You are here:ਮੁਖ ਪੰਨਾ»ਕਵਿਤਾਵਾਂ»ਕਵਿਤਾਵਾਂ-ਭਾਗ ਪਹਿਲਾ
Coming soon: A new and improved Global Punjabi site!!!

ਲੇਖ਼ਕ

Friday, 31 July 2026 13:14

ਕਵਿਤਾਵਾਂ-ਭਾਗ ਪਹਿਲਾ

Written by
Rate this item
(0 votes)

ਢੋਲ

March 2023

 

ਸਾਨੂੰ ਰਹਿੰਦੀ ਏ ਤ੍ਰੇਹ ਤੇਰੀ ਹਾਣੀਆਂ

ਕਦੇ ਬੂੰਦ ਇਸ਼ਕੇ ਦੀ ਕੇਰ ਜਾਨੀਆਂ

ਸਾਡੇ ਸੁੱਕ ਗਏ ਮਲੂਕ ਪੱਤ ਟਾਹਣੀਆਂ

ਜੰਡ ਝੁਲਸੇ ਥਲਾਂ ਚ ਬਿਨ ਪਾਣੀਆਂ

ਪਾਸਾ ਵੱਟ ਕੇ ਨਾ ਲੰਘੀਂ ਡੁੱਬ ਜਾਣਿਆਂ

ਸਾਨੂੰ ਵੇਖ ਨਾ ਤੂੰ ਵਾਂਗ ਬੇਗਾਨਿਆਂ

ਤੇਰੀ ਪੈੜਾਂ ਦੀ ਮਿੱਟੀ ਨੂੰ ਫ਼ੱਕੀ ਜਾਨੇ ਆਂ

ਕਦੇ ਮੁੜ ਕੇ ਵੀ ਵੇਖ ਢੋਲ ਜਾਨੀਆਂ

ਤੇਰੀ ਦਿੱਖ ਕਰਦੀ ਏ ਬੇ-ਈਮਾਨੀਆਂ

ਸਾਡੇ ਨਾਲ਼ ਹਰ ਵੇਲ਼ੇ ਛੇੜ ਖਾਨੀਆਂ

ਪਾਵੀਂ ਢੋਲਣਾ ਨਾ ਲੰਮੀਆਂ ਕਹਾਣੀਆਂ

ਲੰਘ ਜਾਣ ਨਾ ਵੇ ਸਾਡੀਆਂ ਜਵਾਨੀਆਂ

ਦੇਰ ਤੱਕ ਤਾਰਿਆਂ ਨੂੰ ਮੈਂ ਜਗਾਉਨੀ ਆਂ

ਚੰਨ ਚਾਨਣੀ ਨੂੰ ਮਲ ਮਲ ਨ੍ਹਾਉਨੀ ਆਂ

ਰਹਿੰਦੀ ਸੁਫ਼ਨੇ ਚ ਮਿਲਣੇ ਦੀ ਆਸ ਵੇ

ਸਾਡਾ ਜੋਬਨ ਰੁੱਤੇ ਦਾ ਬਣਵਾਸ ਵੇ

ਸਾਨੂੰ ਰਹਿੰਦੀ ਏ ਤ੍ਰੇਹ ਤੇਰੀ ਹਾਣੀਆਂ

ਕਦੇ ਬੂੰਦ ਇਸ਼ਕੇ ਦੀ ਕੇਰ ਜਾਨੀਆਂ

ਸਾਡੇ ਸੁੱਕ ਗਏ ਮਲੂਕ ਪੱਤ ਟਾਹਣੀਆਂ

ਜੰਡ ਝੁਲਸੇ ਥਲਾਂ ਚ ਬਿਨ ਪਾਣੀਆਂ

******************

ਝੱਲੇ

 

