You are here:ਮੁਖ ਪੰਨਾ»ਰਚਨਾ ਅਧਿਐਨ»ਨਸ਼ਈਆਂ ਦੀ ਦੁਨੀਆਂ
Coming soon: A new and improved Global Punjabi site!!!

ਲੇਖ਼ਕ

Wednesday, 08 July 2026 10:23

ਨਸ਼ਈਆਂ ਦੀ ਦੁਨੀਆਂ

Written by
Rate this item
(0 votes)

ਨਸ਼ਈਆਂ ਦਾ ਆਪਣਾ ਨਾਸ਼ਵਾਨ ਸੰਸਾਰ ਹੁੰਦਾ ਹੈ। ਖੁੰਢੀ ਸੋਚ, ਰਿਸ਼ਤਿਆਂ ਦੀ ਲੋਕ-ਲੱਜ ਤੋਂ ਬੇਖਬਰ, ਖੁਦਗਰਜ਼ੀ ਦੀ ਭਾਵਨਾ ਭਾਰੂ, ਨਸ਼ੇ ਦੀ ਪ੍ਰਾਪਤੀ ਲਈ ਘਟੀਆ ਤੋਂ ਘਟੀਆ ਪੱਧਰ ਤਕ ਜਾਣ ਤੋਂ ਵੀ ਸੰਕੋਚ ਨਹੀਂ ਕਰਦੇ। ਨਸ਼ਾ ਮਿਲ ਗਿਆ ਤਾਂ ਢੋਲੇ ਦੀਆਂ ਗਾਉਂਦੇ ਨੇ, ਜੇ ਨਸ਼ਾ ਨਹੀਂ ਮਿਲਿਆ ਤਾਂ ਕੰਧਾਂ ਕੌਲ਼ਿਆਂ ਵਿੱਚ ਟੱਕਰਾਂ ਮਾਰਦੇ ਫਿਰਦੇ ਨੇ। ਰਾਤ ਸਮੇਂ ਜਦੋਂ ਲੋਕ ਘੂਕ ਸੁੱਤੇ ਪਏ ਹੁੰਦੇ ਨੇ, ਉਸ ਸਮੇਂ ਨਸ਼ਈ ਆਉਣ ਵਾਲੇ ਸਮੇਂ ਲਈ ਨਸ਼ੇ ਦਾ ਜੁਗਾੜ ਬਣਾਉਣ ਵਾਸਤੇ ਵਿਉਂਤਬੰਦੀ ਕਰਕੇ ਠੱਗੀ ਠੋਰੀ ਜਾਂ ਫਿਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਅਜਿਹਾ ਕੁਝ ਉਹ ਦਿਨ ਦਿਹਾੜੇ ਵੀ ਕਰ ਲੈਂਦੇ ਨੇ। ਉਹ ਰੋਟੀ ਦੀ ਭੁੱਖ ਸਹਿ ਸਕਦੇ ਹਨ ਪਰ ਨਸ਼ੇ ਦੀ ਤੋੜ ਝੱਲਣਾ ਉਹਨਾਂ ਵਾਸਤੇ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਕੰਮ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਨਸ਼ਈਆਂ ਨਾਲ ਮੇਰਾ ਵਾਹ ਪਿਆ ਹੈ। ਦਾਖ਼ਲ ਨਸ਼ਈ ਮਰੀਜ਼ ਅੰਦਾਜ਼ਨ ਦਸ ਕੁ ਦਿਨਾਂ ਵਿੱਚ ਦਵਾਈ ਅਤੇ ਦੁਆ ਦੇ ਸੁਮੇਲ ਨਾਲ ਨਸ਼ੇ ਦੀ ਤੋੜ ਵਾਲੀ ਸਥਿਤੀ ਵਿੱਚੋਂ ਕਾਫੀ ਹੱਦ ਤਕ ਬਾਹਰ ਆ ਜਾਂਦੇ ਸਨ। ਦਾਖ਼ਲ ਹੋਏ ਦੂਜੇ ਸਾਥੀਆਂ ਨਾਲ ਉਹ ਆਪਣੇ ਕੀਤੇ ‘ਕਾਰਨਾਮੇ’ ਸਾਂਝੇ ਕਰ ਲੈਂਦੇ ਸਨ। ਉਹਨਾਂ ਦੇ ਦੋਸਤ, ਭਰਾ ਅਤੇ ਹੋਰ ਨੇੜਤਾ ਦੇ ਰਿਸ਼ਤੇ ਸਿਰਜਣ ਉਪਰੰਤ ਉਹ ਮੇਰੇ ਨਾਲ ਵੀ ਦਿਲ ਹੌਲਾ ਕਰ ਲੈਂਦੇ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਨੌਜਵਾਨ ਨਸ਼ਾ ਛੱਡਣ ਲਈ ਦਾਖਲ ਹੋਏ। ਉਹ ਆਪਸ ਵਿੱਚ ਚਚੇਰੇ ਭਰਾ ਸਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਨਸ਼ਾ ਕਰਨ ਲਈ ਪੈਸੇ ਦਾ ਜੁਗਾੜ ਉਹ ਕਿਸ ਤਰ੍ਹਾਂ ਕਰਦੇ ਰਹੇ। ਇੱਕ ਦੋ ਵਾਰ ਜ਼ੋਰ ਦੇ ਕੇ ਪੁੱਛਣ ’ਤੇ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਬੱਸ ਜੀ, ਝੱਸ ਪੂਰਾ ਕਰਨ ਲਈ ਕੋਈ ਨਾ ਕੋਈ ਤਾਂ ਬੰਨ੍ਹ ਸੁੱਬ ਕਰਨਾ ਹੀ ਪੈਂਦਾ ਸੀ। ਘਰ ਵਾਲਿਆਂ ਨੇ ਤਾਂ ਪੈਸਿਆਂ ਲਈ ਕੋਰਾ ਜਵਾਬ ਦੇ ਦਿੱਤਾ ਸੀ। ਕਈ ਵਾਰੀ ਤਾਂ ਅਸੀਂ ਇਸ ਤਰ੍ਹਾਂ ਕੀਤਾ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਸੀਂ ਬਜ਼ਾਰ ਵਿੱਚ ਨਿਕਲ ਜਾਂਦੇ। ਜਿੱਥੇ ਕਿਤੇ ਇਕੱਲੀ ਕੁੜੀ ਨੂੰ ਮੋਬਾਇਲ ’ਤੇ ਗੱਲਾਂ ਕਰਦਿਆਂ ਵੇਖ ਲੈਂਦੇ, ਉੱਥੇ ਹੀ ਮੋਟਰਸਾਈਕਲ ਰੋਕ ਕੇ ਜਾਣ ਸਾਰ ਕੁੜੀ ਦੇ ਦੋ ਤਿੰਨ ਕਰਾਰੇ ਜਿਹੇ ਥੱਪੜ ਲਾ ਕੇ ਉੱਚੀ ਆਵਾਜ਼ ਵਿੱਚ ਕਹਿਣਾ, ‘ਤੂੰ ਇੱਥੇ ਫਿਰਦੀ ਹੈਂ, ਘਰੇ ਪਾਪਾ ਜੀ ਉਡੀਕੀ ਜਾਂਦੇ ਨੇ।’ ਕੁੜੀ ਬੌਂਦਲ ਜਾਂਦੀ, ਅਸੀਂ ਉਹਦਾ ਮੋਬਾਇਲ ਖੋਹ ਕੇ ਮੋਟਰਸਾਈਕਲ ’ਤੇ ਦੌੜ ਜਾਂਦੇ। ਆਲੇ ਦੁਆਲੇ ਵਾਲਿਆਂ ਨੂੰ ਤਾਂ ਪ੍ਰਭਾਵ ਪੈਂਦਾ ਕਿ ਕੁੜੀ ਦੇ ਭਰਾ ਨੇ, ਇਸ ਕਰਕੇ ਕੋਈ ਨਾ ਬੋਲਦਾ। ਜਦੋਂ ਨੂੰ ਕੁੜੀ ਬੋਲਣ ਦੀ ਸਥਿਤੀ ਵਿੱਚ ਹੁੰਦੀ ਉਦੋਂ ਨੂੰ ਅਸੀਂ ਖਿਸਕ ਜਾਂਦੇ। ਮੋਬਾਇਲ ਵੇਚ ਕੇ ਨਸ਼ਾ ਖਰੀਦ ਲੈਂਦੇ। ਬੱਸ ਜੀ, ਇਸ ਤਰ੍ਹਾਂ ਹੀ ਡੰਗ ਟਪਾਈ ਕਰੀ ਜਾਂਦੇ।”

