You are here:ਮੁਖ ਪੰਨਾ»ਰਚਨਾ ਅਧਿਐਨ»ਜ਼ਿੰਦਗੀ ਜਿਊਣ ਦਾ ਚਾਅ
Coming soon: A new and improved Global Punjabi site!!!

ਲੇਖ਼ਕ

Wednesday, 24 June 2026 13:50

ਜ਼ਿੰਦਗੀ ਜਿਊਣ ਦਾ ਚਾਅ

Written by
Rate this item
(0 votes)

ਨਸ਼ਈ ਵਿਅਕਤੀ ਆਪਣੀ ਜ਼ਿੰਦਗੀ, ਆਪਣਾ ਭਵਿੱਖ ਨਸ਼ਿਆਂ ਦੀ ਪੂਰਤੀ ਲਈ ਦਾਅ ’ਤੇ ਲਾ ਦਿੰਦਾ ਹੈ। ਉਹਦੇ ਸਾਹਮਣੇ ਰਿਸ਼ਤਿਆਂ ਦੀ ਕੋਈ ਮਹੱਤਤਾ ਨਹੀਂ ਹੁੰਦੀ। ਨਸ਼ਾ ਨਾ ਮਿਲਣ ਜਾਂ ਤੋੜ ਲੱਗਣ ਦੀ ਸਥਿਤੀ ਵਿੱਚ ਉਹਨੂੰ ਆਪਣੇ ਖੂਨ ਦੇ ਰਿਸ਼ਤੇ ਵੀ ਵਿਹੁ ਵਾਂਗ ਲੱਗਦੇ ਹਨ। ਪਤਨੀ ਦੀ ਕੁੱਟਮਾਰ, ਮਾਂ-ਪਿਉ ਦੀ ਬੇਇੱਜ਼ਤੀ ਅਤੇ ਔਲਾਦ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗਿਆ ਨਸ਼ਈ ਨੂੰ ਕੋਈ ਭੈਅ ਜਾਂ ਚਿੰਤਾ ਨਹੀਂ ਹੁੰਦੀ। ਨਸ਼ਾ ਮੁਕਤ ਸਮਾਜ ਸਿਰਜਣ ਦੇ ਸੰਕਲਪ ਨਾਲ ਚਲਦਿਆਂ ਮੈਨੂੰ ਅਜਿਹੇ ਅਨੇਕਾਂ ਕੇਸਾਂ ਨਾਲ ਸਾਹਮਣਾ ਕਰਨਾ ਪਿਆ ਹੈ।

ਇੱਕ 65 ਕੁ ਸਾਲਾਂ ਦਾ ਬਜ਼ੁਰਗ ਨਸ਼ਾ ਮੁਕਤ ਹੋਣ ਲਈ ਆਇਆ। ਉਹ ਇਕੱਲਾ ਹੀ ਆਇਆ ਸੀ, ਪਰਿਵਾਰ ਦਾ ਕੋਈ ਮੈਂਬਰ ਉਸਦੇ ਨਾਲ ਨਹੀਂ ਸੀ ਆਇਆ। ਮੈਂ ਬਜ਼ੁਰਗ ਨੂੰ ਆਦਰ ਨਾਲ ਕੁਰਸੀ ’ਤੇ ਬਿਠਾ ਕੇ ਪੁੱਛਿਆ, “ਤੁਹਾਨੂੰ ਇਸ ਉਮਰ ਵਿੱਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆ ਗਿਆ? ਐਦੂੰ ਪਹਿਲਾਂ ਕਿਉਂ ਨਹੀਂ ਨਸ਼ਾ ਛੱਡਿਆ?” ਉਹਦਾ ਸੰਖੇਪ ਜਿਹਾ ਜਵਾਬ ਸੀ, “ਬਸ ਜੀ, ਜਦੋਂ ਜਾਗੋ ਉਦੋਂ ਹੀ ਸਵੇਰਾ ਹੁੰਦਾ ਹੈ। ਮੈਨੂੰ ਸੁਰਤ ਹੀ ਹੁਣ ਆਈ ਹੈ। ਪਰ ਹੁਣ ਮੈਂ ਆਪਣਾ ਇਸ ਕੋਹੜ ਦਾ ਫਸਤਾ ਹਰ ਹਾਲਾਤ ਵਿੱਚ ਵੱਢਣਾ ਹੈ।”

