You are here:ਮੁਖ ਪੰਨਾ»ਕਹਾਣੀਆਂ»ਨਿਉਂਦਾ
Coming soon: A new and improved Global Punjabi site!!!

ਲੇਖ਼ਕ

Saturday, 27 June 2026 14:11

ਨਿਉਂਦਾ

Written by
Rate this item
(0 votes)

ਉਹਦੇ ਐੱਮ.ਏ. ਪਾਸ ਪੁੱਤਰ ਦੀ ਚੰਡੀਗੜ੍ਹ ਵਿੱਚ ਇੰਟਰਵਿਊ ਦਾ ਸੱਦਾ ਹਾਲਾਂ ਆਉਣਾ ਸੀ। ਅਸਾਮੀ ਲਈ ਲਿਖਤੀ ਟੈਸਟ ਉਸਨੇ ਪਾਸ ਕਰ ਲਿਆ ਸੀ। “ਜੇ ਆਪਣੇ ਇਲਾਕੇ ਦੇ ਮੰਤਰੀ ਦਾ ਥੋੜਾ ਜਿਹਾ ਟੁੱਲ ਲੱਗ ਜੇ ਤਾਂ ਮੁੰਡਾ ਆਹਰੇ ਲੱਗ ਜੂ” ਇਹ ਸੋਚ ਕੇ ਉਸਨੇ ਮੰਤਰੀ ਦੀ ਕੋਠੀ ਕਈ ਗੇੜੇ ਮਾਰੇ। ਵੋਟਾਂ ਵੇਲੇ ਪੂਰੀ ਮਦਦ ਕਰਨ ਕਰਕੇ ਉਹ ਮੰਤਰੀ ’ਤੇ ਆਪਣਾ ਹੱਕ ਵੀ ਸਮਝਦਾ ਸੀ। ਪਰ ਮੰਤਰੀ ਉੱਥੇ ਨਹੀਂ ਮਿਲਿਆ। ਉੱਥੇ ਖੜ੍ਹੇ ਪੁਲਿਸ ਵਾਲੇ ਨੇ ਦੱਸਿਆ ਕਿ ਇੱਥੇ ਤਾਂ ਮੰਤਰੀ ਸਾਹਿਬ ਸਬੱਬੀਂ ਗੇੜਾ ਮਾਰਦੇ ਨੇ, ਉਹ ਜਾਂ ਤਾਂ ਸੈਕਟਰੀਏਟ ਵਿੱਚ ਮਿਲਣਗੇ ਜਾਂ ਫਿਰ ਚੰਡੀਗੜ੍ਹ ਕੋਠੀ ਵਿੱਚ। ਇੱਥੇ ਗੇੜਾ ਮਾਰਨ ਦਾ ਕੋਈ ਫਾਇਦਾ ਨਹੀਂ। ਉਸਨੇ ਆਪਣੇ ਪੜ੍ਹੇ ਲਿਖੇ ਮੁੰਡੇ ਨੂੰ ਨਾਲ ਲੈਕੇ ਸਕੱਤਰੇਤ ਦਾ ਰੁਖ ਕਰ ਲਿਆ। ਅਗਾਂਹ ਮੰਤਰੀ ਜੀ ਤੱਕ ਪਹੁੰਚਣਾ ਕਿਹੜਾ ਅਸਾਨ ਸੀ। ਰਿਸੈਪਸ਼ਨ ’ਤੇ ਪਾਸ ਬਣਵਾਉਣ ਲਈ ਉਸਦਾ ਲੜਕਾ ਖਿੜਕੀ ਕੋਲ ਖੜੋ ਗਿਆ।

“ਕਿਸਨੂੰ ਮਿਲਣਾ ਹੈ?” ਪਾਸ ਬਨਾਉਣ ਵਾਲੇ ਨੇ ਪੁੱਛਿਆ।

“ਮੰਤਰੀ ਜੀ ਨੂੰ ਮਿਲਣੈ। ਉਸਦੇ ਇਲਾਕੇ ਵਿੱਚੋਂ ਆਏ ਹਾਂ। ਬਾਪੂ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ।” ਮੁੰਡੇ ਨੇ ਤਰਲੇ ਨਾਲ ਕਿਹਾ। ਅਗਾਂਹ ਪਾਸ ਕੱਟਣ ਵਾਲੇ ਨੇ ਮੰਤਰੀ ਦੇ ਪੀ.ਏ. ਨੂੰ ਫੋਨ ਮਿਲਾਕੇ ਪਾਸ ਜਾਰੀ ਕਰਨ ਲਈ ਪੁੱਛਿਆ। ਪੀ.ਏ. ਨੇ ਪਾਸ ਕੱਟਣ ਵਾਲੇ ਨੂੰ ਕਿਹਾ ਕਿ ਮੇਰੀ ਇਨ੍ਹਾਂ ਨਾਲ ਗੱਲ ਕਰਾ। “ਹਾਂ ਜੀ’ ਕਹਿਣ ਤੇ ਪੀ.ਏ. ਨੇ ਬੇਰੁਖੀ ਜਿਹੀ ਨਾਲ ਕਿਹਾ, “ਮੰਤਰੀ ਸਾਹਿਬ ਅੱਜ ਸਾਰਾ ਦਿਨ ਮੀਟਿੰਗਾਂ ਵਿੱਚ ਬਿਜ਼ੀ ਨੇ। ਤੁਸੀਂ ਕਿਸੇ ਦਿਨ ਪਹਿਲਾਂ ਟਾਈਮ ਲੈ ਕੇ ਆਵੋ।”