ਇੱਕ ਹੋਰ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਚੁੱਕੇ ਨੌਜਵਾਨ ਨੂੰ ਨਸ਼ਾ ਮੁਕਤ ਕਰਨ ਉਪਰੰਤ ਜਦੋਂ ਉਹਦੇ ਅਤੀਤ ਦੇ ਪੰਨੇ ਫਰੋਲੇ ਤਾਂ ਉਸਨੇ ਗੱਚ ਭਰ ਕੇ ਦੱਸਿਆ, “ਨਸ਼ਿਆਂ ਕਾਰਨ ਮੈਂ ਬਹੁਤ ਕੁਝ ਬਰਬਾਦ ਕਰ ਚੁੱਕਿਆ ਹਾਂ। ਨਸ਼ੇ ਦੀ ਪੂਰਤੀ ਲਈ ਅਫਰੀਕੀ ਕਾਲ਼ੇ ਤੋਂ ਦਿੱਲੀ ਜਾ ਕੇ ਚਿੱਟਾ ਲਿਆਉਂਦਾ ਅਤੇ ਇੱਧਰ ਮਹਿੰਗੇ ਭਾਅ ਵੇਚ ਕੇ ਨਸ਼ੇ ਦੀ ਪੂਰਤੀ ਕਰਦਾ ਰਿਹਾ। ਕਈ ਵਾਰ ਬੇਹੋਸ਼ ਵੀ ਹੋਇਆ। ਪੁਲਿਸ ਦੇ ਧੱਕੇ ਵੀ ਚੜ੍ਹਿਆ। ਮੈਂ ਮਾਂ-ਬਾਪ ਦਾ ਇਕਲੌਤਾ ਪੁੱਤ ਹਾਂ। ਮੇਰੀ ਮਾਂ ਤਾਂ ਮੇਰੀ ਇਹ ਹਾਲਤ ਵੇਖ ਕੇ ਦਮ ਤੋੜ ਗਈ। ਰਿਸ਼ਤੇਦਾਰ ਘਰ ਅਫਸੋਸ ਕਰਨ ਆਉਂਦੇ ਪਰ ਮੈਂ ਉਹਨਾਂ ਨੂੰ ਨਸ਼ੇ ਵਿੱਚ ਟੱਲੀ ਮਿਲਦਾ। ਥੋੜ੍ਹੇ ਚਿਰ ਬਾਅਦ ਬਾਪੂ ਵੀ ਮੇਰੇ ਗਮ ਕਾਰਨ ਮੰਜੇ ’ਤੇ ਪੈ ਗਿਆ।”

