ਗਿਲਾ
August 2022
ਜੇ ਤੇਰੇ ਯਾਰ ਦਾ ਘਰ ਤੇਰੇ ਰਾਹ ਆਓਂਦਾ ਹੋਵੇ
ਮਾਰ ਕੇ ਸੀਟੀ ਕੰਡਕਟਰ ਵੀ ਲਾਹੁੰਦਾ ਹੋਵੇ
ਫੇਰ ਵੀ ਮਿਲਣੋਂ ਮਨ ਤੇਰਾ ਕਤਰਾਉਂਦਾ ਹੋਵੇ
ਕਿਸ ਮੂੰਹੋਂ ਫਿਰ ਯਾਰ ਕੋਈ ਅਖਵਾਉਂਦਾ ਹੋਵੇ
ਨਾਲ ਸਬੱਬੀਂ ਹੋਵੇ ਮੇਲ ਬੇਗਾਨੇ ਦਾ
ਰਿਸ਼ਤਾ ਜੋ ਮੁਹਤਾਜ ਨਾ ਕਿਸੇ ਜ਼ਮਾਨੇ ਦਾ
ਤੱਕਾਂ ਹੁਣ ਮੈਂ ਕੀਕਣ ਰਾਹ ਰਫ਼ੀਕਾਂ ਦਾ
ਰਫ਼ਤਾ ਰਫ਼ਤਾ ਛੱਡਿਆ ਸੰਗ ਮੁਰੀਦਾਂ ਦਾ
ਸਮਿਆਂ ਦੇ ਨਾਲ ਵਧਣਾ ਘਟਣਾ ਲਾਜ਼ਮ ਹੈ
ਤੋਟ ਮੇਰੇ ਇਸਰਾਰ ਦਾ ਹੀ ਤਾਂ ਨਾਦਮ ਹੈ
ਰਾਹ ਤੇਰੇ ਨੂੰ ਰੋਕ ਕੇ ਜੇ ਮੈਂ ਬਹਿ ਜਾਂਦਾ
ਵਕਤ ਨਹੀਂ ਹੈ ਕੋਲ਼ ਤੇਰੇ ਕਿੰਜ ਕਹਿ ਜਾਂਦਾ
ਓਦਾਂ ਤਾਂ ਛੱਡ ਐਡੀ ਵੀ ਇਹ ਗੱਲ ਨਹੀਂ
ਪਿਆਰ ਸਨੇਹ ਵਿੱਚ ਚਾਲ ਦਾ ਕੋਈ ਚੱਲ ਨਹੀਂ
ਦਿਲ ਹੀ ਤੇਰਾ ਜੇ ਹੁਣ ਸਾਡੇ ਵੱਲ ਨਹੀਂ
ਕਰੀਏ ਕੀਕਣ ਜ਼ਿਦ ਰਿਹਾ ਕੋਈ ਮੱਲ ਨਹੀਂ
ਹੋ ਸਕਦਾ ਤੂੰ ਸੱਚੀ ਮੁੱਚੀ ਰੁੱਝਿਆ ਏਂ
ਵਕਤ ਨਹੀਂ ਤੂੰ ਸੌ ਗੰਢਾਂ ਵਿੱਚ ਗੁੱਝਿਆਂ ਏਂ
ਵਕਤ ਮਿਲੇ ਜਦ ਬੂਹਾ ਤੂੰ ਖੜਕਾ ਦੇਵੀਂ
ਬੇਗਾਨਾ ਨਹੀਂ ਸਾਡਾ ਜਾਣਿਆ ਬੁੱਝਿਆ ਏਂ
***********************
ਦੋਸਤਾਨਾ ਰੁੱਕਾ
July 2022
ਬਿਜਲੀ ਦੇ ਨਾਲ਼ ਚੱਲਦੀਆਂ ਹੋਵਣ
ਜੇਕਰ ਸਾਰੀਆਂ ਮੋਟਰ ਕਾਰਾਂ
ਕੋਹਾਂ ਲੰਮੀਆਂ ਗਗਨ ਛੂਹਦੀਆਂ
ਪਵਨ ਚੱਕੀਆਂ ਦੀਆਂ ਕਤਾਰਾਂ
ਕੁਝ ਘੰਟੇ ਲਈ ਨ੍ਹੇਰਾ ਕਰਕੇ
ਮੋਮ ਬੱਤੀਆਂ ਹੱਥ 'ਚ ਫੜ ਕੇ
ਫੇਰ ਕੀ ਮੁੜ ਕੇ ਆ ਜਾਵਣਗੀਆਂ
ਵਾਤਾਵਰਣ 'ਚ ਮਸਤ ਬਹਾਰਾਂ
ਕੂੜੇ ਨੂੰ ਰੀਸਾਈਕਲ ਕਰਕੇ
ਯਦਾ ਕਦਾ ਉਪਵਾਸ ਨੂੰ ਧਰਕੇ
ਦੁਨੀਆਂ ਵਿੱਚੋਂ ਭੁੱਖ ਭਜਾਓ
ਟੀ ਸ਼ਰਟਾਂ ਤੇ ਨਾਅਰੇ ਮੜ੍ਹ ਕੇ
ਜਾਂ ਫਿਰ ਸ਼ਹਿਰ ਦੇ ਅੱਧ ਵਿਚਾਲੇ
ਪੱਦ ਯਾਤਰਾ ਜਲਸੇ ਕੱਢਕੇ
ਫੇਰ ਕੀ ਦੁਨੀਆਂ ਦੇ ਵਿਚੋਂ ਇਹ
ਗੁਰਬਤ ਡਰਦੀ ਭੱਜ ਜਾਵੇਗੀ