ਕੋਸ਼ਿਸ਼ ਕਰਨ ’ਤੇ ਵੀ ਉਨ੍ਹਾਂ ਨੂੰ ਸਕੱਤਰੇਤ ਦੀਆਂ ਪੌੜੀਆਂ ਚੜ੍ਹਨੀਆਂ ਨਸੀਬ ਨਹੀਂ ਹੋਈਆਂ। ਬਜ਼ੁਰਗ ਨੇ ਪੁੱਤ ਨੂੰ ਕਿਹਾ, “ਹੁਣ ਜਾਵਾਂਗੇ ਤਾਂ ਆਪਾਂ ਮਿਲਕੇ ਹੀ। ਆਥਣੇ ਕੋਠੀ ਜਾਕੇ ਦੇਖਦੇ ਹਾਂ।”

ਰਾਤੀਂ ਸੱਤ ਕੁ ਵਜੇ ਉਹ ਮੰਤਰੀ ਦੀ ਕੋਠੀ ਪੁੱਜ ਗਏ। ਅੱਗਿਉਂ ਸੰਤਰੀ ਨੇ ਬੇਰੁਖੀ ਨਾਲ ਕਿਹਾ, “ਅੰਦਰ ਪਾਰਟੀ ਚੱਲ ਰਹੀ ਹੈ। ਮੰਤਰੀ ਜੀ ਕਿਸੇ ਨੂੰ ਮਿਲ ਨਹੀਂ ਸਕਦੇ।”

ਰਾਤ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਭਟਕਦਿਆਂ ਹੀ ਗੁਜ਼ਾਰੀ। ਸਵੇਰੇ ਸਾਝਰੇ ਹੀ ਉਨ੍ਹਾਂ ਨੇ ਫਿਰ ਕੋਠੀ ਦਸਤਕ ਦੇ ਦਿੱਤੀ। ਅੱਗਿਉਂ ਸੰਤਰੀ ਦਾ ਰੁੱਖਾ ਜਿਹਾ ਜਵਾਬ ਮਿਲਿਆ, “ਮੰਤਰੀ ਜੀ ਤਾਂ ਦਿੱਲੀ ਚਲੇ ਗਏ ਨੇ। ਦੋ ਦਿਨ ਉੱਥੇ ਹੀ ਰਹਿਣਗੇ।”

ਉਹ ਉਦਾਸ, ਨਿੰਮੋਝੂਣੇ ਜਿਹੇ ਹੋਕੇ ਵਾਪਸ ਪਿੰਡ ਪਰਤ ਆਏ।

“ਕਿਉਂ ਬਣਿਆ ਕੋਈ ਬੰਨ੍ਹ ਸੁੱਬ?” ਪਤਨੀ ਨੇ ਪਾਣੀ ਦਾ ਗਿਲਾਸ ਫੜਾਉਂਦਿਆਂ ਕਿਹਾ।

“ਕਾਹਨੂੰ, ... ਕੁੱਤੇ ਭਕਾਈ ਹੋਈ ਐ। ਨਾ ਦਫ਼ਤਰ ਮਿਲਿਆ, ਨਾ ਕੋਠੀ। ਉਹਦਾ ਪੀ.ਏ., ਕਹਿੰਦਾ ਪਹਿਲਾਂ ਸਮਾਂ ਲੈ ਕੇ ਆਉ, ਫਿਰ ਮਿਲਿਆ ਜਾਊ।” ਪਤੀ ਨੇ ਅੰਤਾਂ ਦਾ ਨਿਰਾਸ ਹੋਕੇ ਕਿਹਾ।

