਿਕਸ਼ੇ ਚਲਾਉਂਦੇ ਹਨ ਤੇ ਲਾਟਰੀ ਕੱਢਣ ਵੇਲੇ ਫਿਰ ਆ ਹਾਜ਼ਰ ਹੁੰਦੇ ਹਨ। ਪਰ ਟੋਰਾਂਟੋ ਦੀ ਗੱਲ ਹੋਰ ਹੈ। ਇਥੇ ਕਬੱਡੀ ਕਈਆਂ ਨੂੰ ਪਹਿਲੇ ਤੋੜ ਦੀ ਦਾਰੂ ਵਾਂਗ ਚੜ੍ਹੀ ਹੋਈ ਹੈ।
* * *
ਮੈਂ ਸਵੇਰੇ ਰੇਡੀਓ ਲਾਇਆ ਤਾਂ ਗਾਉਂਦੇ ਪੰਜਾਬ ਵਾਲਾ ਜੋਗਿੰਦਰ ਸਿੰਘ ਬਾਸੀ ਵਰਲਡ ਕੱਪ ਦੀਆਂ ਟਿਕਟਾਂ ਵੇਚਣ ਦੇ ਹੋਕੇ ਦੇ ਰਿਹਾ ਸੀ। ਕਹਿ ਰਿਹਾ ਸੀ ਪਈ ਥਾਓਂ ਥਾਓਂ ਟਿਕਟਾਂ ਖਰੀਦਣ ਵਾਲਿਆਂ ਦਾ ਧੱਕਾ ਪੈ ਰਿਹੈ। ਕੋਈ `ਕੱਠੀਆਂ ਵੀਹ ਖਰੀਦ ਰਿਹੈ, ਕੋਈ ਤੀਹ ਤੇ ਕੋਈ ਪੰਜਾਹ! ਆਹ ਲਓ ਟਿਕਟਾਂ ਤਾਂ ਮੁੱਕ ਵੀ ਚੱਲੀਆਂ! ! ਭਰ ਗਿਆ ਡਾਲਰਾਂ ਨਾਲ ਟਰੱਕ। ਚਾਲੀ ਡਾਲਰ ਤਾਂ ਕਬੱਡੀ ਲਈ ਕੁਛ ਵੀ ਨਹੀਂ। ਜੇ ਟਿਕਟ ਸੌ ਡਾਲਰ ਦੀ ਹੁੰਦੀ ਤਾਂ ਵੀ ਸਸਤੀ ਸੀ! ਉਹ ਆਪਣੇ ਰੇਡੀਓ ਰਾਹੀਂ ਕਈਆਂ ਦਿਨਾਂ ਤੋਂ ਟਿਕਟਾਂ ਵੇਚਣ ਦੀਆਂ ਦੁਹਾਈਆਂ ਦੇ ਰਿਹਾ ਸੀ ਪਰ ਅੱਜ ਤਾਂ `ਨ੍ਹੇਰੀ ਲਿਆ ਰੱਖੀ ਸੀ। ਲੱਗਦਾ ਸੀ ਜਿਵੇਂ ਟਿਕਟਾਂ `ਚ ਉਹਦਾ ਵੀ ਕਮਿਸ਼ਨ ਹੋਵੇ। ਨਾਲ ਦੀ ਨਾਲ ਹੈਮਿਲਟਨ ਦੇ ਕੌਪਿਸ ਕੋਲੀਜ਼ੀਅਮ ਦਾ ਰਾਹ ਦੱਸੀ ਜਾਂਦਾ ਸੀ। ਹਵਾ ਵਿੱਚ ਹੀ ਕਹੀ ਜਾਂਦਾ ਸੀ ਬਈ ਗੱਡੀ ਉਤੇ ਗੱਡੀ ਚੜ੍ਹੀ ਜਾਂਦੀ ਹੈ ਤੇ ਕੌਪਿਸ ਕੌਲੀਜ਼ੀਅਮ ਦੁਆਲੇ ਲੋਕਾਂ ਦੀਆਂ ਭੀੜਾਂ ਜੁੜੀਆਂ ਖੜ੍ਹੀਐਂ। ਸਟੇਡੀਅਮ ਵਿਚੋਂ ਸਟੇਜ ਦੀ ਮਲਕਾ ਬੀਬੀ ਆਸ਼ਾ ਸ਼ਰਮਾ ਟੀਮਾਂ ਦੇ ਮਾਰਚ ਪਾਸਟ ਬਾਰੇ ਦੱਸ ਰਹੀ ਸੀ। ਬਾਸੀ ਦੇ ਹੈਂਜੀ ਹੈਂਜੀ ਕਰਦੇ ਰੇਡੀਓ ਵਾਲੇ ਜੁਗਾੜ ਨੇ ਉਹਦੇ ‘ਲੱਖਾਂ ਸਰੋਤਿਆਂ’ ਨੂੰ ਭਰਮਾ ਲਿਆ ਸੀ। ਉਹ ਕਾਹਲੀ ਕਾਹਲੀ ਕਹਿ ਰਿਹਾ ਸੀ, “ਛੇਤੀ ਚੱਲੋ, ਨਹੀਂ ਤਾਂ ਪਹਿਲਾ ਮੈਚ ਨਿਕਲਜੂ, ਫੇਰ ਪਛਤਾਓਂਗੇ।” ਉਹ ਭੱਪ-ਭੱਪ ਕਰਦਾ ਭੱਜਲੋ-ਭੱਜਲੋ ਕਰੀ ਜਾਂਦਾ ਸੀ ਜਿਵੇਂ ਕਿਤੇ ਅੱਗ ਲੱਗੀ ਹੋਵੇ!
* * *
ਕਬੱਡੀ ਦਾ ਮਸ਼ਹੂਰ ਬੁਲਾਰਾ ਦਾਰਾ ਸਿੰਘ ਗਰੇਵਾਲ ਮਿਥੇ ਵਕਤ `ਤੇ ਮੇਰੇ ਕੋਲ ਪਹੁੰਚਾ ਤੇ ਅਸੀਂ ਕੌਪਿਸ ਕੋਲੀਜ਼ੀਅਮ ਨੂੰ ਚਾਲੇ ਪਾਏ। ਰਾਹ `ਚੋਂ ਤਲਵਿੰਦਰ ਘੁੱਗੀ ਨੂੰ ਚੁੱਕਿਆ। ਤਿੰਨਾਂ ਦੇ ਨਾਭੀ ਪੱਗਾਂ ਸਨ, ਸਫੈਦ ਕਮੀਜ਼ਾਂ ਤੇ ਕਾਲੀਆਂ ਪਤਲੂਣਾਂ। ਇਹ ਕੁਮੈਂਟੇਟਰਾਂ ਦੀ ਕਿਲਾ ਰਾਇਪੁਰੀ ਪੁਸ਼ਾਕ ਸੀ। ਹਾਈਵੇਅ 407 ਉਤੇ ਪੰਜਾਬੀਆਂ ਦੀਆਂ ਕਾਰਾਂ ਮਿਰਜ਼ੇ ਦੀਆਂ ਬੱਕੀਆਂ ਬਣੀਆਂ ਜਾਂਦੀਆਂ ਸਨ ਤੇ ਉਨ੍ਹਾਂ ਵਿੱਚ ਰੰਗਲੇ ਪੰਜਾਬ ਦੇ ਗਾਣੇ ਗੂੰਜ ਰਹੇ ਸਨ। ਅਸੀਂ ਇਨਡੋਰ ਸਟੇਡੀਅਮ ਅੰਦਰ ਅੱਪੜੇ ਤਾਂ ਟੀਮਾਂ ਦਾ ਮਾਰਚ ਪਾਸਟ ਹੋ ਰਿਹਾ ਸੀ। ਅਜੇ ਅੱਧੀਆਂ ਕੁ ਸੀਟਾਂ ਪੁਰ ਹੋਈਆਂ ਸਨ ਤੇ ਦਰਸ਼ਕ ਕਤਾਰਾਂ ਬੰਨ੍ਹੀ ਆ ਰਹੇ ਸਨ। ਸਟੇਜ ਤੋਂ ਬੀਬੀ ਆਸ਼ਾ ਸ਼ਰਮਾ ਨੇ ਸਾਨੂੰ ਜੀ ਆਇਆਂ ਕਿਹਾ ਤੇ ਮੈਂ ਵਡੇਰਾ ਹੋਣ ਦੇ ਨਾਤੇ ਬੀਬੀ ਦਾ ਸਿਰ ਪਲੋਸਿਆ। ਪਹਿਲਾ ਮੈਚ ਪੰਜਾਬ ਕੇਸਰੀ ਤੇ ਅਮਰੀਕਾ ਦੇ ਨਾਵਾਂ `ਤੇ ਖੇਡ ਰਹੀਆਂ ਟੀਮਾਂ ਵਿਚਕਾਰ ਹੋਇਆ ਜੋ ਪੰਜਾਬ ਕੇਸਰੀ ਨੇ 36-35 ਅੰਕਾਂ ਨਾਲ ਜਿੱਤਿਆ। ਪੰਜਾਬ ਕੇਸਰੀ ਦੀ ਟੀਮ ਵਿੱਚ ਕਾਕਾ ਕਾਹਰੀ ਸਾਰੀ, ਸੁੱਖੀ, ਕਾਲੂ, ਕੁਲਜੀਤਾ, ਮੰਗੀ, ਗੋਪੀ ਤੇ ਬਿੱਟੂ ਦੁਗਾਲ ਹੋਰੀਂ ਸਨ ਜਿਸ ਦਾ ਕੋਚ ਅਜਮੇਰ ਸਿੰਘ ਚਕਰੀਆ ਤੇ ਮੈਨੇਜਰ ਮੇਜਰ ਸਿੰਘ ਬਰਾੜ ਸੀ। ਅਮਰੀਕਾ ਦੀ ਟੀਮ ਜੌਨ੍ਹ ਸਿੰਘ ਗਿੱਲ ਤੇ ਗੁਰਿੰਦਰਪਾਲ ਲਾਡੀ ਨੇ ਤਿਆਰ ਕੀਤੀ ਸੀ ਜਿਸ ਵਿੱਚ ਦੁੱਲਾ, ਸੋਨੂੰ, ਮਿੰਦੂ, ਤੀਰਥ ਤੇ ਮੀਕ ਹੋਰੀਂ ਸਨ। ਇਹ ਮੈਚ ਬੇਹੱਦ ਫਸਵਾਂ ਹੋਇਆ ਜੀਹਦੇ ਵਿੱਚ ਕਈ ਯਾਦਗਾਰੀ ਜੱਫੇ ਲੱਗੇ।
* * *
ਦੂਜਾ ਮੈਚ ਇੰਡੀਆ ਤੇ ਇੰਗਲੈਂਡ ਦੇ ਨਾਵਾਂ ਨਾਲ ਖੇਡੀਆਂ ਟੀਮਾਂ ਦਰਮਿਆਨ ਹੋਇਆ ਜੋ ਇੰਗਲੈਂਡ ਨੇ 36-31 ਅੰਕਾਂ ਨਾਲ ਜਿੱਤਿਆ। ਇੰਗਲੈਂਡ ਦੀ ਟੀਮ ਦਾ ਮੈਨੇਜਰ ਮਹਿੰਦਰ ਸਿੰਘ ਮੌੜ ਸੀ ਤੇ ਇੰਡੀਆ ਦਾ ਮੱਖਣ ਸਿੰਘ ਚੜਿੱਕ। ਤੀਜੇ ਮੈਚ ਵਿੱਚ ਪੱਛਮੀ ਕੈਨੇਡਾ ਦੀ ਟੀਮ ਨੇ 40-30 ਪੈਂਟ੍ਹਾਂ ਨਾਲ ਅਮਰੀਕੀ ਟੀਮ ਦੀ ਗੋਡੀ ਲੁਆ ਦਿੱਤੀ। ਪੱਛਮੀ ਕੈਨੇਡਾ ਦੀ ਟੀਮ ਵਿੱਚ ਲੱਖਾ, ਗੁਰਜੀਤ ਤੂਤਾਂ ਵਾਲਾ, ਸੰਦੀਪ ਸੁਰਖਪੁਰੀਆ, ਕੀਪਾ ਸੱਦੋਵਾਲੀਆ, ਏਕਮ ਹਠੂਰ, ਮੱਖਣ ਸੈਦੋਕੇ ਤੇ ਗੀਚਾ ਗੱਜਣਵਾਲੀਆ ਸਨ। ਲੱਖੇ ਨੂੰ ਪਹਿਲੀ ਰੇਡ `ਤੇ ਹੀ ਮੀਕ ਨੇ ਚਾਕੂ ਵਾਂਗ `ਕੱਠਾ ਕਰ ਦਿੱਤਾ ਤੇ ਅਗਲੀਆਂ ਕੌਡੀਆਂ ਪਾਉਣ ਜੋਗਾ ਨਾ ਛੱਡਿਆ। ਚੌਥੇ ਮੈਚ ਵਿੱਚ ਭਾਰਤ ਦੀ ਟੀਮ ਨੇ ਕੈਨੇਡਾ ਪੂਰਬ ਦੀ ਟੀਮ ਨੂੰ 37-32 ਅੰਕਾਂ ਨਾਲ ਹਰਾ ਕੇ ਕਪੜੇ ਪੁਆ ਦਿੱਤੇ। ਸੱਟਾਂ ਵੱਜੀਆਂ ਹੋਣ ਕਾਰਨ ਕਿੰਦਾ ਬਿਹਾਰੀਪੁਰੀਆ ਤੇ ਵੈੱਲੀ ਚੂਹੜਚੱਕੀਆ ਨਹੀਂ ਖੇਡ ਸਕੇ। ਲੱਲੀਆਂ ਵਾਲੇ ਸੁਖਦੀਪ ਤੇ ਉਪਕਾਰ ਦੀ ਕੋਈ ਵਾਹ ਨਾ ਚੱਲੀ। ਇੱਕ ਵਾਰ ਤਾਂ ਕਿੰਦੇ ਕਕਰਾਲੇ ਨੇ ਸੁਖਦੀਪ ਨੂੰ ਵਗਾਹ ਕੇ ਕੰਧ ਨਾਲ ਮਾਰਿਆ। ਪਹਿਲਾ ਸੈਮੀ ਫਾਈਨਲ ਕੈਨੇਡਾ ਪੱਛਮੀ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 42-27 ਪੈਂਟ੍ਹਾਂ ਨਾਲ ਹਰਾ ਕੇ ਜਿੱਤਿਆ ਤੇ ਦੂਜਾ ਸੈਮੀ ਫਾਈਨਲ ਪੰਜਾਬ ਕੇਸਰੀ ਟੀਮ ਭਾਰਤੀ ਟੀਮ ਨੂੰ 50-35 ਨਾਲ ਹਰਾ ਕੇ ਜਿੱਤ ਗਈ। ਫਾਈਨਲ ਮੈਚ `ਚ ਪੰਜਾਬ ਕੇਸਰੀ ਟੀਮ ਨੇ ਕੈਨੇਡਾ ਪੱਛਮੀ ਦੀ ਟੀਮ ਨੂੰ 47-32 ਅੰਕਾਂ `ਤੇ ਹਰਾ ਕੇ ਲੱਕ ਜਿੱਡਾ ਸੁਨਹਿਰੀ ਕੱਪ ਤੇ ਗਿਆਰਾਂ ਹਜ਼ਾਰ ਡਾਲਰ ਦਾ ਇਨਾਮ ਜਿੱਤਿਆ। ਬਿੱਟੂ ਦੁਗਾਲ ਨੂੰ ਵਧੀਆ ਜਾਫੀ ਤੇ ਗੁਰਜੀਤ ਤੂਤਾਂ ਵਾਲੇ ਨੂੰ ਸਰਵੋਤਮ ਧਾਵੀ ਐਲਾਨਿਆ ਗਿਆ। ਇੰਗਲੈਂਡ ਦੀ ਟੀਮ ਨਾਲ ਆਏ ਜੀਤੇ ਮੌੜ ਨੇ ਖੇਡ ਨਹੀਂ ਵਿਖਾਈ। ਮੈਚਾਂ ਦੀ ਕੁਮੈਂਟਰੀ ਪ੍ਰੋ.ਮੱਖਣ ਸਿੰਘ, ਮੱਖਣ ਅਲੀ ਤੇ ਸੁਖਚੈਨ ਬਰਾੜ ਨੇ ਕੀਤੀ ਪਰ ਸਾਊਂਡ ਸਿਸਟਮ ਬੇਹੱਦ ਨਾਕਸ ਹੋਣ ਕਾਰਨ ਦਰਸ਼ਕ ਕੁਮੈਂਟਰੀ ਦਾ ਅਨੰਦ ਨਹੀਂ ਮਾਣ ਸਕੇ। ਮੈਚਾਂ ਦੇ ਰੈਫਰੀ ਭਿੰਦਰ ਸੇਖੋਂ, ਸੁੱਖਾ, ਗੋਪ ਤੇ ਸ਼ਾਮਾ ਚਿੱਟੀ ਸਨ।
* * *
ਪਿਛਲੇ ਕੁੱਝ ਸਾਲਾਂ ਤੋਂ ਟੋਰਾਂਟੋ ਦੇ ਕਬੱਡੀ ਕੱਪ ਸਮੇਂ ਪਾਣੀ ਦੀਆਂ ਬੋਤਲਾਂ ਵਗਾਹੀਆਂ ਜਾਂਦੀਆਂ ਰਹੀਆਂ ਹਨ। ਦਰਸ਼ਕ ਰੈਫਰੀ ਵੱਲੋਂ ਦਿੱਤੇ ਸਹੀ ਜਾਂ ਗ਼ਲਤ ਪੈਂਟ੍ਹ ਦੇ ਬਹਾਨੇ ਗਰਨੇਡਾਂ ਵਾਂਗ ਬੋਤਲਾਂ ਚਲਾ ਮਾਰਦੇ ਹਨ। ਮੈਂ ਇੱਕ ਲੇਖ ਵੀ ਲਿਖਿਆ ਸੀ-ਕਬੱਡੀ ਦੀ ਖੇਡ ਤੇ ਬੋਤਲਾਂ ਦੀ ਰੇਡ। ਉਹ ਮੇਰੀ ਨਵੀਂ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿੱਚ ਵੀ ਸ਼ਾਮਲ ਹੈ। ਐਤਕੀਂ ਪ੍ਰਬੰਧਕਾਂ ਨੇ ਪਾਣੀ ਦੀਆਂ ਬੋਤਲਾਂ ਅੰਦਰ ਲਿਜਾਣ ਦੀ ਉੱਕਾ ਹੀ ਮਨਾਹੀ ਕਰ ਦਿੱਤੀ ਸੀ। ਅੱਗੇ ਪਾਣੀ ਦੀਆਂ ਬੋਤਲਾਂ ਵਿੱਚ ਦੇਸੀ ਸ਼ਰਾਬ, ਵੋਦਕਾ ਜਾਂ ਬਕਾਰਡੀ ਪਾ ਕੇ ਦਰਸ਼ਕ ਅੰਦਰ ਚਲੇ ਜਾਂਦੇ ਸਨ ਤੇ ਰੌਲਾ ਪੈਣ ਦੀ ਸੂਰਤ ਵਿੱਚ ਢਿੱਡਾਂ ਅੰਦਰ ਗਈ ਦਾਰੂ ਬੋਤਲਾਂ ਦੇ ਗਰਨੇਡ ਬਣਾਉਣ ਦਾ ਹੌਂਸਲਾ ਦੇ ਦਿੰਦੀ ਸੀ। ਐਤਕੀਂ ਦਰਸ਼ਕਾਂ ਦੇ ਗੁੱਟ `ਤੇ ਰਿਬਨ ਬੰਨ੍ਹ ਕੇ ਉਨ੍ਹਾਂ ਨੂੰ ਤਿੰਨ ਵਜੇ ਤਕ ਬਾਹਰ ਜਾ ਕੇ ਅੰਦਰ ਆਉਣ ਦੀ ਖੁਲ੍ਹ ਸੀ। ਤਿੰਨ ਵਜੇ ਤੋਂ ਪਛੜੇ ਦਰਸ਼ਕ ਬਾਹਰ ਦੇ ਬਾਹਰ ਰਹਿ ਜਾਣੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਗੇ ਜਿਹੜੇ ਪਿਆਕ ਅੰਦਰ ਬੈਠੇ ਘੁੱਟ ਘੁੱਟ ਪੀਂਦੇ ਸਨ ਉਹ ਤੇਜ਼ੀ ਨਾਲ ਬਾਹਰ ਨਿਕਲਦੇ ਤੇ ਕਾਰਾਂ ਦੀਆਂ ਡਿੱਕੀਆਂ `ਚੋਂ `ਕੱਠਾ ਈ ਗਲਗੱਸਾ ਗਲਾਸ ਅੰਦਰ ਸੁੱਟ ਕੇ ਸਟੇਡੀਅਮ ਵੱਲ ਨੱਸਦੇ। ਤਿੰਨ ਵਜੇ ਤੋਂ ਪਹਿਲਾਂ ਅੰਦਰ ਵੜਨ ਲਈ ਦਾਰੂ ਪੀਣਿਆਂ ਜੋ ਧੱਕਾ ਪਿਆ ਉਹ ਨਜ਼ਾਰਾ ਫਿਲਮਾਉਣ ਵਾਲਾ ਸੀ। ਤੱਤੇ ਤਾਅ ਅੰਦਰ ਸੁੱਟੇ ਹਾੜੇ ਫੁੱਲ ਰਹੇ ਸਨ ਤੇ ਕਈਆਂ ਦੀਆਂ ਘਿਲਬਿੱਲੀਆਂ ਬੋਲ ਰਹੀਆਂ ਸਨ। ਉਤੋਂ ਤਿੰਨ ਵੱਜਣ ਤੇ ਗੇਟ ਬੰਦ ਹੋਣ ਦਾ ਡਰ ਸੀ।
* * *
ਕੌਪਿਸ ਕੋਲੀਜ਼ੀਅਮ ਪੰਦਰਾਂ ਹਜ਼ਾਰ ਸੀਟਾਂ ਵਾਲਾ ਇਨਡੋਰ ਸਟੇਡੀਅਮ ਹੈ। ਪਹਿਲੀ ਵਾਰ 1995 ਵਿੱਚ ਇਸ ਅੰਦਰ ਆਲਮੀ ਕਬੱਡੀ ਚੈਂਪੀਅਨਸ਼ਿਪ ਹੋਈ ਸੀ। ਉਦੋਂ ਪਾਕਿਸਤਾਨ ਦੀ ਟੀਮ ਵੀ ਆਈ ਸੀ ਤੇ ਮੈਂ ਪਹਿਲੀ ਵਾਰ ਦਾਰਾ ਸਿੰਘ ਦੇ ਨਾਲ ਕਬੱਡੀ ਮੈਚਾਂ ਦੀ ਕੁਮੈਂਟਰੀ ਕੀਤੀ ਸੀ। ਉਦੋਂ ਚੌਦਾਂ ਹਜ਼ਾਰ ਦਰਸ਼ਕਾਂ ਦਾ `ਕੱਠ ਹੋਇਆ ਸੀ। ਦੂਜੀ ਵਾਰ ਮਾਲਟਨ ਕਲੱਬ ਨੇ 2004 ਵਿੱਚ ਉਸੇ ਸਟੇਡੀਅਮ `ਚ ਵਰਲਡ ਕੱਪ ਕਰਾਇਆ ਪਰ `ਕੱਠ ਪੰਜ ਛੇ ਹਜ਼ਾਰ ਦਰਸ਼ਕਾਂ ਦਾ ਹੀ ਹੋ ਸਕਿਆ। 