ਬਜ਼ੁਰਗ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੇਖ ਕੇ ਉਸ ਨੂੰ ਨਸ਼ਾ ਮੁਕਤ ਕਰਨ ਲਈ ਦਾਖਲ ਕਰ ਲਿਆ। ਜਦੋਂ ਉਸਦੇ ਘਰ ਦਾ ਥਹੁ-ਟਿਕਾਣਾ ਪੁੱਛਿਆ ਤਾਂ ਉਹਦਾ ਸੰਖੇਪ ਜਿਹਾ ਜਵਾਬ ਸੀ, “ਪਿੱਛਾ ਤਾਂ ਮੇਰਾ ਮੋਗੇ ਦੇ ਨੇੜੇ ਇੱਕ ਪਿੰਡ ਦਾ ਹੈ, ਪਰ ਮੈਂ ਪਿਛਲੇ 20 ਸਾਲਾਂ ਤੋਂ ਸਮਾਣੇ ਲਾਗੇ ਇੱਕ ਜ਼ਿਮੀਂਦਾਰ ਕੋਲ ਰਹਿ ਰਿਹਾ ਹਾਂ। ਤੁਸੀਂ ਉਨ੍ਹਾਂ ਦਾ ਪਤਾ ਲਿਖ ਲਵੋ।”

ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਵਾਰਡ ਵਿੱਚ ਭੇਜ ਦਿੱਤਾ ਗਿਆ। ਉਸ ਸਮੇਂ ਬਜ਼ੁਰਗ ਨੇ ਆਪਣੇ ਅਤੀਤ ਸੰਬੰਧੀ ਚੁੱਪ ਹੀ ਵੱਟੀ ਰੱਖੀ।

ਕੁਝ ਹੀ ਦਿਨਾਂ ਵਿੱਚ ਬਜ਼ੁਰਗ ਦੂਜੇ ਮਰੀਜ਼ਾਂ ਨਾਲ ਰਚ-ਮਿਚ ਗਿਆ। ਉਮਰ ਦੇ ਲਿਹਾਜ਼ ਨਾਲ ਦੂਜੇ ਨਸ਼ਈ ਮਰੀਜ਼ ਅਤੇ ਸਟਾਫ ਉਸ ਦੀ ਕਦਰ ਕਰਦਾ ਸੀ। ਉਹ ਸਭ ਦਾ ‘ਬਾਬਾ ਜੀ’ ਬਣ ਗਿਆ। ਬਾਬੇ ਵਾਲੇ ਕਰਮ ਵੀ ਉਹ ਨਿਭਾਉਣ ਲੱਗ ਪਿਆ। ਸਵੇਰੇ ਛੇਤੀ ਉੱਠ ਕੇ ਇਸ਼ਨਾਨ ਕਰਨਾ, ਪਾਠ ਕਰਨਾ ਅਤੇ ਆਲੇ ਦੁਆਲੇ ਦੀ ਸਫਾਈ ਕਰਨੀ ਉਹਦਾ ਨਿੱਤ ਨੇਮ ਸੀ। ਅਕਸਰ ਦੂਜੇ ਦਾਖ਼ਲ ਨਸ਼ਈ ਮਰੀਜ਼ਾਂ ਨੂੰ ਸਮਝਾਉਂਦਿਆਂ ਉਹ ਕਹਿੰਦਾ ਸੀ, “ਆਪਾਂ ਇੱਥੇ ਮੂੰਗੀ ਲੈਣ ਤਾਂ ਆਏ ਨਹੀਂ, ਜਿਸ ਮਕਸਦ ਵਾਸਤੇ ਆਏ ਹਾਂ, ਉਹ ਹੈ ਨਸ਼ਾ ਛੱਡਣ ਦਾ। ਤੁਸੀਂ ਮੈਥੋਂ ਉਮਰ ਵਿੱਚ ਬਹੁਤ ਛੋਟੇ ਓਂ, ਮੇਰੀ ਗੱਲ ਪੱਲੇ ਬੰਨ੍ਹ ਲਵੋ। ਨਸ਼ਈ ਨੂੰ ਕੋਈ ਡੇਲਿਆਂ ਵੱਟੇ ਨਹੀਂ ਸਿਆਣਦਾ। ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਆਂਢ-ਗੁਆਂਢ ਸਭ ਨਸ਼ਈ ਨੂੰ ਨਫ਼ਰਤ ਕਰਦੇ ਨੇ। ਇੱਥੋਂ ਤਕ ਕਿ ਨਸ਼ਈ ਨੂੰ ਕੋਈ ਰਿਸ਼ਤੇਦਾਰ ਵੀ ਘਰ ਵਾੜ ਕੇ ਖੁਸ਼ ਨਹੀਂ ਹੁੰਦਾ। ਅਗਲੇ ਕਹਿੰਦੇ ਨੇ ਕਿਤੇ ਨਸ਼ੇ ਦਾ ਝੱਸ ਪੂਰਾ ਕਰਨ ਲਈ ਘਰ ਦਾ ਸਮਾਨ ਹੀ ਚੋਰੀ ਕਰਕੇ ਨਾ ਲੈ ਜਾਵੇ। ਘਰ ਦਾ ਮੁਖੀ ਨੂੰਹਾਂ-ਧੀਆਂ ਨੂੰ ਵਾਰ ਵਾਰ ਟੋਕ ਕੇ ਕਹਿੰਦਾ ਹੈ, “ਆਪਣੇ ਪਰਸ ਸੰਭਾਲ ਕੇ ਰੱਖੋ, ਇਹਦਾ ਕੋਈ ਪਤਾ ਨਹੀਂ ਕਦੋਂ ਸਮਾਨ ਕੱਢ ਕੇ ਤਿੱਤਰ ਹੋ ਜਾਵੇ।”

ਫਿਰ ਥੋੜ੍ਹਾ ਜਿਹਾ ਰੁਕ ਕੇ ਉਹ ਦਾਨਿਆਂ ਵਾਂਗ ਫਿਰ ਅਗਲੀ ਗੱਲ ਛੁਹ ਲੈਂਦਾ, “ਦਿਲ ’ਤੇ ਹੱਥ ਰੱਖ ਕੇ ਸੋਚੋ, ਆਪਾਂ ਨਾ ਤਾਂ ਚੰਗੇ ਪਤੀ ਹੀ ਬਣ ਸਕੇ ਹਾਂ, ਨਾ ਚੰਗੇ ਪੁੱਤ ਅਤੇ ਨਾ ਹੀ ਚੰਗੇ ਬਾਪ। ਬੱਸ ਚਾਰੇ ਪਾਸਿਓਂ ਤੋਹੇ ਤੋਹੇ ਹੀ ਕਰਵਾਈ ਹੈ। ਆਪਾਂ ਨੂੰ ਹੁਣ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਮਿਲਿਐ, ਸਟਾਫ ਵੀ ਵਧੀਐ, ਡਾਇਰੈਕਟਰ ਘਰ ਦੇ ਮੈਂਬਰਾਂ ਵਾਂਗ ਤਿਹੁ ਕਰਦਾ ਹੈ। ਆਪਣਾ ਪੂਰਾ ਖਿਆਲ ਰੱਖਦਾ ਹੈ। ਭਲਾ ਆਪਾਂ ਤੋਂ ਉਹ ਕੀ ਆਸ ਰੱਖਦਾ ਹੈ? ਇਹੋ ਚਾਹੁੰਦਾ ਹੈ ਉਹ ਤਾਂ ਬਈ ਆਪਾਂ ਨਸ਼ਾ ਛੱਡ ਕੇ ਚੰਗੇ ਬੰਦੇ ਬਣੀਏ। ਬਥੇਰਾ ਕੁਝ ਗੁਆ ਲਿਆ ਆਪਾਂ ਨੇ। ਹੁਣ ਨਸ਼ਾ ਛੱਡ ਕੇ ਨੇਕੀ ਦੇ ਰਾਹ ’ਤੇ ਚੱਲੀਏ।” ਇੰਝ ਉਹ ਬਜ਼ੁਰਗ ਨਸ਼ਾ ਛੱਡਣ ਦੇ ਨਾਲ ਨਾਲ ਦੂਜੇ ਦਾਖ਼ਲ ਨਸ਼ਈ ਮਰੀਜ਼ਾਂ ਨੂੰ ਸੁਚੱਜੀ ਅਗਵਾਈ ਵੀ ਦੇ ਰਿਹਾ ਸੀ।

