You are here:ਮੁਖ ਪੰਨਾ»ਕਹਾਣੀਆਂ»ਬੱਚਿਆਂ ਨੂੰ ਖੂਬਸੂਰਤ ਆਦਤਾਂ ਪਾਓ
Coming soon: A new and improved Global Punjabi site!!!

ਲੇਖ਼ਕ

Tuesday, 23 June 2026 13:57

ਬੱਚਿਆਂ ਨੂੰ ਖੂਬਸੂਰਤ ਆਦਤਾਂ ਪਾਓ

Written by
Rate this item
(0 votes)

ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨਾਲ ਜੀਵ ਜੰਤੂ, ਪਸ਼ੂ ਪੰਛੀ, ਜਾਨਵਰਾਂ, ਰੁੱਖਾਂ ਅਤੇ ਵੇਲ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ। ਬਜ਼ੁਰਗ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਜਾ ਰਹੀ ਸੀ। ਦੁਪਹਿਰ ਸਮੇਂ ਸਰਗਮ ਦੇ ਦਾਦੀ ਜੀ ਕਿਸੇ ਕੰਮ ਲਈ ਆਪਣੇ ਘਰ ਦੇ ਵਿਹੜੇ ਵਿੱਚ ਆਏ ਤਾਂ ਦੇਖਿਆ ਇੱਕ ਜਲਮੁਰਗੀ ਗਰਮੀ ਕਾਰਨ ਬੇਸੁਰਤ ਹੋ ਕੇ ਡਿੱਗੀ ਪਈ ਸੀ। ਉਹ ਉਸ ਨੂੰ ਅੰਦਰ ਚੁੱਕ ਕੇ ਲੈ ਗਏ। ਪਾਣੀ ਦੇ ਛਿੱਟੇ ਮਾਰੇ। ਕੌਲੀ ਵਿੱਚ ਪਾਣੀ ਪਾ ਕੇ ਉਸ ਦੀ ਚੁੰਝ ਡੋਬ ਦਿੱਤੀ ਪਰ ਜਲਮੁਰਗੀ 'ਤੇ ਕੋਈ ਅਸਰ ਨਾ ਹੋਇਆ। ਕੋਲ ਥੋੜ੍ਹਾ ਚੋਗਾ ਖਿਲਾਰ ਕੇ ਉਹ ਆਪਣੇ ਕੰਮ ਧੰਦੇ ਕਰਨ ਲੱਗੇ। ਥੋੜ੍ਹੀ ਦੇਰ ਬਾਅਦ ਜਲਮੁਰਗੀ ਨੂੰ ਸੁਰਤ ਜਿਹੀ ਆਈ ।ਉਸ ਨੇ ਪਾਣੀ ਪੀਤਾ ਅਤੇ ਦਾਣੇ ਚੁਗੇ। ਘਰ ਵਿੱਚ ਇਧਰ ਉਧਰ ਦੌੜਨ ਲੱਗੀ। ਸਰਗਮ ਅਤੇ ਉਸ ਦਾ ਛੋਟਾ ਭਰਾ ਹਰਜੋਧ ਵੀ ਉਸ ਦੇ ਪਿੱਛੇ ਭੱਜਣ ਲੱਗੇ। ਸਰਗਮ ਦੀ ਮੰਮੀ ਅਤੇ ਦਾਦੀ ਨੇ ਜਲਮੁਰਗੀ ਨੂੰ ਪੋਲੇ ਹੱਥੀਂ ਫੜ ਕੇ ਬੱਚਿਆਂ ਨੂੰ ਉਸ ਦੇ ਖੰਭਾਂ 'ਤੇ ਹੱਥ ਫੇਰਨ ਦਿੱਤਾ। ਬੱਚੇ ਉਸ ਨੂੰ ਖੁਦ ਫੜਨਾ ਚਾਹੁੰਦੇ ਸਨ। ਪੰਛੀ ਨੂੰ ਬੱਚਿਆਂ ਹੱਥ ਦੇਣਾ ਉਸ ਪਿਆਰੇ ਜਿਹੇ ਪੰਛੀ ਲਈ ਖਤਰਾ ਹੋ ਸਕਦਾ ਸੀ। ਇਸ ਲਈ ਪਰਿਵਾਰ ਨੇ ਫੈਸਲਾ ਕੀਤਾ ਕਿ ਪੰਛੀ ਨੂੰ ਬਾਹਰ ਛੱਡ ਦਿੱਤਾ ਜਾਵੇ। ਪਰ ਬੱਚੇ ਉਸ ਨੂੰ ਬਾਹਰ ਛੱਡਣ 'ਤੇ ਕਹਿਣ ਨਾਲ ਹੀ ਰੋਣਾ ਸ਼ੁਰੂ ਕਰ ਦਿੰਦੇ। ਸਰਗਮ ਦੇ ਦਾਦੀ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਸ (ਪੰਛੀ) ਦੀ ਮਾਂ ਉਡੀਕਦੀ ਹੋਵੇਗੀ। ਇਹ ਵੀ ਆਪਣੀ ਮਾਂ ਨੂੰ ਲੱਭ ਰਿਹਾ ਹੈ। ਸ਼ਾਮ ਪੈ ਚੁੱਕੀ ਹੈ ਇਸ ਲਈ ਇਸ ਨੂੰ ਇਸ ਦੇ ਘਰ ਜਾਣ ਦਿੰਦੇ ਹਾਂ। ਕੱਲ੍ਹ ਨੂੰ ਆਪਾਂ ਸਵੇਰੇ ਹੀ ਪੰਛੀਆਂ ਲਈ ਪਾਣੀ ਅਤੇ ਦਾਣੇ ਰੱਖਾਂਗੇ ਫਿਰ ਬਹੁਤ ਸਾਰੇ ਪੰਛੀ ਆਉਣਗੇ। ਤਿੰਨ ਕੁ ਸਾਲ ਦੀ ਹੋਣ ਕਰਕੇ ਸਰਗਮ ਗੱਲ ਸਮਝਦੀ ਸੀ ਉਸ ਨੇ ਜਲਮੁਰਗੀ ਨੂੰ ਖੁਸ਼ੀ ਖੁਸ਼ੀ ਬਾਹਰ ਛੱਡਣ ਦਿੱਤਾ। ਅਗਲੀ ਸਵੇਰ ਸਰਗਮ ਨੇ ਛੋਟੇ ਛੋਟੇ ਭਾਂਡਿਆਂ ਵਿੱਚ ਦਾਣੇ ਅਤੇ ਪਾਣੀ ਪਾ ਕੇ ਛਾਂ ਵਿੱਚ ਪੰਛੀਆਂ ਲਈ ਰੱਖ ਰਹੀ ਸੀ।