2006 ਵਿੱਚ ਮੈਟਰੋ ਸਪੋਰਟਸ ਕਲੱਬ ਨੇ ਕੱਪ ਕਰਵਾਇਆ ਤਾਂ ਕਈ ਸਾਲਾਂ ਬਾਅਦ ਬਾਰਾਂ ਤੇਰਾਂ ਹਜ਼ਾਰ ਦਰਸ਼ਕ ਕਬੱਡੀ ਵੇਖਣ ਆਏ। ਐਤਕੀਂ ਅੰਦਾਜ਼ਾ ਹੈ ਕਿ ਛੇ ਸੱਤ ਹਜ਼ਾਰ ਦਰਸ਼ਕ ਹੋਣਗੇ। ਗਿਣਤੀ ਘਟਣ ਦਾ ਇੱਕ ਕਾਰਨ ਇਕੋ ਹਫ਼ਤੇ ਤਿੰਨ ਕਬੱਡੀ ਟੂਰਨਾਮੈਂਟਾਂ ਦਾ ਹੋਣਾ ਹੋ ਸਕਦਾ ਹੈ ਤੇ ਦੂਜਾ ਕਾਰਨ ਗਿਆਰਾਂ ਅਗੱਸਤ ਸ਼ਾਮ ਨੂੰ ਹੀ ਗੁਰਦਾਸ ਮਾਨ ਦਾ ਸ਼ੋਅ ਸੀ। ਤੀਜਾ ਕਾਰਨ ਓਨਟਾਰੀਓ ਕਬੱਡੀ ਫੈਡਰੇਸ਼ਨ ਤੇ ਕਲੱਬਾਂ ਵਿੱਚ ਫੁੱਟ ਪੈਣਾ ਵੀ ਹੈ। ਮੈਂ ਇਸੇ ਲਈ ਮਾਈਕ ਤੋਂ ਕੁੱਝ ਬੋਲ ਸਾਂਝੇ ਕੀਤੇ ਸਨ-ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ, ਜੜ੍ਹੋਂ ਈਰਖਾ ਮੁਕਾਓ ਐ ਪੰਜਾਬ ਵਾਸੀਓ …।
* * *
ਗਾਇਕ ਸਰਬਜੀਤ ਚੀਮਾ ਚੁੱਪ ਕੀਤਾ ਸਟੇਡੀਅਮ ਅੰਦਰ ਆਇਆ। ਆਸ਼ਾ ਸ਼ਰਮਾ ਨੇ ਉਹਦੀ ਜਾਣ ਪਛਾਣ ਕਰਾਈ ਤੇ ਦਰਸ਼ਕਾਂ ਨੇ ਭਰਵੀਆਂ ਤਾੜੀਆਂ ਨਾਲ ਕਲਾਕਾਰ ਦਾ ਸਵਾਗਤ ਕੀਤਾ। ਸਰਬਜੀਤ ਨੇ ਜੈਕਾਰਾ ਗਜਾਇਆ, ਕੁੱਝ ਬੋਲ ਸਾਂਝੇ ਕੀਤੇ ਤੇ ਕਬੱਡੀ ਦਾ ਗੀਤ ਗਾਇਆ। ਦੋ ਸਾਲ ਪਹਿਲਾਂ ਗੁਰਦਾਸ ਮਾਨ ਨੇ ਕਬੱਡੀ ਦੇ ਵਰਲਡ ਕੱਪ ਦੀ ਹਾਜ਼ਰੀ ਭਰਦਿਆਂ ਹਰਸ਼ੀ ਸੈਂਟਰ ਵਿੱਚ ਬਾਹਾਂ ਉਤੇ ਕਲਾਬਾਜ਼ੀਆਂ ਲਾ ਕੇ ਵਿਖਾਈਆਂ ਸਨ। ਉਸ ਨੇ ਸਪੋਰਟਸਮੈਨ ਹੋਣ ਦਾ ਜਲਵਾ ਵਿਖਾ ਦਿੱਤਾ ਸੀ। ਪਿਛਲੇ ਸਾਲ ਹਰਭਜਨ ਮਾਨ ਨੇ ਕਬੱਡੀ ਕੱਪ ਵੇਖਦਿਆਂ ਪੰਜਾਬੀਆਂ ਨੂੰ ਵਡਿਆਇਆ ਸੀ। ਲੋਕਾਂ ਨੂੰ ਐਂਟਰਟੇਨ ਕਰਨ ਦਾ ਆਪੋ ਆਪਣਾ ਢੰਗ ਹੈ। ਕੋਈ ਗਾ ਕੇ ਮਨੋਰੰਜਨ ਕਰਦਾ ਹੈ ਤੇ ਕੋਈ ਕਬੱਡੀ ਦੀ ਖੇਡ ਵਿਖਾ ਕੇ ਮਨੋਰੰਜਨ ਕਰਦਾ ਜੁੱਸੇ ਤਕੜੇ ਬਣਾਉਣ ਦੀ ਚੇਟਕ ਲਾਉਂਦਾ ਹੈ। ਕਬੱਡੀ ਦੇ ਕਈ ਖਿਡਾਰੀ ਕੁਇੰਟਲ ਤੋਂ ਵੀ ਵੱਧ ਵਜ਼ਨ ਦੇ ਹਨ। ਜੇਕਰ ਇਹ ਵਜ਼ਨ ਬੂਰੀਆਂ ਚੁੰਘ ਕੇ ਤੇ ਮਿਹਨਤਾਂ ਮਾਰ ਕੇ ਬਣਾਇਆ ਹੋਵੇ ਤਾਂ ਸਲਾਹੁਣਯੋਗ ਹੈ। ਜੇਕਰ ਟੀਕਿਆਂ ਨਾਲ ਮੱਸਲ ਬਣਾਏ ਹੋਣ ਤਾਂ ਨਿੰਦਣਯੋਗ ਹੈ। ਚੰਗਾ ਹੋਵੇ ਜੇ ਵਰਜਿਤ ਡਰੱਗਾਂ ਲੈਣੋਂ ਰੋਕਣ ਲਈ ਡੋਪ ਟੈੱਸਟ ਲਾਗੂ ਕੀਤਾ ਜਾਵੇ। ਇੰਗਲੈਂਡ, ਬੀ.ਸੀ.ਤੇ ਓਨਟਾਰੀਓ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਡੋਪ ਟੈੱਸਟ ਕਰਨ ਦੇ ਮਤੇ ਤਾਂ ਪਿਛਲੇ ਸਾਲ ਹੀ ਪਾਸ ਕਰ ਲਏ ਸਨ। ਵੇਖਦੇ ਹਾਂ ਉਨ੍ਹਾਂ `ਤੇ ਅਮਲ ਕਦੋਂ ਹੁੰਦੈ?