ਸ਼ਾਮ ਨੂੰ ਦੋ ਘੰਟੇ ਯੋਗਾ, ਮੈਡੀਟੇਸ਼ਨ ਅਤੇ ਕੌਂਸਲਿੰਗ ਲਈ ਮੈਂ ਦਾਖ਼ਲ ਮਰੀਜ਼ਾਂ ਨਾਲ ਗੁਜ਼ਾਰਦਾ ਸੀ। ਬਜ਼ੁਰਗ ਨੂੰ ਦਾਖ਼ਲ ਹੋਇਆਂ ਵੀਹ ਕੁ ਦਿਨ ਹੋ ਗਏ ਸਨ। ਇਸ ਸਮੇਂ ਦਰਮਿਆਨ ਹੀ ਉਸ ਨਾਲ ਅਪਣੱਤ ਦਾ ਰਿਸ਼ਤਾ ਕਾਇਮ ਹੋ ਗਿਆ ਸੀ। ਇੱਕ ਦਿਨ ਸ਼ਾਮ ਦੇ ਸਮੇਂ ਯੋਗ ਕਿਰਿਆਵਾਂ ਕਰਵਾਉਣ ਉਪਰੰਤ ਮੈਂ ਕੇਹਰ ਸਿੰਘ ਨਾਂ ਦੇ ਉਸ ਬਜ਼ੁਰਗ ਨਾਲ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਨ ਉਪਰੰਤ ਬੜੀ ਅਪਣੱਤ ਨਾਲ ਪੁੱਛਿਆ, “ਕੇਹਰ ਸਿਆਂ ਤੂੰ ਆਪਣਾ ਘਰ-ਬਾਰ ਛੱਡ ਕੇ 20 ਸਾਲ ਬੇਗਾਨੇ ਥਾਂ ਜਾਕੇ ਇਸ ਉਮਰ ਵਿੱਚ ਵੀ ਹੱਡ ਭੰਨਵੀਂ ਮਿਹਨਤ ਕਰਦਾ ਰਿਹਾ ਹੈਂ। ਆਖਰ ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਤੈਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਿਆ?”