ਕਿਓਂ ਤੋੜ ਨਿਭਾਵਾਂ ਰਸਮਾਂ ਨੂੰ

ਦੁਨੀਆਂ ਦੀਆਂ ਪਾਈਆਂ ਕਸਮਾਂ ਨੂੰ

ਚੁਣੀਆਂ ਹੀ ਨਾ ਜੋ ਮੈਂ ਆਪੇ

ਓਹ ਖਾਣ ਰਵਾਇਤਾਂ ਖਸਮਾਂ ਨੂੰ

ਕਿਓਂ ਨਿੱਤ ਧਿਆਵਾਂ ਦਸਮਾਂ ਨੂੰ

ਜਾਂ ਮੱਥੇ ਰਗੜਾਂ ਭਸਮਾਂ ਨੂੰ

ਸਭ ਈਸਾ ਮੂਸਾ ਝਾਕੇ ਨੇ

ਸਾਧਾਂ ਸੰਤਾਂ ਤੇ ਤਲਿੱਸਮਾਂ ਨੂੰ

ਉਹ ਉੱਤੇ ਵੀ ਉਹ ਥੱਲੇ ਵੀ

ਉਹ ਅੱਗੇ ਵੀ ਉਹ ਪਿੱਛੇ ਵੀ

ਉਹ ਮਾੜਾ ਵੀ ਉਹ ਚੰਗਾ ਵੀ

ਉਹ ਸਭ ਕੁਝ ਹੀ ਉਹ ਕੁਝ ਵੀ ਨਹੀਂ

ਜੇ ਬਾਤ ਮੈਂ ਇਹੋ ਜਿਹੀ ਪਾ ਦੇਵਾਂ

ਕੀ ਪੈਂਦਾ ਥੋਡੇ ਪੱਲੇ ਜੀ

ਤਰਕਾਂ ਬਿਨ ਜੀਵਨ ਚੱਲਦਾ ਨਹੀ

ਧਰਮਾਂ ਦੀ ਬੇਹੂਦਗੀ ਬੱਲੇ ਜੀ

ਰੱਬ ਕਿਹੋ ਜਿਹਾ ਪਰ ਉਪਕਾਰੀ ਹੈ

ਜੋ ਦਰਦ ਤੇ ਦੁੱਖ ਦਾ ਵਪਾਰੀ ਹੈ

ਪੱਤਾ ਨਾ ਹਿੱਲੇ ਕੋਈ ਹੁਕਮ ਬਿਨਾ

ਵੱਸ ਦੀਨ ਤੇ ਹਰ ਦਮ ਚੱਲੇ ਜੀ

ਇਸ ਦੁਨੀਆਂ ਵਿੱਚ ਹਰ ਧਰਮ ਦੀਆਂ

ਕਿੰਨੀਆਂ ਮਨ ਘੜੀਆਂ ਬਾਤਾਂ ਨੇ

ਹਰ ਇੱਕ ਦਾ ਰੱਬ ਅਵੱਲਾ ਹੈ

ਧੇਲੇ ਦੀ ਅਕਲ ਨਾ ਪੱਲੇ ਜੀ

ਦੁਨੀਆਂ ਪਿਛਲੱਗਾਂ ਦਾ ਟੋਲਾ

ਪੜ੍ਹਦਾ ਨਾ ਕੋਈ ਵੀ ਗਰੰਥਾਂ ਨੂੰ

ਪਰਮਾਣ ਬਿਨਾ ਹਰ ਇੱਕ ਦਾਹਵਾ

ਨਹੀਂ ਦਿੰਦਾ ਸ਼ੋਭਾ ਸੰਤਾਂ ਨੂੰ

ਹਰ ਬਾਲ ਜਦੋਂ ਪੈਦਾ ਹੋਵੇ

ਇੱਕੋ ਹੀ ਭਾਸ਼ਾ ਵਿੱਚ ਰੋਵੇ

ਪਰ ਜਿਓਂ ਜਿਓਂ ਉਸ ਦੀ ਉਮਰ ਵਧੇ

ਜ਼ਾਤਾਂ ਧਰਮਾਂ ਦਾ ਪਾਣ ਚੜ੍ਹੇ

ਤੁਸੀਂ ਕਹਿੰਦੇ ਹੋ ਤਾਂ ਕਹਿ ਲਓ ਜੀ

ਗਰੰਥਾਂ ਵਿੱਚ ਰੱਬ ਦੀ ਬਾਣੀ ਹੈ

ਹੈ ਪੜ੍ਹਨਾ ਤਾਂ ਖੁਦ ਪੜ੍ਹ ਲਓ ਜੀ

ਵਿੱਚ ਕਾਹ ਤੋਂ ਰੱਖੇ ਦੱਲੇ ਜੀ

ਤੁਸੀਂ ਸੌ ਧਰਮਾਂ ਤੋਂ ਮੁਨਕਰ ਹੋ

ਅਸੀਂ ਬਸ ਇੱਕ ਹੋਰ ਤੋਂ ਕੱਲੇ ਜੀ

ਤੁਸੀਂ ਤਾਲਾ ਮਗ਼ਜ਼ ਨੂੰ ਲਾਇਆ ਏ

ਪਰ ਆਂਹਦੇ ਸਾਨੂੰ ਝੱਲੇ ਜੀ

****************

ਹੇਜ

March 2023

 

