ਕਿਥੇ ਮੇਰੀਅਨ ਜੋਨਜ਼ ਤੇ ਕਿਥੇ ਕਬੱਡੀ ਦੇ ਖਿਡਾਰੀ? ਹੈ ਕੋਈ ਜੋੜ? ਹਾਂ ਇੱਕ ਗੱਲੋਂ ਜੋੜ ਹੈ। ਵਿਸ਼ਵ ਪ੍ਰਸਿੱਧ ਅਥਲੀਟ ਮੇਰੀਅਨ ਜੋਨਜ਼ ਪਾਬੰਦੀਸ਼ੁਦਾ ਡਰੱਗ ਸੇਵਨ ਦੀ ਦੋਸ਼ੀ ਪਾਈ ਗਈ ਹੈ ਤੇ ਉਸ ਦੇ ਮੈਡਲ ਵਾਪਸ ਲੈ ਲਏ ਗਏ ਹਨ। ਆਮ ਲੋਕਾਂ ਨੂੰ ਪਤਾ ਹੋਵੇ ਜਾਂ ਨਾ ਪਰ ਇਹ ਸੱਚ ਹੈ ਕਿ ਪੰਜਾਬ ਦੀ ਦੇਸੀ ਖੇਡ ਕਬੱਡੀ ਦੇ ਕਈ ਸਟਾਰ ਖਿਡਾਰੀ ਵਰਜਿਤ ਡਰੱਗਾਂ ਲੈ ਰਹੇ ਹਨ। ਜੇਕਰ ਤੁਰਤ ਕੋਈ ਉਪਾਅ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਉਨ੍ਹਾਂ ਨੂੰ ਲੈ ਬਹਿਣਗੀਆਂ। ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸੇ ਖਿਡਾਰੀ ਦੀ ਅਣਿਆਈ ਮੌਤ, ਕਿਸੇ ਦੇ ਮਸਲ ਪੁੱਲ, ਕਿਸੇ ਦਾ ਨਿਪੁੰਸਕ ਹੋਣਾ ਤੇ ਕਿਸੇ ਦੇ ਗੁੱਝਾ ਦਰਦ ਹੋਣ ਦੀਆਂ ਖ਼ਬਰਾਂ ਮਿਲਣ ਲੱਗ ਪਈਆਂ ਹਨ। ਕਿਸੇ ਦਾ ਜਿਗਰ ਜੁਆਬ ਦੇ ਰਿਹੈ ਤੇ ਕਿਸੇ ਦਾ ਨਸਤੰਤਰ ਹਿੱਲ ਗਿਐ। ਕਿਸੇ ਦਾ ਸੀਜ਼ਨ ਮਾਰਿਆ ਜਾਣ ਲੱਗਾ ਹੈ। ਜਿਹੜਾ ਪੱਕਾ ਹੀ ਡਰੱਗ ਐਡਿਕਟ ਹੋ ਗਿਆ ਉਹਦਾ ਤਾਂ ਸਮਝੋ ਅਸਲੋਂ ਹੀ ਸਰ ਗਿਆ। ਉਹ ਜੇਹਾ ਦੁਨੀਆਂ `ਤੇ ਆਇਆ ਜੇਹਾ ਨਾ ਆਇਆ।
ਜਿਨ੍ਹਾਂ ਸਟੀਰਾਏਡਜ਼ ਨੂੰ ਤਾਕਤ ਵਧਾਉਣ ਦੀਆਂ ਦਵਾਈਆਂ ਕਹਿ ਕੇ ਲਿਆ ਜਾ ਰਿਹੈ ਉਨ੍ਹਾਂ `ਚ ਕਈ ਸਿਹਤ ਲਈ ਬੇਹੱਦ ਘਾਤਕ ਹਨ। ਉਹ ਆਰਜ਼ੀ ਤਾਕਤ ਦਿੰਦੀਆਂ ਹਨ, ਪੱਠੇ ਬਣਾਉਂਦੀਆਂ ਤੇ ਭਾਰ ਵਧਾਉਂਦੀਆਂ ਹਨ ਪਰ ਬਾਅਦ ਵਿੱਚ ਜਾਨ ਲੈਣ ਤਕ ਜਾਂਦੀਆਂ ਹਨ। ਇਹਦੀਆਂ ਇੱਕ ਨਹੀਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਇਸੇ ਕਰਕੇ ਓਲੰਪਿਕ ਖੇਡਾਂ ਦੇ ਮੈਡੀਕਲ ਕਮਿਸ਼ਨ ਨੇ ਉਨ੍ਹਾਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੋਈ ਹੈ ਜੋ ਖਿਡਾਰੀਆਂ ਲਈ ਵਰਜਿਤ ਹਨ। ਜੇ ਕੋਈ ਖਿਡਾਰੀ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਦਾ ਸਾਬਤ ਹੋ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ ਤੇ ਅੱਗੋਂ ਖੇਡਾਂ ਵਿੱਚ ਭਾਗ ਲੈਣ `ਤੇ ਪਾਬੰਦੀ ਲੱਗ ਜਾਂਦੀ ਹੈ। ਬਦਨਾਮੀ ਵੱਖਰੀ ਹੁੰਦੀ ਹੈ। ਟਰੈਕ ਦੀ ਰਾਣੀ ਮੇਰੀਅਨ ਜੋਨਜ਼ ਜੀਹਦੀ ਗੁੱਡੀ ਅਸਮਾਨੀ ਚੜ੍ਹੀ ਹੋਈ ਸੀ ਹੁਣ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਰਹੀ। ਉਹ ਰੋ ਰੋ ਕੇ ਭੁੱਲਾਂ ਬਖਸ਼ਾ ਰਹੀ ਹੈ ਤੇ ਕੁਲ ਦੁਨੀਆਂ ਦੇ ਮੀਡੀਏ ਵਿੱਚ ਉਹਦੀਆਂ ਰੋਂਦੀ ਦੀਆਂ ਤਸਵੀਰਾਂ ਛਪੀਆਂ ਹਨ। ਉਹਦੀ ਹਾਲਤ ਵੇਖ ਕੇ ਤਰਸ ਆਉਂਦਾ ਹੈ।
ਮੇਰੀਅਨ ਜੋਨਜ਼ ਕੋਈ ਸਾਧਾਰਨ ਅਥਲੀਟ ਨਹੀਂ। ਉਹ ਅਮਰੀਕਾ ਦੀ ਨੁਮਾਇੰਦਗੀ ਕਰਦਿਆਂ ਵਿਸ਼ਵ ਦੀ ਸਭ ਤੋਂ ਤੇਜ਼ਤਰਾਰ ਦੌੜਾਕ ਬਣੀ ਰਹੀ ਜਿਸ ਦੀ ਟ੍ਰੇਨਿੰਗ ਅਤਿ ਆਧੁਨਿਕ ਖੇਡ ਸਾਮਾਨ ਤੇ ਨਵੀਨਤਮ ਤਕਨੀਕ ਨਾਲ ਹੋਈ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਕੋਚ ਨੇ ਉਸ ਨੂੰ ਕਥਿਤ ਤਾਕਤ ਵਧਾਊ ਸਟੀਰਾਇਡਜ਼ `ਤੇ ਲਾਇਆ ਸੀ। ਪਹਿਲਾਂ ਉਹ ਪਾਬੰਦੀਸ਼ੁਦਾ ਡਰੱਗਜ਼ ਲੈਣ ਤੋਂ ਮੁਕਰਦੀ ਆ ਰਹੀ ਸੀ ਪਰ ਜਾਂਚ ਪੂਰੀ ਹੋਣ ਉਤੇ ਉਸ ਨੂੰ ਸਵੀਕਾਰ ਕਰਨਾ ਪਿਆ ਕਿ ਉਹ ਸਤੰਬਰ 2000 ਤੋਂ ਜੁਲਾਈ 2001 ਤਕ ਵਿਸ਼ੇਸ਼ ਤਰ੍ਹਾਂ ਦੇ ਸਟੀਰਾਇਡਜ਼ ਲੈਂਦੀ ਰਹੀ ਸੀ। ਉਸ ਨੇ ਸਿਡਨੀ ਦੀਆਂ ਓਲੰਪਿਕ ਖੇਡਾਂ `ਚੋਂ ਇੱਕ ਨਹੀਂ, ਪੰਜ ਮੈਡਲ ਜਿੱਤੇ ਸਨ। ਸੌ ਮੀਟਰ, ਦੋ ਸੌ ਮੀਟਰ ਤੇ ਚਾਰ ਸੌ ਮੀਟਰ ਰਿਲੇਅ ਦੌੜ `ਚੋਂ ਸੋਨੇ ਦੇ ਤਮਗ਼ੇ ਸਨ ਅਤੇ ਲੰਮੀ ਛਾਲ ਤੇ ਸੌ ਮੀਟਰ ਰਿਲੇਅ ਦੌੜ `ਚੋਂ ਕਾਂਸੀ ਦੇ ਤਮਗ਼ੇ ਸਨ। ਏਨੇ ਤਮਗ਼ੇ ਜਿੱਤਣ ਨਾਲ ਉਹਦੀ ਸ਼ੋਹਰਤ ਦਾ ਕੋਈ ਅੰਤ ਨਹੀਂ ਸੀ ਰਿਹਾ। ਉਹ ਦੁਨੀਆਂ ਭਰ ਦੀ ਜੁਆਨੀ ਦਾ ਮਾਡਲ ਬਣ ਗਈ ਸੀ।