ਮੇਰਾ ਸਵਾਲ ਸੁਣਕੇ ਉਹ ਬਹੁਤ ਹੀ ਉਦਾਸ ਹੋ ਗਿਆ। ਕੁਝ ਦੇਰ ਖਾਮੋਸ਼ ਰਿਹਾ ਅਤੇ ਫਿਰ ਖਾਮੋਸ਼ੀ ਨੂੰ ਤੋੜਦਿਆਂ ਉਸਨੇ ਦਰਦ ਭਰੇ ਲਹਿਜੇ ਵਿੱਚ ਦੱਸਣਾ ਸ਼ੁਰੂ ਕੀਤਾ, “ਸਰ, ਅੰਦਾਜ਼ਨ 20 ਸਾਲ ਤੋਂ ਮੈਂ ਆਪਣੇ ਪਰਿਵਾਰ ਨਾਲੋਂ ਵਿਛੜਿਆ ਹੋਇਆ ਹਾਂ। ਵਿਛੜਿਆ ਵੀ ਆਪਣੇ ਲੱਛਣਾਂ ਕਰਕੇ ਹੀ। ਮੈਂ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹਾਂ। ਜ਼ਮੀਨ ਵੀ ਦੋ ਢਾਈ ਕਿੱਲੇ ਹੈ। ਖੇਤੀ ਕਰਦਿਆਂ ਹੀ ਮੈਨੂੰ ਪਹਿਲਾਂ ਜ਼ਰਦੇ ਦੀ ਲੱਤ ਲੱਗੀ ਅਤੇ ਫਿਰ ਹੋਰ ਜ਼ਿਆਦਾ ਹੱਡ ਭੰਨਵੀਂ ਮਿਹਨਤ ਕਰਨ ਦੇ ਮੰਤਵ ਨਾਲ ਭੁੱਕੀ ਖਾਣ ਲੱਗ ਪਿਆ। ਕਦੇ ਕਦੇ ਅਫੀਮ ਵੀ ਖਾ ਲੈਂਦਾ। ਸ਼ਾਮ ਨੂੰ ਦਾਰੂ ਵੀ ਡੱਫ ਲੈਂਦਾ। ਪਤਨੀ ਵੀ ਮੇਰੇ ਨਾਲ ਖੇਤ ਵਿੱਚ ਕੰਮ ਕਰਵਾਉਂਦੀ। ਇੱਕ ਮੁੰਡਾ ਹੈ, ਉਹਨੂੰ ਅਸੀਂ ਸਕੂਲ ਪੜ੍ਹਨ ਪਾਇਆ ਹੋਇਆ ਸੀ। ਪੜ੍ਹਨ ਵਿੱਚ ਵੀ ਉਹ ਲਾਇਕ ਮੁੰਡਿਆਂ ਵਿੱਚੋਂ ਸੀ। ਮੇਰੇ ਨਸ਼ਿਆਂ ਦੀ ਆਦਤ ਕਾਰਨ ਖੇਤੀ ਦਾ ਕੰਮ ਘਾਟੇ ਵਿੱਚ ਰਹਿਣ ਲੱਗ ਪਿਆ। ਜੱਟ ਨੂੰ ਪਿੰਡ ਵਿੱਚ ਦਿਹਾੜੀ ਕਰਨੀ ਔਖੀ ਹੈ। ਸ਼ਰੀਕਾਂ ਮੋਹਰੇ ਹੱਥ ਟੱਡਣੇ ਅਤੇ ਉਹਨਾਂ ਦੇ ਹੁਕਮ ਅਨੁਸਾਰ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਫਿਰ ਮੈਂ ਸ਼ਹਿਰ ਦਿਹਾੜੀ ਕਰਨ ਲੱਗ ਪਿਆ। ਉੱਥੇ ਜਿਹੜੀ ਦਿਹਾੜੀ ਮਿਲਦੀ, ਉਹਦਾ ਮੈਂ ਨਸ਼ਾ-ਪੱਤਾ ਖਰੀਦ ਲੈਂਦਾ। ਸਾਰਾ ਦਿਨ ਹੱਡ ਭੰਨਵੀਂ ਮਿਹਨਤ ਵੀ ਕਰਦਾ ਅਤੇ ਸ਼ਾਮ ਨੂੰ ਖਾਲੀ ਜੇਬ ਨਾਲ ਜਦੋਂ ਘਰ ਪੁੱਜਦਾ ਤਾਂ ਘਰਵਾਲੀ ਘਰ ਦਾ ਖਰਚ ਚਲਾਉਣ ਲਈ ਪੈਸਿਆਂ ਦੀ ਮੰਗ ਕਰਦੀ। ਹਰ ਰੋਜ਼ ਕਲੇਸ਼ ਰਹਿਣ ਲੱਗ ਪਿਆ। ਸੱਚੀਂ, ਮੈਂ ਆਪਣੇ ਆਪ ਨੂੰ ਉਹਨਾਂ ’ਤੇ ਬੋਝ ਜਿਹਾ ਮਹਿਸੂਸ ਕਰਨ ਲੱਗ ਪਿਆ। ਇੱਕ ਦੋ ਵਾਰ ਮਰਨ ਦਾ ਵੀ ਵਿਚਾਰ ਆਇਆ। ਪਰ ਇਹ ਕੰਮ ਮੈਂ ਨਹੀਂ ਕੀਤਾ … ...।”