* * *
ਕਬੱਡੀ ਮੇਲੇ `ਚ ਕੁੱਝ ਸਿਆਸਤਦਾਨ ਵੀ ਸ਼ਾਮਲ ਹੋਏ। ਕੈਨੇਡਾ ਦੀ ਇਮੀਗਰੇਸ਼ਨ ਮੰਤਰੀ ਡਿਆਨੇ ਫਿਨਲੇ ਤੇ ਕਬੱਡੀ ਦੇ ਖਿਡਾਰੀਆਂ ਦੀ ਵੀਜ਼ੇ ਲੁਆਉਣ `ਚ ਮਦਦ ਕਰਨ ਵਾਲਾ ਮੈਂਬਰ ਪਾਰਲੀਮੈਂਟ ਵਾਜਿਦ ਖਾਂ, ਐੱਮ.ਪੀ.ਪੀ.ਵਿੱਕ ਢਿੱਲੋਂ ਤੇ ਹੋਰ ਵੀ ਸਨ। ਬਲਿਊਬੇਰੀ ਦੇ ਬਾਦਸ਼ਾਹ ਪਿੱਟਮੀਡੋਜ਼ ਦੇ ਪੁਰੇਵਾਲ ਭਰਾਵਾਂ `ਚੋਂ ਗੁਰਜੀਤ ਸਿੰਘ ਆਇਆ ਸੀ ਜਿਸ ਨੇ ਭਾਰਤ ਦੀ ਟੀਮ ਸਪਾਂਸਰ ਕੀਤੀ ਸੀ। ਯੂਨਾਈਟਿਡ ਸਪੋਰਟਸ ਕਲੱਬ ਦੇ ਚੇਅਰਮੈਨ ਮੇਜਰ ਸਿੰਘ ਨੱਤ ਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਗੁਰਜੀਤ ਸਿੰਘ ਪੁਰੇਵਾਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ। ਪੁਰੇਵਾਲ ਭਰਾ ਖ਼ੁਦ ਕਬੱਡੀ ਦੇ ਤਕੜੇ ਖਿਡਾਰੀ ਰਹੇ ਹਨ ਤੇ ਆਪਣੇ ਪਿੰਡ ਹਕੀਮਪੁਰ `ਚ ਪੁਰੇਵਾਲ ਖੇਡ ਮੇਲਾ ਕਰਾਉਂਦੇ ਹਨ। ਕੈਲੇਫੋਰਨੀਆਂ ਦੇ ਦਾਨੀ ਜੌਨ੍ਹ ਸਿੰਘ ਗਿੱਲ ਨੂੰ ਵੀ ਸੋਨੇ ਦਾ ਤਮਗ਼ਾ ਭੇਟ ਕੀਤਾ ਗਿਆ। ਉਹ ਇਸ ਕਬੱਡੀ ਕੱਪ ਦਾ ਮੁੱਖ ਸਪਾਂਸਰ ਸੀ ਤੇ ਕਬੱਡੀ ਦਾ ਬਾਬਾ ਕਹਿ ਕੇ ਬੁਲਾਇਆ ਜਾਂਦੈ। ਨਿਊਯਾਰਕ ਦੇ ਜਗੀਰ ਸਿੰਘ ਸਬਜ਼ੀਮੰਡੀ ਦਾ ਵੀ ਮਾਣ ਸਨਮਾਨ ਹੋਇਆ। ਸ਼ਿਕਾਗੋ ਤੋਂ ਆਏ ਸੱਜਣਾਂ ਨੇ ਦੱਸਿਆ ਕਿ ਉਹ ਵੀ 25 ਅਗੱਸਤ ਨੂੰ ਕਬੱਡੀ ਦਾ ਵਰਲਡ ਕੱਪ ਕਰਾ ਰਹੇ ਹਨ। ਉਨ੍ਹਾਂ ਦਾ ਵੀ ਉਚਿਤ ਮਾਣ ਸਨਮਾਨ ਕੀਤਾ ਗਿਆ।
* * *
ਕਬੱਡੀ ਕੱਪ ਦਾ ਮੁੱਖ ਮਹਿਮਾਨ ਅਰਜਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਸੀ ਜਿਸ ਨੇ ਜੌਨ੍ਹ ਸਿੰਘ ਗਿੱਲ ਨਾਲ ਕਬੱਡੀ ਕੱਪ ਦਾ ਉਦਘਾਟਨ ਕੀਤਾ। ਪ੍ਰਬੰਧਕਾਂ ਨੇ ਉਸ ਨੂੰ ਗੋਲਡ ਮੈਡਲ ਨਾਲ ਨਿਵਾਜਿਆ। ਉਹ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਗੋਲਡ ਮੈਡਲਿਸਟ ਤੇ ਹਾਕੀ ਦਾ ਬੈੱਸਟ ਸਕੋਰਰ ਸੀ। ਕਬੱਡੀ ਦੇ ਪੁਰਾਣੇ ਖਿਡਾਰੀ ਦੇਵੀ ਦਿਆਲ, ਹਰਪ੍ਰੀਤ ਬਾਬਾ, ਮੱਖਣ ਸਿੰਘ ਤੇ ਸੁਰਿੰਦਰ ਟੋਨੀ ਵੀ ਸਨਮਾਨੇ ਗਏ। ਸਾਨੂੰ ਕੁਮੈਂਟੇਟਰਾਂ ਨੂੰ ਵੀ ਪਲੇਕਾਂ ਦਿੱਤੀਆਂ ਗਈਆਂ। ਜਦੋਂ ਇੰਮੀਗਰੇਸ਼ਨ ਮੰਤਰੀ ਦਾ ਅਭਿਨੰਦਨ ਕੀਤਾ ਗਿਆ ਤਾਂ ਪੱਤਰਕਾਰ ਸੁਖਵਿੰਦਰ ਸਿੰਘ ਹੰਸਰਾ ਵੀ ਪ੍ਰੈੱਸ ਸੈਂਟਰ `ਚੋਂ ਉੱਠ ਕੇ ਉਹਦੇ ਕੋਲ ਆ ਖੜ੍ਹਾ ਹੋਇਆ। ਸ਼ਾਇਦ ਵੀਜ਼ਿਆਂ ਬਾਰੇ ਕੋਈ ਸੁਆਲ ਪੁੱਛਣਾ ਹੋਵੇ। ਉਹ ਨਜ਼ਾਰੇ ਅਲੋਕਾਰ ਸਨ ਕਿ ਜਦੋਂ ਕੋਈ ਫੋਟੋ ਲਹਿਣ ਲੱਗਦੀ ਤਾਂ ਅਨੇਕਾਂ ਸੱਜਣ ਆਲੇ ਦੁਆਲੇ ਆ ਖੜ੍ਹਦੇ। ਲੀਡਰਾਂ ਨਾਲ ਫੋਟੋ ਖਿਚਾਉਣ ਦੀ ਭੁੱਖ ਪੰਜਾਬ ਵਿੱਚ ਹੀ ਨਹੀਂ ਇਹ ਕੈਨੇਡਾ ਵਿੱਚ ਵੀ ਹੈ। ਜੇਤੂ ਟੀਮ ਜਦੋਂ ਕੱਪ ਪ੍ਰਾਪਤ ਕਰਦੀ ਹੈ ਤਾਂ ਉਹਦੇ ਨਾਲ ਫੋਟੋ ਖਿਚਾਉਣ ਵਾਲਿਆਂ ਦਾ ਧੱਕਾ ਪੈਣ ਲੱਗਦੈ। ਖੇਡ ਮੈਦਾਨ ਵਿੱਚ ਵੀ ਕਈ ਬੰਦੇ ਐਵੇਂ ਹੀ ਗੇੜਾ ਬੰਨ੍ਹੀ ਫਿਰਦੇ ਹਨ ਜਿਵੇਂ ਕਹਿੰਦੇ ਹੋਣ, “ਸਾਨੂੰ ਵੀ ਵੇਖੋ!” ਅਖ਼ਬਾਰਾਂ ਵਿੱਚ ਆਪਣੀ ਫੋਟੋ ਛਪਵਾਉਣ, ਨਾਂ ਲਿਖਵਾਉਣ ਤੇ ਕੁਮੈਂਟਰੀ `ਚ ਆਪਣਾ ਨਾਂ ਬੁਲਵਾਉਣ ਦੀ ਭੁੱਖ ਪਤਾ ਨਹੀਂ ਉਨ੍ਹਾਂ ਦਾ ਕਦੋਂ ਖਹਿੜਾ ਛੱਡੇਗੀ?