2004 ਵਿੱਚ ਮੇਰੀਅਨ ਜੋਨਜ਼ ਬਾਲਕੋ ਸਟੀਰਾਇਡ ਦੇ ਮਾਮਲੇ ਵਿੱਚ ਅਜਿਹੀ ਫਸੀ ਤੇ ਆਈ.ਓ.ਸੀ.ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਮੁਕੰਮਲ ਹੋਣ ਉਤੇ ਜਦੋਂ ਸਾਬਤ ਹੋ ਗਿਆ ਕਿ ਜੋਨਜ਼ ਦੋਸ਼ੀ ਹੈ ਤਾਂ ਉਸ ਨੇ ਵੀ ਦੋਸ਼ ਸਵੀਕਾਰ ਕਰ ਲਿਆ। ਉਸ ਨੇ ਦੌੜਨ ਵਿੱਚ ਉਸ ਤੋਂ ਪਿੱਛੇ ਰਹਿਣ ਵਾਲੀਆਂ ਦੌੜਾਕਾਂ ਤੋਂ ਮਾਫੀ ਮੰਗੀ ਹੈ ਕਿ ਉਸ ਨੂੰ ਮਾਫ਼ ਕਰ ਦੇਣ। ਉਸ ਨੇ ਕਿਹਾ ਕਿ ਮੈਂ ਆਪਣੇ ਮੁਕਾਬਲੇ ਦੀਆਂ ਦੌੜਾਕਾਂ ਨਾਲ ਧੋਖਾ ਕੀਤਾ ਹੈ। ਜੇ ਅਜਿਹੀ ਸਥਿਤੀ ਕਿਤੇ ਕਬੱਡੀ ਦੇ ਖਿਡਾਰੀਆਂ ਸਾਹਮਣੇ ਆ ਜਾਵੇ ਤਾਂ ਕੀ ਉਹ ਸਾਥੀ ਖਿਡਾਰੀਆਂ ਤੋਂ ਮਾਫੀ ਮੰਗਣਗੇ? ਕੀ ਉਹ ਮੰਨ ਲੈਣਗੇ ਕਿ ਉਨ੍ਹਾਂ ਨੇ ਨਜਾਇਜ਼ ਦਵਾਈਆਂ ਲੈ ਕੇ ਆਰਜ਼ੀ ਤੌਰ `ਤੇ ਤਾਕਤ ਹਾਸਲ ਕੀਤੀ ਸੀ ਤੇ ਆਪਣੇ ਸਾਥੀ ਖਿਡਾਰੀਆਂ ਨਾਲ ਧੋਖਾ ਕੀਤਾ ਸੀ? ਉਨ੍ਹਾਂ ਵਿੱਚ ਤਾਂ ਕਈ ਐਸੇ ਵੀ ਹਨ ਜਿਹੜੇ ਮਨ੍ਹਾਂ ਕੀਤੀਆਂ ਤਿਲ੍ਹਕਣੀਆਂ ਵਸਤਾਂ ਵੀ ਪਿੰਡੇ `ਤੇ ਮਲਣੋਂ ਨਹੀਂ ਹਟਦੇ। ਪਾਣੀ ਪੀਣ ਦੀ ਥਾਂ ਗੁੱਟਾਂ ਤੇ ਪਿੰਡੇ `ਤੇ ਲਾ ਲੈਂਦੇ ਹਨ ਅਤੇ ਫਾਊਲ ਖੇਡਣ ਦੀ ਕੋਈ ਕਸਰ ਨਹੀਂ ਛੱਡਦੇ।
ਮੇਰੀਅਨ ਜੋਨਜ਼ ਦਾ ਨਾਂ ਹੁਣ ਓਲੰਪਿਕ ਖੇਡਾਂ ਦੇ ਜੇਤੂਆਂ `ਚੋਂ ਮੇਟ ਦਿੱਤਾ ਜਾਵੇਗਾ। ਰਿਕਾਰਡਾਂ ਵਿੱਚ ਉਸ ਦਾ ਨਾਂ ਨਹੀਂ ਰਹੇਗਾ। ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਗਏ ਹਨ ਜੋ ਉਸ ਤੋਂ ਦੂਜੇ ਨੰਬਰ `ਤੇ ਆਉਣ ਵਾਲੀਆਂ ਨੂੰ ਮਿਲਣਗੇ। ਅਜੇ ਕੁਦਰਤ ਨੇ ਪਤਾ ਨਹੀਂ ਉਸ ਨੂੰ ਕਿਹੋ ਜਿਹੀ ਸਰੀਰਕ ਸਜ਼ਾ ਦੇਣੀ ਹੈ। ਸਿਓਲ ਦੀਆਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਦੀ ਫਲੋਰੈਂਸ ਗ੍ਰਿਫਤ ਜਾਏਨਰ ਨੇ ਵੀ ਸੋਨੇ ਦੇ ਤਿੰਨ ਮੈਡਲ ਜਿੱਤੇ ਸਨ। ਉਹ ਵੀ ਪਾਬੰਦੀਸ਼ੁਦਾ ਦਵਾਈਆਂ ਲੈਂਦੀ ਸੀ ਤੇ ਉਤੋਂ ਦੀ ਹੋਰ ਦਵਾਈਆਂ ਲੈ ਕੇ ਡੌਪ ਟੈੱਸਟ ਕਰਨ ਵਾਲਿਆਂ ਨੂੰ ਧੋਖਾ ਦੇ ਦਿੰਦੀ ਸੀ। ਪਰ ਕੁਦਰਤ ਨੇ ਧੋਖਾ ਨਹੀਂ ਖਾਧਾ ਤੇ ਉਹ ਜੁਆਨ ਅਵੱਸਥਾ ਵਿੱਚ ਹੀ ਬੁਰੇ ਹਾਲੀਂ ਚਲਦੀ ਬਣੀ। ਮਰਨ ਤੋਂ ਪਹਿਲਾਂ ਉਹ ਸ਼ਕਲੋਂ ਬੇਸ਼ਕਲ ਹੋ ਗਈ ਸੀ।
ਅੱਜ ਉਹ ਰੰਗ ਬਰੰਗੇ ਲੰਮੇ ਨਹੁੰਆਂ, ਲਾਲ ਲਿਪਸਟਿਕ ਤੇ ਖੁੱਲ੍ਹੇ ਵਾਲਾਂ ਵਾਲੀ ਉਡਣ ਪਰੀ ਕਿਸੇ ਦੇ ਚਿਤ ਚੇਤੇ ਨਹੀਂ। ਕੈਨੇਡਾ ਦੇ ਬੈੱਨ ਜਾਨ੍ਹਸਨ ਨੇ ਸੌ ਮੀਟਰ ਦੀ ਫਰਾਟਾ ਦੌੜ ਵਿੱਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ ਪਰ ਡੌਪ ਟੈੱਸਟ ਵਿੱਚ ਇਹ ਪਤਾ ਲੱਗਣ `ਤੇ ਕਿ ਉਸ ਨੇ ਵਰਜਿਤ ਦਵਾਈ ਲਈ ਸੀ ਉਸ ਦਾ ਨਾਂ ਰਿਕਾਰਡਾਂ ਵਿਚੋਂ ਮੇਟ ਦਿੱਤਾ ਗਿਆ। ਉਸ ਦਾ ਜਿੱਤਿਆ ਹੋਇਆ ਸੋਨ ਤਮਗ਼ਾ ਵਾਪਸ ਲੈ ਲਿਆ ਗਿਆ ਸੀ। ਅੱਜ ਬੈੱਂਨ ਜਾਨ੍ਹਸਨ ਨੂੰ ਵੀ ਕੋਈ ਨਹੀਂ ਜਾਣਦਾ ਕਿ ਉਹ ਕਿਥੇ ਹੈ? ਕਬੱਡੀ ਦੇ ਜਿਹੜੇ ਕਥਿਤ ਸਟਾਰ ਖਿਡਾਰੀ ਵੱਡੇ ਇਨਾਮ ਜਿੱਤਣ ਦੇ ਲਾਲਚ ਵਿੱਚ ਘਾਤਕ ਸਟੀਰਾਇਡਜ਼ ਲੈ ਰਹੇ ਹਨ ਉਨ੍ਹਾਂ ਨੂੰ ਵੀ ਆਪਣਾ ਬੁਰਾ ਭਲਾ ਵਿਚਾਰ ਲੈਣਾ ਚਾਹੀਦੈ। ਤੇ ਪਰਸਰਾਮਪੁਰ ਦੇ ਬਾਬਾ ਲੋਧੀਆਣਾ ਖੇਡ ਮੇਲੇ `ਤੇ ਕਬੱਡੀ ਦੇ ਤੇਰਾਂ ਲੱਖੇ ਇਨਾਮ ਦੇਣ ਵਾਲਿਆਂ ਨੂੰ ਵੀ ਡੋਪ ਟੈੱਸਟ ਵਰਗਾ ਪੱਕਾ ਉਪਾਅ ਕਰਨਾ ਚਾਹੀਦੈ ਕਿ ਕੋਈ ਟੀਮ ਡਰੱਗ ਦੇ ਸਿਰ `ਤੇ ਹੀ ਇਨਾਮ ਨਾ ਮਾਠ ਜਾਵੇ!
