ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ
ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ
ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ ਨੂੰ ਪੰਜਾਬੀਆਂ ਨੇ ਸਦਾ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਹੈ। ਗਾਇਕ, ਨਚਾਰ, ਐਕਟਰ ਤੇ ਹੋਰ ਕਲਾਕਾਰ ਪੰਜਾਬੀ ਮਾਨਸਿਕਤਾ ਵਿੱਚ ਮੱਲਾਂ ਜਿਹਾ ਆਦਰ ਹਾਸਲ ਨਹੀਂ ਕਰ ਸਕੇ। ਮੱਲ ਦਾ ਮਤਲਬ ਹੁੰਦੈ, ਬਾਹੂਬਲ ਨਾਲ ਘੁਲਣ ਵਾਲਾ ਬਲਵਾਨ ਬੰਦਾ। ਉਹ ਹਥਿਆਰ ਤੋਂ ਬਿਨਾਂ ਹੀ ਵਿਰੋਧੀ ਨੂੰ ਚਿੱਤ ਕਰਦਾ ਹੈ। ਉਹ ਅਖਾੜੇ `ਚ ਜ਼ੋਰ ਕਰ ਕੇ ਆਪਣੇ ਜੁੱਸੇ ਨੂੰ ਏਨਾ ਤਾਕਤਵਰ ਬਣਾ ਲੈਂਦਾ ਹੈ ਕਿ ਉਸ ਦਾ ਜੁੱਸਾ ਹੀ ਹਥਿਆਰ ਬਣ ਜਾਂਦਾ ਹੈ। ਮੱਲਾਂ ਬਾਰੇ ਪ੍ਰੋ: ਕਰਮ ਸਿੰਘ ਤੇ ਪਹਿਲਵਾਨ ਮਿਹਰ ਦੀਨ ਨੇ ਬੜੇ ਸਿਫ਼ਤੀ ਟੱਪੇ ਜੋੜੇ ਨੇ:
-ਦੇਸ ਮਹਿਫ਼ਲਾਂ ਵਿਆਹ ਸ਼ਿੰਗਾਰਨੇ ਨੂੰ, ਬੰਦੇ ਮੱਲਾਂ ਦਾ ਸਾਥ ਬਣਾਂਵਦੇ ਨੇ।
ਮੱਲ ਖ਼ਾਸ ਸ਼ਿੰਗਾਰ ਹਨ ਸ਼ਹਿਨਸ਼ਾਹਾਂ, ਰੁਸਤਮ ਜਾਲ ਸੁਹਰਾਬ ਸਜਾਂਵਦੇ ਨੇ।
ਪਹਿਲਵਾਨਾਂ `ਤੇ ਰੱਬ ਦੀ ਮਿਹਰ ਸਿੱਧੀ, ਖ਼ੁਸ਼ਨਸੀਬੀਆਂ ਰੰਗ ਵਿਖਾਂਵਦੇ ਨੇ।
ਪਹਿਲਵਾਨ ਪਹਾੜ ਨੇ ਹਿੰਮਤਾਂ ਦੇ, ਘੁਲਣਾ ਜ਼ਿੰਦਗੀ ਨਾਲ ਸਿਖਾਂਵਦੇ ਨੇ।
-ਕਿੱਕਰ, ਕੱਲੂ, ਗ਼ੁਲਾਮ, ਇਮਾਮ, ਗਾਮਾ, ਛੱਡ ਗਏ ਜਹਾਨ ਨਿਸ਼ਾਨੀਆਂ ਨੇ।
ਜ਼ਰਾ ਗੌਰ ਕਰਨਾ ਸਿਆਣੇ ਆਖਦੇ ਨੇ, ਬਹੁਤ ਔਖੀਆਂ ਇਹ ਭਲਵਾਨੀਆਂ ਨੇ।
ਇਕ ਸਮਾਂ ਸੀ ਜਦੋਂ ਮੱਲਾਂ ਦੀਆਂ ਗੱਲਾਂ ਪੰਜਾਬ ਦੀ ਹਵਾ `ਚ ਤਾਰੀ ਸਨ। ਮਿੱਟੀ ਦੇ ਅਖਾੜਿਆਂ ਵਿੱਚ ਮੱਲਾਂ ਦੇ ਜ਼ੋਰ ਹੁੰਦੇ। ਮੇਲਿਆਂ ਵਿੱਚ ਛਿੰਝਾਂ ਪੈਂਦੀਆਂ ਤੇ ਪਰ੍ਹਿਆਂ `ਚ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ। ਉਨ੍ਹਾਂ ਦੇ ਅਖਾੜਿਆਂ `ਚ ਕੀਤੇ ਜ਼ੋਰ ਤੇ ਘੁਲੇ ਘੋਲਾਂ ਦੇ ਕਿੱਸੇ ਛਿੜਦੇ। ਭਲਵਾਨਾਂ ਦੇ ਮਾਰੇ ਦਾਅ, ਕੀਤੀਆਂ ਝੰਡੀਆਂ ਤੇ ਜਿੱਤੀਆਂ ਗੁਰਜਾਂ ਦੀਆਂ ਬਾਤਾਂ ਪੈਂਦੀਆਂ। ਕੁਸ਼ਤੀ ਸਦੀਆਂ ਪੁਰਾਣੀ ਖੇਡ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਵਰ੍ਹੇ ਪਹਿਲਾਂ ਤਕ ਦਾ ਖੋਜਿਆ ਗਿਆ ਹੈ। ਮੈਸੇਪੋਟਾਮੀਆ ਵਿਚੋਂ 3000 ਪੂ: ਈ: ਦੀ ਬਣੀ ਤਾਂਬੇ ਦੀ ਇੱਕ ਤਸ਼ਤਰੀ ਮਿਲੀ ਹੈ ਜਿਸ ਉਤੇ ਦੋ ਪਹਿਲਵਾਨ ਕੁਸ਼ਤੀ ਕਰਦੇ ਉਕਰੇ ਹੋਏ ਹਨ। ਮਿਸਰ ਵਿੱਚ ਨੀਲ ਨਦੀ ਦੇ ਕੰਢੇ ਬੇਨੀ ਹਸਨ ਦੇ ਇੱਕ ਮਕਬਰੇ ਦੀਆਂ ਕੰਧਾਂ ਉਤੇ ਕੁਸ਼ਤੀ ਕਰਦੇ ਮੱਲਾਂ ਦੇ ਚਿੱਤਰ ਵਾਹੇ ਮਿਲਦੇ ਹਨ। ਇਨ੍ਹਾਂ ਚਿੱਤਰਾਂ ਦੀ ਉਮਰ ਸਾਢੇ ਚਾਰ ਹਜ਼ਾਰ ਸਾਲ ਅੰਕੀ ਗਈ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗ ਵੇਦ, ਰਾਮਾਇਣ ਤੇ ਮਹਾਂਭਾਰਤ ਵਿੱਚ ਵੀ ਕੁਸ਼ਤੀਆਂ ਦਾ ਜ਼ਿਕਰ ਆਉਂਦਾ ਹੈ। ਚੀਨ `ਚ 700 ਪੂ: ਈ: `ਚ ਕੁਸ਼ਤੀ ਪ੍ਰਚਲਤ ਸੀ।
ਯੂਨਾਨ ਦੇ ਮਹਾਂਕਵੀ ਹੋਮਰ ਨੇ ਆਪਣੇ ਮਹਾਂਕਾਵਿ ਇਲੀਅਦ ਵਿੱਚ ਓਡੀਸਸ ਤੇ ਅਜੈਕਸ ਦੀਆਂ ਕੁਸ਼ਤੀਆਂ ਦਾ ਵਰਣਨ ਕੀਤਾ ਹੈ। 704 ਪੂ: ਈ: `ਚ ਪੁਰਾਤਨ ਓਲੰਪਿਕ ਖੇਡਾਂ ਦੀ ਅਠਾਰਵੀਂ ਓਲਿੰਪੀਅਦ ਵਿੱਚ ਕਰੋਟੋਨ ਦਾ ਦਿਓ ਕੱਦ ਪਹਿਲਵਾਨ ਮੀਲੋ ਓਲੰਪਿਕ ਚੈਂਪੀਅਨ ਬਣਿਆ ਸੀ। ਮਿੱਥ ਹੈ ਕਿ ਉਹ ਮੁੱਕਾ ਮਾਰ ਕੇ ਸਾਨ੍ਹ ਨੂੰ ਮਾਰ ਦਿੰਦਾ ਸੀ। ਭਾਰਤ `ਚ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਕੁਸ਼ਤੀਆਂ ਸ਼ੁਰੂ ਹੋ ਚੁੱਕੀਆਂ ਸਨ। ਭੀਮ ਸੈਨ ਤੇ ਬਲ ਰਾਮ ਜੋਧੇ ਵੀ ਸਨ ਤੇ ਪਹਿਲਵਾਨ ਵੀ ਸਨ। ਮਿਥਿਹਾਸ ਹੈ ਕਿ ਭੀਮ ਸੈਨ ਦੇ ਅਸਮਾਨਾਂ `ਚ ਵਗਾਹੇ ਹਾਥੀ ਹਾਲੇ ਤਕ ਨਹੀਂ ਮੁੜੇ। ਇਰਾਨ ਦੇ ਰੁਸਤਮ ਤੇ ਸੋਹਰਾਬ ਦੈਵੀ ਸ਼ਕਤੀਆਂ ਵਾਲੇ ਪਹਿਲਵਾਨ ਸਨ। ਸ਼ਾਹਨਾਮਾ ਫਿਰਦੌਸੀ ਉਨ੍ਹਾਂ ਦੀ ਸੂਰਮਗਤੀ ਦੀਆਂ ਵਾਰਾਂ ਨਾਲ ਭਰਿਆ ਪਿਆ ਹੈ। ਕਹਿੰਦੇ ਹਨ ਕਿ ਰੁਸਤਮ ਦੀ ਗੁਰਜ ਅੱਠ ਬੰਦੇ ਮਸੀਂ ਚੁੱਕਦੇ ਸਨ।
ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੇ ਅਖਾੜੇ `ਚ ਮੱਲਾਂ ਦਾ ਜ਼ੋਰ ਕਰਵਾਇਆ ਕਰਦੇ ਸਨ। ਉਸ ਜਗ੍ਹਾ ਹੁਣ ਗੁਰਦਵਾਰਾ ਮੱਲ ਅਖਾੜਾ ਸਾਹਿਬ ਸੁਭਾਇਮਾਨ ਹੈ:
-ਘੋਟਾ ਕੂੰਡਾ ਬਦਾਮ ਲੰਗੋਟ ਲੈਣੇ ਜੋ ਭਲਵਾਨੀ ਦਾ ਮੁੱਢੋਂ ਦਸਤੂਰ ਹੈ ਜੇ।
ਓਥੇ ਜਾਂਦਿਆਂ `ਖਾੜਾ ਗੁਡਵਾ ਲੈਣਾ ਅੰਗਦ ਸਾਹਿਬ ਜਿਓਂ ਵਿੱਚ ਖਡੂਰ ਹੈ ਜੇ।
ਮੁਗ਼ਲਾਂ ਦੇ ਆਉਣ ਨਾਲ ਹਿੰਦੁਸਤਾਨ ਵਿੱਚ ਕੁਸ਼ਤੀ ਕਲਾ ਨੂੰ ਤਕੜਾ ਹੁਲ੍ਹਾਰਾ ਮਿਲਿਆ। ਬਾਬਰ ਖ਼ੁਦ ਤਕੜਾ ਪਹਿਲਵਾਨ ਸੀ। ਹਿੰਦ ਵਿੱਚ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰਉਦੀਨ ਨੂੰ ਮੰਨਿਆ ਜਾਂਦਾ ਹੈ। ਦੰਦ ਕਥਾ ਤੁਰੀ ਆਉਂਦੀ ਹੈ ਕਿ ਉਹ ਨਿੱਤ ਪੰਜ ਹਜ਼ਾਰ ਡੰਡ ਤੇ ਪੰਜ ਹਜ਼ਾਰ ਬੈਠਕਾਂ ਕੱਢਦਾ ਸੀ ਤੇ ਘੰਟਿਆਂ ਬੱਧੀ ਖੂਹ ਗੇੜਦਾ ਸੀ। ਖ਼ਲੀਫ਼ਾ ਅਬਦੁੱਰਹੀਮ ਨੇ ਰਾਹ ਜਾਂਦਿਆਂ ਰੁੱਖ ਪੁੱਟ ਦਿੱਤਾ ਸੀ ਜਿਥੇ ਹਰ ਸਾਲ ਮੇਲਾ ਲੱਗਦਾ ਹੈ ਤੇ ਭਲਵਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਜਾਂਦੇ ਹਨ।