ਤੇਰੀ ਯਾਦ ਆ ਕੇ ਅੱਜ ਫਿਰ

ਬੈਠੀ ਰਹੀ ਵਿਚਾਰੀ

ਤੱਕਦੀ ਰਹੀ ਉਹ ਰਾਹਵਾਂ

ਚੁੱਪ ਚਾਪ ਗ਼ਮ ਦੀ ਮਾਰੀ

ਜਦ ਵੀ ਕੋਈ ਤਾਰਾ ਟੁੱਟਦਾ

ਮੰਗਦੀ ਸੀ ਖ਼ੈਰ ਤੇਰੀ

ਮੁੱਕਣੀ ਨਹੀਂ ਕਦੇ ਵੀ

ਬਿਰਹਣ ਦੀ ਬੇਕਰਾਰੀ

ਤੇਰੀ ਪੈੜ ਦੀ ਖ਼ਾਮੋਸ਼ੀ

ਸੁਣਦੀ ਸੀ ਰੈਣ ਸਾਰੀ

ਮਾਯੂਸੀਆਂ ਦੇ ਅੰਬਰ

ਲਾਉਂਦੀ ਰਹੀ ਉਡਾਰੀ

ਜ਼ਿੰਦਗੀ ਨੂੰ ਰੰਗ ਗਿਆ ਜੋ

ਉਲਫ਼ਤ ਦੀ ਲਾ ਕਿਨਾਰੀ

ਲੱਭਦੀ ਰਹੀ ਉਹ ਹਰ ਦਮ

ਲੱਭਿਆ ਨਾ ਉਹ ਲਲਾਰੀ

ਹਰ ਮੋੜ ਤੇ ਮਿਲ਼ੇ ਫਿਰ

ਕਈ ਪ੍ਰੇਮ ਦੇ ਵਪਾਰੀ

ਸੁਲਗੇ ਬੁਝਾਏ ਕੀਕਣ

ਵਾਅਦਾ ਸ਼ਿਕਨ ਚਿੰਗਾਰੀ

ਮਸ਼ਕੂਕ ਹੋਇਆ ਰਹਿਬਰ

ਖੁਦ ਤੇ ਵੀ ਬੇਇਤਬਾਰੀ

ਤੇਰੀ ਯਾਦ ਭਟਕੇ ਇੱਕਣ

ਬਿਨ ਦੇਵ ਜਿਓਂ ਪੁਜਾਰੀ

*************

ਫ਼ਿਰਾਕ

March 2023

 

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਗੁੱਥਮ ਗੁੱਥਾ ਹੋਈਆਂ ਖੁਸ਼ੀਆਂ ਗ਼ਮ ਤਕਸੀਮ ਕਰਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਲੰਮੀਆਂ ਲੰਮੀਆਂ ਰਾਤਾਂ ਤੇਰੀਆਂ ਮਿੱਠੀਆਂ ਮਿੱਠੀਆਂ ਬਾਤਾਂ

ਖੇਰੂੰ ਖੇਰੂੰ ਕਰ ਸੌਗਾਤਾਂ ਤੈਥੋਂ ਸਭ ਵੰਡਵਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਜ਼ਿੰਦਗੀ ਦੀ ਜਿਸ ਪੈਲ਼ੀ ਆਪਾਂ ਰਲ਼ ਮਿਲ਼ ਪੱਧਰੇ ਲਾਏ

ਤੱਕਿਆ ਨਹੀਂ ਫੇਰ ਜਾਣਾ ਸਾਥੋਂ ਵਿੱਚ ਕਿਆਰੇ ਪਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਪਿਆਰ ਮੁਹੱਬਤ ਦੇ ਜੋ ਆਪਾਂ ਬਾਗ਼ ਬਗ਼ੀਚੇ ਲਾਏ

ਗੇੜ ਦੋਮਾਹਲੇ ਚਾਵਾਂ ਤੇ ਰੀਝਾਂ ਦੇ ਪਾਣੀ ਪਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਸਾਰੀ ਜ਼ਿੰਦਗੀ ਤੇਰੇ ਆਲ਼ੇ ਦੁਆਲ਼ੇ ਫਿਰਦੇ ਲੰਘ ਗਈ

ਰਹਿ ਜਾਣਾ ਕੀ ਮੇਰੇ ਪੱਲੇ ਰੁਖਸਤ ਤੈਥੋਂ ਪਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਉਮਰਾਂ ਦਾ ਇਹ ਲੰਮਾ ਪੈਂਡਾ ਵੀ ਮੁੱਕ ਜਾਣਾ ਇੱਕ ਦਿਨ

ਕਿੱਥੇ ਲੈ ਕੇ ਜਾਵਾਂ ਮਿੱਠੀਆਂ ਯਾਦਾਂ ਗੰਢ ਬਨ੍ਹਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

ਵਾਜੋਂ ਤੇਰੇ ਨੈਣੀਂ ਰੜਕੇ ਹਰ ਸਰਘੀ ਦਾ ਵੇਲ਼ਾ

ਤੂੰਹੀਓਂ ਸਾਨੂੰ ਦੇ ਜਾ ਚੁੰਮਣ ਜ਼ਹਿਰ ਨਾਗ਼ ਦਾ ਪਾ ਕੇ

ਸਾਥੋਂ ਨਹੀ ਹੁਣ ਜਾ ਹੋਣਾ ਵੇ ਤੈਥੋਂ ਹੱਥ ਛੁਡਾ ਕੇ

************************

ਕਸ਼ਸ਼

February 2023

 