ਯਾਰ ਮੇਰੇ ਸਭ ਵੱਡੇ ਹੋ ਗਏ
ਕਦ ਦੇ ਦਾਦੇ ਨਾਨੇ ਬਣ ਗਏ
ਪੋਤੇ ਦੋਹਤੇ ਦੀ ਕਿਲਕਾਰੀ
ਕਹਿੰਦੇ ਲੱਗਦੀ ਬੜੀ ਪਿਆਰੀ
ਕੀ ਆਖਣਗੇ ਉਨ੍ਹਾਂ ਨੂੰ ਜਦ
ਨਦੀਆਂ ਨਾਲ਼ਿਆਂ ਜੰਗਲ਼ਾਂ ਪਾਣੀਆਂ
ਦੀ ਉਨ੍ਹਾਂ ਮੰਗੀ ਹੱਕਦਾਰੀ
ਦਾਦਾ ਜੀ ਤੁਸੀਂ ਕੀ ਕਰਦੇ ਸੀ
ਲੁੱਟਿਆ ਗਿਆ ਜਦ ਮੇਰਾ ਮਾਲ
ਦੁਨੀਆਂ ਦਾ ਇਹ ਹਾਲ ਕਿਓਂ ਬਣਿਆ
ਕਿਓਂ ਕੀਤਾ ਨਾਂ ਤੁਸੀਂ ਸਵਾਲ
ਸਰਮਾਇਆ ਮੇਰਾ ਸਭ ਕੁਝ ਡੰਗ ਗਿਆ
ਕਿਓਂ ਨਾ ਕੀਤਾ ਤੁਸੀਂ ਖ਼ਿਆਲ
ਫੇਰ ਤੁਸੀਂ ਕੀ ਸਮਝਾਵੋਂਗੇ
ਪੁੱਤਰਾ ਸਾਨੂੰ ਵਕਤ ਨਹੀਂ ਸੀ
ਤੇਰੀ ਦੁਨੀਆਂ ਕਿਓਂ ਹੈ ਉੱਜੜੀ
ਇਸ ਨਾਲ਼ ਸਾਨੂੰ ਫਰਕ ਨਹੀਂ ਸੀ
ਹਲਚਲ ਥੋਡੇ ਮਨ ਵਿੱਚ ਕਰਦਾ
ਰੱਤਾ ਜੇ ਇਹ ਸਵਾਲ ਜਵਾਬ
ਫ਼ੇਰ ਤਾਂ ਬਾਈ ਪੜ੍ਹਨੀ ਪੈਣੀ
ਲੱਖੇ ਦੱਸੀ ਲਾਲ ਕਿਤਾਬ
ਤੇਰੇ ਦੋਹਤੇ ਪੋਤੇ ਦਾ ਕਿੰਜ
ਹੋਇਆ ਗਹਿਣੇ ਜੀਵਨ ਕਾਲ
ਕੀਕਣ ਹੈ ਸਰਮਾਇਆ ਬਣਦਾ
ਅਲਜਬਰੇ ਦਾ ਨਹੀਂ ਸਵਾਲ
ਵਕਤ ਅਜੇ ਵੀ ਬੜਾ ਹੈ ਬਾਕੀ
ਰਹਿੰਦੀ ਦਾ ਤੁਸੀਂ ਕਰਨਾ ਵੀ ਕੀ
ਜਾਂ ਫ਼ਿਰ ਕਹਿ ਦੋ
ਦੋਹਤੇ ਪੋਤੇ ਦੇ ਨਾਲ ਸਾਨੂੰ
ਗੱਲੀਂ ਗੱਲੀਂ ਪਿਆਰ ਹੈ ਭਾਈ
ਧੂੜ ਚ ਟੱਟੂਆਂ ਦੀ ਨਾ ਜਾਵੋ
ਐਵੇਂ ਬਹਿ ਕੇ ਰੇਲ ਬਣਾਈ
****************
ਕਾਰਨ
July 2022
ਤੇਰੇ ਹਰ ਇੱਕ ਮਰਜ਼ ਦਾ ਕਾਰਨ ਕੁੱਲ ਮਿਲਾ ਕੇ ਇੱਕ ਹੈ
ਐਸਾ ਇੱਕ ਬਾਜ਼ਾਰ ਹੈ ਜਿਸ ਵਿੱਚ ਜਾਂਦਾ ਸਭ ਕੁਝ ਵਿਕ ਹੈ
ਹਰ ਇੱਕ ਬੋਹੜ ਦੀ ਬੋਲੀ ਲੱਗਣੀ ਉਸ ਦੇ ਵਿੱਚ ਨਿਸ਼ਚਿਤ ਹੈ
ਭੁੱਖਾ ਭਾਣਾ ਸੁੱਕੀਆਂ ਛਾਤੀਆਂ ਬਾਲ ਰਿਹਾ ਇੱਕ ਦੁੱਧ ਨੂੰ ਟੋਲ਼
ਕੂੜੇ ਦੇ ਢੇਰਾਂ ਦੇ ਉੱਤੇ ਮਾਂ ਕਿਸਮਤ ਨੂੰ ਰਹੀ ਫਰੋਲ਼
ਰੋਜ਼ ਮਨੁੱਖ ਦੀ ਕੀਮਤ ਲੱਗਦੀ ਲੇਬਰ ਚੌਕ ਚ ਖੰਭੇ ਕੋਲ਼
ਪਵਨ ਗੁਰੂ ਪਾਣੀ ਪਿਤਾ ਤੇ ਧਰਤੀ ਮਾਂ ਦੂਸ਼ਿਤ ਹੈ
ਕੋਹਾਂ ਤੱਕ ਹੁਣ ਮੀਂਹ ਵਾਲ਼ੇ ਜੰਗਲ਼ ਵਿੱਚ ਨਾ ਕੋਈ ਰੁੱਖ ਹੈ
