You are here:ਮੁਖ ਪੰਨਾ»ਕਵਿਤਾਵਾਂ»ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
Coming soon: A new and improved Global Punjabi site!!!

ਲੇਖ਼ਕ

Monday, 22 June 2026 14:20

ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ

Written by
Rate this item
(0 votes)

ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ

ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ 'ਚ ਰਲ ਨ ਜਾਵਾਂ

ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ

ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ 'ਚ ਰਲ ਨਾ ਜਾਵਾਂ

ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ 'ਚ ਅਸਤ ਹੋਣਾ

ਰਾਹ ਵਿਚ ਨ ਸ਼ਾਮ ਪੈ ਜਏ, ਕਿਤੇ ਦੂਰ ਢਲ ਨ ਜਾਵਾਂ

ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ

ਏਦਾਂ ਨਹੀਂ ਕਰੀਦਾ ਹਾਇ ਮੈਂ ਬਲ ਨ ਜਾਵਾਂ

ਅੱਜ ਕਲ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ

ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ 'ਚੋਂ ਨਿਕਲ ਨ ਜਾਵਾਂ

Read 230 times
ਸੁਰਜੀਤ ਪਾਤਰ

(ਛਪਿਆ ਅਕਤੂਬਰ 08, 2009 ਸੀਰਤ ਅਗਸਤ 2009 ਵਿੱਚੋਂ ਧੰਨਵਾਦ ਸਹਿਤ)
ਫ਼ੋਨ ਨੰਬਰ: 98145-04272