ਜਿਸ ਘੜੀ ਨਜ਼ਰ ਮੇਰੀ ਅਕਸ ਤੇਰਾ ਛੋਹ ਗਈ

ਖਿੱਚ ਤੇਰੀ ਚਾਹ ਦੀ ਵਜੂਦ ਮੇਰਾ ਮੋਹ ਗਈ

ਬਣ ਉਮੰਗ ਮੌਜ ਮੇਰੀ ਟੋਰ ਦੇ ਵਿਚ ਆ ਗਈ

ਹਰ ਖੁਸ਼ੀ ਸਤਰੰਗ ਬਣ ਕੇ ਅੰਬਰਾਂ ਤੇ ਛਾ ਗਈ

ਦੇਰ ਤੱਕ ਖੁਸ਼ਬੂ ਤੇਰੀ ਮੇਰਾ ਚਿੱਤ ਰਹੀ ਟੁੰਬਦੀ

ਫਿਰ ਖਿਆਲਾਂ ਵਿੱਚ ਤੇਰੀ ਆਗੋਸ਼ ਮੈਂ ਪਘਰਾ ਗਈ

ਸੁਣੀ ਨਾ ਦੇਖੀ ਮੁੜ ਕੋਈ ਅਰਸ਼ਾਂ ਤੋਂ ਉੱਤਰੀ ਮੈਂ ਬਹਾਰ

ਤੇਜ ਤੇਰੇ ਰੂਪ ਦੇ ਵਿੱਚ ਹਰ ਕਲੀ ਮੁਸਕਾ ਗਈ

ਸਹਿਰਾ ਬੁਝੇ ਨਾ ਜਿਸ ਤਰਾਂ ਤੇਹ ਕਦੇ ਵੀ ਆਬ ਦੀ

ਜ਼ਿੰਦਗੀ ਗੁਜ਼ਰ ਗਈ ਤਲਬ ਮਿਟੀ ਨਾ ਪਿਆਰ ਦੀ

ਇਸ਼ਕ ਨੂੰ ਸੌਗਾਤ ਜਦ ਇਤਬਾਰ ਦੀ ਤੂੰ ਦੇ ਗਿਆ

ਦੀਨ ਦੁਨੀਆ ਨਾਲ਼ ਮੇਰਾ ਵਾਸਤਾ ਹੀ ਨਾ ਰਿਹਾ

*************************

ਹੂਕ

February 2023

 

ਹਾਏ ਨੀ ਹਾਏ ਮਾਂ ਮੇਰੀਏ

ਕਿਹੜੇ ਕਿਹੜਿਆਂ ਗ਼ਮਾਂ ਨੂੰ ਸੁਣਾਵਾਂ

ਅਧਨੇ ਅਧੂਰੇ ਖ਼ਾਬ ਦੇ

ਰਿਸ਼ਤੇ ਦਾ ਕੀ ਨਾਮ ਧਰਾਵਾਂ

ਆਹਾਂ ਦੇ ਠਾਰੇ ਹੋਏ ਪਿੰਡਿਆਂ

ਕਿਹੜੇ ਚਾਵਾਂ ਦਾ ਮੈਂ ਤਾਪ ਚੜ੍ਹਾਵਾਂ

ਹੰਝੂਆਂ ਦੀ ਭਿੱਜੀ ਰੂਹ ਨੂੰ

ਕਿਹੜੇ ਸਿਵਿਆਂ ‘ਚ ਸੁੱਕਣੇ ਪਾਵਾਂ

ਲੇਖਾਂ ਦੀ ਕਾਲ਼ੀ ਬੋਲ਼ੀ ਕੋਠੜੀ

ਕਿਹੜੇ ਪਾਂਡੂਆਂ ਦਾ ਲੇਪ ਕਰਾਵਾਂ

ਚੰਦਰੀ ਕੁਲਹਿਣੀ ਰਾਤ ਨੂੰ

ਕਿਹੜੀ ਮੜ੍ਹੀ ਦੇ ਦੀਵੇ ਦੀ ਲੋ ਲਾਵਾਂ

ਲੰਘਦੀ ਖ਼ਿਜ਼ਾਂ ਪੁੱਛਦੀ

ਕਿਹੜੀ ਪੰਚਮੀ ਦਾ ਦਿਨ ਮੈਂ ਮਨਾਵਾਂ

ਅਧਨੀ ਅਧੂਰੀ ਆਰਜ਼ੂ

ਕਿਹੜੀ ਆਸ ਦੇ ਤੜਾਗੀਆਂ ਬਨ੍ਹਾਵਾਂ

ਬਾਗ਼ ਲਾਏ ਪਿਤਰਾਂ ਸਭੇ

ਕਿਹੜੇ ਗੁਲਸ਼ਨ ਵਿੱਚ ਖਿੜ ਜਾਵਾਂ

ਰੰਗ ਦੇ ਬਾਜ਼ਾਰ ਦੱਸ ਨੀ

ਕਿਹੜੀ ਵੇਦੀ ਤੇ ਚੜ੍ਹਾਂ ਮਿਟ ਜਾਵਾਂ

*******************

ਤਾਂਘ

January 2023

 

ਕੀ ਸੁਣਾਵਾਂ ਯਾਰ ਮੇਰੇ ਜ਼ਿੰਦਗੀ ਦੀ ਦਾਸਤਾਨ

ਬਿਨ ਤੇਰੇ ਮਕਸਦ ਨਾ ਕੋਈ ਬੇ ਵਜ੍ਹਾ ਸਾਰਾ ਜਹਾਨ

ਤੇਰੀਆਂ ਖ਼ਾਮੋਸ਼ੀਆਂ ਨੇ ਗੁਲਿਸਤਾਨ ਕੀਤਾ ਵੀਰਾਨ

ਮੰਜ਼ਿਲਾਂ ਹੁਣ ਲਾਪਤਾ ਤੇ ਟੁਰ ਗਿਆ ਮੇਰਾ ਕਾਰਵਾਂ

ਹਰ ਸੁਬਹ ਹੁਣ ਦਿਨ ਚੜ੍ਹੇ ਨੂੰ ਕੀ ਮੁਬਾਰਕ ਮੈਂ ਦਵਾਂ

ਦੋਸ਼ ਛੁਪੇ ਸੂਰਜਾਂ ਦਾ ਮੈਂ ਘਟਾ ਨੂੰ ਕੀ ਕਹਾਂ

ਵਕਤ ਜੋ ਰੋਕਿਆਂ ਨਾ ਰੁਕਦਾ ਸਿੱਖ ਗਿਆ ਹੁਣ ਠਹਿਰਨਾ

ਦਿਨ ਪਹਾੜਾਂ ਜੇਡ ਲੰਮੇ ਰਾਤ ਦਾ ਨਾ ਖਾਤਮਾ

ਹਰ ਕੋਈ ਹੁਣ ਜਾਚ ਦਿੰਦਾ ਮੋਹ ਏਨਾ ਕਿਓਂ ਕਰਾਂ

ਤੇਰੀਆਂ ਯਾਦਾਂ ਦੇ ਬਾਝੋਂ ਵੀ ਮੁਕੰਮਲ ਹੈ ਜਹਾਨ

ਆਦਤਾਂ ਜੋ ਤੇਰੀਆਂ ਹੁਣ ਬਣ ਗਈਆਂ ਨੇ ਮੇਰੀਆਂ

ਕਿਹੜੀਆਂ ਮਹਿਫ਼ੂਜ਼ ਰੱਖਾਂ ਕਿਹੜੀਆਂ ਰੁਖ਼ਸਤ ਕਰਾਂ

ਰਾਤ ਤਾਂ ਗੁਜ਼ਰ ਗਈ ਪਰ ਖ਼ਾਬ ਬਰਕਰਾਰ ਹੈ

ਹਮਸਫ਼ਰ ਨਹੀਂ ਕੋਈ ਹੁਣ ਨਾ ਕੋਈ ਇਕਰਾਰ ਹੈ

ਰਾਹ ਟੁਰਦੇ ਹੀ ਰਹੇ ਕੋਈ ਨਾ ਰਾਜ਼ਦਾਰ ਹੈ

ਤੇਰੇ ਬਗੈਰ ਜ਼ਿੰਦਗੀ ਨਾ ਆਰ ਹੈ ਨਾ ਪਾਰ ਹੈ

ਕੀ ਸੁਣਾਵਾਂ ਯਾਰ ਮੇਰੇ ਜ਼ਿੰਦਗੀ ਦੀ ਦਾਸਤਾਨ

ਹਰ ਲਮ੍ਹਾ ਜਦੀਦ ਹੈ ਪਰ ਕੁਝ ਨਹੀਂ ਹੈ ਹੁਣ ਨਵਾਂ

ਕਿਹੜੇ ਅਲਫਾਜ਼ਾਂ ਦੇ ਵਿੱਚ ਹੁਣ ਬੇਕਰਾਰੀ ਨੂੰ ਕਹਾਂ

ਤੇਰੀਆਂ ਖ਼ਾਮੋਸ਼ੀਆਂ ਦਾ ਮੈਂ ਹੁੰਗਾਰਾ ਕੀ ਦਵਾਂ

***********************

ਸੌ ਵਰ੍ਹੇ ਦਾ ਝੱਖੜ

December 2022

 