ਬੇਮੁਹਾਰ ਸਰਮਾਏ ਸਾਹਵੇਂ ਵਾਤਾਵਰਣ ਵੀ ਚਿੱਤ ਹੈ
ਜੰਗਲ਼ ਸਾਗਰ ਅਤੇ ਸਮੁੰਦਰ ਵਿੱਚ ਮੌਤ ਜਿਹੀ ਚੁੱਪ ਹੈ
ਹਰ ਇੱਕ ਜੀਵ ਪੂੰਜੀ ਦੇ ਅੱਗੇ ਝੁਕ ਕੇ ਨੱਤਮਸਤਕ ਹੈ
ਸਭ ਕੁਝ ਜਾਣਦਿਆਂ ਵੀ ਮਾਨਵ ਆਤਮ ਘਾਤ ਚ ਰਤ ਹੈ
ਰਿਸ਼ਤੇ ਨਾਤੇ ਪਿਆਰ ਮੁਹੱਬਤ ਟੁੱਟਦੇ ਜਾਂਦੇ ਜੋ ਹਰ ਰੋਜ਼
ਵਿੱਸਰੇ ਵਕਤ ਜੋ ਕਰ ਦਿੰਦੇ ਹਰ ਦਿਨ ਤੇਰੇ ਦਿਲ ਨੂੰ ਪੁਰਸੋਜ਼
ਪੂੰਜੀ ਹੀ ਲਾਉਂਦੀ ਹੈ ਰਗੜਾ ਮਾਨਵਤਾ ਨੂੰ ਰੋਜ਼ ਬਰੋਜ਼
ਝੂਠਾਂ ਦੀ ਇੱਕ ਗੰਢ ਹੈ ਜਿਸ ਦਾ ਨਾਮ ਤੇਰਾ ਮਜ਼ਹਬ ਹੈ
ਸੋਚ ਤੇਰੀ ਨੂੰ ਖੁੰਢਾ ਕਰਦਾ ਐਸਾ ਨਸ਼ਾ ਗ਼ਜ਼ਬ ਹੈ
ਸਰਮਾਏ ਦਾ ਨੰਗਾ ਤਾਂਡਵ ਹੁੰਦਾ ਹਰ ਰੱਬ ਘਰ ਹੈ
ਤੇਰੇ ਹਰ ਇੱਕ ਦਰਦ ਦਾ ਕਾਰਨ ਕੁੱਲ ਮਿਲਾ ਕੇ ਇੱਕ ਹੈ
ਐਸਾ ਇੱਕ ਬਾਜ਼ਾਰ ਹੈ ਜਿਸ ਵਿੱਚ ਜਾਂਦਾ ਸਭ ਕੁਝ ਵਿਕ ਹੈ
ਹਰ ਸ਼ੈ ਦੀ ਕੀਮਤ ਲੱਗ ਜਾਣਾ ਇਸ ਦੇ ਵਿੱਚ ਨਿਸ਼ਚਿਤ ਹੈ
********************************
ਬਾਬਰ
June 2022
ਹਰ ਕੋਈ ਆਪਣੇ ਨ੍ਹੇਰੇ ਦੇ ਵਿੱਚ ਮੌਤ ਦੇ ਵਾਂਗਰ ਚੁੱਪ ਹੈ
ਹੰਕਾਰ ਨੇ ਜੰਮਿਆ ਫੇਰ ਤੋਂ ਜ਼ਾਲਿਮ ਬਾਬਰ ਦਾ ਇੱਕ ਪੁੱਤ ਹੈ
ਕੋਈ ਈਸਾ ਕੋਈ ਮੂਸਾ ਕੋਈ ਸਿੱਖ ਤੇ ਕੋਈ ਸਨਾਤਨ
ਮੁੱਠੀ ਭਰ ਜ਼ਾਲਮ ਦੇ ਗੋਡੀਂ ਇੱਕ ਕਰੋੜ ਖ਼ਲਕਤ ਹੈ
ਢਾਹ ਦੇ ਗਿਰਜ਼ਾ ਜਿਸ ਦੇ ਅੰਦਰ
ਨਿੱਤ ਬਹਿ ਕੇ ਮੈਂ
ਟੱਲ ਵਜਾਵਾਂ ਰਾਮ ਨੂੰ ਹਾਕਾਂ ਲਾਵਾਂ
ਢਾਹ ਦੇ ਓਹ ਮੰਦਿਰ ਜਿਸ ਅੰਦਰ
ਆਸਾਂ ਦਾ ਮੈਂ
ਨਿੱਤ ਤਵੀਤ ਬੰਨ੍ਹਾਵਾਂ
ਢਾਹ ਦੇ ਓਹ ਮਸਜਿਦ ਵੀ ਜਿਸ ਦਰ
ਅਜ਼ਾਨ ਦਾ
ਸ਼ੰਖ ਵਜਾਵਾਂ
ਢਾਹ ਦੇ ਹਰ ਗੁਰ ਦਾ ਓਹ ਦੁਆਰਾ
ਜਿਸ ਅੰਦਰ ਮਜ਼ਲੂਮ ਦੀ ਖਾਤਿਰ
ਸ਼ਿਵ ਤੋਂ ਵਰ ਮੰਗ ਪਾਵਾਂ
ਹੁਣ ਤਾਂ ਮਾਏ ਪਹੁ ਫੁੱਟੇ ਦਾ ਰੱਤੜਾ ਰੰਗ ਲੁਭਾਏ
ਕਾਲ਼ੇ ਪੀਲ਼ੇ ਗੋਰੇ ਭੂਰੇ ਸਭ ਮੇਰੇ ਹਮਸਾਏ