”ਦੇਖ ਲੈ, ਚੋਣਾਂ ਵੇਲੇ ਕਿਵੇਂ ਲੇਲੜੀਆਂ ਕੱਢਦਾ ਸੀ। ਮੇਰੇ ਪੈਰੀਂ ਹੱਥ ਲਾਕੇ ਕਹਿੰਦਾ ਸੀ, “ਬੇਬੇ ਅਸ਼ੀਰਵਾਦ ਦੇ ਤੇਰੇ ਪੁੱਤ ਨੂੰ। ਥੋਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਜਿੱਤਿਆ ਜਾਣੈ। ਥੋਡਾ ਸੇਵਕ ਬਣਕੇ ਇਲਾਕੇ ਦੀ ਸੇਵਾ ਕਰੂੰ। ਤੁਸੀਂ ਜਦੋਂ ਵੀ ਬੁਲਾਉਂਗੇ, ਅੱਧ-ਬੋਲ ’ਤੇ ਹਾਜ਼ਰ ਹੋਵਾਂਗਾ। ਦੇਖ ਲੈ ਹੁਣ ... ਕੋਈ ਨੀਂ ਪਾਣੀ ਤਾਂ ਪੁਲਾਂ ਹੇਠ ਦੀ ਲੰਘਣੈ। ਵੋਟਾਂ ਵਾਲਾ ਸਮਾਂ ਆਉਣ ਦੇ, ਇਹਨੂੰ ਸੁਆਰਕੇ ਧਨੇਸੜੀ ਦੇਵਾਂਗੇ।”

ਕੁੱਝ ਮਹੀਨਿਆਂ ਬਾਅਦ ਹੀ ਉਸ ਮੰਤਰੀ ਨੇ ਪਿੰਡ ਦੇ ਸਕੂਲ ਵਿੱਚ ਲਿਆਂਦੀ ‘ਵਿਕਾਸ ਦੀ ਹਨੇਰੀ’ ਦਾ ਨੀਂਹ ਪੱਥਰ ਰੱਖਣ ਆਉਣਾ ਸੀ। ਉਹਦੇ ਵਾਂਗ ਇਲਾਕੇ ਦੇ ਲੋਕ ਵੀ ਉਹਦੀ ਕਾਰਗੁਜ਼ਾਰੀ ਤੋਂ ਨਰਾਜ਼ ਸਨ। ਇੱਧਰ ਸਕੂਲ ਅਧਿਆਪਕ ਮੰਤਰੀ ਦੇ ਸਵਾਗਤ ਲਈ ਤਿਆਰੀਆਂ ਵਿੱਚ ਰੁੱਝ ਗਏ ਅਤੇ ਇਲਾਕੇ ਦੇ ਲੋਕਾਂ ਨੇ ਅਲੱਗ ਇੱਕ ਥਾਂ ਉਹਨੂੰ ਰਾਹ ਵਿੱਚ ਘੇਰ ਕੇ ਉਹਦਾ ‘ਸਵਾਗਤ’ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਅਧਿਆਪਕ ਇਕੱਠ ਕਰਨ ਲਈ ਘਰੋ ਘਰੀ ਸੁਨੇਹੇ ਦਿੰਦੇ ਰਹੇ। ਆਪਣੇ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਉਹ ਮਾਪਿਆਂ ਨੂੰ ਸਕੂਲ ਲੈਕੇ ਆਉਣ। ਸਮਾਗਮ ਦੀ ਸ਼ੋਭਾ ਵਧਾਉਣੀ ਜ਼ਰੂਰੀ ਹੈ।

ਮੰਤਰੀ ਦਾ ਕਾਫ਼ਲਾ ਗੱਡੀਆਂ ਸਮੇਤ ਸਕੂਲ ਵੱਲ ਜਾ ਰਿਹਾ ਸੀ। ਰਾਹ ਵਿੱਚ ਭਾਰੀ ਇਕੱਠ ਵੇਖ ਕੇ ਉਸਨੇ ਅੰਦਾਜ਼ਾ ਲਾਇਆ ਕਿ ਉਸਦੇ ਸਵਾਗਤ ਲਈ ਲੋਕ ਰਾਹ ਵਿੱਚ ਖੜੋਤੇ ਹਨ। ਉਸਨੇ ਗੱਡੀ ਰੋਕੀ। ਦੋਨੋਂ ਹੱਥ ਜੋੜ ਕੇ ਭੀੜ ਵੱਲ ਵਧਿਆ। ਭੀੜ ਦੇ ਨੇੜੇ ਆਉਣ ’ਤੇ ਇੱਕ ਵਿਅਕਤੀ ਨੇ ਕਟਾਖਸ਼ ਕੱਸਿਆ, “ਬੱਲੇ, ਬੱਲੇ, ਜਾਂ ਤਾਂ ਇਹਦੇ ਹੱਥ ਉਦੋਂ ਜੁੜੇ ਹੋਏ ਸੀ, ਜਦੋਂ ਇਹਨੇ ਵੋਟਾਂ ਲੈਣੀਆਂ ਸੀ ਅਤੇ ਜਾਂ ਫਿਰ ਅੱਜ ਵੋਟਾਂ ਪਿੱਛੋਂ ਪਹਿਲੀ ਵਾਰ ਇਹਦੇ ਦਰਸ਼ਨ ਹੋਏ ਨੇ।”