ਕੀ ਸੁਣਾਵਾਂ ਯਾਰ ਮੇਰੇ ਧਰਤ ਦੀ ਮੈਂ ਦਾਸਤਾਨ

ਬਿਨ ਕਿਸੇ ਮਕਸਦ ਦੇ ਖੱਜਲ਼ ਹੋ ਰਿਹਾ ਸਾਰਾ ਜਹਾਨ

ਬਦਹਵਾਸੀ ਭਟਕਦਾ ਹੈ ਰੌਸ਼ਨੀ ਵਿੱਚ ਵਰਤਮਾਨ

ਸੱਚ ਤੋਂ ਪਰਮਾਣ ਮੰਗਦਾ ਝੂਠ ਨੂੰ ਕਰਦਾ ਸਲਾਮ

ਰੋਜ਼ੀ ਰੋਟੀ ਗੁਰਬਤਾਂ ਦਾ ਖ਼ਲਕ ਤੇ ਚੱਲੇ ਵਦਾਨ

ਅਲਫ਼ ਨੰਗਾ ਰਾਜ ਦੇ ਦਰਬਾਰ ਬੈਠਾ ਸੂਝਵਾਨ

ਦਰਦ ਦਾ ਕਾਰਣ ਜੋ ਲੱਭਦਾ ਟੁਰ ਗਿਆ ਸੀ ਜੰਗਲ਼ਾਂ

ਤਿਆਗ ਦਾ ਓਹੀ ਮਸੀਹਾ ਦੀਨ ਦਾ ਢਾਵੇ ਮਕਾਨ

ਦੇਸ਼ ਤੇ ਸੰਵਿਧਾਨ ਤੇ ਜਿਸ ਨੂੰ ਨਾ ਭੋਰਾ ਵੀ ਗੁਮਾਨ

ਹਰ ਕਿਸੇ ਨੂੰ ਦੇ ਰਿਹਾ ਹੈ ਦੇਸ਼ ਭਗਤੀ ਦਾ ਗਿਆਨ

ਛਲ ਕਪਟ ਹੀ ਨੀਤ ਜਿਸਦੀ ਦਹਿਸ਼ਤਾਂ ਦਾ ਹੈ ਨਜ਼ਾਮ

ਮਕਰਿਆਂ ਦੀ ਜੁੰਡਲ਼ੀ ਖੁਦ ਨੂੰ ਕਹਾਵੇ ਸੱਤਿਆਵਾਨ

ਵੇਚ ਦਿੱਤਾ ਹਰ ਕਿਸੇ ਨੇ ਦੀਨ ਤੇ ਅਪਣਾ ਈਮਾਨ

ਦੌਲਤਾਂ ਨੂੰ ਬੰਨ੍ਹ ਲਾਈ ਬੈਠਾ ਹਰ ਪਾਸੇ ਸ਼ੈਤਾਨ

ਵਾਦੀਆਂ ਸਭ ਖੁਸ਼ਕ ਹੋਈਆਂ ਬੂੰਦ ਨੂੰ ਤਰਸੇ ਜਹਾਨ

ਖੱਸੜਾਂ ਦੇ ਨਾਅਰਿਆਂ ਤੋਂ ਅੱਕਿਆ ਕਿਰਤੀ ਕਿਸਾਨ

ਧਰਤ ਦਾ ਕਿਓਂ ਵੱਧ ਰਿਹਾ ਹੈ ਤੇਜ ਏਨਾ ਤਾਪਮਾਨ

ਛੋਟੇ ਮੋਟੇ ਸੋਧ ਨਾਲ ਬਦਲ ਜਾਣਾ ਹੈ ਜਹਾਨ

ਦਾਨ ਪੁੰਨ ਭਿੱਖ ਹੈ ਸਭ ਔਕੜਾਂ ਦਾ ਸਮਾਧਾਨ

ਪੂੰਜੀ ਵਜ੍ਹਾ ਹੈ ਇਸਦੀ ਨਾ ਆਖਦਾ ਉਹ ਬੇ ਈਮਾਨ

ਜ਼ਿੰਦਗੀ ਦੇ ਰੱਫੜਾਂ ਦਾ ਇੱਕ ਹੈ ਕਾਰਨ ਪਛਾਣ

ਨਿੱਜ ਦੀ ਦੌਲਤ ਨੂੰ ਕਰਨਾ ਮੁੱਢ ਤੋਂ ਪੈਣਾ ਤਮਾਮ

ਟਿਕ ਟਿਕਾਅ ਵਿੱਚ ਠੱਲਿਆ ਇਹ ਸੌ ਵਰ੍ਹੇ ਦਾ ਹੈ ਤੂਫ਼ਾਨ

ਤਰਕਸ਼ਾਂ ਨੂੰ ਚੁੱਕ ਤੇ ਹੁਣ ਚਾੜ੍ਹ ਚਿੱਲਾ ਤੂੰ ਕਮਾਨ

**************************

ਝੂਠ

December 2022

 