ਵੰਡੀਆਂ ਦਾ ਬੱਦਲ ਕਦ ਤੱਕ ਮੇਰੇ
ਸਿਰ ਉੱਤੇ ਮੰਡਰਾਏ
ਬਦਲੀ ਦਾ ਝੱਖੜ ਹਰ ਇੱਕ ਦਿਨ
ਜ਼ੋਰ ਪਕੜਦਾ ਜਾਏ
ਹਰ ਨਿਕਾਬ ਦੇ ਪਿੱਛੇ ਛੁਪੀ
ਇੱਕ ਇਨਸਾਨ ਦੀ ਧੀ ਹੈ
ਸੜਕ ਦੇ ਉੱਤੇ ਰੋਜ਼ੀ ਮੰਗਦਾ
ਰਾਮ ਰਹੀਮ ਨਹੀਂ ਹੈ
ਧਰਮਾਂ ਦੇ ਕਫ਼ਨਾਂ ਪਸਪਰਦਾ
ਸਰਮਾਏ ਦਾ ਤਾਂਡਵ ਹੈ
ਲੋਕਾਈ ਵਿੱਚ ਵੰਡੀਆਂ ਪਾਵੇ
ਹਾਲ ਦਾ ਉਹ ਜਾਬਰ ਹੈ
ਅੱਜ ਦਾ ਬਾਬਰ ਲਸ਼ਕਰ ਲੈ ਕੇ ਪੱਛਮ ਤੋਂ ਨਹੀਂ ਆਓਂਦਾ
ਅੱਜ ਦਾ ਜਾਬਰ ਸੰਸਦ ਦੇ ਵਿੱਚ ਬਹਿ ਕੇ ਡੇਰਾ ਲਾਉਂਦਾ
ਅੱਜ ਦਾ ਬਾਬਰ ਚਰਖੜੀਆਂ ਦੇ ਉੱਤੇ ਨਹੀਂ ਚੜ੍ਹਾਉਂਦਾ
ਅੱਜ ਦਾ ਜਾਬਰ ਹਰ ਮੱਤ ਭੇਦ ਤੇ ਬੁਲਡੋਜ਼ਰ ਚਲਵਾਓਂਦਾ
**********************************
ਹਮੇਸ਼ਾਂ
June 2022
ਗਰਦਿਸ਼ ਵਿੱਚ ਤਾਰਿਆਂ
ਇੱਕ ਧੂੜ ਬਣਾਈ
ਜੋ ਨਾਲ਼ ਸਬੱਬੀਂ
ਹੈ ਹੋਸ਼ ਚ ਆਈ
ਤੇਰਾ ਮੇਰਾ
ਰੂਪ ਬਣ ਕੇ
ਦੋ ਘੜੀ ਦੇ ਵਾਸਤੇ
ਜਦ ਦੀ ਤੇਰੀ ਖੁਸ਼ਬੂ
ਵੱਸੀ ਮਨ ਮੇਰੇ
ਤੂੰਹੀਓਂ ਮੇਰੇ ਅੰਦਰ
ਤੂੰਹੀ ਚਾਰ ਚੁਫ਼ੇਰੇ
ਮੇਰੀ ਧੜਕਨ
ਮੇਰੇ ਹਮਦਮ
ਧੜਕਦੀ ਤੇਰੇ ਵਾਸਤੇ
ਕੁਦਰਤ ਦਾ ਜਲਵਾ
ਹਰ ਰੋਜ਼ ਕਰਿਸ਼ਮਾ
ਅਦਭੁਤ ਵਰਤਾਰੇ
ਹਰ ਰੋਜ਼ ਨਜ਼ਾਰੇ
ਸਾਥ ਤੇਰਾ
ਜਦ ਤੋਂ ਮਿਲਿਆ
ਜ਼ਿੰਦਗੀ ਦੇ ਵਾਸਤੇ
ਰਾਹ ਵਿੱਚ ਹੁਣ ਤੇਰੇ
ਰਹੇ ਸੋਚ ਗਵਾਚੀ
ਸਹਿਹੋਂਦ ਦਾ ਜਿਹੜਾ
ਹੁਣ ਵਕਤ ਹੈ ਬਾਕੀ
ਮਿਲ ਕੇ ਦੋਵੇਂ
ਆਜਾ ਚੱਲੀਏ
ਯੁਗ ਯੁਗਾਂ ਦੇ ਵਾਸਤੇ
****************
ਉਮੀਦਾਂ
May 2022
ਹਰ ਔਰਤ ਦੇ ਅੰਦਰ ਨਜ਼ਰਬੰਦ ਹੈ
ਇੱਕ ਉਮੀਦਾਂ ਜੋ ਅੱਲ੍ਹੜ ਨਿਆਣੀ ਕੁੜੀ
ਉਹ ਜੋ ਉਮਰਾਂ ਤੋਂ ਪਹਿਲਾਂ ਬਿਰਧ ਹੋ ਗਈ
ਲਾਡਲੀ ਮਾਂ ਦੀ ਸੋਹਣੀ ਸਿਆਣੀ ਕੁੜੀ
ਹਰ ਔਰਤ ਦੇ ਅੰਦਰ ਨਜ਼ਰਬੰਦ ਹੈ
ਜਦ ਭੰਗੂੜੇ ਤੋਂ ਉੱਤਰੀ ਸੀ ਉਹ ਬਾਲੜੀ
ਸਾਹਮਣੇ ਘੇਰੀ ਰਸਤਾ ਸੀ ਦੁਨੀਆਂ ਖੜੀ