"ਦਾਦੀ! ਹੁਨ (ਹੁਣ) ਪੰਛੀਆਂ ਨੂੰ ਤੁੱਪ (ਧੁੱਪ) ਵਿੱਚ ਨੀ ਜਾਨਾ (ਜਾਣਾ )ਪੈਨਾ (ਪੈਣਾ)।" ਸਰਗਮ ਨੇ ਤੋਤਲੀ ਆਵਾਜ਼ ਵਿੱਚ ਕਿਹਾ।

ਦਾਦੀ ਨੇ ਸਰਗਮ ਦਾ ਮੱਥਾ ਚੁੰਮਿਆ । ਉਹ ਸੋਚ ਰਹੀ ਸੀ ਇਸੇ ਤਰ੍ਹਾਂ ਹੀ ਬੱਚਿਆਂ ਦੇ ਸੁਭਾਅ ਵਿੱਚ ਕੁਦਰਤੀ ਬਨਸਪਤੀ ਅਤੇ ਜੀਵਾਂ ਪ੍ਰਤੀ ਪਿਆਰ ਪੈਦਾ ਕੀਤਾ ਜਾ ਸਕਦਾ ਹੈ ਅਤੇ ਇਨਸਾਨ ਵਿੱਚ ਇਸ ਤਰ੍ਹਾਂ ਦੀਆਂ ਖੂਬਸੂਰਤ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹੀ ਆਦਤਾਂ ਉਹਨਾਂ ਨੂੰ ਚੰਗੇ ਇਨਸਾਨ ਬਣਨ ਦੇ ਕਾਬਿਲ ਬਣਾਉਂਦੀਆਂ ਹਨ।

Read 267 times
ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.

Phone: +91 98767-14004

Email: shergillamritkaur080@gmail.com