ਬੇਪਰਵਾਹੀਆਂ ਦਾ ਗਹਿਣਾ ਬੱਸ ਸ਼ਾਹਾਂ ਤੇ ਹੀ ਸਜਦਾ ਏ

ਕੋਈ ਮਸਤ ਮਲੰਗ ਦੱਸ ਕੀ ਜਾਣੇ ਭੁੱਖਾ ਢਿੱਡ ਕੀਕਣ ਰੱਜਦਾ ਏ

ਜਿਸ ਖ਼ਲਕਤ ਤੇ ਰੋਜ਼ੀ ਰੋਟੀ ਦਾ ਨਿੱਤ ਵਦਾਨ ਪਿਆ ਚੱਲਦਾ ਏ

ਉਸ ਖ਼ਲਕਤ ਨੂੰ ਵਿਹਲੜ ਹਰ ਦਮ ਕੋਈ ਵੈਰ ਨਸੀਬ ਦਾ ਦੱਸਦਾ ਏ

ਜੋ ਲੇਖਾਂ ਦੇ ਗੁਣ ਗਾਉਂਦੇ ਨੇ ਸਭ ਭੰਬਲ ਭੂਸੇ ਪਾਉਂਦੇ ਨੇ

ਉਹ ਦੀਨ ਦੀ ਗੁਰਬਤ ਦਾ ਦੋਸ਼ੀ ਓਹਦੇ ਕਰਮਾਂ ਨੂੰ ਠਹਿਰਾਉਂਦੇ ਨੇ

ਖੁਦ ਬਹਿ ਕੇ ਪੁਸ਼ਪਕ ਦੇ ਵਿੱਚ ਨਿੱਤ ਜੋ ਸੁਰਗ ਦੇ ਦੌਰੇ ਲਾਓੰਦੇ ਨੇ

ਕਿਵੇਂ ਥੋੜੇ ਵਿੱਚ ਨਿਰਬਾਹ ਕਰੀਏ ਦੂਜੇ ਨੂੰ ਸਬਕ ਸਿਖਾਉਂਦੇ ਨੇ

ਇਹ ਦੋ ਵੇਲ਼ੇ ਦਾ ਟੁੱਕਰ ਵੀ ਕਿੱਥੇ ਸਰਬੱਤ ਨੂੰ ਸਰਦਾ ਏ

ਮਾਲਕ ਦਾ ਨਿਆਜ਼ ਵੀ ਤਾਂ ਪਹਿਲੋਂ ਰੱਜਿਆਂ ਦਾ ਢਿੱਡ ਹੀ ਭਰਦਾ ਏ

ਜੋ ਬੈਠੇ ਨੇ ਸਭ ਕੁਝ ਸਾਂਭੀ ਬਲੀਦਾਨ ਦਾ ਗਿਆਨ ਪਏ ਵੰਡਦੇ ਨੇ

ਝੂਠਾਂ ਦੀਆਂ ਨਜ਼ਮਾਂ ਲਿਖਦੇ ਨੇ ਤੇ ਸੱਚ ਨੂੰ ਛਿੱਕੇ ਟੰਗਦੇ ਨੇ

ਇਹ ਦੁਨੀਆਂ ਦੋ ਧੜਿਆਂ ਦੇ ਵਿੱਚ ਤਦਬੀਰਾਂ ਨੇ ਹੀ ਖੰਡੀ ਹੈ

ਹਰ ਔਕੜ ਦਾ ਇੱਕੋ ਕਾਰਨ ਜੋ ਪਾਈ ਬਾਂਦਰ ਵੰਡੀ ਹੈ

ਜਦ ਤੱਕ ਕਿਰਤੀ ਦੀ ਉਪਜਾਂ ‘ਤੇ ਅਧਿਕਾਰਾਂ ਦੀ ਪਾਬੰਦੀ ਹੈ

ਤਦ ਤੱਕ ਮੁਕਤੀ ਹਰ ਮਾਨਵ ਦੀ ਵਿੱਚ ਕਾਲ਼ ਕੋਠੜੀ ਬੰਦੀ ਹੈ

*********************************

ਦੰਦਈਆ

November 2022

 