ਨਨ੍ਹੇ ਕਦਮਾਂ ‘ਚ ਹਰਦਮ ਰਹੇ ਖੜਕਦੀ
ਪੈਰੀਂ ਝਾਂਜਰ ਦੀ ਬੇੜੀ ਇੱਕ ਮੋਤੀ ਜੜੀ
ਇਸ ਤੋਂ ਪਹਿਲਾਂ ਉਮੀਦਾਂ ਸਮਝ ਸੋਚਦੀ
ਉਹ ਇੱਕ ਔਰਤ ਦੇ ਅੰਦਰ ਨਜ਼ਰਬੰਦ ਸੀ
ਬਾਲੜੀ ਇਸ ਤੋਂ ਪਹਿਲਾਂ ਕੋਈ ਜ਼ਿੱਦ ਕਰੇ
ਖੇਡਣਾ ਮੈਂ ਵੀ ਖਿੱਦੋ ਕਹਿ ਰੋਵੇ ਲੜੇ
ਵਾਂਗ ਮੁੰਡਿਆਂ ਦੇ ਕੁੱਦਣਾ ਨਾ ਇਹ ਸਿੱਖ ਲਵੇ
ਕੱਢ ਕੇ ਗੁੱਡੀਆਂ ਪਟੋਲੇ ਮਾਂ ਉਸਨੂੰ ਦਵੇ
ਦੁਨੀਆਂਦਾਰੀ ਦੀ ਮਾਰੀ ਸਿਆਣੀ ਕੁੜੀ
ਆਪਣੇ ਮਾਂ ਪੇ ਦੇ ਘਰ ਵੀ ਬੇਗਾਨੀ ਕੁੜੀ
ਜਿਸ ਉਮਰ ਮੁੰਡੇ ਭੱਜਦੇ ਫਿਰਨ ਖੇਢਦੇ
ਚੁੱਲ੍ਹੇ ਚੌਕੇ ਦੀ ਸਿਖਿਆ ਉਮੀਦਾਂ ਲਵੇ
ਜਦ ਕੋਈ ਕਾਕਾ ਖ਼ਤਰੇ ਚ ਹਿੰਮਤ ਕਰੇ
ਬਾਪ ਦਾ ਸੀਨਾ ਦੂਣਾ ਤੇ ਤੀਣਾ ਵਧੇ
ਤੇ ਉਮੀਦਾਂ ਜੇ ਇੱਕ ਡਿੰਘ ਵੀ ਪੁੱਟ ਲਵੇ
ਮਾਂ ਸਲੀਕੇ ਤੇ ਸਮਝਾਂ ਦੀ ਵਿੱਦਿਆ ਦਵੇ
ਫਿਰ ਉਮੀਦਾਂ ਨੂੰ ਵਰ੍ਹਿਆਂ ਦੇ ਗੇੜੇ ਚੜ੍ਹੇ
ਵੇਖਦੇ ਵੇਖਦੇ ਦਰ ਆ ਤੇਰਾਂ ਖੜ੍ਹੇ
ਛੱਡ ਕੇ ਧਰਤੀ ਨਾ ਅੰਬਰੀਂ ਕਿਤੇ ਉੱਡ ਪਵੇ
ਸਿਰਨ੍ਹਾਉਣੀ ਬਹਾਨੇ ਸ਼ਿਕੰਜੇ ਕਸੇ
ਇਸ ਤੋਂ ਪਹਿਲਾਂ ਕਿ ਉਹ ਇਸ ਨੂੰ ਸ਼ਕਤੀ ਕਹੇ
ਔਰਤਾਂ ਦੀ ਬਿਮਾਰੀ ਦੁਨੀਆਂ ਨਾਉਂ ਦਵੇ
ਰੋਕਿਆਂ ਰੁਕਦੀ ਕਿੱਥੇ ਜੀਵਨ ਦੀ ਲੜੀ
ਫਿਰ ਉਮੀਦਾਂ ਨੂੰ ਜ਼ਾਲਮ ਜਵਾਨੀ ਚੜ੍ਹੀ
ਨਾਮ ਜਿਸ ਦਾ ਨਾ ਚੱਲਣਾ ਕਿਸੇ ਦੇ ਕਦੀ
ਓਹੀ ਸਭਨਾਂ ਦੀ ਇੱਜਤ ਦੇ ਜੁੰਮੇ ਖੜ੍ਹੀ
ਪਹਿਲਾਂ ਵੀਰਾਂ ਦੀ ਅਣਖ ਰਹੀ ਸਾਂਭਦੀ
ਫਿਰ ਬੇਗਾਨੇ ਘਰਾਂ ਦਾ ਅਦਬ ਬਣ ਗਈ
ਇੰਜ ਉਧੇੜੀ ਗਈ ਪੰਖੜੀ ਪੰਖੜੀ
ਹਰ ਉਮੀਦਾਂ ਉਮੀਦਾਂ ਦੀ ਵੇਦੀ ਚੜ੍ਹੀ
ਕਿਓਂ ਉਹ ਔਰਤ ਦੇ ਅੰਦਰ ਨਜ਼ਰਬੰਦ ਹੈ
ਜੇ ਅਜੇ ਵੀ ਹੈ ਅੱਲ੍ਹੜ ਨਿਆਣੀ ਕੁੜੀ
ਕਿਓਂ ਉਮੀਦਾਂ ਬਰੂਹਾਂ ਰਹੇ ਝਾਕਦੀ
ਇਹ ਤਾਂ ਜੱਗ ਦੇ ਨੇ ਖੇਖਣ ਨਾ ਮੁੱਕਣੇ ਕਦੀ
ਜਿਸ ਵੀ ਔਰਤ ਦੇ ਅੰਦਰ ਕੋਈ ਬਾਲੜੀ
ਜੇ ਅਜੇ ਵੀ ਹੋਵੇ ਚੀਕਦੀ ਤੜਪਦੀ