ਖ਼ਲੀਫ਼ਾ ਚਰਾਗਉਦੀਨ ਦੇਵੇ ਹਿੰਦ ਸਾਢੇ ਸੱਤ ਫੁੱਟਾ ਸੀ ਤੇ ਰਮਜ਼ੀ ਅੱਠ ਫੁੱਟਾ ਭਲਵਾਨ ਸੀ। ਉਹਨਾਂ ਨੂੰ ਛਿੰਝਾਂ `ਤੇ ਲਿਜਾਂਦਿਆਂ ਘੋੜੀਆਂ ਬਦਲਣੀਆਂ ਪੈਂਦੀਆਂ ਸਨ। ਬਾਬਾ ਫਤਿਹ ਸਿੰਘ ਨੇ ਖੂਹ `ਚ ਡਿੱਗੀ ਡਾਚੀ `ਕੱਲੇ ਨੇ ਹੀ ਬਾਹਰ ਖਿੱਚ ਲਈ ਸੀ। ਪਹਿਲਵਾਨ ਅਲੀਏ ਨੇ ਜੂਲੇ ਜੁੜ ਕੇ ਖੁੱਭਿਆ ਗੱਡਾ ਕੱਢ ਦਿੱਤਾ ਸੀ। ਬਲਬੀਰ ਸਿੰਘ ਕੰਵਲ ਨੇ ‘ਭਾਰਤ ਦੇ ਪਹਿਲਵਾਨ’ ਪੁਸਤਕ ਵਿੱਚ ਮੱਲਾਂ ਦੀਆਂ ਮੂੰਹੋਂ ਮੂੰਹ ਤੁਰੀਆਂ ਆਉਂਦੀਆਂ ਗੱਲਾਂ ਦਰਜ ਕੀਤੀਆਂ ਹਨ। ਪਹਿਲਵਾਨਾਂ ਦੇ ਸਾਬਤੇ ਬੱਕਰੇ ਖਾਣ, ਵੀਹ ਵੀਹ ਸੇਰ ਮਾਸ ਦੀਆਂ ਯਖਣੀਆਂ ਪੀਣ, ਧੜੀ ਧੜੀ ਦੁੱਧ ਤੇ ਸੇਰ ਸੇਰ ਘਿਉ ਇਕੋ ਚਿੱਘੀ ਪੀ ਜਾਣ ਦੀਆਂ ਗੱਲਾਂ ਨਾਲ ਪੁਸਤਕ ਭਰੀ ਪਈ ਹੈ।
ਸਦੀਕਾ ਅੰਬਰਸਰੀਆ ਵੀ ਬਹੁਤ ਤਕੜਾ ਪਹਿਲਵਾਨ ਸੀ। ਮਹਾਰਾਜਾ ਸ਼ੇਰ ਸਿੰਘ ਨੂੰ ਕੁਸ਼ਤੀਆਂ ਦਾ ਬੜਾ ਸ਼ੌਕ ਸੀ ਤੇ ਉਹ ਖ਼ੁਦ ਮੂੰਗਲੀਆਂ ਫੇਰਦਾ ਹੁੰਦਾ ਸੀ। ਜਿੱਦਣ ਸੰਧਾਵਾਲੀਆਂ ਨੇ ਸ਼ੇਰ ਸਿੰਘ ਦੇ ਗੋਲੀ ਮਾਰੀ ਉੱਦਣ ਮਹਾਰਾਜਾ ਸ਼ਾਹ ਬਲਾਵਲ ਦੇ ਮਕਬਰੇ ਲਾਗੇ ਸਦੀਕੇ ਦਾ ਭੁਚਾਲ ਨਾਲ ਘੋਲ ਵੇਖ ਕੇ ਫੌਜ ਦੀ ਸਲਾਮੀ ਲੈ ਰਿਹਾ ਸੀ। ਸਦੀਕੇ ਬਾਰੇ ਕਿਹਾ ਜਾਂਦੈ ਕਿ ਉਹ ਮੌਰਾਂ ਉਤੇ ਝੋਟੇ ਨੂੰ ਚੁੱਕ ਕੇ ਇੱਕ ਮੀਲ ਤੁਰ ਸਕਦਾ ਸੀ। ਇੱਕ ਵਾਰ ਖੋਤੇ ਦੇ ਸਿਰ `ਚ ਅਜਿਹਾ ਮੁੱਕਾ ਮਾਰਿਆ ਕਿ ਖੋਤਾ ਥਾਏਂ ਮਰ ਗਿਆ। ਲਾਹੌਰ ਦੇ ਬੂਟੇ ਭਲਵਾਨ `ਚ ਹਾਥੀ ਜਿੰਨਾ ਜ਼ੋਰ ਸੀ ਜਿਸ ਨੂੰ ਕਿੱਕਰ ਸਿੰਘ ਨੇ ਉਸਤਾਦ ਧਾਰਿਆ। ਕਿੱਕਰ ਸਿੰਘ ਦਾ ਕੱਦ ਸੱਤ ਫੁੱਟ ਤੇ ਭਾਰ ਸਾਢੇ ਸੱਤ ਮਣ ਸੀ। ਉਹ ਗਲ `ਚ ਦੋ ਮਣ ਦਾ ਪੁੜ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਪਿੰਡ ਤਕ ਦੌੜਿਆ ਕਰਦਾ ਸੀ ਜਿਸ ਕਰਕੇ ਉਹਦੀ ਧੌਣ ਉਤੇ ਕੰਨ੍ਹਾ ਪਿਆ ਹੋਇਆ ਸੀ। ਕਦੇ ਕਦੇ ਕਿੱਕਰ ਸਿੰਘ ਹਾਸਾ ਮਖੌਲ ਵੀ ਕਰ ਲੈਂਦਾ ਸੀ। ਉਹ ਮਿਲਣ ਗਿਲਣ ਆਏ ਸ਼ੁਕੀਨ ਦੇ ਚਾਦਰੇ ਦਾ ਲੜ ਖਿੱਚ ਦਿੰਦਾ ਤੇ ਕਹਿੰਦਾ, “ਲੈ ਪਈ ਜੁਆਨਾਂ, ਤੇਰਾ ਮਾਲ ਮੱਤਾ ਡਿੱਗ ਚੱਲਿਆ ਈ!”