ਕੇਹਰ ਸਿੰਘ ਕੁਝ ਦੇਰ ਚੁੱਪ ਰਿਹਾ। ਸਾਰੇ ਦਾਖ਼ਲ ਮਰੀਜ਼ ਵੀ ਬਾਬੇ ਦੀ ਆਪ ਬੀਤੀ ਕਹਾਣੀ ਧਿਆਨ ਸੁਣ ਰਹੇ ਸਨ। ਗਲ਼ਾ ਸਾਫ ਕਰਕੇ ਉਸ ਨੇ ਗੱਲ ਨੂੰ ਆਗਾਹ ਤੋਰਿਆ, “ਫਿਰ ਜੀ, ਇੱਕ ਦਿਨ ਮੈਂ ਸ਼ਹਿਰ ਦਿਹਾੜੀ ਕਰਨ ਗਿਆ। ਸ਼ਹਿਰੋਂ ਬੱਸ ਫੜ ਕੇ ਮੈਂ ਸਮਾਣੇ ਪਹੁੰਚ ਗਿਆ। ਦੋ ਚਾਰ ਦਿਨ ਦੀ ਭੱਜ ਦੌੜ ਤੋਂ ਬਾਅਦ ਸਰਦਾਰ ਦੇ ਫਾਰਮ ’ਤੇ ਕੰਮ ਮਿਲ ਗਿਆ। ਫਾਰਮ ’ਤੇ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਨ ਦੇ ਨਾਲ ਨਾਲ ਰਾਤ ਨੂੰ ਫਾਰਮ ਦੀ ਰਾਖੀ ਵੀ ਕਰਦਾ। ਬਦਲੇ ਵਿੱਚ ਰੋਟੀ ਦੇ ਨਾਲ ਨਾਲ ਸਰਦਾਰ ਮੇਰੇ ਨਸ਼ੇ ਦਾ ਪ੍ਰਬੰਧ ਵੀ ਕਰਦਾ ਰਿਹਾ। ਬੱਸ ਜੀ, ਜ਼ਿੰਦਗੀ ਦੇ 20 ਸਾਲ ਮੈਂ ਨਸ਼ਿਆਂ ਦਾ ਗੁਲਾਮ ਬਣ ਕੇ ਘਰੋਂ ਬੇਘਰ ਹੋ ਗਿਆ। ਕਈ ਵਾਰ ਘਰ ਜਾਣ ਨੂੰ ਦਿਲ ਵੀ ਕੀਤਾ। ਫਿਰ ਸੋਚਦਾ, ਉਹਨਾਂ ’ਤੇ ਜਾ ਕੇ ਫਿਰ ਬੋਝ ਕਿਵੇਂ ਬਣਾ? ਖਬਰੇ ਮੈਨੂੰ ਸਾਂਭਣ ਵੀ ਕਿ ਨਾ। ਹੁਣ ਥੋਡੇ ਲੜ ਲੱਗਿਆਂ। ਨਸ਼ਾ ਤਾਂ ਮੈਂ ਛੱਡਣਾ ਹੀ ਹੈ, ਨਸ਼ਾ ਛੱਡ ਕੇ ਪਿੰਡ ਗੇੜਾ ਮਾਰਾਂਗਾ। ਜੇ ਤਾਂ ਉਨ੍ਹਾਂ ਨੇ ਸਾਂਭ ਲਿਆ ਤਾਂ ਠੀਕ ਐ, ਨਹੀਂ ਫਿਰ ਥੋਡੇ ਚਰਨਾਂ ਵਿੱਚ ਆ ਕੇ ਇੱਥੇ ਸੇਵਾ ਕਰਾਂਗਾ। ਪਰ ਹੁਣ ਬਾਕੀ ਰਹਿੰਦੀ ਜ਼ਿੰਦਗੀ ਨਸ਼ਿਆਂ ਦੇ ਲੇਖੇ ਨਹੀਂ ਲਾਉਣੀ।”

ਕੇਹਰ ਸਿੰਘ ਦੀ ਜ਼ਿੰਦਗੀ ਦੇ ਪੰਨਿਆਂ ਨੇ ਸਭ ਨੂੰ ਉਦਾਸ ਕਰਨ ਦੇ ਨਾਲ ਨਾਲ ਸੋਚਣ ਲਈ ਮਜਬੂਰ ਵੀ ਕਰ ਦਿੱਤਾ। ਦੋ ਤਿੰਨ ਦਿਨਾਂ ਬਾਅਦ ਉਹਦੇ ਪਿੰਡ ਦਾ ਥਹੁ ਟਿਕਾਣਾ ਪਤਾ ਕਰਨ ਉਪਰੰਤ ਉਸ ਇਲਾਕੇ ਦੇ ਕਿਸੇ ਜਾਣ ਪਛਾਣ ਵਾਲੇ ਸੱਜਣ ਨੂੰ ਉਹਦੀ ਘਰ ਦੀ ਸਥਿਤੀ ਦਾ ਪਤਾ ਕਰਨ ਲਈ ਕਿਹਾ। ਅਗਲੇ ਦਿਨ ਹੀ ਸੱਜਣ ਦਾ ਟੈਲੀਫੋਨ ਆ ਗਿਆ। ਉਸਨੇ ਦੱਸਿਆ, “ਜਿਹੜਾ ਬਜ਼ੁਰਗ ਥੋਡੇ ਕੋਲ ਦਾਖ਼ਲ ਹੈ, ਉਹਨੇ ਤਾਂ ਨਹੀਂ ਕੋਈ ਘਰ ਦਾ ਫਰਜ਼ ਨਿਭਾਇਆ ਪਰ ਉਹਦਾ ਲੜਕਾ ਬੜਾ ਸਾਊ ਅਤੇ ਮਿਹਨਤੀ ਹੈ। ਬੀ.ਏ. ਕਰਕੇ ਖੇਤ ਵਿੱਚ ਹੀ ਡੇਅਰੀ ਫਾਰਮ ਅਤੇ ਪੋਲਟਰੀ ਫਾਰਮ ਖੋਲ੍ਹਿਆ ਹੋਇਆ ਹੈ। ਚਾਰ ਪੰਜ ਨੌਕਰ ਵੀ ਰੱਖੇ ਹੋਏ ਨੇ। ਇਸਦੀ ਘਰ ਵਾਲੀ ਵੀ ਹਾਲਾਂ ਨਰੋਈ ਪਈ ਹੈ। ਇਹ ਦੋ ਪੋਤਿਆਂ ਦਾ ਬਾਬਾ ਵੀ ਹੈ।”

