You are here:ਮੁਖ ਪੰਨਾ»ਸਫ਼ਰਨਾਮਾ»ਮੇਰੇ ਪ੍ਰਾਇਮਰੀ ਸਕੂਲ ਦੇ ਅਧਿਆਪਕ
Coming soon: A new and improved Global Punjabi site!!!

ਲੇਖ਼ਕ

Friday, 03 July 2026 14:01

ਮੇਰੇ ਪ੍ਰਾਇਮਰੀ ਸਕੂਲ ਦੇ ਅਧਿਆਪਕ

Written by
Rate this item
(0 votes)

ਉਦੋਂ ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਪੜ੍ਹਨ ਲਈ ਲਾਗਲੇ ਪਿੰਡ ਜਾਣਾ ਪੈਂਦਾ ਸੀ। ਕੱਚੇ ਰਾਹਾਂ ਵਿੱਚ ਤੁਰਦਿਆਂ ਸਰਦੀਆਂ ਵਿੱਚ ਸਵੇਰੇ ਠੰਢ ਦਾ ਮੁਕਾਬਲਾ ਕਰਨਾ ਪੈਂਦਾ ਸੀ ਅਤੇ ਗਰਮੀਆਂ ਵਿੱਚ ਮੁੜਦਿਆਂ ਤਪਦੀ ਦੁਪਹਿਰ ਦਾ ਸੇਕ ਝੱਲਣਾ ਪੈਂਦਾ ਸੀ। ਫਿਰ ਵੀ ਪੂਰਾ ਗਰੁੱਪ ਹੱਸਦੇ ਖੇਡਦੇ ਸਫਰ ਹੋ ਹੀ ਜਾਂਦਾ ਸੀ। ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਦਿੱਕਤ ਆਉਂਦੀ ਸੀ। ਰਾਹ ਵਿੱਚ ਵੇਂਈ ਨਦੀ ਪੈਂਦੀ ਸੀ। ਜਦੋਂ ਝੜੀ ਲਗਦੀ ਤਾਂ ਉੱਥੇ ਹੜ੍ਹ ਆ ਜਾਣਾ ਤੇ ਵਾਪਸ ਮੁੜਨਾ ਪੈਂਦਾ ਸੀ। ਸਾਡਾ ਪ੍ਰਾਇਮਰੀ ਸਕੂਲ ਚੌਥੀ ਜਮਾਤ ਤਕ ਸੀ। ਮੈਂ ਸਾਲ 1947 ਦੀ ਵੱਢਟੁੱਕ ਪਿੱਛੋਂ ਸਕੂਲ ਵਿੱਚ ਦਾਖਲ ਹੋਇਆ ਸੀ। ਜਦੋਂ ਸਾਰਾ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਸੀ ਤਾਂ ਪੰਜਾਬ ਇਤਿਹਾਸ ਦਾ ਸਭ ਤੋਂ ਭੈੜਾ ਸੰਤਾਪ ਭੁਗਤ ਰਿਹਾ ਸੀ। ਹਰ ਪਾਸੇ ਲੁੱਟ-ਮਾਰ ਅਤੇ ਕਤਲ ਹੋ ਰਹੇ ਸਨ। ਔਰਤਾਂ ਦੀ ਇੱਜ਼ਤ ਲੁੱਟੀ ਜਾ ਰਹੀ ਸੀ। ਦਸ ਲੱਖ ਤੋਂ ਵੱਧ ਲੋਕ ਉੱਜੜ ਕੇ ਸਰਹੱਦੋਂ ਪਾਰੋਂ ਆਏ ਤੇ ਇੰਨੇ ਕੁ ਹੀ ਲੋਕ ਇੱਧਰੋਂ ਉੱਧਰ ਗਏ। ਉਸ ਸਾਲ ਮੀਂਹ ਬਹੁਤ ਪਏ। ਸ਼ਾਇਦ ਕੁਦਰਤ ਲਹੂ ਨਾਲ ਲਿਬੜੀ ਧਰਤੀ ਨੂੰ ਧੋਣਾ ਚਾਹੁੰਦੀ ਸੀ, ਥਾਂ ਥਾਂ ਰੁਲਦੀਆਂ ਲਾਸ਼ਾਂ ਨੂੰ ਟਿਕਾਣੇ ਲਾਉਣਾ ਚਾਹੁੰਦੀ ਸੀ। ਬਹੁਤੇ ਲੋਕਾਂ ਦੇ ਕੱਚੇ ਕੋਠੇ ਢਹਿ ਗਏ। ਸਾਡਾ ਸਕੂਲ ਵੀ ਬਰਸਾਤ ਦੀ ਮਾਰ ਨਾ ਝੱਲਦਾ ਹੋਇਆ ਢਹਿ ਗਿਆ। ਪਿੰਡ ਵਾਲਿਆਂ ਇੱਕ ਕਮਰੇ ਦੀ ਮੁੜ ਉਸਾਰੀ ਕੀਤੀ ਜਿਸ ਨੂੰ ਸਟਾਫ ਰੂਮ ਅਤੇ ਡਾਕਘਰ ਲਈ ਵਰਤਿਆ ਜਾਣ ਲੱਗਾ। ਅਸੀਂ ਚਾਰੇ ਸਾਲ ਸਰਦੀਆਂ ਵਿੱਚ ਧੁੱਪੇ ਬੈਠ ਅਤੇ ਗਰਮੀਆਂ ਵਿੱਚ ਰੁੱਖਾਂ ਦੀ ਛਾਂਵੇਂ ਬੈਠ ਕਲਾਸਾਂ ਲਾਈਆਂ ਸਨ। ਜਦੋਂ ਕਦੇ ਮੀਂਹ ਪੈਣ ਲੱਗ ਜਣਾ ਤਾਂ ਸਾਰਿਆਂ ਬੱਚਿਆਂ ਨੇ ਦੌੜ ਕੇ ਪਿੰਡ ਦੇ ਦਰਵਾਜੇ ਜਾਕੇ ਖੜ੍ਹੇ ਹੋਣਾ। ਸਾਡੇ ਅਧਿਆਪਕ ਚਿੱਟੇ ਪਜਾਮੇ ਪਾਉਂਦੇ ਸਨ ਤੇ ਲੜ ਛੱਡ ਕੇ ਪਗੜੀ ਬੰਨ੍ਹਦੇ ਸਨ। ਅਧਿਆਪਕਾਂ ਨੂੰ ਬਹੁਤ ਹੀ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਪਿੰਡ ਵਿੱਚ ਵੀ ਜੇਕਰ ਕੋਈ ਪੜ੍ਹਿਆ ਲਿਖਿਆ ਹੁੰਦਾ ਸੀ ਤਾਂ ਉਸ ਨੂੰ ਮਾਸਟਰ ਆਖ ਕੇ ਬੁਲਾਇਆ ਜਾਂਦਾ ਸੀ।