ਆਪਣੇ ਅੜਬ ਸੁਭਾਅ ਕਾਰਨ ਕਿੱਕਰ ਸਿੰਘ ਵਿਦੇਸ਼ਾਂ ਵਿੱਚ ਕੁਸ਼ਤੀ ਲੜਨ ਨਾ ਜਾ ਸਕਿਆ। 1889 `ਚ ਪੰਡਤ ਮੋਤੀ ਲਾਲ ਨਹਿਰੂ ਨੇ ਪੈਰਿਸ ਦੀ ਨੁਮਾਇਸ਼ `ਤੇ ਜਾਣਾ ਸੀ ਜਿਥੇ ਕੁਸ਼ਤੀਆਂ ਵੀ ਹੋਣੀਆਂ ਸਨ। ਉਸ ਨੇ ਕਿੱਕਰ ਸਿੰਘ ਨੂੰ ਨਾਲ ਚੱਲਣ ਲਈ ਕਿਹਾ ਪਰ ਉਹ ਅਗਾਊਂ ਇੱਕ ਲੱਖ ਰੁਪਿਆ ਲੈਣ ਲਈ ਅੜ ਗਿਆ। ਅਖ਼ੀਰ ਨਹਿਰੂ ਨੇ ਪਹਿਲਵਾਨ ਗ਼ੁਲਾਮ ਨੂੰ ਨਾਲ ਤੋਰ ਲਿਆ ਜਿਸ ਨੇ ਪੈਰਿਸ ਵਿੱਚ ਰੁਸਤਮੇ ਜ਼ਮਾਂ ਦਾ ਖ਼ਿਤਾਬ ਜਿੱਤਿਆ ਜੋ ਕਿੱਕਰ ਸਿੰਘ ਨੇ ਵੀ ਜਿੱਤ ਜਾਣਾ ਸੀ। ਗ਼ੁਲਾਮ ਕੱਲੂ ਦਾ ਵੱਡਾ ਭਰਾ ਸੀ ਜੋ ਏਨਾ ਨਿਮਰ ਸੀ ਕਿ ਹਰ ਆਏ ਗਏ ਨੂੰ ਆਖਦਾ, “ਮੈਂ ਹੀ ਤੁਹਾਡਾ ਗ਼ੁਲਾਮ ਆਂ, ਸੇਵਾ ਦੱਸੋ।” ਕਲਕੱਤੇ ਦੀ ਮਸ਼ਹੂਰ ਗਾਇਕਾ ਗੌਹਰ ਜਾਨ ਗ਼ੁਲਾਮ `ਤੇ ਮਰਦੀ ਸੀ ਪਰ ਗ਼ੁਲਾਮ ਦੇ ਦਿਲ ਵਿੱਚ ਮੈਲ ਨਹੀਂ ਸੀ। ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਕੁਸ਼ਤੀ ਲੜਨ ਜਾਂਦਾ ਸੀ ਤੇ ਮੁੜ ਕੇ ਸ਼ੁਕਰਾਨਾ ਕਰਨ ਆਉਂਦਾ ਸੀ।
ਗ਼ੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀ। ਉਹਨੇ ਪੇਲੜੇ ਭਲਵਾਨ ਦੇ ਪੁੱਤਰ ਕਰੀਮ ਨੂੰ ਤਨਜ਼ ਮਾਰੀ ਸੀ ਕਿ ਔਹ ਪੇਲੜੇ ਦੀ ਬੁਲਬੁਲ ਚੱਲੀ ਏ। ਫਿਰ ਉਹੀ ਕਰੀਮ ਬਖ਼ਸ਼ 1992 `ਚ ਇੰਗਲੈਂਡ ਦੇ ਟਾਮ ਕੈਨਨ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣਿਆ। ਕੱਲੂ ਨੇ ਮੰਨ੍ਹੀ ਪਹਿਲਵਾਨ ਰੈਣੀ ਵਾਲੇ ਨੂੰ ਲਾਹੌਰੀਆਂ ਦੀ ਬੁਲਬੁਲ ਕਹਿ ਕੇ ਗਲ ਪੁਆ ਲਿਆ ਸੀ ਤੇ ਚੰਗੀ ਖੁੰਭ ਠਪਾਈ ਸੀ। ਮੰਨ੍ਹੀ ਦੀਆਂ ਉਂਗਲਾਂ ਸਰੀਏ ਵਰਗੀਆਂ ਸਨ ਜਿਸ ਕਰਕੇ ਜਿਥੇ ਹੱਥ ਪਾਉਂਦਾ ਸੀ ਜੰਬੂਰ ਵਾਂਗ ਮਾਸ ਉਧੇੜ ਦਿੰਦਾ ਸੀ। ਉਹ ਬਾਈ ਸਾਲ ਦੀ ਉਮਰ ਵਿੱਚ ਮਰ ਗਿਆ ਅਤੇ ਗੁੰਗਾ ਤੇ ਹਮੀਦਾ ਵੀ ਜੁਆਨ ਉਮਰ `ਚ ਮਰੇ। ਗੁੰਗਾ ਅੰਮ੍ਰਿਤਸਰੋਂ ਲਾਹੌਰ ਨੂੰ ਬੱਸ ਚੜ੍ਹਿਆ ਸੀ ਤੇ ਅਗਲੀ ਸੀਟ `ਤੇ ਬੈਠਾ ਸੀ। ਅੱਗੋਂ ਇੱਕ ਬੱਚੀ ਸੜਕ `ਤੇ ਭੁਕਾਨਾ ਉਡਾਉਂਦੀ ਆ ਗਈ। ਗੁੰਗੇ ਨੇ ਬੱਚੀ ਦੀ ਜਾਨ ਬਚਾਉਣ ਲਈ ਉੱਚੀ ਦੇਣੇ ਆਂ ਆਂ ਕੀਤੀ। ਘਬਰਾਹਟ `ਚ ਡਰਾਈਵਰ ਤੋਂ ਬੱਸ ਟਾਹਲੀ ਨਾਲ ਜਾ ਵੱਜੀ ਤੇ ਗੁੰਗਾ ਗੰਭੀਰ ਜ਼ਖ਼ਮੀ ਹੋ ਗਿਆ। ਉਥੋਂ ਉਸ ਨੂੰ ਹਸਪਤਾਲ ਲੈ ਗਏ ਪਰ ਉਹ ਬਚ ਨਾ ਸਕਿਆ। ਗੁੰਗੇ ਦੇ ਵਿਯੋਗ ਵਿੱਚ ਉਹਦਾ ਪਹਿਲਵਾਨ ਪਿਓ ਗਾਮੂੰ ਰੋ ਰੋ ਕੇ ਅੰਨ੍ਹਾਂ ਹੋ ਗਿਆ ਤੇ ਛੇਤੀ ਮਰ ਗਿਆ।