ਉਹ ਜੋ ਔਰਤ ਦੇ ਅੰਦਰ ਨਜ਼ਰਬੰਦ ਹੈ
ਜੋ ਅਜੇ ਵੀ ਹੈ ਅੱਲ੍ਹੜ ਨਿਆਣੀ ਕੁੜੀ
ਇਸ ਤੋਂ ਪਹਿਲਾਂ ਉਮੀਦਾਂ ਜਨਾਜੇ ਚੜ੍ਹੇ
ਤੋੜ ਦੇ ਬੇੜੀਆਂ ਬੰਦਿਸ਼ਾਂ ਇਹ ਸਭੇ
ਉਹ ਉਮੀਦਾਂ ਜੋ ਅੱਲ੍ਹੜ ਨਿਆਣੀ ਕੁੜੀ
ਲਾਡਲੀ ਮਾਂ ਦੀ ਸੋਹਣੀ ਸਿਆਣੀ ਕੁੜੀ
**************************
ਪਾਨ ਦੀ ਬੇਗਮ
May 2022
ਪਾਨ ਦੀਏ ਬੇਗ਼ਮੇਂ ਹੁਕਮ ਤੇਰਾ ਗੁਲਾਮ ਮੈਂ
ਤੇਰੀਆਂ ਨਜ਼ਾਕਤਾਂ ਨੇ ਕੀਤਾ ਬੇ-ਈਮਾਨ ਮੈਂ
ਗ਼ਜ਼ਬ ਦਾ ਆਬ
ਗ਼ਜ਼ਬ ਦਾ ਆਬ ਤਾਬ ਇਹ ਜੋ ਹੁਸਨ ਤੇ ਸ਼ਬਾਬ ਹੈ
ਲੋੜ੍ਹਿਆਂ ਦਾ ਢਾਹ ਰਿਹਾ ਇਹ ਜ਼ੁਲਮ ਬੇਹਿਸਾਬ ਹੈ
ਮਸਤ ਤੇਰੀ ਚਾਲ ਕਿਹੜੀ ਮੌਜ ਦਾ ਗੁਮਾਨ ਹੈ
ਇਹ ਟਿਕ ਟਿਕਾ 'ਚ ਥਮ੍ਹਿਆ ਤੂੰ ਜਿਸ ਤਰਾਂ ਤੁਫ਼ਾਨ ਹੈ
ਗ਼ਜ਼ਬ ਦਾ ਰੰਗਰੂਪ
ਗ਼ਜ਼ਬ ਦਾ ਰੰਗਰੂਪ ਜੋ ਸੌਗਾਤ ਕਾਇਨਾਤ ਹੈ
ਕਿਸੇ ਹਸੀਨ ਖ਼ਾਬ ਦੀ ਇਹ ਚੌਦ੍ਹਵੀਂ ਦੀ ਰਾਤ ਹੈ
ਚਾੜ੍ਹਿਆ ਇਹ ਬਾਣ ਜੋ ਨਜ਼ਰ ਦਾ ਤੂੰ ਕਮਾਨ ਤੇ
ਬੇਕਸਾਂ ਦੇ ਵੱਜਣਾ ਇਹ ਦਰਮਿਆਨ ਨਿਸ਼ਾਨ ਤੇ
ਗ਼ਜ਼ਬ ਦੀ ਬੇਰੁਖ਼ੀ
ਗ਼ਜ਼ਬ ਦੀ ਬੇਰੁਖ਼ੀ ਮੇਰੇ ਸਬਰ ਦਾ ਇਮਤਿਹਾਨ ਹੈ
ਇਹ ਹੌਲੇ ਹੌਲੇ ਚੜ੍ਹ ਰਹੇ ਖ਼ੁਮਾਰ ਦਾ ਪਿਆਮ ਹੈ
ਤਾਰਿਆਂ ਦਾ ਨੂਰ ਜੋ ਫ਼ਲਕ ਤੇ ਬਿਰਾਜਮਾਨ ਹੈ
ਇਹ ਮੇਰੇ ਮਨ ਦੀ ਕਸ਼ਮਸ਼ ਤੋਂ ਐਨਾ ਕਿਓਂ ਨਾਦਾਨ ਹੈ
ਗ਼ਜ਼ਬ ਦੀ ਇਹ ਕਸ਼ਿਸ਼
ਗ਼ਜ਼ਬ ਦੀ ਇਹ ਕਸ਼ਿਸ਼ ਜੋ ਤੇਰੇ ਮੇਰੇ ਦਰਮਿਆਨ ਹੈ
ਗਰਦਿਸ਼ ਤੇਰੀ 'ਚ ਘੁੱਮਣਾ ਹੀ ਇਸ ਦਾ ਸਮਾਧਾਨ ਹੈ
*****************************
ਬੇਦਾਵਾ
April 2022
ਵੀਰ ਮੇਰੇ ਤੂੰ ਮੇਰੇ ਲਫ਼ਜ਼ਾਂ ਨੂੰ ਤਸਦੀਕ ਕਰਾ ਲਾ
ਜੋ ਮੈਂ ਕਹਿਨਾ ਉਸਦਾ ਇੱਕ ਪੱਕਾ ਅਸ਼ਟਾਮ ਬਣਾ ਲਾ
ਭਗਵਾ ਝੰਡੇ ਵਾਲ਼ਾ ਜੋ ਅੱਜ ਤੇਰਾ ਮਨ ਭਰਮਾਉਂਦਾ
ਮੈਨੂੰ ਦਿਸਦਾ ਭਲਕੇ ਇਹ ਘਰ ਤੇਰੇ ਆਤਿਸ਼ ਲਾਓਂਦਾ