ਜਦੋਂ ਮੈਂ ਚੌਥੀ ਜਮਾਤ ਵਿੱਚ ਚੜ੍ਹਿਆ ਤਾਂ ਸਾਡੇ ਸਕੂਲ ਵਿੱਚ ਇੱਕ ਨਵੇਂ ਅਧਿਆਪਕ ਆਏ। ਬਿਲਕੁਲ ਕੋਈ ਸੰਤ ਲੱਗ ਰਹੇ ਸਨ। ਚਿੱਟਾ ਕੁੜਤਾ ਪਜਾਮਾ, ਚਿੱਟੀ ਪਗੜੀ ਤੇ ਚਿੱਟੀ ਹੀ ਖੁੱਲ੍ਹੀ ਦਾਹੜੀ। ਉਹ ਬੋਲਦੇ ਵੀ ਬਹੁਤ ਮਿੱਠਾ ਸਨ। ਗੁੱਸਾ ਤਾਂ ਕਦੇ ਉਨ੍ਹਾਂ ਦੇ ਚਿਹਰੇ ਉੱਤੇ ਦੇਖਿਆ ਹੀ ਨਹੀਂ ਸੀ। ਉਹ ਜਲੰਧਰ ਤੋਂ ਬਦਲ ਕੇ ਆਏ ਸੀ। ਪਤਾ ਨਹੀਂ ਇੰਨੀ ਦੂਰ ਇੱਕ ਪਿੰਡ ਵਿੱਚ, ਜਿਹੜਾ ਪੱਕੀ ਸੜਕ ਤੋਂ ਵੀ ਦੂਰ ਸੀ, ਉਨ੍ਹਾਂ ਦੀ ਬਦਲੀ ਕਿਉਂ ਹੋਈ। ਉਨ੍ਹਾਂ ਨੂੰ ਸਕੂਲ ਵਾਲੇ ਪਿੰਡ ਵਿੱਚ ਰਹਿਣ ਲਈ ਕੋਈ ਮਕਾਨ ਨਾ ਮਿਲਿਆ। ਅਸੀਂ ਆਪਣੇ ਨਾਲ ਉਨ੍ਹਾਂ ਨੂੰ ਆਪਣੇ ਪਿੰਡ ਲੈ ਆਏ। ਮੇਰੇ ਪਿਤਾ ਜੀ ਉਦੋਂ ਪਿੰਡ ਦੇ ਸਰਪੰਚ ਸਨ। ਪਹਿਲੀ ਵਾਰ ਪੰਚਾਇਤ ਬਣੀ ਸੀ। ਮੈਂ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ। ਉਹ ਪਿਤਾ ਜੀ ਦੇ ਜੜ੍ਹਾਂਵਾਲੇ ਵੇਲੇ ਦੇ ਜਾਣੂ ਨਿਕਲ ਆਏ। ਸਾਡੇ ਪਿੰਡ ਇੱਕ ਮਕਾਨ ਖਾਲੀ ਸੀ, ਉਹ ਉਨ੍ਹਾਂ ਨੂੰ ਦੇ ਦਿੱਤਾ ਗਿਆ। ਦੋ ਕੁ ਦਿਨ ਉਨ੍ਹਾਂ ਰੋਟੀ ਸਾਡੇ ਘਰੋਂ ਖਾਧੀ ਤੇ ਮੁੜ ਉਹ ਆਖਣ ਲੱਗੇ ਮੈਂ ਆਪਣੀ ਰੋਟੀ ਆਪ ਬਣਾਵਾਂਗਾ। ਪਰ ਪਿੰਡ ਵਾਲਿਆਂ ਅਜਿਹਾ ਨਹੀਂ ਕਰਨ ਦਿੱਤਾ। ਮਾਸਟਰ ਜੀ ਲਈ ਰੋਟੀ ਦੀਆਂ ਵਾਰੀਆਂ ਬੰਨ੍ਹ ਲਈਆਂ ਗਈਆਂ। ਅਜਿਹਾ ਉਦੋਂ ਤਕ ਚਲਦਾ ਰਿਹਾ, ਜਦੋਂ ਤਕ ਅਗਲੇ ਸਾਲ ਜਲੰਧਰ ਤੋਂ ਉਨ੍ਹਾਂ ਦਾ ਪਰਿਵਾਰ ਨਾ ਆ ਗਿਆ। ਪਰਿਵਾਰ ਆਏ ਤੋਂ ਵੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੁਝ ਵੀ ਮੁੱਲ ਲੈਣ ਨਹੀਂ ਦਿੱਤਾ ਸਗੋਂ ਆਟਾ, ਦਾਲਾਂ, ਗੁੜ, ਸ਼ੱਕਰ, ਦੁੱਧ, ਸਬਜ਼ੀਆਂ ਆਦਿ ਲੋਕਾਂ ਵੱਲੋਂ ਆਉਂਦੀਆਂ ਰਹੀਆਂ।

ਮਾਸਟਰ ਜੀ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੇ ਘਰ ਰਾਤ ਨੂੰ ਕਲਾਸ ਸ਼ੁਰੂ ਕੀਤੀ। ਜਿਹੜੇ ਬੱਚੇ ਸਕੂਲ ਨਹੀਂ ਜਾਂਦੇ ਸਨ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰ ਕੇ ਬੱਚਿਆਂ ਨੂੰ ਰਾਤ ਦੀ ਕਲਾਸ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਮੁੜ ਸਕੂਲ ਦਾਖਲ ਕਰਵਾਇਆ। ਉਦੋਂ ਦੇਸ਼ ਵਿੱਚ ਅਨਾਜ ਦੀ ਥੁੜ ਸੀ। ਸਰਕਾਰ ਵੱਲੋਂ ਸਾਰੇ ਦੇਸ਼ ਵਿੱਚ ਗ੍ਰੋ ਮੋਰ ਫੂਡ (ਹੋਰ ਅੰਨ ਉਗਾਵੋ) ਮੁਹਿੰਮ ਚਲਾਈ ਗਈ। ਇਸਦਾ ਮੰਤਵ ਕਿਸਾਨਾਂ ਨੂੰ ਵੱਧ ਪੈਦਾਵਾਰ ਲੈਣ ਲਈ ਉਤਸ਼ਾਹਿਤ ਕਰਨਾ ਸੀ। ਉਦੋਂ ਅਜੇ ਖੇਤੀ ਦੀ ਕੋਈ ਨਵੀਂ ਤਕਨਾਲੋਜੀ ਨਹੀਂ ਸੀ, ਇਸ ਮੁਹਿੰਮ ਦਾ ਪ੍ਰਚਾਰ ਕਰਨ ਲਈ ਸਕੂਲਾਂ ਨੂੰ ਆਖਿਆ ਗਿਆ। ਸਾਡੇ ਮਾਸਟਰ, ਜਿਨ੍ਹਾਂ ਨੂੰ ਸਾਰੇ ਗਿਆਨੀ ਜੀ ਆਖਦੇ ਸਨ, ਨੇ ਬੱਚਿਆਂ ਦਾ ਇੱਕ ਜਥਾ ਤਿਆਰ ਕੀਤਾ। ਕਿਸੇ ਨੂੰ ਕਵਿਤਾ ਯਾਦ ਕਰਵਾਈ। ਜਿਸਦੀ ਆਵਾਜ਼ ਚੰਗੀ ਸੀ, ਉਸ ਤੋਂ ਗੀਤ ਗਵਾਇਆ ਤੇ ਮੈਨੂੰ ਇੱਕ ਭਾਸ਼ਣ ਯਾਦ ਕਰਨ ਨੂੰ ਦਿੱਤਾ। ਚੌਥੀ ਜਮਾਤ ਦੇ ਸਾਰੇ ਬੱਚੇ ਹਫਤੇ ਵਿੱਚ ਇੱਕ ਦਿਨ ਕਿਸੇ ਲਾਗਲੇ ਪਿੰਡ ਜਲੂਸ ਅਤੇ ਜਲਸਾ ਕਰਦੇ ਸਨ। ਬਾਕੀ ਬੱਚਿਆਂ ਦੇ ਹੱਥਾਂ ਵਿੱਚ ਲਿਖੀਆਂ ਤਖਤੀਆਂ ਅਤੇ ਬੈਨਰ ਹੁੰਦੇ ਸਨ। ਉਨ੍ਹਾਂ ਉੱਤੇ ਆਮ ਕਰਕੇ ਸਲੋਗਨ ਲਿਖੇ ਹੁੰਦੇ ਸਨ। ਰੂੜੀ ਨੂੰ ਟੋਇਆਂ ਵਿੱਚ ਰੱਖੋ, ਪੌਹਲੀ ਦਾ ਨਾਸ਼ ਕਰੋ। ਚੂਹਿਆਂ ਤੋਂ ਅੰਨ ਬਚਾਓ ਆਦਿ। ਪਿੰਡ ਵਿੱਚ ਚੱਕਰ ਲਾਉਣ ਪਿੱਛੋਂ ਇੱਕ ਸਾਂਝੀ ਥਾਂ ਜਲਸਾ ਕੀਤਾ ਜਾਂਦਾ ਸੀ, ਜਿੱਥੇ ਬੱਚੇ ਆਪੋ ਆਪਣੀ ਆਈਟਮ ਪੇਸ਼ ਕਰਦੇ ਸਨ। ਪਿੰਡ ਵਾਸੀ ਬੱਚਿਆਂ ਲਈ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੇ ਸਨ।