ਗਾਮੇ ਦਾ ਕੱਦ ਤਾਂ ਪੰਜ ਫੁੱਟ ਸੱਤ ਇੰਚ ਸੀ ਪਰ ਭਾਰ 250 ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ। ਉਹ 1910 ਵਿੱਚ ਲੰਡਨ ਗਿਆ ਤੇ ਜਾਨ੍ਹ ਬੁੱਲ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਵਿਸ਼ਵ ਵਿਜੇਤਾ ਬਣਿਆ। ਉਹ ਮਹਾਰਾਜਾ ਪਟਿਆਲਾ ਦਾ ਪਹਿਲਵਾਨ ਸੀ ਜੋ ਦੇਸ਼ ਦੀ ਵੰਡ ਪਿਛੋਂ ਲਾਹੌਰ ਚਲਾ ਗਿਆ। ਉਥੇ ਉਹ 23 ਮਈ 1960 ਨੂੰ ਬੜੀ ਮੰਦੀ ਹਾਲਤ ਵਿੱਚ ਗੁਜ਼ਰਿਆ। ਉਸ ਨੇ 1928 `ਚ ਵਿਸ਼ਵ ਚੈਂਪੀਅਨ ਜ਼ਬਿਸਕੋ ਨੂੰ ਤੇ 1929 `ਚ ਸਵੀਡਨ ਦੇ ਨਾਮੀ ਪਹਿਲਵਾਨ ਪੀਟਰਸਨ ਨੂੰ ਪਟਿਆਲੇ ਵਿੱਚ ਪਟਕਾ ਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਸੀ। ਉਹਦਾ ਭਰਾ ਇਮਾਮ ਬਖ਼ਸ਼ ਵੀ ਬੜਾ ਤਕੜਾ ਪਹਿਲਵਾਨ ਹੋ ਗੁਜ਼ਰਿਆ ਜੀਹਨੂੰ ਇੱਕ ਵਾਰ ਦੌਧਰੀਏ ਗੁਰਬਖ਼ਸ਼ੇ ਨੇ ਵੰਗਾਰਿਆ ਪਰ ਉਹਨਾਂ ਦਾ ਘੋਲ ਨਾ ਹੋ ਸਕਿਆ। ਗੁੱਜਰਾਂਵਾਲੇ ਦਾ ਗਾਮਾ ਸਣੇ ਸਵਾਰੀਆਂ ਯੱਕਾ ਮੋਢਿਆਂ `ਤੇ ਚੁੱਕ ਲੈਂਦਾ ਸੀ ਜਿਸ ਕਰਕੇ ਲੋਕ ਉਸ ਨੂੰ ਯੱਕਾ ਭਲਵਾਨ ਕਹਿਣ ਲੱਗ ਪਏ ਸਨ।
ਦਾਰੇ ਦੁਲਚੀਪੁਰੀਏ ਨੂੰ ਜੇਲ੍ਹ `ਚੋਂ ਹੱਥਕੜੀਆਂ ਲਾ ਕੇ ਅਖਾੜੇ ਵਿੱਚ ਲਿਆਂਦਾ ਜਾਂਦਾ ਸੀ ਤੇ ਕੁਸ਼ਤੀ ਲੜਾਉਣ ਪਿੱਛੋਂ ਮੁੜ ਹੱਥਕੜੀਆਂ ਲਾ ਲਈਆਂ ਜਾਂਦੀਆਂ ਸਨ। ਉਹ ਕਤਲ ਦੇ ਜੁਰਮ ਵਿੱਚ ਸਜ਼ਾ ਭੁਗਤ ਰਿਹਾ ਸੀ। ਰੂਸ ਦੇ ਬੁਲਗਾਨਿਨ ਨੇ ਦਿੱਲੀ ਲਾਗੇ ਸੋਨੀਪਤ `ਚ ਉਹਦੀ ਕੁਸ਼ਤੀ ਵੇਖ ਕੇ ਉਹਦੇ `ਤੇ ਰਹਿਮ ਕਰਨ ਨੂੰ ਕਿਹਾ ਤਾਂ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਾਰੇ ਦੀ ਸਜ਼ਾ ਮੁਆਫ਼ ਕਰਾਉਣ `ਚ ਮਦਦ ਕੀਤੀ। ਫਿਰ ਉਹ ਫਿਲਮਾਂ `ਚ ਕਿੰਗਕਾਂਗ ਨਾਲ ਕੁਸ਼ਤੀਆਂ ਵਿਖਾਉਣ ਲੱਗਾ। ਰਾਮਾਇਣ `ਚ ਹਨੂਮਾਨ ਦਾ ਰੋਲ ਕਰਨ ਵਾਲਾ ਤੇ ਰਾਜ ਸਭਾ ਦਾ ਮੈਂਬਰ ਬਣਿਆ ਦਾਰਾ ਸਿੰਘ ਦੂਜਾ ਹੈ। ਉਹ ਵੱਡੇ ਦਾਰੇ ਨਾਲੋਂ ਦਸ ਸਾਲ ਛੋਟਾ ਹੈ। ਉਨ੍ਹਾਂ ਦੋਹਾਂ ਨੇ ਫਿਲਮ ਸੈਮਸਨ ਵਿੱਚ ਕੁਸ਼ਤੀ ਵਿਖਾਈ ਸੀ। ਦੂਜਾ ਦਾਰਾ ਫਰੀ ਸਟਾਈਲ ਕੁਸ਼ਤੀਆਂ ਦਾ ਰੁਸਤਮੇ ਜ਼ਮਾਂ ਰਿਹਾ ਤੇ ਕਈ ਫਿਲਮਾਂ ਦਾ ਨਿਰਮਾਤਾ ਹੈ। ਵੱਡਾ ਦਾਰਾ ਦੁਲਚੀਪੁਰ ਦਾ ਸਿੱਧੂ ਜੱਟ ਸੀ ਤੇ ਛੋਟਾ ਦਾਰਾ ਧਰਮੂਚੱਕ ਦਾ ਰੰਧਾਵਾ ਜੱਟ ਹੈ। ਵੱਡੇ ਦਾ ਕੱਦ ਛੇ ਫੁੱਟ ਸੱਤ ਇੰਚ ਸੀ ਤੇ ਛੋਟੇ ਦਾ ਛੇ ਫੁੱਟ ਦੋ ਇੰਚ ਹੈ। ਹੁਣ ਸੁਰ ਸਿੰਘ ਦਾ ਕਰਤਾਰ ਸਿੰਘ ਆਪਣੀ ਉਮਰ ਦਾ ਵਿਸ਼ਵ ਚੈਂਪੀਅਨ ਹੈ। ਨਾਮੀ ਇਨਾਮੀ ਪਹਿਲਵਾਨਾਂ ਦੀ ਲੜੀ ਬਹੁਤ ਲੰਮੀ ਹੈ ਤੇ ਉਨ੍ਹਾਂ ਦੀਆਂ ਗੱਲਾਂ ਦਾ ਵੀ ਅੰਤ ਨਹੀਂ।