ਵੇਖ ਜ਼ਰਾ ਤਾਂ ਮੋਢੀ ਹੈ ਜੋ ਉਸ ਦਾ ਕੀ ਹੈ ਖ਼ਾਕਾ
ਮਸਜਿਦ ਦੇ ਮੂਹਰੇ ਜੋ ਪਾਵੇ ਨਿੱਤ ਬੇਖੌਫ ਪਟਾਕਾ
ਕੋਤਵਾਲ ਦੀ ਬੁੱਕਲ਼ ਬਹਿ ਜੋ ਲੱਚਰ ਨਾਅਰੇ ਲਾਉਂਦਾ
ਨਹੀਓਂ ਲੱਗਦਾ ਕਦੇ ਵੀ ਇਹ ਤੇਰੀ ਭੈਣ ਦੀ ਅਣਖ ਬਚਾਉਂਦਾ
ਗੁੰਡਿਆਂ ਦੇ ਜਿਸ ਝੁਰਮਟ ਤੇ ਤੂੰ ਬੈਠਾ ਆਸਾਂ ਲਾਈ
ਬਣ ਮਲੇਛ ਜੀਹਨਾਂ ਨੇ ਹਰ ਤਹਿਜ਼ੀਬ ਹੈ ਬੈ ਕਰਵਾਈ
ਤੇਰੇ ਨਾਮ ਤੇ ਜ਼ੁਲਮ ਕਰੇ ਜੋ ਤੇਰਾ ਧਰਮ ਬਚਾਉਂਦਾ
ਹਰਗਿਜ਼ ਨਹੀਂ ਤੂੰ ਧੀ ਅਪਣੀ ਦਾ ਓਹਨੂੰ ਹੱਥ ਫੜਾਉਂਦਾ
ਜਿਸ ਕੂੜੇ ਨੂੰ ਅੱਖਾਂ ਮੀਚੀ ਬੈਠਾਂ ਜੱਫੀ ਪਾਈ
ਹੱਕ ਹਕੂਕ ਦੂਜੇ ਦਾ ਲੁੱਟਦਾ ਵੇਖ ਜਾਵੇਂ ਮੁਸਕਾਈ
ਖੁੰਝਿਆ ਵਕਤ ਤੂੰ ਯਾਦ ਹੈ ਕਰਨਾ ਬਹਿ ਕੇ ਮੇਰੇ ਭਾਈ
ਤੇਰੇ ਵੀ ਅਰਮਾਨਾਂ ਦੀ ਜਦ ਇਨ੍ਹਾਂ ਰੇਲ ਬਣਾਈ
ਤਰਕ ਵਿਤਰਕ ਨਾ ਜੀਹਦੇ ਪੱਲੇ ਕਰੇ ਤੇਰੀ ਅਗਵਾਈ
ਬੁਲਡੋਜ਼ਰ ਦੀ ਜੀਹਨਾਂ ਦੇ ਹੱਥ ਤੂੰ ਹੈ ਵਾਗ ਫੜਾਈ
ਕਿਸ ਦਰ ਤੇ ਤੂੰ ਜਾ ਕੇ ਉਸ ਦਿਨ ਦਵੇਂਗਾ ਫੇਰ ਦੁਹਾਈ
ਜਿਸ ਦਿਨ ਤੇਰੀ ਖਾਤਿਰ ਇਹ ਲਗੌੜ ਦੀ ਪਲਟਣ ਆਈ
ਮੇਰਾ ਮਕਸਦ ਨਹੀਂ ਹੈ ਕੋਈ ਵਾਦ ਵਿਵਾਦ ਕਰਨ ਦਾ
ਵੇਲ਼ਾ ਖੁੰਝਿਆ ਜਾਂਦਾ ਅਦਬ ਆਦਾਬ ਅਮਨ ਦਾ
ਮੇਰੀ ਜੇ ਇਹ ਜਿਰ੍ਹਾ ਤੈਨੂੰ ਲੱਗਦੀ ਕਿਚ ਕਿਚ ਪਾਈ
ਹਰ ਰਿਸ਼ਤੇ ਤੋਂ ਮੈਨੂੰ ਦੇ ਦੇ ਬੇਦਾਵਾ ਮੇਰੇ ਭਾਈ
************************
ਤਾਰਾਂ
April 2023
ਆਖ ਦਿਓ ਕੋਈ ਜਾ ਕੇ ਮਨ ਦੀ ਬਾਤ ਇਹ ਯਾਰਾਂ ਨੂੰ
ਛੇੜ ਕੇ ਲੰਘਦੀ ਯਾਦ ਅਜੇ ਵੀ ਦਿਲ ਦੀਆਂ ਤਾਰਾਂ ਨੂੰ
ਸੂਦ ਹੀ ਨਾ ਕਦੇ ਮੁੜਿਆ ਸਾਥੋਂ ਕੌਲ ਕਰਾਰਾਂ ਦਾ
ਦੂਣ ਸਵਾਏ ਵਧਦਾ ਕਰਜ਼ਾ ਹੈ ਦਿਲਦਾਰਾਂ ਦਾ
ਮੋੜ ਲਿਆਵੋ ਸਾਡੀਆਂ ਵਿਸਰੀਆਂ ਮਸਤ ਬਹਾਰਾਂ ਨੂੰ
ਆਖ ਦਿਓ ਕੋਈ ਜਾ ਕੇ ਮਨ ਦੀ ਬਾਤ ਇਹ ਯਾਰਾਂ ਨੂੰ
ਛੇੜ ਕੇ ਲੰਘਦੀ ਯਾਦ ਅਜੇ ਵੀ ਦਿਲ ਦੀਆਂ ਤਾਰਾਂ ਨੂੰ