ਨਾਲ ਹੀ ਉਸ ਸ਼ਖਸ਼ ਨੇ ਮੈਨੂੰ ਬਾਬੇ ਦੇ ਮੁੰਡੇ ਦਾ ਮੋਬਾਇਲ ਨੰਬਰ ਵੀ ਭੇਜ ਦਿੱਤਾ। ਕੁਝ ਦਿਨ ਬਾਅਦ ਬਾਬਾ ਬਿਲਕੁਲ ਨਸ਼ਾ ਮੁਕਤ ਹੋ ਗਿਆ। ਸਟਾਫ ਵੱਲੋਂ ਉਸ ਨੂੰ ਵਾਰਡ ਤੋਂ ਬਾਹਰ ਕੱਢ ਕੇ ਛੋਟੀਆਂ ਮੋਟੀਆਂ ਜ਼ਿੰਮੇਵਾਰੀਆਂ ਸੰਭਾਲ ਦਿੱਤੀਆਂ। ਕੁਝ ਦਿਨਾਂ ਬਾਅਦ ਮੈਂ ਬਜ਼ੁਰਗ ਦੇ ਪੁੱਤ ਨਾਲ ਫੋਨ ’ਤੇ ਸੰਪਰਕ ਕੀਤਾ। ਉਹਨੂੰ ਉਹਦੇ ਬਾਪ ਸੰਬੰਧੀ ਦੱਸਿਆ ਅਤੇ ਨਾਲ ਹੀ ਨਸ਼ਾ ਮੁਕਤ ਹੋਣ ਲਈ ਉਸਦੇ ਸੰਘਰਸ਼ ਸੰਬੰਧੀ ਵੀ ਦੱਸਿਆ। ਮੁੰਡੇ ਦਾ ਅੱਗਿਉਂ ਹਲੀਮੀ ਭਰਿਆ ਜਵਾਬ ਸੀ, “ਸਾਰੀ ਉਮਰ ਮੇਰੀ ਮਾਂ ਮੇਰੇ ਬਾਪੂ ਦਾ ਨਸ਼ਾ ਛੁਡਵਾਉਣ ਲਈ ਸਿਰ ਤੋੜ ਯਤਨ ਕਰਦੀ ਰਹੀ ਪਰ ਇਸ ਨੇ ਨਸ਼ਾ ਨਹੀਂ ਛੱਡਿਆ। ਸਾਨੂੰ ਛੱਡ ਕੇ ਤੁਰ ਗਿਆ। ਖ਼ੈਰ, ਪਿਉ ਨੇ ਫਰਜ਼ ਨਹੀਂ ਨਿਭਾਏ, ਪਰ ਪੁੱਤ ਆਪਣੇ ਫਰਜ਼ਾਂ ਤੋਂ ਨਹੀਂ ਭੱਜਦਾ। ਕੱਲ੍ਹ ਨੂੰ ਮੈਂ ਬਾਪੂ ਨੂੰ ਲੈਣ ਆਵਾਂਗਾ। ਮੇਰੀ ਬੇਬੇ ਵੀ ਨਾਲ ਆਵੇਗੀ।”