ਵੀਹਵੀਂ ਸਦੀ ਦੇ ਪਹਿਲੇ ਅੱਧ ਤਕ ਪੰਜਾਬ ਦਾ ਸ਼ਾਇਦ ਹੀ ਕੋਈ ਸ਼ਹਿਰ ਗਰਾਂ ਹੋਵੇ ਜਿਥੇ ਜ਼ੋਰ ਕਰਨ ਲਈ ਅਖਾੜੇ ਨਾ ਹੋਣ। ਕੁਸ਼ਤੀ ਨਾਲ ਸੰਬੰਧਿਤ ਅਨੇਕਾਂ ਕਹਾਵਤਾਂ ਤੇ ਮੁਹਾਵਰੇ ਪੰਜਾਬੀ ਵਿੱਚ ਪ੍ਰਚਲਤ ਹਨ। ਪੰਜਾਬੀ ਲੋਕ ਪਹਿਲਵਾਨਾਂ ਦੇ ਕਿੱਸੇ ਗਾਉਂਦੇ ਤੇ ਸੁਣਦੇ ਰਹੇ ਹਨ। ਕਰਮ ਸਿੰਘ ਦਾ ਬੰਦ ਹੈ:
-ਮੱਲ ਦੇਸ਼ ਤੇ ਦੁਨੀ ਦੀ ਸ਼ਾਨ ਹੁੰਦੇ, ਜਿਥੇ ਜੰਮੇ ਜਾਏ ਸ਼ਹਿਰਾਂ ਗਾਮਾਂ ਦੀ ਜੇ।
ਜ਼ੋਰ ਰੱਜਵੇਂ ਖੁੱਲ੍ਹੀ ਖੁਰਾਕ ਮੱਲਾਂ, ਢੇਰਾਂ ਦੁੱਧਾਂ ਤੇ ਘਿਓ ਬਦਾਮਾਂ ਦੀ ਜੇ।
ਹੋਣ ਉਂਗਲਾਂ ਪੂਰਨ ਤੇ ਜਾਣ ਚੰਨਣ, ਵੇਖੇ ਜਾਂਦੇ ਮੈਂ ਮੰਡੀ ਸੁਨਾਮਾਂ ਦੀ ਜੇ।
ਹਰਨ ਵਿੱਚ ਡਰਾਂ ਕਰਮ ਮੱਲ ਤੁਰਦੇ, ਦਾਉਗੀਰਾਂ ਦੀ ਮੱਲੀ ਵਰਿਆਮਾ ਦੀ ਜੇ।
ਕਿੱਸਾਕਾਰ ਰੀਟਾ ਦੀਨ ਲਿਖਦਾ ਹੈ:
-ਮੱਖਣ ਮਲਾਈ ਤਿਓੜ ਪੀਣ ਯਖਣੀ, ਇੱਜ਼ਤ, ਵਡਿਆਈ ਸਾਂਭ ਸਾਂਭ ਰੱਖਣੀ।
ਮਾਵਾਂ ਭੈਣਾਂ ਦੇਖ ਘੱਤਦੇ ਨੇ ਨੀਵੀਆਂ, ਮੱਲਾਂ, ਸਾਧਾਂ, ਸੂਰਿਆਂ ਨੂੰ ਪੱਟਣ ਤੀਵੀਆਂ।
ਸਰੜ ਸਰੜ ਯਾਰੋ ਡੰਡ ਕੱਢਦੇ, ਪੱਟਾਂ ਦੇ ਸ਼ਪੱਟੇ ਹਾੜ੍ਹੀ ਜੱਟ ਵੱਢਦੇ।
ਬੈਠਕਾਂ ਤੇ ਡੰਡ ਯਾਰੋ ਖ਼ੂਬ ਪੇਲਦੇ, ਪਾਸੇ ਹੋ ਕੇ ਵੇਖੋ ਜਾਂ ਇੰਜਣ ਰੇਲ ਦੇ।
ਰੀਟੇ ਦੀਨਾ ਮੱਲਾਂ ਦੀਆਂ ਸੁਣਾਵਾਂ ਗੱਲਾਂ ਜੀ, ਨਦੀਆਂ ਤੇ ਹੰਸ ਸ਼ੇਰ ਵਿੱਚ ਝੱਲਾਂ ਜੀ।
ਹੁਣ ਕਬੱਡੀ ਦੇ ਟੂਰਨਾਮੈਂਟ ਵਧੇਰੇ ਹੁੰਦੇ ਹਨ ਜਦ ਕਿ ਪਹਿਲਾਂ ਛਿੰਝਾਂ ਵਧੇਰੇ ਪੈਂਦੀਆਂ ਸਨ। ਪਿੰਡਾਂ ਦੇ ਲੋਕ ਆਪੋ ਆਪਣੇ ਮੱਲ ਪਾਲਦੇ ਸਨ। ਆਪਣੇ ਪਿੰਡਾਂ ਦੇ ਪਹਿਲਵਾਨਾਂ ਨਾਲ ਟੋਲੀਆਂ ਦੀਆਂ ਟੋਲੀਆਂ ਛਿੰਝਾਂ `ਤੇ ਜਾਂਦੀਆਂ। ਮੈਂ ਬਚਪਨ `ਚ ਉਨ੍ਹਾਂ ਛਿੰਝਾਂ ਦੇ ਨਜ਼ਾਰੇ ਖ਼ੁਦ ਤੱਕੇ ਨੇ। ਦੂਰੋਂ ਢੋਲ ਵੱਜਦੇ ਸੁਣ ਕੇ ਈ ਪਤਾ ਲੱਗ ਜਾਂਦਾ ਸੀ ਕਿ ਅਖਾੜਾ ਬੱਝ ਰਿਹੈ ਜਾਂ ਘੋਲ ਚੱਲ ਪਏ ਨੇ? ਢੋਲਾਂ ਦੀ ਤਾਲ ਈ ਦੱਸ ਦਿੰਦੀ ਸੀ ਕਿ ਛਿੰਝ ਕਿਸ ਪੜਾਅ ਉਤੇ ਹੈ? ਉਨ੍ਹੀਂ ਦਿਨੀਂ ਮੱਲ ਦਰਸ਼ਕਾਂ ਦੇ ਸਾਹਮਣੇ ਹੀ ਚਾਦਰੇ ਦੀ ਬੁੱਕਲ ਓੜ ਕੇ ਜਾਂਘੀਏ ਬੰਨ੍ਹਦੇ ਤੇ ਲੰਗੋਟ ਲਾਉਂਦੇ। ਫਿਰ ਜੈ ਅਲੀ ਤੇ ਜੈ ਬਲੀ ਕਰਦੇ ਅਖਾੜੇ ਵੱਲ ਵਧਦੇ। ਉਨ੍ਹਾਂ ਦੇ ਤੇਲ ਨਾਲ ਗੁੰਨ੍ਹੇ ਪਿੰਡੇ ਲਿਸ਼ਕਾਂ ਮਾਰਦੇ ਤੇ ਘੋਲ ਮਿੱਟੀ ਦੇ ਅਖਾੜੇ ਵਿੱਚ ਹੁੰਦੇ। ਮੱਲ ਮਿੱਟੀ ਵਿੱਚ ਨ੍ਹਾਤੇ ਜਾਂਦੇ। ਜਿੰਨਾ ਚਿਰ ਕਿਸੇ ਦੀ ਕੰਡ ਨਾ ਲੱਗਦੀ ਕੁਸ਼ਤੀ ਚਲਦੀ ਰਹਿੰਦੀ ਸੀ। ਕਈ ਕੁਸ਼ਤੀਆਂ ਘੰਟਿਆਂ ਬੱਧੀ ਚਲਦੀਆਂ ਤੇ ਆਖ਼ਰ ਪਹਿਲਵਾਨ ਬਰਾਬਰੀ ਉਤੇ ਛਡਾਉਣੇ ਪੈਂਦੇ। ਫਿਰ ਪਹਿਲਵਾਨ ਅਖਾੜੇ ਦੀ ਫੇਰੀ ਲਾਉਂਦੇ ਤੇ ਦਰਸ਼ਕ ਉਨ੍ਹਾਂ ਨੂੰ ਇਨਾਮ ਦਿੰਦੇ।