ਫਿਰ ਉਸਨੇ ਗੱਚ ਭਰ ਕੇ ਕਿਹਾ, “ਸਰ, ਹਸਪਤਾਲ ਵਿੱਚ ਬਾਪ ਵੈਂਟੀਲੇਟਰ ’ਤੇ ਪਿਆ ਸੀ ਅਤੇ ਮੈਂ ਬਾਹਰ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਬੈਠਾ ਚਿੱਟੇ ਦਾ ਟੀਕਾ ਲਾ ਰਿਹਾ ਸੀ। ਮਾਂ, ਬਾਪ ਦੀ ਮੌਤ ਉਪਰੰਤ ਮੇਰੀਆਂ ਭੈਣਾਂ ਨੇ ਜ਼ਿਦ ਕਰਕੇ ਮੈਨੂੰ ਤੁਹਾਡੇ ਲੜ ਲਾਇਆ। ਸਰ, ਹੁਣ ਮੈਂ ਬਹੁਤ ਪਛਤਾ ਰਿਹਾ ਹਾਂ।”

ਇੱਕ ਨਸ਼ਈ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਸ ਦੀ ਪਤਨੀ ਲੈ ਕੇ ਆ ਗਈ। ਨਸ਼ਈ ਦੀ ਬਜ਼ੁਰਗ ਮਾਂ ਵੀ ਨਾਲ ਹੀ ਸੀ। ਦੋਨਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਰੇਖਾਵਾਂ ਸਨ। ਉਨ੍ਹਾਂ ਦੀਆਂ ਖੁਸ਼ਕ ਅਤੇ ਵੀਰਾਨ ਅੱਖਾਂ ਤੋਂ ਘਰ ਦੀ ਬਰਬਾਦੀ ਦਾ ਪਤਾ ਲਗਦਾ ਸੀ। ਉਹਨਾਂ ਨੂੰ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਮੈਂ ਨਸ਼ਈ ਵੱਲ ਨਜ਼ਰ ਮਾਰੀ। ਨਸ਼ੇ ਕਾਰਨ ਉਹ ਤੁਰਦੀ ਫਿਰਦੀ ਲਾਸ਼ ਵਾਂਗ ਲੱਗ ਰਿਹਾ ਸੀ। ਔਰਤ ਨੇ ਖੂਨ ਦੇ ਅੱਥਰੂ ਕੇਰਦਿਆਂ ਦੱਸਿਆ, “ਇਹਨੂੰ ਤਾਂ ਜੀ ਕੋਈ ਲਹੀ-ਤਹੀ ਦੀ ਨਹੀਂ। ਪੰਜ ਕਿੱਲੇ ਜ਼ਮੀਨ ਵਿੱਚੋਂ ਤਿੰਨ ਕਿੱਲੇ ਇਹਨੇ ਨਸ਼ਿਆਂ ਦੇ ਲੇਖੇ ਲਾ ਦਿੱਤੇ ਅਤੇ ਹੁਣ ਬਾਕੀ ਰਹਿੰਦੇ ਦੋ ਕਿੱਲਿਆਂ ’ਤੇ ਵੀ ਇਹਦੀ ਅੱਖ ਸੀ। ਮੈਂ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਉਹਨਾਂ ਦੋਂਹ ਕਿੱਲਿਆਂ ’ਤੇ ਅਦਾਲਤ ਵੱਲੋਂ ਸਟੇਅ ਲੈ ਲਈ। ਘਰ ਦੋ ਮੱਝਾਂ ਰੱਖੀਆਂ ਹੋਈਆਂ ਨੇ। ਉਨ੍ਹਾਂ ਦਾ ਦੁੱਧ ਵੇਚ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਹਾਂ। ਪਰਸੋਂ ਮੈਨੂੰ ਜ਼ਰੂਰੀ ਕੰਮ ਲਈ ਪੇਕੀਂ ਜਾਣਾ ਪੈ ਗਿਆ। ਆਉਂਦਿਆਂ ਨੂੰ ਸੁੰਨੇ ਕੀਲੇ ਦੇਖ ਕੇ ਮੇਰੀ ਭੁੱਬ ਨਿਕਲ ਗਈ। ਇਹਨੇ ਜੀ ਉਹ ਵੀ ਕੌਡੀਆਂ ਦੇ ਭਾਅ ਵੇਚ ਕੇ ਜਵਾਕਾਂ ਦੇ ਮੂੰਹੋਂ ਰੋਟੀ ਖੋਹ ਲਈ … …।”