ਅਗਲੇ ਦਿਨ ਮਾਂ ਪੁੱਤ ਦੋਨੋਂ ਹੀ ਆਪਣੀ ਕਾਰ ਵਿੱਚ ਆ ਗਏ। ਘਰਵਾਲੀ ਦੇ ਹੱਥ ਫੜ ਕੇ ਉਹ ਅੱਥਰੂ ਵਹਾਉਂਦਾ ਰਿਹਾ। ਪੁੱਤ ਨੂੰ ਜੱਫੀ ਵਿੱਚ ਲੈਣ ਸਮੇਂ ਵੀ ਉਸਦੇ ਅੱਥਰੂ ਨਾ ਰੁਕੇ। ਮੁਆਫੀ ਲਈ ਸ਼ਬਦ ਉਸ ਦਾ ਸਾਥ ਨਹੀਂ ਸਨ ਦੇ ਰਹੇ। ਬੱਸ, ਛਮ ਛਮ ਵਹਿੰਦੇ ਅੱਥਰੂ ਬਹੁਤ ਕੁਝ ਕਹਿ ਰਹੇ ਸਨ।

ਪੁੱਤ ਨੇ ਪਿਓ ਨੂੰ ਲਿਫਾਫਾ ਫੜਾਉਂਦਿਆਂ ਕਿਹਾ, “ਬਾਪੂ, ਇਸ ਲਫਾਫੇ ਵਿੱਚ ਨਵਾਂ ਕਮੀਜ਼ ਪਜਾਮਾ ਅਤੇ ਪੱਗ ਹੈ, ਇਹ ਪਹਿਨ ਲੈ। ਫਿਰ ਚਲਦੇ ਹਾਂ ਪਿੰਡ ਨੂੰ।”

ਨਵੇਂ ਕੱਪੜੇ ਅਤੇ ਪੱਗ ਬੰਨ੍ਹ ਕੇ ਕੇਹਰ ਸਿੰਘ ਦੀ ਦਿੱਖ ਹੋਰ ਵੀ ਨਿਖਰਵੀਂ ਹੋ ਗਈ। ਜਾਣ ਵੇਲੇ ਸਟਾਫ ਨੇ ਕੇਹਰ ਸਿੰਘ ਦੇ ਗੱਲ ਵਿੱਚ ਹਾਰ ਪਾ ਕੇ ਉਹਨੂੰ ਆਦਰ ਨਾਲ ਵਿਦਾਅ ਕੀਤਾ।

15 ਕੁ ਦਿਨਾਂ ਬਾਅਦ ਬਜ਼ੁਰਗ ਦਾ ਟੈਲੀਫੋਨ ਆਇਆ। ਉਹ ਬੜੇ ਉਤਸ਼ਾਹ ਨਾਲ ਦੱਸ ਰਿਹਾ ਸੀ, “ਮੈਂ ਅਤੇ ਘਰਵਾਲੀ ਹੁਣ ਖੇਤ ਵਿੱਚ ਰਹਿਣ ਲੱਗ ਪਏ ਹਾਂ। ਘੰਟਾ ਕੁ ਸਵੇਰੇ ਵਾਹਿਗੁਰੂ ਦਾ ਨਾਂ ਲੈ ਕੇ ਪੋਲਟਰੀ ਫਾਰਮ ਅਤੇ ਡੇਅਰੀ ਫਾਰਮ ਦੀ ਦੇਖ ਭਾਲ ਕਰ ਲੈਂਦਾ ਹਾਂ। ਆਥਣੇ ਪੋਤਾ ਪੋਤੀ ਵੀ ਇੱਥੇ ਹੀ ਆ ਜਾਂਦੇ ਨੇ। ਜ਼ਿੰਦਗੀ ਜਿਊਣ ਦਾ ਨਜ਼ਾਰਾ ਹੀ ਹੁਣ ਆਇਐ। ਐਵੇਂ ਐਨੇ ਸਾਲ ਤਾਂ ਨਸ਼ਿਆਂ ਦੇ ਵੱਸ ਪੈਕੇ ਨਰਕ ਹੀ ਭੋਗਿਆ ਐ ...।”

ਫਿਰ ਕੇਹਰ ਸਿੰਘ ਖਿੜਖਿੜਾ ਕੇ ਹੱਸ ਪਿਆ। ਉਹਦੇ ਹਾਸੇ ਵਿੱਚੋਂ ਜ਼ਿੰਦਗੀ ਜਿਊਣ ਦਾ ਚਾਅ ਡੁੱਲ੍ਹ ਡੁੱਲ੍ਹ ਪੈਂਦਾ ਸੀ।

* * * * *

Read 296 times
ਮੋਹਨ ਸ਼ਰਮਾ

Project Director, Drug de-addiction Centre

Sangroor, Punjab, India

Email: fularamanish@gmail.com

Phone: +91-94171-48866