ਇਕ ਸਮਾਂ ਸੀ ਜਦੋਂ `ਕੱਲੇ ਲਾਹੌਰ ਸ਼ਹਿਰ `ਚ ਹੀ ਪੰਜਾਹ ਤੋਂ ਵੱਧ ਅਖਾੜੇ ਸਨ। ਅੰਮ੍ਰਿਤਸਰ ਵੀ ਅਖਾੜਿਆਂ ਨਾਲ ਭਰਿਆ ਪਿਆ ਸੀ। ਉਥੇ ਹੁਣ ਵੀ ਚਲਦੇ ਚੌਵੀ ਅਖਾੜਿਆਂ ਦਾ ਵੇਰਵਾ ਪਿਆਰਾ ਸਿੰਘ ਰਛੀਨ ਨੇ ਪੁਸਤਕ ‘ਕੁਸ਼ਤੀ ਅਖਾੜੇ’ ਵਿੱਚ ਦਿੱਤਾ ਹੈ। ਉਸ ਨੇ ਪੰਜਾਬ ਦੇ ਸੌ ਕੁ ਅਖਾੜਿਆਂ ਦੀ ਜਾਣ ਪਛਾਣ ਕਰਾਈ ਹੈ। ਪੰਜਾਬ ਦੇ ਪ੍ਰਸਿੱਧ ਅਖਾੜਿਆਂ ਵਿੱਚ ਆਲਮਗੀਰ, ਸੇਰੋਂ, ਅੰਮ੍ਰਿਤਸਰ ਗੋਲ ਬਾਗ, ਸੁਰ ਸਿੰਘ, ਸ਼ਾਹਕੋਟ, ਹੀਰੋਂ ਝਾੜੋਂ, ਜਲੰਧਰ ਨਾਥਾਂ ਦੀ ਬਗੀਚੀ, ਘੁੰਗਰਾਣਾ, ਡੂੰਮਛੇੜੀ, ਢਿਲਵਾਂ, ਸੈਦੋਕੇ, ਪਟਿਆਲਾ, ਰੌਣੀ, ਫਗਵਾੜਾ, ਬਰਨਾਲਾ, ਫਰੀਦਕੋਟ, ਬਟਾਲਾ, ਬਠਿੰਡਾ, ਭੱਟੀਆਂ, ਮਾਛੀਵਾੜਾ ਤੇ ਮਲੇਰਕੋਟਲਾ ਆਦਿ ਹਨ। ਮੰਨਣਹਾਣਾ, ਸ਼ੰਕਰ, ਬੱਬੇਹਾਲੀ, ਦਿਆਲਪੁਰ ਤੇ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦੀਆਂ ਛਿੰਝਾਂ ਮਸ਼ਹੂਰ ਹਨ। ਆਧੁਨਿਕ ਕੁਸ਼ਤੀਆਂ ਵਧੇਰੇ ਕਰ ਕੇ ਹੰਸ ਰਾਜ ਸਟੇਡੀਅਮ ਜਲੰਧਰ ਵਿੱਚ ਹੁੰਦੀਆਂ ਹਨ ਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ `ਤੇ ਕੁਸ਼ਤੀਆਂ ਦਾ ਦੰਗਲ ਹੁੰਦਾ ਹੈ।
ਅਖਾੜਿਆਂ ਬਾਰੇ ਅਨੇਕਾਂ ਵਹਿਮ ਭਰਮ ਤੇ ਵਿਸਵਾਸ਼ ਚਲਦੇ ਰਹੇ ਹਨ। ਇੱਕ ਵਿਸਵਾਸ਼ ਇਹ ਵੀ ਰਿਹਾ ਪਈ ਜੇ ਕੋਈ ਪੱਠਾ ਅਖਾੜੇ ਦੀ ਮਿੱਟੀ `ਚ ਚੀਚੀ ਦਾ ਥੋੜ੍ਹਾ ਜਿਹਾ ਖੂਨ ਛਿੜਕ ਦੇਵੇ ਤਾਂ ਉਸ ਅਖਾੜੇ `ਚ ਕਿਸੇ ਦੇ ਸੱਟ ਨਹੀਂ ਲੱਗਦੀ। ਅਖਾੜਿਆਂ ਦੀ ਮਿੱਟੀ ਵਿੱਚ ਹਲਦੀ ਤੇ ਰਗੜੇ ਹੋਏ ਨਿੰਮ ਦੇ ਪੱਤੇ ਮਿਲਾਉਣ ਦਾ ਉਪਾਅ ਕੀਤਾ ਜਾਂਦਾ ਰਿਹਾ ਤਾਂ ਜੋ ਕਿਸੇ ਦੇ ਰਗੜ ਵੱਜ ਜਾਵੇ ਤਾਂ ਉਹ ਪੱਕੇ ਨਾ। ਅਖਾੜੇ `ਚ ਜੁੱਤੀ ਸਣੇ ਕੋਈ ਨਹੀਂ ਜਾ ਸਕਦਾ। ਅਖਾੜੇ ਨੂੰ ਪਵਿੱਤਰ ਜਗ੍ਹਾ ਸਮਝਿਆ ਜਾਂਦੈ। ਵਹਿਮ ਵਰਗਾ ਇੱਕ ਵਿਸਵਾਸ਼ ਇਹ ਵੀ ਹੈ ਕਿ ਕਾਲੀ ਬਿੱਲੀ ਦੀਆਂ ਮੁੱਛਾਂ ਦੇ ਵਾਲ ਲੰਗੋਟ ਵਿੱਚ ਸਿਓਂਤੇ ਹੋਣ ਜਾਂ ਸ਼ੇਰ ਦੇ ਖੂਨ ਦੀਆਂ ਕੁੱਝ ਬੂੰਦਾਂ ਲੰਗੋਟ ਰੰਗਣ ਵੇਲੇ ਪਾਈਆਂ ਹੋਣ ਤਾਂ ਉਹ ਲੰਗੋਟ ਲਾਉਣ ਵਾਲੇ ਨੂੰ ਹਾਰ ਨਹੀਂ ਆਉਂਦੀ।