ਕਈਆਂ ਲਈ ਇਹ ਖ਼ਬਰ ਹੈਰਾਨੀ ਵਾਲੀ ਹੋਵੇਗੀ ਕਿ ਕਬੱਡੀ ਦਾ ਇਨਾਮ ਫਸਟ ਆਉਣ ਵਾਲੀ ਟੀਮ ਲਈ ਅੱਠ ਲੱਖ ਤੇ ਸੈਕੰਡ ਲਈ ਪੰਜ ਲੱਖ ਰੁਪਏ ਤਕ ਪੁੱਜ ਗਿਆ ਹੈ। ਕੈਨੇਡਾ ਅਮਰੀਕਾ ਵਿੱਚ ਗਿਆਰਾਂ ਹਜ਼ਾਰ ਤੇ ਅੱਠ ਹਜ਼ਾਰ ਡਾਲਰ ਤਕ ਦੇ ਇਨਾਮ ਕਈ ਸਾਲਾਂ ਤੋਂ ਦਿੱਤੇ ਜਾ ਰਹੇ ਹਨ। ਇੱਕ ਪੁਆਇੰਟ ਉਤੇ ਇੱਕ ਲੱਖ ਰੁਪਿਆ ਤੇ ਪੰਜ ਹਜ਼ਾਰ ਡਾਲਰ ਤਕ ਦੇ ਇਨਾਮ ਲੱਗ ਚੁੱਕੇ ਹਨ। ਹੁਣ ਏਡੇ ਵੱਡੇ ਇਨਾਮ ਜੇ ਕੋਈ ਨਸ਼ੇ ਵਾਲੀ ਜਾਂ ਵਰਜਿਤ ਡਰੱਗ ਖਾ ਕੇ ਲੈ ਜਾਵੇ ਤਾਂ ਲੋਹੜਾ ਨਹੀਂ? ਜਿਹੜੇ ਖਿਡਾਰੀ ਸ਼ੁਧ ਖੁਰਾਕਾਂ ਖਾ ਕੇ ਤੇ ਮਿਹਨਤਾਂ ਮਾਰ ਕੇ ਸਹੀ ਖੇਡ ਖੇਡਦੇ ਹਨ ਉਨ੍ਹਾਂ ਨਾਲ ਧੱਕਾ ਨਹੀਂ? ਉਨ੍ਹਾਂ ਵਿਚਾਰਿਆਂ ਦਾ ਕੀ ਕਸੂਰ? ਜੇ ਪਾਬੰਦੀਸ਼ੁਦਾ ਡਰੱਗ ਲੈਣ ਵਾਲਿਆਂ ਨੂੰ ਰੋਕਿਆ ਨਾ ਗਿਆ ਤਾਂ ਇਸ ਦਾ ਮਤਲਬ ਹੈ ਜਿਹੜੇ ਅਜੇ ਤਕ ਉਹ ਦਵਾਈਆਂ ਨਹੀਂ ਲੈਣ ਲੱਗੇ ਉਹ ਵੀ ਲੈਣ ਲੱਗ ਜਾਣਗੇ।
ਕਬੱਡੀ ਹਲਕਿਆਂ ਵਿੱਚ ਇੱਕ ਗੱਲ ਆਮ ਕਹੀ ਜਾ ਰਹੀ ਹੈ ਕਿ ਹੁਣ ਤਾਂ ਜੀ ਸਾਰੇ ਹੀ ਟੀਕੇ ਲੁਆਉਣ ਲੱਗ ਪਏ ਨੇ ਤੁਸੀਂ ਕੀਹਨੂੰ ਕੀਹਨੂੰ ਰੋਕੋਗੇ? ਇਹ ਤਾਂ ਉਹ ਗੱਲ ਹੈ ਜਿਵੇਂ ਕੋਈ ਚੋਰ ਪਾੜ `ਚੋਂ ਫੜਿਆ ਜਾਵੇ ਤੇ ਆਖੀ ਜਾਵੇ ਮੈਂ ਕਿਹੜਾ `ਕੱਲੇ ਨੇ ਚੋਰੀ ਕੀਤੀ ਹੈ ਏਥੇ ਤਾਂ ਸਾਰੇ ਈ ਚੋਰ ਨੇ। ਇਹ ਗੱਲ ਬਿਲਕੁਲ ਗ਼ਲਤ ਹੈ ਕਿ ਕਬੱਡੀ ਦੇ ਸਾਰੇ ਹੀ ਖਿਡਾਰੀ ਡਰੱਗਾਂ ਉਤੇ ਲੱਗੇ ਹੋਏ ਨੇ। ਬਥੇਰੇ ਹਨ ਜਿਹੜੇ ਅਜੇ ਬਚੇ ਹੋਏ ਹਨ। ਇਹ ਉਨ੍ਹਾਂ ਦਾ ਪਰਚਾਰ ਹੈ ਜਿਨ੍ਹਾਂ ਨੂੰ ਡਰ ਹੈ ਕਿ ਜਿਹੜੇ ਲੱਗੇ ਹੋਏ ਨੇ ਕਿਤੇ ਉਹ ਨਾ ਫੜੇ ਜਾਣ?