ਉਹ ਔਰਤ ਹੋਰ ਦੁੱਖ ਦੱਸ ਕੇ ਆਪਣਾ ਮਨ ਹੌਲਾ ਕਰਨਾ ਚਾਹੁੰਦੀ ਸੀ। ਨਸ਼ਈ ਨੂੰ ਤੁਰੰਤ ਦਾਖਲ ਕਰਨ ਦੇ ਫੈਸਲੇ ਉਪਰੰਤ ਮੈਂ ਜਦੋਂ ਨੂੰਹ-ਸੱਸ ਨੂੰ ਸੰਸਥਾ ਦੇ ਨਿਯਮਾਂ ਸੰਬੰਧੀ ਦੱਸਣ ਲੱਗਿਆ ਤਾਂ ਪੋਟਾ ਪੋਟਾ ਦੁਖੀ ਔਰਤ ਨੇ ਮੇਰੀ ਗੱਲ ਕੱਟਦਿਆਂ ਰੋਣ ਹਾਕੀ ਆਵਾਜ਼ ਵਿੱਚ ਕਿਹਾ, “ਤੁਸੀਂ ਜੀ ਇਹਨੂੰ ਦਾਖਲ ਕਰੋ। ਸਾਡਾ ਜਿੱਥੇ ਮਰਜ਼ੀ ’ਗੂਠਾ ਲਵਾ ਲਵੋ। ਇਲਾਜ ਦੇ ਦਰਮਿਆਨ ਜੇ ਇਹ ਮਰ ਵੀ ਜਾਂਦਾ ਹੈ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ। ਤੁਸੀਂ ਹੀ ਫੂਕ ਦਿਓ। ਲੱਕੜਾਂ ਦੇ ਪੈਸੇ ਅਸੀਂ ਦੇ ਦੇਵਾਂਗੇ।” ਨੂੰਹ-ਸੱਸ ਦੇ ਅੱਥਰੂ ਪਰਲ ਪਰਲ ਵਹਿ ਰਹੇ ਸਨ।

ਇੱਕ 20-22 ਸਾਲਾਂ ਦੇ ਨਸ਼ਈ ਨੌਜਵਾਨ ਨੂੰ ਉਸਦਾ ਬਾਪ ਇਲਾਜ ਲਈ ਲੈ ਕੇ ਆਇਆ। ਨੌਜਵਾਨ ਦੀ ਜਵਾਨੀ ਤਾਂ ਨਸ਼ਿਆਂ ਨੇ ਹੀ ਨਿਗਲ ਲਈ ਸੀ। ਇਸ ਉਮਰ ਵਿੱਚ ਹੀ ਝੁਰੜੀਆਂ ਪੈ ਗਈਆਂ ਸਨ। ਬਾਪ ਨੇ ਆਉਂਦਿਆਂ ਹੀ ਦੱਸਿਆ, “ਮੈਂ ਜੀ ਵਿੱਦਿਆ ਵਿਭਾਗ ਵਿੱਚ ਇੱਕ ਸਕੂਲ ਦਾ ਹੈਡਮਾਸਟਰ ਹਾਂ। ਲੋਕ ਇੱਜ਼ਤ ਕਰਦੇ ਹਨ। ਪਰ ਇਹਦੇ ਕਾਰਨ ਸਾਨੂੰ ਲੋਕਾਂ ਸਾਹਮਣੇ ਨੀਵੀਂ ਪਾ ਕੇ ਚੱਲਣਾ ਪੈਂਦਾ ਹੈ। ਨਿੱਤ ਦੇ ਉਲਾਂਭੇ, ਚੋਰੀਆਂ, ਠੱਗੀਆਂ, ਲੜਾਈ ਝਗੜੇ ਇਹਦਾ ਰੋਜ਼ ਦਾ ਕੰਮ ਹੈ। ਨਸ਼ੇ ਵਿੱਚ ਟੱਲੀ ਰਹਿੰਦੈ। ਡੱਕਾ ਦੂਹਰਾ ਨਹੀਂ ਕਰਦਾ। ਘਰ ਦੀ ਜਿਹੜੀ ਚੀਜ਼ ਹੱਥ ਲੱਗੇ, ਉਹ ਹੀ ਵੇਚ ਦਿੰਦਾ ਹੈ। ਬਾਹਰ ਵੀ ਲੋਕਾਂ ਨੂੰ ਇਹਦੀਆਂ ਹਰਕਤਾਂ ਦਾ ਪਤਾ ਹੈ, ਇਸ ਕਰਕੇ ਇਹਨੂੰ ਕੋਈ ਮੂੰਹ ਨਹੀਂ ਲਾਉਂਦਾ। ਘਰ ਵੀ ਪੂਰੀ ਚੌਕਸੀ ਰੱਖਦੇ ਹਾਂ, ਪਰ ਫਿਰ ਵੀ ਇਹ ਸਾਨੂੰ ਥੁੱਕ ਲਾ ਹੀ ਜਾਂਦਾ ਹੈ।”