ਕੋਈ ਤਾਂ ਮੰਗੋ ਲੇਖਾ ਸਾਥੋਂ ਪਿਆਰ ਉਧਾਰਾਂ ਦਾ
ਦੌਰ ਚਲਾਵੋ ਆ ਕੇ ਫਿਰ ਅੱਲ੍ਹੜ ਤਕਰਾਰਾਂ ਦਾ
ਯਾਦ ਕਰਾਈਏ ਇੱਕ ਦੂਜੇ ਦੀਆਂ ਅੱਲਾਂ ਛੇੜਾਂ ਨੂੰ
ਆਖ ਦਿਓ ਕੋਈ ਜਾ ਕੇ ਮਨ ਦੀ ਬਾਤ ਇਹ ਯਾਰਾਂ ਨੂੰ
ਛੇੜ ਕੇ ਲੰਘਦੀ ਯਾਦ ਅਜੇ ਵੀ ਦਿਲ ਦੀਆਂ ਤਾਰਾਂ ਨੂੰ
ਨਾਂ ਇੱਕ ਜ਼ਾਤ ਨਾ ਧਰਮ ਨਾ ਰਿਸ਼ਤਾ ਸਾਡਾ ਕੁੱਖਾਂ ਦਾ
ਫੇਰ ਵੀ ਗੰਢ ਲਿਆ ਅਸਾਂ ਨਾਤਾ ਸਕੇ ਭਰਾਵਾਂ ਦਾ
ਕਿੰਜ ਸਮਝਾਵਾਂ ਤੱਲਕ ਧਰਮ ਦੇ ਠੇਕੇਦਾਰਾਂ ਨੂੰ
ਆਖ ਦਿਓ ਕੋਈ ਜਾ ਕੇ ਮਨ ਦੀ ਬਾਤ ਇਹ ਯਾਰਾਂ ਨੂੰ
ਛੇੜ ਕੇ ਲੰਘਦੀ ਯਾਦ ਅਜੇ ਵੀ ਦਿਲ ਦੀਆਂ ਤਾਰਾਂ ਨੂੰ
********************************
ਮੇਰਾ ਗੋਬਿੰਦ
April 2022
ਨਾ ਕੋਈ ਆਖੋ ਮੀਰਾ ਮੈਨੂੰ
ਨਾ ਕੋਈ ਰਾਣੀ ਰੁਕਮਣੀ
ਮੇਰਾ ਕ੍ਰਿਸ਼ਨ ਘਨੱਈਆ ਗਵਾਲਾ
ਮੇਰਾ ਗੋਬਿੰਦ ਮੱਖਣ ਚੋਰ
ਨਾ ਮੇਰਾ ਗੋਬਿੰਦ ਗੋਰਾ ਚਿੱਟਾ
ਨਾ ਮੇਰਾ ਗੋਬਿੰਦ ਨਵਾਂ ਨਕੋਰ
ਮੈਲ਼ਾ ਕਾਲ਼ੀ ਚਮੜੀ ਵਾਲ਼ਾ
ਮੇਰਾ ਗੋਬਿੰਦ ਘਟਾ ਘਣਘੋਰ
ਨਾ ਓਹ ਰਾਜਾ ਨਾ ਪਰਤਾਪੀ
ਨਾ ਕੋਈ ਕੂਟਨੀਤ ਵਿਦਵਾਨ
ਨਾ ਓਹ ਯਮ੍ਹਲਾ ਨਾ ਓਹ ਕਮਲ਼ਾ
ਮੇਰਾ ਗੋਬਿੰਦ ਆਦਮ ਆਮ
ਨਾ ਉਹ ਯੋਧਾ ਚੱਕਰਧਾਰੀ
ਨਾ ਕੋਈ ਦੇਵ ਲੋਕ ਅਵਤਾਰੀ
ਭੋਲ਼ਾ ਨਟਖਟ ਕੁਝ ਮੂੰਹਜ਼ੋਰ
ਮੇਰਾ ਗੋਬਿੰਦ ਇਲਤ ਕਿਸ਼ੋਰ
ਨਾ ਓਹ ਵਿਸ਼ਨੂ ਨਾ ਓਹ ਬ੍ਰਹਮਾ
ਨਾ ਓਹ ਆਖੇ ਗਾਂ ਨੂੰ ਅੰਮਾ
ਨਾ ਓਹ ਈਸਾ ਨਾ ਓਹ ਮੂਸਾ
ਮੇਰਾ ਗੋਬਿੰਦ ਯਾਰ ਸੁਦਾਮਾ
ਨਾ ਓਹ ਜਾਹਲ ਨਾ ਆਚਾਰੀ
ਨਾ ਕੋਈ ਸੁਲਝਿਆ ਸੱਭਿਆਚਾਰੀ
ਨਾਂ ਓਹ ਅਹਿਮਕ ਨਾਂ ਵਿਦਵਾਨ
ਮੇਰਾ ਗੋਬਿੰਦ ਕਿਰਤੀ ਕਿਸਾਨ
ਨਾ ਓਹ ਹਿੰਦੂ ਨਾ ਓਹ ਮੁਸਲਿਮ
ਨਾ ਕਿਸੇ ਸਿੱਖੜੇ ਦੀ ਸੰਤਾਨ
ਨਾਂ ਓਹ ਦਾਤਾ ਨਾ ਸੁਲਤਾਨ
ਮੇਰਾ ਗੋਬਿੰਦ ਹੈ ਇਨਸਾਨ
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