* * *
ਕੌਪਿਸ ਕੋਲੀਜ਼ੀਅਮ ਵਿੱਚ ਗਤਕਾ ਵੀ ਖੇਡਿਆ ਗਿਆ ਤੇ ਭੰਗੜਾ ਵੀ ਪਿਆ। ਇੱਕ ਮੈਚ ਪੀਲ ਪੁਲਿਸ ਦੇ ਗੋਰੇ ਖਿਡਾਰੀਆਂ ਤੇ ਕੈਨੇਡਾ ਦੇ ਜੰਮਪਲ ਪੰਜਾਬੀ ਖਿਡਾਰੀਆਂ ਵਿਚਾਲੇ ਹੋਇਆ। ਇਸ ਮੈਚ ਉਤੇ ਸਭ ਤੋਂ ਵੱਧ ਹੱਲਾਸ਼ੇਰੀ ਗੂੰਜੀ। ਗੋਰੇ ਖਿਡਾਰੀਆਂ ਨੂੰ ਧਾਵੇ ਕਰਦੇ ਤੇ ਜੱਫੇ ਲਾਉਂਦੇ ਵੇਖ ਕੇ ਦਰਸ਼ਕ ਬਲਿਹਾਰੇ ਜਾ ਰਹੇ ਸਨ। ਇਸ ਵਾਰ ਦਰਸ਼ਕਾਂ ਨੇ ਕਿਸੇ ਰੈਫਰੀ ਦੇ ਫੈਸਲੇ `ਤੇ ਖਫ਼ਾ ਹੋ ਕੇ ਕੋਈ ਚੀਜ਼ ਦਾਇਰੇ ਵਿੱਚ ਨਹੀਂ ਸੁੱਟੀ ਜਾਂ ਇਓਂ ਕਹਿ ਲਓ ਕਿ ਸੁੱਟਣ ਲਈ ਕੁੱਝ ਹੈ ਈ ਨਹੀਂ ਸੀ। ਉਹ ਬੀਅਰ ਦੀ ਜਿਹੜੀ ਬੋਤਲ ਸਟੇਡੀਅਮ ਦੇ ਠੇਕੇ ਤੋਂ ਖਰੀਦਦੇ ਸੀ ਉਹ ਦਸ ਡਾਲਰਾਂ `ਚ ਪੈਂਦੀ ਸੀ। ਬੀਅਰ ਦੀ ਬੋਤਲ ਉਤੇ ਹੀ ਦਸ ਡਾਲਰ ਦਾ ਥੁੱਕ ਲੁਆ ਕੇ ਨਸ਼ਾ ਕੀਹਨੂੰ ਚੜ੍ਹਨਾ ਸੀ? ਪਤਾ ਲੱਗਾ ਹੈ ਕਿ ਤਿੰਨ ਵਜੇ ਦੇ ਕਰਫਿਊ ਕਾਰਨ ਸਟੇਡੀਅਮ ਦਾ ਠੇਕਾ ਬੀਅਰ ਦੀਆਂ ਸੈਂਕੜੇ ਬੋਤਲਾਂ ਵੇਚ ਗਿਆ ਤੇ ਪੰਜਾਬੀਆਂ ਦੀਆਂ ਜ਼ੇਬਾਂ `ਚੋਂ ਹਜ਼ਾਰਾਂ ਡਾਲਰ ਭੋਟ ਗਿਆ। ਕਾਰਾਂ ਦੀਆਂ ਡਿੱਕੀਆਂ ਵਾਲਾ ਮਾਲ ਮੱਤਾ ਮਾਲਕਾਂ ਨੂੰ ਉਡੀਕਦਾ ਰਿਹਾ ਜੋ ਕਈਆਂ ਨੇ ਤੁਰਨ ਵੇਲੇ ਅੰਦਰ ਸੁੱਟਿਆ। ਮੈਚ ਮੁੱਕਣ ਤੋਂ ਬਾਅਦ ਕਾਰਾਂ ਦੀਆਂ ਡਿੱਕੀਆਂ ਦੁਆਲੇ ਜੁੜੇ ਤਲਬਗ਼ਾਰਾਂ ਦਾ ਨਜ਼ਾਰਾ ਵੀ ਫਿਲਮਾਉਣ ਵਾਲਾ ਸੀ। ਅਮਿਤੋਜ ਮਾਨ ਵਿਹਲਾ ਹੋਵੇ ਤਾਂ ਅਗਲੇ ਵਰਲਡ ਕਬੱਡੀ ਕੱਪ `ਤੇ ਗੇੜਾ ਮਾਰ ਲਵੇ।
* * *
ਕੱਪ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਉਹ ਆਪਣੇ ਸਮੁੱਚੇ ਪਰਿਵਾਰਾਂ ਨੂੰ ਕਬੱਡੀ ਕੱਪ ਵਿਖਾਉਣ ਲਿਆਉਣਗੇ। ਬੀਬੀਆਂ ਤੇ ਬੱਚਿਆਂ ਲਈ ਦਾਖਲਾ ਵੀ ਮੁਫ਼ਤ ਸੀ। ਪਰ ਆਪਣੀਆਂ ਮਾਵਾਂ ਧੀਆਂ ਤੇ ਘਰਾਂ ਵਾਲੀਆਂ ਕਿਸੇ ਨੇ ਵੀ ਨਹੀਂ ਲਿਆਂਦੀਆਂ। ਪੰਜ ਸੱਤ ਹਜ਼ਾਰ ਦੇ `ਕੱਠ `ਚ ਮੈਨੂੰ ਪੰਜ ਸੱਤ ਔਰਤਾਂ ਹੀ ਵਿਖਾਈ ਦਿੱਤੀਆਂ ਜਿਨ੍ਹਾਂ `ਚੋਂ ਇੰਮੀਗਰੇਸ਼ਨ ਮੰਤਰੀ ਤੇ ਮੈਡਮ ਆਸ਼ਾ ਸ਼ਰਮਾ ਆਪਣੀ ਡਿਊਟੀ ਨਿਭਾਉਣ ਆਈਆਂ ਸਨ। ਇੱਕ ਬੀਬੀ ਮਿਲਵਾਕੀ ਤੋਂ ਆਈ ਸੀ ਤੇ ਇੱਕ ਪੱਤਰਕਾਰ ਸੀ। ਅੰਦਾਜ਼ਾ ਲਾ ਲਓ ਕਿ ਸਾਡੇ ਟੋਰਾਂਟੋ ਦੇ ਪੰਜਾਬੀ ਵੀਰ ਕਿੰਨੇ ਕੁ ਅਗਾਂਹਵਧੂ ਨੇ? ਉਹ ਔਰਤਾਂ ਦੀ ਕਬੱਡੀ ਖਿਡਾ ਸਕਦੇ ਹਨ ਪਰ ਔਰਤਾਂ ਨੂੰ ਵਿਖਾ ਨਹੀਂ ਸਕਦੇ। ਵੈਸੇ ਜਿੰਨਾ ਧਨ, ਸਮਾਂ, ਸ਼ਕਤੀ ਤੇ ਸਾਧਨ ਕਬੱਡੀ ਦੀ ਖੇਡ ਲਈ ਲਾਏ ਜਾ ਰਹੇ ਹਨ ਉਹਦੇ ਲਈ ਕਬੱਡੀ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਏਡਾ ਵੱਡਾ ਖੇਡ ਮੇਲਾ ਕਰਾਉਣਾ ਖਾਲਾ ਜੀ ਦਾ ਵਾੜਾ ਨਹੀਂ। ਯੂਨਾਈਟਿਡ ਕਲੱਬ ਵਾਲੇ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਕਿੰਨੀਆਂ ਰਾਤਾਂ ਦਾ ਉਨੀਂਦਰਾ ਕੱਟਿਆ ਹੈ? ਆਏ ਗਿਆਂ ਦੀ ਸੇਵਾ ਕਰਨ ਦੇ ਨਾਲ ਉਨ੍ਹਾਂ ਨੇ ਸਪਾਂਸਰਾਂ, ਖਿਡਾਰੀਆਂ, ਖੇਡ ਅਧਿਕਾਰੀਆਂ ਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ।
* * *
ਸਤ੍ਹਾਰਵੇਂ ਵਰਲਡ ਕਬੱਡੀ ਕੱਪ ਦੇ ਨਜ਼ਾਰੇ ਤਾਂ ਬਹੁਤ ਹਨ ਪਰ ਹਾਲ ਦੀ ਘੜੀ ਏਨਾ ਕੁ ਲਿਖ ਕੇ ਗੱਲ ਮੁਕਾਉਂਦੇ ਹਾਂ ਕਿ ਐਤਕੀਂ ਪਹਿਲਾਂ ਨਾਲੋਂ ਵੱਧ ਜੱਫੇ ਲੱਗੇ। ਬਿੰਦੇ ਝੱਟੇ ਧਾਵੀਆਂ ਨੂੰ ਬਰੇਕਾਂ ਲੱਗਦੀਆਂ ਤੇ ਚੱਕੇ ਜਾਮ ਹੋਈ ਜਾਂਦੇ। ਅਰਲਾਕੋਟ ਗੱਡੇ ਜਾਂਦੇ ਤੇ ਗੱਡੇ ਡਹੀਏਂ ਹੁੰਦੇ। ਕਈ ਖਿਡਾਰੀ ਸੱਟਾਂ ਖਾ ਕੇ ਬਾਹਰ ਵੀ ਬੈਠੇ। ਉਨ੍ਹਾਂ `ਚ ਲੱਖਾ ਤੇ ਸੋਨੂੰ ਵੀ ਸ਼ਾਮਲ ਸਨ। ਕਬੱਡੀ ਕੱਪ-2007 ਸੌ ਤੋਂ ਵੀ ਵੱਧ ਜੱਫਿਆਂ ਕਾਰਨ ਦੇਰ ਤਕ ਯਾਦ ਰਹੇਗਾ। ਕੋਈ ਵੀ ਧਾਵੀ ਐਸਾ ਨਹੀਂ ਨਿਕਲਿਆ ਜਿਹੜਾ ਉੱਕਾ ਨਾ ਰੁਕਿਆ ਹੋਵੇ। ਜੱਫਿਆਂ ਦਾ ਵਾਧਾ ਹੋਣਾ ਕਬੱਡੀ ਦੀ ਖੇਡ ਲਈ ਸ਼ੁਭ ਸ਼ਗਨ ਹੈ। ਵੇਖਣ ਵਾਲੀ ਗੱਲ ਹੁਣ ਇਹ ਹੈ ਕਿ ਕੈਨੇਡਾ ਦਾ ਅਗਲਾ ਕਬੱਡੀ ਸੀਜ਼ਨ ਇੱਕ ਧੜੇ ਦਾ ਹੋਵੇਗਾ ਜਾਂ ਦੋ ਧੜੇ ਬਣੇ ਰਹਿਣਗੇ? ਕੀ ਕਬੱਡੀ ਟੂਰਨਾਮੈਂਟਾਂ ਨੂੰ ਪੈਸੇ ਦੇਣ ਵਾਲੇ ਬਿਜਨਸ ਅਦਾਰੇ ਦੋਹਾਂ ਧੜਿਆਂ ਨੂੰ ਪੈਸੇ ਦੇਈ ਜਾਣਗੇ ਜਾਂ ਕਹਿਣਗੇ ਕਿ ਪਹਿਲਾਂ `ਕੱਠੇ ਹੋ ਕੇ ਕਬੱਡੀ `ਚੋਂ ਡਰੱਗ ਹਟਾਓ ਤੇ ਫੇਰ ਪੈਸੇ ਲੈਣ ਆਓ? ਉਹ ਇਹ ਵੀ ਕਹਿ ਸਕਦੇ ਹਨ ਕਿ ਸਾਥੋਂ ਡੋਪ ਟੈੱਸਟ ਲਈ ਫੰਡ ਲੈ ਲਓ ਤੇ ਟੂਰਨਾਮੈਂਟ ਸਾਫ ਸੁਥਰੀ ਤੇ ਡਰੱਗ ਮੁਕਤ ਕਬੱਡੀ ਦਾ ਕਰਾਓ!