ਸਾਰੇ ਸਕੂਲ ਵਿੱਚ ਕਿਆਰੀਆਂ ਬਣਾ ਕੇ ਫ਼ੁੱਲਾਂ ਦੇ ਬੂਟੇ ਲਾਏ। ਸਕੂਲ ਦੇ ਬਾਹਰਵਾਰ ‘ਜੀ ਆਇਆਂ ਨੂੰ’ ਲਿਖਕੇ ਉੱਥੇ ਅਲਸੀ ਬੀਜੀ। ਅਲਸੀ ਦੇ ਜਦੋਂ ਫੁੱਲ ਖਿੜੇ ਤਾਂ ਜੀ ਆਇਆਂ ਬਹੁਤ ਸੁੰਦਰ ਦਿਸ ਦੇ ਰਿਹਾ ਸੀ। ਰਾਤ ਦੀ ਜਮਾਤ ਜਾਰੀ ਰਹੀ। ਉਹ ਅਧਿਆਪਕ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਪੜ੍ਹਾਉਂਦੇ ਸਨ। ਉਦੋਂ ਪਿੰਡਾਂ ਵਿੱਚ ਬਿਜਲੀ ਨਹੀਂ ਸੀ, ਲੈਂਪ ਬਾਲ ਕੇ ਹੀ ਪੜ੍ਹਾਈ ਕੀਤੀ ਜਾਂਦੀ ਸੀ। ਉਹ ਤਿੰਨ ਸਾਲ ਸਾਡੇ ਪਿੰਡ ਰਹੇ ਤੇ ਮੁੜ ਉਨ੍ਹਾਂ ਆਪਣੀ ਬਦਲੀ ਜਲੰਧਰ ਕਰਵਾ ਲਈ। ਜਦੋਂ ਉਹ ਪਿੰਡੋਂ ਤੁਰੇ ਤਾਂ ਲਗਭਗ ਸਾਰਾ ਪਿੰਡ ਉਨ੍ਹਾਂ ਨੂੰ ਵਿਦਾਈ ਦੇਣ ਆਇਆ। ਬਹੁਤਿਆਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਸਾਰੇ ਪਰਿਵਾਰ ਉਨ੍ਹਾਂ ਲਈ ਕੁਝ ਨਾ ਕੁਝ ਭੇਟਾ ਲੈਕੇ ਆਏ। ਪਿੰਡ ਦੇ ਟਾਂਗੇ ਵਿੱਚ ਸਵਾਰ ਕਰਕੇ ਉਨ੍ਹਾਂ ਨੂੰ ਭੇਜਿਆ ਗਿਆ ਕਿਉਂਕਿ ਜਲੰਧਰ ਲਈ ਬੱਸ ਬੰਗਾ ਤੋਂ ਹੀ ਮਿਲਣੀ ਸੀ। ਗਿਆਨੀ ਜੀ ਸਹੀ ਅਰਥਾਂ ਵਿੱਚ ਅਧਿਆਪਕ ਸਨ, ਜਿਨ੍ਹਾਂ ਨੇ ਸਾਡੇ ਪਿੰਡ ਦੇ ਲਗਭਗ ਸਾਰੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਆ।

* * * * *

Read 278 times