ਫਿਰ ਲੋਕਾਂ ਨੇ ਮੰਤਰੀ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ। ਉਹਦੇ ਇਲਾਕੇ ਵਿੱਚ ਕੀਤੇ ਕੰਮਾਂ ਸਬੰਧੀ ਜਾਣਕਾਰੀ ਮੰਗੀ। ਚੋਣ ਵਾਅਦੇ ਯਾਦ ਕਰਵਾਏ, ਫਿਟ ਲਾਹਨਤਾਂ ਵੀ ਪਾਈਆਂ। ਉਹ ਬਜ਼ੁਰਗ ਭੀੜ ਨੂੰ ਚੀਰਦਾ ਹੋਇਆ ਅਗਾਂਹ ਵਧਿਆ। ਰੋਹ ਭਰੇ ਅੰਦਾਜ਼ ਵਿੱਚ ਉਸਨੇ ਪੁੱਛਿਆ, “ਸ਼ਹਿਰ ਕੋਠੀ ’ਚ ਤੂੰ ਮਿਲਦਾ ਨਹੀਂ। ਚੰਡੀਗੜ੍ਹ ਦਫ਼ਤਰ ਮੂਹਰੇ ਜਵਾਬ ਮਿਲਦੈ ਕਿ ਪਹਿਲਾਂ ਟਾਈਮ ਲੈਕੇ ਆਉ, ਫਿਰ ਮਿਲੂਗਾ ਮੰਤਰੀ। ਤੈਨੂੰ ਮਿਲਣ ਵਾਸਤੇ ਤਾਂ ਪਹਿਲਾਂ ਤੈਥੋਂ ਟਾਈਮ ਲੈਣਾ ਪੈਣੈ। ਤੂੰ ਫਿਰ ਮਿਲੇਂਗਾ। ਅੱਜ ਤੂੰ ਸਾਡੇ ਪਿੰਡ ਆਇਆਂ, ਕਿਹਤੋਂ ਪੁੱਛ ਕੇ ਆਇਐਂ? ਬਿਨਾਂ ਪੁੱਛੇ ਤੋਂ ਆਉਣ ਵਾਲੇ ਨੂੰ ਅਗਾਂਹ ਅਸੀਂ ਵੀ ਨਹੀਂ ਜਾਣ ਦਿੰਦੇ। ਤੇਰੀਆਂ ਗੱਡੀਆਂ ਸਾਡੀਆਂ ਲਾਸ਼ਾਂ ਉੱਪਰ ਦੀ ਲੰਘਣਗੀਆਂ।”

ਨਾਲ ਹੀ ਲੋਕਾਂ ਨੇ ਮੰਤਰੀ ਦਾ ਨਾਂ ਲੈਕੇ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਲੋਕ ਮੰਤਰੀ ਦੀਆਂ ਗੱਡੀਆਂ ਅੱਗੇ ਕੰਧ ਬਣ ਕੇ ਖੜ੍ਹ ਗਏ। ਮਜ਼ਬੂਰੀ ਵੱਸ ਮੰਤਰੀ ਨੂੰ ਸਕੂਲ ਵਿੱਚ ਲਿਆਂਦੀ ਵਿਕਾਸ ਕਰਾਂਤੀ ਦਾ ਨੀਂਹ ਪੱਥਰ ਰੱਖਣ ਤੋਂ ਬਿਨਾਂ ਹੀ ਵਾਪਸ ਮੁੜਨਾ ਪਿਆ।

ਧੂੜ ਉਡਾਉਂਦੀ ਜੀਪ ਵੱਲ ਲੋਕ ਨਫ਼ਰਤ ਭਰੀਆਂ ਨਜ਼ਰਾਂ ਨਾਲ ਵਿਹੰਦਿਆਂ ਕਹਿ ਰਹੇ ਸਨ, “ਇਹ ਤਾਂ ਹਾਲਾਂ ਨਿਉਂਦਾ ਪਾਇਆ ਹੈ। ਭਾਜੀ ਤਾਂ ਵੋਟਾਂ ਵੇਲੇ ਪਾਵਾਂਗੇ।”

* * * * *

Read 273 times
ਮੋਹਨ ਸ਼ਰਮਾ

Project Director, Drug de-addiction Centre

Sangroor, Punjab, India

Email: fularamanish@gmail.com

Phone: +91-94171-48866