ਨੀਂ ਕਾਹ ਤੋਂ ਫਿਰੇਂ ਭਾਂਬੜ ਬਣੀ

ਨਾ ਮੱਚ ਕੇ ਤੂੰ ਕੱਲੀ ਬੁਝ ਜੀਂ

ਵੇ ਤੂੰ ਹੀ ਜ਼ਰਾ ਬਚ ਕੇ ਰਹੀਂ

ਉਮਰ ਤੇਰੀ ਤੀਲ੍ਹੀਆਂ ਦੀ ਖੇਡ ਦੀ ਨਹੀਂ

ਰੋਕਿਆਂ ਨਾ ਰੁਕੇ ਲੱਕ ਦਾ ਹੁਲਾਰਾ

ਅੱਗ ਲਾਉਣਾ ਤੇਰੀ ਅੱਖ ਦਾ ਇਸ਼ਾਰਾ

ਸੁੱਕੀ ਪੈਲ਼ੀ ਵਿੱਚ ਅੱਗ ਦਾ ਅੰਗਾਰਾ

ਪੱਟਿਆ ਨਾ ਜਾਵੇ ਜੱਟ ਕੋਈ ਵਿਚਾਰਾ

ਨੀਂ ਰੂਪ ਜ਼ਰਾ ਸਾਂਭ ਕੇ ਰੱਖੀ

ਦੰਦਈਆ ਦੰਦਈਆ ਦੰਦਈਆ ਲੜ ਗਿਆ

ਜ਼ਹਿਰ ਤਨ ਬਦਨ ਸਾਰੇ ਚੜ੍ਹ ਗਿਆ

ਦੰਦਈਆ ਦੰਦਈਆ ਦੰਦਈਆ ਲੜ ਗਿਆ

ਮਰ ਨਾ ਜਾਵਾਂ ਵੇ ਕਿਤੇ ਮੈਂ

ਨੀਂ ਆਜਾ ਲੱਗੀ ਸੌਣ ਦੀ ਝੜੀ

ਸੁੱਕੀ ਖੜ੍ਹੀ ਨਾ ਕਿਤੇ ਰਹਿ ਜੀਂ

ਵੇ ਬਚ ਮੈਂ ਵੀ ਤਪਦੀ ਤਵੀ

ਐਵੇਂ ਕਿਤੇ ਨਾ ਖਿੱਲ ਬਣ ਜੀਂ

ਨਾਗ਼ ਵਲ਼ ਖਾਂਦੀ ਗੁੱਤ ਦਾ ਨਜ਼ਾਰਾ

ਮਾਰੇ ਮੱਤ ਮੁੰਡਿਆਂ ਦੀ ਕਰੇ ਅਵਾਰਾ

ਚਿੱਟੀ ਕੁੜਤੀ ਦੇ ਨਾਲ਼ ਪੀਲ਼ਾ ਗਰਾਰਾ

ਭਿੱਜਿਆ ਬਦਾਮੀ ਰੰਗ ਦਿਸਦਾ ਸਾਰਾ

ਖੁਰ ਨਾ ਜਾਵੀਂ ਨੀਂ ਕਿਤੇ ਤੂੰ

ਦੰਦਈਆ ਦੰਦਈਆ ਦੰਦਈਆ ਲੜ ਗਿਆ

ਜ਼ਹਿਰ ਤਨ ਬਦਨ ਸਾਰੇ ਚੜ੍ਹ ਗਿਆ

ਦੰਦਈਆ ਦੰਦਈਆ ਦੰਦਈਆ ਲੜ ਗਿਆ

ਮਰ ਨਾ ਜਾਵਾਂ ਵੇ ਕਿਤੇ ਮੈਂ

ਨੀਂ ਤੇਰੀ ਮੇਰੀ ਇੱਕ ਜਿੰਦੜੀ

ਬਣਨ ਦੇ ਖਿਚੜੀ

ਵੇ ਆਜਾ ਆ ਕੇ ਅੰਗ ਲੱਗ ਜਾ

ਬਣ ਕੇ ਤੂੰ ਚਿੱਚੜੀ

ਰੋਮ ਰੋਮ ਚੜ੍ਹ ਗਿਆ ਚਾਅ ਕੁਆਰਾ

ਦੂਰ ਦੂਰ ਰਹਿਣਾ ਹੁਣ ਨਹੀਂ ਗਵਾਰਾ

ਅੱਥਰੀ ਜਵਾਨੀ ਕਰ ਦੀ ਇਸ਼ਾਰਾ

ਕੋਸੇ ਸਾਹਾਂ ਦੀ ਟਕੋਰ ਕਰ ਦੇ ਯਾਰਾ

ਠਰ ਨਾ ਜਾਵਾਂ ਵੇ ਕਿਤੇ ਮੈਂ

ਦੰਦਈਆ ਦੰਦਈਆ ਦੰਦਈਆ ਲੜ ਗਿਆ

ਜ਼ਹਿਰ ਤਨ ਬਦਨ ਸਾਰੇ ਚੜ੍ਹ ਗਿਆ

ਦੰਦਈਆ ਦੰਦਈਆ ਦੰਦਈਆ ਲੜ ਗਿਆ

ਮਰ ਨਾ ਜਾਵਾਂ ਵੇ ਕਿਤੇ ਮੈਂ

******************

ਦੁਬਿਧਾ

 

ਤਰਕਾਲਾਂ ਨੂੰ ਲੰਮੀਆਂ ਕਿਓਂ ਹੁੰਦੀਆਂ ਨੇ ਛਾਵਾਂ ਮਾਏ

ਉਮਰਾਂ ਦਾ ਇਹ ਰਾਜ਼ ਤਾਂ ਕੋਈ ਆ ਮੈਨੂੰ ਸਮਝਾਏ

ਚਿੱਤ ਦੀ ਗਹਿਰਾਈ ਦੇ ਵਿੱਚੋਂ ਕੀਕਣ ਨਿੱਕਲ਼ੇ ਹਾਏ

ਤਨਹਾਈ ਦੇ ਵਿੱਚ ਹੀ ਕਿਓਂ ਹੁਣ ਤਿਸ ਦੀ ਯਾਦ ਸਤਾਏ

ਪੱਤਝੜ ਵਿੱਚ ਕਿਓਂ ਰੁੱਖਾਂ ਨੂੰ ਓੜਕ ਦਾ ਜੋਬਨ ਆਏ

ਸ਼ੀਤ ਲਹਿਰ ਕਿਓਂ ਸਭ ਕਾਸੇ ਨੂੰ ਹੂੰਝਾ ਲਾ ਟੁਰ ਜਾਏ

ਢਲ਼ਦੇ ਸੂਰਜ ਨੂੰ ਜਾਵੇ ਨਾ ਕੀਕਣ ਕੋਈ ਮਨਾਏ

ਆਥਣ ਨੂੰ ਕਿਓਂ ਕੱਲਾ ਛੱਡ ਜਾਂਦੇ ਨੇ ਸਭ ਦੇ ਸਾਏ

ਸੋਚਾਂ ਵਿੱਚ ਜੋ ਸਿਰਜਾਂ ਕਿਓਂ ਆਕਾਰ ਪਕੜ ਨਾ ਆਏ

ਬੀਤ ਗਿਆ ਜੋ ਮਨ ਨੂੰ ਕੀਕਣ ਕੋਈ ਆਖ ਭੁਲਾਏ

ਵਿਸਰੇ ਵਕਤ ਨੂੰ ਕਿੰਨਾ ਵੀ ਕੋਈ ਹਾਕਾਂ ਮਾਰ ਬੁਲਾਏ

ਯਾਦਾਂ ਦੇ ਦਰਿਆਵਾਂ ਹੜ੍ਹਿਆ ਵਾਪਸ ਕਿਓਂ ਨਾ ਆਏ

ਮੇਰੇ ਅੰਦਰ ਵੱਸੀ ਤੇਰੀ ਮਹਿਕ ਨਾ ਕਾਹ ਤੋਂ ਜਾਏ

ਤ੍ਰਿਸ਼ਣਾ ਮਿਰਗ ਦੀ ਬੁਝੇ ਨਾ ਕਸਤੂਰੀ ਕੌਣ ਥਿਆਏ

ਜੀਵਨ ਦੇ ਦਸਤੂਰ ਨੇ ਕਾਹ ਤੋਂ ਐਨੇ ਵਹਿਸ਼ੀ ਮਾਏ

ਬਿਨ ਤੇਰੇ ਵੀ ਹੱਸਦੇ ਟੱਪਦੇ ਨੇ ਹੁਣ ਤੇਰੇ ਜਾਏ

Read 325 times Last modified on Friday, 31 July 2026 14:10
ਗੁਰਜੀਤ ਗਿੱਲ

  • Brampton, Ontario, Canada