ਓਨਟਾਰੀਓ, ਬੀ.ਸੀ.ਤੇ ਯੂ.ਕੇ.ਦੀਆਂ ਕਬੱਡੀ ਫੈਡਰੇਸ਼ਨਾਂ ਨੇ ਪਿਛਲੇ ਸਾਲ ਮਤੇ ਪਾਸ ਕੀਤੇ ਸਨ ਕਿ ਪੱਛਮੀ ਮੁਲਕਾਂ ਦਾ 2007 ਦਾ ਕਬੱਡੀ ਸੀਜ਼ਨ ਡਰੱਗ ਮੁਕਤ ਹੋਵੇਗਾ। ਉਹ ਡੋਪ ਟੈੱਸਟ ਕਰਨਗੇ। ਉਨ੍ਹਾਂ ਨੇ ਇਸ ਫੈਸਲੇ ਦਾ ਐਲਾਨ ਮੀਡੀਏ ਵਿੱਚ ਵੀ ਕੀਤਾ। ਮੇਰੇ ਵਰਗਿਆਂ ਨੇ ਉਨ੍ਹਾਂ ਦੇ ਇਸ ਚੰਗੇ ਫੈਸਲੇ ਦੀ ਪ੍ਰਸੰਸਾ ਕਰਦਿਆ ਲੇਖ ਲਿਖੇ। ਲੇਖ ਪੰਜਾਬ ਦੇ ਅਖ਼ਬਾਰਾਂ ਵਿੱਚ ਵੀ ਛਪੇ ਤੇ ਕੁਮੈਂਟੇਟਰਾਂ ਨੇ ਵੀ ਖੇਡ ਮੇਲਿਆਂ `ਤੇ ਕੁਮੈਂਟਰੀ ਕਰਦਿਆਂ ਖਿਡਾਰੀਆਂ ਨੂੰ ਖ਼ਬਰਦਾਰ ਕੀਤਾ। ਉਹਦਾ ਨਤੀਜਾ ਇਹ ਨਿਕਲਿਆ ਕਿ ਕਬੱਡੀ ਖਿਡਾਰੀਆਂ ਨੂੰ ਡਰ ਪੈ ਗਿਆ ਪਈ ਐਤਕੀਂ ਡੋਪ ਟੈੱਸਟ ਹੋਵੇਗਾ ਤੇ ਡਰੱਗ ਲੈਣ ਵਾਲਿਆਂ ਨੂੰ ਲੈਣੇ ਦੇ ਦੇਣੇ ਪੈਣਗੇ। ਪੰਜਾਬ ਦੀਆਂ ਕਬੱਡੀ ਅਕੈਡਮੀਆਂ ਵਿਚੋਂ ਖ਼ਬਰਾਂ ਮਿਲੀਆਂ ਕਿ ਕਈ ਖਿਡਾਰੀ ਸਟੀਰਾਇਡਜ਼ ਲੈਣੋਂ ਹਟ ਗਏ ਸਨ।
ਪਰ ਜਦੋਂ ਟੋਰਾਂਟੋ ਵਿੱਚ 2007 ਦਾ ਕਬੱਡੀ ਸੀਜ਼ਨ ਸ਼ੁਰੂ ਹੋਇਆ ਤਾਂ ਪਹਿਲੇ ਟੂਰਨਾਮੈਂਟ ਸਮੇਂ ਪਰਚੀਆਂ ਪਾ ਕੇ ਅੱਠ ਖਿਡਾਰੀ ਡੌਪ ਟੈੱਸਟ ਲਈ ਚੁਣੇ ਗਏ। ਪੰਜਾਂ ਨੇ ਕਰੂਰਾ ਦੇ ਦਿੱਤਾ ਤੇ ਤਿੰਨ ਆਖਣ ਲੱਗੇ ਕਿ ਅਗਲੇ ਟੂਰਨਾਮੈਂਟ `ਤੇ ਦੇਵਾਂਗੇ। ਇਹਦਾ ਮਤਲਬ ਉਹਨਾਂ `ਚ ਕੋਈ ਕਮੀ ਹੋਵੇਗੀ। ਅਗਲੇ ਟੂਰਨਾਮੈਂਟ `ਤੇ ਡੋਪ ਟੈੱਸਟ ਕਰਨ ਲੱਗੇ ਤਾਂ ਉਹ ਖਿਡਾਰੀ ਫਿਰ ਲੱਤ ਚੁੱਕ ਗਏ ਤੇ ਟੂਰਨਾਮੈਂਟ ਕਰਾਉਣ ਵਾਲਾ ਕਲੱਬ ਵੀ ਕਹਿਣ ਲੱਗਾ ਕਿ ਸਾਡਾ ਟੂਰਨਾਮੈਂਟ ਕਿਉਂ ਖਰਾਬ ਕਰਦੇ ਓਂ? ਆਹ ਡੋਪ ਡੂਪ ਵਾਲਾ ਪੰਗਾ ਅਗਲੇ ਟੂਰਨਾਮੈਂਟ `ਤੇ ਲੈ ਲਿਓ। ਕਬੱਡੀ ਫੈਡਰੇਸ਼ਨ ਨੇ ਮੀਟਿੰਗ ਰੱਖ ਲਈ ਤੇ ਕਲੱਬਾਂ ਦੇ ਨੁਮਾਇੰਦਿਆਂ ਦੀਆਂ ਵੋਟਾਂ ਪੁਆ ਲਈਆਂ।
ਵੋਟਾਂ ਪਤਾ ਕਾਹਦੇ `ਤੇ ਪੁਆਈਆਂ? ਅਖੇ ਡੋਪ ਟੈੱਸਟ ਕਰਨਾ ਚਾਹੀਦੈ ਕਿ ਨਹੀਂ? ਯਾਨੀ ਨਸ਼ੇ ਤੇ ਵਰਜਿਤ ਡਰੱਗਾਂ ਲੈਣ ਵਾਲਿਆਂ ਨੂੰ ਖੇਡਣ ਦੇਣਾ ਜਾਂ ਨਹੀਂ ਖੇਡਣ ਦੇਣਾ? ਸਿਰਫ ਦੋ ਕਲੱਬਾਂ ਨੇ ਡੋਪ ਟੈੱਸਟ ਕਰਨ ਦੇ ਹੱਕ ਵਿੱਚ ਵੋਟ ਪਾਈ ਤੇ ਛੇਆਂ ਨੇ ਵੋਟ ਟੈੱਸਟ ਨਾ ਕਰਨ ਦੇ ਹੱਕ ਵਿੱਚ ਪਾ ਦਿੱਤੀ! ਡਰੱਗ ਲੈਣ ਵਾਲੇ ਖਿਡਾਰੀ ਕੱਛਾਂ ਵਜਾਉਣ ਲੱਗੇ। ਜਿਹੜੇ ਪੰਜਾਬ ਤੋਂ ਨਿਸਬਤਨ ਸਸਤੇ ਮਿਲਦੇ ਸਟੀਰਾਇਡਜ, ਕੈਨੇਡਾ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਫੈਸਲੇ ਤੋਂ ਡਰਦੇ ਮਾਰੇ ਨਹੀਂ ਸਨ ਲੈ ਕੇ ਆਏ ਉਨ੍ਹਾਂ ਨੇ ਪਿੱਛੋਂ ਆਉਣ ਵਾਲਿਆਂ ਨੂੰ ਫੋਨ ਖੜਕਾ ਦਿੱਤੇ ਕਿ ਏਥੇ ਤਾਂ ਹਰੀ ਝੰਡੀ ਐ! ਸਾਡੇ ਜੋਗਾ ਮਾਲ ਮੱਤਾ ਵੀ ਲੈ ਆਇਓ! !
ਕਬੱਡੀ ਦਾ ਇੱਕ ਖਿਡਾਰੀ ਡੱਬ `ਚ ਮਾਲ ਮੱਤਾ ਲਿਆਉਂਦਾ ਵੈਨਕੂਵਰ ਦੇ ਹਵਾਈ ਅੱਡੇ `ਤੇ ਫੜਿਆ ਗਿਆ ਤੇ ਉਸ ਨੂੰ ਡਿਪੋਰਟ ਹੋਣਾ ਪਿਆ। ਜੇ ਉਹਦਾ `ਕੱਲੇ ਜੋਗਾ ਮਾਲ ਹੁੰਦਾ ਤਾਂ ਸ਼ਾਇਦ ਡਾਕਟਰ ਦੀ ਦਿੱਤੀ ਦਵਾਈ ਕਹਿ ਕੇ ਨਿਕਲ ਜਾਂਦਾ ਪਰ ਉਹਦੇ ਤਾਂ ਕਾਰਤੂਸਾਂ ਦੀ ਪੇਟੀ ਵਾਂਗ ਲੱਕ ਦੁਆਲੇ ਟੀਕੇ ਤੇ ਕੈਪਸੂਲ ਚਾੜ੍ਹੇ ਹੋਏ ਸਨ! ਪੰਜਾਬ ਦਾ ਮਾਲ ਜ਼ਬਤ ਹੋ ਜਾਣ ਕਾਰਨ ਕੈਨੇਡਾ `ਚੋਂ ਉਹੀ ਮਾਲ ਫਿਰ ਦਸ ਗੁਣਾਂ ਮਹਿੰਗਾ ਮਿਲਿਆ ਜਿਸ ਦਾ ਪ੍ਰਬੰਧ ਕੁੱਝ ਕਲੱਬਾਂ ਨੂੰ ਆਪ ਕਰਨਾ ਪਿਆ।
ਸੁਆਲ ਪੈਦਾ ਹੁੰਦਾ ਹੈ ਕਿ ਕਿਸੇ ਖੇਡ ਫੈਡਰੇਸ਼ਨ ਨੂੰ ਖਿਡਾਰੀਆਂ ਲਈ ਵਰਜਿਤ ਦਵਾਈਆਂ ਲੈਣ ਬਾਰੇ ਆਪਣੇ ਕਲੱਬ ਮੈਂਬਰਾਂ ਤੋਂ ਵੋਟਾਂ ਪੁਆਉਣ ਦਾ ਕੋਈ ਵਿਧਾਨ ਵੀ ਹੈ? ਜਵਾਬ ਹੈ ਕਿ ਨਹੀਂ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਮੈਂਬਰਾਂ ਤੋਂ ਵੋਟਾਂ ਪੁਆ ਕੇ ਫੈਸਲਾ ਲਵੇ ਕਿ ਕੋਈ ਪਾਠੀ ਨਸ਼ਾ ਕਰ ਕੇ ਰੌਲ ਲਾ ਸਕਦੈ ਕਿ ਨਹੀਂ? ਨਸ਼ਾ ਕਰ ਕੇ ਕੋਈ ਖੇਡ ਖੇਡਣੀ ਜਾਂ ਵਰਜਿਤ ਦਵਾਈ ਲੈ ਕੇ ਖੇਡਣਾ ਖੇਡਾਂ ਦੇ ਵਿਧਾਨ `ਚ ਹੀ ਮਨ੍ਹਾਂ ਹੈ। ਵਿਸ਼ਵ ਦੀ ਸਰਵੋਤਮ ਖੇਡ ਸੰਸਥਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੇ ਮੈਡੀਕਲ ਕਮਿਸ਼ਨ ਰਾਹੀਂ ਇਹ ਪਾਬੰਦੀ ਲਾਗੂ ਕੀਤੀ ਹੋਈ ਹੈ। ਇਹਦੇ ਵਿੱਚ ਖੁੱਲ੍ਹ ਲੈਣ ਦੀ ਕੋਈ ਗੁੰਜਾਇਸ਼ ਹੀ ਨਹੀਂ। ਜੇ ਹੁੰਦੀ ਤਾਂ ਨਾ ਬੈੱਨ ਜਾਨ੍ਹਸਨ ਦਾ ਤਮਗ਼ਾ ਖੁੱਸਦਾ ਤੇ ਨਾ ਹੁਣ ਮੇਰੀਅਨ ਜੋਨਜ਼ ਦੀ ਦੁਰਗਤ ਹੁੰਦੀ।
ਕਬੱਡੀ ਕਲੱਬਾਂ, ਅਕੈਡਮੀਆਂ, ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਨੂੰ ਚਾਹੀਦੈ ਕਿ ਉਹ ਕਬੱਡੀ ਵਿੱਚ ਪਾਬੰਦੀਸ਼ੁਦਾ ਡਰੱਗਾਂ ਦੇ ਸੇਵਨ ਨੂੰ ਦ੍ਰਿੜਤਾ ਨਾਲ ਰੋਕਣ। ਜਿਹੜੇ ਖਿਡਾਰੀ ਵਰਜਿਤ ਦਵਾਈਆਂ ਲੈਣ ਤੋਂ ਬਚੇ ਹੋਏ ਹਨ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਹੁਣ ਤਾਂ ਕਈ ਡਰੱਗੀ ਖਿਡਾਰੀ ਹੀ ਸਹੀ ਖਿਡਾਰੀਆਂ ਦਾ ਹੱਕ ਮਾਰੀ ਜਾ ਰਹੇ ਹਨ। ਪੱਛਮੀ ਮੁਲਕਾਂ ਦੇ 2008 ਦੇ ਕਬੱਡੀ ਸੀਜ਼ਨ ਨੂੰ ਜੇ ਡਰੱਗ ਮੁਕਤ ਰੱਖਣਾ ਹੈ ਤਾਂ ਹੁਣੇ ਤੋਂ ਦ੍ਰਿੜ ਫੈਸਲੇ ਲੈਣੇ ਚਾਹੀਦੇ ਹਨ।
ਇਕ ਸੁਝਾਅ ਹੈ ਕਿ ਪੰਜਾਬ ਤੋਂ ਕਬੱਡੀ ਦੇ ਉਨ੍ਹਾਂ ਖਿਡਾਰੀਆਂ ਨੂੰ ਹੀ ਵਿਦੇਸ਼ਾਂ ਵਿੱਚ ਖੇਡਣ ਲਈ ਸਪਾਂਸਰ ਕੀਤਾ ਜਾਵੇ ਜਿਹੜੇ ਭਾਰਤ ਵਿੱਚ ਡੋਪ ਟੈੱਸਟ ਦੀ ਮਾਨਤਾ ਪ੍ਰਾਪਤ ਲਬਾਰਟਰੀ ਤੋਂ ਡੋਪ ਟੈੱਸਟ ਕਰਵਾ ਕੇ ਅੰਬੈਸੀਆਂ ਤੋਂ ਵੀਜ਼ੇ ਲੈਣ ਜਾਣ। ਕੱਪ ਜਿੱਤਣ ਵਾਲੇ ਖਿਡਾਰੀਆਂ ਦਾ ਵੀ ਡੋਪ ਟੈੱਸਟ ਹੋਣ `ਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇ। ਜੇਕਰ ਡੋਪ ਟੈੱਸਟ ਵਿੱਚ ਜੇਤੂ ਖਿਡਾਰੀ ਵਰਜਿਤ ਦਵਾਈ ਲੈਂਦੇ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਗੋਂ ਲਈ ਬੈਨ ਕਰ ਕੇ ਇਨਾਮ ਦੂਜੇ ਨੰਬਰ `ਤੇ ਆਉਣ ਵਾਲੀ ਟੀਮ ਦੇ ਹਵਾਲੇ ਕੀਤਾ ਜਾਵੇ। ਮੇਰੀਅਨ ਜੋਨਜ਼ ਦੇ ਕੇਸ ਵਿੱਚ ਇਸ ਤਰ੍ਹਾਂ ਹੀ ਹੋ ਰਿਹੈ। ਅਜਿਹਾ ਹੋਣ ਲੱਗ ਪਵੇ ਤਾਂ ਕੋਈ ਵਜ੍ਹਾ ਨਹੀਂ ਕਿ ਕਬੱਡੀ ਡਰੱਗ ਮੁਕਤ ਨਾ ਹੋਵੇ।