ਥੋੜ੍ਹਾ ਜਿਹਾ ਰੁਕ ਕੇ ਉਹਨੇ ਫਿਰ ਆਪਣਾ ਦੁੱਖ ਰੋਂਦਿਆਂ ਕਿਹਾ, “ਹਫਤਾ ਕੁ ਪਹਿਲਾਂ ਸਾਰਾ ਪਰਿਵਾਰ ਸੁੱਤਾ ਪਿਆ ਸੀ। ਸਾਨੂੰ ਨਹੀਂ ਪਤਾ ਕਦੋਂ ਅਤੇ ਕਿਵੇਂ ਇਸਨੇ ਪਾਣੀ ਵਾਲੀ ਮੋਟਰ ਖੋਲ੍ਹ ਲਈ ਅਤੇ ਕੰਧ ਟੱਪ ਕੇ ਭੱਜ ਗਿਆ। ਸਾਨੂੰ ਤਾਂ ਸਵੇਰੇ ਪਤਾ ਲੱਗਿਆ। ਖੜ੍ਹੇ ਪੈਰ ਨਵੀਂ ਮੋਟਰ ਲਗਵਾਉਣੀ ਪਈ। ਬੜਾ ਦੁਖੀ ਕੀਤਾ ਹੈ ਇਸਨੇ। ਪੰਜ ਦਿਨਾਂ ਪਿੱਛੋਂ ਕੱਲ੍ਹ ਵੜਿਐ। ਇਹਨੂੰ ਨਵਾਂ ਜੀਵਨ ਦਿਉ। ਸਾਡਾ ਸਾਰਾ ਪਰਿਵਾਰ ਤੁਹਾਨੂੰ ਅਸੀਸਾਂ ਦੇਵੇਗਾ। ਇਹਦੇ ਕਾਰਨ ਘਰ ਦੀ ਪਾਣੀਉਂ ਪਤਲੀ ਹੋ ਗਈ ਹੈ।”

ਇਸ ਤਰ੍ਹਾਂ ਦੇ ਅਨੇਕਾਂ ਨੌਜਵਾਨਾਂ ਨੇ ਘਰਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਨਾਲ ਨਾਲ ਘਰਾਂ ਦੀ ਬਰਕਤ ਨੂੰ ਵੀ ਗੁੰਮ ਕਰ ਦਿੱਤਾ ਹੈ।

* * * * *

Read 554 times
ਮੋਹਨ ਸ਼ਰਮਾ

Project Director, Drug de-addiction Centre

Sangroor, Punjab, India

Email: fularamanish@gmail.com

Phone: +91-94171-48866