ਕੁਸ਼ਤੀਆਂ ਨਾਲ ਡੰਡ ਬੈਠਕਾਂ, ਤੇਲ ਦੀਆਂ ਮਾਲਸ਼ਾਂ, ਬਦਾਮਾਂ ਦੀਆਂ ਸ਼ਰਦਾਈਆਂ, ਮਖਣੀਆਂ ਮਲਾਈਆਂ, ਮਾਸ ਦੀਆਂ ਯਖਣੀਆਂ, ਦੁੱਧ ਘਿਓ, ਜਾਂਘੀਏ ਤੇ ਲੰਗੋਟ, ਅਖਾੜਿਆਂ ਦੀ ਮਿੱਟੀ, ਛਿੰਝਾਂ ਤੇ ਦੰਗਲ, ਝੰਡੀਆਂ, ਮਾਲੀਆਂ, ਰੁਮਾਲੀਆਂ, ਗੁਰਜਾਂ, ਢੋਲੀ, ਲਾਕੜੀ, ਮੁਨਸਿਫ਼, ਖ਼ਲੀਫ਼ੇ, ਪੀਰ, ਉਸਤਾਦ, ਪੱਠੇ, ਮੰਨਤਾਂ, ਯਾ ਅਲੀ, ਜੈ ਬਜਰੰਗ ਬਲੀ, ਥਾਪੀਆਂ, ਜੋੜ, ਲੱਤ ਫੇਰਨੀ, ਮੋਢਿਆਂ `ਤੋਂ ਚੁੱਕਣਾ ਤੇ ਅਖਾੜੇ ਦੀ ਗੇੜੀ ਜਾਂ ਫੇਰੀ ਲਾਉਣ ਵਰਗੇ ਜੁਮਲੇ ਤੇ ਲਫ਼ਜ਼ ਓਤ ਪੋਤ ਹਨ। ਘੁਲਣ ਸਮੇਂ ਦਾਅ ਮਾਰਨ ਦਾ ਬੜਾ ਮਹੱਤਵ ਹੈ। ਅਸਲ ਵਿੱਚ ਕੁਸ਼ਤੀ ਹੈ ਹੀ ਦਾਅ ਮਾਰਨ ਤੇ ਰੋਕਣ ਦੀ ਖੇਡ। ਕਹਿੰਦੇ ਹਨ ਕਿ ਉਸਤਾਦ ਨੂਰਉਦੀਨ ਨੇ ਕੁਸ਼ਤੀਆਂ ਦੇ 360 ਦਾਅ ਚਾਲੂ ਕੀਤੇ ਸਨ।
ਕਲਾਜੰਗ ਮਾਰਨਾ, ਰੇਲਾ ਕਰਨਾ, ਢਾਕ ਚਾੜ੍ਹਨਾ, ਪੁੱਠੀ, ਸਾਵੀਂ, ਦਸਤੀ, ਮੋੜਾ, ਤੇਗਾ, ਪੁੱਠਾ ਕਲਾਜੰਗ, ਮੁਲਤਾਨੀ, ਸਾਲਤੂ, ਅੰਦਰ ਟੰਗੀ, ਬਾਹਰ ਟੰਗੀ, ਧੋਬੀ ਪਟੜਾ, ਸੂਤਨੇ ਹੱਥ ਪਾਉਣਾ, ਅੰਦਰਲੀ ਤੇ ਬਾਹਰਲੀ ਮਾਰਨੀ, ਸੁੱਟ ਕਰਨੀ, ਠਿੱਬੀ ਲਾਉਣੀ, ਕਰਚੀ ਮਾਰਨੀ, ਮੁੰਨਾ ਫੇਰਨਾ, ਪੱਟੀਂ ਲੱਗਣਾ, ਕੁੜੰਗਾ, ਜੂੜ ਮਾਰਨਾ, ਖੁੱਚੀਂ ਲੱਗਣਾ, ਕੁੱਲਾ, ਚੌਮੁਖੀਆ, ਬਾਗੜੀ, ਰਾਮ ਬਾਣ, ਪੌੜੀ, ਕੁੰਡਾ, ਇੱਕ ਟੰਗੀ, ਸਵਾਰੀ, ਰੇੜ੍ਹ, ਚਰਖਾ, ਜਨੇਊ, ਕਰਾਸ, ਕਿੱਲੀ ਲਾਉਣਾ, ਰੋਮ, ਸਫਾਲ ਸੁੱਟਣਾ, ਬਾਹਾਂ ਬੰਨ੍ਹਣੀਆਂ, ਭੰਨ ਕੇ ਢਾਹੁਣਾ, ਝੋਲੀ ਕਰਨੀ, ਗਫੂਆ ਮਾਰਨਾ, ਨਕਾਲੋਂ ਪੁੱਟਣਾ, ਘੋੜੀ ਪਾਉਣੀ, ਮੱਛੀ ਗੋਤਾ, ਗੋਡਾ ਟੇਕਣਾ, ਬਗਲਾਂ ਭਰਨੀਆਂ ਤੇ ਬੁੜ੍ਹਕਾ ਕੱਢਣਾ ਆਦਿ ਅਨੇਕਾਂ ਦਾਅ ਹਨ ਜੋ ਕੁਸ਼ਤੀ ਨੂੰ ਕਲਾਮਈ ਤੇ ਮਨਮੋਹਣੀ ਬਣਾਈ ਆ ਰਹੇ ਹਨ।
ਅਜੋਕੀ ਕੁਸ਼ਤੀ ਵਜ਼ਨ ਵਰਗਾਂ ਵਿੱਚ ਵੰਡੀ ਗਈ ਹੈ ਤੇ ਖੁੱਲ੍ਹੇ ਸਮੇਂ ਦੀ ਥਾਂ ਬੱਝਵੇਂ ਮਿੰਟਾਂ ਦੇ ਦੌਰ ਬਣ ਗਏ ਹਨ। ਮਿੱਟੀ ਦੇ ਅਖਾੜੇ ਅਲੋਪ ਹੋ ਰਹੇ ਹਨ ਤੇ ਉਨ੍ਹਾਂ ਦੀ ਥਾਂ ਗੱਦੇ ਵਿਛ ਰਹੇ ਹਨ। ਘੰਟਿਆਂ ਬੱਧੀ ਮਿੱਟੀ ਨਾਲ ਮਿੱਟੀ ਹੁੰਦੇ ਮੱਲਾਂ ਦਾ ਸਮਾਂ ਲੱਦ ਗਿਆ ਹੈ। ਹੁਣ ਮੱਲਾਂ ਦੇ ਘੋਲਾਂ ਦਾ ਉਹ ਰੁਮਾਂਸ ਨਹੀਂ ਰਿਹਾ ਜੀਹਦਾ ਵਰਣਨ ਧਨੀ ਰਾਮ ਚਾਤ੍ਰਿਕ ਨੇ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਕਵਿਤਾ ਵਿੱਚ ਕੀਤਾ ਸੀ। ਹੁਣ ਤਾਂ ਉਸ ਰੁਮਾਂਸ ਦੇ ਗੁਆਚ ਜਾਣ ਦੀਆਂ ਗੱਲਾਂ ਹੀ ਕੀਤੀਆਂ ਜਾ ਸਕਦੀਆਂ ਹਨ।